Skip to content

Skip to table of contents

ਨਿਸ਼ਾਨੀਆਂ ਪਛਾਣਨ ਦੀ ਗੰਭੀਰਤਾ

ਨਿਸ਼ਾਨੀਆਂ ਪਛਾਣਨ ਦੀ ਗੰਭੀਰਤਾ

ਨਿਸ਼ਾਨੀਆਂ ਪਛਾਣਨ ਦੀ ਗੰਭੀਰਤਾ

“ਪਹਿਲਾਂ ਤਾਂ ਮੈਨੂੰ ਲੱਗਾ ਕਿ ਸਾਡੇ ਲੜਕੇ ਆਂਡ੍ਰੈਅਸ ਨੂੰ ਮਾਮੂਲੀ ਜਿਹਾ ਸਿਰਦਰਦ ਹੀ ਸੀ। ਪਰ ਫਿਰ ਉਹ ਦੀ ਭੁੱਖ ਮਿਟਣ ਲੱਗੀ ਅਤੇ ਉਹ ਨੂੰ ਤੇਜ਼ ਬੁਖ਼ਾਰ ਹੋ ਗਿਆ। ਸਿਰਦਰਦ ਹੋਰ ਵਧ ਗਿਆ ਅਤੇ ਮੈਨੂੰ ਬਹੁਤ ਚਿੰਤਾ ਲੱਗ ਗਈ। ਜਦ ਮੇਰੇ ਪਤੀ ਘਰ ਆਏ, ਤਦ ਅਸੀਂ ਆਂਡ੍ਰੈਅਸ ਨੂੰ ਡਾਕਟਰ ਕੋਲ ਲੈ ਗਏ। ਡਾਕਟਰ ਨੇ ਅਲਾਮਤਾਂ ਦੇਖ ਕੇ ਉਸ ਨੂੰ ਫ਼ੌਰਨ ਹੀ ਹਸਪਤਾਲ ਘੱਲ ਦਿੱਤਾ। ਆਂਡ੍ਰੈਅਸ ਦੀ ਹਾਲਤ ਬਹੁਤ ਗੰਭੀਰ ਸੀ। ਆਂਡ੍ਰੈਅਸ ਦੀ ਰੀੜ੍ਹ ਦੀ ਹੱਡੀ ਦੀਆਂ ਝਿੱਲੀਆਂ ਵਿਚ ਸੋਜ ਪੈ ਚੁੱਕੀ ਸੀ। ਉਸ ਦਾ ਜਲਦੀ ਇਲਾਜ ਕੀਤਾ ਗਿਆ ਅਤੇ ਉਹ ਠੀਕ ਹੋ ਗਿਆ।”—ਗਰਟਰੂਟ, ਜਰਮਨੀ ਵਿਚ ਰਹਿੰਦੀ ਇਕ ਮਾਂ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਗਰਟਰੂਟ ਵਾਂਗ ਹੋਰ ਵੀ ਬਹੁਤ ਸਾਰੇ ਮਾਪੇ ਅਜਿਹੀ ਸਥਿਤੀ ਵਿੱਚੋਂ ਗੁਜ਼ਰੇ ਹਨ। ਮਾਪੇ ਬੱਚੇ ਦੇ ਬੀਮਾਰ ਹੋਣ ਦੀਆਂ ਨਿਸ਼ਾਨੀਆਂ ਦੇਖ ਲੈਂਦੇ ਹਨ। ਇਹ ਸੱਚ ਹੈ ਕਿ ਹਰ ਬੀਮਾਰੀ ਗੰਭੀਰ ਨਹੀਂ ਹੁੰਦੀ, ਪਰ ਜੇ ਮਾਪੇ ਬੀਮਾਰੀ ਦੀਆਂ ਅਲਾਮਤਾਂ ਨੂੰ ਨਜ਼ਰਅੰਦਾਜ਼ ਕਰ ਦੇਣ, ਤਾਂ ਸ਼ਾਇਦ ਉਨ੍ਹਾਂ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣ। ਬੀਮਾਰੀ ਦੀਆਂ ਅਲਾਮਤਾਂ ਜਾਂ ਨਿਸ਼ਾਨੀਆਂ ਪਛਾਣ ਕੇ ਬੱਚੇ ਦਾ ਇਲਾਜ ਕਰਵਾਉਣ ਨਾਲ ਉਸ ਦੀ ਜਾਨ ਬਚ ਸਕਦੀ ਹੈ। ਇਸ ਲਈ ਸਾਨੂੰ ਨਿਸ਼ਾਨੀਆਂ ਦੀ ਗੰਭੀਰਤਾ ਨੂੰ ਸਮਝਣ ਦੀ ਲੋੜ ਹੈ।

ਸਿਹਤ ਤੋਂ ਇਲਾਵਾ ਹੋਰਨਾਂ ਮਾਮਲਿਆਂ ਸੰਬੰਧੀ ਨਿਸ਼ਾਨੀਆਂ ਬਾਰੇ ਵੀ ਇਹ ਗੱਲ ਸੱਚ ਹੈ। ਮਿਸਾਲ ਲਈ, ਦਸੰਬਰ 2004 ਵਿਚ ਹਿੰਦ ਮਹਾਂਸਾਗਰ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਸੁਨਾਮੀ ਲਹਿਰਾਂ ਦੁਆਰਾ ਮਚੀ ਤਬਾਹੀ ਦੀ ਹੀ ਗੱਲ ਲੈ ਲਓ। ਆਸਟ੍ਰੇਲੀਆ ਅਤੇ ਹਵਾਈ ਟਾਪੂ ਦੀਆਂ ਸਰਕਾਰੀ ਸੰਸਥਾਵਾਂ ਨੇ ਉੱਤਰੀ ਸੁਮਾਤਰਾ ਵਿਚ ਆਏ ਸਮੁੰਦਰੀ ਭੁਚਾਲ ਦੇ ਝਟਕਿਆਂ ਦਾ ਪਹਿਲਾਂ ਹੀ ਪਤਾ ਲਾ ਲਿਆ ਸੀ ਅਤੇ ਉਹ ਇਸ ਦੇ ਭਾਰੀ ਨੁਕਸਾਨ ਦਾ ਅੰਦਾਜ਼ਾ ਵੀ ਲਾ ਚੁੱਕੇ ਸਨ। ਪਰ ਅਫ਼ਸੋਸ ਦੀ ਗੱਲ ਹੈ ਕਿ ਜਿਨ੍ਹਾਂ ਇਲਾਕਿਆਂ ਵਿਚ ਲੋਕਾਂ ਦੀਆਂ ਜਾਨਾਂ ਖ਼ਤਰੇ ਵਿਚ ਸਨ, ਉਨ੍ਹਾਂ ਨੂੰ ਚੇਤਾਵਨੀ ਦੇਣ ਦਾ ਕੋਈ ਜ਼ਰੀਆ ਨਹੀਂ ਸੀ ਜਿਸ ਕਰਕੇ ਲੋਕ ਕੁਝ ਨਾ ਕਰ ਸਕੇ। ਨਤੀਜੇ ਵਜੋਂ ਸਮੁੰਦਰੀ ਲਹਿਰਾਂ ਦੀ ਲਪੇਟ ਵਿਚ ਆ ਕੇ ਮਰਨ ਵਾਲਿਆਂ ਦੀ ਗਿਣਤੀ 2,20,000 ਤੋਂ ਟੱਪ ਗਈ।

ਜ਼ਿਆਦਾ ਅਹਿਮ ਨਿਸ਼ਾਨੀਆਂ

ਜਦ ਯਿਸੂ ਮਸੀਹ ਧਰਤੀ ਉੱਤੇ ਸੀ, ਤਦ ਉਸ ਨੇ ਆਪਣੇ ਸੁਣਨ ਵਾਲਿਆਂ ਨੂੰ ਨਿਸ਼ਾਨੀਆਂ ਪਛਾਣਨ ਅਤੇ ਉਨ੍ਹਾਂ ਮੁਤਾਬਕ ਕਦਮ ਚੁੱਕਣ ਲਈ ਕਿਹਾ ਸੀ। ਯਿਸੂ ਉਨ੍ਹਾਂ ਨੂੰ ਬਹੁਤ ਹੀ ਜ਼ਰੂਰੀ ਗੱਲ ਸਮਝਾ ਰਿਹਾ ਸੀ। ਬਾਈਬਲ ਦੱਸਦੀ ਹੈ: “ਫ਼ਰੀਸੀਆਂ ਅਤੇ ਸਦੂਕੀਆਂ ਨੇ ਕੋਲ ਆਣ ਕੇ ਪਰਤਾਉਣ ਲਈ ਉਸ ਅੱਗੇ ਅਰਦਾਸ ਕੀਤੀ ਜੋ ਸਾਨੂੰ ਅਕਾਸ਼ ਵੱਲੋਂ ਕੋਈ ਨਿਸ਼ਾਨ ਵਿਖਾ ਦਿਹ। ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਭਈ ਸੰਝ ਦੇ ਵੇਲੇ ਤੁਸੀਂ ਕਹਿੰਦੇ ਹੋ ਜੋ ਭਲਕੇ ਨਿੰਬਲ ਹੋਊ ਕਿਉਂਕਿ ਅਕਾਸ਼ ਲਾਲ ਹੈ। ਅਤੇ ਸਵੇਰ ਨੂੰ ਆਖਦੇ ਹੋ, ਅੱਜ ਅਨ੍ਹੇਰੀ ਵਗੇਗੀ ਕਿਉਂਕਿ ਅਕਾਸ਼ ਲਾਲ ਅਤੇ ਗਹਿਰਾ ਹੈ। ਅਕਾਸ਼ ਦੇ ਤੌਰ ਭੌਰ ਦੀ ਜਾਚ ਕਰਨੀ ਤੁਹਾਨੂੰ ਆਉਂਦੀ ਹੈ ਪਰ ਸਮਿਆਂ ਦੇ ਨਿਸ਼ਾਨ ਮਲੂਮ ਨਹੀਂ ਕਰ ਸੱਕਦੇ।”—ਮੱਤੀ 16:1-3.

‘ਸਮਿਆਂ ਦੇ ਨਿਸ਼ਾਨਾਂ’ ਦਾ ਜ਼ਿਕਰ ਕਰ ਕੇ ਯਿਸੂ ਇਹ ਕਹਿਣਾ ਚਾਹੁੰਦਾ ਸੀ ਕਿ ਉਸ ਸਮੇਂ ਦੇ ਯਹੂਦੀ ਲੋਕਾਂ ਨੂੰ ਆਪਣੇ ਸਮੇਂ ਦੀ ਨਬਜ਼ ਪਛਾਣਨੀ ਚਾਹੀਦੀ ਸੀ। ਯਹੂਦੀ ਰੀਤੀ-ਵਿਵਸਥਾ ਦਾ ਅੰਤ ਆਉਣ ਵਾਲਾ ਸੀ ਜਿਸ ਦਾ ਅਸਰ ਉਨ੍ਹਾਂ ਸਾਰਿਆਂ ਉੱਤੇ ਪੈਣਾ ਸੀ। ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕੁਝ ਨਿਸ਼ਾਨੀਆਂ ਦੱਸੀਆਂ ਸਨ ਜਿਨ੍ਹਾਂ ਤੋਂ ਇਹ ਪਤਾ ਲੱਗੇਗਾ ਕਿ ਯਿਸੂ ਸਵਰਗ ਵਿਚ ਰਾਜ ਕਰ ਰਿਹਾ ਹੈ। ਜੋ ਗੱਲਾਂ ਯਿਸੂ ਨੇ ਉਸ ਸਮੇਂ ਕਹੀਆਂ ਸਨ, ਉਹ ਗੱਲਾਂ ਅੱਜ ਸਾਡੇ ਸਾਰਿਆਂ ਲਈ ਬਹੁਤ ਅਹਿਮੀਅਤ ਰੱਖਦੀਆਂ ਹਨ।