ਮਾਪਿਓ, ਤੁਸੀਂ ਆਪਣੇ ਬੱਚਿਆਂ ਲਈ ਕਿਹੋ ਜਿਹਾ ਭਵਿੱਖ ਚਾਹੁੰਦੇ ਹੋ?
ਮਾਪਿਓ, ਤੁਸੀਂ ਆਪਣੇ ਬੱਚਿਆਂ ਲਈ ਕਿਹੋ ਜਿਹਾ ਭਵਿੱਖ ਚਾਹੁੰਦੇ ਹੋ?
“ਗਭਰੂ ਤੇ ਕੁਆਰੀਆਂ . . . ਏਹ ਯਹੋਵਾਹ ਦੇ ਨਾਮ ਦੀ ਉਸਤਤ ਕਰਨ!”—ਜ਼ਬੂਰਾਂ ਦੀ ਪੋਥੀ 148:12, 13.
1. ਮਾਪਿਆਂ ਨੂੰ ਆਪਣੇ ਬੱਚਿਆਂ ਬਾਰੇ ਕਿਨ੍ਹਾਂ ਗੱਲਾਂ ਦੇ ਫ਼ਿਕਰ ਹੁੰਦੇ ਹਨ?
ਕਿਹੜਾ ਮਾਂ-ਬਾਪ ਹੈ ਜੋ ਆਪਣੇ ਬੱਚਿਆਂ ਦੇ ਭਵਿੱਖ ਦਾ ਫ਼ਿਕਰ ਨਹੀਂ ਕਰਦਾ? ਜਿਸ ਪਲ ਬੱਚਾ ਪੈਦਾ ਹੁੰਦਾ ਹੈ ਜਾਂ ਉਸ ਤੋਂ ਪਹਿਲਾਂ ਹੀ ਮਾਂ-ਬਾਪ ਉਸ ਦੇ ਆਉਣ ਵਾਲੇ ਕੱਲ੍ਹ ਦਾ ਫ਼ਿਕਰ ਕਰਨ ਲੱਗ ਪੈਂਦੇ ਹਨ। ਕੀ ਉਹ ਤੰਦਰੁਸਤ ਹੋਵੇਗਾ? ਕੀ ਉਹ ਦੂਜੇ ਬੱਚਿਆਂ ਵਾਂਗ ਵਧੇ-ਫੁਲੇਗਾ? ਜਿੱਦਾਂ-ਜਿੱਦਾਂ ਬੱਚਾ ਵੱਡਾ ਹੁੰਦਾ ਹੈ, ਮਾਪਿਆਂ ਦੀਆਂ ਚਿੰਤਾਵਾਂ ਵੀ ਵਧਦੀਆਂ ਜਾਂਦੀਆਂ ਹਨ। ਆਮ ਕਰਕੇ ਮਾਪੇ ਆਪਣੇ ਬੱਚਿਆਂ ਨੂੰ ਸਾਰੀ ਦੁਨੀਆਂ ਦੀਆਂ ਖ਼ੁਸ਼ੀਆਂ ਦੇਣੀਆਂ ਚਾਹੁੰਦੇ ਹਨ।—1 ਸਮੂਏਲ 1:11, 27, 28; ਜ਼ਬੂਰਾਂ ਦੀ ਪੋਥੀ 127:3-5.
2. ਕਈ ਮਾਪੇ ਆਪਣੇ ਬੱਚਿਆਂ ਨੂੰ ਚੰਗੀ ਜ਼ਿੰਦਗੀ ਦੇਣ ਲਈ ਹੱਡਭੰਨਵੀਂ ਮਿਹਨਤ ਕਿਉਂ ਕਰਦੇ ਹਨ?
2 ਪਰ ਅੱਜ ਦੇ ਜ਼ਮਾਨੇ ਵਿਚ ਮਾਪਿਆਂ ਲਈ ਆਪਣੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਬਹੁਤ ਮੁਸ਼ਕਲ ਹਨ। ਬਹੁਤ ਸਾਰੇ ਮਾਪਿਆਂ ਨੇ ਤਰ੍ਹਾਂ-ਤਰ੍ਹਾਂ ਦੇ ਦੁੱਖ ਦੇਖੇ ਹਨ—ਲੜਾਈਆਂ, ਸਿਆਸੀ ਉਥਲ-ਪੁਥਲ, ਪੈਸਿਆਂ ਦੀ ਤੰਗੀ, ਸਦਮੇ ਵਗੈਰਾ। ਇਸ ਲਈ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਔਲਾਦ ਵੀ ਅਜਿਹੇ ਦੁੱਖ ਦੇਖੇ। ਅਮੀਰ ਦੇਸ਼ਾਂ ਵਿਚ ਕਈ ਮਾਂ-ਬਾਪ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਦੇ ਧੀਆਂ-ਪੁੱਤਰਾਂ ਨੂੰ ਚੰਗੀ ਨੌਕਰੀ ਕਰਦੇ ਤੇ ਸਫ਼ਲਤਾ ਦੀਆਂ ਪੌੜੀਆਂ ਚੜ੍ਹਦੇ ਹੋਏ ਦੇਖਦੇ ਹਨ। ਇਸ ਲਈ ਉਹ ਆਪਣੇ ਬੱਚਿਆਂ ਨੂੰ ਚੰਗੀ ਜ਼ਿੰਦਗੀ ਦੇਣ ਲਈ ਹੱਡਭੰਨਵੀਂ ਮਿਹਨਤ ਕਰਦੇ ਹਨ।—ਉਪਦੇਸ਼ਕ ਦੀ ਪੋਥੀ 3:13.
ਚੰਗੀ ਜ਼ਿੰਦਗੀ ਚੁਣਨੀ
3. ਮਸੀਹੀਆਂ ਨੇ ਕਿਸ ਤਰ੍ਹਾਂ ਦੀ ਜ਼ਿੰਦਗੀ ਚੁਣੀ ਹੈ?
3 ਯਿਸੂ ਮਸੀਹ ਦੇ ਚੇਲਿਆਂ ਵਜੋਂ ਮਸੀਹੀਆਂ ਨੇ ਆਪਣਾ ਜੀਵਨ ਯਹੋਵਾਹ ਨੂੰ ਅਰਪਣ ਕੀਤਾ ਹੈ। ਉਹ ਯਿਸੂ ਦੇ ਸ਼ਬਦਾਂ ਅਨੁਸਾਰ ਚੱਲਦੇ ਹਨ: “ਜੋ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਰੋਜ਼ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ।” (ਲੂਕਾ 9:23; 14:27) ਜੀ ਹਾਂ, ਮਸੀਹੀਆਂ ਨੂੰ ਆਪਣੀ ਜ਼ਿੰਦਗੀ ਵਿਚ ਕਈ ਕੁਰਬਾਨੀਆਂ ਦੇਣੀਆਂ ਪੈਂਦੀਆਂ ਹਨ। ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਗ਼ਰੀਬੀ ਵਿਚ ਨਿਰਾਸ਼ਾ ਭਰੀ ਜ਼ਿੰਦਗੀ ਜੀਉਂਦੇ ਹਨ। ਇਸ ਦੇ ਉਲਟ ਉਹ ਖ਼ੁਸ਼ੀਆਂ ਭਰੀ, ਸੰਤੁਸ਼ਟ ਤੇ ਚੰਗੀ ਜ਼ਿੰਦਗੀ ਦਾ ਆਨੰਦ ਮਾਣਦੇ ਹਨ ਕਿਉਂਕਿ ਉਨ੍ਹਾਂ ਨੇ ਦੂਜਿਆਂ ਨੂੰ ਦੇਣਾ ਸਿੱਖਿਆ ਹੈ। ਜਿਵੇਂ ਯਿਸੂ ਨੇ ਕਿਹਾ ਸੀ, “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।”—ਰਸੂਲਾਂ ਦੇ ਕਰਤੱਬ 20:35.
4. ਯਿਸੂ ਨੇ ਆਪਣੇ ਚੇਲਿਆਂ ਨੂੰ ਕੀ ਤਾਕੀਦ ਕੀਤੀ ਸੀ?
4 ਯਿਸੂ ਦੇ ਜ਼ਮਾਨੇ ਵਿਚ ਲੋਕ ਬਹੁਤ ਮੁਸ਼ਕਲ ਹਾਲਾਤਾਂ ਵਿਚ ਰਹਿੰਦੇ ਸਨ। ਆਪਣਾ ਗੁਜ਼ਾਰਾ ਤੋਰਨ ਤੋਂ ਇਲਾਵਾ, ਯਹੂਦੀ ਲੋਕ ਰੋਮੀ ਸ਼ਾਸਕਾਂ ਦੀ ਦਮਨਕਾਰੀ ਹਕੂਮਤ ਅਤੇ ਧਾਰਮਿਕ ਆਗੂਆਂ ਦੇ ਕਠੋਰ ਰਸਮਾਂ-ਰਿਵਾਜਾਂ ਦੇ ਭਾਰ ਹੇਠ ਦੱਬੇ ਹੋਏ ਸਨ। (ਮੱਤੀ 23:2-4) ਫਿਰ ਵੀ, ਯਿਸੂ ਬਾਰੇ ਸੁਣ ਕੇ ਕਈਆਂ ਨੇ ਖ਼ੁਸ਼ੀ ਨਾਲ ਆਪਣਾ ਕੰਮ-ਧੰਦਾ ਛੱਡ ਦਿੱਤਾ ਤੇ ਉਸ ਦੇ ਚੇਲੇ ਬਣ ਗਏ। (ਮੱਤੀ 4:18-22; 9:9; ਕੁਲੁੱਸੀਆਂ 4:14) ਕੀ ਉਹ ਚੇਲੇ ਆਪਣੇ ਭਵਿੱਖ ਨੂੰ ਜੋਖਮ ਵਿਚ ਪਾ ਰਹੇ ਸਨ? ਧਿਆਨ ਦਿਓ ਕਿ ਯਿਸੂ ਨੇ ਕੀ ਕਿਹਾ ਸੀ: “ਹਰ ਕੋਈ ਜਿਹ ਨੇ ਘਰਾਂ ਯਾ ਭਾਈਆਂ ਯਾ ਭੈਣਾਂ ਯਾ ਪਿਉ ਯਾ ਮਾਂ ਯਾ ਬਾਲ ਬੱਚਿਆਂ ਯਾ ਜਮੀਨ ਨੂੰ ਮੇਰੇ ਨਾਮ ਦੇ ਕਾਰਨ ਛੱਡਿਆ ਹੈ ਉਹ ਸੌ ਗੁਣਾ ਪਾਵੇਗਾ ਅਤੇ ਸਦੀਪਕ ਜੀਉਣ ਦਾ ਵਾਰਸ ਹੋਵੇਗਾ।” (ਮੱਤੀ 19:29) ਯਿਸੂ ਨੇ ਆਪਣੇ ਚੇਲਿਆਂ ਨੂੰ ਭਰੋਸਾ ਦਿਲਾਇਆ ਕਿ ਪਰਮੇਸ਼ੁਰ ਉਨ੍ਹਾਂ ਦੀਆਂ ਲੋੜਾਂ ਜਾਣਦਾ ਸੀ। ਇਸ ਲਈ ਉਸ ਨੇ ਉਨ੍ਹਾਂ ਨੂੰ ਤਾਕੀਦ ਕੀਤੀ: “ਤੁਸੀਂ ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ।”—ਮੱਤੀ 6:31-33.
5. ਕੁਝ ਮਾਂ-ਬਾਪ ਯਿਸੂ ਦੇ ਇਸ ਭਰੋਸੇ ਬਾਰੇ ਕਿਵੇਂ ਮਹਿਸੂਸ ਕਰਦੇ ਹਨ ਕਿ ਪਰਮੇਸ਼ੁਰ ਆਪਣੇ ਸੇਵਕਾਂ ਦੀ ਦੇਖ-ਭਾਲ ਕਰੇਗਾ?
5 ਅੱਜ ਸਾਡੇ ਜ਼ਮਾਨੇ ਵਿਚ ਵੀ ਹਾਲਾਤ ਇਹੋ ਜਿਹੇ ਹਨ। ਯਹੋਵਾਹ ਸਾਡੀਆਂ ਲੋੜਾਂ ਜਾਣਦਾ ਹੈ। ਉਹ ਉਨ੍ਹਾਂ ਦੀ ਦੇਖ-ਭਾਲ ਕਰਨ ਦਾ ਵਾਅਦਾ ਕਰਦਾ ਹੈ ਜੋ ਉਸ ਦੇ ਰਾਜ ਨੂੰ ਜ਼ਿੰਦਗੀ ਵਿਚ ਪਹਿਲੀ ਥਾਂ ਦਿੰਦੇ ਹਨ। ਉਹ ਖ਼ਾਸ ਕਰਕੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰੇਗਾ ਜੋ ਸੇਵਕਾਈ ਵਿਚ ਆਪਣਾ ਸਾਰਾ ਸਮਾਂ ਲਾਉਂਦੇ ਹਨ। (ਮਲਾਕੀ 3:6, 16; 1 ਪਤਰਸ 5:7) ਪਰ ਕੁਝ ਮਾਂ-ਬਾਪ ਇਸ ਮਾਮਲੇ ਵਿਚ ਦੁਚਿੱਤੇ ਹਨ। ਇਕ ਪਾਸੇ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਯਹੋਵਾਹ ਦੀ ਸੇਵਾ ਵਿਚ ਅੱਗੇ ਵਧਣ, ਸ਼ਾਇਦ ਆਪਣਾ ਪੂਰਾ ਸਮਾਂ ਪਰਮੇਸ਼ੁਰ ਦੀ ਸੇਵਾ ਵਿਚ ਲਾਉਣ। ਪਰ ਦੂਜੇ ਪਾਸੇ ਇਹ ਦੇਖਦੇ ਹੋਏ ਕਿ ਨੌਕਰੀ ਲੱਭਣੀ ਕਿੰਨੀ ਮੁਸ਼ਕਲ ਹੈ, ਉਹ ਸੋਚਦੇ ਹਨ ਕਿ ਬੱਚਿਆਂ ਨੂੰ ਪਹਿਲਾਂ ਪੜ੍ਹ-ਲਿਖ ਲੈਣਾ ਚਾਹੀਦਾ ਹੈ ਤਾਂਕਿ ਉਹ ਚੰਗੀ ਨੌਕਰੀ ਲੱਭਣ ਦੇ ਕਾਬਲ ਬਣਨ। ਅਜਿਹੇ ਮਾਪੇ ਸੋਚਦੇ ਹਨ ਕਿ ਇਸ ਕਾਬਲ ਬਣਨ ਵਾਸਤੇ ਬੱਚਿਆਂ ਲਈ ਉੱਚ ਸਿੱਖਿਆ ਹਾਸਲ ਕਰਨੀ ਜ਼ਰੂਰੀ ਹੈ।
ਭਵਿੱਖ ਲਈ ਤਿਆਰੀ
6. ਇਸ ਲੇਖ ਵਿਚ ਉੱਚ ਸਿੱਖਿਆ ਦਾ ਕੀ ਮਤਲਬ ਹੈ?
6 ਹਰ ਮੁਲਕ ਵਿਚ ਵਿੱਦਿਆ ਪ੍ਰਣਾਲੀ ਵੱਖੋ-ਵੱਖਰੀ ਹੁੰਦੀ ਹੈ। ਮਿਸਾਲ ਲਈ, ਅਮਰੀਕਾ ਦੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ 12 ਸਾਲ ਬੁਨਿਆਦੀ ਸਿੱਖਿਆ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਕਈ ਨੌਜਵਾਨ ਚਾਰ ਸਾਲ ਕਾਲਜ ਜਾਂ ਯੂਨੀਵਰਸਿਟੀ ਵਿਚ ਬੀ. ਏ. ਕਰਦੇ ਹਨ, ਫਿਰ ਉਸ ਤੋਂ ਬਾਅਦ ਡਾਕਟਰੀ, ਕਾਨੂੰਨ, ਇੰਜੀਨੀਅਰੀ ਵਗੈਰਾ ਦਾ ਡਿਗਰੀ ਕੋਰਸ ਵੀ ਕਰਦੇ ਹਨ। ਇਸ ਲੇਖ ਵਿਚ ਯੂਨੀਵਰਸਿਟੀ ਵਿਚ ਡਿਗਰੀ ਦੀ ਪੜ੍ਹਾਈ ਨੂੰ ਹੀ ਉੱਚ ਸਿੱਖਿਆ ਕਿਹਾ ਗਿਆ ਹੈ। ਦੂਜੇ ਪਾਸੇ ਕੁਝ ਅਜਿਹੇ ਵੀ ਸਕੂਲ ਹਨ ਜੋ ਤਕਨੀਕੀ ਸਿਖਲਾਈ ਦਿੰਦੇ ਹਨ। ਇਹ ਘੱਟ ਸਮੇਂ ਵਿਚ ਲੋਕਾਂ ਨੂੰ ਤਕਨੀਕੀ ਕੋਰਸ ਕਰਾ ਕੇ ਡਿਪਲੋਮਾ ਦਿੰਦੇ ਹਨ।
7. ਸਕੂਲਾਂ ਵਿਚ ਵਿਦਿਆਰਥੀਆਂ ਉੱਤੇ ਕੀ ਕਰਨ ਦਾ ਜ਼ੋਰ ਪਾਇਆ ਜਾਂਦਾ ਹੈ?
7 ਆਮ ਤੌਰ ਤੇ ਸਕੂਲਾਂ ਵਿਚ ਹੀ ਬੱਚਿਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਤਿਆਰ ਕੀਤਾ ਜਾਂਦਾ ਹੈ। ਇਸ ਲਈ ਜ਼ਿਆਦਾਤਰ ਸਕੂਲਾਂ ਵਿਚ ਉਹ ਵਿਸ਼ੇ ਸਿਖਾਏ ਜਾਂਦੇ ਹਨ ਜੋ ਬਾਅਦ ਵਿਚ ਬੱਚਿਆਂ ਨੂੰ ਯੂਨੀਵਰਸਿਟੀ ਦੀ ਦਾਖ਼ਲਾ ਪਰੀਖਿਆ ਪਾਸ ਕਰਨ ਵਿਚ ਮਦਦ ਕਰਨਗੇ, ਨਾ ਕਿ ਰੋਜ਼ੀ ਕਮਾਉਣ ਵਿਚ। ਹਾਈ ਸਕੂਲ ਦੇ ਵਿਦਿਆਰਥੀਆਂ ਦੇ ਅਧਿਆਪਕ, ਸਲਾਹਕਾਰ ਤੇ ਸਹਿਪਾਠੀ ਉਨ੍ਹਾਂ ਉੱਤੇ ਜ਼ੋਰ ਪਾਉਂਦੇ ਹਨ ਕਿ ਉਹ ਮੰਨੀਆਂ-ਪ੍ਰਮੰਨੀਆਂ ਯੂਨੀਵਰਸਿਟੀਆਂ ਵਿਚ ਦਾਖ਼ਲਾ ਲੈਣ ਦੀ ਹਰ ਸੰਭਵ ਕੋਸ਼ਿਸ਼ ਕਰਨ। ਉਨ੍ਹਾਂ ਨੂੰ ਉਮੀਦ ਹੈ ਕਿ ਅਜਿਹੀਆਂ ਯੂਨੀਵਰਸਿਟੀਆਂ ਦੀਆਂ ਡਿਗਰੀਆਂ ਹਾਸਲ ਕਰਨ ਨਾਲ ਉਨ੍ਹਾਂ ਲਈ ਚੰਗੀਆਂ ਤੋਂ ਚੰਗੀਆਂ ਨੌਕਰੀਆਂ ਪ੍ਰਾਪਤ ਕਰਨ ਦਾ ਰਾਹ ਖੁੱਲ੍ਹ ਜਾਵੇਗਾ।
8. ਮਸੀਹੀ ਮਾਪੇ ਕਿਹੜੀ ਦੁਬਿਧਾ ਵਿਚ ਹਨ?
8 ਤਾਂ ਫਿਰ ਮਸੀਹੀ ਮਾਪਿਆਂ ਨੂੰ ਕੀ ਕਰਨਾ ਚਾਹੀਦਾ ਹੈ? ਮਾਪੇ ਇਹੋ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਸਕੂਲ ਵਿਚ ਚੰਗੇ ਨੰਬਰ ਲੈਣ ਤੇ ਕੁਝ ਕੰਮ ਸਿੱਖਣ ਤਾਂਕਿ ਆਉਣ ਵਾਲੇ ਸਮੇਂ ਵਿਚ ਉਹ ਆਪਣੇ ਪੈਰਾਂ ਉੱਤੇ ਖੜ੍ਹੇ ਹੋਣ ਜੋਗੇ ਬਣਨ। (ਕਹਾਉਤਾਂ 22:29) ਪਰ ਕੀ ਉਨ੍ਹਾਂ ਦੇ ਬੱਚਿਆਂ ਨੂੰ ਬਾਕੀ ਦੁਨੀਆਂ ਵਾਂਗ ਉੱਚ ਸਿੱਖਿਆ ਲੈਣੀ ਚਾਹੀਦੀ ਹੈ ਤਾਂਕਿ ਉਹ ਵੀ ਧਨ-ਦੌਲਤ ਤੇ ਸ਼ੁਹਰਤ ਕਮਾ ਸਕਣ? ਆਪਣੀ ਮਿਸਾਲ ਜਾਂ ਗੱਲਾਂ ਦੁਆਰਾ ਮਾਪੇ ਆਪਣੇ ਬੱਚਿਆਂ ਅੱਗੇ ਕਿਹੋ ਜਿਹੇ ਟੀਚੇ ਰੱਖਦੇ ਹਨ? ਕੁਝ ਮਾਂ-ਬਾਪ ਖ਼ੂਨ-ਪਸੀਨਾ ਇਕ ਕਰ ਕੇ ਪੈਸਾ ਕਮਾਉਂਦੇ ਹਨ ਤਾਂਕਿ ਉਹ ਆਪਣੇ ਬੱਚਿਆਂ ਨੂੰ ਯੂਨੀਵਰਸਿਟੀ ਭੇਜ ਸਕਣ। ਦੂਸਰੇ ਇਸ ਤਰ੍ਹਾਂ ਕਰਨ ਕਰਕੇ ਕਰਜ਼ੇ ਵਿਚ ਡੁੱਬ ਜਾਂਦੇ ਹਨ। ਪਰ ਬੱਚਿਆਂ ਨੂੰ ਉੱਚ ਸਿੱਖਿਆ ਦਿਲਾਉਣ ਵਿਚ ਪੈਸੇ ਤੋਂ ਇਲਾਵਾ ਹੋਰ ਵੀ ਕਈ ਗੱਲਾਂ ਸ਼ਾਮਲ ਹਨ।—ਲੂਕਾ 14:28-33.
ਉੱਚ ਵਿੱਦਿਆ ਹਾਸਲ ਕਰਨ ਦੀ ਕੀਮਤ
9. ਕਾਲਜ ਜਾਂ ਯੂਨੀਵਰਸਿਟੀ ਦੇ ਖ਼ਰਚੇ ਬਾਰੇ ਕੀ ਕਿਹਾ ਜਾ ਸਕਦਾ ਹੈ?
9 ਜਦ ਕੀਮਤ ਦੀ ਗੱਲ ਆਉਂਦੀ ਹੈ, ਤਾਂ ਆਮ ਤੌਰ ਤੇ ਅਸੀਂ ਪੈਸਿਆਂ ਬਾਰੇ ਸੋਚਦੇ ਹਾਂ। ਕੁਝ ਦੇਸ਼ਾਂ ਵਿਚ ਕਾਲਜ ਜਾਂ ਯੂਨੀਵਰਸਿਟੀ ਦਾ ਖ਼ਰਚਾ ਸਰਕਾਰ ਦਿੰਦੀ ਹੈ ਅਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਫ਼ੀਸ ਨਹੀਂ ਦੇਣੀ ਪੈਂਦੀ। ਪਰ ਹੋਰ ਦੇਸ਼ਾਂ ਵਿਚ ਯੂਨੀਵਰਸਿਟੀ ਦੀ ਪੜ੍ਹਾਈ ਬਹੁਤ ਮਹਿੰਗੀ ਹੁੰਦੀ ਹੈ ਤੇ ਦਿਨ-ਬ-ਦਿਨ ਮਹਿੰਗੀ ਹੁੰਦੀ ਜਾ ਰਹੀ ਹੈ। ਨਿਊਯਾਰਕ ਟਾਈਮਜ਼ ਦੇ ਇਕ ਲੇਖ ਵਿਚ ਲਿਖਿਆ ਸੀ: ‘ਪਹਿਲਾਂ ਲੋਕ ਸੋਚਦੇ ਸਨ ਕਿ ਉੱਚ ਵਿੱਦਿਆ ਹਾਸਲ ਕਰਨ ਨਾਲ ਇਨਸਾਨ ਜ਼ਿੰਦਗੀ ਵਿਚ ਕੁਝ ਬਣ ਸਕਦਾ ਸੀ। ਪਰ ਹੁਣ ਤਾਂ ਉੱਚ ਵਿੱਦਿਆ ਅਮੀਰਾਂ ਤੇ ਗ਼ਰੀਬਾਂ ਵਿਚ ਫ਼ਰਕ ਨੂੰ ਸਾਫ਼ ਦਿਖਾ ਰਹੀ ਹੈ।’ ਕਹਿਣ ਦਾ ਮਤਲਬ ਕਿ ਉੱਚ ਸਿੱਖਿਆ ਹੁਣ ਅਮੀਰ ਤੇ ਉੱਘੇ ਲੋਕਾਂ ਦੀ ਜਗੀਰ ਬਣ ਗਈ ਹੈ ਜੋ ਆਪਣੇ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਉਨ੍ਹਾਂ ਨੂੰ ਵੀ ਅਮੀਰ ਤੇ ਕਾਮਯਾਬ ਬਣਾਉਣਾ ਚਾਹੁੰਦੇ ਹਨ। ਕੀ ਮਸੀਹੀ ਮਾਪਿਆਂ ਨੂੰ ਆਪਣੇ ਬੱਚਿਆਂ ਅੱਗੇ ਇਹੋ ਜਿਹਾ ਟੀਚਾ ਰੱਖਣਾ ਚਾਹੀਦਾ ਹੈ?—ਫ਼ਿਲਿੱਪੀਆਂ 3:7, 8; ਯਾਕੂਬ 4:4.
10. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਉੱਚ ਪੜ੍ਹਾਈ ਦਾ ਇਸ ਦੁਨੀਆਂ ਦੀ ਸੋਚ ਨਾਲ ਗੂੜ੍ਹਾ ਸੰਬੰਧ ਹੈ?
10 ਇਹੀ ਸਮੱਸਿਆ ਉਨ੍ਹਾਂ ਮੁਲਕਾਂ ਵਿਚ ਵੀ ਦੇਖੀ ਜਾ ਸਕਦੀ ਹੈ ਜਿੱਥੇ ਉੱਚ ਪੜ੍ਹਾਈ ਮੁਫ਼ਤ ਹੁੰਦੀ ਹੈ। ਮਿਸਾਲ ਲਈ, ਦ ਵੌਲ ਸਟ੍ਰੀਟ ਜਰਨਲ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਕ ਦੱਖਣ-ਪੂਰਬੀ ਏਸ਼ੀਆਈ ਦੇਸ਼ ਵਿਚ ਸਰਕਾਰੀ ‘ਸਕੂਲਾਂ ਵਿਚ ਹੁਸ਼ਿਆਰ ਵਿਦਿਆਰਥੀਆਂ ਵੱਲ ਪੂਰਾ ਧਿਆਨ ਦਿੱਤਾ ਜਾਂਦਾ ਹੈ।’ ਬਾਅਦ ਵਿਚ ਇਨ੍ਹਾਂ ਵਿਦਿਆਰਥੀਆਂ ਨੂੰ ਦੁਨੀਆਂ ਦੀਆਂ ਸਭ ਤੋਂ ਵਧੀਆ ਯੂਨੀਵਰਸਿਟੀਆਂ ਨੂੰ ਭੇਜਿਆ ਜਾਂਦਾ ਹੈ, ਜਿਵੇਂ ਇੰਗਲੈਂਡ ਵਿਚ ਆਕਸਫੋਰਡ ਤੇ ਕੇਮਬ੍ਰਿਜ ਜਾਂ ਅਮਰੀਕਾ ਵਿਚ ਆਇਵੀ ਲੀਗ। ਸਰਕਾਰ ਅਜਿਹਾ ਪ੍ਰਬੰਧ ਕਿਉਂ ਕਰਦੀ ਹੈ? ਉਸੇ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਰਕਾਰ “ਦੇਸ਼ ਦੀ ਆਮਦਨ ਵਧਾਉਣ ਲਈ,” ਇਸ ਤਰ੍ਹਾਂ ਕਰਦੀ ਹੈ। ਭਾਵੇਂ ਉੱਚ ਪੜ੍ਹਾਈ ਮੁਫ਼ਤ ਹੀ ਕਿਉਂ ਨਾ ਹੋਵੇ, ਪਰ ਵਿਦਿਆਰਥੀ ਨੂੰ ਇਸ ਦੀ ਕੀਮਤ ਦੇਣੀ ਪੈਂਦੀ ਹੈ। ਉਸ ਨੂੰ ਆਪਣੀ ਜ਼ਿੰਦਗੀ ਦੇ ਕਈ ਅਹਿਮ ਸਾਲ ਦੁਨੀਆਂ ਦੇ ਲੇਖੇ ਲਾਉਣੇ ਪੈਂਦੇ ਹਨ। ਭਾਵੇਂ ਦੁਨੀਆਂ ਵਿਚ ਲੋਕ ਅਜਿਹੀ ਜ਼ਿੰਦਗੀ ਦੇ ਸੁਪਨੇ ਦੇਖਦੇ ਹਨ, ਪਰ ਕੀ ਮਸੀਹੀ ਮਾਂ-ਬਾਪ ਵੀ ਆਪਣੇ ਬੱਚਿਆਂ ਲਈ ਇਹੀ ਚਾਹੁੰਦੇ ਹਨ?—ਯੂਹੰਨਾ 15:19; 1 ਯੂਹੰਨਾ 2:15-17.
11. ਯੂਨੀਵਰਸਿਟੀਆਂ ਵਿਚ ਸ਼ਰਾਬ ਪੀਣ ਤੇ ਸੈਕਸ ਬਾਰੇ ਰਿਪੋਰਟਾਂ ਕੀ ਕਹਿੰਦੀਆਂ ਹਨ?
11 ਫਿਰ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਮਾਹੌਲ ਬਾਰੇ ਵੀ ਸੋਚੋ। ਸਾਰੇ ਜਾਣਦੇ ਹੀ ਹਨ ਕਿ ਕਾਲਜਾਂ ਵਿਚ ਕੀ ਕੁਝ ਹੁੰਦਾ ਹੈ। ਮਿਸਾਲ ਲਈ, ਡ੍ਰੱਗਜ਼, ਸ਼ਰਾਬ, ਬਦਚਲਣੀ, ਚੀਟਿੰਗ, ਰੈਗਿੰਗ ਵਗੈਰਾ। ਜ਼ਰਾ ਗੌਰ ਕਰੋ ਕਿ ਕਾਲਜਾਂ ਵਿਚ ਅਕਸਰ ਸ਼ਰਾਬ ਦੇ ਦੌਰ ਚੱਲਦੇ ਹਨ। ਇਸ ਬਾਰੇ ਗੱਲ ਕਰਦੇ ਹੋਏ ਇਕ ਰਸਾਲੇ ਨੇ ਲਿਖਿਆ: “[ਅਮਰੀਕਾ ਦੀਆਂ ਯੂਨੀਵਰਸਿਟੀਆਂ ਦੇ] ਤਕਰੀਬਨ 44 ਪ੍ਰਤਿਸ਼ਤ ਵਿਦਿਆਰਥੀ ਮਹੀਨੇ ਵਿਚ ਘੱਟੋ-ਘੱਟ ਦੋ ਵਾਰ ਸ਼ਰਾਬ ਪੀ ਕੇ ਟੱਲੀ ਹੁੰਦੇ ਹਨ।” ਇਹ ਸਮੱਸਿਆ ਅਮਰੀਕਾ ਤੋਂ ਇਲਾਵਾ ਆਸਟ੍ਰੇਲੀਆ, ਇੰਗਲੈਂਡ, ਰੂਸ ਤੇ ਹੋਰਨਾਂ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਵਿਚ ਵੀ ਆਮ ਹੈ। ਫਿਰ ਬਦਚਲਣੀ ਬਾਰੇ ਸੋਚੋ। ਅੱਜ-ਕੱਲ੍ਹ ਵਿਦਿਆਰਥੀ ‘ਇਕੱਠੇ ਹੋਣ’ ਬਾਰੇ ਗੱਲ ਕਰਦੇ ਹਨ, 1 ਕੁਰਿੰਥੀਆਂ 5:11; 6:9, 10.
ਮਤਲਬ ਕਿਸੇ ਨਾਲ ਸਿਰਫ਼ ਇਕ ਵਾਰ ਜਿਨਸੀ ਸੰਬੰਧ ਜੋੜਨਾ। ਇਹ ਚੁੰਮਣ ਜਾਂ ਫਿਰ ਸੈਕਸ ਹੋ ਸਕਦਾ ਹੈ। ਇਸ ਤੋਂ ਬਾਅਦ ਉਹ ਦੋ ਅਜਨਬੀਆਂ ਦੀ ਤਰ੍ਹਾਂ ਇਕ-ਦੂਜੇ ਨਾਲ ਗੱਲ ਵੀ ਨਹੀਂ ਕਰਨਗੇ।’ ਰਿਪੋਰਟਾਂ ਅਨੁਸਾਰ 60-80 ਪ੍ਰਤਿਸ਼ਤ ਵਿਦਿਆਰਥੀ ਇਸ ਤਰ੍ਹਾਂ ਕਰਦੇ ਹਨ। ਇਕ ਖੋਜਕਾਰ ਨੇ ਕਿਹਾ: ‘ਕਾਲਜ ਦਾ ਕਿਹੜਾ ਵਿਦਿਆਰਥੀ ਇਹ ਕੰਮ ਨਹੀਂ ਕਰਦਾ? ਸਾਰੇ ਕਰਦੇ ਹਨ।’—12. ਕਾਲਜ ਦੇ ਵਿਦਿਆਰਥੀਆਂ ਉੱਤੇ ਕਿਹੋ ਜਿਹੇ ਬੋਝ ਹੁੰਦੇ ਹਨ?
12 ਕਾਲਜਾਂ ਦੇ ਮਾੜੇ ਮਾਹੌਲ ਤੋਂ ਇਲਾਵਾ ਵਿਦਿਆਰਥੀਆਂ ਉੱਤੇ ਪੜ੍ਹਾਈ ਕਰਨ ਦਾ ਵੀ ਬਹੁਤ ਦਬਾਅ ਹੁੰਦਾ ਹੈ ਤਾਂਕਿ ਉਹ ਇਮਤਿਹਾਨ ਪਾਸ ਕਰ ਸਕਣ। ਪੜ੍ਹਾਈ ਦੇ ਦਬਾਅ ਤੋਂ ਇਲਾਵਾ ਕਈ ਵਿਦਿਆਰਥੀਆਂ ਨੂੰ ਪਾਰਟ-ਟਾਈਮ ਨੌਕਰੀ ਵੀ ਕਰਨੀ ਪੈਂਦੀ ਹੈ। ਇਹ ਸਭ ਕੁਝ ਕਰਨ ਲਈ ਸਮੇਂ ਤੇ ਮਿਹਨਤ ਦੀ ਲੋੜ ਹੁੰਦੀ ਹੈ। ਤਾਂ ਫਿਰ ਉਹ ਪਰਮੇਸ਼ੁਰ ਦੀ ਸੇਵਾ ਕਦ ਕਰਨਗੇ? ਜਦ ਪੜ੍ਹਾਈ ਦਾ ਬੋਝ ਵਧ ਜਾਂਦਾ ਹੈ, ਤਾਂ ਬੱਚੇ ਕੀ ਕਰਨਗੇ? ਕੀ ਉਹ ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦੇਣਗੇ ਜਾਂ ਫਿਰ ਇਸ ਦੀ ਬਲੀ ਚੜ੍ਹਾ ਦੇਣਗੇ? (ਮੱਤੀ 6:33) ਬਾਈਬਲ ਵਿਚ ਮਸੀਹੀਆਂ ਨੂੰ ਤਾਕੀਦ ਕੀਤੀ ਗਈ ਹੈ: “ਚੌਕਸੀ ਨਾਲ ਵੇਖੋ ਭਈਂ ਤੁਸੀਂ ਕਿੱਕੁਰ ਚੱਲਦੇ ਹੋ, ਨਿਰਬੁੱਧਾਂ ਵਾਂਙੁ ਨਹੀਂ ਸਗੋਂ ਬੁੱਧਵਾਨਾਂ ਵਾਂਙੁ। ਆਪਣੇ ਲਈ ਸਮੇਂ ਨੂੰ ਲਾਭਦਾਇਕ ਕਰੋ ਇਸ ਲਈ ਜੋ ਦਿਨ ਬੁਰੇ ਹਨ।” (ਅਫ਼ਸੀਆਂ 5:15, 16) ਇਹ ਕਿੰਨੇ ਦੁੱਖ ਦੀ ਗੱਲ ਹੈ ਕਿ ਪੜ੍ਹਾਈ ਵਿਚ ਬਹੁਤਾ ਸਮਾਂ ਲਾਉਣ ਕਰਕੇ ਜਾਂ ਕਾਲਜ ਵਿਚ ਬੁਰੇ ਕੰਮਾਂ ਵਿਚ ਪੈਣ ਕਰਕੇ ਕਈ ਨੌਜਵਾਨਾਂ ਨੇ ਯਹੋਵਾਹ ਦੀ ਭਗਤੀ ਕਰਨੀ ਛੱਡ ਦਿੱਤੀ ਹੈ!
13. ਮਸੀਹੀ ਮਾਪਿਆਂ ਨੂੰ ਕਿਹੜੇ ਸਵਾਲਾਂ ਉੱਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ?
13 ਅਸੀਂ ਇਹ ਨਹੀਂ ਕਹਿ ਰਹੇ ਕਿ ਸਿਰਫ਼ ਕਾਲਜਾਂ ਜਾਂ ਯੂਨੀਵਰਸਿਟੀਆਂ ਵਿਚ ਹੀ ਬਦਚਲਣੀ, ਬੁਰੇ ਕੰਮ ਤੇ ਦਬਾਅ ਹੁੰਦੇ ਹਨ। ਪਰ ਕਈ ਦੁਨਿਆਵੀ ਨੌਜਵਾਨ ਇਹੋ ਜਿਹੀਆਂ ਗੱਲਾਂ ਨੂੰ ਬੁਰਾ ਨਹੀਂ ਸਮਝਦੇ ਤੇ ਇਸ ਨੂੰ ਜ਼ਿੰਦਗੀ ਦਾ ਤਜਰਬਾ ਕਹਿੰਦੇ ਹਨ। ਕੀ ਮਸੀਹੀ ਮਾਪਿਆਂ ਨੂੰ ਜਾਣ-ਬੁੱਝ ਕੇ ਆਪਣੇ ਬੱਚਿਆਂ ਨੂੰ ਚਾਰ ਜਾਂ ਜ਼ਿਆਦਾ ਸਾਲਾਂ ਲਈ ਅਜਿਹੇ ਮਾਹੌਲ ਵਿਚ ਘੱਲਣਾ ਚਾਹੀਦਾ ਹੈ? (ਕਹਾਉਤਾਂ 22:3; 2 ਤਿਮੋਥਿਉਸ 2:22) ਕੀ ਪੜ੍ਹਾਈ ਦੇ ਨਾਂ ਤੇ ਬੱਚਿਆਂ ਨੂੰ ਅਜਿਹੇ ਖ਼ਤਰਿਆਂ ਵਿਚ ਪਾਉਣਾ ਸਹੀ ਹੋਵੇਗਾ? ਇਸ ਤੋਂ ਇਲਾਵਾ, ਕੀ ਉਹ ਆਪਣੇ ਬੱਚਿਆਂ ਨੂੰ ਇਹ ਨਹੀਂ ਸਿਖਾ ਰਹੇ ਹੋਣਗੇ ਕਿ ਰੂਹਾਨੀ ਗੱਲਾਂ ਨਾਲੋਂ ਉੱਚ ਸਿੱਖਿਆ ਜ਼ਿਆਦਾ ਜ਼ਰੂਰੀ ਹੈ? * (ਫ਼ਿਲਿੱਪੀਆਂ 1:10; 1 ਥੱਸਲੁਨੀਕੀਆਂ 5:21) ਮਾਪਿਆਂ ਨੂੰ ਇਨ੍ਹਾਂ ਸਵਾਲਾਂ ਬਾਰੇ ਧਿਆਨ ਨਾਲ ਸੋਚਣਾ ਚਾਹੀਦਾ ਹੈ। ਨਾਲੇ ਉਨ੍ਹਾਂ ਨੂੰ ਇਸ ਬਾਰੇ ਵੀ ਸੋਚਣਾ ਚਾਹੀਦਾ ਹੈ ਕਿ ਬੱਚਿਆਂ ਨੂੰ ਪੜ੍ਹਾਈ ਲਈ ਹੋਰ ਸ਼ਹਿਰ ਜਾਂ ਦੇਸ਼ ਭੇਜਣ ਦੇ ਕੀ ਖ਼ਤਰੇ ਹੋ ਸਕਦੇ ਹਨ। ਉਨ੍ਹਾਂ ਨੂੰ ਇਨ੍ਹਾਂ ਗੱਲਾਂ ਬਾਰੇ ਪ੍ਰਾਰਥਨਾ ਕਰਨੀ ਚਾਹੀਦੀ ਹੈ।
ਉੱਚ ਸਿੱਖਿਆ ਦੀ ਥਾਂ ਹੋਰ ਕੀ ਕੀਤਾ ਜਾ ਸਕਦਾ ਹੈ?
14, 15. (ੳ) ਦੁਨੀਆਂ ਦੀ ਰਾਇ ਦੇ ਉਲਟ ਬਾਈਬਲ ਸਾਨੂੰ ਕੀ ਸਲਾਹ ਦਿੰਦੀ ਹੈ? (ਅ) ਨੌਜਵਾਨ ਆਪਣੇ ਆਪ ਨੂੰ ਕਿਹੜੇ ਸਵਾਲ ਪੁੱਛ ਸਕਦੇ ਹਨ?
14 ਅੱਜ-ਕੱਲ੍ਹ ਇਹ ਮੰਨਿਆ ਜਾਂਦਾ ਹੈ ਕਿ ਕੁਝ ਬਣਨ ਲਈ ਯੂਨੀਵਰਸਿਟੀ ਦੀ ਪੜ੍ਹਾਈ ਲਾਜ਼ਮੀ ਹੈ। ਪਰ ਦੁਨੀਆਂ ਦੇ ਮਗਰ ਲੱਗਣ ਦੀ ਬਜਾਇ ਮਸੀਹੀ ਬਾਈਬਲ ਦੀ ਸਲਾਹ ਉੱਤੇ ਚੱਲਦੇ ਹਨ: “ਇਸ ਜੁੱਗ ਦੇ ਰੂਪ ਜੇਹੇ ਨਾ ਬਣੋ ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ ਤਾਂ ਜੋ ਤੁਸੀਂ ਸਿਆਣ ਲਵੋ ਭਈ ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ ਕੀ ਹੈ।” (ਰੋਮੀਆਂ 12:2) ਅੱਜ ਅੰਤ ਦੇ ਇਸ ਸਮੇਂ ਵਿਚ ਪਰਮੇਸ਼ੁਰ ਆਪਣੇ ਵੱਡੇ-ਛੋਟੇ ਸਾਰੇ ਸੇਵਕਾਂ ਤੋਂ ਕੀ ਚਾਹੁੰਦਾ ਹੈ? ਪੌਲੁਸ ਨੇ ਤਿਮੋਥਿਉਸ ਨੂੰ ਕਿਹਾ: “ਤੂੰ ਸਭਨੀਂ ਗੱਲੀਂ ਸੁਚੇਤ ਰਹੀਂ, ਦੁਖ ਝੱਲੀਂ, ਪਰਚਾਰਕ ਦਾ ਕੰਮ ਕਰੀਂ, ਆਪਣੀ ਸੇਵਕਾਈ ਨੂੰ ਪੂਰਿਆਂ ਕਰੀਂ।” ਇਹ ਸ਼ਬਦ ਅੱਜ ਸਾਡੇ ਸਾਰਿਆਂ ਉੱਤੇ ਲਾਗੂ ਹੁੰਦੇ ਹਨ।—2 ਤਿਮੋਥਿਉਸ 4:5.
15 ਮਾਇਆ ਦੇ ਜਾਲ ਵਿਚ ਫਸਣ ਦੀ ਬਜਾਇ ਸਾਨੂੰ ਸਾਰਿਆਂ ਨੂੰ ‘ਸੁਚੇਤ ਰਹਿਣ’ ਦੀ ਜ਼ਰੂਰਤ ਹੈ। ਸਾਨੂੰ ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਰਹਿਣਾ ਚਾਹੀਦਾ ਹੈ। ਜੇ ਤੁਸੀਂ ਨੌਜਵਾਨ ਹੋ, ਤਾਂ ਆਪਣੇ ਆਪ ਨੂੰ ਪੁੱਛੋ: ‘ਕੀ ਮੈਂ “ਆਪਣੀ ਸੇਵਕਾਈ ਨੂੰ ਪੂਰਿਆਂ” ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ? ਆਪਣੀ ਸੇਵਕਾਈ “ਪੂਰੀ” ਕਰਨ ਬਾਰੇ ਮੈਂ ਕੀ ਸੋਚਿਆ ਹੈ? ਕੀ ਮੈਂ ਪਾਇਨੀਅਰੀ ਕਰਨ ਬਾਰੇ ਸੋਚਿਆ ਹੈ?’ ਇਹ ਮੁਸ਼ਕਲ ਸਵਾਲ ਹਨ, ਖ਼ਾਸ ਕਰਕੇ ਜਦ ਤੁਸੀਂ ਦੂਸਰੇ ਨੌਜਵਾਨਾਂ ਨੂੰ “ਵੱਡੀਆਂ ਚੀਜ਼ਾਂ” ਪਿੱਛੇ ਭੱਜਦੇ ਦੇਖਦੇ ਹੋ ਜੋ ਉਨ੍ਹਾਂ ਦੇ ਖ਼ਿਆਲ ਵਿਚ ਉਨ੍ਹਾਂ ਦੇ ਭਵਿੱਖ ਨੂੰ ਰੌਸ਼ਨ ਕਰ ਦੇਣਗੀਆਂ। (ਯਿਰਮਿਯਾਹ 45:5) ਇਸ ਲਈ ਮਸੀਹੀ ਮਾਪਿਆਂ ਨੂੰ ਆਪਣੇ ਬੱਚਿਆਂ ਲਈ ਬਚਪਨ ਤੋਂ ਹੀ ਚੰਗਾ ਮਾਹੌਲ ਪੈਦਾ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਯਹੋਵਾਹ ਦੀ ਸਿੱਖਿਆ ਦੇਣੀ ਚਾਹੀਦੀ ਹੈ।—ਕਹਾਉਤਾਂ 22:6; ਉਪਦੇਸ਼ਕ ਦੀ ਪੋਥੀ 12:1; 2 ਤਿਮੋਥਿਉਸ 3:14, 15.
16. ਮਸੀਹੀ ਮਾਂ-ਬਾਪ ਆਪਣੇ ਬੱਚਿਆਂ ਲਈ ਚੰਗਾ ਮਾਹੌਲ ਕਿਸ ਤਰ੍ਹਾਂ ਪੈਦਾ ਕਰ ਸਕਦੇ ਹਨ?
16 ਕਈ ਸਾਲਾਂ ਤੋਂ ਪਾਇਨੀਅਰੀ ਕਰ ਰਹੀ ਇਕ ਮਾਂ ਦੇ ਤਿੰਨ ਮੁੰਡਿਆਂ ਵਿੱਚੋਂ ਵੱਡੇ ਮੁੰਡੇ ਨੇ ਕਿਹਾ: “ਮੰਮੀ ਇਸ ਗੱਲ ਦਾ ਬਹੁਤ ਧਿਆਨ ਰੱਖਦੀ ਸੀ ਕਿ ਅਸੀਂ ਕਿਨ੍ਹਾਂ ਨਾਲ ਉੱਠਦੇ-ਬੈਠਦੇ ਸੀ। ਅਸੀਂ ਸਕੂਲ ਵਿਚ ਦੂਸਰੇ ਮੁੰਡਿਆਂ ਨਾਲ ਮਿਲਣ-ਜੁਲਣ ਦੀ ਬਜਾਇ ਕਲੀਸਿਯਾ ਵਿਚ ਉਨ੍ਹਾਂ ਭੈਣਾਂ-ਭਰਾਵਾਂ ਨਾਲ ਮੇਲ-ਜੋਲ ਰੱਖਦੇ ਸੀ ਜੋ ਸੱਚਾਈ ਵਿਚ ਮਜ਼ਬੂਤ ਸਨ। ਉਹ ਕਈ ਵਾਰ ਪਾਇਨੀਅਰਾਂ, ਮਿਸ਼ਨਰੀਆਂ, ਸਫ਼ਰੀ ਨਿਗਾਹਬਾਨਾਂ ਤੇ ਬੈਥਲ ਪਰਿਵਾਰ ਦੇ ਮੈਂਬਰਾਂ ਨੂੰ ਘਰ ਬੁਲਾਉਂਦੀ ਸੀ। ਉਨ੍ਹਾਂ ਦੇ ਤਜਰਬੇ ਸੁਣ ਕੇ ਤੇ ਉਨ੍ਹਾਂ ਦੀ ਖ਼ੁਸ਼ੀ ਦੇਖ ਕੇ ਸਾਡੇ ਦਿਲਾਂ ਵਿਚ ਵੀ ਯਹੋਵਾਹ ਦੀ ਸੇਵਾ ਨੂੰ ਪਹਿਲ ਦੇਣ ਦੀ ਖ਼ਾਹਸ਼ ਜਾਗੀ।” ਅੱਜ ਇਹ ਤਿੰਨੇ ਮੁੰਡੇ ਆਪਣਾ ਪੂਰਾ ਸਮਾਂ ਯਹੋਵਾਹ ਦੀ ਸੇਵਾ ਵਿਚ ਲਾ ਰਹੇ ਹਨ। ਇਕ ਬੈਥਲ ਵਿਚ ਹੈ, ਦੂਜਾ ਸੇਵਕਾਈ ਸਿਖਲਾਈ ਸਕੂਲ ਦਾ ਗ੍ਰੈਜੂਏਟ ਹੈ ਅਤੇ ਤੀਜਾ ਪਾਇਨੀਅਰ ਹੈ!
17. ਕੋਰਸ ਤੇ ਪੇਸ਼ਾ ਚੁਣਨ ਵੇਲੇ ਮਾਪੇ ਆਪਣੇ ਬੱਚਿਆਂ ਨੂੰ ਕਿਵੇਂ ਸੇਧ ਦੇ ਸਕਦੇ ਹਨ? (ਸਫ਼ਾ 29 ਉੱਤੇ ਡੱਬੀ ਦੇਖੋ।)
17 ਚੰਗਾ ਮਾਹੌਲ ਪੈਦਾ ਕਰਨ ਤੋਂ ਇਲਾਵਾ ਇਹ ਜ਼ਰੂਰੀ ਹੈ ਕਿ ਮਾਂ-ਬਾਪ ਬੱਚਿਆਂ ਨੂੰ ਸਕੂਲ ਦੇ ਵਿਸ਼ੇ ਜਾਂ ਕੋਰਸ ਚੁਣਨ ਵਿਚ ਤੇ ਪੇਸ਼ਾ ਚੁਣਨ ਵਿਚ ਵੀ ਸਹੀ ਸੇਧ ਦੇਣ। ਬੈਥਲ ਵਿਚ ਸੇਵਾ ਕਰ ਰਿਹਾ ਇਕ ਨੌਜਵਾਨ ਭਰਾ ਕਹਿੰਦਾ ਹੈ: “ਮੇਰੇ ਮੰਮੀ-ਡੈਡੀ ਦੋਹਾਂ ਨੇ ਸ਼ਾਦੀ ਤੋਂ ਪਹਿਲਾਂ ਤੇ ਬਾਅਦ ਵਿਚ ਵੀ ਪਾਇਨੀਅਰੀ ਕੀਤੀ ਤੇ ਉਨ੍ਹਾਂ ਨੇ ਸਾਡੇ ਵਿਚ ਵੀ ਯਹੋਵਾਹ ਦੀ ਸੇਵਾ ਕਰਨ ਦੀ ਇੱਛਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਸਕੂਲ ਵਿਚ ਕੋਰਸ ਚੁਣਦੇ ਸਮੇਂ ਜਾਂ ਭਵਿੱਖ ਬਾਰੇ ਕੋਈ ਵੀ ਫ਼ੈਸਲਾ ਕਰਦੇ ਸਮੇਂ ਉਨ੍ਹਾਂ ਨੇ ਇਹੀ ਸਲਾਹ ਦਿੱਤੀ ਕਿ ਅਸੀਂ ਉਹ ਕੋਰਸ ਚੁਣੀਏ ਜਿਸ ਨਾਲ ਅਸੀਂ ਪਾਰਟ-ਟਾਈਮ ਨੌਕਰੀ ਕਰਨ ਦੇ ਨਾਲ-ਨਾਲ ਪਾਇਨੀਅਰੀ ਵੀ ਕਰ ਸਕੀਏ।” ਅਜਿਹੇ ਕੋਰਸ ਚੁਣਨ ਦੀ ਬਜਾਇ ਜੋ ਯੂਨੀਵਰਸਿਟੀ ਵਿਚ ਦਾਖ਼ਲਾ ਦਿਲਾਉਣਗੇ, ਮਾਪੇ ਤੇ ਬੱਚੇ ਅਜਿਹੇ ਕੋਰਸ ਚੁਣ ਸਕਦੇ ਹਨ ਜੋ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਕੰਮ ਆਉਣਗੇ।18. ਨੌਜਵਾਨ ਕਿਹੋ ਜਿਹੀਆਂ ਨੌਕਰੀਆਂ ਕਰਨ ਬਾਰੇ ਸੋਚ ਸਕਦੇ ਹਨ?
18 ਕਈ ਦੇਸ਼ਾਂ ਵਿਚ ਕੀਤੇ ਅਧਿਐਨਾਂ ਤੋਂ ਪਤਾ ਲੱਗਿਆ ਹੈ ਕਿ ਯੂਨੀਵਰਸਿਟੀ ਗ੍ਰੈਜੂਏਟਾਂ ਦੀ ਨਹੀਂ, ਸਗੋਂ ਉਨ੍ਹਾਂ ਲੋਕਾਂ ਦੀ ਸਖ਼ਤ ਲੋੜ ਹੈ ਜਿਨ੍ਹਾਂ ਕੋਲ ਕੋਈ ਤਕਨੀਕੀ ਡਿਪਲੋਮਾ ਹੈ। ਇਕ ਅਮਰੀਕੀ ਅਖ਼ਬਾਰ ਮੁਤਾਬਕ ‘ਆਉਣ ਵਾਲੇ ਸਾਲਾਂ ਵਿਚ 70 ਪ੍ਰਤਿਸ਼ਤ ਵਿਦਿਆਰਥੀਆਂ ਨੂੰ ਕਾਲਜ ਵਿਚ ਚਾਰ ਸਾਲ ਪੜ੍ਹਾਈ ਕਰ ਕੇ ਡਿਗਰੀ ਲੈਣ ਦੀ ਜ਼ਰੂਰਤ ਨਹੀਂ ਪਵੇਗੀ, ਬਲਕਿ ਕਿਸੇ ਤਕਨੀਕੀ ਸਿਖਲਾਈ ਦੀ ਲੋੜ ਹੋਵੇਗੀ।’ ਅਜਿਹੇ ਕਈ ਸਕੂਲ ਹਨ ਜੋ ਦਫ਼ਤਰ ਦਾ ਕੰਮ, ਕਾਰ ਮਕੈਨਿਕ, ਕੰਪਿਊਟਰ ਦੀ ਮੁਰੰਮਤ, ਪਲੰਬਿੰਗ, ਬਿਊਟੀਸ਼ਨ ਵਗੈਰਾ ਦਾ ਕੋਰਸ ਕਰਾਉਂਦੇ ਹਨ। ਕੀ ਇਹ ਚੰਗੀਆਂ ਨੌਕਰੀਆਂ ਹਨ? ਹਾਂ! ਸ਼ਾਇਦ ਇਹ ਠਾਠ-ਬਾਠ ਵਾਲੀਆਂ ਨੌਕਰੀਆਂ ਨਾ ਹੋਣ, ਪਰ ਜਿਹੜੇ ਯਹੋਵਾਹ ਦੀ ਸੇਵਾ ਨੂੰ ਪਹਿਲ ਦੇਣੀ ਚਾਹੁੰਦੇ ਹਨ, ਉਨ੍ਹਾਂ ਲਈ ਆਪਣਾ ਗੁਜ਼ਾਰਾ ਤੋਰਨ ਲਈ ਇਹ ਵਧੀਆ ਕੰਮ ਹਨ।—2 ਥੱਸਲੁਨੀਕੀਆਂ 3:8.
19. ਜ਼ਿੰਦਗੀ ਵਿਚ ਖ਼ੁਸ਼ੀ ਤੇ ਸੰਤੁਸ਼ਟੀ ਪਾਉਣ ਲਈ ਕੀ ਕਰਨਾ ਜ਼ਰੂਰੀ ਹੈ?
19 ਬਾਈਬਲ ਨੌਜਵਾਨਾਂ ਨੂੰ ਤਾਕੀਦ ਕਰਦੀ ਹੈ: “ਗਭਰੂ ਤੇ ਕੁਆਰੀਆਂ . . . ਏਹ ਯਹੋਵਾਹ ਦੇ ਨਾਮ ਦੀ ਉਸਤਤ ਕਰਨ! ਕਿਉਂ ਜੋ ਇਕੱਲਾ ਉਸੇ ਦਾ ਨਾਮ ਮਹਾਨ ਹੈ, ਉਹ ਦਾ ਤੇਜ ਧਰਤੀ ਤੇ ਅਕਾਸ਼ ਦੇ ਉੱਪਰ ਹੈ।” (ਜ਼ਬੂਰਾਂ ਦੀ ਪੋਥੀ 148:12, 13) ਦੁਨੀਆਂ ਸਾਨੂੰ ਸ਼ਾਨੋ-ਸ਼ੌਕਤ, ਧਨ-ਦੌਲਤ ਤੇ ਸ਼ੁਹਰਤ ਤਾਂ ਦੇ ਸਕਦੀ ਹੈ, ਪਰ ਉਹ ਖ਼ੁਸ਼ੀ ਤੇ ਸੰਤੁਸ਼ਟੀ ਨਹੀਂ ਦੇ ਸਕਦੀ ਜੋ ਸਿਰਫ਼ ਯਹੋਵਾਹ ਦੀ ਸੇਵਾ ਕਰਨ ਨਾਲ ਮਿਲਦੀ ਹੈ। ਬਾਈਬਲ ਦੇ ਇਸ ਵਾਅਦੇ ਨੂੰ ਹਮੇਸ਼ਾ ਚੇਤੇ ਰੱਖੋ: “ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ, ਅਤੇ ਉਸ ਦੇ ਨਾਲ ਉਹ ਸੋਗ ਨਹੀਂ ਮਿਲਾਉਂਦਾ।”—ਕਹਾਉਤਾਂ 10:22.
[ਫੁਟਨੋਟ]
^ ਪੈਰਾ 13 ਤੁਸੀਂ ਪਹਿਰਾਬੁਰਜ (ਅੰਗ੍ਰੇਜ਼ੀ), 1 ਮਈ 1982, ਸਫ਼ੇ 3-6; 15 ਅਪ੍ਰੈਲ 1979, ਸਫ਼ੇ 5-10; ਜਾਗਰੂਕ ਬਣੋ! (ਅੰਗ੍ਰੇਜ਼ੀ), 8 ਜੂਨ 1978, ਸਫ਼ਾ 15 ਤੇ 8 ਅਗਸਤ 1974, ਸਫ਼ੇ 3-7 ਵਿਚ ਉਨ੍ਹਾਂ ਬਾਰੇ ਪੜ੍ਹ ਸਕਦੇ ਹੋ ਜਿਨ੍ਹਾਂ ਨੇ ਯੂਨੀਵਰਸਿਟੀ ਦੀ ਪੜ੍ਹਾਈ ਨਾਲੋਂ ਪਰਮੇਸ਼ੁਰ ਦੀ ਸੇਵਾ ਨੂੰ ਜ਼ਿਆਦਾ ਜ਼ਰੂਰੀ ਸਮਝਿਆ।
^ ਪੈਰਾ 17 ਜਾਗਰੂਕ ਬਣੋ! ਰਸਾਲੇ ਵਿਚ 8 ਅਕਤੂਬਰ 1998, ਸਫ਼ੇ 4-6 ਉੱਤੇ “ਸੁਖੀ ਜੀਵਨ ਦੀ ਭਾਲ” ਨਾਂ ਦਾ ਲੇਖ ਅਤੇ ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ (ਹਿੰਦੀ) ਪੁਸਤਕ ਦਾ 22ਵਾਂ ਅਧਿਆਇ ਦੇਖੋ, “ਮੈਂ ਕਿਹੜਾ ਪੇਸ਼ਾ ਚੁਣਾਂ?”
ਕੀ ਤੁਸੀਂ ਸਮਝਾ ਸਕਦੇ ਹੋ?
• ਸੁਖੀ ਭਵਿੱਖ ਲਈ ਮਸੀਹੀ ਕਿਸ ਉੱਤੇ ਭਰੋਸਾ ਰੱਖਦੇ ਹਨ?
• ਮਸੀਹੀ ਮਾਂ-ਬਾਪ ਆਪਣੇ ਬੱਚਿਆਂ ਦੇ ਭਵਿੱਖ ਦੇ ਸੰਬੰਧ ਵਿਚ ਕਿਸ ਕਸ਼ਮਕਸ਼ ਵਿਚ ਪੈ ਜਾਂਦੇ ਹਨ?
• ਉੱਚ ਸਿੱਖਿਆ ਬਾਰੇ ਸੋਚਦੇ ਹੋਏ ਸਾਨੂੰ ਕਿਹੜੀਆਂ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ?
• ਯਹੋਵਾਹ ਦੀ ਸੇਵਾ ਵਿਚ ਆਪਣੀ ਜ਼ਿੰਦਗੀ ਲਾਉਣ ਵਿਚ ਮਾਪੇ ਆਪਣੇ ਬੱਚਿਆਂ ਦੀ ਮਦਦ ਕਿਵੇਂ ਕਰ ਸਕਦੇ ਹਨ?
[ਸਵਾਲ]
[ਸਫ਼ੇ 29 ਉੱਤੇ ਡੱਬੀ]
ਉੱਚ ਸਿੱਖਿਆ ਕਿੰਨੀ ਕੁ ਫ਼ਾਇਦੇਮੰਦ ਹੈ?
ਜ਼ਿਆਦਾਤਰ ਲੋਕ ਯੂਨੀਵਰਸਿਟੀ ਡਿਗਰੀ ਹਾਸਲ ਕਰ ਕੇ ਉਮੀਦ ਰੱਖਦੇ ਹਨ ਕਿ ਉਨ੍ਹਾਂ ਲਈ ਚੰਗੀ ਤਨਖ਼ਾਹ ਵਾਲੀਆਂ ਨੌਕਰੀਆਂ ਹਾਸਲ ਕਰਨ ਦਾ ਰਾਹ ਖੁੱਲ੍ਹ ਜਾਵੇਗਾ। ਪਰ ਅਮਰੀਕਾ ਦੀਆਂ ਸਰਕਾਰੀ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਸਿਰਫ਼ 25 ਫੀ ਸਦੀ ਵਿਦਿਆਰਥੀ ਹੀ ਛਿਆਂ ਸਾਲਾਂ ਦੇ ਅੰਦਰ-ਅੰਦਰ ਡਿਗਰੀ ਹਾਸਲ ਕਰਦੇ ਹਨ। ਇਸ ਤੋਂ ਇਲਾਵਾ, ਕੀ ਡਿਗਰੀ ਹਾਸਲ ਕਰਨ ਵਾਲੇ ਸਾਰੇ ਲੋਕਾਂ ਨੂੰ ਚੰਗੀ ਨੌਕਰੀ ਮਿਲ ਜਾਂਦੀ ਹੈ? ਧਿਆਨ ਦਿਓ ਕਿ ਨਵੀਂ ਰੀਸਰਚ ਤੇ ਸਰਵੇਖਣਾਂ ਤੋਂ ਕੀ ਪਤਾ ਲੱਗਿਆ ਹੈ।
“ਹਾਰਵਰਡ ਜਾਂ ਡਿਊਕ [ਯੂਨੀਵਰਸਿਟੀਆਂ] ਜਾਣ ਨਾਲ ਹੀ ਚੰਗੀ ਨੌਕਰੀ ਤੇ ਜ਼ਿਆਦਾ ਤਨਖ਼ਾਹ ਨਹੀਂ ਮਿਲ ਜਾਂਦੀ। . . . ਕੰਪਨੀਆਂ ਕੰਮ ਦੀ ਤਲਾਸ਼ ਵਿਚ ਆਏ ਜਵਾਨ ਉਮੀਦਵਾਰਾਂ ਬਾਰੇ ਬਹੁਤਾ ਕੁਝ ਨਹੀਂ ਜਾਣਦੀਆਂ। ਉਹ ਸ਼ਾਇਦ ਉਮੀਦਵਾਰਾਂ ਦੀ ਡਿਗਰੀ (ਆਇਵੀ ਲੀਗ ਦੀ ਡਿਗਰੀ) ਦੇਖ ਕੇ ਕਾਫ਼ੀ ਪ੍ਰਭਾਵਿਤ ਹੋਣ, ਪਰ ਇਸ ਤੋਂ ਬਾਅਦ ਉਹ ਇਹੀ ਦੇਖਣਗੇ ਕਿ ਉਮੀਦਵਾਰ ਕੀ ਕਰ ਸਕਦੇ ਹਨ ਤੇ ਕੀ ਨਹੀਂ।”—ਨਿਊਜ਼ਵੀਕ, 1 ਨਵੰਬਰ 1999.
‘ਭਾਵੇਂ ਅੱਜ-ਕੱਲ੍ਹ ਕੰਮ ਦੇ ਮੈਦਾਨ ਵਿਚ ਪਹਿਲਾਂ ਨਾਲੋਂ ਜ਼ਿਆਦਾ ਹੁਨਰਾਂ ਦੀ ਲੋੜ ਹੁੰਦੀ ਹੈ, ਪਰ ਇਹ ਹੁਨਰ ਹਾਈ ਸਕੂਲ ਵਿਚ ਸਿਖਾਏ ਜਾਂਦੇ ਹਨ, ਜਿਵੇਂ ਹਿਸਾਬ ਕਰਨ ਅਤੇ ਪੜ੍ਹਨ ਤੇ ਲਿਖਣ ਵਿਚ ਕੁਸ਼ਲ ਬਣਨਾ। ਇਹ ਤੁਸੀਂ ਨੌਵੀਂ ਕਲਾਸ ਵਿਚ ਸਿੱਖ ਸਕਦੇ ਹੋ ਤੇ ਚੰਗੀ ਨੌਕਰੀ ਲੱਭਣ ਲਈ ਕਾਲਜ ਜਾਣ ਦੀ ਲੋੜ ਨਹੀਂ ਹੈ।’—ਅਮੈਰੀਕਨ ਏਜੂਕੇਟਰ, ਬਸੰਤ 2004.
‘ਜ਼ਿਆਦਾਤਰ ਕਾਲਜ ਵਿਦਿਆਰਥੀਆਂ ਨੂੰ ਨੌਕਰੀ ਕਰਨ ਲਈ ਤਿਆਰ ਨਹੀਂ ਕਰਦੇ। ਇਸ ਲਈ ਤਕਨੀਕੀ ਸਿਖਲਾਈ ਦੇਣ ਵਾਲੇ ਸਕੂਲਾਂ ਵਿਚ ਵਾਧਾ ਹੋ ਰਿਹਾ ਹੈ। ਸਾਲ 1996 ਤੋਂ 2000 ਤਕ ਅਜਿਹੇ ਸਕੂਲਾਂ ਵਿਚ 48 ਪ੍ਰਤਿਸ਼ਤ ਜ਼ਿਆਦਾ ਵਿਦਿਆਰਥੀਆਂ ਨੇ ਦਾਖ਼ਲਾ ਲਿਆ। ਦੂਜੇ ਪਾਸੇ, ਕਾਲਜ ਦੀਆਂ ਡਿਗਰੀਆਂ ਹਾਸਲ ਕਰਨ ਲਈ ਬਹੁਤ ਪੈਸਾ ਤੇ ਸਮਾਂ ਵੀ ਚਾਹੀਦਾ ਹੈ ਤੇ ਇਨ੍ਹਾਂ ਡਿਗਰੀਆਂ ਦੀ ਹੁਣ ਕੀਮਤ ਵੀ ਨਹੀਂ ਰਹੀ।’—ਟਾਈਮ, 24 ਜਨਵਰੀ 2005.
“ਅਮਰੀਕਾ ਦੇ ਨੌਕਰੀ ਵਿਭਾਗ ਮੁਤਾਬਕ, ਚਾਰ ਸਾਲ ਕਾਲਜ ਜਾ ਕੇ ਡਿਗਰੀ ਪ੍ਰਾਪਤ ਕਰਨ ਵਾਲਿਆਂ ਵਿੱਚੋਂ ਇਕ-ਤਿਹਾਈ ਗ੍ਰੈਜੂਏਟਾਂ ਨੂੰ ਸਾਲ 2005 ਵਿਚ ਆਪਣੀ ਡਿਗਰੀ ਮੁਤਾਬਕ ਕੰਮ ਨਹੀਂ ਮਿਲੇਗਾ।”—ਦ ਫਯੂਚਰਿਸਟ, ਜੁਲਾਈ/ਅਗਸਤ 2000.
ਇਨ੍ਹਾਂ ਗੱਲਾਂ ਨੂੰ ਦੇਖਦੇ ਹੋਏ ਜ਼ਿਆਦਾਤਰ ਸਿੱਖਿਅਕ ਉੱਚ ਪੜ੍ਹਾਈ ਦੇ ਲਾਭ ਉੱਤੇ ਸ਼ੱਕ ਕਰ ਰਹੇ ਹਨ। ਇਕ ਰਿਪੋਰਟ ਨੇ ਕਿਹਾ: “ਅਸੀਂ ਲੋਕਾਂ ਨੂੰ ਭਵਿੱਖ ਲਈ ਸਹੀ ਤਰੀਕੇ ਨਾਲ ਤਿਆਰ ਨਹੀਂ ਕਰ ਰਹੇ।” ਇਸ ਦੇ ਉਲਟ ਧਿਆਨ ਦਿਓ ਕਿ ਬਾਈਬਲ ਪਰਮੇਸ਼ੁਰ ਬਾਰੇ ਕੀ ਕਹਿੰਦੀ ਹੈ: “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ। ਕਾਸ਼ ਕਿ ਤੂੰ ਮੇਰੇ ਹੁਕਮਾਂ ਨੂੰ ਮੰਨਦਾ! ਤਾਂ ਤੇਰੀ ਸ਼ਾਂਤੀ ਨਦੀ ਵਾਂਙੁ, ਤਾਂ ਤੇਰਾ ਧਰਮ ਸਮੁੰਦਰ ਦੀਆਂ ਲਹਿਰਾਂ ਵਾਂਙੁ ਹੁੰਦਾ।”—ਯਸਾਯਾਹ 48:17, 18.
[ਸਫ਼ੇ 26 ਉੱਤੇ ਤਸਵੀਰ]
ਉਹ ਆਪਣਾ ਕੰਮ ਛੱਡ ਕੇ ਯਿਸੂ ਦੇ ਮਗਰ ਹੋ ਤੁਰੇ
[ਸਫ਼ੇ 31 ਉੱਤੇ ਤਸਵੀਰ]
ਮਸੀਹੀ ਮਾਪੇ ਆਪਣੇ ਬੱਚਿਆਂ ਲਈ ਬਚਪਨ ਤੋਂ ਚੰਗਾ ਰੂਹਾਨੀ ਮਾਹੌਲ ਪੈਦਾ ਕਰਦੇ ਹਨ