Skip to content

Skip to table of contents

ਮੈਂ ਆਪਣੇ ਮਾਤਾ-ਪਿਤਾ ਦੀ ਮਿਸਾਲ ਤੋਂ ਬਹੁਤ ਕੁਝ ਸਿੱਖਿਆ

ਮੈਂ ਆਪਣੇ ਮਾਤਾ-ਪਿਤਾ ਦੀ ਮਿਸਾਲ ਤੋਂ ਬਹੁਤ ਕੁਝ ਸਿੱਖਿਆ

ਜੀਵਨੀ

ਮੈਂ ਆਪਣੇ ਮਾਤਾ-ਪਿਤਾ ਦੀ ਮਿਸਾਲ ਤੋਂ ਬਹੁਤ ਕੁਝ ਸਿੱਖਿਆ

ਯਾਨੇਜ਼ ਰੇਕੇਲ ਦੀ ਜ਼ਬਾਨੀ

ਇਹ ਸਾਲ 1958 ਦੀ ਗੱਲ ਹੈ। ਮੈਂ ਤੇ ਮੇਰੀ ਪਤਨੀ ਸਟਾਂਕਾ ਕਾਰਾਵਾਂਕਨ ਪਹਾੜਾਂ ਵਿਚ ਸੀ। ਅਸੀਂ ਯੂਗੋਸਲਾਵੀਆ ਤੋਂ ਭੱਜ ਕੇ ਆਸਟ੍ਰੀਆ ਵਿਚ ਜਾਣ ਦੀ ਕੋਸ਼ਿਸ਼ ਕਰ ਰਹੇ ਸੀ। ਇਹ ਬਹੁਤ ਹੀ ਖ਼ਤਰਨਾਕ ਸਫ਼ਰ ਸੀ ਕਿਉਂਕਿ ਸਰਹੱਦ ਤੇ ਯੂਗੋਸਲਾਵੀ ਫ਼ੌਜੀ ਬੰਦੂਕਾਂ ਤਾਣੀ ਸਰਹੱਦ ਪਾਰ ਕਰਨ ਵਾਲਿਆਂ ਨੂੰ ਰੋਕਣ ਲਈ ਖੜ੍ਹੇ ਸਨ। ਅਚਾਨਕ ਸਾਡੇ ਰਾਹ ਵਿਚ ਇਕ ਡੂੰਘੀ ਖਾਈ ਆ ਗਈ। ਅਸੀਂ ਕਦੀ ਵੀ ਸਰਹੱਦ ਤੋਂ ਪਾਰ ਆਸਟ੍ਰੀਆ ਦੇ ਪਹਾੜਾਂ ਨੂੰ ਨਹੀਂ ਦੇਖਿਆ ਸੀ। ਅਸੀਂ ਪੂਰਬ ਵੱਲ ਤੁਰਦੇ ਰਹੇ ਅਤੇ ਪੱਥਰੀਲੀ ਤੇ ਰੋੜਿਆਂ ਨਾਲ ਭਰੀ ਢਲਾਣ ਤੇ ਆਏ। ਸਾਡੇ ਕੋਲ ਮੋਟੀ ਤਰਪਾਲ ਸੀ ਜਿਸ ਨੂੰ ਅਸੀਂ ਆਪਣੇ ਆਲੇ-ਦੁਆਲੇ ਬੰਨ੍ਹ ਲਿਆ ਤੇ ਘਿਸੜਦੇ ਹੋਏ ਪਹਾੜ ਤੋਂ ਉੱਤਰ ਆਏ। ਸਾਨੂੰ ਕੁਝ ਪਤਾ ਨਹੀਂ ਸੀ ਕਿ ਸਾਡੇ ਨਾਲ ਕੀ ਹੋਣਾ ਸੀ।

ਆਓ ਮੈਂ ਤੁਹਾਨੂੰ ਦੱਸਾਂ ਕਿ ਸਾਨੂੰ ਭੱਜਣ ਦੀ ਲੋੜ ਕਿਉਂ ਪਈ ਅਤੇ ਮੇਰੇ ਮਾਤਾ-ਪਿਤਾ ਦੀ ਮਿਸਾਲ ਨੇ ਮੁਸ਼ਕਲਾਂ ਸਹਿਣ ਤੇ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਵਿਚ ਮੇਰੀ ਕਿਵੇਂ ਮਦਦ ਕੀਤੀ।

ਮੇਰਾ ਜਨਮ ਸਲੋਵੀਨੀਆ ਵਿਚ ਹੋਇਆ ਸੀ ਜੋ ਅੱਜ ਮੱਧ ਯੂਰਪ ਵਿਚ ਇਕ ਛੋਟਾ ਦੇਸ਼ ਹੈ। ਇਹ ਯੂਰਪੀ ਐਲਪਸ ਵਿਚ ਹੈ ਜਿਸ ਦੇ ਉੱਤਰ ਵੱਲ ਆਸਟ੍ਰੀਆ, ਪੱਛਮ ਵੱਲ ਇਟਲੀ, ਦੱਖਣ ਵੱਲ ਕ੍ਰੋਏਸ਼ੀਆ ਤੇ ਪੂਰਬ ਵੱਲ ਹੰਗਰੀ ਹੈ। ਪਰ ਜਦ ਮੇਰੇ ਮਾਪਿਆਂ ਦਾ ਜਨਮ ਹੋਇਆ ਸੀ, ਤਾਂ ਸਲੋਵੀਨੀਆ ਆਸਟ੍ਰੀਆ-ਹੰਗਰੀ ਸਾਮਰਾਜ ਦਾ ਹਿੱਸਾ ਸੀ। ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਸਲੋਵੀਨੀਆ ਇਕ ਨਵੇਂ ਰਾਜ ਦਾ ਹਿੱਸਾ ਬਣ ਗਿਆ ਜਿਸ ਨੂੰ ਸਰਬੀਆਈ, ਕ੍ਰੋਏਸ਼ੀਅਨ ਤੇ ਸਲੋਵੀਨੀ ਲੋਕਾਂ ਦਾ ਰਾਜ ਕਿਹਾ ਜਾਂਦਾ ਸੀ। ਫਿਰ 1929 ਵਿਚ ਇਸ ਦੇਸ਼ ਦਾ ਨਾਂ ਯੂਗੋਸਲਾਵੀਆ ਰੱਖਿਆ ਗਿਆ ਜਿਸ ਦਾ ਮਤਲਬ ਹੈ “ਦੱਖਣੀ ਸਲਾਵੀਆ।” ਮੇਰਾ ਜਨਮ ਉਸੇ ਸਾਲ 9 ਜਨਵਰੀ ਨੂੰ ਸੁੰਦਰ ਬਲੈੱਡ ਝੀਲ ਦੇ ਲਾਗੇ ਪੋਡਹੋਮ ਪਿੰਡ ਵਿਚ ਹੋਇਆ ਸੀ।

ਮਾਤਾ ਜੀ ਕੈਥੋਲਿਕ ਧਰਮ ਵਿਚ ਪਲੇ ਸਨ। ਉਨ੍ਹਾਂ ਦੇ ਚਾਚਾ ਜੀ ਪਾਦਰੀ ਸਨ ਅਤੇ ਤਿੰਨ ਭੂਆ ਨਨਾਂ ਸਨ। ਮਾਤਾ ਜੀ ਦੇ ਮਨ ਦੀ ਇੱਛਾ ਸੀ ਕਿ ਉਨ੍ਹਾਂ ਕੋਲ ਆਪਣੀ ਬਾਈਬਲ ਹੋਵੇ, ਜਿਸ ਨੂੰ ਉਹ ਪੜ੍ਹਨ ਤੇ ਸਮਝਣ। ਲੇਕਿਨ ਪਿਤਾ ਜੀ ਦੇ ਖ਼ਿਆਲ ਵਿਚ ਸਾਰੇ ਧਰਮ ਬਕਵਾਸ ਸਨ। ਉਨ੍ਹਾਂ ਨੂੰ ਇਹ ਸੋਚ ਕੇ ਘਿਣ ਆਉਂਦੀ ਸੀ ਕਿ 1914-18 ਦੇ ਵੱਡੇ ਯੁੱਧ ਵਿਚ ਧਰਮ ਦਾ ਵੱਡਾ ਹੱਥ ਰਿਹਾ ਸੀ।

ਮੈਂ ਸੱਚਾਈ ਸਿੱਖੀ

ਯੁੱਧ ਖ਼ਤਮ ਹੋਣ ਤੋਂ ਕੁਝ ਸਮੇਂ ਬਾਅਦ ਮਾਤਾ ਜੀ ਦਾ ਚਚੇਰਾ ਭਰਾ ਯਾਨੇਜ਼ ਬ੍ਰੇਯੇਸ ਤੇ ਉਸ ਦੀ ਪਤਨੀ ਆਂਕਾ ਬਾਈਬਲ ਸਟੂਡੈਂਟਸ ਬਣ ਗਏ। ਉਸ ਸਮੇਂ ਯਹੋਵਾਹ ਦੇ ਗਵਾਹਾਂ ਨੂੰ ਬਾਈਬਲ ਸਟੂਡੈਂਟਸ ਕਿਹਾ ਜਾਂਦਾ ਸੀ। ਯਾਨੇਜ਼ ਤੇ ਆਂਕਾ ਆਸਟ੍ਰੀਆ ਵਿਚ ਰਹਿੰਦੇ ਸੀ। ਫਿਰ 1936 ਤੋਂ ਆਂਕਾ ਕਈ ਵਾਰ ਮਾਤਾ ਜੀ ਨੂੰ ਮਿਲਣ ਆਈ। ਉਸ ਨੇ ਮਾਤਾ ਜੀ ਨੂੰ ਇਕ ਬਾਈਬਲ ਦਿੱਤੀ ਜਿਸ ਨੂੰ ਮਾਤਾ ਜੀ ਨੇ ਫਟਾਫਟ ਪੜ੍ਹ ਲਿਆ। ਉਸ ਨੇ ਮਾਤਾ ਜੀ ਨੂੰ ਸਲੋਵੀਨੀ ਭਾਸ਼ਾ ਵਿਚ ਪਹਿਰਾਬੁਰਜ ਰਸਾਲੇ ਅਤੇ ਬਾਈਬਲ ਤੇ ਆਧਾਰਿਤ ਹੋਰ ਪ੍ਰਕਾਸ਼ਨ ਵੀ ਦਿੱਤੇ। ਪਰ ਸਾਲ 1938 ਵਿਚ ਹਿਟਲਰ ਨੇ ਆਸਟ੍ਰੀਆ ਉੱਤੇ ਕਬਜ਼ਾ ਕਰ ਲਿਆ ਜਿਸ ਕਰਕੇ ਯਾਨੇਜ਼ ਤੇ ਆਂਕਾ ਸਲੋਵੀਨੀਆ ਨੂੰ ਮੁੜ ਆਏ ਸਨ। ਮੈਨੂੰ ਯਾਦ ਹੈ ਕਿ ਉਹ ਪੜ੍ਹੇ-ਲਿਖੇ ਸਨ ਤੇ ਸਾਰਿਆਂ ਨਾਲ ਸਮਝਦਾਰੀ ਨਾਲ ਪੇਸ਼ ਆਉਂਦੇ ਸਨ। ਉਹ ਯਹੋਵਾਹ ਨੂੰ ਬਹੁਤ ਪਿਆਰ ਕਰਦੇ ਸਨ। ਉਹ ਕਈ ਵਾਰ ਮਾਤਾ ਜੀ ਨਾਲ ਬਾਈਬਲ ਦੀਆਂ ਗੱਲਾਂ ਕਰਦੇ ਸਨ ਜਿਸ ਕਰਕੇ ਮਾਤਾ ਜੀ ਨੇ ਆਪਣਾ ਜੀਵਨ ਯਹੋਵਾਹ ਨੂੰ ਅਰਪਣ ਕਰ ਕੇ 1938 ਵਿਚ ਬਪਤਿਸਮਾ ਲੈ ਲਿਆ।

ਮਾਤਾ ਜੀ ਨੇ ਬਾਈਬਲ-ਵਿਰੋਧੀ ਰੀਤੀ-ਰਿਵਾਜ ਛੱਡ ਦਿੱਤੇ ਜਿਵੇਂ ਕ੍ਰਿਸਮਸ ਮਨਾਉਣਾ, ਲਹੂ ਵਾਲੇ ਸੋਸੇ ਖਾਣੇ ਅਤੇ ਮੂਰਤਾਂ ਦੀ ਪੂਜਾ ਕਰਨੀ। ਉਨ੍ਹਾਂ ਨੇ ਘਰ ਵਿਚ ਰੱਖੀਆਂ ਸਾਰੀਆਂ ਮੂਰਤੀਆਂ ਨੂੰ ਫੂਕ ਦਿੱਤਾ ਜਿਸ ਕਾਰਨ ਗੁਆਂਢ ਵਿਚ ਕਾਫ਼ੀ ਰੌਲਾ ਪੈ ਗਿਆ। ਮਾਤਾ ਜੀ ਦੀਆਂ ਭੂਆਂ ਨੇ ਉਨ੍ਹਾਂ ਨੂੰ ਚਿੱਠੀਆਂ ਲਿਖ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਕੈਥੋਲਿਕ ਚਰਚ ਨੂੰ ਵਾਪਸ ਮੁੜ ਆਉਣ ਤੇ ਮਰੀਯਮ ਦੀ ਪੂਜਾ ਕਰਨ। ਪਰ ਜਦ ਮਾਤਾ ਜੀ ਨੇ ਜਵਾਬ ਵਿਚ ਉਨ੍ਹਾਂ ਨੂੰ ਬਾਈਬਲ ਬਾਰੇ ਕਈ ਸਵਾਲ ਪੁੱਛੇ, ਤਾਂ ਉਨ੍ਹਾਂ ਨੇ ਅੱਗੋਂ ਕੋਈ ਜਵਾਬ ਨਹੀਂ ਦਿੱਤਾ। ਮੇਰੇ ਨਾਨਾ ਜੀ ਨੇ ਵੀ ਮਾਤਾ ਜੀ ਦਾ ਬਹੁਤ ਵਿਰੋਧ ਕੀਤਾ। ਉਹ ਚੰਗੇ ਸਨ, ਪਰ ਉਨ੍ਹਾਂ ਉੱਤੇ ਸਮਾਜ ਅਤੇ ਰਿਸ਼ਤੇਦਾਰਾਂ ਵੱਲੋਂ ਕਾਫ਼ੀ ਦਬਾਅ ਸੀ। ਨਤੀਜੇ ਵਜੋਂ ਉਨ੍ਹਾਂ ਨੇ ਕਈ ਵਾਰ ਮਾਤਾ ਜੀ ਦੇ ਪ੍ਰਕਾਸ਼ਨ ਪਾੜ ਕੇ ਸੁੱਟ ਦਿੱਤੇ। ਪਰ ਉਨ੍ਹਾਂ ਨੇ ਮਾਤਾ ਜੀ ਦੀ ਬਾਈਬਲ ਨੂੰ ਕਦੀ ਹੱਥ ਨਹੀਂ ਲਾਇਆ। ਨਾਨਾ ਜੀ ਨੇ ਗੋਡਿਆਂ ਭਾਰ ਡਿੱਗ ਕੇ ਮਿੰਨਤਾਂ ਕੀਤੀਆਂ ਕਿ ਮਾਤਾ ਜੀ ਚਰਚ ਵਾਪਸ ਮੁੜ ਆਉਣ। ਇਕ ਵਾਰ ਉਨ੍ਹਾਂ ਨੇ ਚਾਕੂ ਲੈ ਕੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਵੀ ਧਮਕੀ ਦਿੱਤੀ। ਪਰ ਮੇਰੇ ਪਿਤਾ ਜੀ ਨੇ ਸਾਫ਼ ਕਹਿ ਦਿੱਤਾ ਕਿ ਉਹ ਇਸ ਤਰ੍ਹਾਂ ਦਾ ਸਲੂਕ ਆਪਣੇ ਘਰ ਵਿਚ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ।

ਪਿਤਾ ਜੀ ਨੇ ਮਾਤਾ ਜੀ ਨੂੰ ਬਾਈਬਲ ਪੜ੍ਹਨ ਤੇ ਆਪਣਾ ਧਰਮ ਆਪ ਚੁਣਨ ਦੀ ਖੁੱਲ੍ਹ ਦਿੱਤੀ। ਸਾਲ 1946 ਵਿਚ ਪਿਤਾ ਜੀ ਨੇ ਵੀ ਬਪਤਿਸਮਾ ਲੈ ਲਿਆ। ਮੈਂ ਦੇਖਿਆ ਕਿ ਯਹੋਵਾਹ ਨੇ ਮਾਤਾ ਜੀ ਨੂੰ ਸਖ਼ਤ ਵਿਰੋਧ ਦੇ ਬਾਵਜੂਦ ਸੱਚਾਈ ਦਾ ਪੱਖ ਲੈਣ ਦੀ ਤਾਕਤ ਬਖ਼ਸ਼ੀ ਸੀ ਤੇ ਉਨ੍ਹਾਂ ਨੂੰ ਬਹੁਤ ਸਾਰੀਆਂ ਅਸੀਸਾਂ ਵੀ ਦਿੱਤੀਆਂ ਸਨ। ਉਨ੍ਹਾਂ ਦੀ ਚੰਗੀ ਮਿਸਾਲ ਨੇ ਮੈਨੂੰ ਵੀ ਪਰਮੇਸ਼ੁਰ ਨੂੰ ਆਪਣਾ ਦੋਸਤ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ, ਮਾਤਾ ਜੀ ਮੈਨੂੰ ਬਾਈਬਲ ਤੇ ਹੋਰ ਪ੍ਰਕਾਸ਼ਨ ਪੜ੍ਹ ਕੇ ਸੁਣਾਉਂਦੇ ਹੁੰਦੇ ਸਨ ਜਿਸ ਤੋਂ ਮੈਨੂੰ ਕਾਫ਼ੀ ਲਾਭ ਹੋਇਆ।

ਮਾਤਾ ਜੀ ਨੇ ਆਪਣੀ ਭੈਣ ਮਾਰੀਆ ਨੂੰ ਵੀ ਬਾਈਬਲ ਬਾਰੇ ਦੱਸਿਆ। ਜੁਲਾਈ 1942 ਵਿਚ ਮੇਰਾ ਤੇ ਮਾਸੀ ਜੀ ਦਾ ਬਪਤਿਸਮਾ ਇੱਕੋ ਦਿਨ ਹੋਇਆ। ਇਕ ਭਰਾ ਨੇ ਸਾਡੇ ਘਰ ਆ ਕੇ ਛੋਟਾ ਜਿਹਾ ਭਾਸ਼ਣ ਦਿੱਤਾ ਤੇ ਸਾਨੂੰ ਲੱਕੜ ਦੇ ਟੱਬ ਵਿਚ ਬਪਤਿਸਮਾ ਦਿੱਤਾ।

ਦੂਜੇ ਵਿਸ਼ਵ ਯੁੱਧ ਦੌਰਾਨ ਜਬਰੀ ਮਜ਼ਦੂਰੀ

ਦੂਜੇ ਵਿਸ਼ਵ ਯੁੱਧ ਦੌਰਾਨ 1942 ਵਿਚ ਜਰਮਨੀ ਤੇ ਇਟਲੀ ਨੇ ਸਲੋਵੀਨੀਆ ਨੂੰ ਜਿੱਤ ਕੇ ਇਸ ਨੂੰ ਆਪਸ ਵਿਚ ਵੰਡ ਲਿਆ ਤੇ ਕੁਝ ਹੰਗਰੀ ਨੂੰ ਦੇ ਦਿੱਤਾ। ਮੇਰੇ ਮਾਤਾ-ਪਿਤਾ ਨੇ ਨਾਜ਼ੀ ਸੰਘ ਦੇ ਮੈਂਬਰ ਬਣਨ ਤੋਂ ਇਨਕਾਰ ਕੀਤਾ। ਮੈਂ ਸਕੂਲ ਵਿਚ “ਹਾਈਲ ਹਿਟਲਰ” ਕਹਿਣ ਤੋਂ ਇਨਕਾਰ ਕੀਤਾ ਜਿਸ ਕਰਕੇ ਸ਼ਾਇਦ ਮੇਰੇ ਕਿਸੇ ਅਧਿਆਪਕ ਨੇ ਪੁਲਸ ਨੂੰ ਮੇਰੇ ਬਾਰੇ ਦੱਸ ਦਿੱਤਾ।

ਨਤੀਜੇ ਵਜੋਂ, ਸਾਨੂੰ ਟ੍ਰੇਨ ਤੇ ਬਿਠਾ ਕੇ ਬਾਵੇਰੀਆ ਵਿਚ ਹੂਟਨਬਾਖ ਪਿੰਡ ਨੇੜੇ ਇਕ ਕਿਲੇ ਵਿਚ ਲੈ ਜਾਇਆ ਗਿਆ ਜੋ ਮਜ਼ਦੂਰੀ ਕੈਂਪ ਵਜੋਂ ਇਸਤੇਮਾਲ ਕੀਤਾ ਜਾ ਰਿਹਾ ਸੀ। ਪਿਤਾ ਜੀ ਨੇ ਇੰਤਜ਼ਾਮ ਕੀਤਾ ਕਿ ਮੈਂ ਉੱਥੇ ਬੇਕਰੀ ਵਿਚ ਰਸੋਈਏ ਨਾਲ ਕੰਮ ਕਰਾਂ ਤੇ ਉਸ ਦੇ ਪਰਿਵਾਰ ਨਾਲ ਰਹਾਂ। ਇਸ ਸਮੇਂ ਦੌਰਾਨ ਮੈਂ ਬ੍ਰੈੱਡ ਤੇ ਹੋਰ ਚੀਜ਼ਾਂ ਬਣਾਉਣ ਦਾ ਕੰਮ ਸਿੱਖਿਆ ਜੋ ਬਾਅਦ ਵਿਚ ਵੀ ਮੇਰੇ ਬਹੁਤ ਕੰਮ ਆਇਆ। ਅਖ਼ੀਰ ਵਿਚ ਮੇਰੇ ਬਾਕੀ ਪਰਿਵਾਰ ਨੂੰ ਮਾਰੀਆ ਮਾਸੀ ਜੀ ਤੇ ਉਨ੍ਹਾਂ ਦੇ ਪਰਿਵਾਰ ਸਮੇਤ ਗੁੰਜ਼ਨਹਾਉਜ਼ਨ ਕੈਂਪ ਭੇਜ ਦਿੱਤਾ ਗਿਆ।

ਯੁੱਧ ਤੋਂ ਬਾਅਦ ਮੈਂ ਆਪਣੇ ਮਾਤਾ-ਪਿਤਾ ਕੋਲ ਜਾਣ ਲਈ ਕੁਝ ਲੋਕਾਂ ਦੀ ਟੋਲੀ ਨਾਲ ਸਫ਼ਰ ਕਰਨ ਵਾਲਾ ਸੀ। ਜਿਸ ਸ਼ਾਮ ਅਸੀਂ ਤੁਰਨਾ ਸੀ, ਪਿਤਾ ਜੀ ਅਚਾਨਕ ਆ ਗਏ। ਜੇ ਉਹ ਨਾ ਆਉਂਦੇ, ਤਾਂ ਪਤਾ ਨਹੀਂ ਮੇਰਾ ਕੀ ਹੁੰਦਾ ਕਿਉਂਕਿ ਟੋਲੀ ਦੇ ਲੋਕਾਂ ਦੇ ਰੰਗ-ਢੰਗ ਸਹੀ ਨਹੀਂ ਲੱਗਦੇ ਸਨ। ਇਕ ਵਾਰ ਫਿਰ ਮੈਨੂੰ ਯਹੋਵਾਹ ਦੇ ਪਿਆਰ ਤੇ ਦੇਖ-ਭਾਲ ਦਾ ਅਹਿਸਾਸ ਹੋਇਆ। ਉਸ ਨੇ ਮੇਰੇ ਮਾਪਿਆਂ ਨੂੰ ਮੇਰੀ ਰੱਖਿਆ ਕਰਨ ਲਈ ਤੇ ਸਿਖਲਾਈ ਦੇਣ ਲਈ ਵਰਤਿਆ। ਮੈਂ ਤੇ ਪਿਤਾ ਜੀ ਤਿੰਨ ਦਿਨ ਤੁਰ ਕੇ ਘਰ ਗਏ। ਜੂਨ 1945 ਵਿਚ ਅਸੀਂ ਸਾਰੇ ਸਹੀ-ਸਲਾਮਤ ਘਰ ਪਹੁੰਚ ਗਏ।

ਯੁੱਧ ਖ਼ਤਮ ਹੋਣ ਤੋਂ ਬਾਅਦ ਯੂਗੋਸਲਾਵੀਆ ਪ੍ਰੈਜ਼ੀਡੈਂਟ ਜੌਸਿਪ ਬਰੋਜ਼ ਟੀਟੋ ਦੇ ਕਮਿਊਨਿਸਟ ਰਾਜ ਹੇਠਾਂ ਆ ਗਿਆ। ਇਸ ਕਰਕੇ ਯਹੋਵਾਹ ਦੇ ਗਵਾਹਾਂ ਦੀਆਂ ਮੁਸ਼ਕਲਾਂ ਵਿਚ ਕੋਈ ਕਮੀ ਨਹੀਂ ਆਈ।

ਸਾਲ 1948 ਵਿਚ ਆਸਟ੍ਰੀਆ ਤੋਂ ਇਕ ਭਰਾ ਸਾਡੇ ਘਰ ਆਇਆ ਤੇ ਉਸ ਨੇ ਸਾਡੇ ਨਾਲ ਰੋਟੀ ਖਾਧੀ। ਜਿੱਥੇ ਕਿਤੇ ਵੀ ਉਹ ਜਾਂਦਾ, ਪੁਲਸ ਉਸ ਦਾ ਪਿੱਛਾ ਕਰਦੀ ਹੋਈ ਉੱਥੇ ਦੇ ਭਰਾਵਾਂ ਨੂੰ ਗਿਰਫ਼ਤਾਰ ਕਰ ਲੈਂਦੀ। ਪਿਤਾ ਜੀ ਨੂੰ ਵੀ ਉਸ ਭਰਾ ਨੂੰ ਰੋਟੀ ਖੁਆਉਣ ਕਰਕੇ ਤੇ ਪੁਲਸ ਨੂੰ ਇਤਲਾਹ ਨਾ ਕਰਨ ਕਰਕੇ ਗਿਰਫ਼ਤਾਰ ਕਰ ਲਿਆ ਗਿਆ। ਪਿਤਾ ਜੀ ਨੂੰ ਦੋ ਸਾਲ ਕੈਦ ਕੱਟਣੀ ਪਈ। ਉਹ ਸਮਾਂ ਮਾਤਾ ਜੀ ਲਈ ਬਹੁਤ ਔਖਾ ਸੀ। ਇਕ ਤਾਂ ਪਿਤਾ ਜੀ ਘਰ ਨਹੀਂ ਸਨ ਤੇ ਦੂਜਾ ਉਹ ਜਾਣਦੇ ਸਨ ਕਿ ਫ਼ੌਜ ਵਿਚ ਭਰਤੀ ਹੋਣ ਦਾ ਹੁਕਮ ਮਿਲਣ ਤੇ ਮੇਰੀ ਤੇ ਮੇਰੇ ਛੋਟੇ ਭਰਾ ਦੀ ਸਖ਼ਤ ਪਰੀਖਿਆ ਲਈ ਜਾਵੇਗੀ।

ਮੈਸੇਡੋਨੀਆ ਵਿਚ ਕੈਦ

ਨਵੰਬਰ 1949 ਵਿਚ ਮੈਨੂੰ ਫ਼ੌਜ ਵਿਚ ਭਰਤੀ ਹੋਣ ਲਈ ਬੁਲਾਇਆ ਗਿਆ। ਮੈਂ ਫ਼ੌਜੀ ਦਫ਼ਤਰ ਜਾ ਕੇ ਸਮਝਾਇਆ ਕਿ ਮੈਂ ਆਪਣੇ ਧਾਰਮਿਕ ਵਿਸ਼ਵਾਸਾਂ ਕਰਕੇ ਫ਼ੌਜ ਵਿਚ ਸੇਵਾ ਨਹੀਂ ਕਰ ਸਕਦਾ। ਪਰ ਅਧਿਕਾਰੀਆਂ ਨੇ ਮੇਰੀ ਇਕ ਵੀ ਨਾ ਸੁਣੀ ਤੇ ਮੈਨੂੰ ਨਵੇਂ ਫ਼ੌਜੀਆਂ ਨਾਲ ਟ੍ਰੇਨ ਵਿਚ ਬਿਠਾ ਕੇ ਯੂਗੋਸਲਾਵੀਆ ਦੇ ਧੁਰ ਦੱਖਣ ਵੱਲ ਮੈਸੇਡੋਨੀਆ ਭੇਜ ਦਿੱਤਾ।

ਤਿੰਨ ਸਾਲਾਂ ਤਕ ਮੈਨੂੰ ਆਪਣੇ ਪਰਿਵਾਰ ਤੇ ਯਹੋਵਾਹ ਦੇ ਸੇਵਕਾਂ ਤੋਂ ਦੂਰ ਰਹਿਣਾ ਪਿਆ। ਮੇਰੇ ਕੋਲ ਨਾ ਬਾਈਬਲ ਤੇ ਨਾ ਹੀ ਕੋਈ ਪ੍ਰਕਾਸ਼ਨ ਸੀ। ਇਹ ਸਮਾਂ ਮੇਰੇ ਲਈ ਬਹੁਤ ਕਠਿਨ ਸੀ। ਮੈਨੂੰ ਯਹੋਵਾਹ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਦੀ ਮਿਸਾਲ ਉੱਤੇ ਮਨਨ ਕਰ ਕੇ ਸ਼ਕਤੀ ਮਿਲੀ। ਮੇਰੇ ਮਾਤਾ-ਪਿਤਾ ਦੀ ਮਿਸਾਲ ਨੇ ਵੀ ਮੈਨੂੰ ਸੰਭਾਲੀ ਰੱਖਿਆ। ਇਸ ਤੋਂ ਇਲਾਵਾ, ਲਗਾਤਾਰ ਪ੍ਰਾਰਥਨਾ ਕਰਨ ਨਾਲ ਮੈਂ ਨਿਰਾਸ਼ਾ ਵਿਚ ਡੁੱਬਣ ਤੋਂ ਬਚਿਆ ਰਿਹਾ।

ਕੁਝ ਸਮੇਂ ਬਾਅਦ ਮੈਨੂੰ ਸਕੌਪੀਏ ਲਾਗੇ ਜੇਲ੍ਹ ਵਿਚ ਭੇਜਿਆ ਗਿਆ। ਇੱਥੇ ਕੈਦੀਆਂ ਨੂੰ ਤਰ੍ਹਾਂ-ਤਰ੍ਹਾਂ ਦਾ ਕੰਮ ਦਿੱਤਾ ਜਾਂਦਾ ਸੀ। ਪਹਿਲਾਂ-ਪਹਿਲ ਮੈਂ ਜਮਾਦਾਰ ਤੇ ਚਪੜਾਸੀ ਦਾ ਕੰਮ ਕੀਤਾ। ਇਕ ਕੈਦੀ ਜੋ ਪਹਿਲਾਂ ਖੁਫੀਆ ਪੁਲਸ ਦਾ ਮੈਂਬਰ ਹੋਇਆ ਕਰਦਾ ਸੀ, ਮੈਨੂੰ ਬਹੁਤ ਸਤਾਉਂਦਾ ਸੀ। ਪਰ ਇਸ ਬੰਦੇ ਤੋਂ ਇਲਾਵਾ ਦੂਸਰੇ ਕੈਦੀਆਂ, ਪਹਿਰੇਦਾਰਾਂ ਤੇ ਜੇਲ੍ਹ ਦੀ ਫੈਕਟਰੀ ਦੇ ਮੈਨੇਜਰ ਨਾਲ ਮੇਰੀ ਚੰਗੀ ਬਣਦੀ ਸੀ।

ਕੁਝ ਦਿਨਾਂ ਬਾਅਦ ਮੈਨੂੰ ਪਤਾ ਲੱਗਾ ਕਿ ਜੇਲ੍ਹ ਵਿਚ ਰਸੋਈਏ ਦੀ ਲੋੜ ਸੀ। ਕੁਝ ਦਿਨ ਬਾਅਦ ਮੈਨੇਜਰ ਉਸ ਵਕਤ ਆਇਆ ਜਦ ਸਾਡੀ ਹਾਜ਼ਰੀ ਲਈ ਜਾ ਰਹੀ ਸੀ। ਉਸ ਨੇ ਸਿੱਧਾ ਮੇਰੇ ਕੋਲ ਆਣ ਕੇ ਮੈਨੂੰ ਪੁੱਛਿਆ: “ਕੀ ਤੂੰ ਰਸੋਈਆ ਹੈਂ?” “ਹਾਂਜੀ, ਸਰ,” ਮੈਂ ਜਵਾਬ ਦਿੱਤਾ। ਫਿਰ ਉਸ ਨੇ ਕਿਹਾ: “ਕੱਲ੍ਹ ਸਵੇਰ ਨੂੰ ਰਸੋਈ ਵਿਚ ਜਾਈਂ।” ਮੈਨੂੰ ਤੰਗ ਕਰਨ ਵਾਲਾ ਕੈਦੀ ਹਰ ਦਿਨ ਰਸੋਈ ਅੱਗਿਓਂ ਲੰਘਦਾ ਸੀ, ਪਰ ਉਹ ਮੇਰਾ ਕੁਝ ਨਹੀਂ ਵਿਗਾੜ ਸਕਦਾ ਸੀ। ਮੈਂ 1950 ਵਿਚ ਫਰਵਰੀ ਤੋਂ ਜੁਲਾਈ ਤਕ ਰਸੋਈ ਵਿਚ ਕੰਮ ਕੀਤਾ।

ਫਿਰ ਮੈਨੂੰ ਮੈਸੇਡੋਨੀਆ ਦੇ ਦੱਖਣ ਵਿਚ ਪ੍ਰੇਸਪਾ ਝੀਲ ਦੇ ਲਾਗੇ ਵੋਲਕੋਡੇਰੀ ਬੈਰਕ ਵਿਚ ਭੇਜਿਆ ਗਿਆ। ਲਾਗੇ ਦੇ ਓਟੇਸੋਵੋ ਸ਼ਹਿਰ ਤੋਂ ਮੈਂ ਆਪਣੇ ਘਰ ਨੂੰ ਚਿੱਠੀਆਂ ਭੇਜ ਸਕਦਾ ਸੀ। ਮੈਂ ਸੜਕਾਂ ਬਣਾਉਣ ਦਾ ਕੰਮ ਕੀਤਾ, ਪਰ ਜ਼ਿਆਦਾਤਰ ਸਮਾਂ ਮੈਂ ਰਸੋਈ ਵਿਚ ਹੀ ਕੰਮ ਕੀਤਾ ਜੋ ਇੰਨਾ ਔਖਾ ਨਹੀਂ ਸੀ। ਨਵੰਬਰ 1952 ਵਿਚ ਮੈਨੂੰ ਰਿਹਾ ਕੀਤਾ ਗਿਆ।

ਮੇਰੀ ਗ਼ੈਰ-ਹਾਜ਼ਰੀ ਵਿਚ ਪੋਡਹੋਮ ਵਿਚ ਇਕ ਕਲੀਸਿਯਾ ਸਥਾਪਿਤ ਹੋ ਗਈ ਸੀ। ਪਹਿਲਾਂ ਤਾਂ ਸਭਾਵਾਂ ਇਕ ਗੈੱਸਟ ਹਾਊਸ ਵਿਚ ਹੁੰਦੀਆਂ ਸਨ। ਪਰ ਬਾਅਦ ਵਿਚ ਭੈਣ-ਭਰਾ ਸਾਡੇ ਘਰ ਆਉਣ ਲੱਗ ਪਏ। ਮੈਸੇਡੋਨੀਆ ਤੋਂ ਵਾਪਸ ਆ ਕੇ ਮੈਂ ਕਲੀਸਿਯਾ ਦੇ ਭੈਣਾਂ-ਭਰਾਵਾਂ ਨੂੰ ਮਿਲ ਕੇ ਬਹੁਤ ਖ਼ੁਸ਼ ਹੋਇਆ। ਮੈਂ ਸਟਾਂਕਾ ਨਾਲ ਵੀ ਦੁਬਾਰਾ ਦੋਸਤੀ ਕੀਤੀ ਜਿਸ ਨੂੰ ਮੈਂ ਜੇਲ੍ਹ ਜਾਣ ਤੋਂ ਪਹਿਲਾਂ ਮਿਲਿਆ ਸੀ। ਸਾਡੀ ਸ਼ਾਦੀ 24 ਅਪ੍ਰੈਲ 1954 ਨੂੰ ਹੋਈ। ਪਰ ਮੈਂ ਬਹੁਤੀ ਦੇਰ ਆਜ਼ਾਦ ਨਹੀਂ ਰਿਹਾ।

ਮਾਰਿਬੋਰ ਵਿਚ ਕੈਦ

ਸਤੰਬਰ 1954 ਵਿਚ ਮੈਨੂੰ ਫਿਰ ਤੋਂ ਫ਼ੌਜ ਵਿਚ ਭਰਤੀ ਹੋਣ ਦਾ ਹੁਕਮ ਮਿਲਿਆ। ਇਸ ਵਾਰ ਮੈਂ ਪੂਰਬੀ ਸਲੋਵੀਨੀਆ ਵਿਚ ਮਾਰਿਬੋਰ ਦੀ ਜੇਲ੍ਹ ਵਿਚ ਸਾਢੇ ਤਿੰਨ ਸਾਲ ਕੱਟੇ। ਮੌਕਾ ਮਿਲਦੇ ਹੀ ਮੈਂ ਕੁਝ ਕਾਗਜ਼ ਤੇ ਪੈਂਸਿਲਾਂ ਖ਼ਰੀਦੀਆਂ। ਜੋ ਵੀ ਮੈਨੂੰ ਯਾਦ ਆਇਆ, ਮੈਂ ਉਸ ਨੂੰ ਲਿਖਣਾ ਸ਼ੁਰੂ ਕਰ ਦਿੱਤਾ ਜਿਵੇਂ ਬਾਈਬਲ ਦੀਆਂ ਆਇਤਾਂ ਅਤੇ ਪਹਿਰਾਬੁਰਜ ਤੇ ਹੋਰ ਪ੍ਰਕਾਸ਼ਨਾਂ ਵਿਚ ਪੜ੍ਹੀਆਂ ਗੱਲਾਂ। ਮੈਂ ਇਹ ਗੱਲਾਂ ਵਾਰ-ਵਾਰ ਪੜ੍ਹਦਾ ਅਤੇ ਜਿੱਦਾਂ-ਜਿੱਦਾਂ ਮੈਨੂੰ ਹੋਰ ਗੱਲਾਂ ਯਾਦ ਆਉਂਦੀਆਂ, ਮੈਂ ਉਨ੍ਹਾਂ ਨੂੰ ਲਿਖ ਲੈਂਦਾ ਸੀ। ਅਖ਼ੀਰ ਵਿਚ ਮੈਂ ਕਈ ਕਾਗਜ਼ ਭਰ ਲਏ ਤੇ ਇਨ੍ਹਾਂ ਨੂੰ ਜੋੜ ਲਿਆ। ਇਸ ਪੁਸਤਕ ਨੇ ਬਾਈਬਲ ਦੀਆਂ ਗੱਲਾਂ ਉੱਤੇ ਧਿਆਨ ਲਾਈ ਰੱਖਣ ਅਤੇ ਆਪਣੀ ਨਿਹਚਾ ਪੱਕੀ ਰੱਖਣ ਵਿਚ ਮੇਰੀ ਮਦਦ ਕੀਤੀ। ਪ੍ਰਾਰਥਨਾ ਤੇ ਮਨਨ ਕਰ ਕੇ ਵੀ ਮੈਨੂੰ ਤਾਕਤ ਮਿਲੀ ਅਤੇ ਇਸ ਤਰ੍ਹਾਂ ਮੈਨੂੰ ਦੂਸਰਿਆਂ ਨਾਲ ਬਾਈਬਲ ਦੀਆਂ ਗੱਲਾਂ ਸਾਂਝੀਆਂ ਕਰਨ ਦੀ ਹਿੰਮਤ ਮਿਲੀ।

ਇਸ ਸਮੇਂ ਦੌਰਾਨ ਮੈਨੂੰ ਮਹੀਨੇ ਵਿਚ ਇਕ ਚਿੱਠੀ ਹਾਸਲ ਕਰਨ ਅਤੇ 15 ਮਿੰਟਾਂ ਲਈ ਕਿਸੇ ਨੂੰ ਮਿਲਣ ਦੀ ਇਜਾਜ਼ਤ ਸੀ। ਸਟਾਂਕਾ ਸਾਰੀ ਰਾਤ ਟ੍ਰੇਨ ਵਿਚ ਸਫ਼ਰ ਕਰ ਕੇ ਮੈਨੂੰ ਸਵੇਰੇ ਮਿਲਣ ਆਉਂਦੀ ਸੀ ਤਾਂਕਿ ਉਹ ਉਸੇ ਦਿਨ ਘਰ ਵਾਪਸ ਜਾ ਸਕੇ। ਉਸ ਨਾਲ ਗੱਲਾਂ ਕਰ ਕੇ ਮੈਨੂੰ ਬਹੁਤ ਹੌਸਲਾ ਮਿਲਦਾ। ਫਿਰ ਮੇਰੇ ਮਨ ਵਿਚ ਇਕ ਖ਼ਿਆਲ ਆਇਆ। ਕਿਉਂ ਨਾ ਮੈਂ ਸਟਾਂਕਾ ਤੋਂ ਇਕ ਬਾਈਬਲ ਮੰਗਵਾ ਲਵਾਂ? ਸਟਾਂਕਾ ਤੇ ਮੈਂ ਇਕ-ਦੂਜੇ ਦੇ ਆਮੋ-ਸਾਮ੍ਹਣੇ ਬੈਠੇ ਸੀ ਤੇ ਇਕ ਪੁਲਸ ਵਾਲਾ ਸਾਡੇ ਤੇ ਨਜ਼ਰ ਰੱਖ ਰਿਹਾ ਸੀ। ਜਦ ਉਹ ਦੇਖ ਨਹੀਂ ਰਿਹਾ ਸੀ, ਤਾਂ ਮੈਂ ਸਟਾਂਕਾ ਦੇ ਬੈਗ ਵਿਚ ਇਕ ਚਿੱਠੀ ਪਾ ਦਿੱਤੀ। ਉਸ ਵਿਚ ਮੈਂ ਲਿਖਿਆ ਸੀ ਕਿ ਅਗਲੀ ਵਾਰ ਉਹ ਇਕ ਬਾਈਬਲ ਲੈ ਆਵੇ।

ਸਟਾਂਕਾ ਤੇ ਮੇਰੇ ਮਾਤਾ-ਪਿਤਾ ਨੂੰ ਲੱਗਾ ਕਿ ਬਾਈਬਲ ਲੈ ਜਾਣੀ ਬਹੁਤ ਖ਼ਤਰਨਾਕ ਸੀ। ਇਸ ਲਈ ਉਨ੍ਹਾਂ ਨੇ ਬਾਈਬਲ ਦੇ ਯੂਨਾਨੀ ਹਿੱਸੇ ਦੇ ਕੁਝ ਪੰਨੇ ਪਾੜ ਕੇ ਡਬਲਰੋਟੀ ਵਿਚ ਲੁਕਾ ਦਿੱਤੇ। ਇਸ ਤਰ੍ਹਾਂ ਮੈਨੂੰ ਬਾਈਬਲ ਮਿਲੀ। ਇਸੇ ਤਰ੍ਹਾਂ ਮੈਨੂੰ ਪਹਿਰਾਬੁਰਜ ਦੀਆਂ ਕਾਪੀਆਂ ਵੀ ਮਿਲੀਆਂ ਜੋ ਸਟਾਂਕਾ ਹੱਥ ਨਾਲ ਕਾਪੀ ਕਰਦੀ ਹੁੰਦੀ ਸੀ। ਮੈਂ ਫ਼ੌਰਨ ਉਨ੍ਹਾਂ ਦੀ ਆਪ ਕਾਪੀ ਬਣਾ ਕੇ ਸਟਾਂਕਾ ਦੇ ਲਿਖੇ ਪੰਨਿਆਂ ਨੂੰ ਪਾੜ ਦਿੰਦਾ ਸੀ ਤਾਂਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਇਹ ਚੀਜ਼ਾਂ ਮੈਨੂੰ ਕਿੱਥੋਂ ਮਿਲੀਆਂ ਸਨ।

ਮੈਂ ਕੈਦੀਆਂ ਨੂੰ ਪ੍ਰਚਾਰ ਕਰਦਾ ਰਹਿੰਦਾ ਸੀ। ਉਹ ਕਹਿੰਦੇ ਸਨ ਕਿ ਮੈਂ ਜ਼ਰੂਰ ਪ੍ਰਚਾਰ ਕਰਦਿਆਂ ਫੜਿਆ ਜਾਵਾਂਗਾ। ਇਕ ਵਾਰ ਮੈਂ ਕਾਫ਼ੀ ਜੋਸ਼ ਨਾਲ ਇਕ ਹੋਰ ਕੈਦੀ ਨਾਲ ਬਾਈਬਲ ਬਾਰੇ ਗੱਲ ਕਰ ਰਿਹਾ ਸੀ। ਫਿਰ ਜਿੰਦਾ ਖੁੱਲ੍ਹਣ ਦੀ ਆਵਾਜ਼ ਆਈ ਅਤੇ ਇਕ ਗਾਰਡ ਅੰਦਰ ਆਇਆ। ਮੈਂ ਸੋਚਿਆ ਕਿ ਉਹ ਮੈਨੂੰ ਜ਼ਰੂਰ ਕਾਲ-ਕੋਠੜੀ ਵਿਚ ਬੰਦ ਕਰਨ ਲਈ ਆਇਆ ਸੀ। ਪਰ ਗਾਰਡ ਸਾਡੀ ਗੱਲਬਾਤ ਸੁਣ ਰਿਹਾ ਸੀ ਤੇ ਉਹ ਵੀ ਕੁਝ ਗੱਲਾਂ ਪੁੱਛਣੀਆਂ ਚਾਹੁੰਦਾ ਸੀ। ਮੈਂ ਉਸ ਦੇ ਸਵਾਲਾਂ ਦੇ ਜਵਾਬ ਦਿੱਤੇ ਤੇ ਉਹ ਖ਼ੁਸ਼ ਹੋ ਕੇ ਚਲਾ ਗਿਆ ਤੇ ਜਿੰਦਾ ਲਾ ਦਿੱਤਾ।

ਜੇਲ੍ਹ ਵਿਚ ਮੇਰੇ ਆਖ਼ਰੀ ਮਹੀਨੇ ਦੌਰਾਨ, ਕੈਦੀਆਂ ਨੂੰ ਸੁਧਾਰਨ ਵਾਲੇ ਕਮਿਸ਼ਨਰ ਨੇ ਮੈਨੂੰ ਆਪਣੇ ਵਿਸ਼ਵਾਸਾਂ ਤੇ ਪੱਕਾ ਰਹਿਣ ਲਈ ਸ਼ਾਬਾਸ਼ੀ ਦਿੱਤੀ। ਮੈਨੂੰ ਬਹੁਤ ਖ਼ੁਸ਼ੀ ਹੋਈ ਕਿ ਯਹੋਵਾਹ ਦਾ ਨਾਂ ਦੱਸਣ ਕਰਕੇ ਮੈਨੂੰ ਇੰਨਾ ਵਧੀਆ ਇਨਾਮ ਮਿਲਿਆ! ਮਈ 1958 ਵਿਚ ਮੈਂ ਇਕ ਵਾਰ ਫਿਰ ਜੇਲ੍ਹ ਤੋਂ ਆਜ਼ਾਦ ਹੋਇਆ।

ਪਹਿਲਾਂ ਆਸਟ੍ਰੀਆ ਨੂੰ ਭੱਜੇ, ਫਿਰ ਆਸਟ੍ਰੇਲੀਆ ਨੂੰ

ਅਗਸਤ 1958 ਵਿਚ ਮਾਤਾ ਜੀ ਮੌਤ ਦੀ ਗੋਦ ਵਿਚ ਚਲੇ ਗਏ। ਉਹ ਲੰਬੇ ਸਮੇਂ ਤੋਂ ਬੀਮਾਰ ਸਨ। ਫਿਰ ਸਤੰਬਰ 1958 ਵਿਚ ਮੈਨੂੰ ਤੀਜੀ ਵਾਰ ਫ਼ੌਜ ਵਿਚ ਭਰਤੀ ਹੋਣ ਦਾ ਹੁਕਮ ਮਿਲਿਆ। ਉਸ ਸ਼ਾਮ ਮੈਂ ਤੇ ਸਟਾਂਕਾ ਨੇ ਫ਼ੈਸਲਾ ਕੀਤਾ ਕਿ ਅਸੀਂ ਸਰਹੱਦ ਪਾਰ ਕਰ ਕੇ ਆਸਟ੍ਰੀਆ ਚਲੇ ਜਾਵਾਂਗੇ, ਜਿਸ ਬਾਰੇ ਮੈਂ ਸ਼ੁਰੂ ਵਿਚ ਗੱਲ ਕੀਤੀ ਸੀ। ਅਸੀਂ ਕਿਸੇ ਨੂੰ ਕੁਝ ਦੱਸੇ ਬਗੈਰ ਥੋੜ੍ਹਾ-ਬਹੁਤ ਸਾਮਾਨ ਬੰਨ੍ਹਿਆ, ਤਰਪਾਲ ਚੁੱਕੀ ਤੇ ਖਿੜਕੀ ਰਾਹੀਂ ਨਿਕਲ ਗਏ। ਅਸੀਂ ਸਟੋਲ ਪਹਾੜ ਦੇ ਪੱਛਮ ਵੱਲ ਆਸਟ੍ਰੀਆ ਦੀ ਸਰਹੱਦ ਵੱਲ ਰਵਾਨਾ ਹੋਏ। ਉਸ ਸਮੇਂ ਬਾਰੇ ਸੋਚ ਕੇ ਮੈਨੂੰ ਯਕੀਨ ਹੈ ਕਿ ਸਾਨੂੰ ਕੁਝ ਰਾਹਤ ਦੇਣ ਲਈ ਹੀ ਯਹੋਵਾਹ ਨੇ ਸਾਡੇ ਲਈ ਰਾਹ ਖੋਲ੍ਹਿਆ ਤਾਂਕਿ ਅਸੀਂ ਸਹੀ-ਸਲਾਮਤ ਆਸਟ੍ਰੀਆ ਪਹੁੰਚ ਸਕੀਏ।

ਆਸਟ੍ਰੀਆ ਦੀ ਸਰਕਾਰ ਨੇ ਸਾਨੂੰ ਸਾਲਜ਼ਬਰਗ ਲਾਗੇ ਇਕ ਰਫਿਊਜੀ ਕੈਂਪ ਵਿਚ ਭੇਜ ਦਿੱਤਾ। ਅਸੀਂ ਉੱਥੇ ਛੇ ਮਹੀਨੇ ਰਹੇ। ਪਰ ਭੈਣਾਂ-ਭਰਾਵਾਂ ਨਾਲ ਜ਼ਿਆਦਾ ਵਕਤ ਗੁਜ਼ਾਰਨ ਕਰਕੇ ਅਸੀਂ ਕੈਂਪ ਵਿਚ ਬਹੁਤ ਘੱਟ ਹੁੰਦੇ ਸੀ। ਦੂਸਰੇ ਲੋਕ ਹੈਰਾਨ ਸਨ ਕਿ ਅਸੀਂ ਇੰਨੀ ਜਲਦੀ ਦੋਸਤ ਬਣਾ ਲਏ ਸਨ। ਇਸ ਸਮੇਂ ਦੌਰਾਨ ਅਸੀਂ ਪਹਿਲੀ ਵਾਰ ਸੰਮੇਲਨ ਵਿਚ ਗਏ। ਅਸੀਂ ਪਹਿਲੀ ਵਾਰ ਘਰ-ਘਰ ਜਾ ਕੇ ਪ੍ਰਚਾਰ ਵੀ ਕਰ ਸਕੇ। ਜਦ ਇੱਥੋਂ ਜਾਣ ਦਾ ਸਮਾਂ ਆਇਆ, ਤਾਂ ਆਪਣੇ ਦੋਸਤਾਂ-ਮਿੱਤਰਾਂ ਨੂੰ ਅਲਵਿਦਾ ਕਹਿ ਕੇ ਸਾਡੇ ਦਿਲ ਬਹੁਤ ਰੋਏ।

ਆਸਟ੍ਰੀਆ ਦੀ ਸਰਕਾਰ ਨੇ ਸਾਨੂੰ ਆਸਟ੍ਰੇਲੀਆ ਜਾਣ ਦਾ ਮੌਕਾ ਦਿੱਤਾ। ਅਸੀਂ ਕਦੀ ਸੋਚਿਆ ਵੀ ਨਹੀਂ ਸੀ ਕਿ ਅਸੀਂ ਇੰਨੀ ਦੂਰ ਜਾਵਾਂਗੇ। ਪਹਿਲਾਂ ਅਸੀਂ ਟ੍ਰੇਨ ਰਾਹੀਂ ਜੇਨੋਆ, ਇਟਲੀ ਗਏ, ਫਿਰ ਉੱਥੋਂ ਸਮੁੰਦਰੀ ਜਹਾਜ਼ ਵਿਚ ਆਸਟ੍ਰੇਲੀਆ। ਅਖ਼ੀਰ ਵਿਚ ਅਸੀਂ ਨਿਊ ਸਾਉਥ ਵੇਲਜ਼ ਦੇ ਵੋਲੋਂਗੋਂਗ ਸ਼ਹਿਰ ਵਿਚ ਆਪਣਾ ਘਰ ਵਸਾਇਆ। ਇੱਥੇ ਸਾਡਾ ਪੁੱਤਰ ਫਿਲਿਪ 30 ਮਾਰਚ 1965 ਨੂੰ ਪੈਦਾ ਹੋਇਆ।

ਆਸਟ੍ਰੇਲੀਆ ਵਿਚ ਸਾਨੂੰ ਯਹੋਵਾਹ ਦੀ ਵੱਖ-ਵੱਖ ਤਰੀਕਿਆਂ ਨਾਲ ਸੇਵਾ ਕਰਨ ਦੇ ਬਹੁਤ ਸਾਰੇ ਮੌਕੇ ਮਿਲੇ। ਅਸੀਂ ਉਨ੍ਹਾਂ ਲੋਕਾਂ ਨੂੰ ਪ੍ਰਚਾਰ ਕੀਤਾ ਜੋ ਸਾਬਕਾ ਯੂਗੋਸਲਾਵੀਆ ਤੋਂ ਆਸਟ੍ਰੇਲੀਆ ਰਹਿਣ ਆਏ ਹਨ। ਅਸੀਂ ਯਹੋਵਾਹ ਦੀਆਂ ਬਰਕਤਾਂ ਲਈ ਉਸ ਦੇ ਬਹੁਤ ਧੰਨਵਾਦੀ ਹਾਂ। ਅਸੀਂ ਖ਼ੁਸ਼ ਹਾਂ ਕਿ ਅਸੀਂ ਪੂਰਾ ਪਰਿਵਾਰ ਮਿਲ ਕੇ ਉਸ ਦੀ ਸੇਵਾ ਕਰ ਰਹੇ ਹਾਂ। ਫਿਲਿਪ ਤੇ ਉਸ ਦੀ ਪਤਨੀ ਸੂਜ਼ੀ ਇਸ ਵੇਲੇ ਆਸਟ੍ਰੇਲੀਆ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਵਿਚ ਸੇਵਾ ਕਰ ਰਹੇ ਹਨ। ਉਨ੍ਹਾਂ ਨੇ ਦੋ ਸਾਲ ਸਲੋਵੀਨੀਆ ਦੇ ਬ੍ਰਾਂਚ ਆਫ਼ਿਸ ਵਿਚ ਵੀ ਸੇਵਾ ਕੀਤੀ।

ਮੈਨੂੰ ਤੇ ਮੇਰੀ ਪਤਨੀ ਨੂੰ ਵਧਦੀ ਉਮਰ ਤੇ ਵਿਗੜਦੀ ਸਿਹਤ ਕਰਕੇ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਪਰ ਅਸੀਂ ਖ਼ੁਸ਼ ਹਾਂ ਕਿ ਅਸੀਂ ਅਜੇ ਵੀ ਯਹੋਵਾਹ ਦੀ ਸੇਵਾ ਕਰ ਰਹੇ ਹਾਂ। ਮੈਂ ਆਪਣੇ ਮਾਤਾ-ਪਿਤਾ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਮੇਰੇ ਲਈ ਚੰਗੀ ਮਿਸਾਲ ਕਾਇਮ ਕੀਤੀ। ਅੱਜ ਵੀ ਮੈਨੂੰ ਉਨ੍ਹਾਂ ਦੀ ਮਿਸਾਲ ਤੋਂ ਹੌਸਲਾ ਮਿਲਦਾ ਹੈ ਕਿ ਮੈਂ ਪੌਲੁਸ ਰਸੂਲ ਦੇ ਸ਼ਬਦਾਂ ਅਨੁਸਾਰ ਚੱਲਦਾ ਰਹਾਂ: “ਆਸਾ ਵਿੱਚ ਅਨੰਦ ਅਤੇ ਬਿਪਤਾ ਵਿੱਚ ਧੀਰਜ ਕਰੋ, ਪ੍ਰਾਰਥਨਾ ਲਗਾਤਾਰ ਕਰਦੇ ਰਹੋ।”—ਰੋਮੀਆਂ 12:12.

[ਸਫ਼ੇ 16, 17 ਉੱਤੇ ਤਸਵੀਰ]

1920 ਦੇ ਦਹਾਕੇ ਵਿਚ ਮੇਰੇ ਮਾਤਾ-ਪਿਤਾ

[ਸਫ਼ੇ 17 ਉੱਤੇ ਤਸਵੀਰ]

ਸੱਜੇ ਪਾਸੇ ਮਾਤਾ ਜੀ ਆਂਕਾ ਨਾਲ ਜਿਸ ਨੇ ਉਨ੍ਹਾਂ ਨੂੰ ਸੱਚਾਈ ਸਿਖਾਈ

[ਸਫ਼ੇ 18 ਉੱਤੇ ਤਸਵੀਰ]

ਮੈਂ ਤੇ ਸਟਾਂਕਾ ਸ਼ਾਦੀ ਤੋਂ ਥੋੜ੍ਹੀ ਦੇਰ ਬਾਅਦ

[ਸਫ਼ੇ 19 ਉੱਤੇ ਤਸਵੀਰ]

ਉਹ ਭੈਣ-ਭਰਾ ਜੋ 1955 ਵਿਚ ਸਾਡੇ ਘਰ ਵਿਚ ਸਭਾਵਾਂ ਕਰਦੇ ਸਨ

[ਸਫ਼ੇ 20 ਉੱਤੇ ਤਸਵੀਰ]

ਮੈਂ, ਸਟਾਂਕਾ, ਪੁੱਤਰ ਫਿਲਿਪ ਤੇ ਉਸ ਦੀ ਪਤਨੀ ਸੂਜ਼ੀ