ਸਵਰਗ ਵਿਚ ਯਿਸੂ ਦੇ ਰਾਜਾ ਬਣਨ ਦਾ ਸਬੂਤ
ਸਵਰਗ ਵਿਚ ਯਿਸੂ ਦੇ ਰਾਜਾ ਬਣਨ ਦਾ ਸਬੂਤ
ਕੋਈ ਵੀ ਗੰਭੀਰ ਬੀਮਾਰੀ ਜਾਂ ਤਬਾਹੀ ਦਾ ਸ਼ਿਕਾਰ ਨਹੀਂ ਹੋਣਾ ਚਾਹੁੰਦਾ। ਸਮਝਦਾਰ ਇਨਸਾਨ ਖ਼ਤਰੇ ਨੂੰ ਆਉਂਦਿਆਂ ਦੇਖ ਕੇ ਆਪਣਾ ਬਚਾਅ ਕਰਨ ਲਈ ਕਦਮ ਚੁੱਕਦਾ ਹੈ। ਯਿਸੂ ਨੇ ਕੁਝ ਖ਼ਾਸ ਨਿਸ਼ਾਨੀਆਂ ਦੱਸੀਆਂ ਸਨ ਜਿਨ੍ਹਾਂ ਵੱਲ ਸਾਨੂੰ ਧਿਆਨ ਦੇਣ ਦੀ ਲੋੜ ਹੈ। ਜੋ ਗੱਲਾਂ ਉਸ ਨੇ ਕਹੀਆਂ ਸਨ ਉਨ੍ਹਾਂ ਦਾ ਸਾਰੀ ਦੁਨੀਆਂ ਉੱਤੇ ਅਸਰ ਪੈਣਾ ਸੀ। ਇਸ ਦਾ ਮਤਲਬ ਹੈ ਕਿ ਤੁਸੀਂ ਅਤੇ ਤੁਹਾਡਾ ਪਰਿਵਾਰ ਵੀ ਇਸ ਅਸਰ ਹੇਠ ਆਓਗੇ।
ਯਿਸੂ ਨੇ ਪਰਮੇਸ਼ੁਰ ਦੇ ਰਾਜ ਬਾਰੇ ਗੱਲ ਕੀਤੀ ਸੀ ਜੋ ਬੁਰਾਈ ਨੂੰ ਖ਼ਤਮ ਕਰ ਕੇ ਧਰਤੀ ਨੂੰ ਫਿਰਦੌਸ ਬਣਾਵੇਗਾ। ਉਸ ਦੇ ਚੇਲੇ ਜਾਣਨਾ ਚਾਹੁੰਦੇ ਸਨ ਕਿ ਇਸ ਰਾਜ ਨੇ ਸੱਤਾ ਵਿਚ ਕਦੋਂ ਆਉਣਾ ਸੀ। ਉਨ੍ਹਾਂ ਨੇ ਯਿਸੂ ਨੂੰ ਪੁੱਛਿਆ ਕਿ ‘ਉਸ ਦੇ ਆਉਣ’ ਯਾਨੀ ਉਸ ਦੇ ਸਵਰਗੋਂ ਰਾਜ ਕਰਨ ਅਤੇ “ਜੁਗ ਦੇ ਅੰਤ ਦਾ ਕੀ ਲੱਛਣ ਹੋਊ?”—ਮੱਤੀ 24:3.
ਯਿਸੂ ਜਾਣਦਾ ਸੀ ਕਿ ਉਸ ਦੇ ਮਰਨ ਅਤੇ ਉਸ ਨੂੰ ਦੁਬਾਰਾ ਜ਼ਿੰਦਾ ਕੀਤੇ ਜਾਣ ਤੋਂ ਕਈ ਸਦੀਆਂ ਬਾਅਦ ਉਸ ਨੂੰ ਸਵਰਗ ਵਿਚ ਰਾਜੇ ਵਜੋਂ ਨਿਯੁਕਤ ਕੀਤਾ ਜਾਣਾ ਸੀ। ਪਰ ਇਸ ਘਟਨਾ ਨੂੰ ਧਰਤੀ ਉੱਤੇ ਇਨਸਾਨਾਂ ਨੇ ਨਹੀਂ ਸੀ ਦੇਖ ਪਾਉਣਾ। ਇਸ ਲਈ ਯਿਸੂ ਨੇ ਆਪਣੇ ਚੇਲਿਆਂ ਨੂੰ ਕਈ ਨਿਸ਼ਾਨੀਆਂ ਦੱਸੀਆਂ ਸਨ ਜਿਨ੍ਹਾਂ ਨੂੰ ਦੇਖ ਕੇ ਉਹ ਜਾਣ ਸਕਦੇ ਸਨ ਕਿ ਉਹ ਸਵਰਗ ਵਿਚ ਰਾਜਾ ਬਣ ਗਿਆ ਸੀ ਅਤੇ ਇਹ ਵੀ ਕਿ ‘ਜੁਗ ਦਾ ਅੰਤ’ ਨੇੜੇ ਸੀ।
ਮੱਤੀ, ਮਰਕੁਸ ਅਤੇ ਲੂਕਾ ਨੇ ਆਪਣੀਆਂ ਇੰਜੀਲਾਂ ਵਿਚ ਉਸ ਸਵਾਲ ਦਾ ਜਵਾਬ ਧਿਆਨ ਨਾਲ ਦਰਜ ਕੀਤਾ ਜੋ ਚੇਲਿਆਂ ਨੇ ਯਿਸੂ ਤੋਂ ਪੁੱਛਿਆ ਸੀ। (ਮੱਤੀ ਅਧਿਆਇ 24 ਅਤੇ 25; ਮਰਕੁਸ ਅਧਿਆਇ 13; ਲੂਕਾ ਅਧਿਆਇ 21) ਬਾਈਬਲ ਦੇ ਹੋਰਨਾਂ ਲਿਖਾਰੀਆਂ ਨੇ ਵੀ ਕੁਝ ਨਿਸ਼ਾਨੀਆਂ ਦਾ ਜ਼ਿਕਰ ਕੀਤਾ ਸੀ। (2 ਤਿਮੋਥਿਉਸ 3:1-5; 2 ਪਤਰਸ 3:3, 4; ਪਰਕਾਸ਼ ਦੀ ਪੋਥੀ 6:1-8; 11:18) ਸਾਰੀਆਂ ਨਿਸ਼ਾਨੀਆਂ ਦੀ ਇਸ ਲੇਖ ਵਿਚ ਚਰਚਾ ਨਹੀਂ ਕੀਤੀ ਜਾ ਸਕਦੀ, ਇਸ ਲਈ ਅਸੀਂ ਯਿਸੂ ਦੁਆਰਾ ਦੱਸੀਆਂ ਗਈਆਂ ਪੰਜ ਖ਼ਾਸ ਨਿਸ਼ਾਨੀਆਂ ਵੱਲ ਧਿਆਨ ਦੇਵਾਂਗੇ। ਇਨ੍ਹਾਂ ਨਿਸ਼ਾਨੀਆਂ ਵੱਲ ਧਿਆਨ ਦੇਣ ਨਾਲ ਤੁਸੀਂ ਦੇਖੋਗੇ ਕਿ ਇਹ ਤੁਹਾਡੇ ਲਈ ਵੀ ਬਹੁਤ ਅਹਿਮੀਅਤ ਰੱਖਦੀਆਂ ਹਨ।—ਸਫ਼ੇ 6 ਉੱਤੇ ਡੱਬੀ ਦੇਖੋ।
‘ਇਕ ਨਵਾਂ ਯੁਗ ਸ਼ੁਰੂ ਹੋਇਆ’
“ਕੌਮ ਕੌਮ ਉੱਤੇ ਅਤੇ ਪਾਤਸ਼ਾਹੀ ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ।” (ਮੱਤੀ 24:7) ਜਰਮਨੀ ਦੇ ਇਕ ਰਸਾਲੇ ਮੁਤਾਬਕ 1914 ਤੋਂ ਪਹਿਲਾਂ ਦੇ ਲੋਕ “ਸ਼ਾਨਦਾਰ ਭਵਿੱਖ ਦੀ ਉਮੀਦ ਰੱਖਦੇ ਸਨ ਜਿਸ ਵਿਚ ਆਜ਼ਾਦੀ, ਕਾਮਯਾਬੀ ਤੇ ਖ਼ੁਸ਼ਹਾਲੀ ਦਾ ਬੋਲਬਾਲਾ ਹੋਣਾ ਸੀ।” ਫਿਰ ਸਭ ਕੁਝ ਬਦਲ ਗਿਆ। ਇਕ ਹੋਰ ਰਸਾਲੇ ਮੁਤਾਬਕ “ਅਗਸਤ 1914 ਤੋਂ ਲੈ ਕੇ ਨਵੰਬਰ 1918 ਤਕ ਚੱਲੇ ਯੁੱਧ ਨੇ ਦੁਨੀਆਂ ਦਾ ਇਤਿਹਾਸ ਹੀ ਬਦਲ ਕੇ ਰੱਖ ਦਿੱਤਾ।” ਪੰਜ ਮਹਾਂਦੀਪਾਂ ਤੋਂ ਆਏ 6 ਕਰੋੜ ਤੋਂ ਜ਼ਿਆਦਾ ਸੈਨਿਕਾਂ ਨੇ ਖ਼ੂਨ ਦੀਆਂ ਨਦੀਆਂ ਵਹਾਈਆਂ। ਹਰ ਦਿਨ ਤਕਰੀਬਨ 6,000 ਸੈਨਿਕ ਮਾਰੇ ਗਏ ਸਨ। ਉਸ ਸਮੇਂ ਤੋਂ ਲੈ ਕੇ ਹੁਣ ਤਕ ਹਰ ਪੀੜ੍ਹੀ ਦੇ ਵੱਖੋ-ਵੱਖਰੇ ਵਿਚਾਰਾਂ ਵਾਲੇ ਇਤਿਹਾਸਕਾਰ ਇਹੀ ਮੰਨਦੇ ਆਏ ਹਨ ਕਿ “1914 ਤੋਂ 1918 ਦੇ ਸਾਲਾਂ ਵਿਚ ਇਕ ਨਵਾਂ ਯੁਗ ਸ਼ੁਰੂ ਹੋਇਆ।”
ਪਹਿਲੇ ਵਿਸ਼ਵ ਯੁੱਧ ਨੇ ਦੁਨੀਆਂ ਨੂੰ ਬਿਲਕੁਲ ਬਦਲ ਕੇ ਰੱਖ ਦਿੱਤਾ। ਇਸ ਸਮੇਂ ਤੋਂ ਇਸ ਦੁਨੀਆਂ ਦੇ ਆਖ਼ਰੀ ਦਿਨ ਸ਼ੁਰੂ ਹੋਏ ਸਨ। ਵੀਹਵੀਂ ਸਦੀ ਦੌਰਾਨ ਹੋਰ ਲੜਾਈਆਂ ਤੇ ਆਤੰਕਵਾਦ ਦਾ ਸਿਲਸਿਲਾ ਚੱਲਦਾ ਰਿਹਾ। ਇੱਕੀਵੀਂ ਸਦੀ ਵਿਚ ਵੀ ਸੁਧਾਰ ਦੀ ਕੋਈ ਉਮੀਦ ਨਜ਼ਰ ਨਹੀਂ ਆਈ। ਯੁੱਧ ਤੋਂ ਇਲਾਵਾ ਅਸੀਂ ਹੋਰ ਵੀ ਨਿਸ਼ਾਨੀਆਂ ਦੇਖ ਰਹੇ ਹਾਂ।
ਕਾਲ, ਮਰੀਆਂ ਅਤੇ ਭੁਚਾਲ
“ਥਾਂ ਥਾਂ ਕਾਲ ਪੈਣਗੇ।” (ਮੱਤੀ 24:7) ਪਹਿਲੇ ਵਿਸ਼ਵ ਯੁੱਧ ਦੌਰਾਨ ਲੋਕ ਭੁੱਖ ਦੀ ਮਾਰ ਹੇਠ ਆ ਗਏ। ਪਹਿਲਾਂ ਨਾਲੋਂ ਹੁਣ ਕਿਤੇ ਜ਼ਿਆਦਾ ਲੋਕ ਭੁੱਖਮਰੀ ਦੇ ਸ਼ਿਕਾਰ ਹਨ। ਇਕ ਇਤਿਹਾਸਕਾਰ ਮੁਤਾਬਕ 1933 ਵਿਚ ਰੂਸ ਤੇ ਯੂਕਰੇਨ ਵਿਚ “ਭੁੱਖ ਨਾਲ ਤੜਫ਼ ਰਹੀਆਂ ਭੀੜਾਂ ਇੱਧਰ-ਉੱਧਰ ਭਟਕ ਰਹੀਆਂ ਸਨ . . . ਸੜਕਾਂ ਤੇ ਲਾਸ਼ਾਂ ਦੇ ਢੇਰ ਲੱਗੇ ਹੋਏ ਸਨ।” ਇਕ ਪੱਤਰਕਾਰ ਨੇ 1943 ਵਿਚ ਚੀਨ ਦੇ ਹੋਨਾਨ ਸੂਬੇ ਵਿਚ ਆਪਣੀ ਅੱਖੀਂ ਕਾਲ ਦਾ ਭਿਆਨਕ ਰੂਪ ਦੇਖਿਆ। ਉਸ ਨੇ ਲਿਖਿਆ: “ਕਾਲ ਪੈਣ ਤੇ ਸਭ ਕੁਝ ਖਾਣਯੋਗ ਨਜ਼ਰ ਆਉਂਦਾ ਹੈ। ਕਿਸੇ ਵੀ ਚੀਜ਼ ਨੂੰ ਪੀਸ ਕੇ ਖਾਧਾ ਜਾ ਸਕਦਾ ਹੈ ਜਿਸ ਤੋਂ ਤੁਹਾਡੇ ਸਰੀਰ ਨੂੰ ਤਾਕਤ ਮਿਲ ਸਕਦੀ ਹੈ। ਪਰ ਸਿਰਫ਼ ਮੌਤ ਦਾ ਖ਼ੌਫ਼ ਹੀ ਇਨਸਾਨ ਨੂੰ ਨਾ ਖਾਣਯੋਗ ਚੀਜ਼ਾਂ ਖਾਣ ਲਈ ਮਜਬੂਰ ਕਰਦਾ ਹੈ।” ਅਫ਼ਸੋਸ ਦੀ ਗੱਲ ਹੈ ਕਿ ਇਨ੍ਹਾਂ ਦਿਨਾਂ ਵਿਚ ਅਫ਼ਰੀਕਾ ਵਿਚ ਲੋਕ ਭੁੱਖਮਰੀ ਦੀ ਮਾਰ ਝੱਲ ਰਹੇ ਹਨ। ਭਾਵੇਂ ਧਰਤੀ ਤੇ ਬਹੁਤ ਸਾਰਾ ਅੰਨ ਪੈਦਾ ਹੋ ਰਿਹਾ ਹੈ, ਫਿਰ ਵੀ ਯੂ. ਐੱਨ. ਖ਼ੁਰਾਕ ਤੇ ਖੇਤੀ-ਬਾੜੀ ਸੰਗਠਨ ਦੇ ਅੰਦਾਜ਼ੇ ਅਨੁਸਾਰ ਦੁਨੀਆਂ ਭਰ ਵਿਚ 84 ਕਰੋੜ ਲੋਕ ਰੋਜ਼ ਖਾਲੀ ਪੇਟ ਸੌਂਦੇ ਹਨ।
‘ਥਾਂ ਥਾਂ ਮਰੀਆਂ ਪੈਣਗੀਆਂ।’ (ਲੂਕਾ 21:11) ਜਰਮਨੀ ਦੇ ਇਕ ਅਖ਼ਬਾਰ ਅਨੁਸਾਰ “1918 ਵਿਚ ਸਪੈਨਿਸ਼ ਫਲੂ ਕਾਰਨ 2 ਕਰੋੜ ਤੋਂ ਲੈ ਕੇ 5 ਕਰੋੜ ਦੇ ਵਿਚਕਾਰ ਮੌਤਾਂ ਹੋਈਆਂ, ਇੰਨੀਆਂ ਜਾਨਾਂ ਤਾਂ ਪਹਿਲੇ ਵਿਸ਼ਵ ਯੁੱਧ ਅਤੇ ਕਾਲੀ ਮੌਤ ਨਾਂ ਦੀ ਪਲੇਗ ਨੇ ਵੀ ਨਹੀਂ ਲਈਆਂ ਸਨ।” ਉਦੋਂ ਤੋਂ ਹੀ ਅਣਗਿਣਤ ਲੋਕਾਂ ਨੂੰ ਮਲੇਰੀਆ, ਚੇਚਕ, ਟੀ. ਬੀ., ਪੋਲੀਓ ਅਤੇ ਹੈਜ਼ਾ ਵਰਗੀਆਂ ਬੀਮਾਰੀਆਂ ਦਾ ਸਾਮ੍ਹਣਾ ਕਰਨਾ ਪਿਆ ਹੈ। ਹੋਰ ਤਾਂ ਹੋਰ, ਏਡਜ਼ ਦੀ ਘਾਤਕ ਬੀਮਾਰੀ ਤੇਜ਼ੀ ਨਾਲ ਫੈਲਦੀ ਜਾ ਰਹੀ ਹੈ। ਇਹ ਕਿੰਨੀ ਅਜੀਬ ਗੱਲ ਹੈ ਕਿ ਡਾਕਟਰੀ ਖੇਤਰ ਵਿਚ ਇੰਨੀ ਤਰੱਕੀ ਹੋਣ ਦੇ ਬਾਵਜੂਦ ਵੀ ਅਸੀਂ ਬੀਮਾਰੀਆਂ ਦੇ ਕਹਿਰ ਹੇਠ ਜੀ ਰਹੇ ਹਾਂ। ਜਦ ਕਿ ਦੁਨੀਆਂ ਨੂੰ ਇਸ ਗੱਲ ਦੀ ਖ਼ਬਰ ਨਹੀਂ, ਪਰ ਇਹ ਇਕ ਹੋਰ ਨਿਸ਼ਾਨੀ ਹੈ ਕਿ ਅਸੀਂ ਅੰਤ ਦਿਆਂ ਦਿਨਾਂ ਵਿਚ ਜੀ ਰਹੇ ਹਾਂ।
“ਭੁਚਾਲ।” (ਮੱਤੀ 24:7) ਪਿਛਲੇ ਕੁਝ 100 ਸਾਲਾਂ ਦੌਰਾਨ ਭੁਚਾਲਾਂ ਨੇ ਲੱਖਾਂ ਹੀ ਜਾਨਾਂ ਲਈਆਂ ਹਨ। ਇਕ ਸ੍ਰੋਤ ਅਨੁਸਾਰ 1914 ਤੋਂ ਹਰ ਸਾਲ ਤਕਰੀਬਨ 18 ਭੁਚਾਲ ਆਉਂਦੇ ਹਨ ਜੋ ਇੰਨੇ ਜ਼ਬਰਦਸਤ ਹੁੰਦੇ ਹਨ ਕਿ ਉਹ ਜ਼ਮੀਨ ਨੂੰ ਪਾੜ ਕੇ ਰੱਖ ਦਿੰਦੇ ਹਨ ਅਤੇ ਇਮਾਰਤਾਂ ਦਾ ਬੁਰੀ ਤਰ੍ਹਾਂ ਨੁਕਸਾਨ ਕਰ ਦਿੰਦੇ ਹਨ। ਅਤੇ ਹਰ ਸਾਲ ਇਕ ਅਜਿਹਾ ਭਿਆਨਕ ਭੁਚਾਲ ਆਉਂਦਾ ਹੈ ਜੋ ਇਮਾਰਤਾਂ ਦਾ ਸੱਤਿਆਨਾਸ ਕਰ ਕੇ ਮਿੱਟੀ ਵਿਚ ਮਿਲਾ ਦਿੰਦਾ ਹੈ। ਨਵੀਂ ਤੋਂ ਨਵੀਂ ਤਕਨਾਲੋਜੀ ਦੇ ਬਾਵਜੂਦ ਭੁਚਾਲਾਂ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਕਿਉਂਕਿ ਬਹੁਤ ਸਾਰੇ ਲੋਕ ਉਨ੍ਹਾਂ ਸ਼ਹਿਰਾਂ ਵਿਚ ਵਸਣ ਲੱਗ ਪਏ ਹਨ ਜਿਨ੍ਹਾਂ ਸ਼ਹਿਰਾਂ ਵਿਚ ਭੁਚਾਲ ਆਉਣ ਦਾ ਜ਼ਿਆਦਾ ਖ਼ਤਰਾ ਹੈ।
ਖ਼ੁਸ਼ ਖ਼ਬਰੀ
ਅੰਤ ਦਿਆਂ ਦਿਨਾਂ ਦੀਆਂ ਜ਼ਿਆਦਾਤਰ ਨਿਸ਼ਾਨੀਆਂ ਤਾਂ ਬੁਰੀਆਂ ਹੀ ਹਨ। ਪਰ ਯਿਸੂ ਨੇ ਖ਼ੁਸ਼ ਖ਼ਬਰੀ ਦੀ ਵੀ ਗੱਲ ਕੀਤੀ ਸੀ।
“ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ।” (ਮੱਤੀ 24:14) ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਯਿਸੂ ਨੇ ਸ਼ੁਰੂ ਕੀਤਾ ਸੀ ਤੇ ਇਹ ਅੰਤ ਦਿਆਂ ਦਿਨਾਂ ਵਿਚ ਯਾਨੀ ਸਾਡੇ ਸਮੇਂ ਵਿਚ ਪੂਰਾ ਹੋਵੇਗਾ। ਅੱਜ ਯਹੋਵਾਹ ਦੇ ਗਵਾਹ ਜੋਸ਼ ਨਾਲ ਲੋਕਾਂ ਨੂੰ ਬਾਈਬਲ ਦਾ ਸੰਦੇਸ਼ ਸੁਣਾ ਰਹੇ ਹਨ ਅਤੇ ਉਨ੍ਹਾਂ ਨੂੰ ਇਹ ਸਿਖਾ ਰਹੇ ਹਨ ਕਿ ਉਹ ਬਾਈਬਲ ਦੀਆਂ ਗੱਲਾਂ ਆਪਣੀਆਂ ਜ਼ਿੰਦਗੀਆਂ ਵਿਚ ਕਿੱਦਾਂ ਲਾਗੂ ਕਰ ਸਕਦੇ ਹਨ। ਇਸ ਸਮੇਂ 60 ਲੱਖ ਤੋਂ ਜ਼ਿਆਦਾ ਗਵਾਹ, 235 ਦੇਸ਼ਾਂ ਵਿਚ 400 ਤੋਂ ਜ਼ਿਆਦਾ ਬੋਲੀਆਂ ਵਿਚ ਲੋਕਾਂ ਨੂੰ ਪ੍ਰਚਾਰ ਕਰ ਰਹੇ ਹਨ।
ਧਿਆਨ ਦਿਓ ਕਿ ਯਿਸੂ ਨੇ ਇਹ ਨਹੀਂ ਸੀ ਕਿਹਾ ਕਿ ਦੁਨੀਆਂ ਦੀ ਬੁਰੀ ਹਾਲਤ ਕਾਰਨ ਜ਼ਿੰਦਗੀ ਹੀ ਰੁਕ ਜਾਵੇਗੀ। ਨਾ ਹੀ ਉਸ ਨੇ ਇਹ ਕਿਹਾ ਸੀ ਕਿ ਇਸ ਸਮੇਂ ਦੌਰਾਨ ਇੱਕੋ ਨਿਸ਼ਾਨੀ ਨੇ ਸਾਰੀ ਦੁਨੀਆਂ ਤੇ ਅਸਰ ਕਰਨਾ ਸੀ। ਇਸ ਦੀ ਬਜਾਇ ਉਸ ਨੇ ਨਿਸ਼ਾਨੀਆਂ ਵਜੋਂ ਕਈ ਘਟਨਾਵਾਂ ਬਾਰੇ ਦੱਸਿਆ ਸੀ ਜੋ ਇਕੱਠੀਆਂ ਵਾਪਰਨੀਆਂ ਸਨ ਅਤੇ ਇਨ੍ਹਾਂ ਨਿਸ਼ਾਨੀਆਂ ਨੂੰ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਵੱਸਦੇ ਲੋਕ ਪਛਾਣ ਸਕਦੇ ਸਨ।
ਕੀ ਤੁਸੀਂ ਯਿਸੂ ਦੁਆਰਾ ਦੱਸੀਆਂ ਗਈਆਂ ਸਾਰੀਆਂ ਘਟਨਾਵਾਂ ਵਾਪਰਦੀਆਂ ਦੇਖ ਸਕਦੇ ਹੋ? ਅੱਜ ਦੁਨੀਆਂ ਵਿਚ ਜੋ ਕੁਝ ਹੋ ਰਿਹਾ ਹੈ, ਉਸ ਦਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਉੱਤੇ ਅਸਰ ਪੈ ਰਿਹਾ ਹੈ। ਪਰ ਤੁਸੀਂ ਸ਼ਾਇਦ ਪੁੱਛੋ: ‘ਲੋਕ ਇਨ੍ਹਾਂ ਗੱਲਾਂ ਵੱਲ ਧਿਆਨ ਕਿਉਂ ਨਹੀਂ ਦੇ ਰਹੇ?’
ਆਪਣੀ ਮਨ-ਮਰਜ਼ੀ ਕਰਨੀ
“ਤੈਰਨਾ ਮਨ੍ਹਾ ਹੈ,” “ਹਾਈ ਵੋਲਟੇਜ,” “ਸਪੀਡ ਘਟਾਓ।” ਇਹ ਕੁਝ ਅਜਿਹੇ ਚੇਤਾਵਨੀ ਦੇਣ ਵਾਲੇ ਸਾਈਨ-ਬੋਰਡ ਹਨ ਜੋ ਅਸੀਂ ਰੋਜ਼ ਦੇਖਦੇ ਹਾਂ, ਪਰ ਇਨ੍ਹਾਂ ਨੂੰ ਅਕਸਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਕਿਉਂ? ਕਿਉਂਕਿ ਕਈ ਵਾਰ ਅਸੀਂ ਸੋਚਦੇ ਹਾਂ ਕਿ ਸਾਨੂੰ ਆਪਣਾ ਬਚਾਅ ਕਰਨ ਦਾ ਪਤਾ
ਹੈ। ਮਿਸਾਲ ਲਈ, ਸ਼ਾਇਦ ਸਾਨੂੰ ਲੱਗੇ ਕਿ ਸੜਕ ਦੇ ਨਿਯਮਾਂ ਅਨੁਸਾਰ ਨਿਰਧਾਰਿਤ ਕੀਤੀ ਰਫ਼ਤਾਰ ਤੋਂ ਜ਼ਿਆਦਾ ਤੇਜ਼ ਕਾਰ ਚਲਾਉਣੀ ਚਾਹੀਦੀ ਹੈ ਜਾਂ ਫਿਰ ਹੋ ਸਕਦਾ ਹੈ ਕਿ ਅਸੀਂ ਉੱਥੇ ਤੈਰਨਾ ਚਾਹੀਏ ਜਿੱਥੇ ਮਨ੍ਹਾ ਕੀਤਾ ਗਿਆ ਹੈ। ਪਰ ਚੇਤਾਵਨੀ ਦੇਣ ਵਾਲੇ ਸਾਈਨ-ਬੋਰਡ ਨਜ਼ਰਅੰਦਾਜ਼ ਕਰਨ ਵਿਚ ਵੱਡੀ ਮੂਰਖਤਾ ਹੈ।ਉਦਾਹਰਣ ਲਈ, ਸਾਲ 2003 ਵਿਚ 4,00,000 ਤੋਂ ਜ਼ਿਆਦਾ ਸੜਕ ਹਾਦਸਿਆਂ ਕਾਰਨ ਭਾਰਤ ਵਿਚ 83,000 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ ਅਤੇ ਲੱਖਾਂ ਹੀ ਲੋਕ ਜ਼ਖ਼ਮੀ ਹੋਏ ਸਨ। ਸੜਕ ਹਾਦਸੇ ਅਕਸਰ ਇਸ ਲਈ ਹੁੰਦੇ ਹਨ ਕਿਉਂਕਿ ਗੱਡੀ ਚਲਾਉਣ ਵਾਲੇ ਸੜਕ ਦੇ ਨਿਯਮਾਂ ਅਨੁਸਾਰ ਗੱਡੀ ਨਹੀਂ ਚਲਾਉਂਦੇ।
ਲੋਕ ਯਿਸੂ ਦੀਆਂ ਦੱਸੀਆਂ ਨਿਸ਼ਾਨੀਆਂ ਨੂੰ ਨਜ਼ਰਅੰਦਾਜ਼ ਕਿਉਂ ਕਰਦੇ ਹਨ? ਸ਼ਾਇਦ ਅਮੀਰ ਬਣਨ ਦੇ ਸੁਪਨਿਆਂ ਨੇ ਉਨ੍ਹਾਂ ਨੂੰ ਅੰਨ੍ਹਾ ਕਰ ਦਿੱਤਾ ਹੈ ਜਾਂ ਉਹ ਆਪਣੇ ਲਾਪਰਵਾਹ ਤੇ ਦੁਚਿੱਤੇ ਰਵੱਈਏ ਕਾਰਨ ਸੁਸਤ ਹੋ ਗਏ ਹਨ ਜਾਂ ਆਪਣਿਆਂ ਕੰਮਾਂ-ਕਾਰਾਂ ਵਿਚ ਜ਼ਿਆਦਾ ਵਿਅਸਤ ਹੋ ਗਏ ਹਨ ਜਾਂ ਫਿਰ ਉਹ ਲੋਕਾਂ ਦੀਆਂ ਨਜ਼ਰਾਂ ਵਿਚ ਆਪਣੀ ਇੱਜ਼ਤ ਨਹੀਂ ਗੁਆਉਣੀ ਚਾਹੁੰਦੇ। ਕੀ ਤੁਸੀਂ ਵੀ ਇਨ੍ਹਾਂ ਵਿੱਚੋਂ ਕਿਸੇ ਕਾਰਨ ਕਰਕੇ ਯਿਸੂ ਦੀਆਂ ਦੱਸੀਆਂ ਨਿਸ਼ਾਨੀਆਂ ਨੂੰ ਨਜ਼ਰਅੰਦਾਜ਼ ਕਰ ਰਹੇ ਹੋ? ਇਸ ਵਿਚ ਤੁਹਾਡਾ ਹੀ ਭਲਾ ਹੋਵੇਗਾ ਜੇਕਰ ਤੁਸੀਂ ਨਿਸ਼ਾਨੀਆਂ ਦੀ ਪਛਾਣ ਕਰ ਕੇ ਸਹੀ ਕਦਮ ਚੁੱਕੋਗੇ।
ਸੁੰਦਰ ਧਰਤੀ ਉੱਤੇ ਜੀਵਨ
ਅੱਜ ਬਹੁਤ ਸਾਰੇ ਲੋਕ ਯਿਸੂ ਦੀਆਂ ਦੱਸੀਆਂ ਨਿਸ਼ਾਨੀਆਂ ਨੂੰ ਪਛਾਣ ਕੇ ਜਾਣਦੇ ਹਨ ਕਿ ਯਿਸੂ ਸਵਰਗ ਵਿਚ ਰਾਜ ਕਰ ਰਿਹਾ ਹੈ ਅਤੇ ਅਸੀਂ ਅੰਤ ਦਿਆਂ ਦਿਨਾਂ ਵਿਚ ਜੀ ਰਹੇ ਹਾਂ। ਜਰਮਨੀ ਦੇ ਰਹਿਣ ਵਾਲੇ ਕ੍ਰਿਸਟੀਆਨ ਨਾਂ ਦੇ ਇਕ ਸ਼ਾਦੀ-ਸ਼ੁਦਾ ਨੌਜਵਾਨ ਨੇ ਲਿਖਿਆ: “ਇਹ ਸੱਚ-ਮੁੱਚ ਦੁੱਖਾਂ ਭਰੇ ਦਿਨ ਹਨ। ਅਸੀਂ ਸੱਚ-ਮੁੱਚ ‘ਅੰਤ ਦਿਆਂ ਦਿਨਾਂ’ ਵਿਚ ਜੀ ਰਹੇ ਹਾਂ।” ਕ੍ਰਿਸਟੀਆਨ ਅਤੇ ਉਸ ਦੀ ਪਤਨੀ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਦੱਸਣ ਵਿਚ ਕਾਫ਼ੀ ਸਮਾਂ ਬਿਤਾਉਂਦੇ ਹਨ। ਫ਼ਰੈਂਕ ਵੀ ਜਰਮਨੀ ਦਾ ਰਹਿਣ ਵਾਲਾ ਹੈ। ਉਹ ਅਤੇ ਉਸ ਦੀ ਪਤਨੀ ਵੀ ਬਾਈਬਲ ਤੋਂ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾ ਕੇ ਉਨ੍ਹਾਂ ਦਾ ਹੌਸਲਾ ਵਧਾਉਂਦੇ ਹਨ। ਫ਼ਰੈਂਕ ਦੱਸਦਾ ਹੈ: “ਦੁਨੀਆਂ ਦੀ ਬੁਰੀ ਹਾਲਤ ਕਾਰਨ ਲੋਕਾਂ ਨੂੰ ਆਪਣੇ ਭਵਿੱਖ ਬਾਰੇ ਬਹੁਤ ਚਿੰਤਾ ਲੱਗੀ ਹੋਈ ਹੈ। ਇਸ ਲਈ ਅਸੀਂ ਉਨ੍ਹਾਂ ਨੂੰ ਪਰਮੇਸ਼ੁਰ ਦੇ ਵਾਅਦੇ ਬਾਰੇ ਦੱਸ ਕੇ ਉਨ੍ਹਾਂ ਦਾ ਹੌਸਲਾ ਵਧਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਪਰਮੇਸ਼ੁਰ ਇਸ ਧਰਤੀ ਨੂੰ ਫਿਰਦੌਸ ਬਣਾਉਣ ਵਾਲਾ ਹੈ।” ਇਸ ਤਰ੍ਹਾਂ ਕਰਨ ਨਾਲ ਕ੍ਰਿਸਟੀਆਨ ਅਤੇ ਫ਼ਰੈਂਕ ਯਿਸੂ ਦੀ ਦੱਸੀ ਉਹ ਨਿਸ਼ਾਨੀ ਪੂਰੀ ਕਰ ਰਹੇ ਹਨ ਕਿ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇਗਾ।—ਮੱਤੀ 24:14.
ਜਦੋਂ ਇਹ ਆਖ਼ਰੀ ਦਿਨ ਆਪਣੇ ਸਿਖਰ ਤੇ ਪਹੁੰਚਣਗੇ, ਉਦੋਂ ਯਿਸੂ ਨੇ ਇਸ ਦੁਸ਼ਟ ਦੁਨੀਆਂ ਦਾ ਅੰਤ ਕਰ ਦੇਣਾ ਹੈ। ਫਿਰ ਯਿਸੂ ਆਪਣੇ ਰਾਜ ਅਧੀਨ ਇਸ ਧਰਤੀ ਉੱਤੇ ਅਮਨ-ਚੈਨ ਕਾਇਮ ਕਰੇਗਾ। ਉਸ ਸਮੇਂ ਹਰ ਇਨਸਾਨ ਤੰਦਰੁਸਤ ਹੋਵੇਗਾ, ਕੋਈ ਬੀਮਾਰੀ ਨਹੀਂ ਹੋਵੇਗੀ ਅਤੇ ਨਾ ਹੀ ਮੌਤ ਹੋਵੇਗੀ। ਹੋਰ ਤਾਂ ਹੋਰ, ਮਰੇ ਹੋਇਆਂ ਨੂੰ ਵੀ ਦੁਬਾਰਾ ਜ਼ਿੰਦਗੀ ਬਖ਼ਸ਼ੀ ਜਾਵੇਗੀ। ਇਹ ਸਭ ਅਸੀਸਾਂ ਉਹ ਲੋਕ ਪਾਉਣਗੇ ਜੋ ਅੱਜ ਦੇ ਸਮੇਂ ਬਾਰੇ ਦੱਸੀਆਂ ਨਿਸ਼ਾਨੀਆਂ ਪਛਾਣ ਕੇ ਸਹੀ ਕਦਮ ਚੁੱਕਦੇ ਹਨ। ਜੇ ਤੁਸੀਂ ਵੀ ਇਨ੍ਹਾਂ ਨਿਸ਼ਾਨੀਆਂ ਬਾਰੇ ਹੋਰ ਜਾਣੋ ਅਤੇ ਇਹ ਸਿੱਖੋ ਕਿ ਇਸ ਦੁਨੀਆਂ ਦੇ ਅੰਤ ਵਿੱਚੋਂ ਤੁਸੀਂ ਕਿੱਦਾਂ ਬਚ ਸਕਦੇ ਹੋ, ਤਾਂ ਇਹ ਤੁਹਾਡੇ ਲਈ ਬਹੁਤ ਅਕਲਮੰਦੀ ਦੀ ਗੱਲ ਹੋਵੇਗੀ। ਜੀ ਹਾਂ, ਹਰ ਇਨਸਾਨ ਨੂੰ ਸਮੇਂ ਦੀ ਨਬਜ਼ ਪਛਾਣਨ ਦੀ ਲੋੜ ਹੈ।—ਯੂਹੰਨਾ 17:3.
[ਸਫ਼ੇ 4 ਉੱਤੇ ਸੁਰਖੀ]
ਯਿਸੂ ਨੇ ਨਿਸ਼ਾਨੀਆਂ ਵਜੋਂ ਕਈ ਘਟਨਾਵਾਂ ਬਾਰੇ ਦੱਸਿਆ ਸੀ ਜੋ ਇਕੱਠੀਆਂ ਵਾਪਰਨੀਆਂ ਸਨ ਅਤੇ ਇਨ੍ਹਾਂ ਨਿਸ਼ਾਨੀਆਂ ਨੂੰ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਵੱਸਦੇ ਲੋਕ ਪਛਾਣ ਸਕਦੇ ਸਨ
[ਸਫ਼ੇ 6 ਉੱਤੇ ਸੁਰਖੀ]
ਕੀ ਤੁਸੀਂ ਯਿਸੂ ਦੀਆਂ ਦੱਸੀਆਂ ਗਈਆਂ ਸਾਰੀਆਂ ਨਿਸ਼ਾਨੀਆਂ ਦੀ ਪੂਰਤੀ ਦੇਖਦੇ ਹੋ?
[Box/Pictures on page 6]
ਅੰਤ ਦਿਆਂ ਦਿਨਾਂ ਦੀਆਂ ਨਿਸ਼ਾਨੀਆਂ
ਵੱਡੇ ਪੈਮਾਨੇ ਤੇ ਯੁੱਧ।—ਮੱਤੀ 24:7; ਪਰਕਾਸ਼ ਦੀ ਪੋਥੀ 6:4
ਕਾਲ।—ਮੱਤੀ 24:7; ਪਰਕਾਸ਼ ਦੀ ਪੋਥੀ 6:5, 6, 8
ਮਰੀਆਂ।—ਲੂਕਾ 21:11; ਪਰਕਾਸ਼ ਦੀ ਪੋਥੀ 6:8
ਕੁਧਰਮ ਦਾ ਵਾਧਾ।—ਮੱਤੀ 24:12
ਭੁਚਾਲ।—ਮੱਤੀ 24:7
ਭੈੜੇ ਸਮੇਂ ਜਿਨ੍ਹਾਂ ਵਿਚ ਰਹਿਣਾ ਔਖਾ ਹੋਵੇਗਾ।—2 ਤਿਮੋਥਿਉਸ 3:1
ਪੈਸਿਆਂ ਦੇ ਪ੍ਰੇਮੀ।—2 ਤਿਮੋਥਿਉਸ 3:2
ਮਾਪਿਆਂ ਦੀ ਅਣਆਗਿਆਕਾਰੀ।—2 ਤਿਮੋਥਿਉਸ 3:2
ਨਿਰਮੋਹ।—2 ਤਿਮੋਥਿਉਸ 3:3
ਰੱਬ ਦੇ ਨਹੀਂ, ਸਗੋਂ ਮੌਜ-ਮਸਤੀ ਦੇ ਪ੍ਰੇਮੀ।—2 ਤਿਮੋਥਿਉਸ 3:4
ਅਸੰਜਮੀ।—2 ਤਿਮੋਥਿਉਸ 3:3
ਨੇਕੀ ਦੇ ਵੈਰੀ।—2 ਤਿਮੋਥਿਉਸ 3:3
ਚੇਤਾਵਨੀ ਵੱਲ ਕੋਈ ਧਿਆਨ ਨਾ ਦੇਣ ਵਾਲੇ।—ਮੱਤੀ 24:39
ਠੱਠਾ ਕਰਨ ਵਾਲਿਆਂ ਵੱਲੋਂ ਅੰਤ ਦਿਆਂ ਦਿਨਾਂ ਦੇ ਸਬੂਤ ਨੂੰ ਨਜ਼ਰਅੰਦਾਜ਼ ਕਰਨਾ।—2 ਪਤਰਸ 3:3, 4
ਸੰਸਾਰ ਭਰ ਵਿਚ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ।—ਮੱਤੀ 24:14
[ਸਫ਼ੇ 5 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]
WWI soldiers: From the book The World War—A Pictorial History, 1919; poor family: AP Photo/Aijaz Rahi; polio victim: © WHO/P. Virot