Skip to content

Skip to table of contents

“ਉਕਾਬ ਦੇ ਦੇਸ਼” ਵਿਚ ਯਹੋਵਾਹ ਦਾ ਬਚਨ ਬੁਲੰਦ ਹੈ

“ਉਕਾਬ ਦੇ ਦੇਸ਼” ਵਿਚ ਯਹੋਵਾਹ ਦਾ ਬਚਨ ਬੁਲੰਦ ਹੈ

“ਉਕਾਬ ਦੇ ਦੇਸ਼” ਵਿਚ ਯਹੋਵਾਹ ਦਾ ਬਚਨ ਬੁਲੰਦ ਹੈ

ਅਲਬਾਨੀਆ ਦੇ ਲੋਕ ਆਪਣੀ ਭਾਸ਼ਾ ਵਿਚ ਆਪਣੇ ਦੇਸ਼ ਨੂੰ “ਉਕਾਬ ਦਾ ਦੇਸ਼” ਕਹਿੰਦੇ ਹਨ। ਬਾਲਕਨ ਪ੍ਰਾਇਦੀਪ ਉੱਤੇ ਵੱਸੇ ਇਸ ਦੇਸ਼ ਦਾ ਇਕ ਪਾਸਾ ਐਡਰਿਆਟਿਕ ਸਾਗਰ ਵੱਲ ਹੈ ਅਤੇ ਯੂਨਾਨ ਅਤੇ ਸਾਬਕਾ ਯੂਗੋਸਲਾਵੀਆ ਦੇ ਵਿਚਕਾਰ ਹੈ। ਭਾਵੇਂ ਅਲਬਾਨੀਆ ਦੀ ਹੋਂਦ ਬਾਰੇ ਕਈ ਕਹਾਣੀਆਂ ਹਨ, ਪਰ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਅਲਬਾਨੀਆ ਦੇ ਲੋਕਾਂ ਅਤੇ ਉਨ੍ਹਾਂ ਦੀ ਭਾਸ਼ਾ ਦਾ ਤਅੱਲਕ ਪ੍ਰਾਚੀਨ ਇੱਲੁਰਿਕੁਨ (ਇੱਲੁਰਿਯਾ) ਨਾਲ ਹੈ। ਦ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦੇ ਮੁਤਾਬਕ ਇੱਲੁਰਿਕੁਨ ਦੇ ਸਭਿਆਚਾਰ ਦੀਆਂ ਜੜ੍ਹਾਂ 2000 ਈ. ਪੂ. ਤਕ ਜਾਂਦੀਆਂ ਹਨ।

ਅਲਬਾਨੀਆ ਦੇ ਸੁਹੱਪਣ ਨੂੰ ਉੱਤਰ ਵਿਚ ਉੱਚੀਆਂ-ਨੀਵੀਆਂ ਪਹਾੜੀਆਂ ਸ਼ਿੰਗਾਰਦੀਆਂ ਹਨ ਅਤੇ ਦੱਖਣ ਵਿਚ ਐਡਰਿਆਟਿਕ ਸਮੁੰਦਰ ਦੇ ਲੰਬੇ ਰੇਤਲੇ ਕੰਢੇ। ਪਰ ਇਸ ਦਾ ਸਭ ਤੋਂ ਅਨਮੋਲ ਗਹਿਣਾ ਹੈ ਇਸ ਦੇ ਨਿੱਘੇ

ਤੇ ਦੋਸਤਾਨਾ ਸੁਭਾਅ ਦੇ ਲੋਕ। ਇਹ ਰੌਣਕੀ ਹੋਣ ਦੇ ਨਾਲ-ਨਾਲ ਹਰ ਗੱਲ ਨੂੰ ਝੱਟ ਸਿੱਖ ਲੈਂਦੇ ਹਨ। ਉਹ ਆਪਣੀ ਰਾਇ ਜਾਂ ਗੱਲ ਨੂੰ ਪੂਰੇ ਜੋਸ਼ ਅਤੇ ਹਾਵਾਂ-ਭਾਵਾਂ ਨਾਲ ਬਿਆਨ ਕਰਦੇ ਹਨ।

ਮਸ਼ਹੂਰ ਮਿਸ਼ਨਰੀ ਦਾ ਦੌਰਾ

ਲੋਕਾਂ ਦੇ ਦਿਲਕਸ਼ ਸੁਭਾਅ ਅਤੇ ਦੇਸ਼ ਦੀ ਸੁੰਦਰਤਾ ਕਰਕੇ ਇਕ ਮੁਸਾਫ਼ਰ ਸਦੀਆਂ ਪਹਿਲਾਂ ਇਸ ਦੇਸ਼ ਵੱਲ ਖਿੱਚਿਆ ਗਿਆ ਸੀ। ਇਹ ਮੁਸਾਫ਼ਰ ਪੌਲੁਸ ਸੀ ਜਿਸ ਨੇ ਕਈ ਦੇਸ਼ਾਂ ਦਾ ਦੌਰਾ ਕੀਤਾ ਅਤੇ ਤਕਰੀਬਨ 56 ਈ. ਵਿਚ ਲਿਖਿਆ: ‘ਮੈਂ ਇੱਲੁਰਿਕੁਨ ਤੀਕ ਮਸੀਹ ਦੀ ਖੁਸ਼ ਖਬਰੀ ਦਾ ਪੂਰਾ ਪਰਚਾਰ ਕੀਤਾ।’ (ਰੋਮੀਆਂ 15:19) ਇੱਲੁਰਿਕੁਨ ਦਾ ਦੱਖਣੀ ਹਿੱਸਾ ਅੱਜ ਕੇਂਦਰੀ ਅਤੇ ਉੱਤਰੀ ਅਲਬਾਨੀਆ ਵਿਚ ਹੈ। ਪੌਲੁਸ ਇੱਲੁਰਿਕੁਨ ਦੇ ਦੱਖਣ ਵਿਚ ਯੂਨਾਨ ਦੇ ਸ਼ਹਿਰ ਕੁਰਿੰਥੁਸ ਤੋਂ ਲਿਖ ਰਿਹਾ ਸੀ। ਉਸ ਦੀ ਇਸ ਗੱਲ ਕਿ “ਇੱਲੁਰਿਕੁਨ ਤੀਕ” ਉਸ ਨੇ ਪ੍ਰਚਾਰ ਕੀਤਾ ਹੈ, ਤੋਂ ਸੰਕੇਤ ਮਿਲਦਾ ਹੈ ਕਿ ਉਸ ਨੇ ਇੱਲੁਰਿਕੁਨ ਦੀ ਸਰਹੱਦ ਤਕ ਜਾਂ ਫਿਰ ਇੱਲੁਰਿਕੁਨ ਵਿਚ ਪ੍ਰਚਾਰ ਕੀਤਾ ਸੀ। ਜੋ ਮਰਜ਼ੀ ਹੋਵੇ ਇਕ ਗੱਲ ਸਾਫ਼ ਹੈ ਕਿ ਉਸ ਨੇ ਅਲਬਾਨੀਆ ਦੇ ਦੱਖਣੀ ਹਿੱਸੇ ਵਿਚ ਜ਼ਰੂਰ ਪ੍ਰਚਾਰ ਕੀਤਾ ਸੀ। ਤਾਂ ਅਸੀਂ ਕਹਿ ਸਕਦੇ ਹਾਂ ਕਿ ਸਭ ਤੋਂ ਪਹਿਲਾਂ ਅਲਬਾਨੀਆ ਵਿਚ ਖ਼ੁਸ਼ੀ ਖ਼ਬਰੀ ਦਾ ਪ੍ਰਚਾਰ ਪੌਲੁਸ ਨੇ ਕੀਤਾ ਸੀ।

ਸਦੀਆਂ ਬੀਤ ਗਈਆਂ। ਪਾਤਸ਼ਾਹੀਆਂ ਆਈਆਂ ਅਤੇ ਪਾਤਸ਼ਾਹੀਆਂ ਗਈਆਂ। ਯੂਰਪ ਦੇ ਕੋਨੇ ਵਿਚ ਵੱਸਦੇ ਇਸ ਛੋਟੇ ਜਿਹੇ ਦੇਸ਼ ਉੱਤੇ ਕਈ ਵਿਦੇਸ਼ੀ ਕੌਮਾਂ ਨੇ ਰਾਜ ਕੀਤਾ, ਪਰ 1912 ਵਿਚ ਅਲਬਾਨੀਆ ਨੂੰ ਆਜ਼ਾਦੀ ਮਿਲ ਗਈ। ਇਸ ਤੋਂ ਦਸ ਕੁ ਸਾਲ ਬਾਅਦ ਇਕ ਵਾਰ ਫਿਰ ਅਲਬਾਨੀਆ ਵਿਚ ਯਹੋਵਾਹ ਦੇ ਰਾਜ ਦੀ ਗੂੰਜ ਸੁਣਾਈ ਦਿੱਤੀ।

ਆਧੁਨਿਕ ਦਿਨਾਂ ਵਿਚ ਵਧੀਆ ਸ਼ੁਰੂਆਤ

ਸੰਨ 1920 ਦੇ ਦਹਾਕੇ ਵਿਚ ਕਈ ਅਲਬਾਨੀਆਈ ਲੋਕ ਅਮਰੀਕਾ ਵਿਚ ਵੱਸੇ ਹੋਏ ਸਨ। ਇਨ੍ਹਾਂ ਵਿੱਚੋਂ ਕੁਝ ਕੁ ਨੇ ਇੰਟਰਨੈਸ਼ਨਲ ਬਾਈਬਲ ਸਟੂਡੈਂਟਸ ਯਾਨੀ ਯਹੋਵਾਹ ਦੇ ਗਵਾਹਾਂ ਕੋਲੋਂ ਬਾਈਬਲ ਬਾਰੇ ਸਿੱਖਿਆ। ਸਿੱਖੀਆਂ ਗੱਲਾਂ ਨੂੰ ਆਪਣੇ ਦੇਸ਼ ਦੇ ਲੋਕ ਨਾਲ ਸਾਂਝਾ ਕਰਨ ਲਈ ਉਹ ਵਾਪਸ ਆਪਣੇ ਵਤਨ ਮੁੜ ਆਏ। ਨਾਸ਼ੋ ਇਡ੍ਰੀਜ਼ੀ ਇਨ੍ਹਾਂ ਵਿੱਚੋਂ ਇਕ ਸੀ। ਕਈ ਲੋਕਾਂ ਨੇ ਇਨ੍ਹਾਂ ਦੀ ਗੱਲ ਧਿਆਨ ਨਾਲ ਸੁਣੀ। ਬਾਈਬਲ ਵਿਚ ਵਧਦੀ ਦਿਲਚਸਪੀ ਨੂੰ ਦੇਖ ਕੇ 1924 ਵਿਚ ਰੋਮਾਨੀਆ ਦੇ ਯਹੋਵਾਹ ਦੇ ਗਵਾਹਾਂ ਦੇ ਆਫ਼ਿਸ ਨੂੰ ਅਲਬਾਨੀਆ ਵਿਚ ਹੋ ਰਹੇ ਪ੍ਰਚਾਰ ਕੰਮ ਦੀ ਦੇਖ-ਰੇਖ ਸੌਂਪੀ ਗਈ।

ਉਨੀਂ ਦਿਨੀਂ ਅਲਬਾਨੀਆ ਵਿਚ ਥਾਨਾਸ ਡੂਲੀ (ਆਥਾਨ ਡੂਲੀਸ) ਨੇ ਯਹੋਵਾਹ ਬਾਰੇ ਸਿੱਖਿਆ। ਉਹ ਕਹਿੰਦਾ ਹੈ: “1925 ਵਿਚ ਅਲਬਾਨੀਆ ਵਿਚ ਤਿੰਨ ਕਲੀਸਿਯਾਵਾਂ ਤੋਂ ਇਲਾਵਾ ਦੇਸ਼ ਭਰ ਵਿਚ ਟਾਵੇਂ-ਟਾਵੇਂ ਯਹੋਵਾਹ ਦੇ ਗਵਾਹ ਤੇ ਕਈ ਬਾਈਬਲ ਵਿਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਸਨ। ਉਨ੍ਹਾਂ ਦਾ ਆਪਸ ਵਿਚ ਬਹੁਤ ਗਹਿਰਾ ਪਿਆਰ ਸੀ।” *

ਖ਼ਰਾਬ ਸੜਕਾਂ ਕਾਰਨ ਸਫ਼ਰ ਕਰਨ ਵਿਚ ਕਾਫ਼ੀ ਮੁਸ਼ਕਲ ਆਉਂਦੀ ਸੀ। ਪਰ ਜੋਸ਼ੀਲੇ ਪ੍ਰਚਾਰਕਾਂ ਨੇ ਫਿਰ ਵੀ ਹਾਰ ਨਹੀਂ ਮੰਨੀ। ਮਿਸਾਲ ਲਈ, 1928 ਵਿਚ ਦੱਖਣੀ ਤਟ ਦੇ ਵਲੋਰੇ ਸ਼ਹਿਰ ਵਿਚ 18 ਸਾਲਾਂ ਦੀ ਆਰੈਟੀ ਪੀਨਾ ਨੇ ਬਪਤਿਸਮਾ ਲਿਆ। ਇਸ ਕੁੜੀ ਨੇ ਉੱਚੇ-ਨੀਵੇਂ ਪਹਾੜੀ ਇਲਾਕੇ ਵਿਚ ਪ੍ਰਚਾਰ ਕੀਤਾ। ਉਹ 1930 ਦੇ ਦਹਾਕੇ ਦੇ ਮੁਢਲੇ ਸਾਲਾਂ ਵਿਚ ਵਲੋਰੇ ਸ਼ਹਿਰ ਦੀ ਬੜੀ ਹੀ ਜੋਸ਼ੀਲੀ ਕਲੀਸਿਯਾ ਦਾ ਹਿੱਸਾ ਸੀ।

ਸੰਨ 1930 ਵਿਚ ਅਲਬਾਨੀਆ ਵਿਚ ਹੋ ਰਹੇ ਪ੍ਰਚਾਰ ਦੀ ਦੇਖ-ਰੇਖ ਐਥਿਨਜ਼, ਯੂਨਾਨ ਦਾ ਬ੍ਰਾਂਚ ਆਫ਼ਿਸ ਕਰ ਰਿਹਾ ਸੀ। ਸੰਨ 1932 ਵਿਚ ਯੂਨਾਨ ਤੋਂ ਇਕ ਸਫ਼ਰੀ ਨਿਗਾਹਬਾਨ ਅਲਬਾਨੀਆ ਦੇ ਭੈਣ-ਭਰਾਵਾਂ ਨੂੰ ਹੱਲਾਸ਼ੇਰੀ ਦੇਣ ਅਤੇ ਤਕੜਿਆਂ ਕਰਨ ਵਾਸਤੇ ਆਇਆ। ਉਨ੍ਹਾਂ ਦਿਨਾਂ ਵਿਚ ਬਾਈਬਲ ਬਾਰੇ ਸਿੱਖ ਰਹੇ ਜ਼ਿਆਦਾਤਰ ਲੋਕਾਂ ਦੀ ਉਮੀਦ ਸਵਰਗੀ ਸੀ। ਸਾਫ਼-ਸੁਥਰੇ ਅਤੇ ਧਰਮੀ ਹੋਣ ਕਰਕੇ ਇਨ੍ਹਾਂ ਦੀ ਹਰ ਜਗ੍ਹਾ ਸਿਫ਼ਤ ਕੀਤੀ ਜਾਂਦੀ ਸੀ। ਇਨ੍ਹਾਂ ਵਫ਼ਾਦਾਰ ਭਰਾਵਾਂ ਨੂੰ ਆਪਣੀ ਮਿਹਨਤ ਦਾ ਚੰਗਾ ਫਲ ਮਿਲਿਆ। ਅਲਬਾਨੀਆ ਵਿਚ 1935 ਅਤੇ 1936 ਵਿਚ ਤਕਰੀਬਨ 6,500 ਬਾਈਬਲ ਆਧਾਰਿਤ ਪ੍ਰਕਾਸ਼ਨ ਵੰਡੇ ਗਏ।

ਕੇਂਦਰੀ ਵਲੋਰੇ ਵਿਚ ਨਾਸ਼ੋ ਇਡ੍ਰੀਜ਼ੀ ਨੇ ਇਕ ਦਿਨ ਅੰਗ੍ਰੇਜ਼ੀ ਵਿਚ ਜੇ. ਐੱਫ਼. ਰਦਰਫ਼ਰਡ ਦਾ ਰਿਕਾਰਡ ਕੀਤਾ ਇਕ ਭਾਸ਼ਣ ਫੋਨੋਗ੍ਰਾਫ ਤੇ ਚਲਾਇਆ। ਇਸ ਤੇ ਲੋਕ ਆਪਣਾ ਕੰਮ-ਧੰਦਾ ਬੰਦ ਕਰ ਕੇ ਭਰਾ ਇਡ੍ਰੀਜ਼ੀ ਨੂੰ ਸੁਣਨ ਚਲੇ ਆਏ ਜੋ ਇਸ ਭਾਸ਼ਣ ਦਾ ਤਰਜਮਾ ਅਲਬਾਨੀ ਭਾਸ਼ਾ ਵਿਚ ਕਰ ਰਿਹਾ ਸੀ। ਇਨ੍ਹਾਂ ਜੋਸ਼ੀਲੇ ਤੇ ਮਿਹਨਤੀ ਭੈਣ-ਭਰਾਵਾਂ ਨੂੰ ਯਹੋਵਾਹ ਨੇ ਬਰਕਤਾਂ ਦਿੱਤੀਆਂ। ਅਲਬਾਨੀਆ ਵਿਚ 1940 ਵਿਚ 50 ਗਵਾਹ ਸਨ।

ਨਾਸਤਿਕ ਦੇਸ਼

ਅਲਬਾਨੀਆ 1939 ਵਿਚ ਇਤਾਲਵੀ ਫਾਸ਼ੀ ਰਾਜ ਦੇ ਕਬਜ਼ੇ ਹੇਠ ਆ ਗਿਆ। ਯਹੋਵਾਹ ਦੇ ਗਵਾਹਾਂ ਨੂੰ ਉਨ੍ਹਾਂ ਨੇ ਕਾਨੂੰਨੀ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਦੇ ਪ੍ਰਚਾਰ ਕੰਮ ਉੱਤੇ ਪਾਬੰਦੀ ਲਾ ਦਿੱਤੀ ਗਈ। ਪਰ ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਜਰਮਨ ਫ਼ੌਜਾਂ ਨੇ ਇਸ ਦੇਸ਼ ਤੇ ਹੱਲਾ ਬੋਲ ਦਿੱਤਾ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਮਿਲਟਰੀ ਦੇ ਪ੍ਰਭਾਵਸ਼ਾਲੀ ਨੇਤਾ ਐਨਵਰ ਹੋਜਾ ਨੇ ਰਾਜਨੀਤੀ ਵਿਚ ਪੈਰ ਰੱਖਿਆ। ਉਸ ਦੀ ਕਮਿਊਨਿਸਟ ਪਾਰਟੀ 1946 ਦੀਆਂ ਚੋਣਾਂ ਜਿੱਤ ਗਈ ਅਤੇ ਉਹ ਪ੍ਰਧਾਨ ਮੰਤਰੀ ਬਣ ਗਿਆ। ਉਸ ਦੇ ਰਾਜ ਦੇ ਸਮੇਂ ਨੂੰ ਆਜ਼ਾਦੀ ਦਾ ਸਮਾਂ ਵੀ ਕਿਹਾ ਜਾਂਦਾ ਸੀ, ਪਰ ਯਹੋਵਾਹ ਦੇ ਗਵਾਹਾਂ ਲਈ ਇਹ ਉਲਟ ਹੀ ਸਾਬਤ ਹੋਇਆ।

ਸਹਿਜੇ-ਸਹਿਜੇ ਇਹ ਸਰਕਾਰ ਧਰਮਾਂ ਦੇ ਬਿਲਕੁਲ ਖ਼ਿਲਾਫ਼ ਹੋ ਗਈ। ਸੱਚੇ ਮਸੀਹੀਆਂ ਨੇ ਆਪਣੀ ਮਸੀਹੀ ਨਿਰਪੱਖਤਾ ਨੂੰ ਬਣਾਈ ਰੱਖਦੇ ਹੋਏ ਨਾ ਹਥਿਆਰ ਚੁੱਕਿਆ ਅਤੇ ਨਾ ਹੀ ਸਿਆਸੀ ਮਾਮਲਿਆਂ ਵਿਚ ਵੀ ਕੋਈ ਹਿੱਸਾ ਲਿਆ। (ਯਸਾਯਾਹ 2:2-4; ਯੂਹੰਨਾ 15:17-19) ਇਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਸਲਾਖਾਂ ਪਿੱਛੇ ਸੁੱਟਿਆ ਗਿਆ ਅਤੇ ਜ਼ਿੰਦਗੀ ਦੀਆਂ ਆਮ ਲੋੜਾਂ ਤੋਂ ਵਾਂਝਾ ਰੱਖਿਆ ਗਿਆ। ਹੋਰ ਤਾਂ ਹੋਰ ਜੇਲ੍ਹ ਵਿਚ ਉਨ੍ਹਾਂ ਨੂੰ ਖਾਣ ਨੂੰ ਵੀ ਕੁਝ ਨਹੀਂ ਦਿੱਤਾ ਗਿਆ। ਜੇਲ੍ਹ ਤੋਂ ਬਾਹਰ ਮਸੀਹੀ ਭੈਣਾਂ ਨੇ ਇਨ੍ਹਾਂ ਦੀ ਮਦਦ ਕੀਤੀ। ਉਨ੍ਹਾਂ ਨੇ ਕੈਦ ਵਿਚ ਬੈਠੇ ਭੈਣਾਂ-ਭਰਾਵਾਂ ਲਈ ਰੋਟੀ ਬਣਾਈ ਅਤੇ ਉਨ੍ਹਾਂ ਦੇ ਕੱਪੜੇ ਧੋਤੇ।

ਸਿਤਮ ਸਾਮ੍ਹਣੇ ਨਿਡਰ

ਅੱਲ੍ਹੜ ਉਮਰ ਦੀ ਫ੍ਰੋਸੀਨਾ ਜੈਕਾ ਪਰਮੈਟ ਸ਼ਹਿਰ ਲਾਗੇ ਇਕ ਪਿੰਡ ਵਿਚ ਰਹਿੰਦੀ ਸੀ। ਸਾਲ 1940 ਦੇ ਦਹਾਕੇ ਦੇ ਸ਼ੁਰੂ ਵਿਚ ਉਸ ਨੂੰ ਪਤਾ ਲੱਗਾ ਕਿ ਉਸ ਦੇ ਭਰਾ ਨਾਸ਼ੋ ਡੋਰੀ ਨਾਂ ਦੇ ਇਕ ਮੋਚੀ ਤੋਂ ਜੋ ਕਿ ਯਹੋਵਾਹ ਦਾ ਗਵਾਹ ਸੀ ਬਾਈਬਲ ਬਾਰੇ ਸਿੱਖ ਰਹੇ ਸਨ। * ਉਸ ਨੇ ਵੀ ਬਾਈਬਲ ਬਾਰੇ ਸਿੱਖਣਾ ਸ਼ੁਰੂ ਕਰ ਦਿੱਤਾ। ਉਨੀਂ ਦਿਨੀਂ ਸਰਕਾਰ ਯਹੋਵਾਹ ਦੇ ਗਵਾਹਾਂ ਨਾਲ ਕਾਫ਼ੀ ਸਖ਼ਤੀ ਨਾਲ ਪੇਸ਼ ਆ ਰਹੀ ਸੀ। ਆਪਣੇ ਮਾਂ-ਬਾਪ ਦੀ ਨਾਰਾਜ਼ਗੀ ਦੇ ਬਾਵਜੂਦ ਉਸ ਦਾ ਬਾਈਬਲ ਵਿਚ ਵਿਸ਼ਵਾਸ ਵਧਦਾ ਗਿਆ। ਉਹ ਦੱਸਦੀ ਹੈ: “ਮੇਰੇ ਮਾਪੇ ਮੇਰੀਆਂ ਜੁੱਤੀਆਂ ਲੁਕੋ ਦਿੰਦੇ ਸਨ ਤਾਂਕਿ ਮੈਂ ਮਸੀਹੀ ਸਭਾਵਾਂ ਤੇ ਨਾ ਜਾ ਸਕਾਂ। ਉਨ੍ਹਾਂ ਨੇ ਮੇਰਾ ਵਿਆਹ ਅਵਿਸ਼ਵਾਸੀ ਨਾਲ ਵੀ ਕਰਨਾ ਚਾਹਿਆ ਪਰ ਜਦ ਮੈਂ ਨਾ ਮੰਨੀ, ਤਾਂ ਉਨ੍ਹਾਂ ਨੇ ਮੈਨੂੰ ਘਰੋਂ ਕੱਢ ਦਿੱਤਾ। ਉਸ ਦਿਨ ਬਰਫ਼ ਪੈ ਰਹੀ ਸੀ। ਨਾਸ਼ੋ ਡੋਰੀ ਨੇ ਜੀਰੋਕਾਸਟਰ ਵਿਚ ਰਹਿਣ ਵਾਲੇ ਭਰਾ ਗੋਲੇ ਫਲੋਕੋ ਨੂੰ ਮੇਰੀ ਮਦਦ ਕਰਨ ਲਈ ਕਿਹਾ। ਉਨ੍ਹਾਂ ਨੇ ਇੰਤਜ਼ਾਮ ਕੀਤਾ ਕਿ ਮੈਂ ਉਸ ਦੇ ਪਰਿਵਾਰ ਨਾਲ ਰਹਿ ਸਕਾਂ। ਉਸ ਵਕਤ ਮੇਰੇ ਭਰਾਵਾਂ ਨੂੰ ਨਿਰਪੱਖਤਾ ਕਾਰਨ ਦੋ ਸਾਲਾਂ ਲਈ ਜੇਲ੍ਹ ਵਿਚ ਸੁੱਟ ਦਿੱਤਾ ਗਿਆ ਸੀ। ਜਦੋਂ ਉਨ੍ਹਾਂ ਨੂੰ ਰਿਹਾਈ ਮਿਲੀ ਉਦੋਂ ਮੈਂ ਉਨ੍ਹਾਂ ਨਾਲ ਵਲੋਰੇ ਵਿਚ ਰਹਿਣ ਲੱਗ ਪਈ।

“ਪੁਲਸ ਨੇ ਮੇਰੇ ਉੱਤੇ ਸਿਆਸੀ ਕੰਮਾਂ ਵਿਚ ਹਿੱਸਾ ਲੈਣ ਲਈ ਜ਼ੋਰ ਪਾਇਆ, ਪਰ ਮੈਂ ਨਾ ਮੰਨੀ ਤੇ ਉਨ੍ਹਾਂ ਨੇ ਮੈਨੂੰ ਹਿਰਾਸਤ ਵਿਚ ਲੈ ਲਿਆ। ਉਹ ਮੈਨੂੰ ਇਕ ਕਮਰੇ ਵਿਚ ਲੈ ਗਏ ਜਿੱਥੇ ਸਾਰਿਆਂ ਨੇ ਮੈਨੂੰ ਘੇਰਾ ਪਾ ਲਿਆ ਅਤੇ ਉਨ੍ਹਾਂ ਵਿੱਚੋਂ ਇਕ ਨੇ ਮੈਨੂੰ ਧਮਕੀ ਦਿੰਦਿਆਂ ਕਿਹਾ: ‘ਤੈਨੂੰ ਪਤਾ ਅਸੀਂ ਤੇਰਾ ਕੀ ਹਾਲ ਕਰ ਸਕਦੇ ਹਾਂ?’ ਮੈਂ ਜਵਾਬ ਦਿੱਤਾ: ‘ਤੁਸੀਂ ਉਹੀ ਕਰ ਸਕਦੇ ਹੋ ਜੋ ਯਹੋਵਾਹ ਤੁਹਾਨੂੰ ਕਰਨ ਦੀ ਇਜਾਜ਼ਤ ਦਿੰਦਾ ਹੈ।’ ਉਸ ਨੇ ਜਵਾਬ ਦਿੱਤਾ: ‘ਤੇਰਾ ਦਿਮਾਗ਼ ਤਾਂ ਨਹੀਂ ਹਿੱਲ ਗਿਆ! ਦਫ਼ਾ ਹੋ ਜਾ ਇੱਥੋਂ!’”

ਉਨ੍ਹਾਂ ਸਾਲਾਂ ਦੌਰਾਨ ਅਲਬਾਨੀਆ ਦੇ ਬਾਕੀ ਭੈਣਾਂ-ਭਰਾਵਾਂ ਵਿਚ ਵੀ ਇਹੋ ਜਿਹਾ ਜੋਸ਼ ਸੀ। ਸੰਨ 1957 ਤਕ ਅਲਬਾਨੀਆ ਵਿਚ 75 ਪ੍ਰਕਾਸ਼ਕ ਸਨ। ਯਹੋਵਾਹ ਦੇ ਗਵਾਹਾਂ ਦੇ ਹੈੱਡ-ਕੁਆਰਟਰ ਨੇ 1960 ਦੇ ਦਹਾਕੇ ਦੇ ਸ਼ੁਰੂ ਵਿਚ ਅਮਰੀਕਾ ਵਿਚ ਰਹਿ ਰਹੇ ਅਲਬਾਨੀਆਈ ਭਰਾ ਜੌਨ ਮਾਰਕਸ ਨੂੰ ਟਿਰਾਨਾ ਸ਼ਹਿਰ ਭੇਜਿਆ ਤਾਂਕਿ ਉਹ ਉੱਥੇ ਦੇ ਭੈਣ-ਭਰਾਵਾਂ ਦੀ ਮਸੀਹੀ ਕੰਮਾਂ ਵਿਚ ਮਦਦ ਕਰ ਸਕੇ। * ਪਰ ਥੋੜ੍ਹੇ ਹੀ ਸਮੇਂ ਪਿੱਛੋਂ ਲੂਚੀ ਜੈਕਾ, ਮੀਹਾਲ ਸਵੈਟਜ਼ੀ, ਲੇਓਨੀਦਾ ਪੌਪੇ ਅਤੇ ਕਈ ਹੋਰ ਜ਼ਿੰਮੇਵਾਰ ਭਰਾਵਾਂ ਨੂੰ ਮਜ਼ਦੂਰੀ ਕੈਂਪਾਂ ਵਿਚ ਸੁੱਟ ਦਿੱਤਾ ਗਿਆ।

ਉਮੀਦ ਦੀ ਕਿਰਨ

ਅਲਬਾਨੀਆ ਵਿਚ 1967 ਤਕ ਧਰਮਾਂ ਨੂੰ ਕੈਰੀ ਅੱਖ ਨਾਲ ਦੇਖਿਆ ਜਾਂਦਾ ਸੀ। ਪਰ ਇਸ ਤੋਂ ਬਾਅਦ ਧਰਮਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਗਿਆ। ਕੋਈ ਮੁਸਲਮਾਨ ਹੋਵੇ ਆਰਥੋਡਾਕਸ ਹੋਵੇ ਜਾਂ ਫਿਰ ਕੈਥੋਲਿਕ ਹੀ ਕਿਉਂ ਨਾ ਹੋਵੇ, ਸਾਰਿਆਂ ਉੱਤੇ ਪਾਬੰਦੀਆਂ ਲਗਾ ਦਿੱਤੀਆਂ ਗਈਆਂ। ਕਿਸੇ ਨੂੰ ਵੀ ਪਾਠ-ਪੂਜਾ ਕਰਨ ਦੀ ਇਜਾਜ਼ਤ ਨਹੀਂ ਸੀ। ਗਿਰਜੇ ਤੇ ਮਸਜਦਾਂ ਨੂੰ ਤਾਲੇ ਲਾ ਦਿੱਤੇ ਗਏ ਜਾਂ ਫਿਰ ਇਨ੍ਹਾਂ ਥਾਵਾਂ ਤੇ ਜਿਮਖ਼ਾਨੇ, ਮਿਊਜ਼ੀਅਮ ਜਾਂ ਮੰਡੀਆਂ ਬਣਾ ਦਿੱਤੀਆਂ ਗਈਆਂ। ਕਿਸੇ ਨੂੰ ਬਾਈਬਲ ਰੱਖਣ ਦਾ ਹੱਕ ਨਹੀਂ ਸੀ। ਲੋਕਾਂ ਨੂੰ ਪਰਮੇਸ਼ੁਰ ਵਿਚ ਵਿਸ਼ਵਾਸ ਅਤੇ ਉਸ ਦਾ ਨਾਮ ਤਕ ਜ਼ਬਾਨ ਤੇ ਲਿਆਉਣ ਦਾ ਹੱਕ ਨਹੀਂ ਸੀ।

ਇਸ ਸੰਕਟ-ਭਰੇ ਸਮੇਂ ਵਿਚ ਪ੍ਰਚਾਰ ਅਤੇ ਸਭਾਵਾਂ ਤੇ ਜਾਣਾ ਨਾਮੁਮਕਿਨ ਗੱਲ ਸੀ। ਗਵਾਹਾਂ ਨੇ ਇਕ-ਦੂਜੇ ਤੋਂ ਦੂਰ ਰਹਿ ਕੇ ਵੀ ਯਹੋਵਾਹ ਦੀ ਭਗਤੀ ਵਿਚ ਜੁੱਟੇ ਰਹਿਣ ਦੀ ਪੂਰੀ ਕੋਸ਼ਿਸ਼ ਕੀਤੀ। ਸੰਨ 1960 ਤੋਂ ਲੈ ਕੇ 1980 ਤਕ ਅਲਬਾਨੀਆ ਵਿਚ ਸਿਰਫ਼ ਮੁੱਠੀ ਭਰ ਗਵਾਹ ਹੀ ਸਨ। ਪਰ ਫਿਰ ਵੀ ਉਨ੍ਹਾਂ ਦੀ ਨਿਹਚਾ ਬੁਲੰਦ ਰਹੀ।

ਸੰਨ 1980 ਦੇ ਦਹਾਕੇ ਵਿਚ ਅਲਬਾਨੀਆ ਦੇ ਰਾਜਨੀਤਿਕ ਮਾਹੌਲ ਵਿਚ ਵੀ ਹੌਲੀ-ਹੌਲੀ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਗਈਆਂ। ਕੱਪੜੇ ਅਤੇ ਰੋਟੀ ਦੀ ਘਾਟ ਸੀ ਜਿਸ ਕਰਕੇ ਲੋਕ ਖ਼ੁਸ਼ ਨਹੀਂ ਸਨ। ਪੂਰਬੀ ਯੂਰਪ ਵਿਚ ਉੱਠੀ ਸੁਧਾਰ ਲਹਿਰ ਸਹਿਜੇ-ਸਹਿਜੇ 1990 ਦੇ ਸ਼ੁਰੂ ਵਿਚ ਅਲਬਾਨੀਆ ਵਿਚ ਵੀ ਪਹੁੰਚੀ। ਪੰਤਾਲੀ ਸਾਲ ਤਾਨਾਸ਼ਾਹੀ ਸਰਕਾਰ ਦੇ ਸ਼ਾਸਨ ਤੋਂ ਬਾਅਦ ਨਵੀਂ ਸਰਕਾਰ ਸੱਤਾ ਵਿਚ ਆਈ ਜਿਸ ਨੇ ਧਰਮਾਂ ਨੂੰ ਆਜ਼ਾਦੀ ਦਿੱਤੀ।

ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਨਿਰਦੇਸ਼ਨ ਥੱਲੇ ਆਸਟ੍ਰੀਆ ਅਤੇ ਯੂਨਾਨ ਦੇ ਬ੍ਰਾਂਚ ਆਫ਼ਿਸਾਂ ਨੇ ਅਲਬਾਨੀਆ ਦੇ ਭਰਾਵਾਂ ਦੀ ਮਦਦ ਕਰਨ ਲਈ ਉਨ੍ਹਾਂ ਨਾਲ ਸੰਪਰਕ ਕੀਤਾ। ਅਲਬਾਨੀ ਭਾਸ਼ਾ ਜਾਣਨ ਵਾਲੇ ਯੂਨਾਨੀ ਭਰਾ ਟਿਰਾਨਾ ਤੇ ਬੀਰੈਟ ਦੇ ਭੈਣ-ਭਰਾਵਾਂ ਲਈ ਅਲਬਾਨੀ ਭਾਸ਼ਾ ਵਿਚ ਬਾਈਬਲ ਸਾਹਿੱਤ ਲੈ ਕੇ ਆਏ। ਅਲਬਾਨੀਆਈ ਭੈਣ-ਭਰਾ ਜਦੋਂ ਇਨ੍ਹਾਂ ਵਿਦੇਸ਼ੀ ਭਰਾਵਾਂ ਨੂੰ ਪਹਿਲੀ ਦਫ਼ਾ ਮਿਲੇ, ਤਾਂ ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ।

ਵਿਦੇਸ਼ਾਂ ਤੋਂ ਆਏ ਪਾਇਨੀਅਰਾਂ ਨੇ ਅਗਵਾਈ ਕੀਤੀ

ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਨੇ 1992 ਦੇ ਸ਼ੁਰੂ ਵਿਚ ਮਾਈਕਲ ਤੇ ਲਿੰਡਾ ਡੀਗ੍ਰੇਗੋਰਯੋ ਨੂੰ ਅਲਬਾਨੀਆ ਪ੍ਰਚਾਰ ਦੇ ਕੰਮ ਲਈ ਭੇਜਿਆ। ਇਸ ਮਿਸ਼ਨਰੀ ਜੋੜੇ ਦਾ ਪਿਛੋਕੜ ਅਲਬਾਨੀਆ ਦਾ ਹੀ ਸੀ। ਇਹ ਇੱਥੇ ਪਹਿਲਾਂ ਵਫ਼ਾਦਾਰ ਬਜ਼ੁਰਗ ਭੈਣ-ਭਰਾਵਾਂ ਨੂੰ ਮਿਲੇ, ਤਾਂਕਿ ਇਕ ਵਾਰ ਫਿਰ ਉਹ ਅੰਤਰਰਾਸ਼ਟਰੀ ਭਾਈਚਾਰੇ ਵਜੋਂ ਇਕੱਠੇ ਹੋ ਸਕਣ। ਨਵੰਬਰ ਵਿਚ 16 ਮਿਹਨਤੀ ਇਤਾਲਵੀ ਸਪੈਸ਼ਲ ਪਾਇਨੀਅਰ ਜਾਂ ਪੂਰੇ ਸਮੇਂ ਦੇ ਪ੍ਰਚਾਰਕਾਂ ਦਾ ਇਕ ਗਰੁੱਪ ਅਲਬਾਨੀਆ ਆਇਆ। ਇਸ ਗਰੁੱਪ ਵਿਚ ਚਾਰ ਯੂਨਾਨੀ ਪਾਇਨੀਅਰ ਵੀ ਸਨ। ਇਨ੍ਹਾਂ ਪਾਇਨੀਅਰਾਂ ਦੀ ਅਲਬਾਨੀ ਭਾਸ਼ਾ ਸਿੱਖਣ ਵਿਚ ਮਦਦ ਕਰਨ ਲਈ ਇਕ ਸਕੂਲ ਸ਼ੁਰੂ ਕੀਤਾ ਗਿਆ।

ਇੱਥੇ ਦੀ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਇਨ੍ਹਾਂ ਵਿਦੇਸ਼ੀ ਪਾਇਨੀਅਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ। ਇਕ ਤਾਂ ਇੱਥੇ ਬਿਜਲੀ ਕਦੇ-ਕਦੇ ਆਉਂਦੀ ਸੀ, ਦੂਜਾ ਸਿਆਲਾਂ ਵਿਚ ਠੰਢ ਬਹੁਤ ਪੈਂਦੀ ਸੀ। ਰਾਸ਼ਨ ਲੈਣ ਲਈ ਲੋਕਾਂ ਨੂੰ ਘੰਟਿਆਂ ਬੱਧੀ ਲਾਈਨ ਵਿਚ ਖੜ੍ਹੇ ਹੋਣਾ ਪੈਂਦਾ ਸੀ। ਪਰ ਉਨ੍ਹਾਂ ਲਈ ਸਭ ਤੋਂ ਵੱਡੀ ਮੁਸ਼ਕਲ ਸੀ ਮੀਟਿੰਗਾਂ ਲਈ ਜਗ੍ਹਾ ਲੱਭਣੀ ਕਿਉਂਕਿ ਬਾਈਬਲ ਸਿੱਖਣ ਵਾਲੇ ਲੋਕ ਬਹੁਤ ਜ਼ਿਆਦਾ ਸਨ ਅਤੇ ਉਨ੍ਹਾਂ ਕੋਲ ਇੰਨੀ ਵੱਡੀ ਜਗ੍ਹਾ ਨਹੀਂ ਸੀ ਜਿੱਥੇ ਉਹ ਸਾਰੇ ਇਕੱਠੇ ਹੋ ਸਕਣ।

ਜਿਨ੍ਹਾਂ ਪਾਇਨੀਅਰਾਂ ਨੂੰ ਅਲਬਾਨੀ ਭਾਸ਼ਾ ਬੋਲਣ ਵਿਚ ਮੁਸ਼ਕਲ ਆਉਂਦੀ ਸੀ, ਉਨ੍ਹਾਂ ਨੂੰ ਇਹ ਗੱਲ ਜਲਦੀ ਹੀ ਸਮਝ ਆ ਗਈ ਕਿ ਉਨ੍ਹਾਂ ਨੂੰ ਅਲਬਾਨੀ ਭਾਸ਼ਾ ਦੇ ਮਾਹਰ ਬਣਨ ਦੀ ਲੋੜ ਨਹੀਂ। ਇਕ ਤਜਰਬੇਕਾਰ ਬਾਈਬਲ ਸਿੱਖਿਅਕ ਨੇ ਉਨ੍ਹਾਂ ਨੂੰ ਕਿਹਾ ਕਿ “ਸਾਨੂੰ ਆਪਣੇ ਭਰਾਵਾਂ ਨਾਲ ਗੱਲ ਕਰਨ, ਹੱਸਣ ਜਾਂ ਹੌਸਲਾ ਦੇਣ ਲਈ ਵਿਆਕਰਣ ਦੇ ਅਸੂਲਾਂ ਮੁਤਾਬਕ ਮੁਕੰਮਲ ਵਾਕ ਬਣਾਉਣ ਦੀ ਜ਼ਰੂਰਤ ਨਹੀਂ। ਅਲਬਾਨੀਆ ਦੇ ਲੋਕ ਸਾਡੇ ਪਿਆਰ ਦਾ ਹੁੰਗਾਰਾ ਭਰਨਗੇ, ਨਾ ਕਿ ਮੁਕੰਮਲ ਵਿਆਕਰਣ ਦਾ। ਫ਼ਿਕਰ ਨਾ ਕਰੋ ਉਹ ਤੁਹਾਡੀ ਗੱਲ ਸਮਝ ਲੈਣਗੇ।”

ਭਾਸ਼ਾ ਸਿੱਖਣ ਦਾ ਪਹਿਲਾ ਕੋਰਸ ਖ਼ਤਮ ਕਰਨ ਤੋਂ ਬਾਅਦ ਇਹ ਸਾਰੇ ਪਾਇਨੀਅਰ ਬੀਰੈਟ, ਡੋਰੈਸ, ਜੀਰੋਕਾਸਟਰ, ਸ਼ਕੋਡਰ, ਟਿਰਾਨਾ ਤੇ ਵਲੋਰੇ ਸ਼ਹਿਰ ਵਿਚ ਪ੍ਰਚਾਰ ਕਰਨ ਚਲੇ ਗਏ। ਇਨ੍ਹਾਂ ਸ਼ਹਿਰਾਂ ਵਿਚ ਥੋੜ੍ਹੇ ਕੁ ਸਮੇਂ ਵਿਚ ਕਈ ਕਲੀਸਿਯਾਵਾਂ ਬਣ ਗਈਆਂ। ਆਰੈਟੀ ਪੀਨਾ ਹੁਣ 80 ਕੁ ਸਾਲਾਂ ਦੀ ਹੈ ਅਤੇ ਉਸ ਦੀ ਸਿਹਤ ਵੀ ਇੰਨੀ ਠੀਕ ਨਹੀਂ ਰਹਿੰਦੀ, ਪਰ ਉਹ ਅਜੇ ਵੀ ਵਲੋਰੇ ਸ਼ਹਿਰ ਵਿਚ ਰਹਿੰਦੀ ਹੈ। ਆਰੈਟੀ ਨਾਲ ਪ੍ਰਚਾਰ ਕਰਨ ਲਈ ਦੋ ਸਪੈਸ਼ਲ ਪਾਇਨੀਅਰਾਂ ਨੂੰ ਇਸ ਸ਼ਹਿਰ ਵਿਚ ਭੇਜਿਆ ਗਿਆ ਸੀ। ਵਿਦੇਸ਼ੀਆਂ ਨੂੰ ਅਲਬਾਨੀ ਭਾਸ਼ਾ ਬੋਲਦੇ ਸੁਣ ਕੇ ਲੋਕ ਹੈਰਾਨ ਹੋ ਗਏ। ਉਨ੍ਹਾਂ ਕਿਹਾ: “ਦੂਸਰੇ ਧਰਮਾਂ ਦੇ ਮਿਸ਼ਨਰੀ ਕਹਿੰਦੇ ਹਨ ਕਿ ਜੇ ਅਸੀਂ ਉਨ੍ਹਾਂ ਤੋਂ ਕੁਝ ਸਿੱਖਣਾ ਚਾਹੁੰਦੇ ਹਾਂ, ਤਾਂ ਪਹਿਲਾਂ ਸਾਨੂੰ ਅੰਗ੍ਰੇਜ਼ੀ ਜਾਂ ਇਤਾਲਵੀ ਭਾਸ਼ਾ ਸਿੱਖਣੀ ਪਵੇਗੀ। ਪਰ ਤੁਸੀਂ ਲੋਕ ਸੱਚ-ਮੁੱਚ ਸਾਨੂੰ ਪਿਆਰ ਕਰਦੇ ਹੋ ਅਤੇ ਸਾਨੂੰ ਕੁਝ ਜ਼ਰੂਰੀ ਗੱਲਾਂ ਦੱਸਣੀਆਂ ਚਾਹੁੰਦੇ ਹੋ, ਤਾਈਓਂ ਤਾਂ ਤੁਸੀਂ ਸਾਡੀ ਭਾਸ਼ਾ ਬੋਲਣੀ ਸਿੱਖੀ!” ਜਨਵਰੀ 1994 ਵਿਚ ਆਰੈਟੀ ਦੀ ਮੌਤ ਹੋ ਗਈ ਅਤੇ ਉਹ ਮਰਦੇ ਦਮ ਤਕ ਵਫ਼ਾਦਾਰ ਰਹੀ। ਆਪਣੀ ਜ਼ਿੰਦਗੀ ਦੇ ਅਖ਼ੀਰਲੇ ਮਹੀਨੇ ਵਿਚ ਵੀ ਉਹ ਪ੍ਰਚਾਰ ਕਰਦੀ ਰਹੀ। ਯਹੋਵਾਹ ਦੀ ਬਰਕਤ ਸਦਕਾ ਆਰੈਟੀ ਅਤੇ ਪਾਇਨੀਅਰਾਂ ਦੀ ਮਿਹਨਤ ਰੰਗ ਲਿਆਈ। ਵਲੋਰੇ ਸ਼ਹਿਰ ਦੀ ਕਲੀਸਿਯਾ 1995 ਵਿਚ ਦੁਬਾਰਾ ਸਥਾਪਿਤ ਹੋ ਗਈ। ਅੱਜ ਤਿੰਨ ਕਲੀਸਿਯਾਵਾਂ ਇਸ ਸ਼ਹਿਰ ਵਿਚ ਪ੍ਰਚਾਰ ਕੰਮ ਵਿਚ ਮਸਰੂਫ਼ ਹਨ।

ਪੂਰੇ ਦੇਸ਼ ਵਿਚ ਲੋਕ ਪਰਮੇਸ਼ੁਰ ਦੇ ਗਿਆਨ ਦੇ ਪਿਆਸੇ ਸਨ ਜਿਸ ਕਰਕੇ ਉਹ ਸਾਰੇ ਧਰਮਾਂ ਦਾ ਆਦਰ ਕਰਦੇ ਸਨ। ਇਸ ਲਈ ਗਵਾਹਾਂ ਤੋਂ ਮਿਲੀਆਂ ਬਾਈਬਲ-ਆਧਾਰਿਤ ਕਿਤਾਬਾਂ ਉਹ ਝੱਟ ਪੜ੍ਹ ਲੈਂਦੇ ਸਨ ਅਤੇ ਕਈ ਨੌਜਵਾਨਾਂ ਨੇ ਬਾਈਬਲ ਦੀ ਸਟੱਡੀ ਕਰ ਕੇ ਜਲਦ ਹੀ ਤਰੱਕੀ ਕੀਤੀ।

ਅੱਜ ਕਈ ਗਰੁੱਪ ਅਤੇ 90 ਤੋਂ ਜ਼ਿਆਦਾ ਕਲੀਸਿਯਾਵਾਂ ‘ਨਿਹਚਾ ਵਿੱਚ ਤਕੜੀਆਂ ਹੁੰਦੀਆਂ ਅਤੇ ਗਿਣਤੀ ਵਿੱਚ ਦਿਨੋ ਦਿਨ ਵਧਦੀਆਂ’ ਜਾਂਦੀਆਂ ਹਨ। (ਰਸੂਲਾਂ ਦੇ ਕਰਤੱਬ 16:5) ਅਲਬਾਨੀਆ ਵਿਚ 3,513 ਭੈਣ-ਭਰਾਵਾਂ ਨੇ ਅਜੇ ਕਾਫ਼ੀ ਕੰਮ ਕਰਨਾ ਹੈ। ਮਾਰਚ 2005 ਵਿਚ ਯਿਸੂ ਦੀ ਮੌਤ ਦੀ ਯਾਦਗਾਰ ਤੇ 10,144 ਲੋਕ ਹਾਜ਼ਰ ਸਨ। ਅਲਬਾਨੀਆ ਦੇ ਮਹਿਮਾਨਨਿਵਾਜ਼ੀ ਕਰਨ ਵਾਲੇ ਲੋਕਾਂ ਨੂੰ ਪ੍ਰਚਾਰ ਕਰਨ ਨਾਲ ਅੱਜ ਉੱਥੇ 6,000 ਤੋਂ ਜ਼ਿਆਦਾ ਬਾਈਬਲ ਸਟੱਡੀਆਂ ਕਰਾਈਆਂ ਜਾ ਰਹੀਆਂ ਹਨ। ਤਾਂ ਫਿਰ ਹਾਲ ਹੀ ਵਿਚ ਅਲਬਾਨੀ ਭਾਸ਼ਾ ਵਿਚ ਰਿਲੀਸ ਹੋਈ ਨਿਊ ਵਰਲਡ ਟ੍ਰਾਂਸਲੇਸ਼ਨ ਤੋਂ ਹਜ਼ਾਰਾਂ ਲੋਕ ਫ਼ਾਇਦਾ ਉਠਾਉਣਗੇ। ਸੱਚ-ਮੁੱਚ ਯਹੋਵਾਹ ਦਾ ਬਚਨ “ਉਕਾਬ ਦੇ ਦੇਸ਼” ਵਿਚ ਬੁਲੰਦ ਹੈ ਅਤੇ ਉਸ ਦੇ ਨਾਮ ਨੂੰ ਉੱਚਾ ਕਰ ਰਿਹਾ ਹੈ।

[ਫੁਟਨੋਟ]

^ ਪੈਰਾ 10 ਪਹਿਰਾਬੁਰਜ (ਅੰਗ੍ਰੇਜ਼ੀ) 1 ਦਸੰਬਰ 1968 ਵਿਚ ਭਰਾ ਥਾਨਾਸ ਡੂਲੀ ਦੀ ਕਹਾਣੀ ਪੜ੍ਹੋ।

^ ਪੈਰਾ 18 ਪਹਿਰਾਬੁਰਜ (ਅੰਗ੍ਰੇਜ਼ੀ) 1 ਜਨਵਰੀ 1996 ਵਿਚ ਭਰਾ ਨਾਸ਼ੋ ਡੋਰੀ ਦੀ ਕਹਾਣੀ ਪੜ੍ਹੋ।

^ ਪੈਰਾ 20 ਪਹਿਰਾਬੁਰਜ 1 ਜਨਵਰੀ 2002 ਵਿਚ ਜੌਨ ਮਾਰਕਸ ਦੀ ਪਤਨੀ ਹੈਲਨ ਦੀ ਕਹਾਣੀ ਪੜ੍ਹੋ।

[ਸਫ਼ੇ 20 ਉੱਤੇ ਡੱਬੀ]

ਕੋਸੋਵੋ ਵਿੱਚੋਂ ਨਸਲੀ ਭੇਦ-ਭਾਵ ਮੁੱਕ ਗਿਆ!

ਕੋਸੋਵੋ ਦਾ ਨਾਂ 1990 ਦੇ ਦਹਾਕੇ ਦੇ ਅਖ਼ੀਰਲੇ ਸਾਲਾਂ ਵਿਚ ਹਰ ਕਿਸੇ ਦੀ ਜ਼ਬਾਨ ਤੇ ਸੀ। ਇਸ ਦਾ ਕਾਰਨ ਸੀ ਇੱਥੇ ਹੋ ਰਹੀ ਲੜਾਈ ਜੋ ਇਲਾਕਿਆਂ ਉੱਤੇ ਕਬਜ਼ਾ ਕਰਨ ਅਤੇ ਨਸਲੀ ਭੇਦ-ਭਾਵ ਕਰਕੇ ਸ਼ੁਰੂ ਹੋਈ ਸੀ। ਲੜਾਈ ਇੰਨੀ ਵਧ ਗਈ ਸੀ ਕਿ ਹੋਰ ਦੇਸ਼ਾਂ ਨੂੰ ਵੀ ਦਖ਼ਲਅੰਦਾਜ਼ੀ ਕਰਨੀ ਪਈ।

ਬਾਲਕਨ ਦੇਸ਼ਾਂ ਵਿਚ ਲੜਾਈ ਦੇ ਦੌਰਾਨ ਕਈ ਯਹੋਵਾਹ ਦੇ ਗਵਾਹਾਂ ਨੇ ਲਾਗਲੇ ਦੇਸ਼ਾਂ ਵਿਚ ਪਨਾਹ ਲਈ। ਲੜਾਈ ਬੰਦ ਹੋਣ ਤੋਂ ਬਾਅਦ ਕੁਝ ਵਾਪਸ ਕੋਸੋਵੋ ਆਏ ਅਤੇ ਪ੍ਰਚਾਰ ਦੇ ਕੰਮ ਵਿਚ ਫਿਰ ਤੋਂ ਲੱਗ ਗਏ। ਕਈ ਅਲਬਾਨੀਆਈ ਅਤੇ ਇਤਾਲਵੀ ਸਪੈਸ਼ਲ ਪਾਇਨੀਅਰਾਂ ਨੇ ਕੋਸੋਵੋ ਦੇ ਭੈਣ-ਭਰਾਵਾਂ ਦੀ 23,50,000 ਲੋਕਾਂ ਨੂੰ ਪ੍ਰਚਾਰ ਕਰਨ ਵਿਚ ਮਦਦ ਕੀਤੀ। ਕੋਸੋਵੋ ਵਿਚ ਅੱਜ ਚਾਰ ਕਲੀਸਿਯਾਵਾਂ ਅਤੇ ਛੇ ਸਰਗਰਮ ਗਰੁੱਪ ਹਨ ਜਿਨ੍ਹਾਂ ਵਿਚ 130 ਪ੍ਰਕਾਸ਼ਕ ਯਹੋਵਾਹ ਦੀ ਭਗਤੀ ਕਰ ਰਹੇ ਹਨ।

ਬਸੰਤ 2003 ਵਿਚ ਪ੍ਰੀਸ਼ਟੀਨਾ ਸ਼ਹਿਰ ਵਿਚ ਹੋਏ ਇਕ ਖ਼ਾਸ ਸੰਮੇਲਨ ਵਿਚ 252 ਜਣੇ ਹਾਜ਼ਰ ਹੋਏ ਸਨ। ਇਨ੍ਹਾਂ ਵਿਚ ਅਲਬਾਨੀਆਈ, ਇਤਾਲਵੀ, ਸਰਬੀਆਈ, ਜਰਮਨ ਅਤੇ ਜਿਪਸੀ ਲੋਕ ਵੀ ਸਨ। ਬਪਤਿਸਮੇ ਦੇ ਭਾਸ਼ਣ ਤੋਂ ਬਾਅਦ ਭਾਸ਼ਣਕਾਰ ਨੇ ਦੋ ਸਵਾਲ ਪੁੱਛੇ। ਬਪਤਿਸਮੇ ਦੇ ਤਿੰਨ ਉਮੀਦਵਾਰਾਂ ਨੇ ਖੜ੍ਹੇ ਹੋ ਕੇ ਇਨ੍ਹਾਂ ਸਵਾਲਾਂ ਦਾ ਜਵਾਬ ਦ੍ਰਿੜ੍ਹਤਾ ਨਾਲ ਦਿੱਤਾ। ਇਨ੍ਹਾਂ ਵਿੱਚੋਂ ਇਕ ਅਲਬਾਨੀਆਈ, ਇਕ ਜਿਪਸੀ ਅਤੇ ਇਕ ਸਰਬੀਆਈ ਸੀ।

ਬਪਤਿਸਮਾ ਲੈਣ ਵਾਲੇ ਉਮੀਦਵਾਰਾਂ ਦਾ ਉੱਚੀ ਆਵਾਜ਼ ਵਿਚ “ਵਾ!,” “ਡਾ!” ਅਤੇ “ਪੋ!” ਜਵਾਬ ਸੁਣ ਕੇ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਉਮੀਦਵਾਰਾਂ ਨੇ ਇਕ-ਦੂਜੇ ਨੂੰ ਗਲਵੱਕੜੀ ਪਾਈ। ਇਸ ਦੇਸ਼ ਦੇ ਲੋਕਾਂ ਵਿਚ ਜੋ ਨਸਲੀ ਭੇਤ-ਭਾਵ ਕੁੱਟ-ਕੁੱਟ ਕੇ ਭਰਿਆ ਹੋਇਆ ਹੈ, ਆਖ਼ਰ ਉਸ ਤੋਂ ਇਨ੍ਹਾਂ ਤਿੰਨਾਂ ਨੇ ਛੁਟਕਾਰਾ ਪਾ ਹੀ ਲਿਆ।

[ਸਫ਼ੇ 17 ਉੱਤੇ ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਭੂਮੱਧ ਸਾਗਰ

ਇਟਲੀ

ਅਲਬਾਨੀਆ

ਯੂਨਾਨ

[ਸਫ਼ੇ 18 ਉੱਤੇ ਤਸਵੀਰ]

ਨੌਜਵਾਨ ਗਵਾਹ ਜੋਸ਼ੀਲੇ ਬਜ਼ੁਰਗ ਗਵਾਹਾਂ ਦੀ ਨਕਲ ਕਰਦੇ ਹਨ

[ਸਫ਼ੇ 18 ਉੱਤੇ ਤਸਵੀਰ]

ਆਰੈਟੀ ਪੀਨਾ 1928 ਤੋਂ ਲੈ ਕੇ 1994 ਵਿਚ ਆਪਣੀ ਮੌਤ ਤਕ ਵਫ਼ਾਦਾਰ ਰਹੀ

[ਸਫ਼ੇ 19 ਉੱਤੇ ਤਸਵੀਰ]

ਵਿਦੇਸ਼ੀ ਪਾਇਨੀਅਰਾਂ ਦਾ ਪਹਿਲਾ ਗਰੁੱਪ ਜਿਸ ਨੇ ਅਲਬਾਨੀ ਭਾਸ਼ਾ ਸਿੱਖਣੀ ਸ਼ੁਰੂ ਕੀਤੀ

[ਸਫ਼ੇ 16 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Eagle: © Brian K. Wheeler/VIREO