ਤੁਹਾਡੀ ਜ਼ਿੰਦਗੀ ਨੂੰ ਕਿਹੋ ਜਿਹੀ ਸਿੱਖਿਆ ਕਾਮਯਾਬ ਬਣਾ ਸਕਦੀ ਹੈ?
ਤੁਹਾਡੀ ਜ਼ਿੰਦਗੀ ਨੂੰ ਕਿਹੋ ਜਿਹੀ ਸਿੱਖਿਆ ਕਾਮਯਾਬ ਬਣਾ ਸਕਦੀ ਹੈ?
ਕੀ ਤੁਸੀਂ ਕਦੇ ਇਵੇਂ ਮਹਿਸੂਸ ਕੀਤਾ ਹੈ ਕਿ ਤੁਸੀਂ ਮੁਸ਼ਕਲਾਂ ਨਾਲ ਘਿਰਦੇ ਹੀ ਜਾ ਰਹੇ ਹੋ? ਜ਼ਰਾ ਸੋਚੋ ਕਿ ਇਸ ਹਾਲਤ ਵਿਚ ਗ਼ਲਤ ਫ਼ੈਸਲਾ ਕਰਨ ਨਾਲ ਤੁਹਾਨੂੰ ਕਿੰਨਾ ਦੁੱਖ ਭੋਗਣਾ ਪੈ ਸਕਦਾ ਹੈ! ਸਾਡੇ ਵਿੱਚੋਂ ਕੋਈ ਵੀ ਅਜਿਹਾ ਇਨਸਾਨ ਨਹੀਂ ਹੈ ਜੋ ਹਰ ਮੁਸ਼ਕਲ ਦਾ ਹੱਲ ਕਰਨ ਜਾਂ ਹਰ ਵੇਲੇ ਸਹੀ ਫ਼ੈਸਲਾ ਕਰਨ ਦੀ ਯੋਗਤਾ ਨਾਲ ਪੈਦਾ ਹੋਇਆ ਹੋਵੇ। ਇਸ ਲਈ ਸਾਨੂੰ ਸਾਰਿਆਂ ਨੂੰ ਸਿੱਖਿਆ ਲੈਣ ਦੀ ਲੋੜ ਹੈ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਸੀਂ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਸਿੱਖਿਆ ਕਿੱਥੋਂ ਹਾਸਲ ਕਰ ਸਕਦੇ ਹਾਂ?
ਬਹੁਤ ਸਾਰੇ ਲੋਕ, ਛੋਟੇ ਜਾਂ ਵੱਡੇ, ਸਕੂਲ ਅਤੇ ਕਾਲਜ ਦੀ ਸਿੱਖਿਆ ਨੂੰ ਬਹੁਤ ਹੀ ਜ਼ਰੂਰੀ ਸਮਝਦੇ ਹਨ। ਕੁਝ ਮਾਹਰ ਤਾਂ ਇਹ ਵੀ ਕਹਿੰਦੇ ਹਨ ਕਿ ਉਨ੍ਹਾਂ ਨੂੰ “ਪੂਰਾ ਵਿਸ਼ਵਾਸ ਹੈ ਕਿ ਕਾਲਜ ਦੀ ਡਿਗਰੀ ਤੋਂ ਬਿਨਾਂ ਕਦੇ ਕੋਈ [ਚੰਗੀ] ਨੌਕਰੀ ਨਹੀਂ ਮਿਲ ਸਕਦੀ।” ਪਰ ਅਸਲੀਅਤ ਤਾਂ ਇਹ ਹੈ ਕਿ ਜ਼ਿੰਦਗੀ ਦੀਆਂ ਕੁਝ ਅਜਿਹੀਆਂ ਜ਼ਰੂਰਤਾਂ ਵੀ ਹਨ ਜੋ ਪੜ੍ਹਾਈ ਪੂਰੀਆਂ ਨਹੀਂ ਕਰ ਸਕਦੀ। ਮਿਸਾਲ ਲਈ, ਕੀ ਕਾਲਜ ਦੀ ਪੜ੍ਹਾਈ ਕਰਨ ਨਾਲ ਤੁਸੀਂ ਇਕ ਚੰਗਾ ਮਾਪਾ, ਚੰਗਾ ਜੀਵਨ-ਸਾਥੀ ਜਾਂ ਚੰਗਾ ਦੋਸਤ ਬਣ ਸਕਦੇ ਹੋ? ਸੱਚ ਤਾਂ ਇਹ ਹੈ ਕਿ ਜਿਨ੍ਹਾਂ ਪੜ੍ਹੇ-ਲਿਖੇ ਲੋਕਾਂ ਨੂੰ ਦੁਨੀਆਂ ਵਿਚ ਬੁੱਧਵਾਨ ਸਮਝਿਆ ਜਾਂਦਾ ਹੈ, ਉਨ੍ਹਾਂ ਵਿਚ ਵੀ ਬੁਰੀਆਂ ਆਦਤਾਂ ਪੈਦਾ ਹੋ ਸਕਦੀਆਂ ਹਨ, ਉਹ ਵੀ ਸ਼ਾਇਦ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਵਿਚ ਨਾਕਾਮਯਾਬ ਹੋਣ ਜਾਂ ਫਿਰ ਨਿਰਾਸ਼ਾ ਵਿਚ ਡੁੱਬੇ ਰਹਿਣ ਕਰਕੇ ਆਤਮ-ਹੱਤਿਆ ਕਰ ਬੈਠਣ।
ਕੁਝ ਲੋਕ ਸੇਧ ਲਈ ਧਰਮ ਦਾ ਦਰਵਾਜ਼ਾ ਖਟਖਟਾਉਂਦੇ ਹਨ, ਪਰ ਨਿਰਾਸ਼ਾ ਤੋਂ ਸਿਵਾਇ ਉਨ੍ਹਾਂ ਦੇ ਹੱਥ ਕੁਝ ਨਹੀਂ ਲੱਗਦਾ ਕਿਉਂਕਿ ਉਨ੍ਹਾਂ ਨੂੰ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਕੋਈ ਮਦਦ ਨਹੀਂ ਮਿਲਦੀ। ਉਦਾਹਰਣ ਵਜੋਂ, ਮੈਕਸੀਕੋ ਦੀ ਰਹਿਣ ਵਾਲੀ ਏਮੀਲਿਆ * ਦੀ ਗੱਲ ਵੱਲ ਧਿਆਨ ਦਿਓ। ਉਹ ਕਹਿੰਦੀ ਹੈ: “ਇਹ ਕੁਝ 15 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਮੇਰੇ ਪਤੀ ਨਾਲ ਮੇਰੀ ਜ਼ਰਾ ਵੀ ਨਹੀਂ ਸੀ ਬਣਦੀ। ਮੈਨੂੰ ਲੱਗਦਾ ਸੀ ਕਿ ਸਾਡੇ ਵਿਆਹ ਦਾ ਬੰਧਨ ਟੁੱਟਣ ਦੀ ਨੌਬਤ ਤਕ ਪਹੁੰਚ ਗਿਆ ਸੀ। ਦਿਨ-ਰਾਤ ਸਾਡੀ ਤੂੰ-ਤੂੰ ਮੈਂ-ਮੈਂ ਹੁੰਦੀ ਰਹਿੰਦੀ ਸੀ। ਮੇਰੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਹ ਸ਼ਰਾਬ ਪੀਣੋਂ ਨਹੀਂ ਸੀ ਹਟਦੇ। ਮੈਨੂੰ ਅਕਸਰ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਇਕੱਲਿਆਂ ਘਰ ਛੱਡ ਕੇ ਆਪਣੇ ਪਤੀ ਨੂੰ ਲੱਭਣ ਜਾਣਾ ਪੈਂਦਾ ਸੀ। ਮੇਰੀ ਤਾਂ ਬਸ ਹੋ ਗਈ ਸੀ। ਆਪਣੀ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਵਿਚ ਮੈਂ ਕਈ ਵਾਰ ਚਰਚ ਗਈ। ਭਾਵੇਂ ਉੱਥੇ ਬਾਈਬਲ ਕਦੇ-ਕਦੇ ਵਰਤੀ ਜਾਂਦੀ ਸੀ, ਪਰ ਮੈਨੂੰ ਆਪਣੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਕੋਈ ਸਲਾਹ ਨਹੀਂ ਮਿਲੀ ਅਤੇ ਨਾ ਹੀ ਉੱਥੇ ਕਿਸੇ ਨੇ ਮੇਰੀ ਮਦਦ ਕੀਤੀ। ਚਰਚ ਵਿਚ ਕੁਝ ਸਮੇਂ ਲਈ ਬੈਠ ਕੇ ਤੇ ਕੁਝ ਪ੍ਰਾਰਥਨਾਵਾਂ ਦੁਹਰਾ ਕੇ ਮੈਨੂੰ ਕੋਈ ਤਸੱਲੀ ਨਹੀਂ ਮਿਲੀ।” ਦੂਸਰੇ ਲੋਕ ਸ਼ਾਇਦ ਇਹ ਦੇਖ ਕੇ ਨਿਰਾਸ਼ ਹੋ ਜਾਣ ਕਿ ਉਨ੍ਹਾਂ ਦੇ ਗੁਰੂ ਜਾਂ ਪਾਦਰੀ ਵੀ ਲੋਕਾਂ ਲਈ ਚੰਗੀ ਮਿਸਾਲ ਕਾਇਮ ਨਹੀਂ ਕਰ ਰਹੇ। ਨਤੀਜੇ ਵਜੋਂ ਕਈਆਂ ਦਾ ਧਰਮ ਤੋਂ ਭਰੋਸਾ ਉੱਠ ਜਾਂਦਾ ਹੈ ਅਤੇ ਉਹ ਮੰਨਦੇ ਨਹੀਂ ਕਿ ਜ਼ਿੰਦਗੀ ਵਿਚ ਕਾਮਯਾਬ ਬਣਨ ਲਈ ਉਨ੍ਹਾਂ ਨੂੰ ਧਾਰਮਿਕ ਸਿੱਖਿਆ ਹਾਸਲ ਕਰਨ ਦੀ ਲੋੜ ਹੈ।
ਇਸ ਲਈ ਤੁਸੀਂ ਸ਼ਾਇਦ ਆਪਣੇ ਆਪ ਤੋਂ ਪੁੱਛੋ, ‘ਜ਼ਿੰਦਗੀ ਵਿਚ ਕਾਮਯਾਬ ਬਣਨ ਲਈ ਮੈਨੂੰ ਕਿਹੋ ਜਿਹੀ ਸਿੱਖਿਆ ਲੈਣ ਦੀ ਲੋੜ ਹੈ?’ ਕੀ ਬਾਈਬਲ ਵਿਚ ਦਿੱਤੀ ਗਈ ਯਿਸੂ ਦੀ ਸਿੱਖਿਆ ਇਸ ਸਵਾਲ ਦਾ ਜਵਾਬ ਦਿੰਦੀ ਹੈ? ਇਸ ਦੀ ਚਰਚਾ ਅਗਲੇ ਲੇਖ ਵਿਚ ਕੀਤੀ ਜਾਵੇਗੀ।
[ਫੁਟਨੋਟ]
^ ਪੈਰਾ 4 ਨਾਂ ਬਦਲਿਆ ਗਿਆ ਹੈ।