ਕੀ ਇਸ ਦੁਨੀਆਂ ਨੂੰ ਸੱਚ-ਮੁੱਚ ਕੋਈ ਬਦਲ ਸਕਦਾ ਹੈ?
ਕੀ ਇਸ ਦੁਨੀਆਂ ਨੂੰ ਸੱਚ-ਮੁੱਚ ਕੋਈ ਬਦਲ ਸਕਦਾ ਹੈ?
“ਗ਼ਰੀਬ ਲੋਕਾਂ ਦੀ ਦਿਲੀ ਤਮੰਨਾ ਇਹੀ ਹੈ ਕਿ ਉਹ ਖ਼ੁਸ਼ੀ ਤੇ ਅਮਨ-ਚੈਨ ਦਾ ਆਨੰਦ ਮਾਣਨ ਅਤੇ ਉਨ੍ਹਾਂ ਨੂੰ ਆਪਣੀਆਂ ਜ਼ਿੰਦਗੀਆਂ ਸੁਧਾਰਨ ਦੇ ਮੌਕੇ ਦਿੱਤੇ ਜਾਣ। ਉਹ ਚਾਹੁੰਦੇ ਹਨ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਨੀਤੀਆਂ ਸਾਰਿਆਂ ਦੇ ਭਲੇ ਨੂੰ ਧਿਆਨ ਵਿਚ ਰੱਖ ਕੇ ਬਣਾਈਆਂ ਜਾਣ ਤਾਂਕਿ ਅਮੀਰ ਦੇਸ਼ ਅਤੇ ਅਮੀਰ ਕੰਪਨੀਆਂ ਆਪਣੀ ਧੌਂਸ ਜਮਾ ਕੇ ਉਨ੍ਹਾਂ ਦੀ ਕੀਤੀ-ਕਰਾਈ ਮਿਹਨਤ ਉੱਤੇ ਪਾਣੀ ਨਾ ਫੇਰ ਦੇਣ।”
ਇਕ ਅੰਤਰਰਾਸ਼ਟਰੀ ਰਾਹਤ ਸੰਸਥਾ ਦੀ ਡਾਇਰੈਕਟਰ ਨੇ ਇਸ ਤਰ੍ਹਾਂ ਗ਼ਰੀਬ ਲੋਕਾਂ ਦੀਆਂ ਉਮੀਦਾਂ ਅਤੇ ਖ਼ਾਹਸ਼ਾਂ ਬਾਰੇ ਦੱਸਿਆ। ਅਸਲ ਵਿਚ ਉਸ ਦੇ ਇਹ ਸ਼ਬਦ ਉਨ੍ਹਾਂ ਸਾਰਿਆਂ ਲੋਕਾਂ ਦੀਆਂ ਭਾਵਨਾਵਾਂ ਜ਼ਾਹਰ ਕਰਦੇ ਹਨ ਜੋ ਦੁਨੀਆਂ ਭਰ ਵਿਚ ਆਫ਼ਤਾਂ ਅਤੇ ਬੇਇਨਸਾਫ਼ੀ ਦੇ ਸ਼ਿਕਾਰ ਹਨ। ਇਹ ਸਭ ਲੋਕ ਸ਼ਾਂਤੀ ਅਤੇ ਅਮਨ-ਚੈਨ ਦੀ ਜ਼ਿੰਦਗੀ ਚਾਹੁੰਦੇ ਹਨ। ਕੀ ਉਨ੍ਹਾਂ ਦਾ ਇਹ ਸੁਪਨਾ ਕਦੇ ਪੂਰਾ ਹੋਵੇਗਾ? ਕੀ ਇਸ ਬੇਇਨਸਾਫ਼ ਦੁਨੀਆਂ ਨੂੰ ਬਦਲਣ ਦੀ ਕਿਸੇ ਵਿਚ ਤਾਕਤ ਤੇ ਕਾਬਲੀਅਤ ਹੈ?
ਤਬਦੀਲੀਆਂ ਲਿਆਉਣ ਦੀਆਂ ਕੋਸ਼ਿਸ਼ਾਂ
ਬਹੁਤ ਸਾਰੇ ਲੋਕਾਂ ਨੇ ਸੁਧਾਰ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਮਿਸਾਲ ਲਈ, 19ਵੀਂ ਸਦੀ ਵਿਚ ਫਲੋਰੈਂਸ ਨਾਈਟਿੰਗੇਲ ਨਾਂ ਦੀ ਇਕ ਅੰਗ੍ਰੇਜ਼ ਔਰਤ ਨੇ ਨਰਸ ਵਜੋਂ ਆਪਣੀ ਪੂਰੀ ਜ਼ਿੰਦਗੀ ਬੀਮਾਰ ਲੋਕਾਂ ਦੀ ਦੇਖ-ਭਾਲ ਕਰਨ ਵਿਚ ਲਗਾ ਦਿੱਤੀ। ਉਸ ਨੇ ਹਸਪਤਾਲ ਵਿਚ ਸਾਫ਼-ਸਫ਼ਾਈ ਰੱਖਣ ਦੀ ਬਹੁਤ ਕੋਸ਼ਿਸ਼ ਕੀਤੀ। ਉਸ ਸਮੇਂ ਐਂਟੀਸੈਪਟਿਕ ਅਤੇ ਐਂਟੀਬਾਇਓਟਿਕਸ ਵਰਗੀਆਂ ਦਵਾਈਆਂ ਨਹੀਂ ਸਨ। ਹਸਪਤਾਲਾਂ ਵਿਚ ਅੱਜ ਵਾਂਗ ਲੋਕਾਂ ਦੀ ਦੇਖ-ਭਾਲ ਨਹੀਂ ਕੀਤੀ ਜਾਂਦੀ ਸੀ। ਇਕ ਕਿਤਾਬ ਦੱਸਦੀ ਹੈ ਕਿ “ਨਰਸਾਂ ਨਾ ਹੀ ਪੜ੍ਹੀਆਂ-ਲਿਖੀਆਂ ਸਨ ਅਤੇ ਨਾ ਹੀ ਸਫ਼ਾਈ ਰੱਖਦੀਆਂ ਸਨ। ਉਹ ਸਭ ਬੇਹਿਸਾਬੀ ਸ਼ਰਾਬ ਪੀਣ ਅਤੇ ਅਨੈਤਿਕ ਕੰਮਾਂ ਲਈ ਮਸ਼ਹੂਰ ਸਨ।” ਕੀ ਫਲੋਰੈਂਸ ਨਾਈਟਿੰਗੇਲ ਨੇ ਬੀਮਾਰਾਂ ਦੀ ਦੇਖ-ਭਾਲ ਕਰਨ ਵਿਚ ਸੁਧਾਰ ਲਿਆਂਦਾ? ਹਾਂ ਬਿਲਕੁਲ। ਇਸੇ ਤਰ੍ਹਾਂ ਕਈ ਹੋਰ ਨਿਰਸੁਆਰਥ ਲੋਕ ਵੀ ਦੂਸਰਿਆਂ ਦੀ ਮਦਦ ਕਰਨ ਵਿਚ ਬਹੁਤ ਕਾਮਯਾਬ ਹੋਏ ਹਨ। ਮਿਸਾਲ ਲਈ, ਕਈਆਂ ਨੇ ਪੜ੍ਹਾਈ-ਲਿਖਾਈ, ਵਿੱਦਿਆ, ਡਾਕਟਰੀ ਇਲਾਜ, ਘਰਾਂ ਦੀ ਥੁੜ੍ਹ ਅਤੇ ਖ਼ੁਰਾਕ ਦੀ ਕਮੀ ਵਰਗੀਆਂ ਮੁਸ਼ਕਲਾਂ ਦਾ ਹੱਲ ਕਰ ਕੇ ਅਨੇਕ ਲੋਕਾਂ ਦੀ ਮਦਦ ਕੀਤੀ ਹੈ। ਨਤੀਜੇ ਵਜੋਂ ਲੱਖਾਂ ਗ਼ਰੀਬ ਲੋਕਾਂ ਦੀ ਜ਼ਿੰਦਗੀ ਕਾਫ਼ੀ ਹੱਦ ਤਕ ਸੁਧਰ ਗਈ।
ਜੀ ਹਾਂ, ਬਹੁਤ ਸਾਰੇ ਲੋਕਾਂ ਨੇ ਦੁਨੀਆਂ ਵਿਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਫਿਰ ਵੀ ਅਸਲੀਅਤ ਤਾਂ ਇਹ ਹੈ ਕਿ ਹਾਲੇ ਵੀ ਕਰੋੜਾਂ ਲੋਕਾਂ ਨੂੰ ਯੁੱਧ, ਜ਼ੁਲਮ, ਬੀਮਾਰੀਆਂ, ਭੁੱਖਮਰੀ ਅਤੇ ਹੋਰਨਾਂ ਭਿਆਨਕ ਘਟਨਾਵਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਆਇਰਲੈਂਡ ਦੇ ਇਕ ਸਹਾਇਤਾ ਵਿਭਾਗ ਨੇ ਕਿਹਾ: “ਗ਼ਰੀਬੀ ਦੇ ਕਾਰਨ ਹਰ ਦਿਨ 30,000 ਲੋਕ ਮਰਦੇ ਹਨ।” ਅਨੇਕ ਲੋਕਾਂ ਨੇ ਗ਼ੁਲਾਮੀ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਫਿਰ ਵੀ ਅੱਜ ਬਹੁਤ ਸਾਰੇ ਲੋਕ ਗ਼ੁਲਾਮੀ ਦੀ ਜ਼ਿੱਲਤ ਭਰੀ ਜ਼ਿੰਦਗੀ ਬਿਤਾ ਰਹੇ ਹਨ। ਇਕ ਕਿਤਾਬ ਕਹਿੰਦੀ ਹੈ: ‘ਬਹੁਤੇ ਲੋਕ ਮੰਨਦੇ ਹਨ ਕਿ ਸਿਰਫ਼ ਪੁਰਾਣੇ ਜ਼ਮਾਨੇ ਵਿਚ ਹੀ ਲੋਕਾਂ ਨੂੰ ਗ਼ੁਲਾਮ ਬਣਾਇਆ ਜਾਂਦਾ ਸੀ। ਪਰ ਅਸਲੀਅਤ ਇਹ ਹੈ ਕਿ ਅੱਜ-ਕੱਲ੍ਹ ਬੀਤੇ ਸਮੇਂ ਨਾਲੋਂ ਕਿਤੇ ਜ਼ਿਆਦਾ ਗ਼ੁਲਾਮ ਹਨ।’
ਪਰ ਦੁਨੀਆਂ ਨੂੰ ਬਦਲਣ ਦੀਆਂ ਲੋਕਾਂ ਦੀਆਂ ਕੋਸ਼ਿਸ਼ਾਂ ਨਿਸਫਲ ਕਿਉਂ ਹੁੰਦੀਆਂ ਹਨ? ਕੀ ਸੱਤਾ ਦੇ ਭੁੱਖੇ ਅਮੀਰ ਤੇ ਤਾਕਤਵਰ ਲੋਕਾਂ ਦੇ ਕਾਰਨ ਇਹ ਅਸਫ਼ਲਤਾ ਮਿਲੀ ਹੈ ਜਾਂ ਫਿਰ ਕੀ ਇਸ ਦੇ ਹੋਰ ਵੀ ਕਾਰਨ ਹਨ?
ਤਬਦੀਲੀਆਂ ਲਿਆਉਣ ਵਿਚ ਰੁਕਾਵਟਾਂ
ਬਾਈਬਲ ਅਨੁਸਾਰ ਦੁਨੀਆਂ ਦੇ ਦੁੱਖਾਂ ਨੂੰ ਮਿਟਾਉਣ ਵਿਚ ਸਭ ਤੋਂ ਵੱਡੀ ਰੁਕਾਵਟ ਸ਼ਤਾਨ ਹੈ। ਯੂਹੰਨਾ ਰਸੂਲ ਸਾਨੂੰ ਦੱਸਦਾ ਹੈ ਕਿ “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” (1 ਯੂਹੰਨਾ 5:19) ਜੀ ਹਾਂ, ਸ਼ਤਾਨ ‘ਸਾਰੇ ਜਗਤ ਨੂੰ ਭਰਮਾ ਰਿਹਾ ਹੈ।’ (ਪਰਕਾਸ਼ ਦੀ ਪੋਥੀ 12:9) ਜਦ ਤਕ ਸ਼ਤਾਨ ਦਾ ਭੈੜਾ ਸਾਇਆ ਇਨਸਾਨਾਂ ਉੱਤੋਂ ਹਟਾਇਆ ਨਹੀਂ ਜਾਂਦਾ, ਤਦ ਤਕ ਇਨਸਾਨ ਬੇਇਨਸਾਫ਼ੀ ਅਤੇ ਦੁੱਖ ਝੱਲਦੇ ਰਹਿਣਗੇ। ਪਰ ਸਵਾਲ ਇਹ ਹੈ ਕਿ ਅਸੀਂ ਇਸ ਬੁਰੀ ਹਾਲਤ ਦੇ ਸ਼ਿਕਾਰ ਹੋਏ ਕਿਵੇਂ?
ਪਰਮੇਸ਼ੁਰ ਨੇ ਸਾਡੇ ਪਹਿਲੇ ਮਾਤਾ-ਪਿਤਾ, ਆਦਮ ਅਤੇ ਹੱਵਾਹ ਨੂੰ ਬਣਾ ਕੇ ਇਕ ਸੁੰਦਰ ਬਾਗ਼ ਵਿਚ ਰੱਖਿਆ ਸੀ। ਪਰਮੇਸ਼ੁਰ ਚਾਹੁੰਦਾ ਸੀ ਕਿ ਉਹ ਤੇ ਉਨ੍ਹਾਂ ਦੀ ਸੰਤਾਨ ਹਮੇਸ਼ਾ ਲਈ ਜੀਉਂਦੇ ਰਹਿਣ। ਜੋ ਕੁਝ ਵੀ ਪਰਮੇਸ਼ੁਰ ਨੇ ਬਣਾਇਆ ਸੀ ਉਹ ਵਾਕਈ “ਬਹੁਤ ਹੀ ਚੰਗਾ ਸੀ।” (ਉਤਪਤ 1:31) ਪਰ ਫਿਰ ਸਭ ਕੁਝ ਬਦਲ ਗਿਆ। ਇਸ ਦੇ ਪਿੱਛੇ ਸ਼ਤਾਨ ਦਾ ਹੱਥ ਸੀ। ਸ਼ਤਾਨ ਨੇ ਯਹੋਵਾਹ ਦੇ ਰਾਜ ਕਰਨ ਦੇ ਹੱਕ ਉੱਤੇ ਸਵਾਲ ਖੜ੍ਹਾ ਕੀਤਾ। ਦੂਸਰੇ ਸ਼ਬਦਾਂ ਵਿਚ ਉਹ ਇਹ ਕਹਿ ਰਿਹਾ ਸੀ ਕਿ ਪਰਮੇਸ਼ੁਰ ਇਕ ਚੰਗਾ ਰਾਜਾ ਨਹੀਂ ਸੀ। ਸ਼ਤਾਨ ਨੇ ਦਾਅਵਾ ਕੀਤਾ ਕਿ ਆਦਮ ਤੇ ਹੱਵਾਹ ਨੂੰ ਪਰਮੇਸ਼ੁਰ ਦੀ ਕੋਈ ਲੋੜ ਨਹੀਂ, ਸਗੋਂ ਉਹ ਆਪਣਾ ਬੁਰਾ-ਭਲਾ ਖ਼ੁਦ ਸੋਚ ਸਕਦੇ ਸਨ। (ਉਤਪਤ 3:1-6) ਆਦਮ ਤੇ ਹੱਵਾਹ ਨੇ ਸ਼ਤਾਨ ਦੇ ਮਗਰ ਲੱਗ ਕੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਪਾਪ ਕੀਤਾ ਅਤੇ ਨਤੀਜੇ ਵਜੋਂ ਨਾ ਉਹ ਅਤੇ ਨਾ ਹੀ ਉਨ੍ਹਾਂ ਦੀ ਸੰਤਾਨ ਸਹੀ ਕਦਮ ਚੁੱਕਣ ਦੇ ਕਾਬਲ ਰਹੀ। ਇਸ ਤਰ੍ਹਾਂ, ਇਨਸਾਨਾਂ ਦਾ ਨਾਮੁਕੰਮਲ ਹੋਣਾ ਦੂਜਾ ਕਾਰਨ ਹੈ ਜਿਸ ਕਰਕੇ ਉਹ ਦੁਨੀਆਂ ਨੂੰ ਸੁਧਾਰਨ ਵਿਚ ਸਫ਼ਲ ਨਹੀਂ ਹੋ ਸਕਦੇ।—ਰੋਮੀਆਂ 5:12.
ਬਾਗ਼ੀ ਇਨਸਾਨਾਂ ਨੂੰ ਖ਼ਤਮ ਕਿਉਂ ਨਹੀਂ ਕੀਤਾ?
ਕਈ ਸ਼ਾਇਦ ਕਹਿਣ ਕਿ ‘ਪਰਮੇਸ਼ੁਰ ਤਾਂ ਸਰਬਸ਼ਕਤੀਮਾਨ ਹੈ, ਇਸ ਲਈ ਉਸ ਨੂੰ ਉਸੇ ਪਲ ਆਦਮ ਤੇ ਹੱਵਾਹ ਨੂੰ ਖ਼ਤਮ
ਕਰ ਕੇ ਇਕ ਨਵਾਂ ਜੋੜਾ ਬਣਾ ਲੈਣਾ ਚਾਹੀਦਾ ਸੀ? ਉਸ ਨੂੰ ਆਦਮ ਅਤੇ ਹੱਵਾਹ ਨੂੰ ਨਾਮੁਕੰਮਲ ਔਲਾਦ ਪੈਦਾ ਕਰਨ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਸੀ।’ ਲੱਗਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਮਸਲੇ ਦਾ ਹੱਲ ਕੀਤਾ ਜਾ ਸਕਦਾ ਸੀ। ਪਰ, ਜਦ ਤਾਕਤ ਵਰਤਣ ਦੀ ਗੱਲ ਕੀਤੀ ਜਾਂਦੀ ਹੈ, ਤਾਂ ਕਈ ਗੰਭੀਰ ਸਵਾਲ ਵੀ ਪੈਦਾ ਹੁੰਦੇ ਹਨ। ਕੀ ਇਹ ਸੱਚ ਨਹੀਂ ਕਿ ਦੁਨੀਆਂ ਭਰ ਵਿਚ ਗ਼ਰੀਬ ਅਤੇ ਦੁਖੀ ਲੋਕ ਖ਼ਾਸ ਕਰਕੇ ਇਸ ਲਈ ਦੁੱਖ ਝੱਲ ਰਹੇ ਹਨ ਕਿਉਂਕਿ ਦੁਨੀਆਂ ਦੇ ਹਾਕਮ ਆਪਣੀ ਤਾਕਤ ਦਾ ਗ਼ਲਤ ਇਸਤੇਮਾਲ ਕਰ ਰਹੇ ਹਨ? ਕੀ ਨੇਕਦਿਲ ਇਨਸਾਨਾਂ ਦੇ ਮਨਾਂ ਵਿਚ ਸਵਾਲ ਨਹੀਂ ਖੜ੍ਹੇ ਹੁੰਦੇ ਜਦ ਕੋਈ ਜ਼ਾਲਮ ਰਾਜਾ ਉਨ੍ਹਾਂ ਲੋਕਾਂ ਦਾ ਨਾਮੋ-ਨਿਸ਼ਾਨ ਮਿਟਾ ਦਿੰਦਾ ਹੈ ਜੋ ਉਸ ਦੀਆਂ ਨੀਤੀਆਂ ਨਾਲ ਸਹਿਮਤ ਨਹੀਂ ਹੁੰਦੇ?ਤਾਂ ਫਿਰ ਪਰਮੇਸ਼ੁਰ ਨੇ ਨੇਕਦਿਲ ਇਨਸਾਨਾਂ ਨੂੰ ਇਸ ਗੱਲ ਦਾ ਕਿਸ ਤਰ੍ਹਾਂ ਅਹਿਸਾਸ ਦਿਲਾਇਆ ਕਿ ਉਹ ਕੋਈ ਜ਼ਾਲਮ ਹਾਕਮ ਨਹੀਂ ਹੈ ਜੋ ਆਪਣੀ ਤਾਕਤ ਨੂੰ ਗ਼ਲਤ ਤਰੀਕੇ ਨਾਲ ਵਰਤਦਾ ਹੈ? ਉਸ ਨੇ ਸ਼ਤਾਨ ਅਤੇ ਬਾਗ਼ੀ ਇਨਸਾਨਾਂ ਨੂੰ ਥੋੜ੍ਹੇ ਹੀ ਸਮੇਂ ਲਈ ਆਪਣਾ ਇਹ ਦਾਅਵਾ ਸੱਚ ਸਾਬਤ ਕਰਨ ਦਾ ਮੌਕਾ ਦਿੱਤਾ ਕਿ ਉਨ੍ਹਾਂ ਨੂੰ ਪਰਮੇਸ਼ੁਰ ਅਤੇ ਉਸ ਦੇ ਮਿਆਰਾਂ ਦੀ ਕੋਈ ਲੋੜ ਨਹੀਂ। ਸਮੇਂ ਦੇ ਬੀਤਣ ਨਾਲ ਜ਼ਾਹਰ ਹੋਣਾ ਸੀ ਕਿ ਪਰਮੇਸ਼ੁਰ ਦਾ ਰਾਜ ਕਰਨ ਦਾ ਤਰੀਕਾ ਹੀ ਸਹੀ ਹੈ। ਇਸ ਤੋਂ ਇਹ ਵੀ ਸਾਬਤ ਹੋਣਾ ਸੀ ਕਿ ਜੋ ਵੀ ਪਾਬੰਦੀਆਂ ਉਹ ਸਾਡੇ ਤੇ ਲਾਉਂਦਾ ਹੈ, ਉਹ ਸਭ ਸਾਡੇ ਫ਼ਾਇਦੇ ਲਈ ਹਨ। ਦਰਅਸਲ, ਅਸੀਂ ਪਰਮੇਸ਼ੁਰ ਦੇ ਖ਼ਿਲਾਫ਼ ਜਾਣ ਦੇ ਬੁਰੇ ਨਤੀਜਿਆਂ ਤੋਂ ਦੇਖ ਸਕਦੇ ਹਾਂ ਕਿ ਉਸ ਦਾ ਕਹਿਣਾ ਮੰਨਣ ਵਿਚ ਹੀ ਸਾਡਾ ਭਲਾ ਹੈ। ਇਸ ਤੋਂ ਅਸੀਂ ਇਹ ਵੀ ਦੇਖ ਸਕਦੇ ਹਾਂ ਕਿ ਪਰਮੇਸ਼ੁਰ ਕੋਲ ਆਪਣੀ ਤਾਕਤ ਵਰਤ ਕੇ ਦੁਸ਼ਟਤਾ ਨੂੰ ਖ਼ਤਮ ਕਰਨ ਦਾ ਪੂਰਾ ਹੱਕ ਹੈ। ਇਹ ਕਦਮ ਉਹ ਬਹੁਤ ਜਲਦੀ ਚੁੱਕੇਗਾ।—ਉਤਪਤ 18:23-32; ਬਿਵਸਥਾ ਸਾਰ 32:4; ਜ਼ਬੂਰਾਂ ਦੀ ਪੋਥੀ 37:9, 10, 38.
ਜਦ ਤਕ ਪਰਮੇਸ਼ੁਰ ਦਖ਼ਲ ਨਹੀਂ ਦਿੰਦਾ, ਤਦ ਤਕ ਸਾਨੂੰ ਇਸ ਬੇਇਨਸਾਫ਼ੀ ਨਾਲ ਭਰੀ ਦੁਨੀਆਂ ਵਿਚ ਜੀਉਣਾ ਪਵੇਗਾ ਜਿਸ ਦੇ ਵਾਸੀ ‘ਰਲ ਕੇ ਹਾਹੁਕੇ ਭਰਦੇ ਅਤੇ ਜਿਨ੍ਹਾਂ ਨੂੰ ਪੀੜਾਂ ਲੱਗੀਆਂ ਹੋਈਆਂ ਹਨ।’ (ਰੋਮੀਆਂ 8:22) ਅਸੀਂ ਦੁਨੀਆਂ ਨੂੰ ਬਦਲਣ ਦੀ ਜਿੰਨੀ ਮਰਜ਼ੀ ਕੋਸ਼ਿਸ਼ ਕਰੀਏ, ਫਿਰ ਵੀ ਅਸੀਂ ਸ਼ਤਾਨ ਦੇ ਸਾਯੇ ਨੂੰ ਦੂਰ ਨਹੀਂ ਕਰ ਸਕਦੇ, ਨਾ ਹੀ ਅਸੀਂ ਆਦਮ ਤੋਂ ਮਿਲੇ ਪਾਪ ਨੂੰ ਮਿਟਾ ਸਕਦੇ ਹਾਂ ਜੋ ਕਿ ਦੁੱਖਾਂ ਦੀ ਜੜ੍ਹ ਹੈ।—ਜ਼ਬੂਰਾਂ ਦੀ ਪੋਥੀ 49:7-9.
ਯਿਸੂ ਮਸੀਹ ਇਸ ਦੁਨੀਆਂ ਨੂੰ ਪੂਰੀ ਤਰ੍ਹਾਂ ਬਦਲੇਗਾ
ਕੀ ਇਸ ਦਾ ਇਹ ਮਤਲਬ ਹੈ ਕਿ ਸੁਖ ਪਾਉਣ ਦੀ ਕੋਈ ਉਮੀਦ ਨਹੀਂ? ਬਿਲਕੁਲ ਨਹੀਂ! ਪਰਮੇਸ਼ੁਰ ਨੇ ਇਨਸਾਨਾਂ ਨੂੰ ਹਮੇਸ਼ਾ ਲਈ ਦੁੱਖ-ਤਕਲੀਫ਼ਾਂ ਤੋਂ ਛੁਟਕਾਰਾ ਦਿਲਾਉਣ ਅਤੇ ਖ਼ੁਸ਼ੀਆਂ ਦੀ ਬਹਾਰ ਲਿਆਉਣ ਦੀ ਜ਼ਿੰਮੇਵਾਰੀ ਯਿਸੂ ਮਸੀਹ ਨੂੰ ਸੌਂਪੀ ਹੈ ਜੋ ਕਿਸੇ ਵੀ ਇਨਸਾਨ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਹੈ। ਬਾਈਬਲ ਵਿਚ ਯਿਸੂ ਨੂੰ ਸਾਰੀ ਮਨੁੱਖਜਾਤੀ ਦਾ ਮੁਕਤੀਦਾਤਾ ਕਿਹਾ ਗਿਆ ਹੈ।—ਰਸੂਲਾਂ ਦੇ ਕਰਤੱਬ 5:31.
ਯਿਸੂ ਉਸ ‘ਸਮੇਂ’ ਦੀ ਉਡੀਕ ਕਰ ਰਿਹਾ ਹੈ ਜਦ ਪਰਮੇਸ਼ੁਰ ਉਸ ਨੂੰ ਕਦਮ ਚੁੱਕਣ ਲਈ ਕਹੇਗਾ। (ਪਰਕਾਸ਼ ਦੀ ਪੋਥੀ 11:18) ਪਰ ਯਿਸੂ ਨੇ ਕਰਨਾ ਕੀ ਹੈ? ਉਹ ਉਨ੍ਹਾਂ ‘ਸਾਰੀਆਂ ਚੀਜ਼ਾਂ ਨੂੰ ਸੁਧਾਰੇਗਾ ਜਿਨ੍ਹਾਂ ਦੇ ਵਿਖੇ ਪਰਮੇਸ਼ੁਰ ਨੇ ਆਪਣੇ ਪਵਿੱਤ੍ਰ ਨਬੀਆਂ ਦੀ ਜਬਾਨੀ ਮੁੱਢੋਂ ਹੀ ਆਖਿਆ ਸੀ।’ (ਰਸੂਲਾਂ ਦੇ ਕਰਤੱਬ 3:21) ਮਿਸਾਲ ਲਈ ਯਿਸੂ “ਦੁਹਾਈ ਦੇਣ ਵਾਲੇ ਕੰਗਾਲ ਨੂੰ ਅਤੇ ਮਸਕੀਨ ਤੇ ਅਨਾਥ ਨੂੰ ਬਚਾਵੇਗਾ। . . . ਉਹ ਉਨ੍ਹਾਂ ਦੀ ਜਾਨ ਨੂੰ ਛਲ ਤੇ ਅਨ੍ਹੇਰ ਤੋਂ ਨਿਸਤਾਰਾ ਦੇਵੇਗਾ।” (ਜ਼ਬੂਰਾਂ ਦੀ ਪੋਥੀ 72:12-16) ਯਹੋਵਾਹ ਵਾਅਦਾ ਕਰਦਾ ਹੈ ਕਿ ਉਹ ਯਿਸੂ ਰਾਹੀਂ ‘ਧਰਤੀ ਦੇ ਬੰਨਿਆਂ ਤੀਕੁਰ ਲੜਾਈਆਂ ਨੂੰ ਮੁਕਾ ਦਵੇਗਾ।’ (ਜ਼ਬੂਰਾਂ ਦੀ ਪੋਥੀ 46:9) ਪਰਮੇਸ਼ੁਰ ਇਹ ਵੀ ਵਾਅਦਾ ਕਰਦਾ ਹੈ ਕਿ ਉਸ ਸਮੇਂ “[ਉਸ ਦੀ ਨਵੀਂ ਦੁਨੀਆਂ ਦਾ] ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।” ਅੰਨ੍ਹੇ ਦੇਖ ਸਕਣਗੇ, ਬੋਲੇ ਸੁਣ ਸਕਣਗੇ ਅਤੇ ਲੰਗੜੇ ਤੁਰ-ਫਿਰ ਸਕਣਗੇ। ਜੀ ਹਾਂ, ਹਰ ਇਨਸਾਨ ਪੂਰੀ ਤਰ੍ਹਾਂ ਤੰਦਰੁਸਤ ਹੋਵੇਗਾ। (ਯਸਾਯਾਹ 33:24; 35:5, 6; ਪਰਕਾਸ਼ ਦੀ ਪੋਥੀ 21:3, 4) ਜਿਹੜੇ ਲੋਕ ਬੇਇਨਸਾਫ਼ੀ ਅਤੇ ਜ਼ੁਲਮ ਸਹਿ ਕੇ ਜਾਂ ਹੋਰ ਕਿਸੇ ਕਾਰਨ ਕਰਕੇ ਮਰ ਚੁੱਕੇ ਹਨ, ਉਨ੍ਹਾਂ ਨੂੰ ਵੀ ਮੁੜ ਜ਼ਿੰਦਾ ਕੀਤਾ ਜਾਵੇਗਾ।—ਯੂਹੰਨਾ 5:28, 29.
ਯਿਸੂ ਮਸੀਹ ਦੁਨੀਆਂ ਨੂੰ ਥੋੜ੍ਹੇ ਸਮੇਂ ਲਈ ਹੀ ਨਹੀਂ ਬਦਲੇਗਾ, ਸਗੋਂ ਉਹ ਹਮੇਸ਼ਾ-ਹਮੇਸ਼ਾ ਲਈ ਦੁਨੀਆਂ ਵਿਚ ਇਨਸਾਫ਼ ਕਾਇਮ ਕਰੇਗਾ। ਉਹ ਦੁੱਖਾਂ ਨੂੰ ਦੂਰ ਕਰਨ ਵਿਚ ਆਉਂਦੀ ਹਰ ਰੁਕਾਵਟ ਨੂੰ ਦੂਰ ਕਰ ਦੇਵੇਗਾ। ਉਹ ਸਾਡੇ ਉੱਤੇ ਲੱਗਾ ਪਾਪ ਦਾ ਦਾਗ਼ ਮਿਟਾ ਦੇਵੇਗਾ ਅਤੇ ਸ਼ਤਾਨ ਤੇ ਉਸ ਦੇ ਸਾਥੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਦੇਵੇਗਾ। (ਪਰਕਾਸ਼ ਦੀ ਪੋਥੀ 19:19, 20; 20:1-3, 10) ਪਰਮੇਸ਼ੁਰ ਵਾਅਦਾ ਕਰਦਾ ਹੈ ਕਿ ਜੋ ਦੁੱਖ-ਤਕਲੀਫ਼ਾਂ ਅਤੇ ਬਿਪਤਾਵਾਂ ਅਸੀਂ ਅੱਜ ਸਹਿ ਰਹੇ ਹਾਂ, ਉਹ ‘ਦੂਜੀ ਵਾਰੀ ਨਾ ਉੱਠਣਗੀਆਂ!’ (ਨਹੂਮ 1:9) ਯਿਸੂ ਇਸੇ ਸਮੇਂ ਬਾਰੇ ਗੱਲ ਕਰ ਰਿਹਾ ਸੀ ਜਦ ਉਸ ਨੇ ਆਪਣੇ ਚੇਲਿਆਂ ਨੂੰ ਇਹ ਪ੍ਰਾਰਥਨਾ ਕਰਨੀ ਸਿਖਾਈ ਸੀ ਕਿ ਪਰਮੇਸ਼ੁਰ ਦਾ ਰਾਜ ਆਵੇ ਅਤੇ ਉਸ ਦੀ ਮਰਜ਼ੀ ‘ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਪੂਰੀ ਹੋਵੇ।’—ਮੱਤੀ 6:10.
ਪਰ ਤੁਸੀਂ ਸ਼ਾਇਦ ਕਹੋ, ‘ਕੀ ਯਿਸੂ ਨੇ ਇਹ ਨਹੀਂ ਸੀ ਕਿਹਾ ਕਿ “ਕੰਗਾਲ ਤਾਂ ਸਦਾ ਤੁਹਾਡੇ ਨਾਲ” ਹੋਣਗੇ? ਕੀ ਇਸ ਦਾ ਇਹ ਮਤਲਬ ਨਹੀਂ ਕਿ ਦੁਨੀਆਂ ਵਿਚ ਹਮੇਸ਼ਾ ਬੇਇਨਸਾਫ਼ੀ ਅਤੇ ਗ਼ਰੀਬੀ ਹੋਵੇਗੀ?’ (ਮੱਤੀ 26:11) ਹਾਂ, ਯਿਸੂ ਨੇ ਇਹ ਕਿਹਾ ਸੀ ਕਿ ਕੰਗਾਲ ਜਾਂ ਗ਼ਰੀਬ ਲੋਕ ਹਮੇਸ਼ਾ ਹੋਣਗੇ। ਪਰ ਇਨ੍ਹਾਂ ਸ਼ਬਦਾਂ ਦੇ ਪ੍ਰਸੰਗ ਤੋਂ ਅਤੇ ਪਰਮੇਸ਼ੁਰ ਦੇ ਵਾਅਦਿਆਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਦੇ ਕਹਿਣ ਦਾ ਮਤਲਬ ਸੀ ਕਿ ਜਦ ਤਕ ਇਹ ਦੁਸ਼ਟ ਦੁਨੀਆਂ ਚੱਲਦੀ ਰਹੇਗੀ ਤਦ ਤਕ ਗ਼ਰੀਬ ਲੋਕ ਰਹਿਣਗੇ। ਯਿਸੂ ਜਾਣਦਾ ਸੀ ਕਿ ਕੋਈ ਵੀ ਇਨਸਾਨ ਦੁਨੀਆਂ ਵਿੱਚੋਂ ਗ਼ਰੀਬੀ ਤੇ ਬੇਇਨਸਾਫ਼ੀ ਨੂੰ ਖ਼ਤਮ ਨਹੀਂ ਕਰ ਸਕਦਾ। ਉਸ ਨੂੰ ਇਹ ਵੀ ਪਤਾ ਸੀ ਕਿ ਇਹ ਕੰਮ ਉਸ ਨੇ ਹੀ ਪੂਰਾ ਕਰਨਾ ਸੀ। ਬਹੁਤ ਜਲਦ ਸਭ ਕੁਝ ਬਦਲ ਜਾਵੇਗਾ ਜਦ ਯਿਸੂ ਨਵੀਂ ਦੁਨੀਆਂ ਲਿਆਵੇਗਾ। ਜੀ ਹਾਂ, ਇਕ “ਨਵਾਂ ਅਕਾਸ਼ ਅਤੇ ਨਵੀਂ ਧਰਤੀ” ਜਿਸ ਵਿਚ ਕੋਈ ਦੁੱਖ, ਬੀਮਾਰੀ ਅਤੇ ਗ਼ਰੀਬੀ ਨਹੀਂ ਹੋਵੇਗੀ, ਅਜਿਹੀ ਦੁਨੀਆਂ ਜਿਸ ਵਿਚ ਮੌਤ ਵੀ ਨਹੀਂ ਹੋਵੇਗੀ।—2 ਪਤਰਸ 3:13; ਪਰਕਾਸ਼ ਦੀ ਪੋਥੀ 21:1.
‘ਭਲਾ ਕਰਨੋਂ ਨਾ ਭੁੱਲਿਓ’
ਕੀ ਇਸ ਦਾ ਇਹ ਮਤਲਬ ਹੈ ਕਿ ਹੁਣ ਕਿਸੇ ਦਾ ਭਲਾ ਕਰਨ ਦਾ ਕੋਈ ਫ਼ਾਇਦਾ ਨਹੀਂ? ਬਿਲਕੁਲ ਨਹੀਂ! ਬਾਈਬਲ ਸਾਨੂੰ ਤਾਕੀਦ ਕਰਦੀ ਹੈ ਕਿ ਦੁੱਖ ਦੇ ਵੇਲੇ ਦੂਸਰਿਆਂ ਦੀ ਮਦਦ ਕਰੋ। ਪ੍ਰਾਚੀਨ ਸਮੇਂ ਦੇ ਰਾਜਾ ਸੁਲੇਮਾਨ ਨੇ ਕਿਹਾ ਸੀ: “ਜੇ ਤੇਰੇ ਹੱਥ ਵੱਸ ਹੋਵੇ, ਤਾਂ ਜਿਨ੍ਹਾਂ ਦਾ ਹੱਕ ਹੈ ਉਨ੍ਹਾਂ ਦਾ ਭਲਾ ਕਰਨੋਂ ਨਾ ਰੁਕੀਂ।” (ਕਹਾਉਤਾਂ 3:27) ਅਤੇ ਪੌਲੁਸ ਰਸੂਲ ਨੇ ਇਹ ਸਲਾਹ ਦਿੱਤੀ: “ਭਲਾ ਕਰਨੋਂ ਅਤੇ ਪਰਉਪਕਾਰ ਕਰਨੋਂ ਨਾ ਭੁੱਲਿਓ।”—ਇਬਰਾਨੀਆਂ 13:16.
ਯਿਸੂ ਨੇ ਵੀ ਸਾਨੂੰ ਇਹੀ ਸਲਾਹ ਦਿੱਤੀ ਸੀ ਕਿ ਸਾਨੂੰ ਦੂਸਰਿਆਂ ਦੀ ਮਦਦ ਕਰਨੀ ਚਾਹੀਦੀ ਹੈ। ਉਸ ਨੇ ਇਕ ਸਾਮਰੀ ਆਦਮੀ ਦੀ ਉਦਾਹਰਣ ਦਿੱਤੀ ਜਿਸ ਨੇ ਰਾਹ ਵਿਚ ਇਕ ਮੁਸਾਫ਼ਰ ਨੂੰ ਦੇਖਿਆ ਜਿਸ ਨੂੰ ਡਾਕੂ ਲੁੱਟ ਕੇ ਅਤੇ ਕੁੱਟ-ਕੁੱਟ ਕੇ ਅੱਧ ਮੋਇਆ ਕਰ ਕੇ ਛੱਡ ਗਏ ਸਨ। ਯਿਸੂ ਦੱਸਦਾ ਹੈ ਕਿ ਸਾਮਰੀ ਆਦਮੀ ਨੇ ਉਸ ਉੱਤੇ ‘ਤਰਸ ਖਾਧਾ’ ਅਤੇ ਕੋਲੋਂ ਖ਼ਰਚ ਕਰ ਕੇ ਉਸ ਦੇ ਜ਼ਖ਼ਮਾਂ ਤੇ ਮਲ੍ਹਮ-ਪੱਟੀ ਕੀਤੀ ਅਤੇ ਉਸ ਦੀ ਦੇਖ-ਭਾਲ ਕੀਤੀ। (ਲੂਕਾ 10:29-37) ਉਹ ਦਇਆਵਾਨ ਸਾਮਰੀ ਦੁਨੀਆਂ ਨੂੰ ਤਾਂ ਨਹੀਂ ਬਦਲ ਸਕਿਆ, ਪਰ ਉਸ ਨੇ ਇਕ ਇਨਸਾਨ ਦੀ ਜਾਨ ਜ਼ਰੂਰ ਬਚਾਈ ਸੀ। ਇਸੇ ਤਰ੍ਹਾਂ ਅਸੀਂ ਵੀ ਦੂਸਰਿਆਂ ਦਾ ਭਲਾ ਕਰ ਸਕਦੇ ਹਾਂ।
ਪਰ ਯਿਸੂ ਮਸੀਹ ਪੂਰੀ ਦੁਨੀਆਂ ਨੂੰ ਬਦਲ ਕੇ ਹਰ ਇਨਸਾਨ ਨੂੰ ਰਾਹਤ ਦਿਲਾ ਸਕਦਾ ਹੈ ਅਤੇ ਬਹੁਤ ਜਲਦੀ ਇਸੇ ਤਰ੍ਹਾਂ ਕਰੇਗਾ। ਦੁੱਖਾਂ ਦੀ ਮਾਰ ਝੱਲ ਰਹੇ ਸਾਰੇ ਇਨਸਾਨ ਉਸ ਵੇਲੇ ਸੁਖ ਦਾ ਸਾਹ ਲੈਣਗੇ। ਦੁਨੀਆਂ ਭਰ ਵਿਚ ਅਮਨ-ਚੈਨ ਹੋਵੇਗਾ।—ਜ਼ਬੂਰਾਂ ਦੀ ਪੋਥੀ 4:8; 37:10, 11.
ਉਸ ਸਮੇਂ ਦੀ ਉਡੀਕ ਕਰਦੇ ਹੋਏ ਆਓ ਆਪਾਂ ਉਨ੍ਹਾਂ “ਸਭਨਾਂ ਨਾਲ ਭਲਾ ਕਰੀਏ” ਜੋ ਇਸ ਬੇਇਨਸਾਫ਼ ਦੁਨੀਆਂ ਵਿਚ ਦੁੱਖ ਝੱਲ ਰਹੇ ਹਨ।—ਗਲਾਤੀਆਂ 6:10.
[ਸਫ਼ੇ 5 ਉੱਤੇ ਤਸਵੀਰ]
ਫਲੋਰੈਂਸ ਨਾਈਟਿੰਗੇਲ ਨੇ ਮਰੀਜ਼ਾਂ ਦੀ ਦੇਖ-ਭਾਲ ਕਰਨ ਸੰਬੰਧੀ ਵੱਡੀਆਂ-ਵੱਡੀਆਂ ਤਬਦੀਲੀਆਂ ਕੀਤੀਆਂ ਸਨ
[ਕ੍ਰੈਡਿਟ ਲਾਈਨ]
Courtesy National Library of Medicine
[ਸਫ਼ੇ 7 ਉੱਤੇ ਤਸਵੀਰ]
ਮਸੀਹ ਦੇ ਚੇਲਿਆਂ ਨੂੰ ਦੂਸਰਿਆਂ ਦਾ ਭਲਾ ਕਰਨਾ ਚਾਹੀਦਾ ਹੈ
[ਸਫ਼ੇ 4 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
The Star, Johannesburg, S.A.