Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਕੀ ਇਕ ਮਸੀਹੀ ਦੀ ਜ਼ਮੀਰ ਸ਼ੁੱਧ ਰਹਿ ਸਕਦੀ ਹੈ ਜੇ ਉਹ ਅਜਿਹੀ ਨੌਕਰੀ ਕਰਦਾ ਹੈ ਜਿਸ ਵਾਸਤੇ ਉਸ ਨੂੰ ਹਥਿਆਰਬੰਦ ਹੋਣਾ ਪੈਂਦਾ ਹੈ?

ਯਹੋਵਾਹ ਦੇ ਗਵਾਹ ਸੰਸਾਰ ਭਰ ਵਿਚ ਆਪਣੇ ਪਰਿਵਾਰਾਂ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਆਪਣੀ ਪੂਰੀ ਵਾਹ ਲਾ ਦਿੰਦੇ ਹਨ। ਉਹ ਜਾਣਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਤੋਂ ਇਹ ਜ਼ਿੰਮੇਵਾਰੀ ਨਿਭਾਉਣ ਦੀ ਉਮੀਦ ਰੱਖਦਾ ਹੈ। (1 ਤਿਮੋਥਿਉਸ 5:8) ਪਰ, ਕਈ ਕੰਮ ਬਾਈਬਲ ਦੇ ਅਸੂਲਾਂ ਦੇ ਬਿਲਕੁਲ ਉਲਟ ਹਨ। ਇਨ੍ਹਾਂ ਵਿਚ ਸ਼ਾਮਲ ਹਨ ਲਹੂ ਦੀ ਕੁਵਰਤੋਂ ਅਤੇ ਜੂਏ ਨਾਲ ਸੰਬੰਧ ਰੱਖਣ ਵਾਲੇ ਕੰਮ ਜਾਂ ਫਿਰ ਤਮਾਖੂ ਉਗਾਉਣਾ ਜਾਂ ਵੇਚਣਾ। ਮਸੀਹੀਆਂ ਨੂੰ ਇਹ ਕੰਮ ਜਾਂ ਨੌਕਰੀਆਂ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। (ਯਸਾਯਾਹ 65:11; ਰਸੂਲਾਂ ਦੇ ਕਰਤੱਬ 15:29; 2 ਕੁਰਿੰਥੀਆਂ 7:1; ਕੁਲੁੱਸੀਆਂ 3:5) ਅਜਿਹੀਆਂ ਨੌਕਰੀਆਂ ਵੀ ਹਨ ਜਿਨ੍ਹਾਂ ਨੂੰ ਬਾਈਬਲ ਵਿਚ ਭਾਵੇਂ ਸਿੱਧੇ ਤੌਰ ਤੇ ਨਿੰਦਿਆ ਨਹੀਂ ਗਿਆ, ਪਰ ਸ਼ਾਇਦ ਉਹ ਤੁਹਾਡੇ ਜਾਂ ਦੂਸਰਿਆਂ ਲਈ ਠੋਕਰ ਦਾ ਕਾਰਨ ਬਣ ਸਕਦੀਆਂ ਹਨ।

ਤਾਂ ਫਿਰ, ਕੀ ਇਕ ਮਸੀਹੀ ਅਜਿਹੀ ਨੌਕਰੀ ਕਰ ਸਕਦਾ ਹੈ ਜਿਸ ਨੂੰ ਕਰਨ ਲਈ ਉਸ ਤੋਂ ਪਿਸਤੌਲ ਜਾਂ ਕੋਈ ਹੋਰ ਹਥਿਆਰ ਨਾਲ ਲੈਸ ਹੋਣ ਦੀ ਮੰਗ ਕੀਤੀ ਜਾਂਦੀ ਹੈ? ਇਹ ਹਰ ਇਕ ਦਾ ਨਿੱਜੀ ਫ਼ੈਸਲਾ ਹੈ। ਪਰ ਇਹ ਗੱਲ ਯਾਦ ਰੱਖਣ ਦੀ ਲੋੜ ਹੈ ਕਿ ਜੇ ਉਸ ਨੂੰ ਹਥਿਆਰ ਵਰਤਣ ਦੀ ਲੋੜ ਪਈ, ਤਾਂ ਉਹ ਖ਼ੂਨੀ ਬਣ ਸਕਦਾ ਹੈ। ਇਸ ਲਈ ਇਕ ਮਸੀਹੀ ਨੂੰ ਪ੍ਰਾਰਥਨਾ ਕਰ ਕੇ ਇਸ ਮਾਮਲੇ ਬਾਰੇ ਗੰਭੀਰਤਾ ਨਾਲ ਸੋਚ-ਵਿਚਾਰ ਕਰਨ ਦੀ ਲੋੜ ਹੈ ਕਿ ਕੀ ਉਹ ਇੰਨੀ ਭਾਰੀ ਜ਼ਿੰਮੇਵਾਰੀ ਚੁੱਕਣ ਲਈ ਤਿਆਰ ਹੈ ਜਿਸ ਕਾਰਨ ਉਸ ਨੂੰ ਸਕਿੰਟਾਂ ਵਿਚ ਕਿਸੇ ਦੀ ਜ਼ਿੰਦਗੀ ਜਾਂ ਮੌਤ ਦਾ ਫ਼ੈਸਲਾ ਕਰਨਾ ਪੈ ਸਕਦਾ ਹੈ? ਇਸ ਤੋਂ ਇਲਾਵਾ, ਹਥਿਆਰਬੰਦ ਵਿਅਕਤੀ ਖ਼ੁਦ ਵੀ ਕਿਸੇ ਹਮਲੇ ਦੌਰਾਨ ਫੱਟੜ ਹੋਣ ਜਾਂ ਜਾਨ ਗੁਆਉਣ ਦਾ ਖ਼ਤਰਾ ਮੁੱਲ ਲੈਂਦਾ ਹੈ।

ਇਕ ਮਸੀਹੀ ਦੇ ਫ਼ੈਸਲੇ ਦਾ ਦੂਜਿਆਂ ਤੇ ਵੀ ਅਸਰ ਪੈ ਸਕਦਾ ਹੈ। ਮਿਸਾਲ ਲਈ, ਮਸੀਹੀਆਂ ਦੀ ਮੁੱਖ ਜ਼ਿੰਮੇਵਾਰੀ ਹੈ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ। (ਮੱਤੀ 24:14) ਕੀ ਉਸ ਦੇ ਲਈ ਇਸ ਗੱਲ ਦਾ ਪ੍ਰਚਾਰ ਕਰਨਾ ਠੀਕ ਹੋਵੇਗਾ ਕਿ “ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖੋ” ਜਦ ਕਿ ਉਹ ਖ਼ੁਦ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਹਥਿਆਰਾਂ ਨਾਲ ਲੈਸ ਹੁੰਦਾ ਹੈ? (ਰੋਮੀਆਂ 12:18) ਉਸ ਦੇ ਬੱਚਿਆਂ ਅਤੇ ਪਰਿਵਾਰ ਦੇ ਦੂਜੇ ਮੈਂਬਰਾਂ ਉੱਤੇ ਕਿਹੋ ਜਿਹਾ ਅਸਰ ਪਵੇਗਾ? ਕੀ ਘਰ ਵਿਚ ਪਿਸਤੌਲ ਰੱਖਣ ਨਾਲ ਉਨ੍ਹਾਂ ਦੀਆਂ ਜਾਨਾਂ ਨੂੰ ਖ਼ਤਰਾ ਨਹੀਂ ਹੋਵੇਗਾ? ਇਸ ਤੋਂ ਇਲਾਵਾ, ਜੇ ਉਸ ਦੇ ਫ਼ੈਸਲੇ ਤੋਂ ਦੂਸਰਿਆਂ ਨੂੰ ਠੋਕਰ ਲੱਗੇ, ਤਾਂ ਕੀ ਉਹ ਬੇਦੋਸ਼ ਹੋਵੇਗਾ?—ਫ਼ਿਲਿੱਪੀਆਂ 1:10.

ਇਨ੍ਹਾਂ “ਅੰਤ ਦਿਆਂ ਦਿਨਾਂ” ਵਿਚ ਬਹੁਤ ਸਾਰੇ ਲੋਕ “ਕਰੜੇ” ਤੇ “ਨੇਕੀ ਦੇ ਵੈਰੀ” ਹਨ। (2 ਤਿਮੋਥਿਉਸ 3:1, 3) ਨੌਕਰੀ ਕਰਦਿਆਂ ਜੇ ਇਕ ਮਸੀਹੀ ਦੀ ਅਜਿਹੇ ਲੋਕਾਂ ਨਾਲ ਮੁੱਠਭੇੜ ਹੋ ਜਾਵੇ ਤੇ ਉਸ ਮਸੀਹੀ ਨੂੰ ਹਥਿਆਰ ਚਲਾਉਣਾ ਪਵੇ, ਤਾਂ ਕੀ ਉਸ ਨੂੰ “ਨਿਰਦੋਸ਼” ਕਿਹਾ ਜਾ ਸਕਦਾ ਹੈ? (1 ਤਿਮੋਥਿਉਸ 3:10) ਬਿਲਕੁਲ ਨਹੀਂ। ਉਸ ਦੀ ਆਪਣੀ ਕਲੀਸਿਯਾ ਵੀ ਉਸ ਨੂੰ “ਨਿਰਦੋਸ਼” ਨਹੀਂ ਠਹਿਰਾਵੇਗੀ ਜੇ ਬਾਈਬਲ ਤੋਂ ਪਿਆਰ ਨਾਲ ਦਿੱਤੀ ਗਈ ਸਲਾਹ ਦੇ ਬਾਵਜੂਦ ਉਹ ਹਥਿਆਰਬੰਦ ਰਹਿੰਦਾ ਹੈ। (1 ਤਿਮੋਥਿਉਸ 3:2; ਤੀਤੁਸ 1:5, 6) ਇਸ ਕਰਕੇ ਅਜਿਹਾ ਬੰਦਾ ਕਲੀਸਿਯਾ ਵਿਚ ਸੇਵਾ ਕਰਨ ਦੀਆਂ ਖ਼ਾਸ ਜ਼ਿੰਮੇਵਾਰੀਆਂ ਦੇ ਲਾਇਕ ਨਹੀਂ ਸਮਝਿਆ ਜਾਵੇਗਾ।

ਯਿਸੂ ਨੇ ਆਪਣੇ ਚੇਲਿਆਂ ਨੂੰ ਯਕੀਨ ਦਿਲਾਇਆ ਸੀ ਕਿ ਜੇ ਉਹ ਆਪਣੀਆਂ ਜ਼ਿੰਦਗੀਆਂ ਵਿਚ ਪਰਮੇਸ਼ੁਰ ਦੇ ਰਾਜ ਨੂੰ ਪਹਿਲੀ ਥਾਂ ਦੇਣਗੇ, ਤਾਂ ਉਨ੍ਹਾਂ ਨੂੰ ਜ਼ਿੰਦਗੀ ਦੀਆਂ ਆਮ ਲੋੜਾਂ ਦੀ ਹੱਦੋਂ ਵੱਧ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। (ਮੱਤੀ 6:25, 33) ਹਾਂ, ਜੇ ਅਸੀਂ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਾਂਗੇ, ਤਾਂ ਉਹ “[ਸਾਨੂੰ] ਸੰਭਾਲੇਗਾ, ਓਹ ਧਰਮੀ ਨੂੰ ਕਦੇ ਡੋਲਣ ਨਾ ਦੇਵੇਗਾ।”—ਜ਼ਬੂਰਾਂ ਦੀ ਪੋਥੀ 55:22.