Skip to content

Skip to table of contents

ਯਹੋਵਾਹ ਸਾਡਾ ਅਯਾਲੀ

ਯਹੋਵਾਹ ਸਾਡਾ ਅਯਾਲੀ

ਯਹੋਵਾਹ ਸਾਡਾ ਅਯਾਲੀ

“ਯਹੋਵਾਹ ਮੇਰਾ ਅਯਾਲੀ ਹੈ, ਮੈਨੂੰ ਥੁੜ ਨਹੀਂ ਹੋਵੇਗੀ।”—ਜ਼ਬੂਰਾਂ ਦੀ ਪੋਥੀ 23:1.

1-3. ਦਾਊਦ ਨੇ ਯਹੋਵਾਹ ਦੀ ਤੁਲਨਾ ਇਕ ਅਯਾਲੀ ਨਾਲ ਕਿਉਂ ਕੀਤੀ ਸੀ?

ਜੇ ਤੁਹਾਨੂੰ ਪੁੱਛਿਆ ਜਾਵੇ ਕਿ ਯਹੋਵਾਹ ਪਰਮੇਸ਼ੁਰ ਆਪਣੇ ਲੋਕਾਂ ਦੀ ਕਿਵੇਂ ਦੇਖ-ਭਾਲ ਕਰਦਾ ਹੈ, ਤਾਂ ਤੁਸੀਂ ਕੀ ਜਵਾਬ ਦੇਵੋਗੇ? ਇਹ ਸਮਝਾਉਣ ਲਈ ਕਿ ਉਹ ਆਪਣੇ ਵਫ਼ਾਦਾਰ ਸੇਵਕਾਂ ਨਾਲ ਦਿਲੋਂ ਪਿਆਰ ਕਰਦਾ ਹੈ, ਤੁਸੀਂ ਉਸ ਦੀ ਤੁਲਨਾ ਕਿਸ ਨਾਲ ਕਰੋਗੇ? ਕੁਝ 3,000 ਸਾਲ ਪਹਿਲਾਂ ਰਾਜਾ ਦਾਊਦ ਨੇ ਯਹੋਵਾਹ ਦੀ ਤੁਲਨਾ ਇਕ ਅਯਾਲੀ ਨਾਲ ਕੀਤੀ ਸੀ। ਜਵਾਨੀ ਵਿਚ ਦਾਊਦ ਅਯਾਲੀ ਹੋਇਆ ਕਰਦਾ ਸੀ, ਇਸ ਲਈ ਉਸ ਨੇ ਅਯਾਲੀ ਦੀ ਉਦਾਹਰਣ ਦੇ ਕੇ ਇਕ ਜ਼ਬੂਰ ਵਿਚ ਯਹੋਵਾਹ ਦੀ ਸ਼ਖ਼ਸੀਅਤ ਦਾ ਸੋਹਣਾ ਵਰਣਨ ਕੀਤਾ।

2 ਅਯਾਲੀ ਹੋਣ ਕਰਕੇ ਦਾਊਦ ਭੇਡਾਂ ਦੀ ਦੇਖ-ਭਾਲ ਕਰਨੀ ਜਾਣਦਾ ਸੀ। ਉਸ ਨੂੰ ਇਸ ਗੱਲ ਦਾ ਪੂਰਾ ਅਹਿਸਾਸ ਸੀ ਕਿ ਜੇ ਭੇਡਾਂ ਨੂੰ ਇਕੱਲਾ ਛੱਡ ਦਿੱਤਾ ਜਾਵੇ, ਤਾਂ ਉਹ ਆਸਾਨੀ ਨਾਲ ਗੁਆਚ ਜਾਂਦੀਆਂ ਹਨ ਅਤੇ ਉਹ ਚੋਰਾਂ ਜਾਂ ਜੰਗਲੀ ਜਾਨਵਰਾਂ ਦਾ ਸ਼ਿਕਾਰ ਬਣ ਸਕਦੀਆਂ ਹਨ। (1 ਸਮੂਏਲ 17:34-36) ਇਕ ਅੱਛੇ ਅਯਾਲੀ ਦੀ ਅਗਵਾਈ ਤੋਂ ਬਿਨਾਂ ਉਨ੍ਹਾਂ ਨੂੰ ਸ਼ਾਇਦ ਚਰਨ ਲਈ ਘਾਹ ਵੀ ਨਾ ਮਿਲੇ। ਬਿਨਾਂ ਸ਼ੱਕ ਦਾਊਦ ਦੇ ਮਨ ਵਿਚ ਉਨ੍ਹਾਂ ਦਿਨਾਂ ਦੀਆਂ ਮਿੱਠੀਆਂ ਯਾਦਾਂ ਸਨ ਜਦ ਉਹ ਆਪਣੀਆਂ ਭੇਡਾਂ ਦੀ ਰਾਖੀ ਕਰਦਾ ਹੁੰਦਾ ਸੀ ਅਤੇ ਉਨ੍ਹਾਂ ਨੂੰ ਹਰੇ-ਭਰੇ ਮੈਦਾਨਾਂ ਵਿਚ ਚਰਾਉਂਦਾ ਸੀ।

3 ਤਾਂ ਫਿਰ ਅਸੀਂ ਸਮਝ ਸਕਦੇ ਹਾਂ ਕਿ ਜ਼ਬੂਰ 23 ਲਿਖਦੇ ਸਮੇਂ ਦਾਊਦ ਦੇ ਮਨ ਵਿਚ ਇਕ ਅਯਾਲੀ ਦਾ ਖ਼ਿਆਲ ਕਿਉਂ ਆਇਆ। ਇਸ ਜ਼ਬੂਰ ਵਿਚ ਦਾਊਦ ਸਮਝਾਉਂਦਾ ਹੈ ਕਿ ਯਹੋਵਾਹ ਆਪਣੇ ਲੋਕਾਂ ਦੀ ਕਿਵੇਂ ਦੇਖ-ਭਾਲ ਕਰਦਾ ਹੈ। ਪਹਿਲੀ ਆਇਤ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਹੁੰਦੀ ਹੈ: “ਯਹੋਵਾਹ ਮੇਰਾ ਅਯਾਲੀ ਹੈ, ਮੈਨੂੰ ਥੁੜ ਨਹੀਂ ਹੋਵੇਗੀ।” ਆਓ ਆਪਾਂ ਪਹਿਲਾਂ ਇਹ ਦੇਖੀਏ ਕਿ ਯਹੋਵਾਹ ਬਾਰੇ ਇਸ ਤਰ੍ਹਾਂ ਕਹਿਣਾ ਢੁਕਵਾਂ ਕਿਉਂ ਹੈ। ਫਿਰ ਅਸੀਂ ਜ਼ਬੂਰ 23 ਦੀਆਂ ਬਾਕੀ ਆਇਤਾਂ ਤੋਂ ਦੇਖਾਂਗੇ ਕਿ ਇਕ ਅੱਛੇ ਅਯਾਲੀ ਵਾਂਗ ਯਹੋਵਾਹ ਕਿਨ੍ਹਾਂ ਤਰੀਕਿਆਂ ਨਾਲ ਆਪਣੇ ਸੇਵਕਾਂ ਦੀ ਦੇਖ-ਭਾਲ ਕਰਦਾ ਹੈ।—1 ਪਤਰਸ 2:25.

ਇਕ ਢੁਕਵੀਂ ਤੁਲਨਾ

4, 5. ਬਾਈਬਲ ਵਿਚ ਭੇਡਾਂ ਦੇ ਸੁਭਾਅ ਬਾਰੇ ਕੀ ਦੱਸਿਆ ਗਿਆ ਹੈ?

4 ਬਾਈਬਲ ਵਿਚ ਯਹੋਵਾਹ ਨੂੰ ਕਈ ਖ਼ਿਤਾਬ ਦਿੱਤੇ ਗਏ ਹਨ, ਪਰ ਉਸ ਨੂੰ “ਅਯਾਲੀ” ਕਹਿਣ ਨਾਲ ਸਾਡੇ ਮਨ ਵਿਚ ਉਸ ਦੀ ਕੋਮਲਤਾ ਅਤੇ ਪਿਆਰ ਦੀ ਤਸਵੀਰ ਆਉਂਦੀ ਹੈ। (ਜ਼ਬੂਰਾਂ ਦੀ ਪੋਥੀ 80:1) ਇਹ ਚੰਗੀ ਤਰ੍ਹਾਂ ਸਮਝਣ ਲਈ ਕਿ ਯਹੋਵਾਹ ਨੂੰ ਅਯਾਲੀ ਕਹਿਣਾ ਢੁਕਵਾਂ ਕਿਉਂ ਹੈ, ਸਾਨੂੰ ਦੋ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ। ਪਹਿਲੀ ਗੱਲ ਇਹ ਹੈ ਕਿ ਭੇਡਾਂ ਦਾ ਸੁਭਾਅ ਕਿਹੋ ਜਿਹਾ ਹੁੰਦਾ ਹੈ ਅਤੇ ਦੂਜੀ ਗੱਲ ਇਹ ਹੈ ਕਿ ਇਕ ਅੱਛੇ ਅਯਾਲੀ ਦੀਆਂ ਕੀ ਜ਼ਿੰਮੇਵਾਰੀਆਂ ਹੁੰਦੀਆਂ ਹਨ ਅਤੇ ਉਸ ਵਿਚ ਕਿਹੜੇ ਗੁਣ ਹੋਣੇ ਜ਼ਰੂਰੀ ਹਨ।

5 ਅਕਸਰ ਬਾਈਬਲ ਵਿਚ ਭੇਡਾਂ ਨੂੰ ਸ਼ਾਂਤ ਸੁਭਾਅ ਵਾਲੇ ਜਾਨਵਰਾਂ ਵਜੋਂ ਦਰਸਾਇਆ ਜਾਂਦਾ ਹੈ ਜੋ ਅਯਾਲੀ ਦੀ ਆਵਾਜ਼ ਸੁਣ ਕੇ ਉਸ ਦੇ ਮਗਰ-ਮਗਰ ਆਉਂਦੀਆਂ ਹਨ। ਉਹ ਜੰਗਲੀ ਜਾਨਵਰਾਂ ਅੱਗੇ ਬੇਬੱਸ ਹੁੰਦੀਆਂ ਹਨ। (2 ਸਮੂਏਲ 12:3; ਯਸਾਯਾਹ 53:7; ਮੀਕਾਹ 5:8) ਇਕ ਲੇਖਕ ਜੋ ਕਈ ਸਾਲਾਂ ਤੋਂ ਅਯਾਲੀ ਰਹਿ ਚੁੱਕਾ ਸੀ, ਨੇ ਲਿਖਿਆ: “ਕਈ ਲੋਕਾਂ ਦੇ ਭਾਣੇ ਭੇਡਾਂ ਆਪ ਆਪਣੀ ਦੇਖ-ਭਾਲ ਕਰ ਸਕਦੀਆਂ ਹਨ, ਪਰ ਇਹ ਸੱਚ ਨਹੀਂ ਹੈ। ਹੋਰ ਕਿਸੇ ਵੀ ਜਾਨਵਰ ਨਾਲੋਂ ਭੇਡਾਂ ਦੀ ਜ਼ਿਆਦਾ ਦੇਖ-ਭਾਲ ਕਰਨੀ ਪੈਂਦੀ ਹੈ, ਇੱਥੋਂ ਤਕ ਕਿ ਛੋਟੀਆਂ-ਛੋਟੀਆਂ ਗੱਲਾਂ ਵਿਚ ਵੀ ਉਨ੍ਹਾਂ ਦਾ ਧਿਆਨ ਰੱਖਣਾ ਪੈਂਦਾ ਹੈ।” ਇਕ ਚੰਗੇ ਅਯਾਲੀ ਤੋਂ ਬਗੈਰ ਇਨ੍ਹਾਂ ਬੇਬੱਸ ਜਾਨਵਰਾਂ ਦਾ ਜੀਉਂਦਾ ਰਹਿਣਾ ਮੁਸ਼ਕਲ ਹੈ।—ਹਿਜ਼ਕੀਏਲ 34:5.

6. ਪੁਰਾਣੇ ਜ਼ਮਾਨੇ ਦੇ ਅਯਾਲੀ ਦੀ ਰੋਜ਼ਮੱਰਾ ਦੀ ਜ਼ਿੰਦਗੀ ਬਾਰੇ ਬਾਈਬਲ ਦਾ ਇਕ ਕੋਸ਼ ਕੀ ਕਹਿੰਦਾ ਹੈ?

6 ਪੁਰਾਣੇ ਜ਼ਮਾਨੇ ਵਿਚ ਅਯਾਲੀ ਦਿਨ ਭਰ ਕੀ ਕਰਦੇ ਸਨ? ਬਾਈਬਲ ਦਾ ਇਕ ਕੋਸ਼ ਸਮਝਾਉਂਦਾ ਹੈ: “ਸਾਝਰੇ ਉੱਠ ਕੇ ਅਯਾਲੀ ਭੇਡਾਂ ਨੂੰ ਘਾਹ ਚਰਾਉਣ ਲਈ ਉਨ੍ਹਾਂ ਦੇ ਅੱਗੇ-ਅੱਗੇ ਤੁਰ ਪੈਂਦਾ ਸੀ। ਸਾਰਾ ਦਿਨ ਉਹ ਭੇਡਾਂ ਦੀ ਰਖਵਾਲੀ ਕਰਦਾ ਸੀ ਤਾਂਕਿ ਉਹ ਕਿਤੇ ਭਟਕ ਨਾ ਜਾਣ। ਜੇ ਉਨ੍ਹਾਂ ਵਿੱਚੋਂ ਇਕ ਵੀ ਉਸ ਦੀਆਂ ਨਜ਼ਰਾਂ ਤੋਂ ਦੂਰ ਹੋ ਜਾਂਦੀ ਸੀ, ਤਾਂ ਉਹ ਉਸ ਨੂੰ ਲੱਭ ਕੇ ਹੀ ਸਾਹ ਲੈਂਦਾ ਸੀ। . . . ਸਾਂਝ ਵੇਲੇ ਜਦ ਉਹ ਇੱਜੜ ਨੂੰ ਵਾਪਸ ਲੈ ਕੇ ਆਉਂਦਾ ਸੀ, ਤਾਂ ਉਹ ਵਾੜੇ ਅੰਦਰ ਜਾਂਦੀ ਇਕ-ਇਕ ਭੇਡ ਨੂੰ ਗਿਣਦਾ ਸੀ। . . . ਅਕਸਰ ਉਸ ਨੂੰ ਰਾਤ ਨੂੰ ਵੀ ਇੱਜੜ ਦੀ ਜੰਗਲੀ ਜਾਨਵਰਾਂ ਤੇ ਚੋਰਾਂ ਤੋਂ ਰਾਖੀ ਕਰਨੀ ਪੈਂਦੀ ਸੀ।” *

7. ਕਦੇ-ਕਦੇ ਅਯਾਲੀ ਨੂੰ ਜ਼ਿਆਦਾ ਧੀਰਜਵਾਨ ਅਤੇ ਕੋਮਲ ਕਿਉਂ ਹੋਣਾ ਪੈਂਦਾ ਸੀ?

7 ਕੁਝ ਭੇਡਾਂ ਦੀ ਜ਼ਿਆਦਾ ਧੀਰਜ ਅਤੇ ਪਿਆਰ ਨਾਲ ਦੇਖ-ਭਾਲ ਕਰਨ ਦੀ ਜ਼ਰੂਰਤ ਪੈਂਦੀ ਸੀ, ਖ਼ਾਸ ਕਰਕੇ ਸੂਣ ਵਾਲੀ ਭੇਡ ਅਤੇ ਮੇਮਣਿਆਂ ਦੀ। (ਉਤਪਤ 33:13) ਬਾਈਬਲ ਦੇ ਇਕ ਐਨਸਾਈਕਲੋਪੀਡੀਆ ਮੁਤਾਬਕ “ਅਕਸਰ ਮੇਮਣੇ ਦਾ ਜਨਮ ਵਾੜੇ ਤੋਂ ਦੂਰ ਕਿਸੇ ਪਹਾੜੀ ਇਲਾਕੇ ਵਿਚ ਹੁੰਦਾ ਸੀ। ਅਯਾਲੀ ਇਸ ਨਾਜ਼ੁਕ ਸਮੇਂ ਦੌਰਾਨ ਭੇਡ ਦੀ ਰਾਖੀ ਕਰਦਾ ਸੀ ਅਤੇ ਨਵ-ਜੰਮੇ ਮੇਮਣੇ ਨੂੰ ਕੁੱਛੜ ਚੁੱਕ ਕੇ ਇੱਜੜ ਦੇ ਕੋਲ ਲੈ ਜਾਂਦਾ ਸੀ। ਜਦ ਤਕ ਮੇਮਣਾ ਖ਼ੁਦ ਤੁਰਨ ਨਹੀਂ ਲੱਗ ਜਾਂਦਾ, ਅਯਾਲੀ ਕਈ ਦਿਨਾਂ ਤਕ ਉਸ ਨੂੰ ਆਪਣੀ ਬੁੱਕਲ ਵਿਚ ਲਪੇਟ ਕੇ ਹਿੱਕ ਨਾਲ ਲਾ ਕੇ ਰੱਖਦਾ ਸੀ।” (ਯਸਾਯਾਹ 40:10, 11) ਇਸ ਤੋਂ ਅਸੀਂ ਸਾਫ਼ ਦੇਖ ਸਕਦੇ ਹਾਂ ਕਿ ਇਕ ਅੱਛੇ ਅਯਾਲੀ ਨੂੰ ਬਲਵਾਨ ਹੋਣ ਦੇ ਨਾਲ-ਨਾਲ ਕੋਮਲ ਵੀ ਹੋਣਾ ਪੈਂਦਾ ਸੀ।

8. ਦਾਊਦ ਯਹੋਵਾਹ ਵਿਚ ਆਪਣੇ ਭਰੋਸੇ ਦੇ ਕਿਹੜੇ ਕਾਰਨ ਦੱਸਦਾ ਹੈ?

8 “ਯਹੋਵਾਹ ਮੇਰਾ ਅਯਾਲੀ ਹੈ।” ਸਾਡੇ ਸਵਰਗੀ ਪਿਤਾ ਬਾਰੇ ਇਹ ਕਹਿਣਾ ਕਿੰਨਾ ਢੁਕਵਾਂ ਹੈ! ਜ਼ਬੂਰ 23 ਦੀ ਆਇਤ-ਬ-ਆਇਤ ਚਰਚਾ ਕਰ ਕੇ ਅਸੀਂ ਦੇਖਾਂਗੇ ਕਿ ਇਕ ਅਯਾਲੀ ਵਾਂਗ ਪਰਮੇਸ਼ੁਰ ਬਲਵਾਨ ਹੋਣ ਦੇ ਨਾਲ-ਨਾਲ ਕੋਮਲਤਾ ਨਾਲ ਸਾਡੀ ਦੇਖ-ਭਾਲ ਕਿਵੇਂ ਕਰਦਾ ਹੈ। ਪਹਿਲੀ ਆਇਤ ਵਿਚ ਦਾਊਦ ਭਰੋਸਾ ਜ਼ਾਹਰ ਕਰਦਾ ਹੈ ਕਿ ਯਹੋਵਾਹ ਆਪਣੇ ਲੋਕਾਂ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰੇਗਾ ਤਾਂਕਿ ਉਨ੍ਹਾਂ ਨੂੰ ਕਿਸੇ ਚੀਜ਼ ਦੀ ‘ਥੁੜ ਨਾ ਹੋਵੇ।’ ਅਗਲੀਆਂ ਆਇਤਾਂ ਵਿਚ ਦਾਊਦ ਆਪਣੇ ਭਰੋਸੇ ਦੇ ਤਿੰਨ ਕਾਰਨ ਦੱਸਦਾ ਹੈ: ਯਹੋਵਾਹ ਆਪਣੇ ਲੋਕਾਂ ਦੀ ਅਗਵਾਈ ਕਰਦਾ ਹੈ, ਰਾਖੀ ਕਰਦਾ ਹੈ ਅਤੇ ਉਨ੍ਹਾਂ ਨੂੰ ਭੋਜਨ ਦਿੰਦਾ ਹੈ। ਆਓ ਆਪਾਂ ਇਨ੍ਹਾਂ ਤਿੰਨ ਗੱਲਾਂ ਉੱਤੇ ਇਕ-ਇਕ ਕਰ ਕੇ ਚਰਚਾ ਕਰੀਏ।

‘ਉਹ ਮੇਰੀ ਅਗਵਾਈ ਕਰਦਾ ਹੈ’

9. ਦਾਊਦ ਕਿਹੋ ਜਿਹੇ ਸ਼ਾਂਤਮਈ ਮਾਹੌਲ ਦਾ ਵਰਣਨ ਕਰਦਾ ਹੈ ਅਤੇ ਭੇਡਾਂ ਉੱਥੇ ਕਿਵੇਂ ਪਹੁੰਚਦੀਆਂ ਹਨ?

9 ਪਹਿਲੀ ਗੱਲ, ਯਹੋਵਾਹ ਆਪਣੇ ਲੋਕਾਂ ਦੀ ਅਗਵਾਈ ਕਰਦਾ ਹੈ। ਦਾਊਦ ਲਿਖਦਾ ਹੈ: “ਉਹ ਮੈਨੂੰ ਹਰੇ ਹਰੇ ਘਾਹ ਦੀਆਂ ਜੂਹਾਂ ਵਿੱਚ ਬਿਠਾਉਂਦਾ ਹੈ, ਉਹ ਮੈਨੂੰ ਸੁਖਦਾਇਕ ਪਾਣੀਆਂ ਕੋਲ ਲੈ ਜਾਂਦਾ ਹੈ। ਉਹ ਮੇਰੀ ਜਾਨ ਵਿੱਚ ਜਾਨ ਪਾਉਂਦਾ ਹੈ, ਧਰਮ ਦੇ ਮਾਰਗਾਂ ਵਿੱਚ ਉਹ ਆਪਣੇ ਨਾਮ ਦੇ ਨਮਿੱਤ ਮੇਰੀ ਅਗਵਾਈ ਕਰਦਾ ਹੈ।” (ਜ਼ਬੂਰਾਂ ਦੀ ਪੋਥੀ 23:2, 3) ਦਾਊਦ ਸਾਡੇ ਮਨ ਵਿਚ ਅਜਿਹੀ ਸੋਹਣੀ ਤਸਵੀਰ ਬਣਾਉਂਦਾ ਹੈ ਜਿਸ ਤੋਂ ਸਾਨੂੰ ਸਕੂਨ ਦਾ ਅਹਿਸਾਸ ਹੁੰਦਾ ਹੈ। ਹਰੇ-ਭਰੇ ਮੈਦਾਨਾਂ ਉੱਤੇ ਰੱਜੀਆਂ-ਪੁੱਜੀਆਂ ਭੇਡਾਂ ਨੂੰ ਕਿਸੇ ਵੀ ਗੱਲ ਦੀ ਚਿੰਤਾ ਨਹੀਂ। ਜਿਸ ਇਬਰਾਨੀ ਸ਼ਬਦ ਦਾ “ਜੂਹਾਂ” ਅਨੁਵਾਦ ਕੀਤਾ ਗਿਆ ਹੈ, ਉਸ ਦਾ ਮਤਲਬ “ਸ਼ਾਂਤਮਈ ਜਗ੍ਹਾ” ਵੀ ਹੋ ਸਕਦਾ ਹੈ। ਸੰਭਵ ਹੈ ਕਿ ਭੇਡਾਂ ਆਪਣੇ ਆਪ ਅਜਿਹੀ ਸ਼ਾਂਤਮਈ ਜਗ੍ਹਾ ਨਹੀਂ ਲੱਭ ਸਕਦੀਆਂ, ਸਗੋਂ ਅਯਾਲੀ ਹੀ ਉਨ੍ਹਾਂ ਨੂੰ ਅਜਿਹੀ ਜਗ੍ਹਾ ਤੇ ਲੈ ਜਾ ਸਕਦਾ ਸੀ।

10. ਪਰਮੇਸ਼ੁਰ ਸਾਡੇ ਤੇ ਭਰੋਸਾ ਕਿਵੇਂ ਰੱਖਦਾ ਹੈ?

10 ਯਹੋਵਾਹ ਅੱਜ ਸਾਡੀ ਅਗਵਾਈ ਕਿਵੇਂ ਕਰਦਾ ਹੈ? ਇਕ ਤਰੀਕਾ ਹੈ ਆਪਣੀ ਮਿਸਾਲ ਰਾਹੀਂ। ਉਸ ਦਾ ਬਚਨ ਸਾਨੂੰ ‘ਪਰਮੇਸ਼ੁਰ ਦੀ ਰੀਸ ਕਰਨ’ ਦੀ ਤਾਕੀਦ ਕਰਦਾ ਹੈ। (ਅਫ਼ਸੀਆਂ 5:1) ਇਸ ਹਵਾਲੇ ਦੀਆਂ ਅਗਲੀਆਂ-ਪਿਛਲੀਆਂ ਆਇਤਾਂ ਵਿਚ ਤਰਸ, ਮਾਫ਼ੀ ਅਤੇ ਪਿਆਰ ਦੇ ਗੁਣਾਂ ਦਾ ਜ਼ਿਕਰ ਕੀਤਾ ਗਿਆ ਹੈ। (ਅਫ਼ਸੀਆਂ 4:32; 5:2) ਅਜਿਹੇ ਸਦਗੁਣਾਂ ਦਾ ਇਜ਼ਹਾਰ ਕਰਨ ਵਿਚ ਯਹੋਵਾਹ ਨੇ ਸਭ ਤੋਂ ਵਧੀਆ ਮਿਸਾਲ ਕਾਇਮ ਕੀਤੀ ਹੈ। ਕੀ ਉਹ ਸਾਨੂੰ ਉਸ ਦੀ ਰੀਸ ਕਰਨ ਲਈ ਕਹਿ ਕੇ ਸਾਥੋਂ ਹਦੋਂ ਵਧ ਮੰਗ ਰਿਹਾ ਹੈ? ਬਿਲਕੁਲ ਨਹੀਂ। ਉਸ ਦੀ ਇਸ ਮੰਗ ਤੋਂ ਜ਼ਾਹਰ ਹੁੰਦਾ ਹੈ ਕਿ ਉਸ ਨੂੰ ਸਾਡੇ ਤੇ ਕਿੰਨਾ ਭਰੋਸਾ ਹੈ! ਪਰ ਉਸ ਨੂੰ ਸਾਡੇ ਤੇ ਕਿਉਂ ਭਰੋਸਾ ਹੈ? ਕਿਉਂਕਿ ਅਸੀਂ ਉਸ ਦੇ ਸਰੂਪ ਉੱਤੇ ਬਣਾਏ ਗਏ ਹਾਂ। ਇਸ ਦਾ ਮਤਲਬ ਹੈ ਕਿ ਸਾਡੇ ਵਿਚ ਵੀ ਅਜਿਹੇ ਸਦਗੁਣ ਹਨ। (ਉਤਪਤ 1:26) ਇਸ ਲਈ ਯਹੋਵਾਹ ਜਾਣਦਾ ਹੈ ਕਿ ਨਾਮੁਕੰਮਲ ਹੋਣ ਦੇ ਬਾਵਜੂਦ ਵੀ ਅਸੀਂ ਉਸ ਵਰਗੇ ਗੁਣ ਪੈਦਾ ਕਰਨ ਦੇ ਕਾਬਲ ਹਾਂ। ਇਹ ਜਾਣ ਕੇ ਸਾਡਾ ਹੌਸਲਾ ਕਿੰਨਾ ਵਧਦਾ ਹੈ ਕਿ ਪਰਮੇਸ਼ੁਰ ਨੂੰ ਸਾਡੇ ਤੇ ਇੰਨਾ ਭਰੋਸਾ ਹੈ। ਜੇ ਅਸੀਂ ਉਸ ਦੀ ਰੀਸ ਕਰਾਂਗੇ, ਤਾਂ ਉਹ ਸਾਡੀ ਅਗਵਾਈ ਕਰੇਗਾ। ਉਹ ਸਾਨੂੰ “ਸੁਖਦਾਇਕ” ਜਗ੍ਹਾ ਤੇ ਲੈ ਜਾਵੇਗਾ ਯਾਨੀ ਇਸ ਹਿੰਸਕ ਦੁਨੀਆਂ ਵਿਚ ਰਹਿੰਦੇ ਹੋਏ ਵੀ ਅਸੀਂ ‘ਅਮਨ ਵਿੱਚ ਵਸਾਂਗੇ।’ ਸਾਨੂੰ ਇਹ ਜਾਣ ਕੇ ਮਨ ਦੀ ਸ਼ਾਂਤੀ ਮਿਲੇਗੀ ਕਿ ਸਾਡਿਆਂ ਕੰਮਾਂ ਤੋਂ ਪਰਮੇਸ਼ੁਰ ਖ਼ੁਸ਼ ਹੈ।—ਜ਼ਬੂਰਾਂ ਦੀ ਪੋਥੀ 4:8; 29:11.

11. ਆਪਣੇ ਲੋਕਾਂ ਦੀ ਅਗਵਾਈ ਕਰਦੇ ਹੋਏ ਯਹੋਵਾਹ ਕਿਹੜੀ ਗੱਲ ਯਾਦ ਰੱਖਦਾ ਹੈ ਅਤੇ ਉਸ ਦੀ ਮੰਗ ਤੋਂ ਇਹ ਗੱਲ ਕਿਵੇਂ ਜ਼ਾਹਰ ਹੁੰਦੀ ਹੈ?

11 ਯਹੋਵਾਹ ਧੀਰਜ ਅਤੇ ਕੋਮਲਤਾ ਨਾਲ ਸਾਡੀ ਅਗਵਾਈ ਕਰਦਾ ਹੈ। ਇਕ ਅਯਾਲੀ ਨੂੰ ਪਤਾ ਹੁੰਦਾ ਹੈ ਕਿ ਭੇਡਾਂ ਕਿੰਨਾ ਕੁ ਸਹਾਰ ਸਕਦੀਆਂ ਹਨ, ਇਸ ਲਈ ਉਹ ‘ਉਨ੍ਹਾਂ ਦੀ ਤੋਰ ਅਨੁਸਾਰ’ ਚੱਲਦਾ ਹੈ। (ਉਤਪਤ 33:14) ਯਹੋਵਾਹ ਵੀ ਸਾਡੀ “ਤੋਰ ਅਨੁਸਾਰ” ਸਾਡੀ ਅਗਵਾਈ ਕਰਦਾ ਹੈ। ਉਹ ਸਾਡੀਆਂ ਕਾਬਲੀਅਤਾਂ ਅਤੇ ਹਾਲਾਤਾਂ ਨੂੰ ਧਿਆਨ ਵਿਚ ਰੱਖਦਾ ਹੈ। ਜੋ ਅਸੀਂ ਕਰ ਸਕਦੇ ਹਾਂ, ਯਹੋਵਾਹ ਉਸ ਤੋਂ ਵਧ ਸਾਡੇ ਤੋਂ ਕੁਝ ਨਹੀਂ ਮੰਗਦਾ। ਉਸ ਦੀ ਇਹੀ ਇੱਛਾ ਹੈ ਕਿ ਅਸੀਂ ਦਿਲੋਂ ਉਸ ਦੀ ਭਗਤੀ ਕਰੀਏ। (ਕੁਲੁੱਸੀਆਂ 3:23) ਪਰ ਜੇ ਤੁਸੀਂ ਬੁੱਢੇ ਹੋ ਚੁੱਕੇ ਹੋ ਅਤੇ ਪਹਿਲਾਂ ਜਿੰਨਾ ਨਹੀਂ ਕਰ ਸਕਦੇ, ਤਾਂ ਫਿਰ ਕੀ? ਜਾਂ ਹੋ ਸਕਦਾ ਹੈ ਕਿ ਬਹੁਤ ਬੀਮਾਰ ਹੋਣ ਕਰਕੇ ਤੁਸੀਂ ਆਪਣੀ ਚਾਹਤ ਮੁਤਾਬਕ ਸੇਵਾ ਨਹੀਂ ਕਰ ਪਾ ਰਹੇ ਹੋ। ਯਹੋਵਾਹ ਸਮਝਦਾ ਹੈ ਕਿ ਕੋਈ ਵੀ ਦੋ ਇਨਸਾਨ ਇੱਕੋ ਜਿਹੇ ਨਹੀਂ ਹੁੰਦੇ। ਅਸੀਂ ਯਹੋਵਾਹ ਦੇ ਸ਼ੁਕਰਗੁਜ਼ਾਰ ਹੋ ਸਕਦੇ ਹਾਂ ਕਿ ਉਹ ਸਾਡੇ ਤੋਂ ਸਿਰਫ਼ ਇਹੋ ਚਾਹੁੰਦਾ ਹੈ ਕਿ ਅਸੀਂ ਆਪਣੀ ਤਾਕਤ ਅਨੁਸਾਰ ਉਸ ਦੀ ਦਿਲੋਂ ਸੇਵਾ ਕਰੀਏ। ਸਾਡੀਆਂ ਕਮਜ਼ੋਰੀਆਂ ਦੇ ਬਾਵਜੂਦ ਵੀ ਯਹੋਵਾਹ ਸਾਡੀ ਦਿਲੋਂ ਕੀਤੀ ਗਈ ਭਗਤੀ ਤੋਂ ਬਹੁਤ ਖ਼ੁਸ਼ ਹੁੰਦਾ ਹੈ।—ਮਰਕੁਸ 12:29, 30.

12. ਮੂਸਾ ਦੀ ਬਿਵਸਥਾ ਦੀ ਕਿਹੜੀ ਉਦਾਹਰਣ ਦਿਖਾਉਂਦੀ ਹੈ ਕਿ ਯਹੋਵਾਹ ਆਪਣੇ ਲੋਕਾਂ ਦੀ “ਤੋਰ ਅਨੁਸਾਰ” ਉਨ੍ਹਾਂ ਦੀ ਅਗਵਾਈ ਕਰਦਾ ਹੈ?

12 “ਤੋਰ ਅਨੁਸਾਰ” ਆਪਣੇ ਲੋਕਾਂ ਦੀ ਅਗਵਾਈ ਕਰਨ ਦੀ ਮਿਸਾਲ ਸਾਨੂੰ ਮੂਸਾ ਦੀ ਬਿਵਸਥਾ ਵਿਚ ਮਿਲਦੀ ਹੈ। ਧਿਆਨ ਦਿਓ ਕਿ ਇਸ ਵਿਚ ਦੋਸ਼ ਦੀਆਂ ਭੇਟਾਂ ਚੜ੍ਹਾਉਣ ਬਾਰੇ ਕੀ ਕਿਹਾ ਗਿਆ ਸੀ। ਯਹੋਵਾਹ ਚਾਹੁੰਦਾ ਸੀ ਕਿ ਲੋਕ ਧੰਨਵਾਦ ਭਰੇ ਦਿਲਾਂ ਨਾਲ ਉਸ ਨੂੰ ਵਧੀਆ ਭੇਟਾਂ ਚੜ੍ਹਾਉਣ। ਪਰ ਉਨ੍ਹਾਂ ਨੇ ਇਹ ਭੇਟਾਂ ਆਪਣੀ ਹੈਸੀਅਤ ਮੁਤਾਬਕ ਹੀ ਚੜ੍ਹਾਉਣੀਆਂ ਸਨ। ਬਿਵਸਥਾ ਵਿਚ ਲਿਖਿਆ ਸੀ: ‘ਜੇ ਉਹ ਇੱਕ ਲੇਲਾ ਲਿਆ ਨਾ ਸੱਕੇ ਤਾਂ ਉਹ ਦੋ ਘੁੱਗੀਆਂ ਯਾ ਦੋ ਕਬੂਤ੍ਰਾਂ ਦੇ ਬੱਚੇ ਲਿਆਵੇ।’ ਪਰ ਜੇ ਉਹ ਦੋ ਕਬੂਤਰ ਵੀ ਨਾ ਲਿਆ ਸਕੇ, ਉਦੋਂ ਕੀ? ਫਿਰ ਉਹ ਥੋੜ੍ਹਾ ਜਿਹਾ ‘ਮੈਦਾ’ ਲਿਆ ਸਕਦੇ ਸੀ। (ਲੇਵੀਆਂ 5:7, 11) ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਪਰਮੇਸ਼ੁਰ ਕਿਸੇ ਤੋਂ ਵੀ ਉਸ ਦੀ ਹੈਸੀਅਤ ਤੋਂ ਵੱਧ ਕਰਨ ਦੀ ਆਸ ਨਹੀਂ ਰੱਖਦਾ। ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਕਦੇ ਬਦਲਦਾ ਨਹੀਂ, ਇਸ ਲਈ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਉਹ ਸਾਡੇ ਤੋਂ ਹੱਦੋਂ ਵਧ ਨਹੀਂ ਮੰਗਦਾ। ਉਹ ਖ਼ੁਸ਼ ਹੁੰਦਾ ਹੈ ਜਦੋਂ ਅਸੀਂ ਆਪਣੇ ਹਾਲਾਤ ਮੁਤਾਬਕ ਉਸ ਦੀ ਦਿਲੋਂ ਸੇਵਾ ਕਰਦੇ ਹਾਂ। (ਮਲਾਕੀ 3:6) ਕੀ ਅਸੀਂ ਅਜਿਹੇ ਹਮਦਰਦ ਅਯਾਲੀ ਦੀ ਅਗਵਾਈ ਵਿਚ ਚੱਲ ਕੇ ਖ਼ੁਸ਼ ਨਹੀਂ ਹੁੰਦੇ?

“ਮੈਂ ਕਿਸੇ ਬਦੀ ਤੋਂ ਨਹੀਂ ਡਰਾਂਗਾ, ਤੂੰ ਜੋ ਮੇਰੇ ਨਾਲ ਹੈਂ”

13. ਜ਼ਬੂਰਾਂ ਦੀ ਪੋਥੀ 23:4 ਤੋਂ ਕਿਵੇਂ ਪਤਾ ਲੱਗਦਾ ਹੈ ਕਿ ਦਾਊਦ ਦਾ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਸੀ ਅਤੇ ਇਸ ਦਾ ਕਾਰਨ ਕੀ ਸੀ?

13 ਦਾਊਦ ਆਪਣੇ ਭਰੋਸੇ ਦਾ ਦੂਜਾ ਕਾਰਨ ਦਿੰਦਾ ਹੈ: ਯਹੋਵਾਹ ਸਾਡੀ ਰਾਖੀ ਕਰਦਾ ਹੈ। ਅਸੀਂ ਪੜ੍ਹਦੇ ਹਾਂ: “ਭਾਵੇਂ ਮੈਂ ਮੌਤ ਦੀ ਛਾਂ ਦੀ ਵਾਦੀ ਵਿੱਚ ਫਿਰਾਂ, ਮੈਂ ਕਿਸੇ ਬਦੀ ਤੋਂ ਨਹੀਂ ਡਰਾਂਗਾ, ਤੂੰ ਜੋ ਮੇਰੇ ਨਾਲ ਹੈਂ। ਤੇਰੀ ਸੋਟੀ ਤੇ ਤੇਰੀ ਲਾਠੀ, ਏਹ ਮੈਨੂੰ ਤਸੱਲੀ ਦਿੰਦੀਆਂ ਹਨ।” (ਜ਼ਬੂਰਾਂ ਦੀ ਪੋਥੀ 23:4) ਦਾਊਦ ਇੱਥੇ ਯਹੋਵਾਹ ਨੂੰ “ਉਹ” ਕਹਿਣ ਦੀ ਬਜਾਇ “ਤੂੰ” ਕਹਿ ਕੇ ਬੁਲਾਉਂਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉਸ ਦਾ ਪਰਮੇਸ਼ੁਰ ਨਾਲ ਬਹੁਤ ਗੂੜ੍ਹਾ ਰਿਸ਼ਤਾ ਸੀ। ਦਾਊਦ ਨੇ ਜ਼ਿੰਦਗੀ ਵਿਚ ਬਹੁਤ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਸੀ ਅਤੇ ਇਨ੍ਹਾਂ ਸਾਰੀਆਂ ਮੁਸ਼ਕਲਾਂ ਦੌਰਾਨ ਪਰਮੇਸ਼ੁਰ ਨੇ ਉਸ ਦੀ ਮਦਦ ਕੀਤੀ ਸੀ। ਦਾਊਦ ਮੌਤ ਦੀ ਛਾਂ ਦੀ ਵਾਦੀ ਵਿੱਚੋਂ ਕਈ ਵਾਰ ਲੰਘ ਚੁੱਕਾ ਸੀ, ਪਰ ਉਹ ਡਰਿਆ ਨਹੀਂ ਕਿਉਂਕਿ ਉਹ ਜਾਣਦਾ ਸੀ ਕਿ ਯਹੋਵਾਹ ਆਪਣੀ “ਸੋਟੀ” ਅਤੇ “ਲਾਠੀ” ਨਾਲ ਉਸ ਦੀ ਰੱਖਿਆ ਕਰਨ ਲਈ ਤਿਆਰ ਸੀ। ਇਹ ਜਾਣ ਕੇ ਦਾਊਦ ਨੂੰ ਕਿੰਨਾ ਦਿਲਾਸਾ ਮਿਲਿਆ ਹੋਣਾ ਤੇ ਉਸ ਦਾ ਰਿਸ਼ਤਾ ਯਹੋਵਾਹ ਨਾਲ ਹੋਰ ਵੀ ਗੂੜ੍ਹਾ ਹੋਇਆ ਹੋਣਾ! *

14. ਬਾਈਬਲ ਸਾਨੂੰ ਕਿਵੇਂ ਭਰੋਸਾ ਦਿਵਾਉਂਦੀ ਹੈ ਕਿ ਯਹੋਵਾਹ ਸਾਡੀ ਰੱਖਿਆ ਕਰਦਾ ਹੈ ਅਤੇ ਇਸ ਦਾ ਮਤਲਬ ਕੀ ਨਹੀਂ ਹੈ?

14 ਯਹੋਵਾਹ ਆਪਣੇ ਲੋਕਾਂ ਦੀ ਅੱਜ ਕਿਵੇਂ ਰੱਖਿਆ ਕਰਦਾ ਹੈ? ਬਾਈਬਲ ਵਿਚ ਸਾਨੂੰ ਭਰੋਸਾ ਦਿਵਾਇਆ ਜਾਂਦਾ ਹੈ ਕਿ ਕੋਈ ਵੀ ਵਿਰੋਧੀ, ਚਾਹੇ ਉਹ ਬੁਰੇ ਦੂਤ ਜਾਂ ਇਨਸਾਨ ਹੋਣ, ਯਹੋਵਾਹ ਦੇ ਲੋਕਾਂ ਨੂੰ ਧਰਤੀ ਤੋਂ ਖ਼ਤਮ ਨਹੀਂ ਕਰ ਸਕਦੇ। ਯਹੋਵਾਹ ਇਸ ਤਰ੍ਹਾਂ ਕਦੇ ਨਹੀਂ ਹੋਣ ਦੇਵੇਗਾ। (ਯਸਾਯਾਹ 54:17; 2 ਪਤਰਸ 2:9) ਲੇਕਿਨ ਇਸ ਦਾ ਇਹ ਮਤਲਬ ਨਹੀਂ ਕਿ ਸਾਡਾ ਅਯਾਲੀ ਸਾਨੂੰ ਹਰ ਮੁਸੀਬਤ ਤੋਂ ਬਚਾ ਕੇ ਰੱਖੇਗਾ। ਹੋਰ ਇਨਸਾਨਾਂ ਵਾਂਗ ਅਸੀਂ ਵੀ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਾਂ। ਇਸ ਤੋਂ ਇਲਾਵਾ, ਮਸੀਹੀ ਹੋਣ ਦੇ ਨਾਤੇ ਸਾਨੂੰ ਦੂਸਰਿਆਂ ਦੇ ਵਿਰੋਧ ਦਾ ਸਾਮ੍ਹਣਾ ਵੀ ਕਰਨਾ ਪੈਂਦਾ ਹੈ। (2 ਤਿਮੋਥਿਉਸ 3:12; ਯਾਕੂਬ 1:2) ਸ਼ਾਇਦ ਸਾਨੂੰ ਵੀ ‘ਮੌਤ ਦੀ ਛਾਂ ਦੀ ਵਾਦੀ ਵਿੱਚੋਂ ਲੰਘਣਾ’ ਪਵੇ। ਮਿਸਾਲ ਲਈ, ਸ਼ਾਇਦ ਸਾਨੂੰ ਵਿਰੋਧ ਜਾਂ ਕਿਸੇ ਗੰਭੀਰ ਬੀਮਾਰੀ ਕਾਰਨ ਮੌਤ ਦਾ ਸਾਮ੍ਹਣਾ ਕਰਨਾ ਪਵੇ। ਜਾਂ ਹੋ ਸਕਦਾ ਹੈ ਕਿ ਸਾਡੇ ਕਿਸੇ ਅਜ਼ੀਜ਼ ਨੂੰ ਮੌਤ ਦਾ ਸਾਮ੍ਹਣਾ ਕਰਨਾ ਪਵੇ। ਇਨ੍ਹਾਂ ਮੁਸ਼ਕਲ ਸਮਿਆਂ ਦੌਰਾਨ ਸਾਡਾ ਅਯਾਲੀ ਸਾਡੇ ਨਾਲ ਹੋਵੇਗਾ ਅਤੇ ਸਾਨੂੰ ਸਹਾਰਾ ਦੇਵੇਗਾ। ਪਰ ਯਹੋਵਾਹ ਸਾਨੂੰ ਸਹਾਰਾ ਕਿਵੇਂ ਦਿੰਦਾ ਹੈ?

15, 16. (ੳ) ਯਹੋਵਾਹ ਕਿਨ੍ਹਾਂ ਤਰੀਕਿਆਂ ਨਾਲ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਸਾਡੀ ਮਦਦ ਕਰਦਾ ਹੈ? (ਅ) ਉਦਾਹਰਣ ਦੇ ਕੇ ਸਮਝਾਓ ਕਿ ਯਹੋਵਾਹ ਅਜ਼ਮਾਇਸ਼ਾਂ ਵਿਚ ਸਾਡੀ ਕਿਵੇਂ ਮਦਦ ਕਰਦਾ ਹੈ।

15 ਯਹੋਵਾਹ ਇਹ ਵਾਅਦਾ ਨਹੀਂ ਕਰਦਾ ਕਿ ਉਹ ਦਖ਼ਲ ਦੇ ਕੇ ਚਮਤਕਾਰੀ ਢੰਗ ਨਾਲ ਸਾਨੂੰ ਮੁਸ਼ਕਲਾਂ ਤੋਂ ਬਚਾ ਲਵੇਗਾ। * ਪਰ ਇਸ ਗੱਲ ਉੱਤੇ ਅਸੀਂ ਪੂਰਾ ਵਿਸ਼ਵਾਸ ਕਰ ਸਕਦੇ ਹਾਂ ਕਿ ਯਹੋਵਾਹ ਹਰ ਮੁਸ਼ਕਲ ਦਾ ਡਟ ਕੇ ਸਾਮ੍ਹਣਾ ਕਰਨ ਵਿਚ ਸਾਡੀ ਮਦਦ ਜ਼ਰੂਰ ਕਰੇਗਾ। ਉਹ “ਭਾਂਤ ਭਾਂਤ ਦੇ ਪਰਤਾਵਿਆਂ” ਵਿੱਚੋਂ ਲੰਘਣ ਲਈ ਸਾਨੂੰ ਬੁੱਧ ਬਖ਼ਸ਼ੇਗਾ। (ਯਾਕੂਬ 1:2-5) ਅਯਾਲੀ ਸੋਟੀ ਜਾਂ ਲਾਠੀ ਸਿਰਫ਼ ਆਪਣੀਆਂ ਭੇਡਾਂ ਦੀ ਰਾਖੀ ਕਰਨ ਲਈ ਹੀ ਨਹੀਂ ਵਰਤਦਾ, ਸਗੋਂ ਉਨ੍ਹਾਂ ਨੂੰ ਨਰਮਾਈ ਨਾਲ ਸਹੀ ਰਸਤੇ ਪਾਉਣ ਲਈ ਵੀ ਵਰਤਦਾ ਹੈ। ਯਹੋਵਾਹ ਵੀ ਸਾਨੂੰ ਮੁਸ਼ਕਲ ਸਮਿਆਂ ਦੌਰਾਨ ਸਹੀ ਰਸਤਾ ਦਿਖਾ ਸਕਦਾ ਹੈ। ਉਹ ਸ਼ਾਇਦ ਕਲੀਸਿਯਾ ਵਿਚ ਭੈਣਾਂ-ਭਰਾਵਾਂ ਰਾਹੀਂ ਸਾਨੂੰ ਬਾਈਬਲ ਦੀਆਂ ਸਲਾਹਾਂ ਯਾਦ ਕਰਵਾਏ ਜੋ ਸਾਡੀ ਮਦਦ ਕਰ ਸਕਦੀਆਂ ਹਨ। ਇਸ ਦੇ ਨਾਲ-ਨਾਲ ਯਹੋਵਾਹ ਸਾਨੂੰ ਮੁਸ਼ਕਲਾਂ ਸਹਿਣ ਦੀ ਸ਼ਕਤੀ ਵੀ ਦਿੰਦਾ ਹੈ। (ਫ਼ਿਲਿੱਪੀਆਂ 4:13) ਆਪਣੀ ਪਵਿੱਤਰ ਆਤਮਾ ਦੁਆਰਾ ਉਹ ਸਾਨੂੰ “ਮਹਾ-ਸ਼ਕਤੀ” ਦੇ ਸਕਦਾ ਹੈ। (2 ਕੁਰਿੰਥੁਸ 4:7, ਪਵਿੱਤਰ ਬਾਈਬਲ ਨਵਾਂ ਅਨੁਵਾਦ) ਪਵਿੱਤਰ ਆਤਮਾ ਸਾਨੂੰ ਸ਼ਤਾਨ ਵੱਲੋਂ ਆਈ ਕਿਸੇ ਵੀ ਅਜ਼ਮਾਇਸ਼ ਦਾ ਸਾਮ੍ਹਣਾ ਕਰਨ ਦੀ ਹਿੰਮਤ ਦੇ ਸਕਦੀ ਹੈ। (1 ਕੁਰਿੰਥੀਆਂ 10:13) ਇਹ ਜਾਣ ਕੇ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ ਕਿ ਯਹੋਵਾਹ ਹਰ ਵੇਲੇ ਸਾਡੀ ਮਦਦ ਕਰਨ ਲਈ ਤਿਆਰ ਰਹਿੰਦਾ ਹੈ!

16 ਅਸੀਂ ਯਕੀਨ ਰੱਖ ਸਕਦੇ ਹਾਂ ਕਿ ਸਾਨੂੰ ਕਿਸੇ ਵੀ ਮੁਸ਼ਕਲ ਦਾ ਸਾਮ੍ਹਣਾ ਇਕੱਲੇ ਨਹੀਂ ਕਰਨਾ ਪਵੇਗਾ ਕਿਉਂਕਿ ਸਾਡਾ ਅਯਾਲੀ ਯਹੋਵਾਹ ਹਮੇਸ਼ਾ ਸਾਡਾ ਸਾਥ ਨਿਭਾਏਗਾ। ਕਈ ਵਾਰ ਉਹ ਸਾਡੀ ਅਜਿਹੇ ਤਰੀਕੇ ਨਾਲ ਮਦਦ ਕਰਦਾ ਹੈ ਜਿਸ ਦੀ ਸ਼ਾਇਦ ਅਸੀਂ ਉਮੀਦ ਵੀ ਨਾ ਕੀਤੀ ਹੋਵੇ। ਕਲੀਸਿਯਾ ਦੇ ਇਕ ਬਜ਼ੁਰਗ ਦੀ ਉਦਾਹਰਣ ਵੱਲ ਗੌਰ ਕਰੋ ਜਿਸ ਦੇ ਦਿਮਾਗ਼ ਵਿਚ ਟਿਊਮਰ ਸੀ। “ਇਹ ਸੱਚ ਹੈ ਕਿ ਸ਼ੁਰੂ ਵਿਚ ਮੈਂ ਸੋਚਦਾ ਸੀ ਕਿ ਯਹੋਵਾਹ ਮੇਰੇ ਨਾਲ ਪਿਆਰ ਨਹੀਂ ਕਰਦਾ ਜਾਂ ਉਹ ਮੇਰੇ ਨਾਲ ਨਾਰਾਜ਼ ਹੈ। ਪਰ ਮੈਂ ਪੱਕਾ ਇਰਾਦਾ ਕੀਤਾ ਕਿ ਮੈਂ ਯਹੋਵਾਹ ਦਾ ਲੜ ਕਦੇ ਨਾ ਛੱਡਾਂਗਾ। ਮੈਂ ਦਿਲ ਹੌਲਾ ਕਰਨ ਲਈ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। ਉਸ ਨੇ ਅਕਸਰ ਭੈਣਾਂ-ਭਰਾਵਾਂ ਰਾਹੀਂ ਮੈਨੂੰ ਦਿਲਾਸਾ ਦੇ ਕੇ ਮੇਰੀ ਮਦਦ ਕੀਤੀ। ਉਨ੍ਹਾਂ ਵਿੱਚੋਂ ਕਈ ਭੈਣਾਂ-ਭਰਾਵਾਂ ਨੇ ਖ਼ੁਦ ਗੰਭੀਰ ਬੀਮਾਰੀਆਂ ਦਾ ਸਾਮ੍ਹਣਾ ਕੀਤਾ ਸੀ ਅਤੇ ਉਨ੍ਹਾਂ ਦੇ ਤਜਰਬੇ ਅਤੇ ਸਲਾਹਾਂ ਸੁਣ ਕੇ ਮੇਰਾ ਹੌਸਲਾ ਵਧਿਆ। ਉਨ੍ਹਾਂ ਦੀਆਂ ਗੱਲਾਂ ਨੇ ਮੈਨੂੰ ਯਾਦ ਕਰਾਇਆ ਕਿ ਮੈਂ ਇਕੱਲਾ ਹੀ ਬੀਮਾਰ ਨਹੀਂ ਸੀ। ਜਿਵੇਂ ਉਨ੍ਹਾਂ ਨੇ ਪਿਆਰ ਨਾਲ ਮੇਰੀ ਮਦਦ ਕੀਤੀ, ਉਸ ਤੋਂ ਮੈਨੂੰ ਅਹਿਸਾਸ ਹੋਇਆ ਕਿ ਯਹੋਵਾਹ ਮੇਰੇ ਨਾਲ ਨਾਰਾਜ਼ ਨਹੀਂ ਸੀ। ਇਹ ਸੱਚ ਹੈ ਕਿ ਮੈਨੂੰ ਆਪਣੀ ਬੀਮਾਰੀ ਨਾਲ ਜੂਝਣਾ ਪੈਂਦਾ ਹੈ ਅਤੇ ਮੈਨੂੰ ਇਹ ਵੀ ਨਹੀਂ ਪਤਾ ਕਿ ਮੈਂ ਇਸ ਬੀਮਾਰੀ ਤੋਂ ਠੀਕ ਹੋਵਾਂਗਾ ਜਾਂ ਨਹੀਂ। ਪਰ ਮੈਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਯਹੋਵਾਹ ਮੇਰਾ ਸਾਥ ਕਦੇ ਨਹੀਂ ਛੱਡੇਗਾ ਅਤੇ ਇਸ ਅਜ਼ਮਾਇਸ਼ ਵਿਚ ਮੈਨੂੰ ਸਹਾਰਾ ਦਿੰਦਾ ਰਹੇਗਾ।”

‘ਤੂੰ ਮੇਰੇ ਅੱਗੇ ਮੇਜ਼ ਵਿਛਾਉਂਦਾ ਹੈਂ’

17. ਜ਼ਬੂਰਾਂ ਦੀ ਪੋਥੀ 23:5 ਵਿਚ ਦਾਊਦ ਯਹੋਵਾਹ ਨੂੰ ਕਿਸ ਰੂਪ ਵਿਚ ਦਰਸਾਉਂਦਾ ਹੈ ਅਤੇ ਇਹ ਉਦਾਹਰਣ ਇਕ ਅਯਾਲੀ ਦੀ ਉਦਾਹਰਣ ਨਾਲ ਮੇਲ ਕਿਵੇਂ ਖਾਂਦੀ ਹੈ?

17 ਹੁਣ ਦਾਊਦ ਆਪਣੇ ਅਯਾਲੀ ਵਿਚ ਆਪਣੇ ਭਰੋਸੇ ਦਾ ਤੀਜਾ ਕਾਰਨ ਦੱਸਦਾ ਹੈ: ਯਹੋਵਾਹ ਆਪਣੇ ਸੇਵਕਾਂ ਨੂੰ ਭਰਪੂਰ ਭੋਜਨ ਦਿੰਦਾ ਹੈ। ਦਾਊਦ ਨੇ ਲਿਖਿਆ: “ਤੂੰ ਮੇਰੇ ਵਿਰੋਧੀਆਂ ਦੇ ਸਨਮੁਖ ਮੇਰੇ ਅੱਗੇ ਮੇਜ਼ ਵਿਛਾਉਂਦਾ ਹੈਂ, ਤੈਂ ਮੇਰੇ ਸਿਰ ਉੱਤੇ ਤੇਲ ਝੱਸਿਆ ਹੈ, ਮੇਰਾ ਕਟੋਰਾ ਭਰਿਆ ਹੋਇਆ ਹੈ।” (ਜ਼ਬੂਰਾਂ ਦੀ ਪੋਥੀ 23:5) ਇਸ ਆਇਤ ਵਿਚ ਦਾਊਦ ਆਪਣੇ ਅਯਾਲੀ ਨੂੰ ਇਕ ਖੁੱਲ੍ਹੇ ਦਿਲ ਵਾਲੇ ਮੇਜ਼ਬਾਨ ਵਜੋਂ ਦਰਸਾਉਂਦਾ ਹੈ। ਯਹੋਵਾਹ ਦੀ ਤੁਲਨਾ ਇਕ ਅਯਾਲੀ ਅਤੇ ਫਿਰ ਇਕ ਖੁੱਲ੍ਹ-ਦਿਲੇ ਮੇਜ਼ਬਾਨ ਨਾਲ ਕਰਨੀ ਕੋਈ ਅਜੀਬ ਗੱਲ ਨਹੀਂ ਹੈ। ਇਕ ਅੱਛੇ ਅਯਾਲੀ ਲਈ ਅਜਿਹੀ ਜਗ੍ਹਾ ਬਾਰੇ ਜਾਣਨਾ ਜ਼ਰੂਰੀ ਹੁੰਦਾ ਹੈ ਜਿੱਥੇ ਉਸ ਦੀਆਂ ਭੇਡਾਂ ਰੱਜ ਕੇ ਖਾ-ਪੀ ਸਕਣ ਅਤੇ ਉਨ੍ਹਾਂ ਨੂੰ ਕਿਸੇ ਚੀਜ਼ ਦੀ ‘ਥੁੜ ਨਾ ਹੋਵੇ।’—ਜ਼ਬੂਰਾਂ ਦੀ ਪੋਥੀ 23:1, 2.

18. ਕਿਹੜੀ ਗੱਲ ਦਿਖਾਉਂਦੀ ਹੈ ਕਿ ਯਹੋਵਾਹ ਇਕ ਖੁੱਲ੍ਹੇ ਦਿਲ ਵਾਲਾ ਮੇਜ਼ਬਾਨ ਹੈ?

18 ਕੀ ਸਾਡਾ ਵੀ ਅਯਾਲੀ ਖੁੱਲ੍ਹੇ ਦਿਲ ਵਾਲਾ ਮੇਜ਼ਬਾਨ ਹੈ? ਬਿਲਕੁਲ, ਇਸ ਗੱਲ ਵਿਚ ਕੋਈ ਸ਼ੱਕ ਨਹੀਂ! ਜ਼ਰਾ ਉਸ ਭਾਂਤ-ਭਾਂਤ ਦੇ ਉੱਤਮ ਰੂਹਾਨੀ ਭੋਜਨ ਬਾਰੇ ਸੋਚੋ ਜੋ ਯਹੋਵਾਹ ਸਾਨੂੰ ਬਹੁਤਾਤ ਵਿਚ ਦਿੰਦਾ ਹੈ। ਮਾਤਬਰ ਅਤੇ ਬੁੱਧਵਾਨ ਨੌਕਰ ਦੁਆਰਾ ਯਹੋਵਾਹ ਨੇ ਲਾਭਦਾਇਕ ਪ੍ਰਕਾਸ਼ਨ ਤਿਆਰ ਕੀਤੇ ਹਨ ਅਤੇ ਸਭਾਵਾਂ ਤੇ ਸੰਮੇਲਨਾਂ ਦਾ ਵੀ ਪ੍ਰਬੰਧ ਕਰਦਾ ਹੈ। (ਮੱਤੀ 24:45-47) ਇਸ ਨੌਕਰ ਵਰਗ ਨੇ 413 ਭਾਸ਼ਾਵਾਂ ਵਿਚ ਲੱਖਾਂ ਬਾਈਬਲਾਂ ਅਤੇ ਕਿਤਾਬਾਂ ਤਿਆਰ ਕੀਤੀਆਂ ਹਨ। ਇਨ੍ਹਾਂ ਕਿਤਾਬਾਂ ਰਾਹੀਂ ਯਹੋਵਾਹ ਨੇ ਸਾਨੂੰ ਭਾਂਤ-ਭਾਂਤ ਦਾ ਰੂਹਾਨੀ ਭੋਜਨ ਦਿੱਤਾ ਹੈ ਜਿਨ੍ਹਾਂ ਵਿਚ “ਦੁੱਧ” ਯਾਨੀ ਮੂਲ ਸਿੱਖਿਆਵਾਂ ਤੋਂ ਲੈ ਕੇ “ਅੰਨ” ਯਾਨੀ ਪਰਮੇਸ਼ੁਰ ਦੀਆਂ ਡੂੰਘੀਆਂ ਸਿੱਖਿਆਵਾਂ ਸਮਝਾਈਆਂ ਜਾਂਦੀਆਂ ਹਨ। (ਇਬਰਾਨੀਆਂ 5:11-14) ਨਤੀਜੇ ਵਜੋਂ, ਜਦ ਅਸੀਂ ਕਿਸੇ ਮੁਸ਼ਕਲ ਦਾ ਸਾਮ੍ਹਣਾ ਕਰਦੇ ਹਾਂ ਜਾਂ ਕੋਈ ਫ਼ੈਸਲਾ ਕਰਨਾ ਹੁੰਦਾ ਹੈ, ਤਾਂ ਸਾਨੂੰ ਇਨ੍ਹਾਂ ਪ੍ਰਕਾਸ਼ਨਾਂ ਵਿੱਚੋਂ ਮਦਦ ਮਿਲਦੀ ਹੈ। ਇਸ ਮਦਦ ਤੋਂ ਬਗੈਰ ਅਸੀਂ ਗੁਆਚੀਆਂ ਭੇਡਾਂ ਵਾਂਗ ਦੁਨੀਆਂ ਵਿਚ ਭਟਕਦੇ ਫਿਰਨਾ ਸੀ। ਵਾਕਈ ਸਾਡਾ ਅਯਾਲੀ ਖੁੱਲ੍ਹੇ ਦਿਲ ਵਾਲਾ ਮੇਜ਼ਬਾਨ ਹੈ!—ਯਸਾਯਾਹ 25:6; 65:13.

‘ਮੈਂ ਯਹੋਵਾਹ ਦੇ ਘਰ ਵਿੱਚ ਵੱਸਾਂਗਾ’

19, 20. (ੳ) ਜ਼ਬੂਰਾਂ ਦੀ ਪੋਥੀ 23:6 ਅਨੁਸਾਰ ਦਾਊਦ ਨੂੰ ਕਿਹੜੀ ਗੱਲ ਦਾ ਭਰੋਸਾ ਸੀ ਅਤੇ ਅਜਿਹਾ ਭਰੋਸਾ ਰੱਖਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ? (ਅ) ਅਗਲੇ ਲੇਖ ਵਿਚ ਕਿਸ ਗੱਲ ਬਾਰੇ ਚਰਚਾ ਕੀਤੀ ਜਾਵੇਗੀ?

19 ਆਪਣੇ ਅਯਾਲੀ ਅਤੇ ਮੇਜ਼ਬਾਨ ਬਾਰੇ ਵਿਚਾਰ ਕਰਨ ਤੋਂ ਬਾਅਦ ਦਾਊਦ ਅੰਤ ਵਿਚ ਕਹਿੰਦਾ ਹੈ: “ਸੱਚ ਮੁੱਚ ਭਲਿਆਈ ਅਰ ਦਯਾ ਜੀਉਣ ਭਰ ਮੇਰਾ ਪਿੱਛਾ ਕਰਨਗੀਆਂ, ਅਤੇ ਮੈਂ ਸਦਾ ਯਹੋਵਾਹ ਦੇ ਘਰ ਵਿੱਚ ਵੱਸਾਂਗਾ!” (ਜ਼ਬੂਰਾਂ ਦੀ ਪੋਥੀ 23:6) ਬੀਤੀਆਂ ਗੱਲਾਂ ਯਾਦ ਕਰ ਕੇ ਦਾਊਦ ਦਾ ਦਿਲ ਸ਼ੁਕਰਗੁਜ਼ਾਰੀ ਨਾਲ ਭਰ ਗਿਆ ਸੀ ਅਤੇ ਉਸ ਨੇ ਵਧੀਆ ਭਵਿੱਖ ਬਾਰੇ ਆਪਣੀ ਪੱਕੀ ਉਮੀਦ ਜ਼ਾਹਰ ਕੀਤੀ। ਦਾਊਦ ਨੂੰ ਇਸ ਗੱਲ ਦਾ ਪੂਰਾ ਵਿਸ਼ਵਾਸ ਸੀ ਕਿ ਜਿੰਨਾ ਚਿਰ ਉਹ ਆਪਣੇ ਸਵਰਗੀ ਪਿਤਾ ਯਹੋਵਾਹ ਦੇ ਨਜ਼ਦੀਕ ਰਹੇਗਾ ਮਾਨੋ ਉਸ ਦੇ ਘਰ ਵਿਚ ਵੱਸਦਾ ਰਹੇਗਾ, ਉੱਨਾ ਚਿਰ ਯਹੋਵਾਹ ਉਸ ਦੀ ਦੇਖ-ਭਾਲ ਕਰਦਾ ਰਹੇਗਾ।

20 ਦਿਲ ਨੂੰ ਛੂਹਣ ਵਾਲੇ 23ਵੇਂ ਜ਼ਬੂਰ ਲਈ ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ! ਦਾਊਦ ਨੇ ਸੱਚ-ਮੁੱਚ ਬਹੁਤ ਹੀ ਵਧੀਆ ਤਰੀਕੇ ਨਾਲ ਦਿਖਾਇਆ ਕਿ ਯਹੋਵਾਹ ਆਪਣੇ ਲੋਕਾਂ ਦੀ ਕਿਵੇਂ ਅਗਵਾਈ ਤੇ ਰਾਖੀ ਕਰਦਾ ਹੈ ਅਤੇ ਉਨ੍ਹਾਂ ਨੂੰ ਭੋਜਨ ਦਿੰਦਾ ਹੈ। ਬਾਈਬਲ ਵਿਚ ਇਹ ਜ਼ਬੂਰ ਇਸ ਲਈ ਦਰਜ ਕੀਤਾ ਗਿਆ ਹੈ ਤਾਂਕਿ ਇਸ ਨੂੰ ਪੜ੍ਹ ਕੇ ਅਸੀਂ ਵੀ ਇਹ ਭਰੋਸਾ ਰੱਖ ਸਕੀਏ ਕਿ ਇਕ ਅੱਛੇ ਅਯਾਲੀ ਵਾਂਗ ਯਹੋਵਾਹ ਸਾਡੀ ਵੀ ਦੇਖ-ਭਾਲ ਕਰੇਗਾ। ਜੀ ਹਾਂ, ਜੇ ਅਸੀਂ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਕਾਇਮ ਰੱਖਾਂਗੇ, ਤਾਂ ਉਹ “ਸਦਾ” ਸਾਡੀ ਦੇਖ-ਭਾਲ ਕਰਦਾ ਰਹੇਗਾ। ਪਰ ਉਸ ਦੀਆਂ ਭੇਡਾਂ ਯਾਨੀ ਸੇਵਕ ਹੋਣ ਦੇ ਨਾਤੇ ਸਾਨੂੰ ਆਪਣੇ ਮਹਾਨ ਅਯਾਲੀ ਯਹੋਵਾਹ ਦੇ ਨਾਲ-ਨਾਲ ਚੱਲਦੇ ਰਹਿਣ ਦੀ ਲੋੜ ਹੈ। ਇਸ ਵਿਚ ਕੀ-ਕੀ ਸ਼ਾਮਲ ਹੈ? ਇਸ ਉੱਤੇ ਅਗਲੇ ਲੇਖ ਵਿਚ ਚਰਚਾ ਕੀਤੀ ਜਾਵੇਗੀ।

[ਫੁਟਨੋਟ]

^ ਪੈਰਾ 13 ਦਾਊਦ ਨੇ ਕਈ ਜ਼ਬੂਰਾਂ ਵਿਚ ਯਹੋਵਾਹ ਦੇ ਜਸ ਗਾਏ ਕਿਉਂਕਿ ਉਸ ਨੇ ਦਾਊਦ ਨੂੰ ਖ਼ਤਰਿਆਂ ਤੋਂ ਬਚਾਇਆ ਸੀ। ਉਦਾਹਰਣ ਲਈ ਜ਼ਬੂਰ 18, 34, 56, 57, 59 ਅਤੇ 63 ਦੇ ਸਿਰਲੇਖ ਦੇਖੋ।

^ ਪੈਰਾ 15 ਪਹਿਰਾਬੁਰਜ, 1 ਅਕਤੂਬਰ 2003 ਦੇ ਅੰਕ ਵਿਚ “ਕੀ ਰੱਬ ਦਖ਼ਲ ਦੇ ਕੇ ਸਾਡੇ ਲਈ ਕੁਝ ਕਰੇਗਾ?” ਨਾਮਕ ਲੇਖ ਦੇਖੋ।

ਕੀ ਤੁਹਾਨੂੰ ਯਾਦ ਹੈ?

• ਇਹ ਢੁਕਵਾਂ ਕਿਉਂ ਹੈ ਕਿ ਦਾਊਦ ਨੇ ਯਹੋਵਾਹ ਦੀ ਤੁਲਨਾ ਇਕ ਅਯਾਲੀ ਨਾਲ ਕੀਤੀ ਸੀ?

• ਅਸੀਂ ਕਿਉਂ ਕਹਿ ਸਕਦੇ ਹਾਂ ਕਿ ਸਾਡਾ ਅਯਾਲੀ ਯਹੋਵਾਹ ਸਾਨੂੰ ਚੰਗੀ ਤਰ੍ਹਾਂ ਸਮਝਦਾ ਹੈ?

• ਅਜ਼ਮਾਇਸ਼ਾਂ ਸਹਿਣ ਵਿਚ ਯਹੋਵਾਹ ਸਾਡੀ ਕਿਵੇਂ ਮਦਦ ਕਰਦਾ ਹੈ?

• ਇਸ ਦਾ ਕੀ ਸਬੂਤ ਹੈ ਕਿ ਯਹੋਵਾਹ ਇਕ ਖੁੱਲ੍ਹੇ ਦਿਲ ਵਾਲਾ ਮੇਜ਼ਬਾਨ ਹੈ?

[ਸਵਾਲ]

[ਸਫ਼ੇ 18 ਉੱਤੇ ਤਸਵੀਰ]

ਇਸਰਾਏਲ ਦੇ ਇਕ ਅਯਾਲੀ ਵਾਂਗ ਯਹੋਵਾਹ ਆਪਣੇ ਲੋਕਾਂ ਦੀ ਅਗਵਾਈ ਕਰਦਾ ਹੈ