ਕੀ ਤੁਸੀਂ ਮੰਨਦੇ ਹੋ ਕਿ ਸ਼ਤਾਨ ਸੱਚ-ਮੁੱਚ ਹੈ?
ਕੀ ਤੁਸੀਂ ਮੰਨਦੇ ਹੋ ਕਿ ਸ਼ਤਾਨ ਸੱਚ-ਮੁੱਚ ਹੈ?
ਬਾਈਬਲ ਸਾਨੂੰ ਦੱਸਦੀ ਹੈ ਕਿ ਸ਼ਤਾਨ ਸੱਚ-ਮੁੱਚ ਇਕ ਅਸਲੀ ਵਿਅਕਤੀ ਹੈ। ਜਿਸ ਤਰ੍ਹਾਂ ਅਸੀਂ ਪਰਮੇਸ਼ੁਰ ਨੂੰ ਦੇਖ ਨਹੀਂ ਸਕਦੇ, ਉਸੇ ਤਰ੍ਹਾਂ ਅਸੀਂ ਸ਼ਤਾਨ ਨੂੰ ਵੀ ਦੇਖ ਨਹੀਂ ਸਕਦੇ। ਬਾਈਬਲ ਵਿਚ ਲਿਖਿਆ ਹੈ ਕਿ “ਪਰਮੇਸ਼ੁਰ ਆਤਮਾ ਹੈ,” ਉਸੇ ਤਰ੍ਹਾਂ ਸ਼ਤਾਨ ਵੀ ਆਤਮਿਕ ਵਿਅਕਤੀ ਹੈ। (ਯੂਹੰਨਾ 4:24) ਪਰ ਸ਼ਤਾਨ ਆਇਆ ਕਿੱਥੋਂ ਹੈ ਯਾਨੀ ਉਸ ਨੂੰ ਕਿਸ ਨੇ ਬਣਾਇਆ ਹੈ?
ਮਨੁੱਖਜਾਤੀ ਦੀ ਰਚਨਾ ਕਰਨ ਤੋਂ ਬਹੁਤ ਚਿਰ ਪਹਿਲਾਂ ਯਹੋਵਾਹ ਪਰਮੇਸ਼ੁਰ ਨੇ ਸਵਰਗ ਵਿਚ ਬਹੁਤ ਸਾਰੇ ਦੂਤ ਬਣਾਏ ਸਨ। (ਅੱਯੂਬ 38:4, 7; ਇਬਰਾਨੀਆਂ 1:13, 14) ਇਹ ਸਭ ਦੂਤ ਮੁਕੰਮਲ ਸਨ ਤੇ ਉਨ੍ਹਾਂ ਵਿਚ ਕੋਈ ਖੋਟ ਨਹੀਂ ਸੀ। ਪਰ ਜਿਸ ਤਰ੍ਹਾਂ ਇਕ ਈਮਾਨਦਾਰ ਬੰਦਾ ਚੋਰੀ ਕਰ ਕੇ ਚੋਰ ਬਣ ਜਾਂਦਾ ਹੈ, ਉਸੇ ਤਰ੍ਹਾਂ ਇਕ ਚੰਗੇ ਦੂਤ ਦੇ ਦਿਲ ਵਿਚ ਗ਼ਲਤ ਇੱਛਾ ਪੈਦਾ ਹੋਈ ਅਤੇ ਉਸ ਨੇ ਪਾਪ ਕੀਤਾ। ਉਸ ਨੇ ਪਰਮੇਸ਼ੁਰ ਬਾਰੇ ਝੂਠ ਬੋਲ ਕੇ ਅਤੇ ਉਸ ਦਾ ਵਿਰੋਧ ਕਰ ਕੇ ਆਪਣੇ ਆਪ ਨੂੰ ਸ਼ਤਾਨ ਬਣਾਇਆ। ਬਾਈਬਲ ਸਮਝਾਉਂਦੀ ਹੈ ਕਿ ਕੋਈ ਵਿਅਕਤੀ ਕਿਸ ਤਰ੍ਹਾਂ ਆਪਣੇ ਆਪ ਨੂੰ ਭ੍ਰਿਸ਼ਟ ਬਣਾਉਂਦਾ ਹੈ: “ਹਰ ਕੋਈ ਤਦੇ ਪਰਤਾਇਆ ਜਾਂਦਾ ਹੈ ਜਦੋਂ ਆਪਣੀ ਹੀ ਕਾਮਨਾ ਨਾਲ ਲੁਭਾਇਆ ਅਤੇ ਭੁਚਲਾਇਆ ਜਾਂਦਾ ਹੈ। ਤਦ ਕਾਮਨਾ ਜਾਂ ਗਰਭਣੀ ਹੋਈ ਤਾਂ ਪਾਪ ਨੂੰ ਜਣਦੀ ਹੈ, ਅਤੇ ਪਾਪ ਜਾਂ ਪੂਰੇ ਵਿੱਤ ਨੂੰ ਪੁੱਜਦਾ ਹੈ ਤਾਂ ਮੌਤ ਨੂੰ ਜਨਮ ਦਿੰਦਾ ਹੈ।”—ਯਾਕੂਬ 1:14, 15.
ਜਦ ਯਹੋਵਾਹ ਪਰਮੇਸ਼ੁਰ ਨੇ ਪਹਿਲੇ ਮਨੁੱਖੀ ਜੋੜੇ, ਆਦਮ ਤੇ ਹੱਵਾਹ ਨੂੰ ਬਣਾਇਆ ਸੀ, ਤਾਂ ਉਸ ਵੇਲੇ ਸਵਰਗ ਵਿਚ ਇਕ ਦੂਤ ਇਹ ਸਭ ਕੁਝ ਦੇਖ ਰਿਹਾ ਸੀ ਅਤੇ ਬਾਅਦ ਵਿਚ ਉਸ ਨੇ ਪਰਮੇਸ਼ੁਰ ਦੇ ਵਿਰੋਧ ਵਿਚ ਕਦਮ ਉਠਾਇਆ। ਉਹ ਜਾਣਦਾ ਸੀ ਕਿ ਯਹੋਵਾਹ ਨੇ ਆਦਮ ਤੇ ਹੱਵਾਹ ਨੂੰ ਆਪਣੀ ਔਲਾਦ ਨਾਲ ਧਰਤੀ ਨੂੰ ਭਰਨ ਦਾ ਹੁਕਮ ਦਿੱਤਾ ਸੀ। (ਉਤਪਤ 1:28) ਉਹ ਇਹ ਵੀ ਜਾਣਦਾ ਸੀ ਕਿ ਧਰਤੀ ਭਰਨ ਤੇ ਸਭ ਇਨਸਾਨ ਆਪਣੇ ਸ੍ਰਿਸ਼ਟੀਕਰਤਾ ਦੀ ਭਗਤੀ ਕਰਨਗੇ। ਇਹ ਦੂਤ ਆਪਣੀ ਵਡਿਆਈ ਕਰਵਾਉਣੀ ਚਾਹੁੰਦਾ ਸੀ। ਇਸ ਲਈ ਉਸ ਨੇ ਵਿਚਾਰ ਕੀਤਾ ਕਿ ਜੇ ਮੈਂ ਇਨਸਾਨਾਂ ਨੂੰ ਆਪਣੇ ਮਗਰ ਲਾ ਲਵਾਂ, ਤਾਂ ਪਰਮੇਸ਼ੁਰ ਦੀ ਬਜਾਇ ਮੇਰੀ ਭਗਤੀ ਕੀਤੀ ਜਾਵੇਗੀ। ਅਸਲ ਵਿਚ ਇਹ ਦੂਤ ਉਹ ਚੀਜ਼ ਚਾਹੁੰਦਾ ਸੀ ਜਿਸ ਦਾ ਹੱਕਦਾਰ ਸਿਰਫ਼ ਯਹੋਵਾਹ ਪਰਮੇਸ਼ੁਰ ਹੀ ਸੀ। ਇਸ ਗ਼ਲਤ ਵਿਚਾਰ ਨੂੰ ਰੱਦ ਕਰਨ ਦੀ ਬਜਾਇ, ਇਸ ਦੂਤ ਨੇ ਆਪਣੇ ਦਿਲ ਵਿਚ ਬੁਰੀ ਇੱਛਾ ਨੂੰ ਪਲਣ ਦਿੱਤਾ। ਨਤੀਜੇ ਵਜੋਂ ਉਸ ਨੇ ਝੂਠ ਬੋਲ ਕੇ ਪਰਮੇਸ਼ੁਰ ਦਾ ਵਿਰੋਧ ਕੀਤਾ। ਧਿਆਨ ਦਿਓ ਇਸ ਦੂਤ ਨੇ ਕਿਹੜਾ ਝੂਠ ਬੋਲਿਆ ਸੀ।
ਉਤਪਤ 3:1-5) ਅਸਲ ਵਿਚ ਦੂਤ ਇਹ ਕਹਿ ਰਿਹਾ ਸੀ ਕਿ ਪਰਮੇਸ਼ੁਰ ਨੇ ਆਦਮ ਅਤੇ ਹੱਵਾਹ ਨੂੰ ਝੂਠ ਬੋਲਿਆ ਸੀ। ਉਸ ਨੇ ਹੱਵਾਹ ਨੂੰ ਕਿਹਾ ਕਿ ਜੇ ਉਹ ਉਸ ਦਰਖ਼ਤ ਦਾ ਫਲ ਖਾਣ, ਤਾਂ ਉਹ ਪਰਮੇਸ਼ੁਰ ਵਾਂਗ ਬਣ ਜਾਣਗੇ। ਉਹ ਸਹੀ-ਗ਼ਲਤ ਦਾ ਫ਼ੈਸਲਾ ਖ਼ੁਦ ਕਰ ਸਕਣਗੇ ਤੇ ਉਨ੍ਹਾਂ ਨੂੰ ਪਰਮੇਸ਼ੁਰ ਦੀ ਲੋੜ ਨਹੀਂ ਪੈਣੀ ਸੀ। ਇਸ ਤੋਂ ਪਹਿਲਾਂ ਕਦੇ ਝੂਠ ਨਹੀਂ ਬੋਲਿਆ ਗਿਆ ਸੀ। ਇਸ ਤਰ੍ਹਾਂ ਪਰਮੇਸ਼ੁਰ ਬਾਰੇ ਝੂਠ ਬੋਲ ਕੇ ਅਤੇ ਉਸ ਦਾ ਵਿਰੋਧ ਕਰ ਕੇ ਇਹ ਦੂਤ ਸ਼ਤਾਨ ਬਣ ਗਿਆ। ਇਸ ਕਰਕੇ ਬਾਈਬਲ ਵਿਚ ਇਸ ਦੂਤ ਨੂੰ “ਉਹ ਪੁਰਾਣਾ ਸੱਪ ਜਿਹੜਾ ਇਬਲੀਸ ਅਤੇ ਸ਼ਤਾਨ ਕਰਕੇ ਸਦਾਉਂਦਾ ਹੈ” ਕਿਹਾ ਜਾਂਦਾ ਹੈ।—ਪਰਕਾਸ਼ ਦੀ ਪੋਥੀ 12:9.
ਇਸ ਬੁਰੇ ਦੂਤ ਨੇ ਇਕ ਸੱਪ ਰਾਹੀਂ ਹੱਵਾਹ ਨਾਲ ਗੱਲ ਕੀਤੀ। ਸੱਪ ਨੇ ਹੱਵਾਹ ਨੂੰ ਪੁੱਛਿਆ: “ਭਲਾ, ਪਰਮੇਸ਼ੁਰ ਨੇ ਸੱਚ ਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਬਿਰਛ ਤੋਂ ਤੁਸੀਂ ਨਾ ਖਾਓ?” ਹੱਵਾਹ ਨੇ ਜਵਾਬ ਦਿੰਦੇ ਹੋਏ ਸੱਪ ਨੂੰ ਦੱਸਿਆ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਕਿਹੜਾ ਹੁਕਮ ਦਿੱਤਾ ਸੀ ਅਤੇ ਉਸ ਨੂੰ ਤੋੜਨ ਦਾ ਨਤੀਜਾ ਕੀ ਨਿਕਲੇਗਾ। ਪਰ ਸੱਪ ਨੇ ਹੱਵਾਹ ਨੂੰ ਕਿਹਾ: “ਤੁਸੀਂ ਕਦੀ ਨਾ ਮਰੋਗੇ। ਸਗੋਂ ਪਰਮੇਸ਼ੁਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ [ਜੋ ਬਿਰਛ ਬਾਗ਼ ਦੇ ਵਿਚਕਾਰ ਹੈ] ਖਾਓਗੇ ਤੁਹਾਡੀਆਂ ਅੱਖੀਆਂ ਖੁਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ੁਰ ਵਾਂਙੁ ਭਲੇ ਬੁਰੇ ਦੀ ਸਿਆਣਵਾਲੇ ਹੋ ਜਾਓਗੇ।” (“ਜਾਗਦੇ ਰਹੋ!”
ਹੱਵਾਹ ਨੂੰ ਭਰਮਾਉਣ ਵਿਚ ਸ਼ਤਾਨ ਕਾਮਯਾਬ ਹੋਇਆ। ਬਾਈਬਲ ਦੱਸਦੀ ਹੈ: “ਤੀਵੀਂ ਨੇ ਵੇਖਿਆ ਕਿ ਉਹ ਬਿਰਛ ਖਾਣ ਲਈ ਚੰਗਾ ਹੈ ਅਤੇ ਅੱਖੀਆਂ ਨੂੰ ਭਾਉਂਦਾ ਹੈ ਅਤੇ ਉਹ ਬਿਰਛ ਬੁੱਧ ਦੇਣ ਲਈ ਲੋੜੀਦਾ ਹੈ ਤਾਂ ਉਸ ਨੇ ਉਹ ਦੇ ਫਲ ਤੋਂ ਲਿਆ ਤੇ ਆਪ ਖਾਧਾ ਨਾਲੇ ਆਪਣੇ ਪਤੀ ਨੂੰ ਵੀ ਦਿੱਤਾ ਅਤੇ ਉਸ ਨੇ ਖਾਧਾ।” (ਉਤਪਤ 3:6) ਹੱਵਾਹ ਨੇ ਸ਼ਤਾਨ ਦੀ ਗੱਲ ਮੰਨ ਲਈ ਅਤੇ ਉਸ ਦੇ ਮਗਰ ਲੱਗ ਕੇ ਪਰਮੇਸ਼ੁਰ ਦਾ ਹੁਕਮ ਤੋੜਿਆ। ਇਹ ਹੁਕਮ ਤੋੜਨ ਲਈ ਹੱਵਾਹ ਨੇ ਆਦਮ ਨੂੰ ਵੀ ਮਨਾ ਲਿਆ। ਇਸ ਤਰ੍ਹਾਂ ਸ਼ਤਾਨ ਉਨ੍ਹਾਂ ਨੂੰ ਪਰਮੇਸ਼ੁਰ ਤੋਂ ਦੂਰ ਕਰਨ ਦੇ ਆਪਣੇ ਮਕਸਦ ਵਿਚ ਕਾਮਯਾਬ ਹੋਇਆ। ਉਸ ਸਮੇਂ ਤੋਂ ਲੈ ਕੇ ਅੱਜ ਤਕ ਸ਼ਤਾਨ ਮਨੁੱਖਜਾਤੀ ਉੱਤੇ ਪ੍ਰਭਾਵ ਪਾ ਰਿਹਾ ਹੈ। ਉਸ ਦਾ ਮਕਸਦ? ਉਹ ਚਾਹੁੰਦਾ ਹੈ ਕਿ ਲੋਕ ਪਰਮੇਸ਼ੁਰ ਤੋਂ ਮੂੰਹ ਮੋੜ ਕੇ ਉਸ ਦੀ ਭਗਤੀ ਕਰਨ। (ਮੱਤੀ 4:8, 9) ਇਸ ਕਰਕੇ ਬਾਈਬਲ ਸਾਨੂੰ ਇਹ ਚੇਤਾਵਨੀ ਦਿੰਦੀ ਹੈ: “ਸੁਚੇਤ ਹੋਵੋ, ਜਾਗਦੇ ਰਹੋ! ਤੁਹਾਡਾ ਵਿਰੋਧੀ ਸ਼ਤਾਨ ਬੁਕਦੇ ਸ਼ੀਂਹ ਵਾਂਙੁ ਭਾਲਦਾ ਫਿਰਦਾ ਹੈ ਭਈ ਕਿਹ ਨੂੰ ਪਾੜ ਖਾਵਾਂ!”—1 ਪਤਰਸ 5:8.
ਇਸ ਤਰ੍ਹਾਂ ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਸ਼ਤਾਨ ਸੱਚ-ਮੁੱਚ ਅਸਲੀ ਵਿਅਕਤੀ ਹੈ। ਉਹ ਸ਼ੁਰੂ ਵਿਚ ਇਕ ਚੰਗਾ ਦੂਤ ਸੀ, ਪਰ ਬਾਅਦ ਵਿਚ ਉਹ ਵਿਗੜ ਗਿਆ। ਸ਼ਤਾਨ ਬਹੁਤ ਹੀ ਖ਼ਤਰਨਾਕ ਹੈ! ਇਸ ਲਈ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਪਰ ਅਸੀਂ ਉਸ ਤੋਂ ਕਿਸ ਤਰ੍ਹਾਂ ਸਾਵਧਾਨ ਰਹਿ ਸਕਦੇ ਹਾਂ? ਪਹਿਲਾਂ ਤਾਂ ਸਾਨੂੰ ਇਹ ਗੱਲ ਮੰਨਣ ਦੀ ਲੋੜ ਹੈ ਕਿ ਸ਼ਤਾਨ ਅਸਲ ਵਿਚ ਹੈ, ਫਿਰ ਸਾਨੂੰ ਉਸ ਦੀਆਂ ‘ਚਾਲਾਂ’ ਯਾਨੀ ਲੋਕਾਂ ਨੂੰ ਭਰਮਾਉਣ ਦੇ ਉਸ ਦੇ ਤਰੀਕਿਆਂ ਤੋਂ ਚੰਗੀ ਤਰ੍ਹਾਂ ਵਾਕਫ਼ ਹੋਣ ਦੀ ਲੋੜ ਹੈ। (2 ਕੁਰਿੰਥੀਆਂ 2:11) ਤਾਂ ਫਿਰ ਸਾਨੂੰ ਕੁਰਾਹੇ ਪਾਉਣ ਲਈ ਉਹ ਕਿਹੜੀਆਂ ਚਾਲਾਂ ਚੱਲਦਾ ਹੈ? ਅਤੇ ਅਸੀਂ ਉਸ ਦੀਆਂ ਚਾਲਾਂ ਵਿਚ ਫਸਣ ਤੋਂ ਕਿੱਦਾਂ ਬਚ ਸਕਦੇ ਹਾਂ?
ਸ਼ਤਾਨ ਸਾਡੀ ਪੈਦਾਇਸ਼ੀ ਜ਼ਰੂਰਤ ਦਾ ਫ਼ਾਇਦਾ ਉਠਾਉਂਦਾ ਹੈ
ਮਨੁੱਖੀ ਇਤਿਹਾਸ ਦੇ ਸ਼ੁਰੂ ਤੋਂ ਸ਼ਤਾਨ ਦੀ ਨਜ਼ਰ ਇਨਸਾਨਾਂ ਉੱਤੇ ਰਹੀ ਹੈ। ਉਹ ਸਾਨੂੰ ਚੰਗੀ ਤਰ੍ਹਾਂ ਜਾਣਦਾ ਹੈ। ਉਹ ਜਾਣਦਾ ਹੈ ਕਿ ਅਸੀਂ ਕਿਨ੍ਹਾਂ ਚੀਜ਼ਾਂ ਵਿਚ ਦਿਲਚਸਪੀ ਲੈਂਦੇ ਹਾਂ ਅਤੇ ਸਾਡੀਆਂ ਜ਼ਰੂਰਤਾਂ ਤੇ ਖ਼ਾਹਸ਼ਾਂ ਕੀ ਹਨ। ਉਹ ਇਹ ਵੀ ਜਾਣਦਾ ਹੈ ਕਿ ਹਰ ਇਨਸਾਨ ਭਗਤੀ ਕਰਨ ਦੀ ਜ਼ਰੂਰਤ ਮਹਿਸੂਸ ਕਰਦਾ ਹੈ ਅਤੇ ਉਹ ਚਤਰਾਈ ਨਾਲ ਇਸ ਜ਼ਰੂਰਤ ਦਾ ਫ਼ਾਇਦਾ ਉਠਾਉਂਦਾ ਹੈ। ਕਿਵੇਂ? ਗ਼ਲਤ ਧਾਰਮਿਕ ਸਿੱਖਿਆਵਾਂ ਫੈਲਾ ਕੇ। (ਯੂਹੰਨਾ 8:44) ਪਰਮੇਸ਼ੁਰ ਬਾਰੇ ਅਨੇਕ ਵੱਖੋ-ਵੱਖਰੀਆਂ ਸਿੱਖਿਆਵਾਂ ਹਨ ਜਿਸ ਕਾਰਨ ਕਈ ਉਲਝਣ ਵਿਚ ਪੈ ਜਾਂਦੇ ਹਨ। ਇਹ ਸਾਰੀਆਂ ਸਿੱਖਿਆਵਾਂ ਸਹੀ ਨਹੀਂ ਹੋ ਸਕਦੀਆਂ। ਪਰ ਜੇ ਸੋਚਿਆ ਜਾਵੇ, ਤਾਂ ਇਸ ਦਾ ਫ਼ਾਇਦਾ ਵੀ ਸ਼ਤਾਨ ਨੂੰ ਹੀ ਹੁੰਦਾ ਹੈ। ਸ਼ਤਾਨ ਲੋਕਾਂ ਨੂੰ ਕੁਰਾਹੇ ਪਾਉਣ ਲਈ ਅਜਿਹੀਆਂ ਝੂਠੀਆਂ ਸਿੱਖਿਆਵਾਂ ਫੈਲਾ ਰਿਹਾ ਹੈ। ਦਰਅਸਲ ਬਾਈਬਲ ਵਿਚ ਉਸ ਨੂੰ ‘ਇਸ ਜੁੱਗ ਦਾ ਈਸ਼ੁਰ’ ਕਿਹਾ ਗਿਆ ਹੈ ਜਿਸ ਨੇ ਲੋਕਾਂ ਦੇ ਮਨਾਂ ਨੂੰ ਅੰਨ੍ਹਾ ਕੀਤਾ ਹੋਇਆ ਹੈ।—2 ਕੁਰਿੰਥੀਆਂ 4:4.
ਯਹੋਵਾਹ ਪਰਮੇਸ਼ੁਰ ਸਾਨੂੰ ਸੱਚਾਈ ਸਿਖਾ ਕੇ ਇਨ੍ਹਾਂ ਝੂਠੀਆਂ ਸਿੱਖਿਆਵਾਂ ਤੋਂ ਬਚਾ ਰਿਹਾ ਹੈ। ਇਹ ਸੱਚਾਈ ਉਸ ਦੇ ਬਚਨ, ਬਾਈਬਲ ਵਿਚ ਪਾਈ ਜਾਂਦੀ ਹੈ। ਬਾਈਬਲ ਵਿਚ ਇਸ ਸੱਚਾਈ ਨੂੰ ਪੇਟੀ ਨਾਲ ਦਰਸਾਇਆ ਗਿਆ ਹੈ ਜੋ ਪ੍ਰਾਚੀਨ ਸਮੇਂ ਅਫ਼ਸੀਆਂ 6:14) ਜੇਕਰ ਅਸੀਂ ਬਾਈਬਲ ਦਾ ਗਿਆਨ ਹਾਸਲ ਕਰ ਕੇ ਸਿੱਖੀਆਂ ਗੱਲਾਂ ਆਪਣੀ ਜ਼ਿੰਦਗੀ ਵਿਚ ਲਾਗੂ ਕਰਾਂਗੇ, ਤਾਂ ਸਾਡੀ ਵੀ ਰੱਖਿਆ ਹੋਵੇਗੀ। ਅਸੀਂ ਝੂਠੀਆਂ ਧਾਰਮਿਕ ਗੱਲਾਂ ਰਾਹੀਂ ਭਰਮਾਏ ਨਹੀਂ ਜਾਵਾਂਗੇ।
ਦਾ ਇਕ ਫ਼ੌਜੀ ਆਪਣੀ ਕਮਰ ਦੀ ਰੱਖਿਆ ਕਰਨ ਲਈ ਬੰਨ੍ਹਦਾ ਸੀ। (ਪਰਮੇਸ਼ੁਰ ਦੀ ਪੂਜਾ ਕਰਨ ਦੀ ਕੁਦਰਤੀ ਇੱਛਾ ਹੋਣ ਕਰਕੇ ਇਨਸਾਨ ਇੱਧਰ-ਉੱਧਰ ਭਟਕ ਰਹੇ ਹਨ। ਇਨਸਾਨਾਂ ਦੀ ਇਸ ਜਿਗਿਆਸਾ ਦਾ ਫ਼ਾਇਦਾ ਉਠਾ ਕੇ ਸ਼ਤਾਨ ਉਨ੍ਹਾਂ ਦਾ ਧਿਆਨ ਜਾਦੂਗਰੀ ਵੱਲ ਖਿੱਚਦਾ ਹੈ। ਇਸ ਤਰ੍ਹਾਂ ਕਰ ਕੇ ਉਹ ਉਨ੍ਹਾਂ ਨੂੰ ਆਪਣੇ ਵੱਸ ਵਿਚ ਕਰ ਲੈਂਦਾ ਹੈ। ਜਿਸ ਤਰ੍ਹਾਂ ਇਕ ਸ਼ਿਕਾਰੀ ਆਪਣੇ ਸ਼ਿਕਾਰ ਨੂੰ ਲੁਭਾਉਣ ਲਈ ਵੱਖੋ-ਵੱਖਰੇ ਫੰਦੇ ਵਰਤਦਾ ਹੈ, ਉਸੇ ਤਰ੍ਹਾਂ ਸ਼ਤਾਨ ਵੱਖ-ਵੱਖ ਕਿਸਮ ਦੀ ਜਾਦੂਗਰੀ ਵਰਤ ਕੇ ਲੋਕਾਂ ਨੂੰ ਆਪਣੇ ਵੱਸ ਵਿਚ ਕਰਦਾ ਹੈ। ਇਨ੍ਹਾਂ ਵਿੱਚੋਂ ਕੁਝ ਹਨ ਹੱਥ ਦਿਖਾਉਣਾ, ਟੇਵੇ ਲਾਉਣੇ, ਟੂਣੇ ਕਰਨੇ ਅਤੇ ਤਵੀਤ ਪਾਉਣੇ।—ਲੇਵੀਆਂ 19:31; ਜ਼ਬੂਰਾਂ ਦੀ ਪੋਥੀ 119:110.
ਅਸੀਂ ਜਾਦੂਗਰੀ ਦੇ ਫੰਦੇ ਵਿਚ ਫਸਣ ਤੋਂ ਕਿੱਦਾਂ ਬਚ ਸਕਦੇ ਹਾਂ? ਬਿਵਸਥਾ ਸਾਰ 18:10-12 ਵਿਚ ਇਹ ਸਲਾਹ ਦਿੱਤੀ ਗਈ ਹੈ: “ਤੁਹਾਡੇ ਵਿੱਚ ਕੋਈ ਨਾ ਪਾਇਆ ਜਾਵੇ ਜਿਹੜਾ ਆਪਣੇ ਪੁੱਤ੍ਰ ਯਾ ਆਪਣੀ ਧੀ ਨੂੰ ਅੱਗ ਦੇ ਵਿੱਚ ਦੀ ਲੰਘਾਵੇ ਯਾ ਕੋਈ ਫ਼ਾਲ ਪਾਉਣ ਵਾਲਾ, ਮਹੂਰਤ ਵੇਖਣ ਵਾਲਾ, ਮੰਤਰੀ ਯਾ ਜਾਦੂਗਰ। ਝਾੜਾ ਫੂਕੀ ਕਰਨ ਵਾਲਾ, ਜਿੰਨਾਂ ਤੋਂ ਪੁੱਛਾਂ ਲੈਣ ਵਾਲਾ, ਦਿਓਆਂ ਦਾ ਯਾਰ ਯਾ ਭੂਤਣਿਆਂ ਦਾ ਕੱਢਣ ਵਾਲਾ। ਕਿਉਂ ਜੋ ਜਿਹੜਾ ਏਹ ਕੰਮ ਕਰੇ ਉਹ ਯਹੋਵਾਹ ਅੱਗੇ ਘਿਣਾਉਣਾ ਹੈ ਅਤੇ ਇਨ੍ਹਾਂ ਘਿਣਾਉਣੇ ਕੰਮਾਂ ਦੇ ਕਾਰਨ ਯਹੋਵਾਹ ਤੁਹਾਡਾ ਪਰਮੇਸ਼ੁਰ ਓਹਨਾਂ ਨੂੰ ਤੁਹਾਡੇ ਅੱਗੋਂ ਕੱਢਣ ਵਾਲਾ ਹੈ।”
ਬਾਈਬਲ ਦੀ ਸਲਾਹ ਸਾਫ਼ ਹੈ ਕਿ ਸਾਨੂੰ ਕਿਸੇ ਕਿਸਮ ਦੀ ਜਾਦੂਗਰੀ ਵਿਚ ਹਿੱਸਾ ਨਹੀਂ ਲੈਣਾ ਚਾਹੀਦਾ। ਪਰ ਜੇ ਤੁਸੀਂ ਜਾਦੂ-ਟੂਣੇ ਵਿਚ ਹਿੱਸਾ ਲੈ ਰਹੇ ਹੋ ਅਤੇ ਹੁਣ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਤੁਸੀਂ ਕੀ ਕਰ ਸਕਦੇ ਹੋ? ਤੁਸੀਂ ਅਫ਼ਸੁਸ ਸ਼ਹਿਰ ਵਿਚ ਰਹਿਣ ਵਾਲੇ ਮਸੀਹੀਆਂ ਦੀ ਮਿਸਾਲ ਉੱਤੇ ਚੱਲ ਸਕਦੇ ਹੋ। ਬਾਈਬਲ ਦੱਸਦੀ ਹੈ ਕਿ ਜਦ ਉਨ੍ਹਾਂ ਨੇ “ਪ੍ਰਭੁ ਦਾ ਬਚਨ” ਕਬੂਲ ਕੀਤਾ, ਤਾਂ “ਬਹੁਤੇ ਉਨ੍ਹਾਂ ਵਿੱਚੋਂ ਵੀ ਜਿਹੜੇ ਜਾਦੂ ਕਰਦੇ ਸਨ ਆਪਣੀਆਂ ਪੋਥੀਆਂ ਇਕੱਠੀਆਂ ਕਰ ਕੇ ਲਿਆਏ ਅਤੇ ਸਭਨਾਂ ਦੇ ਸਾਹਮਣੇ ਫੂਕ ਸੁੱਟੀਆਂ।” ਉਨ੍ਹਾਂ ਪੋਥੀਆਂ ਦਾ ਮੁੱਲ ਪੰਜਾਹ ਹਜ਼ਾਰ ਰੁਪਏ ਸੀ। (ਰਸੂਲਾਂ ਦੇ ਕਰਤੱਬ 19:19, 20) ਲੇਕਿਨ ਫਿਰ ਵੀ ਅਫ਼ਸੁਸ ਦੇ ਮਸੀਹੀ ਇਸ ਤਰ੍ਹਾਂ ਕਰਨ ਤੋਂ ਝਿਜਕੇ ਨਹੀਂ।
ਸ਼ਤਾਨ ਸਾਡੀਆਂ ਕਮਜ਼ੋਰੀਆਂ ਦਾ ਫ਼ਾਇਦਾ ਉਠਾਉਂਦਾ ਹੈ
ਇਕ ਮੁਕੰਮਲ ਦੂਤ ਘਮੰਡੀ ਹੋਣ ਕਾਰਨ ਹੀ ਸ਼ਤਾਨ ਬਣਿਆ ਸੀ। ਉਸ ਨੇ ਇਹੀ ਭਾਵਨਾ ਹੱਵਾਹ ਦੇ ਦਿਲ ਵਿਚ ਜਗਾਈ ਅਤੇ ਉਹ ਵੀ ਪਰਮੇਸ਼ੁਰ ਵਾਂਗ ਬਣਨਾ ਚਾਹੁੰਦੀ ਸੀ। ਸ਼ਤਾਨ ਅੱਜ ਵੀ ਲੋਕਾਂ ਦੇ ਦਿਲਾਂ ਵਿਚ ਹੰਕਾਰ ਦੀ ਭਾਵਨਾ ਜਗਾ ਕੇ ਉਨ੍ਹਾਂ ਨੂੰ ਆਪਣੇ ਵੱਸ ਵਿਚ ਕਰਦਾ ਹੈ। ਮਿਸਾਲ ਲਈ, ਕਈ ਲੋਕਾਂ ਨੂੰ ਆਪਣੀ ਜਾਤ, ਆਪਣੀ ਨਸਲ ਜਾਂ ਆਪਣੀ ਕੌਮ ਉੱਤੇ ਬਹੁਤ ਅਭਿਮਾਨ ਹੁੰਦਾ ਹੈ। ਪਰ ਇਸ ਤਰ੍ਹਾਂ ਦਾ ਅਭਿਮਾਨ ਬਾਈਬਲ ਦੀ ਸਿੱਖਿਆ ਦੇ ਖ਼ਿਲਾਫ਼ ਹੈ। (ਰਸੂਲਾਂ ਦੇ ਕਰਤੱਬ 10:34, 35) ਬਾਈਬਲ ਸਾਫ਼-ਸਾਫ਼ ਕਹਿੰਦੀ ਹੈ: ‘ਪਰਮੇਸ਼ੁਰ ਨੇ ਮਨੁੱਖਾਂ ਦੀ ਹਰੇਕ ਕੌਮ ਨੂੰ ਇੱਕ ਤੋਂ ਰਚਿਆ।’—ਰਸੂਲਾਂ ਦੇ ਕਰਤੱਬ 17:26.
ਜੇ ਅਸੀਂ ਸ਼ਤਾਨ ਦੇ ਇਸ ਫੰਦੇ ਵਿਚ ਫਸਣਾ ਨਹੀਂ ਚਾਹੁੰਦੇ, ਤਾਂ ਸਾਨੂੰ ਨਿਮਰ ਬਣਨ ਦੀ ਲੋੜ ਹੈ। ਬਾਈਬਲ ਸਾਨੂੰ ਤਾਕੀਦ ਕਰਦੀ ਹੈ: ‘ਆਪਣੇ ਆਪ ਨੂੰ ਜਿੰਨਾ ਚਾਹੀਦਾ ਹੈ ਉਸ ਨਾਲੋਂ ਵੱਧ ਨਾ ਸਮਝੋ।’ (ਰੋਮੀਆਂ 12:3) ਬਾਈਬਲ ਇਹ ਵੀ ਦੱਸਦੀ ਹੈ ਕਿ “ਪਰਮੇਸ਼ੁਰ ਹੰਕਾਰੀਆਂ ਦਾ ਸਾਹਮਣਾ ਕਰਦਾ ਪਰ ਹਲੀਮਾਂ ਉੱਤੇ ਕਿਰਪਾ ਕਰਦਾ ਹੈ।” (ਯਾਕੂਬ 4:6) ਜੀ ਹਾਂ, ਜੇ ਅਸੀਂ ਨਿਮਰਤਾ ਵਰਗੇ ਚੰਗੇ ਗੁਣ ਪੈਦਾ ਕਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਅਸੀਂ ਜ਼ਰੂਰ ਸ਼ਤਾਨ ਦਾ ਸਾਮ੍ਹਣਾ ਕਰ ਸਕਾਂਗੇ।
ਸ਼ਤਾਨ ਸਾਡੀਆਂ ਗ਼ਲਤ ਇੱਛਾਵਾਂ ਦਾ ਵੀ ਫ਼ਾਇਦਾ ਉਠਾਉਂਦਾ ਹੈ। ਯਹੋਵਾਹ ਪਰਮੇਸ਼ੁਰ ਸ਼ੁਰੂ ਤੋਂ ਹੀ ਚਾਹੁੰਦਾ ਸੀ ਕਿ ਇਨਸਾਨ ਜ਼ਿੰਦਗੀ ਦਾ ਪੂਰਾ ਆਨੰਦ ਮਾਣਨ। ਜਦ ਅਸੀਂ ਪਰਮੇਸ਼ੁਰ ਦੇ ਮਿਆਰਾਂ ਅਨੁਸਾਰ ਚੱਲ ਕੇ ਆਪਣੀਆਂ ਸਰੀਰਕ ਇੱਛਾਵਾਂ ਪੂਰੀਆਂ ਕਰਦੇ ਹਾਂ, ਤਾਂ ਸਾਨੂੰ ਬਹੁਤ ਖ਼ੁਸ਼ੀ ਮਿਲਦੀ ਹੈ। ਪਰ ਸ਼ਤਾਨ ਸਾਨੂੰ ਭਰਮਾਉਣ ਦੀ ਕੋਸ਼ਿਸ਼ ਕਰਦਾ ਹੈ। ਉਹ ਚਾਹੁੰਦਾ ਹੈ ਕਿ ਅਸੀਂ ਗ਼ਲਤ ਕੰਮ ਕਰ ਕੇ ਆਪਣੀਆਂ ਇੱਛਾਵਾਂ ਪੂਰੀਆਂ ਕਰੀਏ। (1 ਕੁਰਿੰਥੀਆਂ 6:9, 10) ਇਸ ਲਈ ਚੰਗਾ ਹੋਵੇਗਾ ਜੇਕਰ ਅਸੀਂ ਸ਼ੁੱਧ ਅਤੇ ਸ਼ੋਭਾ ਦੇਣ ਵਾਲੀਆਂ ਗੱਲਾਂ ਉੱਤੇ ਆਪਣਾ ਧਿਆਨ ਲਾਈ ਰੱਖੀਏ। (ਫ਼ਿਲਿੱਪੀਆਂ 4:8) ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੀ ਸੋਚਣੀ ਅਤੇ ਜਜ਼ਬਾਤਾਂ ਉੱਤੇ ਚੰਗੀ ਤਰ੍ਹਾਂ ਕਾਬੂ ਰੱਖ ਸਕਾਂਗੇ।
ਸ਼ਤਾਨ ਦਾ ਸਾਮ੍ਹਣਾ ਕਰਦੇ ਰਹੋ
ਤੁਸੀਂ ਕਾਮਯਾਬੀ ਨਾਲ ਸ਼ਤਾਨ ਦਾ ਸਾਮ੍ਹਣਾ ਕਰ ਸਕਦੇ ਹੋ। ਬਾਈਬਲ ਹੌਸਲਾ ਦਿੰਦੀ ਹੈ: “ਸ਼ਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ।” (ਯਾਕੂਬ 4:7) ਇਸ ਦਾ ਇਹ ਮਤਲਬ ਨਹੀਂ ਕਿ ਜੇ ਤੁਸੀਂ ਪਰਮੇਸ਼ੁਰ ਦਾ ਗਿਆਨ ਲੈ ਰਹੇ ਹੋ, ਤਾਂ ਸ਼ਤਾਨ ਤੁਹਾਨੂੰ ਭਰਮਾਉਣ ਤੋਂ ਹਟ ਜਾਵੇਗਾ। ਉਹ “ਕੁਝ ਚਿਰ ਤੀਕਰ” ਤੁਹਾਡੇ ਤੋਂ ਦੂਰ ਰਹੇਗਾ, ਪਰ ਮੌਕਾ ਮਿਲਣ ਤੇ ਤੁਹਾਨੂੰ ਉਹ ਫਿਰ ਸਤਾਉਣ ਆਵੇਗਾ। (ਲੂਕਾ 4:13) ਪਰ ਤੁਹਾਨੂੰ ਉਸ ਤੋਂ ਡਰਨ ਦੀ ਕੋਈ ਲੋੜ ਨਹੀਂ। ਜੇ ਤੁਸੀਂ ਸ਼ਤਾਨ ਦਾ ਸਾਮ੍ਹਣਾ ਕਰਦੇ ਰਹੋ, ਤਾਂ ਉਹ ਕਦੇ ਵੀ ਤੁਹਾਨੂੰ ਸੱਚੇ ਪਰਮੇਸ਼ੁਰ ਤੋਂ ਦੂਰ ਨਹੀਂ ਕਰ ਸਕੇਗਾ।
ਜੇ ਤੁਸੀਂ ਸੱਚ-ਮੁੱਚ ਸ਼ਤਾਨ ਤੋਂ ਦੂਰ ਰਹਿਣਾ ਚਾਹੁੰਦੇ ਹੋ, ਤਾਂ ਤੁਹਾਨੂੰ ਉਸ ਬਾਰੇ ਜਾਣਕਾਰੀ ਲੈਣ ਦੀ ਲੋੜ ਹੈ। ਤੁਹਾਨੂੰ ਜਾਣਨ ਦੀ ਲੋੜ ਹੈ ਕਿ ਉਹ ਲੋਕਾਂ ਨੂੰ ਕਿਨ੍ਹਾਂ ਤਰੀਕਿਆਂ ਨਾਲ ਭਰਮਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂਕਿ ਤੁਸੀਂ ਆਪਣੀ ਰੱਖਿਆ ਕਰ ਸਕੋ। ਇਹ ਗਿਆਨ ਤੁਹਾਨੂੰ ਸਿਰਫ਼ ਪਰਮੇਸ਼ੁਰ ਦੇ ਬਚਨ, ਬਾਈਬਲ ਤੋਂ ਹੀ ਮਿਲ ਸਕਦਾ ਹੈ। ਇਸ ਲਈ ਬਾਈਬਲ ਦੀ ਸਟੱਡੀ ਕਰਨ ਦਾ ਪੱਕਾ ਇਰਾਦਾ ਬਣਾਓ ਅਤੇ ਸਿੱਖੀਆਂ ਗੱਲਾਂ ਆਪਣੀ ਜ਼ਿੰਦਗੀ ਵਿਚ ਲਾਗੂ ਕਰੋ। ਤੁਸੀਂ ਆਪਣੇ ਇਲਾਕੇ ਵਿਚ ਯਹੋਵਾਹ ਦੇ ਗਵਾਹਾਂ ਨਾਲ ਸੰਪਰਕ ਕਰ ਸਕਦੇ ਹੋ ਜਾਂ ਇਸ ਰਸਾਲੇ ਦੇ ਪ੍ਰਕਾਸ਼ਕਾਂ ਨੂੰ ਲਿਖ ਸਕਦੇ ਹੋ। ਉਨ੍ਹਾਂ ਨੂੰ ਤੁਹਾਡੇ ਨਾਲ ਮੁਫ਼ਤ ਬਾਈਬਲ ਸਟੱਡੀ ਕਰ ਕੇ ਬਹੁਤ ਖ਼ੁਸ਼ੀ ਹੋਵੇਗੀ।
ਇਕ ਗੱਲ ਤੁਹਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਜਿਉਂ-ਜਿਉਂ ਤੁਸੀਂ ਪਰਮੇਸ਼ੁਰ ਦੇ ਬਚਨ ਵਿੱਚੋਂ ਸੱਚਾਈ ਸਿੱਖਦੇ ਹੋ, ਸ਼ਤਾਨ ਤੁਹਾਡੇ ਉੱਤੇ ਸਤਾਹਟਾਂ ਲਿਆ ਕੇ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕਰੇਗਾ। ਸ਼ਾਇਦ ਤੁਹਾਡੇ ਘਰ ਵਾਲੇ ਜਾਂ ਰਿਸ਼ਤੇਦਾਰ ਵੀ ਤੁਹਾਡਾ ਵਿਰੋਧ ਕਰਨ। ਹੋ ਸਕਦਾ ਹੈ ਕਿ ਉਹ ਇਸ ਤਰ੍ਹਾਂ ਇਸ ਲਈ ਕਰਨ ਕਿਉਂਕਿ ਉਹ ਜਾਣਦੇ ਨਹੀਂ ਕਿ ਤੁਸੀਂ ਬਾਈਬਲ ਵਿੱਚੋਂ ਕਿਹੜੀਆਂ ਵਧੀਆ ਗੱਲਾਂ ਸਿੱਖ ਰਹੇ ਹੋ। ਦੂਸਰੇ ਲੋਕ ਸ਼ਾਇਦ ਤੁਹਾਡਾ ਮਖੌਲ ਉਡਾਉਣ। ਪਰ ਜੇ ਤੁਸੀਂ ਹਾਰ ਮੰਨ ਕੇ ਗਿਆਨ ਲੈਣਾ ਬੰਦ ਕਰ ਦਿੱਤਾ, ਤਾਂ ਕੀ ਇਸ ਨਾਲ ਪਰਮੇਸ਼ੁਰ ਖ਼ੁਸ਼ ਹੋਵੇਗਾ? ਇਹੀ ਤਾਂ ਸ਼ਤਾਨ ਚਾਹੁੰਦਾ ਹੈ ਕਿ ਤੁਸੀਂ ਨਿਰਾਸ਼ ਹੋ ਕੇ ਸੱਚੇ ਪਰਮੇਸ਼ੁਰ ਬਾਰੇ ਸਿੱਖਣਾ ਬੰਦ ਕਰੋ। ਪਰ ਉਸ ਨੂੰ ਜਿੱਤਣ ਨਾ ਦਿਓ। (ਮੱਤੀ 10:34-39) ਤੁਸੀਂ ਆਪਣੀ ਜ਼ਿੰਦਗੀ ਲਈ ਸ਼ਤਾਨ ਦੇ ਨਹੀਂ, ਸਗੋਂ ਪਰਮੇਸ਼ੁਰ ਦੇ ਰਿਣੀ ਹੋ। ਇਸ ਲਈ ਸ਼ਤਾਨ ਦਾ ਸਾਮ੍ਹਣਾ ਕਰ ਕੇ ‘ਯਹੋਵਾਹ ਦੇ ਜੀ ਨੂੰ ਖ਼ੁਸ਼ ਕਰਨ’ ਦਾ ਪੱਕਾ ਇਰਾਦਾ ਬਣਾਓ।—ਕਹਾਉਤਾਂ 27:11.
[ਸਫ਼ੇ 6 ਉੱਤੇ ਤਸਵੀਰ]
ਮਸੀਹੀ ਧਰਮ ਨੂੰ ਅਪਣਾਉਣ ਵਾਲੇ ਲੋਕਾਂ ਨੇ ਜਾਦੂਗਰੀ ਦੀਆਂ ਆਪਣੀਆਂ ਪੋਥੀਆਂ ਸਾੜ ਦਿੱਤੀਆਂ
[ਸਫ਼ੇ 7 ਉੱਤੇ ਤਸਵੀਰ]
ਬਾਈਬਲ ਦੀ ਸਟੱਡੀ ਕਰਨ ਦਾ ਪੱਕਾ ਇਰਾਦਾ ਬਣਾਓ