ਕੀ ਸ਼ਤਾਨ ਸੱਚ-ਮੁੱਚ ਹੈ?
ਕੀ ਸ਼ਤਾਨ ਸੱਚ-ਮੁੱਚ ਹੈ?
ਸ਼ਤਾਨ ਬਾਰੇ ਤੁਹਾਡਾ ਕੀ ਖ਼ਿਆਲ ਹੈ? ਕੀ ਉਹ ਅਸਲੀ ਵਿਅਕਤੀ ਹੈ ਜੋ ਸਾਨੂੰ ਬੁਰੇ ਕੰਮ ਕਰਨ ਲਈ ਭਰਮਾਉਂਦਾ ਹੈ ਜਾਂ ਫਿਰ ਕੀ ਇਹ ਸ਼ਬਦ ਬਦੀ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ? ਕੀ ਸਾਨੂੰ ਸ਼ਤਾਨ ਤੋਂ ਡਰਨ ਦੀ ਲੋੜ ਹੈ ਜਾਂ ਫਿਰ ਕੀ ਸ਼ਤਾਨ ਲੋਕਾਂ ਲਈ ਇਕ ਵਹਿਮ ਜਾਂ ਸਿਰਫ਼ ਉਨ੍ਹਾਂ ਦੀ ਕਲਪਨਾ ਹੀ ਹੈ? ਕੀ ਸ਼ਤਾਨ ਸ਼ਬਦ ਵਿਸ਼ਵ ਵਿਚ ਕਿਸੇ ਮਾਰੂ ਤਾਕਤ ਨੂੰ ਦਰਸਾਉਂਦਾ ਹੈ? ਕੀ ਇਹ ਹੋ ਸਕਦਾ ਹੈ ਕਿ ਸ਼ਤਾਨ ਸਿਰਫ਼ ਸਾਡੇ ਮਨ ਅੰਦਰਲੀ ਬੁਰਾਈ ਨੂੰ ਦਰਸਾਉਂਦਾ ਹੈ ਜਿਵੇਂ ਅੱਜ-ਕੱਲ੍ਹ ਧਰਮ-ਸ਼ਾਸਤਰੀ ਸਿਖਾਉਂਦੇ ਹਨ?
ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਦੁਨੀਆਂ ਵਿਚ ਸ਼ਤਾਨ ਬਾਰੇ ਇੰਨੇ ਵੱਖੋ-ਵੱਖਰੇ ਵਿਚਾਰ ਹਨ। ਜ਼ਰਾ ਸੋਚੋ ਕਿ ਉਸ ਵਿਅਕਤੀ ਦਾ ਅਸਲੀ ਰੂਪ ਪਛਾਣਨਾ ਕਿੰਨਾ ਔਖਾ ਹੁੰਦਾ ਹੈ ਜਿਸ ਦਾ ਚਿਹਰਾ ਹਰ ਵੇਲੇ ਨਕਾਬ ਦੇ ਪਿੱਛੇ ਲੁਕਿਆ ਰਹਿੰਦਾ ਹੈ! ਬਾਈਬਲ ਦੱਸਦੀ ਹੈ ਕਿ ਸ਼ਤਾਨ ਆਪਣਾ ਅਸਲੀ ਰੂਪ ਛੁਪਾਉਣ ਵਿਚ ਮਾਹਰ ਹੈ। ਉਹ “ਆਪਣੇ ਰੂਪ ਨੂੰ ਚਾਨਣ ਦੇ ਦੂਤ ਦੇ ਰੂਪ ਵਿੱਚ ਵਟਾਉਂਦਾ ਹੈ।” (2 ਕੁਰਿੰਥੀਆਂ 11:14) ਜੀ ਹਾਂ, ਸ਼ਤਾਨ ਹੈ ਤਾਂ ਬਹੁਤ ਬੁਰਾ, ਪਰ ਲੋਕਾਂ ਨੂੰ ਧੋਖਾ ਦੇਣ ਲਈ ਉਹ ਨੇਕੀ ਦਾ ਨਕਾਬ ਪਹਿਨਦਾ ਹੈ। ਇਸ ਦੇ ਨਾਲ-ਨਾਲ, ਜੇ ਉਹ ਲੋਕਾਂ ਨੂੰ ਇਹ ਵਿਸ਼ਵਾਸ ਦਿਲਾਉਣ ਵਿਚ ਕਾਮਯਾਬ ਹੋ ਜਾਂਦਾ ਹੈ ਕਿ ਸ਼ਤਾਨ ਨਾਂ ਦੀ ਕੋਈ ਹਸਤੀ ਹੈ ਹੀ ਨਹੀਂ, ਤਾਂ ਇਸ ਵਿਚ ਵੀ ਉਸ ਦਾ ਹੀ ਫ਼ਾਇਦਾ ਹੁੰਦਾ ਹੈ।
ਤਾਂ ਫਿਰ ਸ਼ਤਾਨ ਹੈ ਕੌਣ? ਉਹ ਕਿੱਥੋਂ ਆਇਆ ਹੈ ਤੇ ਉਸ ਨੂੰ ਕਿਸ ਨੇ ਬਣਾਇਆ ਹੈ? ਉਹ ਇਨਸਾਨਾਂ ਉੱਤੇ ਕਿਸ ਤਰ੍ਹਾਂ ਪ੍ਰਭਾਵ ਪਾਉਂਦਾ ਹੈ? ਕੀ ਅਸੀਂ ਸ਼ਤਾਨ ਤੋਂ ਆਪਣੀ ਰੱਖਿਆ ਕਰ ਸਕਦੇ ਹਾਂ? ਜੇ ਹਾਂ, ਤਾਂ ਕਿਸ ਤਰ੍ਹਾਂ? ਇਨ੍ਹਾਂ ਸਵਾਲਾਂ ਦੇ ਸਹੀ ਜਵਾਬ ਬਾਈਬਲ ਵਿਚ ਪਾਏ ਜਾਂਦੇ ਹਨ।
[ਸਫ਼ੇ 3 ਉੱਤੇ ਤਸਵੀਰ]
ਉਸ ਵਿਅਕਤੀ ਦਾ ਅਸਲੀ ਰੂਪ ਪਛਾਣਨਾ ਕਿੰਨਾ ਔਖਾ ਹੁੰਦਾ ਹੈ ਜਿਸ ਦਾ ਚਿਹਰਾ ਹਰ ਵੇਲੇ ਨਕਾਬ ਦੇ ਪਿੱਛੇ ਲੁਕਿਆ ਰਹਿੰਦਾ ਹੈ!