ਕੁਰਬਾਨੀਆਂ ਕਰਨ ਨਾਲ ਯਹੋਵਾਹ ਤੋਂ ਬਰਕਤਾਂ ਮਿਲਦੀਆਂ ਹਨ
“ਮੇਰੀ ਸਹਾਇਤਾ ਯਹੋਵਾਹ ਤੋਂ ਹੈ”
ਕੁਰਬਾਨੀਆਂ ਕਰਨ ਨਾਲ ਯਹੋਵਾਹ ਤੋਂ ਬਰਕਤਾਂ ਮਿਲਦੀਆਂ ਹਨ
ਕੈਮਰੂਨ ਦੇ ਸੰਘਣੇ ਜੰਗਲ ਵਿਚ ਇਕ ਆਦਮੀ ਸਾਈਕਲ ਤੇ ਲੰਬਾ ਸਫ਼ਰ ਤੈਅ ਕਰਦਾ ਹੈ। ਘੰਟਿਆਂ ਬੱਧੀ ਉਹ ਚਿੱਕੜ ਅਤੇ ਹੜ੍ਹ ਦੇ ਪਾਣੀ ਵਿਚ ਅਲੋਪ ਹੋਏ ਰਸਤਿਆਂ ਥਾਣੀ ਲੰਘਦਾ ਹੈ। ਉਹ ਇਸ ਰਸਤੇ ਵਿਚ ਆਉਣ ਵਾਲੇ ਹਰ ਖ਼ਤਰੇ ਦਾ ਸਾਮ੍ਹਣਾ ਕਰਦਾ ਹੈ। ਕਿਉਂ? ਕਿਉਂਕਿ ਉਹ ਦੂਸਰਿਆਂ ਦੀ ਮਦਦ ਕਰਨੀ ਚਾਹੁੰਦਾ ਹੈ। ਜ਼ਿਮਬਾਬਵੇ ਵਿਚ ਦੋ ਆਦਮੀ 15 ਕਿਲੋਮੀਟਰ ਤੁਰ ਕੇ ਜਾਂਦੇ ਹਨ ਤਾਂਕਿ ਉਹ ਬਾਈਬਲ ਵਿਚ ਦਿਲਚਸਪੀ ਰੱਖਣ ਵਾਲੇ ਕੁਝ ਵਿਅਕਤੀਆਂ ਨੂੰ ਬਾਈਬਲ ਦੀ ਸਿੱਖਿਆ ਦੇ ਸਕਣ। ਸ਼ੂਕਦੇ ਦਰਿਆਵਾਂ ਨੂੰ ਪਾਰ ਕਰਨ ਵੇਲੇ ਉਹ ਆਪਣੇ ਕੱਪੜਿਆਂ ਅਤੇ ਜੁੱਤੀਆਂ ਨੂੰ ਗਿੱਲੇ ਹੋਣ ਤੋਂ ਬਚਾਉਣ ਲਈ ਆਪਣੇ ਸਿਰਾਂ ਤੇ ਰੱਖ ਲੈਂਦੇ ਹਨ। ਕਿਤੇ ਹੋਰ, ਇਕ ਔਰਤ ਤੜਕੇ ਚਾਰ ਵਜੇ ਉੱਠਦੀ ਹੈ ਤਾਂਕਿ ਉਹ ਇਕ ਨਰਸ ਨਾਲ ਬਾਈਬਲ ਸਟੱਡੀ ਕਰ ਸਕੇ। ਇਹ ਨਰਸ ਸਿਰਫ਼ ਤੜਕੇ ਹੀ ਸਟੱਡੀ ਕਰਨ ਲਈ ਸਮਾਂ ਕੱਢ ਸਕਦੀ ਹੈ।
ਤਿੰਨੇ ਉਦਾਹਰਣਾਂ ਵਿਚ ਜ਼ਿਕਰ ਕੀਤੇ ਵਿਅਕਤੀਆਂ ਵਿਚ ਕੀ ਖੂਬੀ ਹੈ? ਇਹ ਕਿ ਉਹ ਯਹੋਵਾਹ ਦੇ ਗਵਾਹ ਹਨ ਅਤੇ ਲੋਕਾਂ ਨੂੰ ਬਾਈਬਲ ਦਾ ਗਿਆਨ ਦੇਣ ਦੇ ਕੰਮ ਵਿਚ ਜੁੱਟੇ ਹੋਏ ਹਨ। ਇਨ੍ਹਾਂ ਵਰਗੇ ਲੱਖਾਂ ਹੋਰ ਪਾਇਨੀਅਰ, ਮਿਸ਼ਨਰੀ ਤੇ ਸਫ਼ਰੀ ਨਿਗਾਹਬਾਨ ਵੀ ਇਹ ਕੰਮ ਕਰ ਰਹੇ ਹਨ। ਕਈ ਤਾਂ ਦੁਨੀਆਂ ਭਰ ਵਿਚ ਬੈਥਲ ਘਰਾਂ ਵਿਚ ਕੰਮ ਕਰ ਰਹੇ ਹਨ। ਕੁਰਬਾਨੀਆਂ ਦੇਣੀਆਂ ਇਨ੍ਹਾਂ ਦੀ ਜ਼ਿੰਦਗੀ ਹੈ। *
ਉਹ ਸੇਵਾ ਕਿਉਂ ਕਰਦੇ ਹਨ?
ਪੌਲੁਸ ਰਸੂਲ ਨੇ ਤਿਮੋਥਿਉਸ ਨੂੰ ਲਿਖਿਆ: “ਆਪਣੇ ਆਪ ਨੂੰ ਪਰਮੇਸ਼ੁਰ ਦੇ ਅੱਗੇ ਪਰਵਾਨ ਅਤੇ ਅਜਿਹਾ ਕਾਰੀਗਰ ਠਹਿਰਾਉਣ ਦਾ ਜਤਨ ਕਰ ਜਿਹ ਨੂੰ ਲੱਜਿਆਵਾਨ ਨਾ ਹੋਣਾ ਪਵੇ ਅਤੇ ਜਿਹੜਾ ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰਨ ਵਾਲਾ ਹੋਵੇ।” (2 ਤਿਮੋਥਿਉਸ 2:15) ਅੱਜ ਯਹੋਵਾਹ ਦੇ ਸਾਰੇ ਗਵਾਹ ਪੌਲੁਸ ਦੀ ਇਸ ਸਲਾਹ ਉੱਤੇ ਚੱਲਦੇ ਹਨ। ਪਰ ਸਵਾਲ ਇਹ ਪੈਦਾ ਹੁੰਦਾ ਕਿ ਲੱਖਾਂ ਹੀ ਯਹੋਵਾਹ ਦੇ ਗਵਾਹਾਂ ਨੇ ਪਰਮੇਸ਼ੁਰ ਦੀ ਸੇਵਾ ਵਿਚ ਜ਼ਿਆਦਾ ਸਮਾਂ ਲਗਾਉਣ ਦਾ ਨਿਰਣਾ ਕਿਉਂ ਕੀਤਾ ਹੈ?
ਜਦ ਕਦੀ ਇਹ ਸਵਾਲ ਤਨੋਂ-ਮਨੋਂ ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਗਵਾਹਾਂ ਨੂੰ ਪੁੱਛਿਆ ਜਾਂਦਾ ਹੈ, ਤਾਂ ਅਕਸਰ ਉਹ ਇਹੀ ਕਹਿੰਦੇ ਹਨ ਕਿ ਪਰਮੇਸ਼ੁਰ ਅਤੇ ਇਨਸਾਨਾਂ ਲਈ ਗਹਿਰਾ ਪਿਆਰ ਉਨ੍ਹਾਂ ਨੂੰ ਪ੍ਰੇਰਦਾ ਹੈ। (ਮੱਤੀ 22:37-39) ਵਾਕਈ, ਪਿਆਰ ਦੀ ਭਾਵਨਾ ਨਾਲ ਕੀਤੀ ਜਾਂਦੀ ਸੇਵਾ ਹੀ ਸਲਾਹੀ ਜਾਂਦੀ ਹੈ।—1 ਕੁਰਿੰਥੀਆਂ 13:1-3.
ਆਤਮ-ਤਿਆਗੀ ਸੇਵਾ
ਸੰਸਾਰ ਭਰ ਵਿਚ ਯਹੋਵਾਹ ਦੇ ਭਗਤਾਂ ਨੇ ਯਿਸੂ ਦੇ ਇਸ ਸੱਦੇ ਨੂੰ ਖ਼ੁਸ਼ੀ-ਖ਼ੁਸ਼ੀ ਕਬੂਲ ਕੀਤਾ ਹੈ: “ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ।” (ਮੱਤੀ 16:24) ਆਪਣੇ ਆਪ ਦਾ ਇਨਕਾਰ ਕਰਨ ਦਾ ਮਤਲਬ ਹੈ ਕਿ ਖ਼ੁਦ ਨੂੰ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਦੇ ਹਵਾਲੇ ਕਰ ਦੇਣਾ ਅਤੇ ਉਨ੍ਹਾਂ ਦੀ ਸੇਧ ਵਿਚ ਚੱਲਣਾ। ਇਸ ਲਈ ਕਈਆਂ ਨੇ ਆਪਣੀਆਂ ਖ਼ਾਹਸ਼ਾਂ ਨੂੰ ਦਬਾ ਕੇ ਪਰਮੇਸ਼ੁਰ ਦੇ ਕੰਮ ਨੂੰ ਪਹਿਲ ਦਿੱਤੀ ਹੈ।
ਕਈ ਗਵਾਹਾਂ ਨੇ ਔਖੀਆਂ ਭਾਸ਼ਾਵਾਂ ਸਿੱਖਣ ਦਾ ਜਤਨ ਕੀਤਾ ਹੈ। ਮਿਸਾਲ ਲਈ, 56 ਸਾਲਾਂ ਦੀ ਜ਼ੂਲੀਆ ਨਾਂ ਦੀ ਪਾਇਨੀਅਰ ਸਾਓ ਪੌਲੋ, ਬ੍ਰਾਜ਼ੀਲ ਦੀ ਰਹਿਣ ਵਾਲੀ ਹੈ। ਉਹ ਦੱਸਦੀ ਹੈ: “ਇਕ ਚੀਨੀ ਭਰਾ ਨੇ ਮੈਨੂੰ ਟੈਲੀਫ਼ੋਨ ਤੇ ਚੀਨੀ ਭਾਸ਼ਾ ਸਿੱਖਣ ਬਾਰੇ ਪੁੱਛਿਆ। ਦਰਅਸਲ, ਆਪਣੀ ਉਮਰ ਕਰਕੇ ਮੈਂ ਤਾਂ ਕਦੀ ਵਿਦੇਸ਼ੀ ਭਾਸ਼ਾ ਸਿੱਖਣ ਬਾਰੇ ਸੋਚਿਆ ਹੀ ਨਹੀਂ ਸੀ। ਪਰ ਕੁਝ ਦਿਨ ਸੋਚਣ ਤੋਂ ਬਾਅਦ ਮੈਂ ਚੀਨੀ ਭਾਸ਼ਾ ਸਿੱਖਣ ਲੱਗ ਪਈ। ਹੁਣ ਮੈਂ ਚੀਨੀ ਭਾਸ਼ਾ ਵਿਚ ਬਾਈਬਲ ਹਵਾਲਿਆਂ ਤੇ ਆਧਾਰਿਤ ਪੇਸ਼ਕਾਰੀਆਂ ਦੇ ਸਕਦੀ ਹਾਂ।”
ਪੀਰੂ ਵਿਚ ਯਹੋਵਾਹ ਦੇ ਗਵਾਹਾਂ ਦਾ ਬ੍ਰਾਂਚ ਆਫ਼ਿਸ ਦੱਸਦਾ ਹੈ:
“ਹਾਲ ਹੀ ਦੇ ਸਾਲਾਂ ਵਿਚ ਸੈਂਕੜੇ ਪਾਇਨੀਅਰਾਂ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ। ਉਹ ਆਪਣੇ ਸ਼ਹਿਰ ਛੱਡ ਕੇ ਦੂਰ-ਦੁਰਾਡੇ ਪਿੰਡਾਂ ਵਿਚ ਚਲੇ ਗਏ ਜਿੱਥੇ ਬਹੁਤ ਘੱਟ ਰਾਜ ਦੇ ਪ੍ਰਚਾਰਕ ਹਨ ਜਾਂ ਬਿਲਕੁਲ ਨਹੀਂ ਹਨ। ਇਨ੍ਹਾਂ ਪਿੰਡਾਂ ਵਿਚ ਰੁਜ਼ਗਾਰ ਦੀ ਕਮੀ ਹੈ ਅਤੇ ਬਿਜਲੀ ਤੇ ਪਾਣੀ ਵਰਗੀਆਂ ਆਮ ਸਹੂਲਤਾਂ ਨਹੀਂ ਹਨ ਜਿਸ ਕਰਕੇ ਉਨ੍ਹਾਂ ਨੂੰ ਔਖੇ ਹਾਲਾਤਾਂ ਵਿਚ ਦਿਨ ਕੱਟਣੇ ਪੈਂਦੇ ਹਨ। ਫਿਰ ਵੀ ਉਹ ਖਿੜੇ ਮੱਥੇ ਇਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਨ ਅਤੇ ਕਿਸੇ ਵੀ ਹਾਲਤ ਵਿਚ ਉੱਥੇ ਰਹਿਣ ਨੂੰ ਤਿਆਰ ਹਨ। ਕੀ ਉਨ੍ਹਾਂ ਦੀਆਂ ਕੁਰਬਾਨੀਆਂ ਅਜਾਈਂ ਗਈਆਂ? ਨਹੀਂ। ਪ੍ਰਚਾਰ ਵਿਚ ਉਨ੍ਹਾਂ ਦੀ ਮਿਹਨਤ ਰੰਗ ਲਿਆਈ ਹੈ। ਸਫ਼ਰੀ ਨਿਗਾਹਬਾਨ ਦੱਸਦੇ ਹਨ ਕਿ ਉਨ੍ਹਾਂ ਦੀ ਮਦਦ ਨਾਲ ਕਈ ਨਵੇਂ ਗਰੁੱਪ ਬਣੇ ਹਨ।”ਕੁਝ ਗਵਾਹਾਂ ਨੇ ਆਪਣੀਆਂ ਜਾਨਾਂ ਦਾਅ ਤੇ ਲਾ ਕੇ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕੀਤੀ ਹੈ। (ਰੋਮੀਆਂ 16:3, 4) ਅਫ਼ਰੀਕਾ ਦੇ ਇਕ ਲੜਾਈ ਵਾਲੇ ਇਲਾਕੇ ਦਾ ਇਕ ਸਰਕਟ ਨਿਗਾਹਬਾਨ ਉਸ ਨਾਲ ਹੋਏ ਵਾਕਿਆ ਬਾਰੇ ਦੱਸਦਾ ਹੈ: “ਥਾਂ-ਥਾਂ ਨਾਕਾਬੰਦੀਆਂ ਸਨ। ਇਕ ਇਲਾਕਾ ਬਾਗ਼ੀ ਫ਼ੌਜਾਂ ਦੇ ਕਬਜ਼ੇ ਹੇਠ ਸੀ ਤੇ ਦੂਜੇ ਤੇ ਸਰਕਾਰ ਦਾ ਰਾਜ ਸੀ। ਅਖ਼ੀਰਲੀ ਨਾਕਾਬੰਦੀ ਤੇ ਪਹੁੰਚਣ ਤੋਂ ਪਹਿਲਾਂ ਹੀ ਚਾਰ ਬਾਗ਼ੀ ਮਿਲਟਰੀ ਕਮਾਂਡਰਾਂ ਅਤੇ ਉਨ੍ਹਾਂ ਦੇ ਬਾਡੀ-ਗਾਰਡਾਂ ਨੇ ਮੈਨੂੰ ਤੇ ਮੇਰੀ ਪਤਨੀ ਨੂੰ ਘੇਰ ਲਿਆ। ਉਨ੍ਹਾਂ ਨੇ ਸਾਥੋਂ ਸਾਡਾ ਨਾਂ ਤੇ ਅਤਾ-ਪਤਾ ਪੁੱਛਿਆ। ਸਾਡੇ ਸ਼ਨਾਖਤੀ ਕਾਰਡ ਦੇਖ ਕੇ ਉਹ ਜਾਣ ਗਏ ਕਿ ਅਸੀਂ ਉਨ੍ਹਾਂ ਦੇ ਇਲਾਕੇ ਦੇ ਰਹਿਣ ਵਾਲੇ ਨਹੀਂ ਸਾਂ, ਇਸ ਲਈ ਉਹ ਸਾਡੇ ਤੇ ਸ਼ੱਕ ਕਰਨ ਲੱਗ ਪਏ। ਮੇਰੇ ਤੇ ਜਾਸੂਸੀ ਕਰਨ ਦਾ ਇਲਜ਼ਾਮ ਲਾਇਆ ਗਿਆ ਅਤੇ ਉਨ੍ਹਾਂ ਨੇ ਮੈਨੂੰ ਇਕ ਟੋਏ ਵਿਚ ਸੁੱਟਣ ਦਾ ਫ਼ੈਸਲਾ ਕੀਤਾ। ਜਦ ਮੈਂ ਉਨ੍ਹਾਂ ਨੂੰ ਆਪਣੇ ਬਾਰੇ ਤੇ ਆਪਣੇ ਕੰਮ ਬਾਰੇ ਸਮਝਾਇਆ, ਤਦ ਜਾ ਕੇ ਉਨ੍ਹਾਂ ਦੇ ਹੱਥੋਂ ਸਾਡੀਆਂ ਜਾਨਾਂ ਛੁੱਟੀਆਂ।” ਇਹ ਭੈਣ ਤੇ ਭਰਾ ਜਿਨ੍ਹਾਂ ਕਲੀਸਿਯਾਵਾਂ ਦਾ ਦੌਰਾ ਕਰਨ ਜਾ ਰਹੇ ਸਨ, ਉਹ ਕਲੀਸਿਯਾਵਾਂ ਬਹੁਤ ਖ਼ੁਸ਼ ਹੋਈਆਂ ਹੋਣੀਆਂ ਜਦ ਇਹ ਦੋਵੇਂ ਉਨ੍ਹਾਂ ਕੋਲ ਸਹੀ-ਸਲਾਮਤ ਪਹੁੰਚੇ!
ਕਠਿਨਾਈਆਂ ਦੇ ਬਾਵਜੂਦ ਦੁਨੀਆਂ ਭਰ ਵਿਚ ਅਜਿਹੇ ਆਤਮ-ਤਿਆਗੀ ਭੈਣਾਂ-ਭਰਾਵਾਂ ਦੀ ਗਿਣਤੀ ਵਧਦੀ ਜਾ ਰਹੀ ਹੈ। (ਯਸਾਯਾਹ 6:8) ਇਹ ਮਿਹਨਤੀ ਲੋਕ ਯਹੋਵਾਹ ਦੀ ਸੇਵਾ ਕਰਨ ਦੇ ਆਪਣੇ ਸਨਮਾਨ ਦੀ ਕਦਰ ਕਰਦੇ ਹਨ। ਇਨ੍ਹਾਂ ਵਾਂਗ ਹੋਰ ਲੱਖਾਂ ਲੋਕ ਯਹੋਵਾਹ ਦੇ ਜਸ ਗਾਉਂਦੇ ਹਨ ਅਤੇ ਯਹੋਵਾਹ ਉਨ੍ਹਾਂ ਤੇ ਵੀ ਬਰਕਤ ਪਾਉਂਦਾ ਹੈ। (ਕਹਾਉਤਾਂ 10:22) ਇਹ ਜਾਣਦੇ ਹੋਏ ਕਿ ਯਹੋਵਾਹ ਦਾ ਮਿਹਰ ਭਰਿਆ ਹੱਥ ਉਨ੍ਹਾਂ ਤੇ ਹੈ, ਇਹ ਵੀ ਜ਼ਬੂਰਾਂ ਦੇ ਲਿਖਾਰੀ ਵਾਂਗ ਮਹਿਸੂਸ ਕਰਦੇ ਹਨ ਜਿਸ ਨੇ ਗਾਇਆ: “ਮੇਰੀ ਸਹਾਇਤਾ ਯਹੋਵਾਹ ਤੋਂ ਹੈ।”—ਜ਼ਬੂਰਾਂ ਦੀ ਪੋਥੀ 121:2.
[ਫੁਟਨੋਟ]
^ ਪੈਰਾ 4 ਸਾਲ 2005 ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਗਏ ਕਲੰਡਰ ਉੱਤੇ ਨਵੰਬਰ ਤੇ ਦਸੰਬਰ ਦੇ ਮਹੀਨਿਆਂ ਦੀਆਂ ਤਸਵੀਰਾਂ ਦੇਖੋ।
[ਸਫ਼ੇ 9 ਉੱਤੇ ਸੁਰਖੀ]
“ਤੇਰੇ ਲੋਕ ਤੇਰੀ ਭਰਤੀ ਦੇ ਵੇਲੇ ਆਪਣੇ ਆਪ ਨੂੰ ਖੁਸ਼ੀ ਨਾਲ ਪੇਸ਼ ਕਰਦੇ ਹਨ।”—ਜ਼ਬੂਰਾਂ ਦੀ ਪੋਥੀ 110:3
[ਸਫ਼ੇ 8 ਉੱਤੇ ਡੱਬੀ]
ਯਹੋਵਾਹ ਦੇ ਭਗਤ ਉਸ ਦੀਆਂ ਨਜ਼ਰਾਂ ਵਿਚ ਅਨਮੋਲ ਹਨ
“ਤੁਸੀਂ ਇਸਥਿਰ ਅਤੇ ਅਡੋਲ ਹੋਵੋ ਅਤੇ ਪ੍ਰਭੁ ਦੇ ਕੰਮ ਵਿੱਚ ਸਦਾ ਵਧਦੇ ਜਾਓ ਕਿਉਂ ਜੋ ਤੁਸੀਂ ਜਾਣਦੇ ਹੋ ਜੋ ਪ੍ਰਭੁ ਵਿੱਚ ਤੁਹਾਡੀ ਮਿਹਨਤ ਥੋਥੀ ਨਹੀਂ ਹੈ।”—1 ਕੁਰਿੰਥੀਆਂ 15:58.
“ਪਰਮੇਸ਼ੁਰ ਕੁਨਿਆਈ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸਾਂ ਉਹ ਦੇ ਨਾਮ ਨਾਲ ਵਿਖਾਇਆ।”—ਇਬਰਾਨੀਆਂ 6:10.