Skip to content

Skip to table of contents

ਧਿਆਨ ਨਾਲ ਗੱਲ ਸੁਣਨ ਦੀ ਕਲਾ

ਧਿਆਨ ਨਾਲ ਗੱਲ ਸੁਣਨ ਦੀ ਕਲਾ

ਧਿਆਨ ਨਾਲ ਗੱਲ ਸੁਣਨ ਦੀ ਕਲਾ

“ਮਰੀ ਗੱਲ ਸੁਣਨ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ।” ਕੀ ਇਹੋ ਜਿਹੇ ਸ਼ਬਦ ਸੁਣ ਕੇ ਤੁਹਾਡਾ ਦਿਲ ਖ਼ੁਸ਼ ਨਹੀਂ ਹੁੰਦਾ? ਬਿਲਕੁਲ ਹੁੰਦਾ ਹੈ। ਕੀ ਇਹ ਸੱਚ ਨਹੀਂ ਹੈ ਕਿ ਜ਼ਿਆਦਾਤਰ ਲੋਕ ਉਸ ਇਨਸਾਨ ਵੱਲ ਖਿੱਚੇ ਜਾਂਦੇ ਹਨ ਜੋ ਦੂਸਰਿਆਂ ਦੀ ਗੱਲ ਧਿਆਨ ਨਾਲ ਸੁਣਦਾ ਹੈ? ਹਾਂ, ਗੱਲ ਧਿਆਨ ਨਾਲ ਸੁਣਨ ਦੁਆਰਾ ਨਾ ਸਿਰਫ਼ ਇਕ-ਦੂਜੇ ਨਾਲ ਸਾਡਾ ਆਪਸੀ ਰਿਸ਼ਤਾ ਬਰਕਰਾਰ ਰਹਿੰਦਾ ਹੈ, ਪਰ ਉਨ੍ਹਾਂ ਲੋਕਾਂ ਦੇ ਦਿਲ ਦਾ ਬੋਝ ਵੀ ਹੌਲ਼ਾ ਕੀਤਾ ਜਾ ਸਕਦਾ ਹੈ ਜੋ ਸਮੱਸਿਆਵਾਂ ਨਾਲ ਘਿਰੇ ਹੋਏ ਹਨ ਜਾਂ ਨਿਰਾਸ਼ ਹਨ। ਮਸੀਹੀ ਕਲੀਸਿਯਾ ਵਿਚ ਦੂਸਰਿਆਂ ਦੀਆਂ ਗੱਲਾਂ ਧਿਆਨ ਨਾਲ ਸੁਣਨ ਨਾਲ ਅਸੀਂ ‘ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ ਨੂੰ ਇੱਕ ਦੂਏ ਦਾ ਧਿਆਨ ਰੱਖਦੇ ਹਾਂ।’—ਇਬਰਾਨੀਆਂ 10:24.

ਪਰ ਕਈ ਲੋਕ ਧਿਆਨ ਨਾਲ ਗੱਲ ਨਹੀਂ ਸੁਣਦੇ। ਦੂਸਰੇ ਦੀ ਗੱਲ ਸੁਣਨ ਦੀ ਬਜਾਇ ਉਹ ਆਪਣੇ ਤਜਰਬੇ ਸੁਣਾਉਣ ਤੇ ਸਲਾਹ-ਮਸ਼ਵਰੇ ਦੇਣ ਲੱਗ ਪੈਂਦੇ ਹਨ। ਅਸਲ ਵਿਚ ਧਿਆਨ ਨਾਲ ਕਿਸੇ ਦੀ ਗੱਲ ਸੁਣਨੀ ਇਕ ਕਲਾ ਹੈ। ਅਸੀਂ ਇਹ ਕਲਾ ਕਿਵੇਂ ਸਿੱਖ ਸਕਦੇ ਹਾਂ?

ਧਿਆਨ ਨਾਲ ਗੱਲ ਕਿਵੇਂ ਸੁਣੀਏ

ਯਹੋਵਾਹ ਸਾਡਾ ਮਹਾਨ “ਗੁਰੂ” ਹੈ। (ਯਸਾਯਾਹ 30:20) ਉਹ ਸਾਨੂੰ ਧਿਆਨ ਨਾਲ ਸੁਣਨ ਬਾਰੇ ਬਹੁਤ ਕੁਝ ਸਿਖਾ ਸਕਦਾ ਹੈ। ਧਿਆਨ ਦਿਓ ਕਿ ਉਸ ਨੇ ਏਲੀਯਾਹ ਨਬੀ ਦੀ ਕਿਵੇਂ ਮਦਦ ਕੀਤੀ ਸੀ। ਏਲੀਯਾਹ ਈਜ਼ਬਲ ਰਾਣੀ ਦੀਆਂ ਧਮਕੀਆਂ ਸੁਣ ਕੇ ਡਰ ਗਿਆ ਅਤੇ ਉਜਾੜ ਵਿਚ ਨੱਠ ਗਿਆ ਸੀ। ਉੱਥੇ ਉਸ ਨੇ ਯਹੋਵਾਹ ਅੱਗੇ ਬੇਨਤੀ ਕਰ ਕੇ ਉਸ ਤੋਂ ਮੌਤ ਮੰਗੀ। ਪਰ ਏਲੀਯਾਹ ਨੂੰ ਹੌਸਲਾ ਦੇਣ ਲਈ ਯਹੋਵਾਹ ਨੇ ਆਪਣਾ ਦੂਤ ਘੱਲਿਆ। ਯਹੋਵਾਹ ਸੁਣਦਾ ਗਿਆ ਜਿੰਨਾ ਚਿਰ ਏਲੀਯਾਹ ਨੇ ਆਪਣੀਆਂ ਸਾਰੀਆਂ ਚਿੰਤਾਵਾਂ ਉਸ ਅੱਗੇ ਪ੍ਰਗਟ ਨਹੀਂ ਕਰ ਦਿੱਤੀਆਂ। ਉਸ ਦਾ ਡਰ ਦੂਰ ਕਰਨ ਲਈ ਯਹੋਵਾਹ ਨੇ ਚਮਤਕਾਰਾਂ ਰਾਹੀਂ ਉਸ ਨੂੰ ਆਪਣੀ ਡਾਢੀ ਸ਼ਕਤੀ ਦਿਖਾਈ। ਇਸ ਦਾ ਨਤੀਜਾ ਕੀ ਨਿਕਲਿਆ? ਏਲੀਯਾਹ ਵਿਚ ਮੁੜ ਨਵਾਂ ਜੋਸ਼ ਪੈਦਾ ਹੋ ਗਿਆ ਅਤੇ ਉਹ ਬਿਨਾਂ ਡਰ ਦੇ ਯਹੋਵਾਹ ਦੀ ਸੇਵਾ ਵਿਚ ਫਿਰ ਤੋਂ ਜੁੱਟ ਗਿਆ। (1 ਰਾਜਿਆਂ 19:2-15) ਯਹੋਵਾਹ ਕਿਉਂ ਆਪਣੇ ਸੇਵਕਾਂ ਦੀਆਂ ਚਿੰਤਾਵਾਂ ਸੁਣਦਾ ਹੈ? ਕਿਉਂਕਿ ਉਸ ਨੂੰ ਉਨ੍ਹਾਂ ਦਾ ਫ਼ਿਕਰ ਹੈ। (1 ਪਤਰਸ 5:7) ਇਸੇ ਤਰ੍ਹਾਂ ਜੇ ਅਸੀਂ ਦੂਸਰਿਆਂ ਦੀ ਦਿਲੋਂ ਪਰਵਾਹ ਕਰਦੇ ਹਾਂ ਅਤੇ ਉਨ੍ਹਾਂ ਵਿਚ ਸੱਚੀ ਦਿਲਚਸਪੀ ਲੈਂਦੇ ਹਾਂ, ਤਾਂ ਅਸੀਂ ਉਨ੍ਹਾਂ ਦੀ ਗੱਲ ਪੂਰੇ ਧਿਆਨ ਨਾਲ ਸੁਣਾਂਗੇ।

ਜਦ ਬੋਲੀਵੀਆ ਵਿਚ ਰਹਿਣ ਵਾਲੇ ਇਕ ਗਵਾਹ ਨੇ ਗੰਭੀਰ ਪਾਪ ਕੀਤਾ, ਤਾਂ ਉਸ ਨੇ ਦੱਸਿਆ ਕਿ ਇਕ ਭਰਾ ਨੇ ਉਸ ਦੀ ਮਦਦ ਕਿਵੇਂ ਕੀਤੀ: “ਉਸ ਵਕਤ ਮੈਂ ਬਹੁਤ ਹੀ ਘਟੀਆ ਮਹਿਸੂਸ ਕਰ ਰਿਹਾ ਸੀ। ਜੇ ਇਸ ਭਰਾ ਨੇ ਮੇਰੀ ਮਦਦ ਨਾ ਕੀਤੀ ਹੁੰਦੀ, ਤਾਂ ਮੈਂ ਯਹੋਵਾਹ ਦਾ ਲੜ ਛੱਡ ਬੈਠਣਾ ਸੀ। ਉਸ ਨੇ ਜ਼ਿਆਦਾ ਕੁਝ ਤਾਂ ਨਹੀਂ ਕਿਹਾ, ਪਰ ਉਸ ਨੇ ਸਮਾਂ ਕੱਢ ਕੇ ਮੇਰੀ ਗੱਲ ਸੁਣੀ। ਮੇਰੇ ਦਿਲ ਨੂੰ ਤਸੱਲੀ ਮਿਲੀ ਕਿ ਕੋਈ ਮੇਰੀ ਪਰਵਾਹ ਕਰਦਾ ਹੈ। ਉਸ ਨੂੰ ਕੁਝ ਕਹਿਣ ਦੀ ਜ਼ਰੂਰਤ ਵੀ ਨਹੀਂ ਪਈ ਕਿਉਂਕਿ ਮੈਨੂੰ ਪਤਾ ਸੀ ਕਿ ਮੈਨੂੰ ਕਿਹੜੇ ਕਦਮ ਚੁੱਕਣੇ ਚਾਹੀਦੇ ਹਨ। ਉਸ ਵੇਲੇ ਮੈਨੂੰ ਸਿਰਫ਼ ਇਸ ਤਸੱਲੀ ਦੀ ਜ਼ਰੂਰਤ ਸੀ ਕਿ ਕੋਈ ਮੇਰੀਆਂ ਭਾਵਨਾਵਾਂ ਨੂੰ ਸਮਝਦਾ ਹੈ। ਉਸ ਦੀ ਇਸ ਹਮਦਰਦੀ ਨੇ ਮੈਨੂੰ ਨਿਰਾਸ਼ਾ ਦੇ ਸਮੁੰਦਰ ਵਿਚ ਡੁੱਬਣ ਤੋਂ ਬਚਾ ਲਿਆ।”

ਯਿਸੂ ਮਸੀਹ ਦੂਜਿਆਂ ਦੀ ਗੱਲ ਧਿਆਨ ਨਾਲ ਸੁਣਨ ਦੀ ਕਲਾ ਵਿਚ ਮਾਹਰ ਸੀ। ਉਸ ਦੀ ਮੌਤ ਤੋਂ ਕੁਝ ਦੇਰ ਬਾਅਦ ਉਸ ਦੇ ਦੋ ਚੇਲੇ ਯਰੂਸ਼ਲਮ ਤੋਂ 11 ਕਿਲੋਮੀਟਰ ਦੂਰ ਇਕ ਪਿੰਡ ਜਾ ਰਹੇ ਸਨ। ਉਹ ਨਿਰਾਸ਼ ਸਨ। ਇਸ ਲਈ ਮੁੜ ਜ਼ਿੰਦਾ ਹੋਇਆ ਯਿਸੂ ਉਨ੍ਹਾਂ ਦੇ ਨਾਲ-ਨਾਲ ਤੁਰਨ ਲੱਗ ਪਿਆ। ਉਨ੍ਹਾਂ ਦੇ ਦਿਲ ਦਾ ਭੇਤ ਜਾਣਨ ਲਈ ਯਿਸੂ ਨੇ ਉਨ੍ਹਾਂ ਨੂੰ ਕਈ ਸਵਾਲ ਪੁੱਛੇ। ਚੇਲਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪ੍ਰਭੂ ਯਿਸੂ ਉੱਤੇ ਕਈ ਉਮੀਦਾਂ ਲਾਈਆਂ ਹੋਈਆਂ ਸਨ ਜੋ ਅਧੂਰੀਆਂ ਰਹਿ ਗਈਆਂ ਤੇ ਹੁਣ ਉਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਕੀ ਕਰਨ। ਯਿਸੂ ਨੇ ਬੜੇ ਧਿਆਨ ਨਾਲ ਉਨ੍ਹਾਂ ਦੋ ਚੇਲਿਆਂ ਦੀ ਗੱਲ ਸੁਣੀ। ਯਿਸੂ ਦੇ ਪਿਆਰ ਕਰਕੇ ਚੇਲੇ ਵੀ ਉਸ ਦੀ ਗੱਲ ਸੁਣਨ ਲਈ ਤਿਆਰ ਹੋਏ ਜਦੋਂ ਉਸ ਨੇ ਅੱਗੇ ਉਨ੍ਹਾਂ ਨੂੰ “ਉਨ੍ਹਾਂ ਗੱਲਾਂ ਦਾ ਅਰਥ ਦੱਸਿਆ ਜਿਹੜੀਆਂ ਸਭਨਾਂ ਪੁਸਤਕਾਂ ਵਿੱਚ ਉਹ ਦੇ ਹੱਕ ਵਿੱਚ ਲਿਖੀਆਂ ਹੋਈਆਂ ਸਨ।”—ਲੂਕਾ 24:13-27.

ਜੇ ਅਸੀਂ ਦੂਸਰਿਆਂ ਦੀ ਗੱਲ ਸੁਣਾਂਗੇ, ਤਾਂ ਉਹ ਵੀ ਸਾਡੀ ਗੱਲ ਸੁਣਨ ਲਈ ਤਿਆਰ ਹੋਣਗੇ। ਬੋਲੀਵੀਆ ਦੀ ਇਕ ਔਰਤ ਨੇ ਕਿਹਾ: “ਜਿਸ ਤਰੀਕੇ ਨਾਲ ਮੈਂ ਆਪਣੇ ਬੱਚਿਆਂ ਦੀ ਪਰਵਰਿਸ਼ ਕਰਦੀ ਸਾਂ, ਮੇਰੇ ਮਾਪੇ ਤੇ ਸਹੁਰੇ ਇਸ ਤੇ ਇਤਰਾਜ਼ ਕਰਨ ਲੱਗੇ। ਮੈਨੂੰ ਉਨ੍ਹਾਂ ਦੀਆਂ ਗੱਲਾਂ ਤੇ ਬਹੁਤ ਗੁੱਸਾ ਆਉਂਦਾ ਸੀ, ਭਾਵੇਂ ਮੈਂ ਜਾਣਦੀ ਸਾਂ ਕਿ ਮੈਨੂੰ ਸਲਾਹ ਦੀ ਲੋੜ ਸੀ। ਉਨ੍ਹੀਂ ਦਿਨੀਂ ਯਹੋਵਾਹ ਦੀ ਇਕ ਗਵਾਹ ਸਾਡੇ ਘਰ ਆਈ। ਉਸ ਨੇ ਮੇਰੇ ਨਾਲ ਪਰਮੇਸ਼ੁਰ ਦੇ ਵਾਅਦਿਆਂ ਬਾਰੇ ਗੱਲਾਂ ਕੀਤੀਆਂ, ਪਰ ਉਸ ਨੇ ਮੇਰੀ ਰਾਇ ਵੀ ਪੁੱਛੀ। ਇਸ ਤੋਂ ਮੈਨੂੰ ਪਤਾ ਲੱਗਾ ਕਿ ਉਹ ਮੇਰੀ ਗੱਲ ਵੀ ਸੁਣਨਾ ਚਾਹੁੰਦੀ ਸੀ। ਮੈਂ ਉਸ ਨੂੰ ਅੰਦਰ ਬੁਲਾਇਆ ਤੇ ਦਿਲ ਖੋਲ੍ਹ ਕੇ ਆਪਣੀ ਸਮੱਸਿਆ ਬਾਰੇ ਦੱਸਣ ਲੱਗੀ। ਉਸ ਨੇ ਧੀਰਜ ਨਾਲ ਮੇਰੀ ਗੱਲ ਸੁਣੀ। ਫਿਰ ਉਸ ਨੇ ਮੈਨੂੰ ਪੁੱਛਿਆ ਕਿ ਮੈਂ ਆਪਣੇ ਬੱਚਿਆਂ ਲਈ ਕਿਹੋ ਜਿਹਾ ਭਵਿੱਖ ਚਾਹੁੰਦੀ ਸੀ ਤੇ ਮੇਰਾ ਪਤੀ ਇਸ ਬਾਰੇ ਕੀ ਸੋਚਦਾ ਸੀ। ਮੈਨੂੰ ਬੜੀ ਖ਼ੁਸ਼ੀ ਹੋਈ ਕਿ ਕੋਈ ਮੇਰੀ ਗੱਲ ਸੁਣਨ ਤੇ ਮੈਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਉਸ ਨੇ ਮੈਨੂੰ ਬਾਈਬਲ ਵਿੱਚੋਂ ਸਮਝਾਇਆ ਕਿ ਮੈਂ ਆਪਣੇ ਪਰਿਵਾਰ ਦੀ ਮਦਦ ਕਿਵੇਂ ਕਰ ਸਕਦੀ ਹਾਂ, ਤਾਂ ਮੈਨੂੰ ਅਹਿਸਾਸ ਹੋਇਆ ਕਿ ਉਹ ਮੇਰੇ ਹਾਲਾਤਾਂ ਨੂੰ ਸਮਝਦੀ ਹੈ।”

ਬਾਈਬਲ ਦੇ ਅਨੁਸਾਰ “ਪ੍ਰੇਮ . . . ਆਪ ਸੁਆਰਥੀ ਨਹੀਂ।” (1 ਕੁਰਿੰਥੀਆਂ 13:4, 5) ਇਸ ਦਾ ਮਤਲਬ ਹੈ ਕਿ ਕਿਸੇ ਦੀ ਗੱਲ ਸੁਣਨ ਵੇਲੇ ਅਸੀਂ ਆਪਣੇ ਬਾਰੇ ਨਹੀਂ, ਸਗੋਂ ਉਨ੍ਹਾਂ ਬਾਰੇ ਸੋਚਾਂਗੇ। ਜਦੋਂ ਕੋਈ ਸਾਡੇ ਨਾਲ ਜ਼ਰੂਰੀ ਗੱਲ ਕਰਨੀ ਚਾਹੁੰਦਾ ਹੈ, ਉਦੋਂ ਸ਼ਾਇਦ ਸਾਨੂੰ ਟੈਲੀਵਿਯਨ ਬੰਦ ਕਰਨਾ ਪਵੇ, ਅਖ਼ਬਾਰ ਇਕ ਪਾਸੇ ਰੱਖਣੀ ਪਵੇ ਜਾਂ ਆਪਣਾ ਸੈੱਲ ਫ਼ੋਨ ਬੰਦ ਕਰਨਾ ਪਵੇ। ਅਸੀਂ ਇੱਧਰ-ਉੱਧਰ ਨਹੀਂ ਦੇਖਾਂਗੇ, ਕਿਸੇ ਹੋਰ ਹੀ ਗੱਲ ਬਾਰੇ ਨਹੀਂ ਸੋਚਾਂਗੇ, ਸਗੋਂ ਦੂਸਰੇ ਦੇ ਵਿਚਾਰਾਂ ਵਿਚ ਡੂੰਘੀ ਦਿਲਚਸਪੀ ਲਵਾਂਗੇ। ਇਸ ਤੋਂ ਇਲਾਵਾ, ਅਸੀਂ ਆਪਣੇ ਬਾਰੇ ਗੱਲਾਂ ਕਰਨ ਤੋਂ ਪਰਹੇਜ਼ ਕਰਾਂਗੇ। ਮਿਸਾਲ ਲਈ ਅਸੀਂ ਕਿਸੇ ਦੀ ਗੱਲ ਟੋਕ ਕੇ ਇਹ ਨਹੀਂ ਕਹਾਂਗੇ: “ਤੇਰੀ ਗੱਲ ਤੋਂ ਮੈਨੂੰ ਯਾਦ ਆਇਆ ਕਿ ਮੇਰੇ ਨਾਲ ਵੀ ਇਕ ਵਾਰ ਇੱਦਾਂ ਹੀ ਹੋਇਆ ਸੀ।” ਜਦ ਕਿ ਆਮ ਗੱਲਾਂ-ਬਾਤਾਂ ਵਿਚ ਇੱਦਾਂ ਕਹਿਣ ਵਿਚ ਕੋਈ ਹਰਜ਼ ਨਹੀਂ, ਪਰ ਜਦੋਂ ਕੋਈ ਜ਼ਰੂਰੀ ਗੱਲ ਕਹਿ ਰਿਹਾ ਹੋਵੇ ਉਦੋਂ ਸਾਨੂੰ ਉਨ੍ਹਾਂ ਦੀ ਸੁਣਨੀ ਚਾਹੀਦੀ ਹੈ। ਅਸੀਂ ਇਕ ਹੋਰ ਤਰੀਕੇ ਨਾਲ ਵੀ ਦੂਸਰਿਆਂ ਵਿਚ ਦਿਲਚਸਪੀ ਲੈ ਸਕਦੇ ਹਾਂ।

ਦੂਸਰਿਆਂ ਦੇ ਜਜ਼ਬਾਤ ਸਮਝਣ ਲਈ ਧਿਆਨ ਨਾਲ ਸੁਣੋ

ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਦੇ ਇਕ ਭਗਤ ਅੱਯੂਬ ਦੇ ਸਾਥੀਆਂ ਨੇ ਘੱਟੋ-ਘੱਟ ਅੱਯੂਬ ਦੇ ਦਸ ਭਾਸ਼ਣ ਸੁਣੇ ਹੋਣੇ। ਫਿਰ ਵੀ ਅੱਯੂਬ ਦੀ ਇਹ ਸ਼ਿਕਾਇਤ ਰਹੀ: “ਕਾਸ਼ ਕਿ ਕੋਈ ਮੇਰੀ ਸੁਣਦਾ!” (ਅੱਯੂਬ 31:35) ਉਸ ਨੇ ਇਹ ਕਿਉਂ ਕਿਹਾ? ਕਿਉਂਕਿ ਉਸ ਦੇ ਸਾਥੀਆਂ ਨੇ ਅੱਯੂਬ ਦੀ ਗੱਲ ਅਣਸੁਣੀ ਕਰ ਦਿੱਤੀ ਤੇ ਉਸ ਨੂੰ ਕੋਈ ਦਿਲਾਸਾ ਨਹੀਂ ਦਿੱਤਾ। ਉਨ੍ਹਾਂ ਨੂੰ ਨਾ ਅੱਯੂਬ ਦੀ ਅਤੇ ਨਾ ਹੀ ਉਸ ਦੇ ਜਜ਼ਬਾਤਾਂ ਦੀ ਕੋਈ ਪਰਵਾਹ ਸੀ। ਉਨ੍ਹਾਂ ਦੇ ਰਵੱਈਆ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਉਹ ਹਮਦਰਦ ਬਿਲਕੁਲ ਨਹੀਂ ਸਨ। ਪਰ ਪਤਰਸ ਰਸੂਲ ਨੇ ਸਲਾਹ ਦਿੱਤੀ: “ਤੁਸੀਂ ਸੱਭੇ ਇੱਕ ਮਨ ਹੋਵੋ, ਆਪੋ ਵਿੱਚੀਂ ਦਰਦੀ ਬਣੋ, ਭਰੱਪਣ ਦਾ ਪ੍ਰੇਮ ਰੱਖੋ, ਤਰਸਵਾਨ ਅਤੇ ਮਨ ਦੇ ਹਲੀਮ ਹੋਵੋ।” (1 ਪਤਰਸ 3:8) ਤਾਂ ਫਿਰ ਅਸੀਂ ਹਮਦਰਦ ਕਿਵੇਂ ਬਣ ਸਕਦੇ ਹਾਂ? ਇਕ ਤਰੀਕਾ ਹੈ ਕਿ ਦੂਸਰਿਆਂ ਦੀ ਗੱਲ ਨੂੰ ਧਿਆਨ ਨਾਲ ਸੁਣ ਕੇ ਉਨ੍ਹਾਂ ਦੇ ਜਜ਼ਬਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ। ਉਨ੍ਹਾਂ ਨਾਲ ਹਮਦਰਦੀ ਦੇ ਦੋ ਬੋਲ ਬੋਲੋ, ਜਿਵੇਂ ਕਿ “ਇਸ ਤੋਂ ਤੁਹਾਨੂੰ ਕਾਫ਼ੀ ਧੱਕਾ ਲੱਗਾ ਹੋਣਾ” ਜਾਂ “ਉਹ ਤੁਹਾਡੀ ਗੱਲ ਨੂੰ ਗ਼ਲਤ ਸਮਝ ਬੈਠੇ ਹੋਣੇ।” ਇਕ ਹੋਰ ਤਰੀਕਾ ਹੈ ਦੂਸਰੇ ਦੀਆਂ ਕਹੀਆਂ ਗੱਲਾਂ ਨੂੰ ਆਪਣੇ ਲਫ਼ਜ਼ਾਂ ਵਿਚ ਕਹਿਣਾ। ਇਸ ਤਰ੍ਹਾਂ ਉਸ ਨੂੰ ਅਹਿਸਾਸ ਹੋਵੇਗਾ ਕਿ ਤੁਸੀਂ ਉਸ ਦੇ ਜਜ਼ਬਾਤਾਂ ਨੂੰ ਸਮਝ ਰਹੇ ਹੋ। ਜੇ ਅਸੀਂ ਦੂਸਰਿਆਂ ਨਾਲ ਦਿਲੋਂ ਪਿਆਰ ਕਰਦੇ ਹਾਂ, ਤਾਂ ਅਸੀਂ ਉਨ੍ਹਾਂ ਦੇ ਸ਼ਬਦਾਂ ਨੂੰ ਹੀ ਨਹੀਂ ਬਲਕਿ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਵੀ ਸਮਝਾਂਗੇ।

ਰੌਬਰਟ * ਯਹੋਵਾਹ ਦਾ ਗਵਾਹ ਹੈ ਅਤੇ ਪਾਇਨੀਅਰੀ ਕਰਦਾ ਹੈ। ਉਹ ਦੱਸਦਾ ਹੈ: “ਇਕ ਸਮੇਂ ਤੇ ਮੈਂ ਆਪਣੀ ਸੇਵਕਾਈ ਤੋਂ ਅੱਕ ਗਿਆ ਸੀ। ਇਸ ਲਈ ਮੈਂ ਸਫ਼ਰੀ ਨਿਗਾਹਬਾਨ ਨਾਲ ਗੱਲ ਕੀਤੀ। ਉਸ ਨੇ ਧਿਆਨ ਨਾਲ ਮੇਰੀ ਗੱਲ ਸੁਣੀ ਤੇ ਮੇਰੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਮੈਂ ਆਪਣੇ ਦਿਲ ਦੀ ਗੱਲ ਕਰਨ ਤੋਂ ਘਬਰਾ ਰਿਹਾ ਸੀ। ਮੈਂ ਸੋਚਿਆ ਕਿ ਉਹ ਮੈਨੂੰ ਸ਼ਾਇਦ ਝਿੜਕੇਗਾ। ਪਰ ਉਸ ਨੇ ਮੇਰੇ ਜਜ਼ਬਾਤਾਂ ਨੂੰ ਸਮਝਿਆ ਅਤੇ ਮੈਨੂੰ ਯਕੀਨ ਦਿਲਾਇਆ ਕਿ ਉਸ ਨੂੰ ਮੇਰੇ ਨਾਲ ਹਮਦਰਦੀ ਹੈ ਕਿਉਂਕਿ ਉਹ ਵੀ ਇਕ ਸਮੇਂ ਤੇ ਇਸੇ ਤਰ੍ਹਾਂ ਮਹਿਸੂਸ ਕਰਦਾ ਸੀ। ਇਸ ਤੋਂ ਮੈਨੂੰ ਪ੍ਰਚਾਰ ਵਿਚ ਲੱਗੇ ਰਹਿਣ ਲਈ ਮਦਦ ਮਿਲੀ।”

ਜੇ ਅਸੀਂ ਕਿਸੇ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਹਾਂ, ਤਾਂ ਕੀ ਅਸੀਂ ਫਿਰ ਵੀ ਉਸ ਦੀ ਗੱਲ ਧਿਆਨ ਨਾਲ ਸੁਣ ਸਕਦੇ ਹਾਂ? ਕੀ ਅਸੀਂ ਕਿਸੇ ਨੂੰ ਕਹਿ ਸਕਦੇ ਹਾਂ ਕਿ ਅਸੀਂ ਉਨ੍ਹਾਂ ਦੇ ਜਜ਼ਬਾਤਾਂ ਦੀ ਕਦਰ ਕਰਦੇ ਹਾਂ? ਜੀ ਹਾਂ। ਤੁਸੀਂ ਕੀ ਕਰੋਗੇ ਜੇ ਤੁਹਾਨੂੰ ਪਤਾ ਲੱਗੇ ਕਿ ਤੁਹਾਡਾ ਲੜਕਾ ਸਕੂਲੇ ਹੋਰਨਾਂ ਮੁੰਡਿਆਂ ਨਾਲ ਲੜਾਈ-ਝਗੜਾ ਕਰ ਕੇ ਘਰ ਆਇਆ ਹੈ ਜਾਂ ਤੁਹਾਡੀ ਲੜਕੀ ਆਪਣੀਆਂ ਸਾਰੀਆਂ ਕਲਾਸਾਂ ਵਿਚ ਹਾਜ਼ਰ ਨਹੀਂ ਹੋ ਰਹੀ? ਕੀ ਮਾਪਿਆਂ ਲਈ ਇਹ ਬਿਹਤਰ ਨਹੀਂ ਹੋਵੇਗਾ ਕਿ ਉਹ ਪਹਿਲਾਂ ਸਾਰੀ ਗੱਲ ਸੁਣ ਕੇ ਆਪਣੇ ਬੱਚਿਆਂ ਦੇ ਮਨ ਵਿਚਲੀਆਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ ਤਾਂ ਫਿਰ ਉਨ੍ਹਾਂ ਨੂੰ ਸਮਝਾਉਣ ਕਿ ਕੀ ਸਹੀ ਤੇ ਕੀ ਗ਼ਲਤ ਹੈ?

ਕਹਾਉਤਾਂ 20:5 ਵਿਚ ਲਿਖਿਆ ਹੈ: “ਮਨੁੱਖ ਦੇ ਮਨ ਦੀ ਸਲਾਹ ਡੂੰਘੇ ਪਾਣੀ ਵਰਗੀ ਹੈ ਪਰ ਸਮਝ ਵਾਲਾ ਉਹ ਨੂੰ ਬਾਹਰ ਕੱਢ ਲਿਆਵੇਗਾ।” ਕੋਈ ਅਕਲਮੰਦ ਅਤੇ ਤਜਰਬੇਕਾਰ ਬੰਦਾ ਸ਼ਾਇਦ ਆਪਣੀ ਇੱਛਾ ਨਾਲ ਸਲਾਹ ਨਾ ਦੇਵੇ। ਇਸ ਲਈ ਸਾਨੂੰ ਸ਼ਾਇਦ ਉਸ ਦੀ ਸਲਾਹ ਜਾਣਨ ਲਈ ਉਸ ਦੇ ਵਿਚਾਰਾਂ ਨੂੰ ਘੋਖ-ਘੋਖ ਕੇ ਬਾਹਰ ਕੱਢਣ ਦਾ ਜਤਨ ਕਰਨਾ ਪਵੇ। ਕਿਸੇ ਦੀ ਗੱਲ ਧਿਆਨ ਨਾਲ ਸੁਣਨ ਵੇਲੇ ਵੀ ਇਸ ਤਰ੍ਹਾਂ ਕਰਨਾ ਪੈ ਸਕਦਾ ਹੈ। ਉਸ ਦੇ ਦਿਲ ਦੀ ਗੱਲ ਜਾਣਨ ਲਈ ਸਾਨੂੰ ਸਮਝਦਾਰੀ ਵਰਤਣ ਦੀ ਲੋੜ ਹੈ। ਅਸੀਂ ਉਸ ਤੋਂ ਸਵਾਲ ਪੁੱਛ ਸਕਦੇ ਹਾਂ, ਪਰ ਸਾਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਅਸੀਂ ਕਿਤੇ ਉਸ ਦੇ ਨਿੱਜੀ ਮਾਮਲੇ ਵਿਚ ਦਖ਼ਲ ਤਾਂ ਨਹੀਂ ਦੇ ਰਹੇ। ਉਸ ਨੂੰ ਸ਼ਾਇਦ ਇਹ ਮਸ਼ਵਰਾ ਦਿੱਤਾ ਜਾ ਸਕਦਾ ਹੈ ਕਿ ਉਹ ਪਹਿਲਾਂ ਉਨ੍ਹਾਂ ਮਾਮਲਿਆਂ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰੇ ਜੋ ਉਸ ਨੂੰ ਆਸਾਨ ਲੱਗਦੀਆਂ ਹਨ। ਮਿਸਾਲ ਲਈ: ਇਕ ਪਤਨੀ ਜੋ ਆਪਣੀ ਸ਼ਾਦੀ-ਸ਼ੁਦਾ ਜ਼ਿੰਦਗੀ ਵਿਚ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੀ ਹੋਵੇ, ਉਸ ਲਈ ਸ਼ਾਇਦ ਇਸ ਬਾਰੇ ਗੱਲ ਕਰਨੀ ਆਸਾਨ ਹੋਵੇ ਕਿ ਵਿਆਹ ਤੋਂ ਪਹਿਲਾਂ ਉਹ ਤੇ ਉਸ ਦਾ ਪਤੀ ਕਿੱਦਾਂ ਮਿਲੇ ਸਨ। ਪ੍ਰਚਾਰ ਸੇਵਾ ਵਿਚ ਠੰਢੇ ਪੈ ਚੁੱਕੇ ਇਕ ਭਰਾ ਲਈ ਸ਼ਾਇਦ ਪਹਿਲਾਂ ਇਹ ਦੱਸਣਾ ਆਸਾਨ ਹੋਵੇ ਕਿ ਉਹ ਸੱਚਾਈ ਵਿਚ ਕਿਵੇਂ ਆਇਆ।

ਧਿਆਨ ਨਾਲ ਸੁਣਨਾ—ਇਕ ਚੁਣੌਤੀ

ਸਾਡੇ ਨਾਲ ਜੇ ਕੋਈ ਗੁੱਸੇ ਹੋ ਜਾਂਦਾ ਹੈ, ਤਾਂ ਉਸ ਦੀ ਗੱਲ ਸੁਣਨੀ ਔਖੀ ਹੋ ਸਕਦੀ ਹੈ ਕਿਉਂਕਿ ਸ਼ਾਇਦ ਸਾਡਾ ਮਨ ਕਰਦਾ ਹੈ ਕਿ ਅਸੀਂ ਆਪਣੀ ਸਫ਼ਾਈ ਵਿਚ ਕੁਝ ਕਹੀਏ। ਅਸੀਂ ਕਿਵੇਂ ਇਸ ਚੁਣੌਤੀ ਦਾ ਸਾਮ੍ਹਣਾ ਕਰ ਸਕਦੇ ਹਾਂ? ਕਹਾਉਤਾਂ 15:1 ਵਿਚ ਲਿਖਿਆ ਹੈ: “ਨਰਮ ਜਵਾਬ ਗੁੱਸੇ ਨੂੰ ਠੰਡਾ ਕਰ ਦਿੰਦਾ ਹੈ।” ਨਰਮਾਈ ਨਾਲ ਜਵਾਬ ਦੇਣ ਦਾ ਇਕ ਤਰੀਕਾ ਹੈ ਪਿਆਰ ਨਾਲ ਅਗਲੇ ਨੂੰ ਆਪਣੇ ਵਿਚਾਰ ਸੁਣਾਉਣ ਲਈ ਕਹਿਣਾ ਤੇ ਫਿਰ ਧੀਰਜ ਨਾਲ ਸੁਣਨਾ।

ਲਾਲ-ਪੀਲੇ ਹੋ ਕੇ ਝਗੜਾ ਕਰਨ ਦਾ ਕੋਈ ਫ਼ਾਇਦਾ ਨਹੀਂ ਹੁੰਦਾ ਕਿਉਂਕਿ ਦੋਵੇਂ ਧਿਰਾਂ ਵਾਰ-ਵਾਰ ਉਹੀ ਕੁਝ ਕਹਿੰਦੀਆਂ ਰਹਿੰਦੀਆਂ ਹਨ ਜੋ ਉਹ ਪਹਿਲਾਂ ਹੀ ਕਹਿ ਚੁੱਕੀਆਂ ਹਨ। ਦੋਵੇਂ ਇਹੋ ਹੀ ਸੋਚਦੀਆਂ ਹਨ ਕਿ ਦੂਜਾ ਉਨ੍ਹਾਂ ਦੀ ਗੱਲ ਨਹੀਂ ਸੁਣ ਰਿਹਾ। ਇਹ ਕਿੰਨਾ ਚੰਗਾ ਹੋਵੇਗਾ ਜੇ ਦੋਵਾਂ ਵਿੱਚੋਂ ਇਕ ਜਣਾ ਰੁਕ ਕੇ ਦੂਜੇ ਦੀ ਗੱਲ ਧਿਆਨ ਨਾਲ ਸੁਣੇ! ਪਰ ਖ਼ੁਦ ਤੇ ਕਾਬੂ ਰੱਖ ਕੇ ਸਮਝਦਾਰੀ ਤੇ ਪਿਆਰ ਨਾਲ ਗੱਲ ਕਰਨੀ ਬਹੁਤ ਜ਼ਰੂਰੀ ਹੈ। ਬਾਈਬਲ ਕਹਿੰਦੀ ਹੈ: “ਜੋ ਆਪਣਿਆਂ ਬੁੱਲ੍ਹਾਂ ਨੂੰ ਰੋਕਦਾ ਹੈ ਉਹ ਦਾਨਾ ਹੈ।”—ਕਹਾਉਤਾਂ 10:19.

ਦੂਸਰੇ ਦੀ ਗੱਲ ਧਿਆਨ ਨਾਲ ਸੁਣਨ ਦੀ ਕਾਬਲੀਅਤ ਆਪਣੇ ਆਪ ਹੀ ਸਾਡੇ ਵਿਚ ਨਹੀਂ ਆ ਜਾਂਦੀ। ਇਹ ਇਕ ਕਲਾ ਹੈ ਜੋ ਮਿਹਨਤ ਨਾਲ ਸਿੱਖੀ ਜਾ ਸਕਦੀ ਹੈ। ਇਹ ਕਲਾ ਸਿੱਖਣ ਦੇ ਬਹੁਤ ਲਾਭ ਹਨ। ਦੂਜਿਆਂ ਦੀ ਗੱਲ ਧਿਆਨ ਨਾਲ ਸੁਣਨੀ ਉਨ੍ਹਾਂ ਲਈ ਸਾਡੇ ਸੱਚੇ ਪਿਆਰ ਦਾ ਇਜ਼ਹਾਰ ਹੈ। ਇਸ ਤਰ੍ਹਾਂ ਕਰਨ ਨਾਲ ਸਾਨੂੰ ਵੀ ਖ਼ੁਸ਼ੀ ਮਿਲਦੀ ਹੈ। ਤਾਂ ਫਿਰ ਧਿਆਨ ਨਾਲ ਕਿਸੇ ਦੇ ਦਿਲ ਦੀ ਸੁਣਨੀ ਸਾਡੇ ਲਈ ਕਿੰਨੀ ਬੁੱਧੀਮਤਾ ਦੀ ਗੱਲ ਹੈ!

[ਫੁਟਨੋਟ]

^ ਪੈਰਾ 12 ਨਾਂ ਬਦਲ ਦਿੱਤਾ ਗਿਆ ਹੈ।

[ਸਫ਼ੇ 11 ਉੱਤੇ ਤਸਵੀਰ]

ਕਿਸੇ ਦੀ ਗੱਲ ਸੁਣਦੇ ਸਮੇਂ, ਸਾਨੂੰ ਆਪਣੇ ਬਾਰੇ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ

[ਸਫ਼ੇ 12 ਉੱਤੇ ਤਸਵੀਰ]

ਗੁੱਸੇ ਵਿਚ ਆਏ ਬੰਦੇ ਦੀ ਗੱਲ ਸੁਣਨੀ ਇਕ ਚੁਣੌਤੀ ਹੈ