Skip to content

Skip to table of contents

ਪਰਮੇਸ਼ੁਰ ਦੇ ਨਾਲ-ਨਾਲ ਚੱਲ ਕੇ ਅਸੀਸਾਂ ਪਾਓ

ਪਰਮੇਸ਼ੁਰ ਦੇ ਨਾਲ-ਨਾਲ ਚੱਲ ਕੇ ਅਸੀਸਾਂ ਪਾਓ

ਪਰਮੇਸ਼ੁਰ ਦੇ ਨਾਲ-ਨਾਲ ਚੱਲ ਕੇ ਅਸੀਸਾਂ ਪਾਓ

“ਓਹ ਹਵਾ ਬੀਜਦੇ ਹਨ ਅਤੇ ਵਾਵਰੋਲੇ ਵੱਢਦੇ ਹਨ!”—ਹੋਸ਼ੇਆ 8:7.

1. ਅਸੀਂ ਯਹੋਵਾਹ ਦੇ ਨਾਲ-ਨਾਲ ਕਿਵੇਂ ਚੱਲ ਸਕਦੇ ਹਾਂ?

ਮੰਨ ਲਓ ਕਿ ਤੁਹਾਨੂੰ ਕਿਸੇ ਖ਼ਤਰਨਾਕ ਇਲਾਕੇ ਵਿੱਚੋਂ ਦੀ ਲੰਘਣਾ ਪੈਂਦਾ ਹੈ ਤੇ ਤੁਹਾਨੂੰ ਰਸਤਾ ਵੀ ਚੰਗੀ ਤਰ੍ਹਾਂ ਨਹੀਂ ਪਤਾ। ਅਜਿਹੇ ਹਾਲਾਤ ਵਿਚ ਤੁਹਾਡਾ ਇਕੱਲੇ ਸਫ਼ਰ ਕਰਨਾ ਖ਼ਤਰੇ ਤੋਂ ਖਾਲੀ ਨਹੀਂ। ਤੁਸੀਂ ਕੀ ਕਰੋਗੇ? ਜੇ ਕੋਈ ਗਾਈਡ ਉਪਲਬਧ ਹੋਵੇ ਜੋ ਇਸ ਰਸਤੇ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਤਾਂ ਕੀ ਤੁਸੀਂ ਉਸ ਨੂੰ ਨਾਲ ਲੈ ਕੇ ਨਹੀਂ ਜਾਓਗੇ? ਜਾਂ ਕੀ ਤੁਸੀਂ ਇਕੱਲੇ ਇਹ ਸਫ਼ਰ ਤੈ ਕਰੋਗੇ? ਬਿਨਾਂ ਸ਼ੱਕ ਗਾਈਡ ਦੇ ਨਾਲ-ਨਾਲ ਚੱਲਣਾ ਚੰਗੀ ਗੱਲ ਹੋਵੇਗੀ। ਕੁਝ ਹੱਦ ਤਕ ਅਸੀਂ ਵੀ ਇਸੇ ਤਰ੍ਹਾਂ ਦੇ ਹਾਲਾਤਾਂ ਵਿਚ ਜੀ ਰਹੇ ਹਾਂ ਕਿਉਂਕਿ ਇਹ ਹਨੇਰੀ ਦੁਸ਼ਟ ਦੁਨੀਆਂ ਇਕ ਜੰਗਲ ਦੀ ਤਰ੍ਹਾਂ ਹੈ। ਇਨ੍ਹਾਂ ਹਾਲਾਤਾਂ ਵਿਚ ਯਹੋਵਾਹ ਇਕ ਗਾਈਡ ਵਾਂਗ ਸਾਨੂੰ ਰਾਹ ਦਿਖਾਉਣ ਲਈ ਤਿਆਰ ਹੈ। ਇਕੱਲੇ ਸਫ਼ਰ ਕਰਨ ਦੀ ਬਜਾਇ ਉਸ ਦੇ ਨਾਲ-ਨਾਲ ਚੱਲਣਾ ਸਮਝਦਾਰੀ ਦੀ ਗੱਲ ਹੋਵੇਗੀ। ਪਰ ਅਸੀਂ ਪਰਮੇਸ਼ੁਰ ਦੇ ਨਾਲ-ਨਾਲ ਕਿਵੇਂ ਚੱਲ ਸਕਦੇ ਹਾਂ? ਉਸ ਦੇ ਬਚਨ ਵਿਚ ਪਾਈ ਜਾਂਦੀ ਸਲਾਹ ਉੱਤੇ ਚੱਲ ਕੇ।

2. ਇਸ ਲੇਖ ਵਿਚ ਅਸੀਂ ਕਿਨ੍ਹਾਂ ਗੱਲਾਂ ਵੱਲ ਧਿਆਨ ਦੇਵਾਂਗੇ?

2 ਪਿਛਲੇ ਲੇਖ ਵਿਚ ਅਸੀਂ ਹੋਸ਼ੇਆ ਦੇ ਪਹਿਲੇ ਪੰਜ ਅਧਿਆਵਾਂ ਵਿਚ ਪੇਸ਼ ਕੀਤੇ ਗਏ ਨਾਟਕ ਉੱਤੇ ਵਿਚਾਰ ਕੀਤਾ ਸੀ। ਇਸ ਨਾਟਕ ਤੋਂ ਅਸੀਂ ਕਈ ਸਬਕ ਸਿੱਖੇ ਜੋ ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਵਿਚ ਸਾਡੀ ਮਦਦ ਕਰ ਸਕਦੇ ਹਨ। ਹੁਣ ਅਸੀਂ 6 ਤੋਂ 9 ਅਧਿਆਵਾਂ ਦੀਆਂ ਕੁਝ ਖ਼ਾਸ ਗੱਲਾਂ ਵੱਲ ਧਿਆਨ ਦੇਵਾਂਗੇ। ਆਓ ਆਪਾਂ ਪਹਿਲਾਂ ਇਨ੍ਹਾਂ ਚਾਰ ਅਧਿਆਵਾਂ ਦਾ ਸਾਰ ਦੇਖੀਏ।

ਅਧਿਆਵਾਂ ਦਾ ਸਾਰ

3. ਸੰਖੇਪ ਵਿਚ ਦੱਸੋ ਕਿ ਹੋਸ਼ੇਆ ਦੇ 6 ਤੋਂ 9 ਅਧਿਆਵਾਂ ਵਿਚ ਕੀ ਦੱਸਿਆ ਗਿਆ ਹੈ।

3 ਯਹੋਵਾਹ ਨੇ ਹੋਸ਼ੇਆ ਨੂੰ ਉੱਤਰੀ ਰਾਜ ਇਸਰਾਏਲ ਵਿਚ ਭਵਿੱਖਬਾਣੀ ਕਰਨ ਲਈ ਭੇਜਿਆ ਸੀ। ਕਦੀ-ਕਦੀ ਇਸਰਾਏਲ ਨੂੰ ਅਫ਼ਰਾਈਮ ਵੀ ਕਿਹਾ ਜਾਂਦਾ ਸੀ ਕਿਉਂਕਿ ਇਹ ਦਸਾਂ ਗੋਤਾਂ ਵਿੱਚੋਂ ਪ੍ਰਮੁੱਖ ਸੀ। ਹੋਸ਼ੇਆ ਦੇ 6 ਤੋਂ 9 ਅਧਿਆਵਾਂ ਵਿਚ ਅਸੀਂ ਦੇਖਦੇ ਹਾਂ ਕਿ ਲੋਕਾਂ ਨੇ ਯਹੋਵਾਹ ਦੇ ਨੇਮ ਦੀ ਉਲੰਘਣਾ ਕਰ ਕੇ ਭੈੜੇ ਕੰਮ ਕੀਤੇ ਅਤੇ ਉਸ ਤੋਂ ਮੂੰਹ ਮੋੜ ਲਿਆ। (ਹੋਸ਼ੇਆ 6:7) ਉਨ੍ਹਾਂ ਨੇ ਯਹੋਵਾਹ ਕੋਲ ਵਾਪਸ ਆਉਣ ਅਤੇ ਉਸ ਦੀ ਮਦਦ ਭਾਲਣ ਦੀ ਬਜਾਇ ਦੂਸਰੀਆਂ ਕੌਮਾਂ ਉੱਤੇ ਭਰੋਸਾ ਰੱਖਿਆ। ਉਨ੍ਹਾਂ ਨੂੰ ਆਪਣੇ ਭੈੜੇ ਕੰਮਾਂ ਦੇ ਨਤੀਜੇ ਭੁਗਤਣੇ ਪੈਣੇ ਸਨ ਯਾਨੀ ਉਨ੍ਹਾਂ ਨੂੰ ਸਜ਼ਾ ਮਿਲਣੀ ਸੀ। ਪਰ ਹੋਸ਼ੇਆ ਦੇ ਸੰਦੇਸ਼ ਤੋਂ ਉਨ੍ਹਾਂ ਨੂੰ ਉਮੀਦ ਦੀ ਕਿਰਨ ਵੀ ਮਿਲੀ। ਲੋਕਾਂ ਨੂੰ ਭਰੋਸਾ ਦਿਲਾਇਆ ਗਿਆ ਕਿ ਜੇ ਉਹ ਦਿਲੋਂ ਤੋਬਾ ਕਰ ਕੇ ਯਹੋਵਾਹ ਵੱਲ ਮੁੜਨਗੇ, ਤਾਂ ਉਹ ਉਨ੍ਹਾਂ ਉੱਤੇ ਜ਼ਰੂਰ ਰਹਿਮ ਕਰੇਗਾ।

4. ਅਸੀਂ ਹੋਸ਼ੇਆ ਦੀ ਪੋਥੀ ਦੀਆਂ ਕਿਨ੍ਹਾਂ ਗੱਲਾਂ ਵੱਲ ਧਿਆਨ ਦੇਵਾਂਗੇ?

4 ਹੋਸ਼ੇਆ ਦੀ ਪੋਥੀ ਦੇ ਇਨ੍ਹਾਂ ਚਾਰ ਅਧਿਆਵਾਂ ਤੋਂ ਅਸੀਂ ਹੋਰ ਵੀ ਬਹੁਤ ਕੁਝ ਸਿੱਖ ਸਕਦੇ ਹਾਂ ਜਿਸ ਤੋਂ ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਵਿਚ ਸਾਨੂੰ ਮਦਦ ਮਿਲੇਗੀ। ਆਓ ਆਪਾਂ ਚਾਰ ਸਬਕ ਵੱਲ ਧਿਆਨ ਦੇਈਏ: (1) ਸੱਚੇ ਦਿਲੋਂ ਤੋਬਾ ਸਿਰਫ਼ ਸ਼ਬਦਾਂ ਰਾਹੀਂ ਨਹੀਂ, ਸਗੋਂ ਕੰਮਾਂ ਰਾਹੀਂ ਵੀ ਜ਼ਾਹਰ ਹੋਣੀ ਚਾਹੀਦੀ ਹੈ। (2) ਪਰਮੇਸ਼ੁਰ ਸਿਰਫ਼ ਬਲੀਦਾਨਾਂ ਤੋਂ ਖ਼ੁਸ਼ ਨਹੀਂ ਹੁੰਦਾ। (3) ਯਹੋਵਾਹ ਦੁਖੀ ਹੁੰਦਾ ਹੈ ਜਦ ਉਸ ਦੇ ਸੇਵਕ ਉਸ ਤੋਂ ਮੂੰਹ ਮੋੜ ਲੈਂਦੇ ਹਨ। (4) ਚੰਗੇ ਫਲ ਪਾਉਣ ਲਈ ਸਾਨੂੰ ਚੰਗੇ ਬੀ ਬੀਜਣ ਦੀ ਲੋੜ ਹੈ।

ਸੱਚੇ ਦਿਲੋਂ ਤੋਬਾ ਦਾ ਸਬੂਤ

5. ਥੋੜ੍ਹੇ ਜਿਹੇ ਸ਼ਬਦਾਂ ਵਿਚ ਦੱਸੋ ਕਿ ਹੋਸ਼ੇਆ 6:1-3 ਵਿਚ ਕੀ ਲਿਖਿਆ ਹੈ।

5 ਹੋਸ਼ੇਆ ਦੀ ਪੋਥੀ ਸਾਨੂੰ ਤੋਬਾ ਅਤੇ ਦਇਆ ਕਰਨ ਬਾਰੇ ਬਹੁਤ ਕੁਝ ਸਿਖਾਉਂਦੀ ਹੈ। ਹੋਸ਼ੇਆ 6:1-3 ਵਿਚ ਅਸੀਂ ਪੜ੍ਹਦੇ ਹਾਂ: “ਆਓ, ਅਸੀਂ ਯਹੋਵਾਹ ਵੱਲ ਮੁੜੀਏ, ਉਹ ਨੇ ਤਾਂ ਪਾੜਿਆ, ਉਹ ਸਾਨੂੰ ਚੰਗਾ ਕਰੇਗਾ, ਉਹ ਨੇ ਮਾਰਿਆ, ਉਹ ਪੱਟੀ ਬੰਨ੍ਹੇਗਾ। ਦੋ ਦਿਨਾਂ ਦੇ ਮਗਰੋਂ ਉਹ ਸਾਨੂੰ ਜਿਵਾਵੇਗਾ, ਤੀਜੇ ਦਿਨ ਉਹ ਸਾਨੂੰ ਉਠਾਵੇਗਾ, ਅਤੇ ਅਸੀਂ ਉਹ ਦੇ ਹਜ਼ੂਰ ਜੀਵਾਂਗੇ! ਅਸੀਂ ਜਾਣੀਏ, ਅਸੀਂ ਯਹੋਵਾਹ ਨੂੰ ਜਾਣਨ ਲਈ ਪਿੱਛੇ ਲੱਗੀਏ, ਉਹ ਦਾ ਨਿੱਕਲਣ ਫਜਰ ਵਾਂਙੁ ਯਕੀਨੀ ਹੈ, ਉਹ ਸਾਡੇ ਕੋਲ ਵਰਖਾ ਵਾਂਙੁ ਆਵੇਗਾ, ਛੇਕੜਲੀ ਵਰਖਾ ਵਾਂਙੁ ਜਿਹੜੀ ਭੂਮੀ ਨੂੰ ਸਿੰਜਦੀ ਹੈ।”

6-8. ਕੀ ਇਸਰਾਏਲੀਆਂ ਨੇ ਦਿਲੋਂ ਤੋਬਾ ਕੀਤੀ ਸੀ? ਸਮਝਾਓ।

6 ਇਹ ਸ਼ਬਦ ਕਿਸ ਨੇ ਕਹੇ ਸਨ? ਕੁਝ ਵਿਦਵਾਨ ਕਹਿੰਦੇ ਹਨ ਕਿ ਇਹ ਗੱਲਾਂ ਅਣਆਗਿਆਕਾਰ ਇਸਰਾਏਲੀਆਂ ਨੇ ਕਹੀਆਂ ਸਨ। ਉਹ ਕਹਿੰਦੇ ਹਨ ਕਿ ਇਸਰਾਏਲੀ ਤੋਬਾ ਕਰਨ ਦਾ ਢੌਂਗ ਕਰ ਕੇ ਯਹੋਵਾਹ ਦਾ ਰਹਿਮ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਪਰ ਕੁਝ ਵਿਦਵਾਨ ਕਹਿੰਦੇ ਹਨ ਕਿ ਹੋਸ਼ੇਆ ਨੇ ਇਹ ਸ਼ਬਦ ਕਹੇ ਸਨ। ਉਨ੍ਹਾਂ ਦੇ ਖ਼ਿਆਲ ਵਿਚ ਹੋਸ਼ੇਆ ਲੋਕਾਂ ਅੱਗੇ ਬੇਨਤੀ ਕਰ ਰਿਹਾ ਸੀ ਕਿ ਉਹ ਯਹੋਵਾਹ ਵੱਲ ਮੁੜ ਆਉਣ। ਪਰ ਇਹ ਸ਼ਬਦ ਚਾਹੇ ਜਿਸ ਨੇ ਵੀ ਕਹੇ ਹੋਣ, ਸਵਾਲ ਇਹ ਹੈ ਕਿ ਕੀ ਇਸਰਾਏਲੀ ਤੋਬਾ ਕਰ ਕੇ ਯਹੋਵਾਹ ਵੱਲ ਮੁੜੇ ਸਨ? ਨਹੀਂ। ਯਹੋਵਾਹ ਨੇ ਹੋਸ਼ੇਆ ਰਾਹੀਂ ਕਿਹਾ: “ਇਸਰਾਏਲ ਅਤੇ ਯਹੂਦਾਹ ਦੇ ਲੋਕੋ ਮੈਂ ਕੀ ਕਰਾਂ? ਤੁਹਾਡਾ ਪਿਆਰ ਮੇਰੇ ਨਾਲ ਉਸ ਤਰ੍ਹਾਂ ਛੇਤੀ ਹੀ ਖ਼ਤਮ ਹੋ ਗਿਆ, ਜਿਸ ਤਰ੍ਹਾਂ ਸਵੇਰ ਦੀ ਧੁੰਦ ਤੇ ਤ੍ਰੇਲ ਕੁਝ ਹੀ ਚਿਰ ਵਿਚ ਲੋਪ ਹੋ ਜਾਂਦੀ ਹੈ।” (ਹੋਸ਼ੇਆ 6:4, ਪਵਿੱਤਰ ਬਾਈਬਲ ਨਵਾਂ ਅਨੁਵਾਦ) ਪਰਮੇਸ਼ੁਰ ਦੇ ਲੋਕਾਂ ਦੀ ਰੂਹਾਨੀ ਹਾਲਤ ਕਿੰਨੀ ਵਿਗੜ ਚੁੱਕੀ ਸੀ! ਉਨ੍ਹਾਂ ਦੇ ਦਿਲ ਵਿਚ ਸੱਚਾ ਪਿਆਰ ਬਿਲਕੁਲ ਨਹੀਂ ਰਿਹਾ ਸੀ। ਉਨ੍ਹਾਂ ਦਾ ਪਿਆਰ ਇਸ ਤਰ੍ਹਾਂ ਮਿਟ ਗਿਆ ਸੀ ਜਿਸ ਤਰ੍ਹਾਂ ਸੂਰਜ ਚੜ੍ਹਨ ਤੇ ਧੁੰਦ ਉੱਡ ਜਾਂਦੀ ਹੈ। ਲੱਗਦਾ ਹੈ ਕਿ ਲੋਕਾਂ ਨੇ ਤੋਬਾ ਕਰਨ ਦਾ ਢੌਂਗ ਤਾਂ ਕੀਤਾ ਸੀ, ਪਰ ਯਹੋਵਾਹ ਨੂੰ ਉਨ੍ਹਾਂ ਉੱਤੇ ਰਹਿਮ ਕਰਨ ਦਾ ਕੋਈ ਕਾਰਨ ਨਜ਼ਰ ਨਹੀਂ ਆਇਆ। ਪਰ ਕਿਉਂ?

7 ਇਸਰਾਏਲੀਆਂ ਨੇ ਸੱਚੇ ਦਿਲੋਂ ਤੋਬਾ ਨਹੀਂ ਕੀਤੀ ਸੀ। ਹੋਸ਼ੇਆ 7:14 ਵਿਚ ਯਹੋਵਾਹ ਨੇ ਆਪਣੀ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਕਿਹਾ: “ਓਹਨਾਂ ਨੇ ਆਪਣੇ ਦਿਲਾਂ ਤੋਂ ਮੇਰੀ ਦੁਹਾਈ ਨਹੀਂ ਦਿੱਤੀ, ਪਰ ਓਹ ਆਪਣਿਆਂ ਬਿਸਤਰਿਆਂ ਉੱਤੇ ਚਿੱਲਾਉਂਦੇ ਹਨ।” ਸੋਲ੍ਹਵੀਂ ਆਇਤ ਅੱਗੇ ਕਹਿੰਦੀ ਹੈ: “ਓਹ ਮੁੜ ਜਾਂਦੇ ਹਨ ਪਰ ਅੱਤ ਮਹਾਨ ਵੱਲ ਨਹੀਂ।” ਲੋਕ ਯਹੋਵਾਹ ਵੱਲ ਮੁੜ ਕੇ ਉਸ ਦੀ ਸੱਚੀ ਭਗਤੀ ਨਹੀਂ ਕਰਨੀ ਚਾਹੁੰਦੇ ਸਨ। ਉਹ ਫਿਰ ਤੋਂ ਉਸ ਨਾਲ ਰਿਸ਼ਤਾ ਜੋੜਨਾ ਨਹੀਂ ਚਾਹੁੰਦੇ ਸਨ। ਉਹ ਤਾਂ ਪਰਮੇਸ਼ੁਰ ਦੇ ਨਾਲ-ਨਾਲ ਚੱਲਣਾ ਹੀ ਨਹੀਂ ਚਾਹੁੰਦੇ ਸਨ!

8 ਇਸਰਾਏਲੀਆਂ ਦੀ ਇਕ ਹੋਰ ਗੱਲ ਤੋਂ ਵੀ ਪਤਾ ਲੱਗਦਾ ਸੀ ਕਿ ਉਨ੍ਹਾਂ ਦੀ ਤੋਬਾ ਸਿਰਫ਼ ਇਕ ਦਿਖਾਵਾ ਹੀ ਸੀ। ਉਹ ਹਾਲੇ ਵੀ ਪਾਪ ਕਰ ਰਹੇ ਸਨ। ਉਹ ਫ਼ਰੇਬ, ਖ਼ੂਨ-ਖ਼ਰਾਬਾ, ਚੋਰੀ, ਮੂਰਤੀ-ਪੂਜਾ ਅਤੇ ਦੂਸਰੀਆਂ ਕੌਮਾਂ ਨਾਲ ਮਿੱਤਰਤਾ ਕਾਇਮ ਕਰਨ ਦੇ ਨਾਲ-ਨਾਲ ਹੋਰ ਕਈ ਪਾਪ ਕਰ ਰਹੇ ਸਨ। ਹੋਸ਼ੇਆ 7:4 ਵਿਚ ਲੋਕਾਂ ਨੂੰ “ਤੰਦੂਰ” ਕਿਹਾ ਗਿਆ ਹੈ। ਕਿਉਂ? ਕਿਉਂਕਿ ਉਨ੍ਹਾਂ ਦੀਆਂ ਗ਼ਲਤ ਇੱਛਾਵਾਂ ਉਨ੍ਹਾਂ ਅੰਦਰ ਅੱਗ ਦੀਆਂ ਲਾਟਾਂ ਵਾਂਗ ਭੜਕ ਰਹੀਆਂ ਸਨ। ਰੂਹਾਨੀ ਤੌਰ ਤੇ ਇੰਨੇ ਜ਼ਿਆਦਾ ਡਿੱਗ ਜਾਣ ਕਰਕੇ ਕੀ ਉਹ ਦਇਆ ਦੇ ਲਾਇਕ ਸਨ? ਬਿਲਕੁਲ ਨਹੀਂ! ਹੋਸ਼ੇਆ ਇਨ੍ਹਾਂ ਬਾਗ਼ੀ ਲੋਕਾਂ ਨੂੰ ਦੱਸਦਾ ਹੈ ਕਿ ਯਹੋਵਾਹ “ਓਹਨਾਂ ਦੀ ਬਦੀ ਨੂੰ ਚੇਤੇ ਕਰੇਗਾ” ਅਤੇ “ਓਹਨਾਂ ਦੇ ਪਾਪਾਂ ਦੀ ਖਬਰ ਲਵੇਗਾ।” (ਹੋਸ਼ੇਆ 9:9) ਉਨ੍ਹਾਂ ਤੇ ਜ਼ਰਾ ਵੀ ਰਹਿਮ ਨਹੀਂ ਕੀਤਾ ਜਾਵੇਗਾ!

9. ਹੋਸ਼ੇਆ ਦੇ ਸ਼ਬਦ ਸਾਨੂੰ ਤੋਬਾ ਅਤੇ ਦਇਆ ਬਾਰੇ ਕੀ ਸਿਖਾਉਂਦੇ ਹਨ?

9 ਹੋਸ਼ੇਆ ਦੇ ਸ਼ਬਦਾਂ ਤੋਂ ਅਸੀਂ ਤੋਬਾ ਤੇ ਦਇਆ ਕਰਨ ਬਾਰੇ ਕੀ ਸਿੱਖਦੇ ਹਾਂ? ਬਾਗ਼ੀ ਇਸਰਾਏਲੀਆਂ ਦੀ ਮਿਸਾਲ ਤੋਂ ਅਸੀਂ ਕੀ ਸਿੱਖਦੇ ਹਾਂ? ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਡੇ ਤੇ ਰਹਿਮ ਕਰੇ, ਤਾਂ ਸਾਨੂੰ ਦਿਲੋਂ ਤੋਬਾ ਕਰਨੀ ਚਾਹੀਦੀ ਹੈ। ਅਜਿਹੀ ਤੋਬਾ ਦਾ ਸਬੂਤ ਕਿਸ ਤਰ੍ਹਾਂ ਦਿੱਤਾ ਜਾਂਦਾ ਹੈ? ਯਹੋਵਾਹ ਸਾਡੀਆਂ ਗੱਲਾਂ ਸੁਣ ਕੇ ਜਾਂ ਸਾਡੇ ਹੰਝੂ ਦੇਖ ਕੇ ਧੋਖਾ ਨਹੀਂ ਖਾਂਦਾ। ਸੱਚੇ ਦਿਲੋਂ ਕੀਤੀ ਗਈ ਤੋਬਾ ਸਾਡੇ ਕੰਮਾਂ ਤੋਂ ਜ਼ਾਹਰ ਹੁੰਦੀ ਹੈ। ਗ਼ਲਤ ਕੰਮ ਕਰਨ ਵਾਲਿਆਂ ਨੂੰ ਯਹੋਵਾਹ ਦੀ ਮਿਹਰ ਪਾਉਣ ਲਈ ਆਪਣੇ ਗ਼ਲਤ ਰਾਹਾਂ ਨੂੰ ਛੱਡਣਾ ਪਵੇਗਾ ਅਤੇ ਯਹੋਵਾਹ ਦੇ ਉੱਚੇ ਮਿਆਰਾਂ ਉੱਤੇ ਚੱਲਣਾ ਪਵੇਗਾ।

ਪਰਮੇਸ਼ੁਰ ਸਿਰਫ਼ ਬਲੀਦਾਨਾਂ ਤੋਂ ਖ਼ੁਸ਼ ਨਹੀਂ ਹੁੰਦਾ

10, 11. ਇਸਰਾਏਲੀਆਂ ਦੀ ਮਿਸਾਲ ਤੋਂ ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਸਿਰਫ਼ ਬਲੀਦਾਨਾਂ ਤੋਂ ਖ਼ੁਸ਼ ਨਹੀਂ ਹੁੰਦਾ?

10 ਆਓ ਆਪਾਂ ਹੁਣ ਦੂਸਰੇ ਸਬਕ ਵੱਲ ਧਿਆਨ ਦੇਈਏ ਜੋ ਯਹੋਵਾਹ ਦੇ ਨਾਲ-ਨਾਲ ਚੱਲਣ ਵਿਚ ਸਾਡੀ ਮਦਦ ਕਰੇਗਾ। ਇਹ ਹੈ ਕਿ ਪਰਮੇਸ਼ੁਰ ਸਿਰਫ਼ ਬਲੀਦਾਨਾਂ ਤੋਂ ਖ਼ੁਸ਼ ਨਹੀਂ ਹੁੰਦਾ। ਹੋਸ਼ੇਆ 6:6 ਵਿਚ ਲਿਖਿਆ ਹੈ: “ਮੈਂ ਤੁਹਾਡਾ ਸੱਚਾ ਪਿਆਰ ਹਮੇਸ਼ਾ ਦੇ ਲਈ ਚਾਹੁੰਦਾ ਹਾਂ, ਨਾ ਕਿ ਪਸ਼ੂਆਂ ਦੀਆਂ ਬਲੀਆਂ। ਮੈਂ ਚਾਹੁੰਦਾ ਹਾਂ ਕਿ ਮੇਰੇ ਲੋਕ ਹੋਮ ਬਲੀਆਂ ਚੜ੍ਹਾਉਣ ਦੀ ਥਾਂ ਮੈਨੂੰ ਜਾਨਣ।” (ਨਵਾਂ ਅਨੁਵਾਦ) ਧਿਆਨ ਦਿਓ ਕਿ ਯਹੋਵਾਹ ਬਹੁਤ ਖ਼ੁਸ਼ ਹੁੰਦਾ ਹੈ ਜਦੋਂ ਉਸ ਦੇ ਸੇਵਕ ਉਸ ਨਾਲ ਸੱਚਾ ਪਿਆਰ ਕਰਦੇ ਹਨ ਅਤੇ ਉਸ ਬਾਰੇ ਗਿਆਨ ਲੈਂਦੇ ਹਨ। ਪਰ ਸ਼ਾਇਦ ਤੁਸੀਂ ਸੋਚੋਗੇ ਕਿ ‘ਇਸ ਆਇਤ ਵਿਚ ਇਹ ਕਿਉਂ ਕਿਹਾ ਗਿਆ ਹੈ ਕਿ ਯਹੋਵਾਹ “ਪਸ਼ੂਆਂ ਦੀਆਂ ਬਲੀਆਂ” ਅਤੇ “ਹੋਮ ਬਲੀਆਂ” ਨਹੀਂ ਚਾਹੁੰਦਾ? ਕੀ ਮੂਸਾ ਦੀ ਬਿਵਸਥਾ ਅਨੁਸਾਰ ਇਹ ਜ਼ਰੂਰੀ ਨਹੀਂ ਸੀ ਕਿ ਲੋਕ ਬਲੀਆਂ ਚੜ੍ਹਾਉਣ?’

11 ਇਹ ਸੱਚ ਹੈ ਕਿ ਮੂਸਾ ਦੀ ਬਿਵਸਥਾ ਅਨੁਸਾਰ ਬਲੀਦਾਨ ਤੇ ਹੋਮ ਬਲੀਆਂ ਚੜ੍ਹਾਉਣੀਆਂ ਜ਼ਰੂਰੀ ਸਨ। ਪਰ ਹੋਸ਼ੇਆ ਦੇ ਜ਼ਮਾਨੇ ਦੇ ਲੋਕ ਦਿਲੋਂ ਸੇਵਾ ਨਹੀਂ ਕਰ ਰਹੇ ਸਨ। ਕੁਝ ਇਸਰਾਏਲੀ ਆਪਣਾ ਫ਼ਰਜ਼ ਨਿਭਾਉਣ ਲਈ ਬਲੀਆਂ ਚੜ੍ਹਾ ਕੇ ਭਗਤੀ ਦਾ ਦਿਖਾਵਾ ਕਰ ਰਹੇ ਸਨ। ਇਹ ਸਭ ਕੁਝ ਕਰਨ ਦੇ ਨਾਲ-ਨਾਲ ਉਹ ਪਾਪ ਵੀ ਕਰ ਰਹੇ ਸਨ। ਉਨ੍ਹਾਂ ਦੇ ਭੈੜੇ ਕੰਮਾਂ ਤੋਂ ਜ਼ਾਹਰ ਹੁੰਦਾ ਸੀ ਕਿ ਉਨ੍ਹਾਂ ਦੇ ਦਿਲਾਂ ਵਿਚ ਸੱਚਾ ਪਿਆਰ ਬਿਲਕੁਲ ਨਹੀਂ ਸੀ। ਉਨ੍ਹਾਂ ਦੇ ਜੀਉਣ ਦੇ ਤੌਰ-ਤਰੀਕਿਆਂ ਤੋਂ ਪਤਾ ਲੱਗਦਾ ਸੀ ਕਿ ਉਨ੍ਹਾਂ ਨੇ ਯਹੋਵਾਹ ਦੇ ਗਿਆਨ ਨੂੰ ਠੁਕਰਾ ਦਿੱਤਾ ਸੀ। ਜੇ ਲੋਕਾਂ ਦੇ ਦਿਲ ਬੁਰੇ ਸਨ ਅਤੇ ਉਹ ਸਹੀ ਰਾਹ ਤੇ ਨਹੀਂ ਚੱਲ ਰਹੇ ਸਨ, ਤਾਂ ਉਨ੍ਹਾਂ ਦੇ ਬਲੀਆਂ ਚੜ੍ਹਾਉਣ ਦਾ ਕੀ ਫ਼ਾਇਦਾ ਸੀ? ਸੱਚ ਤਾਂ ਇਹ ਹੈ ਕਿ ਉਨ੍ਹਾਂ ਦੇ ਬਲੀਦਾਨ ਯਹੋਵਾਹ ਦੀਆਂ ਨਜ਼ਰਾਂ ਵਿਚ ਘਿਣਾਉਣੇ ਸਨ!

12. ਹੋਸ਼ੇਆ 6:6 ਵਿਚ ਅੱਜ ਲੋਕਾਂ ਲਈ ਕਿਹੜੀ ਚੇਤਾਵਨੀ ਹੈ?

12 ਹੋਸ਼ੇਆ ਦੇ ਸ਼ਬਦ ਉਨ੍ਹਾਂ ਸਾਰਿਆਂ ਲਈ ਇਕ ਚੇਤਾਵਨੀ ਹਨ ਜੋ ਅੱਜ ਚਰਚ ਜਾਂਦੇ ਹਨ। ਕਈ ਲੋਕ ਧਾਰਮਿਕ ਕੰਮਾਂ ਅਤੇ ਰੀਤਾਂ-ਰਿਵਾਜਾਂ ਨੂੰ ਪੂਰਾ ਕਰ ਕੇ ਮਾਨੋ ਰੱਬ ਨੂੰ ਬਲੀਆਂ ਚੜ੍ਹਾਉਂਦੇ ਹਨ। ਪਰ ਉਨ੍ਹਾਂ ਦੀ ਭਗਤੀ ਦਾ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਉੱਤੇ ਕੋਈ ਅਸਰ ਨਹੀਂ ਪੈਂਦਾ। ਜੇ ਲੋਕ ਯਹੋਵਾਹ ਬਾਰੇ ਸਹੀ ਗਿਆਨ ਨਹੀਂ ਲੈਂਦੇ ਜਾਂ ਇਸ ਨੂੰ ਜ਼ਿੰਦਗੀ ਵਿਚ ਲਾਗੂ ਕਰ ਕੇ ਗ਼ਲਤ ਰਾਹਾਂ ਤੋਂ ਨਹੀਂ ਮੁੜਦੇ, ਤਾਂ ਕੀ ਪਰਮੇਸ਼ੁਰ ਉਨ੍ਹਾਂ ਦੀਆਂ ਬਲੀਆਂ ਤੋਂ ਖ਼ੁਸ਼ ਹੋਵੇਗਾ? ਕਿਸੇ ਨੂੰ ਵੀ ਇਸ ਭੁਲੇਖੇ ਵਿਚ ਨਹੀਂ ਰਹਿਣਾ ਚਾਹੀਦਾ ਕਿ ਪਰਮੇਸ਼ੁਰ ਉਨ੍ਹਾਂ ਦੇ ਕੰਮਾਂ ਅਤੇ ਰੀਤਾਂ-ਰਿਵਾਜਾਂ ਤੋਂ ਹੀ ਖ਼ੁਸ਼ ਹੋ ਜਾਵੇਗਾ। ਯਹੋਵਾਹ ਉਨ੍ਹਾਂ ਲੋਕਾਂ ਤੋਂ ਖ਼ੁਸ਼ ਨਹੀਂ ਹੁੰਦਾ ਜੋ ਉਸ ਦੇ ਪਵਿੱਤਰ ਬਚਨ ਅਨੁਸਾਰ ਜੀਉਣ ਦੀ ਬਜਾਇ ਸਿਰਫ਼ ਭਗਤੀ ਕਰਨ ਦਾ ਦਿਖਾਵਾ ਕਰਦੇ ਹਨ।—2 ਤਿਮੋਥਿਉਸ 3:5.

13. ਅਸੀਂ ਕਿਸ ਤਰ੍ਹਾਂ ਦੇ ਬਲੀਦਾਨ ਚੜ੍ਹਾਉਂਦੇ ਹਨ, ਪਰ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?

13 ਸੱਚੇ ਮਸੀਹੀ ਹੋਣ ਦੇ ਨਾਤੇ ਸਾਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਸਿਰਫ਼ ਬਲੀਦਾਨਾਂ ਤੋਂ ਹੀ ਖ਼ੁਸ਼ ਨਹੀਂ ਹੁੰਦਾ। ਇਹ ਸੱਚ ਹੈ ਕਿ ਇਸਰਾਏਲੀਆਂ ਵਾਂਗ ਅਸੀਂ ਪਰਮੇਸ਼ੁਰ ਨੂੰ ਪਸ਼ੂਆਂ ਦੀਆਂ ਬਲੀਆਂ ਨਹੀਂ ਚੜ੍ਹਾਉਂਦੇ। ਪਰ ਅਸੀਂ ‘ਉਸਤਤ ਦਾ ਬਲੀਦਾਨ ਅਰਥਾਤ ਉਨ੍ਹਾਂ ਬੁੱਲ੍ਹਾਂ ਦਾ ਫਲ ਪਰਮੇਸ਼ੁਰ ਦੇ ਅੱਗੇ ਸਦਾ ਚੜ੍ਹਾਉਂਦੇ’ ਹਾਂ। (ਇਬਰਾਨੀਆਂ 13:15) ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਹੋਸ਼ੇਆ ਦੇ ਜ਼ਮਾਨੇ ਦੇ ਪਾਪੀ ਇਸਰਾਏਲੀਆਂ ਵਾਂਗ ਇਹ ਸੋਚਣ ਵਿਚ ਗ਼ਲਤੀ ਨਾ ਕਰੀਏ ਕਿ ‘ਗ਼ਲਤ ਕੰਮ ਕਰਨ ਤੋਂ ਬਾਅਦ ਅਸੀਂ ਪਰਮੇਸ਼ੁਰ ਨੂੰ ਅਜਿਹੀਆਂ ਬਲੀਆਂ ਚੜ੍ਹਾ ਕੇ ਮਨਾ ਲਵਾਂਗੇ।’ ਜ਼ਰਾ ਇਕ ਲੜਕੀ ਦੇ ਤਜਰਬੇ ਉੱਤੇ ਗੌਰ ਕਰੋ ਜਿਸ ਨੇ ਵਿਭਚਾਰ ਕਰ ਕੇ ਆਪਣੇ ਇਸ ਪਾਪ ਨੂੰ ਲੁਕਾਈ ਰੱਖਿਆ। ਉਸ ਨੇ ਬਾਅਦ ਵਿਚ ਕਿਹਾ: “ਮੈਂ ਪ੍ਰਚਾਰ ਕਰਨ ਵਿਚ ਜ਼ਿਆਦਾ ਸਮਾਂ ਲਗਾਉਣ ਲੱਗ ਪਈ ਕਿਉਂਕਿ ਮੈਂ ਸੋਚਿਆ ਕਿ ਇਸ ਤਰ੍ਹਾਂ ਸ਼ਾਇਦ ਪਰਮੇਸ਼ੁਰ ਮੇਰੇ ਪਾਪ ਨੂੰ ਇੰਨਾ ਗੰਭੀਰ ਨਹੀਂ ਸਮਝੇਗਾ।” ਬਾਗ਼ੀ ਇਸਰਾਏਲੀਆਂ ਨੇ ਵੀ ਇਸੇ ਤਰ੍ਹਾਂ ਕੀਤਾ ਸੀ। ਪਰ ਯਾਦ ਰੱਖੋ: ਭਾਵੇਂ ਸਾਡੇ ਉਸਤਤ ਦੇ ਬਲੀਦਾਨ ਬਹੁਤ ਜ਼ਰੂਰੀ ਹਨ, ਪਰ ਯਹੋਵਾਹ ਉਨ੍ਹਾਂ ਨੂੰ ਸਿਰਫ਼ ਉਦੋਂ ਹੀ ਕਬੂਲ ਕਰਦਾ ਹੈ ਜਦੋਂ ਅਸੀਂ ਇਨ੍ਹਾਂ ਨੂੰ ਸੱਚੇ ਦਿਲੋਂ ਚੜ੍ਹਾਉਂਦੇ ਹਾਂ ਅਤੇ ਜਦੋਂ ਅਸੀਂ ਉਸ ਦੇ ਮਿਆਰਾਂ ਉੱਤੇ ਚੱਲਦੇ ਹਾਂ।

ਯਹੋਵਾਹ ਦੁਖੀ ਹੁੰਦਾ ਹੈ ਜਦ ਉਸ ਦੇ ਸੇਵਕ ਉਸ ਤੋਂ ਮੂੰਹ ਮੋੜ ਲੈਂਦੇ ਹਨ

14. ਹੋਸ਼ੇਆ ਦੀ ਪੋਥੀ ਤੋਂ ਸਾਨੂੰ ਪਰਮੇਸ਼ੁਰ ਦੇ ਜਜ਼ਬਾਤਾਂ ਬਾਰੇ ਕੀ ਪਤਾ ਲੱਗਦਾ ਹੈ?

14 ਤੀਸਰਾ ਸਬਕ ਜੋ ਅਸੀਂ ਹੋਸ਼ੇਆ ਦੇ 6 ਤੋਂ 9 ਅਧਿਆਵਾਂ ਤੋਂ ਸਿੱਖਦੇ ਹਾਂ, ਉਹ ਇਹ ਹੈ ਕਿ ਯਹੋਵਾਹ ਨੂੰ ਬਹੁਤ ਠੇਸ ਪਹੁੰਚਦੀ ਹੈ ਜਦੋਂ ਉਸ ਦੇ ਸੇਵਕ ਉਸ ਤੋਂ ਮੂੰਹ ਮੋੜ ਲੈਂਦੇ ਹਨ। ਯਹੋਵਾਹ ਆਪਣੇ ਮਿਆਰਾਂ ਉੱਤੇ ਦ੍ਰਿੜ੍ਹ ਰਹਿਣ ਦੇ ਨਾਲ-ਨਾਲ ਕੋਮਲ ਜਜ਼ਬਾਤਾਂ ਵਾਲਾ ਪਰਮੇਸ਼ੁਰ ਵੀ ਹੈ। ਜਦ ਉਸ ਦੇ ਲੋਕ ਤੋਬਾ ਨਹੀਂ ਕਰਦੇ, ਤਾਂ ਉਹ ਸਜ਼ਾ ਦਿੰਦਾ ਹੈ। ਪਰ ਉਹ ਤੋਬਾ ਕਰਨ ਵਾਲਿਆਂ ਨਾਲ ਖ਼ੁਸ਼ ਹੁੰਦਾ ਹੈ ਅਤੇ ਉਨ੍ਹਾਂ ਉੱਤੇ ਦਇਆ ਕਰਦਾ ਹੈ। ਉਹ ਸਾਨੂੰ ਬਹੁਤ ਪਿਆਰ ਕਰਦਾ ਹੈ, ਇਸ ਲਈ ਉਹ ਬਹੁਤ ਖ਼ੁਸ਼ ਹੁੰਦਾ ਹੈ ਜਦ ਅਸੀਂ ਵਫ਼ਾਦਾਰੀ ਨਾਲ ਉਸ ਦੇ ਨਾਲ-ਨਾਲ ਚੱਲਦੇ ਹਾਂ। ਜ਼ਬੂਰ 149:4 ਕਹਿੰਦਾ ਹੈ: ‘ਯਹੋਵਾਹ ਆਪਣੀ ਪਰਜਾ ਨਾਲ ਖੁਸ਼ ਹੈ।’ ਪਰ ਯਹੋਵਾਹ ਨੂੰ ਉਦੋਂ ਕਿੱਦਾਂ ਲੱਗਦਾ ਹੈ ਜਦੋਂ ਉਸ ਦੇ ਸੇਵਕ ਬੁਰੇ ਕੰਮ ਕਰਦੇ ਹਨ?

15. ਹੋਸ਼ੇਆ 6:7 ਦੇ ਮੁਤਾਬਕ ਕੁਝ ਇਸਰਾਏਲੀ ਕੀ ਕਰ ਰਹੇ ਸਨ?

15 ਬੇਵਫ਼ਾ ਇਸਰਾਏਲੀਆਂ ਦੀ ਗੱਲ ਕਰਦੇ ਹੋਏ ਯਹੋਵਾਹ ਨੇ ਕਿਹਾ: “ਓਹਨਾਂ ਨੇ ਆਦਮ ਵਾਂਙੁ ਨੇਮ ਦੀ ਉਲੰਘਣਾ ਕੀਤੀ, ਉੱਥੇ ਓਹਨਾਂ ਨੇ ਮੇਰੇ ਨਾਲ ਧੋਖਾ ਕੀਤਾ।” (ਹੋਸ਼ੇਆ 6:7) ਜਿਸ ਇਬਰਾਨੀ ਸ਼ਬਦ ਦਾ ਅਨੁਵਾਦ “ਧੋਖਾ ਕੀਤਾ” ਕੀਤਾ ਗਿਆ ਹੈ, ਉਸ ਦਾ ਮਤਲਬ “ਬੇਵਫ਼ਾਈ ਕਰਨੀ” ਵੀ ਹੋ ਸਕਦਾ ਹੈ। ਮਲਾਕੀ 2:10-16 ਵਿਚ ਇਹੀ ਇਬਰਾਨੀ ਸ਼ਬਦ ਉਨ੍ਹਾਂ ਆਦਮੀਆਂ ਦੇ ਸੰਬੰਧ ਵਿਚ ਵਰਤਿਆ ਗਿਆ ਹੈ ਜਿਨ੍ਹਾਂ ਨੇ ਆਪਣੀਆਂ ਪਤਨੀਆਂ ਨਾਲ ਬੇਵਫ਼ਾਈ ਕੀਤੀ ਸੀ। ਇਕ ਕਿਤਾਬ ਕਹਿੰਦੀ ਹੈ ਕਿ ਹੋਸ਼ੇਆ 6:7 ਵਿਚ ਧੋਖੇਬਾਜ਼ੀ ਦਾ ਜ਼ਿਕਰ ‘ਪਤੀ-ਪਤਨੀ ਦੇ ਰਿਸ਼ਤੇ ਵੱਲ ਇਸ਼ਾਰਾ ਕਰਦਾ ਹੈ ਜਿਸ ਵਿਚ ਪਤੀ ਜਾਂ ਪਤਨੀ ਆਪਣੇ ਜੀਵਨ-ਸਾਥੀ ਨਾਲ ਬੇਵਫ਼ਾਈ ਕਰ ਕੇ ਉਸ ਦੇ ਪਿਆਰ ਨੂੰ ਪੈਰਾਂ ਹੇਠ ਕੁਚਲ ਦਿੰਦਾ ਹੈ।’

16, 17. (ੳ) ਇਸਰਾਏਲੀਆਂ ਨੇ ਪਰਮੇਸ਼ੁਰ ਦੇ ਨੇਮ ਦੇ ਸੰਬੰਧ ਵਿਚ ਕੀ ਕੀਤਾ ਸੀ? (ਅ) ਸਾਨੂੰ ਆਪਣੀਆਂ ਕਰਨੀਆਂ ਬਾਰੇ ਕੀ ਯਾਦ ਰੱਖਣਾ ਚਾਹੀਦਾ ਹੈ?

16 ਯਹੋਵਾਹ ਨੇ ਇਸਰਾਏਲ ਕੌਮ ਨਾਲ ਖ਼ਾਸ ਨੇਮ ਬੰਨ੍ਹ ਕੇ ਇਕ ਤਰੀਕੇ ਨਾਲ ਉਸ ਨੂੰ ਆਪਣੀ ਪਤਨੀ ਮੰਨਿਆ ਸੀ। ਇਸ ਲਈ ਜਦੋਂ ਇਸਰਾਏਲੀਆਂ ਨੇ ਜਾਣ-ਬੁੱਝ ਕੇ ਇਸ ਨੇਮ ਦੀ ਉਲੰਘਣਾ ਕੀਤੀ, ਤਾਂ ਯਹੋਵਾਹ ਦੀ ਨਜ਼ਰ ਵਿਚ ਇਹ ਵਿਭਚਾਰ ਕਰਨ ਦੇ ਬਰਾਬਰ ਸੀ। ਯਹੋਵਾਹ ਇਕ ਵਫ਼ਾਦਾਰ ਪਤੀ ਸਾਬਤ ਹੋਇਆ, ਪਰ ਉਸ ਦੇ ਲੋਕਾਂ ਨੇ ਉਸ ਵੱਲੋਂ ਮੂੰਹ ਮੋੜ ਲਿਆ!

17 ਸਾਡੇ ਬਾਰੇ ਕੀ? ਕੀ ਪਰਮੇਸ਼ੁਰ ਉੱਤੇ ਇਸ ਦਾ ਕੋਈ ਫ਼ਰਕ ਪੈਂਦਾ ਹੈ ਕਿ ਅਸੀਂ ਉਸ ਦੇ ਨਾਲ-ਨਾਲ ਚੱਲਦੇ ਹਾਂ ਜਾਂ ਨਹੀਂ? ਹਾਂ, ਜ਼ਰੂਰ ਪੈਂਦਾ ਹੈ! ਸਾਨੂੰ ਇਹ ਗੱਲ ਕਦੀ ਨਹੀਂ ਭੁੱਲਣੀ ਚਾਹੀਦੀ ਕਿ “ਪਰਮੇਸ਼ੁਰ ਪ੍ਰੇਮ ਹੈ” ਅਤੇ ਸਾਡੀਆਂ ਕਰਨੀਆਂ ਦਾ ਉਸ ਦੇ ਜਜ਼ਬਾਤਾਂ ਉੱਤੇ ਅਸਰ ਪੈਂਦਾ ਹੈ। (1 ਯੂਹੰਨਾ 4:16) ਜੇ ਅਸੀਂ ਗ਼ਲਤ ਰਾਹ ਤੇ ਚੱਲਾਂਗੇ, ਤਾਂ ਅਸੀਂ ਯਹੋਵਾਹ ਨੂੰ ਦੁਖੀ ਕਰਾਂਗੇ। ਇਹ ਗੱਲ ਯਾਦ ਰੱਖਣ ਨਾਲ ਅਸੀਂ ਪਰਤਾਵਿਆਂ ਵਿਚ ਸਹੀ ਕਦਮ ਉਠਾ ਸਕਾਂਗੇ।

ਚੰਗੇ ਫਲ ਪਾਉਣੇ

18, 19. ਹੋਸ਼ੇਆ 8:7 ਵਿਚ ਕਿਹੜਾ ਅਸੂਲ ਪਾਇਆ ਜਾਂਦਾ ਹੈ ਅਤੇ ਇਸਰਾਏਲੀਆਂ ਬਾਰੇ ਇਹ ਅਸੂਲ ਕਿਵੇਂ ਸੱਚ ਸਾਬਤ ਹੋਇਆ?

18 ਆਓ ਆਪਾਂ ਹੁਣ ਹੋਸ਼ੇਆ ਦੀ ਪੋਥੀ ਦੇ ਚੌਥੇ ਸਬਕ ਵੱਲ ਧਿਆਨ ਦੇਈਏ ਕਿ ਅਸੀਂ ਚੰਗੇ ਫਲ ਕਿਵੇਂ ਪਾ ਸਕਦੇ ਹਾਂ। ਇਸਰਾਏਲੀ ਲੋਕਾਂ ਦੀ ਮੂਰਖਤਾਈ ਅਤੇ ਬੇਵਫ਼ਾਈ ਦੇ ਨਤੀਜਿਆਂ ਬਾਰੇ ਹੋਸ਼ੇਆ ਨੇ ਲਿਖਿਆ: “ਓਹ ਹਵਾ ਬੀਜਦੇ ਹਨ ਅਤੇ ਵਾਵਰੋਲੇ ਵੱਢਦੇ ਹਨ!” (ਹੋਸ਼ੇਆ 8:7) ਸਾਨੂੰ ਸਾਰਿਆਂ ਨੂੰ ਇਹ ਅਸੂਲ ਯਾਦ ਰੱਖਣਾ ਚਾਹੀਦਾ ਹੈ। ਸਾਨੂੰ ਆਪਣੀ ਕੀਤੀ ਦਾ ਫਲ ਜ਼ਰੂਰ ਭੁਗਤਣਾ ਪਵੇਗਾ। ਇਹ ਗੱਲ ਬੇਵਫ਼ਾ ਇਸਰਾਏਲੀਆਂ ਉੱਤੇ ਕਿੱਦਾਂ ਪੂਰੀ ਹੋਈ ਸੀ?

19 ਪਾਪ ਕਰ ਕੇ ਇਸਰਾਏਲੀ ਬੁਰਾਈ ਦੇ ਬੀ ਬੀਜ ਰਹੇ ਸਨ। ਕੀ ਉਹ ਸਜ਼ਾ ਪਾਉਣ ਤੋਂ ਬਚੇ ਰਹਿ ਸਕਦੇ ਸਨ? ਬਿਲਕੁਲ ਨਹੀਂ! ਹੋਸ਼ੇਆ 8:13 ਵਿਚ ਲਿਖਿਆ ਹੈ: “ਹੁਣ [ਯਹੋਵਾਹ] ਓਹਨਾਂ ਦੀਆਂ ਬਦੀਆਂ ਚੇਤੇ ਕਰੇਗਾ, ਅਤੇ ਓਹਨਾਂ ਦਿਆਂ ਪਾਪਾਂ ਦੀ ਖ਼ਬਰ ਲਵੇਗਾ।” ਹੋਸ਼ੇਆ 9:17 ਵਿਚ ਅਸੀਂ ਪੜ੍ਹਦੇ ਹਾਂ: “ਮੇਰਾ ਪਰਮੇਸ਼ੁਰ ਓਹਨਾਂ ਨੂੰ ਰੱਦ ਕਰ ਦੇਵੇਗਾ, ਕਿਉਂ ਜੋ ਓਹ ਉਸ ਦੀ ਨਹੀਂ ਸੁਣਦੇ, ਅਤੇ ਓਹ ਕੌਮਾਂ ਵਿੱਚ ਅਵਾਰਾ ਫਿਰਨਗੇ।” ਜੀ ਹਾਂ, ਯਹੋਵਾਹ ਨੇ ਇਸਰਾਏਲੀਆਂ ਤੋਂ ਉਨ੍ਹਾਂ ਦੇ ਪਾਪਾਂ ਦਾ ਲੇਖਾ ਲੈਣਾ ਸੀ। ਉਨ੍ਹਾਂ ਨੇ ਬੁਰੇ ਕੰਮ ਕਰ ਕੇ ਬੁਰਾਈ ਦੇ ਬੀ ਬੀਜੇ ਸਨ ਜਿਨ੍ਹਾਂ ਦੇ ਬੁਰੇ ਫਲ ਉਨ੍ਹਾਂ ਨੂੰ ਭੁਗਤਣੇ ਪੈਣੇ ਸਨ। ਉਨ੍ਹਾਂ ਨੂੰ 740 ਈ.ਪੂ. ਵਿਚ ਸਜ਼ਾ ਮਿਲੀ ਜਦ ਅੱਸ਼ੂਰੀ ਫ਼ੌਜਾਂ ਇਸਰਾਏਲ ਦੇ ਉੱਤਰੀ ਰਾਜ ਤੇ ਜਿੱਤ ਪ੍ਰਾਪਤ ਕਰ ਕੇ ਉਨ੍ਹਾਂ ਨੂੰ ਗ਼ੁਲਾਮ ਬਣਾ ਕੇ ਲੈ ਗਈਆਂ।

20. ਅਸੀਂ ਇਸਰਾਏਲੀਆਂ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ?

20 ਜੋ ਇਸਰਾਏਲ ਨਾਲ ਹੋਇਆ ਉਸ ਤੋਂ ਅਸੀਂ ਸਿੱਖਦੇ ਹਾਂ ਕਿ ਜੋ ਅਸੀਂ ਬੀਜਾਂਗੇ ਉਹੀ ਅਸੀਂ ਵੱਢਾਂਗੇ। ਪਰਮੇਸ਼ੁਰ ਦਾ ਬਚਨ ਸਾਫ਼-ਸਾਫ਼ ਚੇਤਾਵਨੀ ਦਿੰਦਾ ਹੈ: “ਤੁਸੀਂ ਧੋਖਾ ਨਾ ਖਾਓ, ਪਰਮੇਸ਼ੁਰ ਠੱਠਿਆਂ ਵਿੱਚ ਨਹੀਂ ਉਡਾਈਦਾ ਕਿਉਂਕਿ ਮਨੁੱਖ ਜੋ ਕੁਝ ਬੀਜਦਾ ਹੈ ਸੋਈਓ ਵੱਢੇਗਾ ਭੀ।” (ਗਲਾਤੀਆਂ 6:7) ਤਾਂ ਫਿਰ ਜੇ ਅਸੀਂ ਬੁਰਾਈ ਬੀਜਾਂਗੇ, ਤਾਂ ਬੁਰਾਈ ਹੀ ਵੱਢਾਂਗੇ। ਮਿਸਾਲ ਲਈ, ਜੋ ਲੋਕ ਬਦਚਲਣ ਰਾਹ ਤੇ ਚੱਲਦੇ ਹਨ, ਉਨ੍ਹਾਂ ਨੂੰ ਇਸ ਦੇ ਬੁਰੇ ਨਤੀਜੇ ਭੁਗਤਣੇ ਪੈਣਗੇ। ਤੋਬਾ ਨਾ ਕਰਨ ਵਾਲਾ ਇਨਸਾਨ ਦੁੱਖ ਹੀ ਭੋਗੇਗਾ।

21. ਅਸੀਂ ਚੰਗੇ ਫਲ ਕਿਵੇਂ ਵੱਢ ਸਕਦੇ ਹਾਂ?

21 ਤਾਂ ਫਿਰ ਅਸੀਂ ਚੰਗੇ ਫਲ ਕਿਸ ਤਰ੍ਹਾਂ ਪਾ ਸਕਦੇ ਹਾਂ? ਜ਼ਰਾ ਸੋਚੋ: ਜੇ ਇਕ ਕਿਸਾਨ ਕਣਕ ਦੀ ਫ਼ਸਲ ਵੱਢਣੀ ਚਾਹੁੰਦਾ ਹੈ, ਤਾਂ ਕੀ ਉਹ ਜੌਂ ਬੀਜੇਗਾ? ਨਹੀਂ! ਉਸ ਨੂੰ ਉਹੀ ਬੀ ਬੀਜਣ ਦੀ ਲੋੜ ਹੈ ਜਿਸ ਦੀ ਫ਼ਸਲ ਉਹ ਵੱਢਣੀ ਚਾਹੁੰਦਾ ਹੈ। ਇਸੇ ਤਰ੍ਹਾਂ ਜੇ ਅਸੀਂ ਚੰਗਾ ਫਲ ਵੱਢਣਾ ਚਾਹੁੰਦੇ ਹਾਂ, ਤਾਂ ਸਾਨੂੰ ਚੰਗੇ ਬੀ ਬੀਜਣ ਯਾਨੀ ਚੰਗੇ ਕੰਮ ਕਰਨ ਦੀ ਲੋੜ ਹੈ। ਕੀ ਤੁਸੀਂ ਚੰਗੇ ਫਲ ਵੱਢਣੇ ਚਾਹੁੰਦੇ ਹੋ? ਕੀ ਤੁਸੀਂ ਹੁਣ ਖ਼ੁਸ਼ੀਆਂ-ਭਰੀ ਜ਼ਿੰਦਗੀ ਜੀਣੀ ਚਾਹੁੰਦੇ ਹੋ? ਕੀ ਤੁਸੀਂ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਸਦਾ ਲਈ ਜੀਣਾ ਚਾਹੁੰਦੇ ਹੋ? ਜੇ ਤੁਸੀਂ ਅਜਿਹੀ ਜ਼ਿੰਦਗੀ ਚਾਹੁੰਦੇ ਹੋ, ਤਾਂ ਤੁਹਾਨੂੰ ਚੰਗੇ ਬੀ ਬੀਜਣ ਦੀ ਲੋੜ ਹੈ। ਹਾਂ, ਤੁਹਾਨੂੰ ਪਰਮੇਸ਼ੁਰ ਦੇ ਮਿਆਰਾਂ ਉੱਤੇ ਚੱਲ ਕੇ ਉਸ ਦੇ ਨਾਲ-ਨਾਲ ਚੱਲਦੇ ਰਹਿਣ ਦੀ ਲੋੜ ਹੈ।

22. ਅਸੀਂ ਹੋਸ਼ੇਆ ਦੇ 6 ਤੋਂ 9 ਅਧਿਆਵਾਂ ਤੋਂ ਕਿਹੜੀਆਂ ਗੱਲਾਂ ਸਿੱਖੀਆਂ ਹਨ?

22 ਅਸੀਂ ਹੋਸ਼ੇਆ ਦੇ 6 ਤੋਂ 9 ਅਧਿਆਵਾਂ ਤੋਂ ਚਾਰ ਗੱਲਾਂ ਸਿੱਖੀਆਂ ਹਨ ਜੋ ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਵਿਚ ਸਾਡੀ ਮਦਦ ਕਰਦੀਆਂ ਹਨ: (1) ਸੱਚੇ ਦਿਲੋਂ ਤੋਬਾ ਕੰਮਾਂ ਰਾਹੀਂ ਜ਼ਾਹਰ ਹੁੰਦੀ ਹੈ। (2) ਪਰਮੇਸ਼ੁਰ ਸਿਰਫ਼ ਬਲੀਦਾਨਾਂ ਤੋਂ ਖ਼ੁਸ਼ ਨਹੀਂ ਹੁੰਦਾ। (3) ਯਹੋਵਾਹ ਦੁਖੀ ਹੁੰਦਾ ਹੈ ਜਦ ਉਸ ਦੇ ਸੇਵਕ ਉਸ ਤੋਂ ਮੂੰਹ ਮੋੜ ਲੈਂਦੇ ਹਨ। (4) ਚੰਗੇ ਫਲ ਪਾਉਣ ਲਈ ਸਾਨੂੰ ਚੰਗੇ ਬੀ ਬੀਜਣ ਦੀ ਲੋੜ ਹੈ। ਹੋਸ਼ੇਆ ਦੀ ਪੋਥੀ ਦੇ ਆਖ਼ਰੀ ਪੰਜ ਅਧਿਆਇ ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਵਿਚ ਸਾਡੀ ਕਿਵੇਂ ਮਦਦ ਕਰਦੇ ਹਨ? ਇਹ ਅਸੀਂ ਅਗਲੇ ਲੇਖ ਵਿਚ ਦੇਖਾਂਗੇ।

ਤੁਸੀਂ ਕੀ ਜਵਾਬ ਦਿਓਗੇ?

• ਦਿਲੋਂ ਕੀਤੀ ਤੋਬਾ ਦਾ ਸਬੂਤ ਕਿਵੇਂ ਮਿਲਦਾ ਹੈ?

• ਯਹੋਵਾਹ ਸਿਰਫ਼ ਬਲੀਦਾਨਾਂ ਤੋਂ ਹੀ ਖ਼ੁਸ਼ ਕਿਉਂ ਨਹੀਂ ਹੁੰਦਾ?

• ਪਰਮੇਸ਼ੁਰ ਨੂੰ ਕਿੱਦਾਂ ਲੱਗਦਾ ਹੈ ਜਦ ਉਸ ਦੇ ਸੇਵਕ ਉਸ ਤੋਂ ਮੂੰਹ ਮੋੜ ਲੈਂਦੇ ਹਨ?

• ਜੇ ਅਸੀਂ ਚੰਗੇ ਫਲ ਪਾਉਣੇ ਚਾਹੁੰਦੇ ਹਾਂ, ਤਾਂ ਸਾਨੂੰ ਕੀ ਬੀਜਣ ਦੀ ਲੋੜ ਹੈ?

[ਸਵਾਲ]

[ਸਫ਼ੇ 23 ਉੱਤੇ ਤਸਵੀਰ]

ਇਸਰਾਏਲੀਆਂ ਦਾ ਪਿਆਰ ਇਸ ਤਰ੍ਹਾਂ ਮਿਟ ਗਿਆ ਜਿਸ ਤਰ੍ਹਾਂ ਸੂਰਜ ਚੜ੍ਹਨ ਤੇ ਧੁੰਦ ਉੱਡ ਜਾਂਦੀ ਹੈ

[ਸਫ਼ੇ 23 ਉੱਤੇ ਤਸਵੀਰ]

ਇਸਰਾਏਲੀਆਂ ਦੀਆਂ ਗ਼ਲਤ ਇੱਛਾਵਾਂ ਉਨ੍ਹਾਂ ਵਿਚ ਅੱਗ ਦੀਆਂ ਲਾਟਾਂ ਵਾਂਗ ਸਨ

[ਸਫ਼ੇ 24 ਉੱਤੇ ਤਸਵੀਰ]

ਯਹੋਵਾਹ ਆਪਣੇ ਲੋਕਾਂ ਦੇ ਬਲੀਦਾਨਾਂ ਤੋਂ ਖ਼ੁਸ਼ ਕਿਉਂ ਨਹੀਂ ਸੀ?

[ਸਫ਼ੇ 25 ਉੱਤੇ ਤਸਵੀਰ]

ਚੰਗੇ ਫਲ ਵੱਢਣ ਲਈ ਸਾਨੂੰ ਚੰਗੇ ਬੀ ਬੀਜਣ ਦੀ ਲੋੜ ਹੈ