Skip to content

Skip to table of contents

‘ਯਹੋਵਾਹ ਦੇ ਮਾਰਗ ਸਿੱਧੇ ਹਨ’

‘ਯਹੋਵਾਹ ਦੇ ਮਾਰਗ ਸਿੱਧੇ ਹਨ’

‘ਯਹੋਵਾਹ ਦੇ ਮਾਰਗ ਸਿੱਧੇ ਹਨ’

“ਯਹੋਵਾਹ ਦੇ ਮਾਰਗ ਤਾਂ ਸਿੱਧੇ ਹਨ, ਅਤੇ ਧਰਮੀ ਓਹਨਾਂ ਦੇ ਵਿੱਚ ਚੱਲਣਗੇ।”—ਹੋਸ਼ੇਆ 14:9.

1, 2. ਯਹੋਵਾਹ ਨੇ ਇਸਰਾਏਲੀਆਂ ਲਈ ਕੀ ਕੀਤਾ ਸੀ, ਪਰ ਬਦਲੇ ਵਿਚ ਉਨ੍ਹਾਂ ਨੇ ਕੀ ਕੀਤਾ?

ਮੂਸਾ ਨਬੀ ਦੇ ਦਿਨਾਂ ਵਿਚ ਯਹੋਵਾਹ ਨੇ ਇਸਰਾਏਲੀਆਂ ਨੂੰ ਸਿੱਧੇ ਰਾਹ ਤੇ ਪਾਇਆ ਸੀ। ਪਰ ਅੱਠਵੀਂ ਸਦੀ ਈ.ਪੂ. ਦੇ ਆਉਣ ਤਕ ਉਹ ਫਿਰ ਤੋਂ ਬਹੁਤ ਵਿਗੜ ਚੁੱਕੇ ਸਨ। ਉਹ ਘਿਣਾਉਣੇ ਪਾਪ ਕਰ ਰਹੇ ਸਨ। ਹੋਸ਼ੇਆ ਦੇ 10 ਤੋਂ 14 ਅਧਿਆਵਾਂ ਤੋਂ ਇਹ ਗੱਲ ਸਾਫ਼ ਦੇਖੀ ਜਾ ਸਕਦੀ ਹੈ।

2 ਇਸਰਾਏਲੀਆਂ ਦਾ ਦਿਲ ਪਖੰਡੀ ਹੋ ਗਿਆ ਸੀ। ਚੰਗੇ ਬੀ ਬੀਜਣ ਦੀ ਬਜਾਇ ਲੋਕ ਬੁਰੇ ਕੰਮ ਕਰਨ ਲੱਗ ਪਏ ਅਤੇ ਉਨ੍ਹਾਂ ਨੇ ਬੁਰੇ ਨਤੀਜੇ ਭੁਗਤੇ। (ਹੋਸ਼ੇਆ 10:1, 13) ਯਹੋਵਾਹ ਨੇ ਕਿਹਾ: “ਜਦ ਇਸਰਾਏਲ ਮੁੰਡਾ ਸੀ ਮੈਂ ਉਹ ਨੂੰ ਪਿਆਰ ਕੀਤਾ, ਅਤੇ ਆਪਣੇ ਪੁੱਤ੍ਰ ਨੂੰ ਮਿਸਰ ਵਿੱਚੋਂ ਸੱਦਿਆ।” (ਹੋਸ਼ੇਆ 11:1) ਯਹੋਵਾਹ ਨੇ ਇਸਰਾਏਲੀਆਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਛੁਡਾਇਆ ਸੀ, ਪਰ ਉਨ੍ਹਾਂ ਨੇ ਬਦਲੇ ਵਿਚ ਉਸ ਨਾਲ ਧੋਖਾ ਕੀਤਾ। (ਹੋਸ਼ੇਆ 11:12) ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਇਹ ਸਲਾਹ ਦਿੱਤੀ: “ਤੂੰ ਆਪਣੇ ਪਰਮੇਸ਼ੁਰ ਵੱਲ ਮੁੜ, ਦਯਾ ਅਤੇ ਨਿਆਉਂ ਦੀ ਪਾਲਨਾ ਕਰ।”—ਹੋਸ਼ੇਆ 12:6.

3. ਸਾਮਰਿਯਾ ਦੇ ਬਾਗ਼ੀ ਲੋਕਾਂ ਨਾਲ ਕੀ ਹੋਣਾ ਸੀ, ਪਰ ਉਹ ਯਹੋਵਾਹ ਦਾ ਰਹਿਮ ਕਿਵੇਂ ਪਾ ਸਕਦੇ ਸਨ?

3 ਸਾਮਰਿਯਾ ਦੇ ਬਾਗ਼ੀ ਲੋਕਾਂ ਅਤੇ ਉਨ੍ਹਾਂ ਦੇ ਰਾਜੇ ਨੂੰ ਨਾਸ਼ ਕੀਤਾ ਜਾਣਾ ਸੀ। (ਹੋਸ਼ੇਆ 13:11, 16) ਪਰ ਹੋਸ਼ੇਆ ਦੀ ਪੋਥੀ ਦਾ ਆਖ਼ਰੀ ਅਧਿਆਇ ਇਸ ਬੇਨਤੀ ਨਾਲ ਸ਼ੁਰੂ ਹੁੰਦਾ ਹੈ: “ਹੇ ਇਸਰਾਏਲ, ਯਹੋਵਾਹ ਆਪਣੇ ਪਰਮੇਸ਼ੁਰ ਵੱਲ ਮੁੜ।” ਜੀ ਹਾਂ, ਜੇ ਇਸਰਾਏਲੀ ਯਹੋਵਾਹ ਤੋਂ ਮਾਫ਼ੀ ਮੰਗ ਕੇ ਉਸ ਵੱਲ ਮੁੜਦੇ, ਤਾਂ ਯਹੋਵਾਹ ਉਨ੍ਹਾਂ ਉੱਤੇ ਜ਼ਰੂਰ ਰਹਿਮ ਕਰਦਾ। ਪਰ ਉਨ੍ਹਾਂ ਨੂੰ ਸਵੀਕਾਰ ਕਰਨਾ ਪੈਣਾ ਸੀ ਕਿ ‘ਯਹੋਵਾਹ ਦੇ ਮਾਰਗ ਸਿੱਧੇ ਹਨ’ ਅਤੇ ਉਨ੍ਹਾਂ ਨੂੰ ਉਸ ਦੇ ਰਾਹ ਉੱਤੇ ਚੱਲਣਾ ਪੈਣਾ ਸੀ।—ਹੋਸ਼ੇਆ 14:1-6, 9.

4. ਅਸੀਂ ਹੋਸ਼ੇਆ ਦੀ ਪੋਥੀ ਦੀਆਂ ਕਿਨ੍ਹਾਂ ਗੱਲਾਂ ਵੱਲ ਧਿਆਨ ਦੇਵਾਂਗੇ?

4 ਹੋਸ਼ੇਆ ਦੀ ਪੋਥੀ ਦੇ ਆਖ਼ਰੀ ਪੰਜ ਅਧਿਆਵਾਂ ਵਿਚ ਕਈ ਅਸੂਲ ਹਨ ਜੋ ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਵਿਚ ਸਾਡੀ ਮਦਦ ਕਰ ਸਕਦੇ ਹਨ। ਅਸੀਂ ਇਨ੍ਹਾਂ ਗੱਲਾਂ ਵੱਲ ਧਿਆਨ ਦੇਵਾਂਗੇ: (1) ਯਹੋਵਾਹ ਸੱਚੇ ਦਿਲੋਂ ਭਗਤੀ ਚਾਹੁੰਦਾ ਹੈ। (2) ਯਹੋਵਾਹ ਆਪਣੇ ਲੋਕਾਂ ਨੂੰ ਪਿਆਰ ਕਰਦਾ ਹੈ। (3) ਸਾਨੂੰ ਹਰ ਵੇਲੇ ਯਹੋਵਾਹ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ। (4) ਯਹੋਵਾਹ ਦੇ ਮਾਰਗ ਹਮੇਸ਼ਾ ਸਿੱਧੇ ਹੁੰਦੇ ਹਨ। (5) ਪਾਪ ਕਰਨ ਵਾਲੇ ਲੋਕ ਫਿਰ ਤੋਂ ਯਹੋਵਾਹ ਵੱਲ ਮੁੜ ਸਕਦੇ ਹਨ।

ਯਹੋਵਾਹ ਸੱਚੇ ਦਿਲੋਂ ਭਗਤੀ ਚਾਹੁੰਦਾ ਹੈ

5. ਯਹੋਵਾਹ ਸਾਡੇ ਤੋਂ ਕਿਹੋ ਜਿਹੀ ਭਗਤੀ ਚਾਹੁੰਦਾ ਹੈ?

5ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦੀ ਭਗਤੀ ਬਿਨਾਂ ਕਿਸੇ ਪਖੰਡ ਅਤੇ ਸਾਫ਼ ਮਨ ਨਾਲ ਕਰੀਏ। ਪਰ ਇਸਰਾਏਲ ਵਿਚ ਇਸ ਤਰ੍ਹਾਂ ਨਹੀਂ ਹੋ ਰਿਹਾ ਸੀ। ਇਸਰਾਏਲ ਦੇ ਵਾਸੀ ਅਜਿਹੀ “ਵੇਲ” ਵਰਗੇ ਸਨ ਜਿਸ ਨੇ ਘਟੀਆ ਫਲ ਪੈਦਾ ਕੀਤੇ। ਲੋਕਾਂ ਨੇ ਦੇਵੀ-ਦੇਵਤਿਆਂ ਦੀ ਉਪਾਸਨਾ ਲਈ ‘ਜਗਵੇਦੀਆਂ ਵਧਾ’ ਲਈਆਂ ਸਨ ਅਤੇ ਕਈ ਥੰਮ੍ਹ ਤੇ ਮੀਨਾਰ ਵੀ ਬਣਾ ਲਏ ਸਨ। ਪਰ ਯਹੋਵਾਹ ਨੇ ਇਨ੍ਹਾਂ ਜਗਵੇਦੀਆਂ ਨੂੰ ਢਾਹ ਸੁੱਟਣਾ ਸੀ ਅਤੇ ਇਨ੍ਹਾਂ ਥੰਮ੍ਹਾਂ ਨੂੰ ਤੋੜ ਦੇਣਾ ਸੀ।—ਹੋਸ਼ੇਆ 10:1, 2.

6. ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਲਈ ਸਾਡੇ ਵਿਚ ਕੀ ਨਹੀਂ ਹੋਣਾ ਚਾਹੀਦਾ?

6 ਯਹੋਵਾਹ ਦੇ ਸੇਵਕਾਂ ਵਿਚਕਾਰ ਪਖੰਡ ਲਈ ਕੋਈ ਜਗ੍ਹਾ ਨਹੀਂ ਹੈ। ਪਰ ਇਸਰਾਏਲ ਦੇ ਲੋਕ ਕਿਹੋ ਜਿਹੇ ਸਨ? ਉਹ ‘ਦੋ ਦਿਲੇ’ ਯਾਨੀ ਪਖੰਡੀ ਬਣ ਗਏ ਸਨ! ਭਾਵੇਂ ਕਿ ਯਹੋਵਾਹ ਨੇ ਉਨ੍ਹਾਂ ਨਾਲ ਨੇਮ ਬੰਨ੍ਹਿਆ ਸੀ ਤੇ ਉਹ ਉਸ ਦੀ ਸਮਰਪਿਤ ਕੌਮ ਸਨ, ਪਰ ਉਹ ਪਖੰਡੀ ਸਾਬਤ ਹੋਏ। ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? ਜੇ ਅਸੀਂ ਆਪਣਾ ਜੀਵਨ ਪਰਮੇਸ਼ੁਰ ਨੂੰ ਸਮਰਪਿਤ ਕੀਤਾ ਹੈ, ਤਾਂ ਸਾਨੂੰ ਕਦੀ ਵੀ ਪਖੰਡੀ ਨਹੀਂ ਬਣਨਾ ਚਾਹੀਦਾ। ਕਹਾਉਤਾਂ 3:32 ਵਿਚ ਸਾਨੂੰ ਇਹ ਚੇਤਾਵਨੀ ਦਿੱਤੀ ਗਈ ਹੈ: “ਕੱਬੇ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਪਰ ਸਚਿਆਰਾਂ ਨਾਲ ਉਹ ਦੀ ਦੋਸਤੀ ਹੈ।” ਜੇ ਅਸੀਂ ਪਰਮੇਸ਼ੁਰ ਦੇ ਨਾਲ-ਨਾਲ ਚੱਲਣਾ ਚਾਹੁੰਦੇ ਹਾਂ, ਤਾਂ ਸਾਨੂੰ ਅਜਿਹਾ ਪਿਆਰ ਜ਼ਾਹਰ ਕਰਨਾ ਚਾਹੀਦਾ ਹੈ “ਜਿਹੜਾ ਸ਼ੁੱਧ ਮਨ ਅਤੇ ਸਾਫ਼ ਅੰਤਹਕਰਨ ਅਤੇ ਨਿਸ਼ਕਪਟ ਨਿਹਚਾ ਤੋਂ ਹੁੰਦਾ ਹੈ।”—1 ਤਿਮੋਥਿਉਸ 1:5.

ਪਰਮੇਸ਼ੁਰ ਆਪਣੇ ਲੋਕਾਂ ਨੂੰ ਪਿਆਰ ਕਰਦਾ ਹੈ

7, 8. (ੳ) ਅਸੀਂ ਪਰਮੇਸ਼ੁਰ ਦਾ ਪਿਆਰ ਕਿਵੇਂ ਪਾ ਸਕਦੇ ਹਾਂ? (ਅ) ਜੇ ਅਸੀਂ ਕੋਈ ਵੱਡਾ ਪਾਪ ਕੀਤਾ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?

7ਜੇ ਅਸੀਂ ਯਹੋਵਾਹ ਦੀ ਭਗਤੀ ਸੱਚੇ ਦਿਲੋਂ ਤੇ ਸਹੀ ਤਰੀਕੇ ਨਾਲ ਕਰੀਏ, ਤਾਂ ਉਹ ਸਾਨੂੰ ਪਿਆਰ ਕਰੇਗਾ। ਬਾਗ਼ੀ ਇਸਰਾਏਲੀਆਂ ਨੂੰ ਕਿਹਾ ਗਿਆ ਸੀ: “ਆਪਣੇ ਲਈ ਧਰਮ ਬੀਜੋ, ਦਯਾ ਅਨੁਸਾਰ ਫ਼ਸਲ ਵੱਢੋ, ਆਪਣੀ ਪਈ ਹੋਈ ਜ਼ਮੀਨ ਵਿੱਚ ਹਲ ਚਲਾਓ, ਏਹ ਯਹੋਵਾਹ ਦੇ ਭਾਲਣ ਦਾ ਵੇਲਾ ਹੈ, ਜਦ ਤੀਕ ਉਹ ਨਾ ਆਵੇ ਅਤੇ ਤੁਹਾਡੇ ਉੱਤੇ ਧਰਮ ਨਾ ਵਰਹਾਵੇ।”—ਹੋਸ਼ੇਆ 10:12.

8 ਕਾਸ਼ ਇਸਰਾਏਲੀਆਂ ਨੇ ਤੋਬਾ ਕਰ ਕੇ ਯਹੋਵਾਹ ਦੀ ਭਾਲ ਕੀਤੀ ਹੁੰਦੀ! ਜੇ ਉਹ ਇਸ ਤਰ੍ਹਾਂ ਕਰਦੇ, ਤਾਂ ਯਹੋਵਾਹ ਨੇ ਉਨ੍ਹਾਂ ਉੱਤੇ ਬਰਕਤਾਂ ਵਰ੍ਹਾਉਣੀਆਂ ਸਨ। ਜੇ ਅਸੀਂ ਕੋਈ ਵੱਡਾ ਪਾਪ ਕੀਤਾ ਹੈ, ਤਾਂ ਆਓ ਆਪਾਂ ਪ੍ਰਾਰਥਨਾ ਰਾਹੀਂ ਯਹੋਵਾਹ ਨੂੰ ਭਾਲਦੇ ਹੋਏ ਉਸ ਤੋਂ ਮਾਫ਼ੀ ਮੰਗੀਏ ਅਤੇ ਮਸੀਹੀ ਬਜ਼ੁਰਗਾਂ ਦੀ ਮਦਦ ਲਈਏ। (ਯਾਕੂਬ 5:13-16) ਸਾਨੂੰ ਯਹੋਵਾਹ ਦੀ ਪਵਿੱਤਰ ਆਤਮਾ ਦੀ ਅਗਵਾਈ ਭਾਲਣੀ ਚਾਹੀਦੀ ਹੈ ਕਿਉਂਕਿ “ਜਿਹੜਾ ਆਪਣੇ ਸਰੀਰ ਲਈ ਬੀਜਦਾ ਹੈ ਉਹ ਸਰੀਰੋਂ ਬਿਨਾਸ ਨੂੰ ਵੱਢੇਗਾ ਅਤੇ ਜਿਹੜਾ ਆਤਮਾ ਲਈ ਬੀਜਦਾ ਹੈ ਉਹ ਆਤਮਾ ਤੋਂ ਸਦੀਪਕ ਜੀਵਨ ਨੂੰ ਵੱਢੇਗਾ।” (ਗਲਾਤੀਆਂ 6:8) ਜੇ ਅਸੀਂ ‘ਆਤਮਾ ਲਈ ਬੀਜਦੇ’ ਹਾਂ, ਤਾਂ ਅਸੀਂ ਪਰਮੇਸ਼ੁਰ ਦਾ ਪਿਆਰ ਪਾਵਾਂਗੇ।

9, 10. ਹੋਸ਼ੇਆ 11:1-4 ਇਸਰਾਏਲੀਆਂ ਉੱਤੇ ਕਿਵੇਂ ਲਾਗੂ ਹੋਇਆ ਸੀ?

9 ਸਾਨੂੰ ਭਰੋਸਾ ਹੈ ਕਿ ਯਹੋਵਾਹ ਆਪਣੇ ਲੋਕਾਂ ਨਾਲ ਹਮੇਸ਼ਾ ਪਿਆਰ ਨਾਲ ਪੇਸ਼ ਆਉਂਦਾ ਹੈ। ਇਸ ਦਾ ਸਬੂਤ ਸਾਨੂੰ ਹੋਸ਼ੇਆ 11:1-4 ਵਿਚ ਮਿਲਦਾ ਹੈ: “ਜਦ ਇਸਰਾਏਲ ਮੁੰਡਾ ਸੀ ਮੈਂ ਉਹ ਨੂੰ ਪਿਆਰ ਕੀਤਾ, ਅਤੇ ਆਪਣੇ ਪੁੱਤ੍ਰ ਨੂੰ ਮਿਸਰ ਵਿੱਚੋਂ ਸੱਦਿਆ। . . . ਓਹਨਾਂ ਨੇ ਬਆਲਾਂ ਲਈ ਬਲੀਆਂ ਚੜ੍ਹਾਈਆਂ, ਅਤੇ ਮੂਰਤੀਆਂ ਲਈ ਧੂਪ ਧੁਖਾਈ। ਮੈਂ ਅਫ਼ਰਾਈਮ [ਯਾਨੀ ਇਸਰਾਏਲੀਆਂ] ਨੂੰ ਤੁਰਨਾ ਸਿਖਾਇਆ, ਮੈਂ ਓਹਨਾਂ ਨੂੰ ਆਪਣੀਆਂ ਬਾਹਾਂ ਉੱਤੇ ਚੁੱਕ ਲਿਆ, ਪਰ ਓਹਨਾਂ ਨਾ ਜਾਤਾ ਕਿ ਮੈਂ ਓਹਨਾਂ ਨੂੰ ਚੰਗਾ ਕੀਤਾ। ਮੈਂ ਓਹਨਾਂ ਨੂੰ ਆਦਮੀ ਦਿਆਂ ਰੱਸਿਆਂ ਨਾਲ, ਅਤੇ ਪ੍ਰੇਮ ਦਿਆਂ ਬੰਧਨਾਂ ਨਾਲ ਖਿੱਚਿਆ। ਮੈਂ ਓਹਨਾਂ ਲਈ ਉਹ ਬਣਿਆ ਜੋ ਓਹਨਾਂ ਦੇ ਜਬਾੜਿਆਂ ਉੱਤੋਂ ਲਗਾਮ ਚੁੱਕਦਾ ਹੈ, ਮੈਂ ਓਹਨਾਂ ਦੀ ਵੱਲ ਝੁਕ ਕੇ ਖੁਆਇਆ।”

10 ਇੱਥੇ ਯਹੋਵਾਹ ਨੇ ਇਸਰਾਏਲ ਦੀ ਤੁਲਨਾ ਇਕ ਛੋਟੇ ਬੱਚੇ ਨਾਲ ਕੀਤੀ। ਉਸ ਨੇ ਉਨ੍ਹਾਂ ਨੂੰ ਤੁਰਨਾ ਸਿਖਾਇਆ ਅਤੇ ਉਨ੍ਹਾਂ ਨੂੰ ਆਪਣੀਆਂ ਬਾਹਾਂ ਉੱਤੇ ਚੁੱਕਿਆ। ਉਹ “ਪ੍ਰੇਮ ਦਿਆਂ ਬੰਧਨਾਂ” ਨਾਲ ਉਨ੍ਹਾਂ ਨੂੰ ਆਪਣੇ ਵੱਲ ਖਿੱਚਦਾ ਰਿਹਾ। ਇਹ ਕੋਮਲਤਾ ਅਤੇ ਪਿਆਰ ਦੀ ਕਿੰਨੀ ਵਧੀਆ ਤਸਵੀਰ ਹੈ! ਜੇਕਰ ਤੁਸੀਂ ਮਾਪੇ ਹੋ, ਤਾਂ ਜ਼ਰਾ ਕਲਪਨਾ ਕਰੋ: ਤੁਸੀਂ ਆਪਣੇ ਬੱਚੇ ਨੂੰ ਚੱਲਣਾ ਸਿਖਾ ਰਹੇ ਹੋ। ਜਦ ਉਹ ਛੋਟੇ-ਛੋਟੇ ਕਦਮ ਅੱਗੇ ਪੁੱਟਦਾ ਹੈ, ਤਾਂ ਸ਼ਾਇਦ ਤੁਸੀਂ ਉਸ ਦੇ ਸਾਮ੍ਹਣੇ ਆਪਣੀਆਂ ਬਾਹਾਂ ਫੈਲਾਉਂਦੇ ਹੋ। ਯਹੋਵਾਹ ਵੀ ਇਸੇ ਤਰ੍ਹਾਂ ਪਿਆਰ ਨਾਲ ਸਾਨੂੰ ਤੁਰਨਾ ਸਿਖਾਉਂਦਾ ਹੈ। ਉਹ “ਪ੍ਰੇਮ ਦਿਆਂ ਬੰਧਨਾਂ” ਨਾਲ ਸਾਨੂੰ ਆਪਣੇ ਵੱਲ ਖਿੱਚਦਾ ਹੈ।

11. ਯਹੋਵਾਹ ਉਸ ਵਿਅਕਤੀ ਵਾਂਗ ਕਿਵੇਂ ਸੀ ਜੋ ਪਸ਼ੂਆਂ ਦੇ “ਜਬਾੜਿਆਂ ਉੱਤੋਂ ਲਗਾਮ ਚੁੱਕਦਾ ਹੈ”?

11 ਯਹੋਵਾਹ ਨੇ ਮਾਨੋ ਇਸਰਾਏਲੀਆਂ ਦੇ ‘ਜਬਾੜਿਆਂ ਉੱਤੋਂ ਲਗਾਮ ਚੁੱਕੀ ਅਤੇ ਓਹਨਾਂ ਦੀ ਵੱਲ ਝੁਕ ਕੇ ਖੁਆਇਆ।’ ਪਰਮੇਸ਼ੁਰ ਉਸ ਇਨਸਾਨ ਵਾਂਗ ਪੇਸ਼ ਆਇਆ ਜੋ ਆਪਣੇ ਕਿਸੇ ਜਾਨਵਰ ਦੀ ਲਗਾਮ ਲਾਹੁੰਦਾ ਹੈ ਤਾਂਕਿ ਜਾਨਵਰ ਨੂੰ ਖਾਣ ਵਿਚ ਕੋਈ ਤਕਲੀਫ਼ ਨਾ ਆਏ। ਲਗਾਮ ਇਸ ਗੱਲ ਦੀ ਨਿਸ਼ਾਨੀ ਸੀ ਕਿ ਉਹ ਪਰਮੇਸ਼ੁਰ ਦੇ ਅਧੀਨ ਸਨ। ਪਰ ਜਦੋਂ ਇਸਰਾਏਲੀਆਂ ਨੇ ਯਹੋਵਾਹ ਦੀ ਲਗਾਮ ਨੂੰ ਠੁਕਰਾਇਆ, ਤਾਂ ਉਹ ਆਪਣੇ ਦੁਸ਼ਮਣਾਂ ਦੇ ਕਬਜ਼ੇ ਵਿਚ ਆ ਗਏ ਜਿਨ੍ਹਾਂ ਨੇ ਉਨ੍ਹਾਂ ਉੱਤੇ ਬਹੁਤ ਜ਼ੁਲਮ ਕੀਤੇ। (ਬਿਵਸਥਾ ਸਾਰ 28:45, 48; ਯਿਰਮਿਯਾਹ 28:14) ਆਓ ਆਪਾਂ ਕਦੀ ਵੀ ਆਪਣੇ ਵੈਰੀ ਸ਼ਤਾਨ ਦੇ ਫੰਦੇ ਵਿਚ ਫਸ ਕੇ ਬੁਰੇ ਨਤੀਜੇ ਨਾ ਭੁਗਤੀਏ। ਇਸ ਦੀ ਬਜਾਇ, ਆਓ ਆਪਾਂ ਵਫ਼ਾਦਾਰੀ ਨਾਲ ਪਰਮੇਸ਼ੁਰ ਦੇ ਨਾਲ-ਨਾਲ ਚੱਲਦੇ ਰਹੀਏ।

ਪਰਮੇਸ਼ੁਰ ਉੱਤੇ ਹਮੇਸ਼ਾ ਭਰੋਸਾ ਰੱਖੋ

12. ਹੋਸ਼ੇਆ 12:6 ਮੁਤਾਬਕ ਪਰਮੇਸ਼ੁਰ ਦੇ ਨਾਲ ਚੱਲਦੇ ਰਹਿਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?

12ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਲਈ ਸਾਨੂੰ ਹਮੇਸ਼ਾ ਉਸ ਤੇ ਭਰੋਸਾ ਰੱਖਣਾ ਚਾਹੀਦਾ ਹੈ। ਇਸਰਾਏਲੀਆਂ ਨੂੰ ਸਲਾਹ ਦਿੱਤੀ ਗਈ ਸੀ: “ਤੂੰ ਆਪਣੇ ਪਰਮੇਸ਼ੁਰ ਵੱਲ ਮੁੜ, ਦਯਾ ਅਤੇ ਨਿਆਉਂ ਦੀ ਪਾਲਨਾ ਕਰ, ਅਤੇ ਸਦਾ ਆਪਣੇ ਪਰਮੇਸ਼ੁਰ ਦੀ ਉਡੀਕ ਕਰ।” (ਹੋਸ਼ੇਆ 12:6) ਹਾਂ, ਕੁਰਾਹੇ ਪਏ ਇਸਰਾਏਲੀ ਤੋਬਾ ਕਰ ਕੇ ਯਹੋਵਾਹ ਵੱਲ ਮੁੜ ਸਕਦੇ ਸਨ। ਉਹ ਦਇਆ ਤੇ ਨਿਆਂ ਕਰ ਕੇ ਅਤੇ ‘ਸਦਾ ਆਪਣੇ ਪਰਮੇਸ਼ੁਰ ਦੀ ਉਡੀਕ ਕਰ ਕੇ’ ਯਾਨੀ ਉਸ ਉੱਤੇ ਭਰੋਸਾ ਰੱਖ ਕੇ ਆਪਣੀ ਤੋਬਾ ਦਾ ਸਬੂਤ ਦੇ ਸਕਦੇ ਸਨ। ਭਾਵੇਂ ਅਸੀਂ ਹੁਣ ਤਕ ਵਫ਼ਾਦਾਰੀ ਨਾਲ ਯਹੋਵਾਹ ਦੇ ਨਾਲ-ਨਾਲ ਚੱਲਦੇ ਆਏ ਹਾਂ, ਫਿਰ ਵੀ ਸਾਨੂੰ ਦਇਆ ਅਤੇ ਨਿਆਂ ਕਰਨ ਅਤੇ ਪਰਮੇਸ਼ੁਰ ਦੀ ਉਡੀਕ ਕਰਦੇ ਰਹਿਣ ਦੀ ਲੋੜ ਹੈ।—ਜ਼ਬੂਰਾਂ ਦੀ ਪੋਥੀ 27:14.

13, 14. ਪੌਲੁਸ ਨੇ ਹੋਸ਼ੇਆ 13:14 ਦਾ ਹਵਾਲਾ ਦੇ ਕੇ ਕੀ ਕਿਹਾ ਸੀ ਅਤੇ ਇਸ ਤੋਂ ਸਾਨੂੰ ਯਹੋਵਾਹ ਉੱਤੇ ਭਰੋਸਾ ਰੱਖਣ ਦਾ ਕਿਹੜਾ ਕਾਰਨ ਮਿਲਦਾ ਹੈ?

13 ਹੋਸ਼ੇਆ ਦੀ ਭਵਿੱਖਬਾਣੀ ਸਾਨੂੰ ਪਰਮੇਸ਼ੁਰ ਉੱਤੇ ਭਰੋਸਾ ਰੱਖਣ ਦਾ ਖ਼ਾਸ ਕਾਰਨ ਦਿੰਦੀ ਹੈ। ਯਹੋਵਾਹ ਨੇ ਇਸਰਾਏਲੀਆਂ ਬਾਰੇ ਕਿਹਾ: ‘ਮੈਂ ਪਤਾਲ ਦੇ ਕਾਬੂ ਤੋਂ ਓਹਨਾਂ ਦੇ ਛੁਟਕਾਰੇ ਦਾ ਮੁੱਲ ਭਰਾਂਗਾ। ਮੈਂ ਮੌਤ ਤੋਂ ਓਹਨਾਂ ਦਾ ਨਿਸਤਾਰਾ ਦਿਆਂਗਾ। ਹੇ ਮੌਤ, ਤੇਰੀਆਂ ਬਵਾਂ ਕਿੱਥੇ ਹਨ? ਹੇ ਪਤਾਲ, ਤੇਰੀ ਤਬਾਹੀ ਕਿੱਥੇ ਹੈ?’ (ਹੋਸ਼ੇਆ 13:14) ਯਹੋਵਾਹ ਨੇ ਉਸ ਸਮੇਂ ਇਸਰਾਏਲੀਆਂ ਨੂੰ ਮੌਤ ਤੋਂ ਨਹੀਂ ਬਚਾਉਣਾ ਸੀ, ਪਰ ਇਕ ਵੇਲਾ ਅਜਿਹਾ ਆਵੇਗਾ ਜਦੋਂ ਯਹੋਵਾਹ ਮੌਤ ਨੂੰ ਸਦਾ ਲਈ ਮਿਟਾ ਦੇਵੇਗਾ।

14 ਮਸਹ ਕੀਤੇ ਹੋਏ ਮਸੀਹੀਆਂ ਨੂੰ ਲਿਖਦੇ ਸਮੇਂ ਪੌਲੁਸ ਨੇ ਹੋਸ਼ੇਆ ਦੀ ਭਵਿੱਖਬਾਣੀ ਦਾ ਹਵਾਲਾ ਦਿੱਤਾ ਸੀ। ਉਸ ਨੇ ਲਿਖਿਆ: “ਜਾਂ ਇਹ ਨਾਸਵਾਨ ਅਵਿਨਾਸ ਨੂੰ ਅਤੇ ਇਹ ਮਰਨਹਾਰ ਅਮਰਤਾ ਨੂੰ ਉਦਾਲੇ ਪਾ ਚੁੱਕੇਗਾ ਤਾਂ ਉਹ ਗੱਲ ਜਿਹੜੀ ਲਿਖੀ ਹੋਈ ਹੈ ਪੂਰੀ ਹੋ ਜਾਵੇਗੀ,—ਮੌਤ ਫਤਹ ਦੀ ਬੁਰਕੀ ਹੋ ਗਈ। ਹੇ ਮੌਤ, ਤੇਰੀ ਫਤਹ ਕਿੱਥੇ ਹੈ? ਹੇ ਮੌਤ, ਤੇਰਾ ਡੰਗ ਕਿੱਥੇ ਹੈ? ਮੌਤ ਦਾ ਡੰਗ ਪਾਪ ਹੈ ਅਤੇ ਪਾਪ ਦਾ ਬਲ ਸ਼ਰਾ ਹੈ। ਪਰ ਧੰਨਵਾਦ ਹੈ ਪਰਮੇਸ਼ੁਰ ਦਾ ਜੋ ਸਾਨੂੰ ਸਾਡੇ ਪ੍ਰਭੁ ਯਿਸੂ ਮਸੀਹ ਦੇ ਰਾਹੀਂ ਫਤਹ ਬਖਸ਼ਦਾ ਹੈ!” (1 ਕੁਰਿੰਥੀਆਂ 15:54-57) ਯਹੋਵਾਹ ਨੇ ਯਿਸੂ ਨੂੰ ਦੁਬਾਰਾ ਜੀਉਂਦਾ ਕਰ ਕੇ ਸਾਨੂੰ ਇਹ ਗਾਰੰਟੀ ਦਿੱਤੀ ਹੈ ਕਿ ਉਹ ਉਨ੍ਹਾਂ ਸਾਰੇ ਹੀ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ ਜੋ ਉਸ ਦੀ ਯਾਦਾਸ਼ਤ ਵਿਚ ਹਨ। (ਯੂਹੰਨਾ 5:28, 29) ਕੀ ਇਹ ਯਹੋਵਾਹ ਉੱਤੇ ਭਰੋਸਾ ਰੱਖਣ ਦਾ ਵਧੀਆ ਕਾਰਨ ਨਹੀਂ? ਪਰ ਜੀ ਉਠਾਏ ਜਾਣ ਦੀ ਉਮੀਦ ਦੇ ਨਾਲ-ਨਾਲ ਇਕ ਹੋਰ ਗੱਲ ਸਾਨੂੰ ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਲਈ ਪ੍ਰੇਰਿਤ ਕਰਦੀ ਹੈ।

ਯਹੋਵਾਹ ਦੇ ਮਾਰਗ ਹਮੇਸ਼ਾ ਸਿੱਧੇ ਹੁੰਦੇ ਹਨ

15, 16. ਸਾਮਰਿਯਾ ਬਾਰੇ ਕਿਹੜੀ ਭਵਿੱਖਬਾਣੀ ਕੀਤੀ ਗਈ ਸੀ ਅਤੇ ਇਹ ਕਿਵੇਂ ਪੂਰੀ ਹੋਈ?

15ਅਸੀਂ ਯਹੋਵਾਹ ਦੇ ਨਾਲ-ਨਾਲ ਇਸ ਲਈ ਚੱਲਦੇ ਰਹਿੰਦੇ ਹਾਂ ਕਿਉਂਕਿ ਸਾਨੂੰ ਪੱਕਾ ਯਕੀਨ ਹੈ ਕਿ ‘ਉਸ ਦੇ ਮਾਰਗ ਸਿੱਧੇ ਹਨ।’ ਸਾਮਰਿਯਾ ਦੇ ਵਾਸੀ ਯਹੋਵਾਹ ਦੇ ਸਹੀ ਮਾਰਗਾਂ ਤੇ ਨਹੀਂ ਚੱਲੇ। ਉਨ੍ਹਾਂ ਨੂੰ ਆਪਣੇ ਪਾਪਾਂ ਅਤੇ ਨਿਹਚਾ ਦੀ ਘਾਟ ਦੀ ਸਜ਼ਾ ਭੁਗਤਣੀ ਪੈਣੀ ਸੀ। ਇਹ ਭਵਿੱਖਬਾਣੀ ਕੀਤੀ ਗਈ ਸੀ ਕਿ “ਸਾਮਰਿਯਾ ਆਪਣਾ ਦੋਸ਼ ਚੁੱਕੇਗਾ, ਕਿਉਂ ਜੋ ਉਹ ਆਪਣੇ ਪਰਮੇਸ਼ੁਰ ਤੋਂ ਆਕੀ ਹੋ ਗਿਆ ਹੈ, ਓਹ ਤਲਵਾਰ ਨਾਲ ਡਿੱਗਣਗੇ, ਓਹਨਾਂ ਦੇ ਨਿਆਣੇ ਪਟਕਾ ਦਿੱਤੇ ਜਾਣਗੇ, ਅਤੇ ਓਹਨਾਂ ਦੀਆਂ ਗਰਭਵੰਤੀਆਂ ਚੀਰੀਆਂ ਜਾਣਗੀਆਂ!” (ਹੋਸ਼ੇਆ 13:16) ਇਤਿਹਾਸਕ ਰਿਕਾਰਡ ਬਿਆਨ ਕਰਦੇ ਹਨ ਕਿ ਅੱਸ਼ੂਰੀ ਲੋਕ ਦੂਸਰਿਆਂ ਉੱਤੇ ਅਜਿਹੇ ਜ਼ੁਲਮ ਕਰਦੇ ਹੁੰਦੇ ਸਨ।

16 ਸਾਮਰਿਯਾ ਇਸਰਾਏਲ ਦੀ ਰਾਜਧਾਨੀ ਸੀ। ਪਰ ਹੋਸ਼ੇਆ 13:16 ਵਿਚ ਸ਼ਾਇਦ ਪੂਰੇ ਇਸਰਾਏਲ ਨੂੰ ਹੀ ਸਾਮਰਿਯਾ ਕਿਹਾ ਗਿਆ ਹੈ। (1 ਰਾਜਿਆਂ 21:1) ਸੰਨ 742 ਈ.ਪੂ. ਵਿਚ ਅੱਸ਼ੂਰੀ ਰਾਜਾ ਸ਼ਲਮਨਸਰ ਪੰਜਵੇਂ ਨੇ ਸਾਮਰਿਯਾ ਸ਼ਹਿਰ ਦੀ ਘੇਰਾਬੰਦੀ ਕੀਤੀ। ਜਦ 740 ਈ.ਪੂ. ਵਿਚ ਸਾਮਰਿਯਾ ਦਾ ਨਾਸ਼ ਹੋਇਆ, ਤਾਂ ਉਸ ਦੇ ਵਾਸੀਆਂ ਨੂੰ ਬੰਦੀ ਬਣਾ ਕੇ ਮੇਸੋਪੋਟੇਮੀਆ ਤੇ ਮਾਦਾ ਦੇਸ਼ ਲਿਜਾਇਆ ਗਿਆ ਸੀ। ਇਹ ਪੱਕੇ ਤੌਰ ਤੇ ਨਹੀਂ ਕਿਹਾ ਜਾ ਸਕਦਾ ਕਿ ਸਾਮਰਿਯਾ ਉੱਤੇ ਜਿੱਤ ਪ੍ਰਾਪਤ ਕਰਨ ਵਾਲਾ ਸ਼ਲਮਨਸਰ ਪੰਜਵਾਂ ਸੀ ਜਾਂ ਉਸ ਤੋਂ ਬਾਅਦ ਆਉਣ ਵਾਲਾ ਰਾਜਾ ਸਰਗੋਨ ਦੂਜਾ ਸੀ। (2 ਰਾਜਿਆਂ 17:1-6, 22, 23; 18:9-12) ਇੰਨਾ ਜ਼ਰੂਰ ਹੈ ਕਿ ਸਰਗੋਨ ਦੇ ਰਿਕਾਰਡਾਂ ਵਿਚ ਇਸ ਗੱਲ ਦਾ ਜ਼ਿਕਰ ਹੈ ਕਿ ਉਹ 27,290 ਇਸਰਾਏਲੀਆਂ ਨੂੰ ਬੰਦੀ ਬਣਾ ਕੇ ਫਰਾਤ ਦੇ ਉੱਤਰੀ ਇਲਾਕੇ ਅਤੇ ਮਾਦਾ ਦੇਸ਼ ਵਿਚ ਲੈ ਗਿਆ ਸੀ।

17. ਪਰਮੇਸ਼ੁਰ ਦੇ ਮਿਆਰਾਂ ਦੀ ਉਲੰਘਣਾ ਕਰਨ ਦੀ ਬਜਾਇ ਸਾਨੂੰ ਕੀ ਕਰਨਾ ਚਾਹੀਦਾ ਹੈ?

17 ਸਾਮਰਿਯਾ ਦੇ ਵਾਸੀਆਂ ਨੇ ਯਹੋਵਾਹ ਦੇ ਹੁਕਮ ਤੋੜਨ ਅਤੇ ਉਸ ਦੇ ਮਾਰਗਾਂ ਤੋਂ ਮੂੰਹ ਮੋੜਨ ਦੀ ਵੱਡੀ ਕੀਮਤ ਚੁਕਾਈ। ਮਸੀਹੀ ਹੋਣ ਦੇ ਨਾਤੇ ਜੇ ਅਸੀਂ ਜਾਣ-ਬੁੱਝ ਕੇ ਯਹੋਵਾਹ ਦੇ ਨਿਯਮਾਂ ਨੂੰ ਤੋੜ ਕੇ ਪਾਪ ਕਰਦੇ ਹਾਂ ਅਤੇ ਉਸ ਦੇ ਉੱਚੇ ਮਿਆਰਾਂ ਦੀ ਉਲੰਘਣਾ ਕਰਦੇ ਰਹਿੰਦੇ ਹਾਂ, ਤਾਂ ਸਾਨੂੰ ਵੀ ਦੁਖਦਾਈ ਨਤੀਜੇ ਭੁਗਤਣੇ ਪੈਣਗੇ। ਆਓ ਆਪਾਂ ਅਜਿਹਾ ਗ਼ਲਤ ਰਾਹ ਕਦੀ ਵੀ ਨਾ ਅਪਣਾਈਏ! ਇਸ ਦੀ ਬਜਾਇ, ਆਓ ਆਪਾਂ ਪਤਰਸ ਰਸੂਲ ਦੀ ਸਲਾਹ ਉੱਤੇ ਚੱਲੀਏ: “ਐਉਂ ਨਾ ਹੋਵੇ ਜੋ ਤੁਹਾਡੇ ਵਿੱਚੋਂ ਕੋਈ ਖੂਨੀ ਯਾ ਚੋਰ ਯਾ ਬੁਰਿਆਰ ਯਾ ਹੋਰਨਾਂ ਦੇ ਕੰਮ ਵਿੱਚ ਲੱਤ ਅੜਾਉਣ ਵਾਲਾ ਹੋ ਕੇ ਦੁਖ ਪਾਵੇ! ਪਰ ਜੇ ਕੋਈ ਮਸੀਹੀ ਹੋਣ ਕਰਕੇ ਦੁਖ ਪਾਵੇ ਤਾਂ ਲੱਜਿਆਵਾਨ ਨਾ ਹੋਵੇ ਸਗੋਂ ਇਸ ਨਾਮ ਦੇ ਕਾਰਨ ਪਰਮੇਸ਼ੁਰ ਦੀ ਵਡਿਆਈ ਕਰੇ।”—1 ਪਤਰਸ 4:15, 16.

18. ਅਸੀਂ “ਪਰਮੇਸ਼ੁਰ ਦੀ ਵਡਿਆਈ” ਕਿਵੇਂ ਕਰਦੇ ਰਹਿ ਸਕਦੇ ਹਾਂ?

18 ਆਪਣੀ ਮਰਜ਼ੀ ਕਰਨ ਦੀ ਬਜਾਇ ਅਸੀਂ ਯਹੋਵਾਹ ਦੇ ਸਿੱਧੇ ਰਾਹਾਂ ਤੇ ਚੱਲ ਕੇ ‘ਉਸ ਦੀ ਵਡਿਆਈ ਕਰਦੇ ਹਾਂ।’ ਯਹੋਵਾਹ ਨੇ ਕਇਨ ਨੂੰ ਚੇਤਾਵਨੀ ਦਿੱਤੀ ਸੀ ਕਿ ਪਾਪ ਉਸ ਉੱਤੇ ਹਾਵੀ ਹੋਣ ਵਾਲਾ ਸੀ। ਪਰ ਕਇਨ ਨੇ ਯਹੋਵਾਹ ਦੀ ਗੱਲ ਮੰਨਣ ਦੀ ਬਜਾਇ ਆਪਣੀ ਮਰਜ਼ੀ ਕੀਤੀ ਅਤੇ ਨਤੀਜੇ ਵਜੋਂ ਉਸ ਨੇ ਆਪਣੇ ਭਰਾ ਦਾ ਕਤਲ ਕਰ ਦਿੱਤਾ। (ਉਤਪਤ 4:1-8) ਝੂਠੇ ਨਬੀ ਬਿਲਆਮ ਨੇ ਮੋਆਬ ਦੇ ਰਾਜੇ ਤੋਂ ਰਿਸ਼ਵਤ ਲੈ ਕੇ ਇਸਰਾਏਲ ਨੂੰ ਸਰਾਪ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਫ਼ਲ ਨਹੀਂ ਹੋਇਆ। (ਗਿਣਤੀ 24:10) ਯਹੋਵਾਹ ਨੇ ਮੂਸਾ ਅਤੇ ਹਾਰੂਨ ਵਿਰੁੱਧ ਬਗਾਵਤ ਕਰਨ ਵਾਲੇ ਕੋਰਹ ਲੇਵੀ ਅਤੇ ਉਸ ਦੇ ਸਾਥੀਆਂ ਨੂੰ ਮੌਤ ਦੀ ਸਜ਼ਾ ਦਿੱਤੀ। (ਗਿਣਤੀ 16:1-3, 31-33) ਅਸੀਂ ‘ਕਇਨ ਦੇ ਹਿੰਸਕ ਰਾਹ’ ਤੇ ਨਹੀਂ ਤੁਰਨਾ ਚਾਹੁੰਦੇ ਅਤੇ “ਬਿਲਆਮ ਦੇ ਭਰਮ ਵਿੱਚ ਸਿਰ ਤੋੜ” ਨਹੀਂ ਭੱਜਣਾ ਚਾਹੁੰਦੇ ਅਤੇ ਨਾ ਹੀ ਕੋਰਾਹ ਵਾਂਗ ਵਿਰੋਧੀ ਗੱਲਾਂ ਕਰ ਕੇ ਨਾਸ਼ ਹੋਣਾ ਚਾਹੁੰਦੇ ਹਾਂ। (ਯਹੂਦਾਹ 11) ਪਰ ਜੇ ਅਸੀਂ ਪਾਪ ਕਰ ਬੈਠੀਏ, ਤਾਂ ਹੋਸ਼ੇਆ ਦੀ ਪੋਥੀ ਤੋਂ ਸਾਨੂੰ ਦਿਲਾਸਾ ਮਿਲਦਾ ਹੈ।

ਪਾਪੀ ਵਾਪਸ ਯਹੋਵਾਹ ਵੱਲ ਮੁੜ ਸਕਦੇ ਹਨ

19, 20. ਤੋਬਾ ਕਰਨ ਵਾਲੇ ਇਸਰਾਏਲੀ ਕਿਹੜੇ ਬਲੀਦਾਨ ਚੜ੍ਹਾ ਸਕਦੇ ਸਨ?

19ਜੇ ਅਸੀਂ ਕੋਈ ਵੱਡਾ ਪਾਪ ਕਰ ਵੀ ਬੈਠੀਏ, ਤਾਂ ਅਸੀਂ ਯਹੋਵਾਹ ਵੱਲ ਦੁਬਾਰਾ ਮੁੜ ਸਕਦੇ ਹਾਂ। ਹੋਸ਼ੇਆ 14:1, 2 ਵਿਚ ਅਸੀਂ ਇਹ ਬੇਨਤੀ ਪੜ੍ਹਦੇ ਹਾਂ: “ਹੇ ਇਸਰਾਏਲ, ਯਹੋਵਾਹ ਆਪਣੇ ਪਰਮੇਸ਼ੁਰ ਵੱਲ ਮੁੜ, ਕਿਉਂ ਜੋ ਤੈਂ ਆਪਣੀ ਬਦੀ ਦੇ ਕਾਰਨ ਠੋਕਰ ਖਾਧੀ। ਆਪਣੇ ਨਾਲ ਬਚਨਾਂ ਨੂੰ ਲੈ ਕੇ ਯਹੋਵਾਹ ਵੱਲ ਮੁੜੋ, ਉਹ ਨੂੰ ਆਖੋ, ਸਾਰੀ ਬਦੀ ਨੂੰ ਚੁੱਕ ਅਤੇ ਨੇਕੀ ਨੂੰ ਕਬੂਲ ਕਰ, ਅਤੇ ਅਸੀਂ ਵਹਿੜਕਿਆਂ ਦੇ ਥਾਂ ਆਪਣਿਆਂ ਬੁੱਲ੍ਹਾਂ ਨੂੰ ਪੇਸ਼ ਕਰਾਂਗੇ।”

20 ਤੋਬਾ ਕਰਨ ਵਾਲੇ ਇਸਰਾਏਲੀ ‘ਵਹਿੜਕਿਆਂ ਦੇ ਥਾਂ ਆਪਣਿਆਂ ਬੁੱਲ੍ਹਾਂ ਨੂੰ ਪੇਸ਼ ਕਰ ਸਕਦੇ ਸਨ।’ ਕਹਿਣ ਦਾ ਭਾਵ ਕਿ ਉਹ ਆਪਣੇ ਬੁੱਲ੍ਹਾਂ ਨਾਲ ਯਹੋਵਾਹ ਦੀ ਵਡਿਆਈ ਕਰ ਸਕਦੇ ਸਨ। ਪੌਲੁਸ ਨੇ ਇਸੇ ਗੱਲ ਦਾ ਜ਼ਿਕਰ ਕੀਤਾ ਸੀ ਜਦ ਉਸ ਨੇ ਮਸੀਹੀਆਂ ਨੂੰ ਤਾਕੀਦ ਕੀਤੀ ਕਿ ਉਹ ‘ਉਸਤਤ ਦਾ ਬਲੀਦਾਨ ਅਰਥਾਤ ਉਨ੍ਹਾਂ ਬੁੱਲ੍ਹਾਂ ਦਾ ਫਲ ਜਿਹੜੇ ਉਹ ਦੇ ਨਾਮ ਨੂੰ ਮੰਨ ਲੈਂਦੇ ਹਨ ਪਰਮੇਸ਼ੁਰ ਦੇ ਅੱਗੇ ਸਦਾ ਚੜ੍ਹਾਇਆ ਕਰਨ।’ (ਇਬਰਾਨੀਆਂ 13:15) ਅੱਜ ਸਾਡੇ ਕੋਲ ਪਰਮੇਸ਼ੁਰ ਦੇ ਨਾਲ-ਨਾਲ ਚੱਲ ਕੇ ਅਜਿਹੇ ਬਲੀਦਾਨ ਚੜ੍ਹਾਉਣ ਦਾ ਕਿੰਨਾ ਵੱਡਾ ਸਨਮਾਨ ਹੈ!

21, 22. ਤੋਬਾ ਕਰਨ ਵਾਲੇ ਇਸਰਾਏਲੀਆਂ ਨੂੰ ਕਿਹੜੀਆਂ ਅਸੀਸਾਂ ਮਿਲੀਆਂ?

21 ਆਪਣੇ ਬੁਰੇ ਰਾਹ ਛੱਡਣ ਅਤੇ ਪਰਮੇਸ਼ੁਰ ਵੱਲ ਮੁੜਨ ਵਾਲੇ ਇਸਰਾਏਲੀਆਂ ਨੇ ਸੱਚੇ ਦਿਲੋਂ ਯਹੋਵਾਹ ਦੀ ਮਹਿਮਾ ਕੀਤੀ। ਨਤੀਜੇ ਵਜੋਂ ਉਹ ਰੂਹਾਨੀ ਤੌਰ ਤੇ ਤੰਦਰੁਸਤ ਹੋ ਗਏ ਜਿਵੇਂ ਯਹੋਵਾਹ ਨੇ ਵਾਅਦਾ ਕੀਤਾ ਸੀ। ਹੋਸ਼ੇਆ 14:4-7 ਵਿਚ ਅਸੀਂ ਪੜ੍ਹਦੇ ਹਾਂ: “ਮੈਂ [ਯਹੋਵਾਹ] ਓਹਨਾਂ ਦੇ ਫਿਰ ਜਾਣ ਦਾ ਇਲਾਜ ਕਰਾਂਗਾ, ਮੈਂ ਖੁੱਲ੍ਹੇ ਦਿਲ ਨਾਲ ਓਹਨਾਂ ਨੂੰ ਪਿਆਰ ਕਰਾਂਗਾ, ਕਿਉਂਕਿ ਮੇਰਾ ਕ੍ਰੋਧ ਓਹਨਾਂ ਤੋਂ ਫਿਰ ਗਿਆ ਹੈ। ਮੈਂ ਇਸਰਾਏਲ ਲਈ ਤ੍ਰੇਲ ਵਾਂਙੁ ਹੋਵਾਂਗਾ, ਉਹ ਸੋਸਨ ਵਾਂਙੁ ਹਰਾ ਭਰਾ ਹੋਵੇਗਾ, ਅਤੇ ਲਬਾਨੋਨ ਵਾਂਙੁ ਆਪਣੀ ਜੜ੍ਹ ਫੜੇਗਾ। ਉਹ ਦੀਆਂ ਟਹਿਣੀਆਂ ਖਿਲਰਨਗੀਆਂ, ਉਹ ਦਾ ਸੁਹੱਪਣ ਜ਼ੈਤੂਨ ਦੇ ਬਿਰਛ ਵਾਂਙੁ ਹੋਵੇਗਾ, ਅਤੇ ਉਹ ਦੀ ਖੁਸ਼ਬੋ ਲਬਾਨੋਨ ਵਾਂਙੁ। ਉਹ ਦੇ ਸਾਏ ਦੇ ਵਸਨੀਕ ਮੁੜਨਗੇ, ਓਹ ਕਣਕ ਵਾਂਙੁ ਜੀਉਣਗੇ, ਅਤੇ ਅੰਗੂਰੀ ਬੇਲ ਵਾਂਙੁ ਹਰੇ ਭਰੇ ਹੋ ਜਾਣਗੇ, ਉਨ੍ਹਾਂ ਦੀ ਧੁੰਮ ਲਬਾਨੋਨ ਦੀ ਮੈ ਵਰਗੀ ਹੋਵੇਗੀ।”

22 ਤੋਬਾ ਕਰਨ ਵਾਲੇ ਇਸਰਾਏਲੀ ਰੂਹਾਨੀ ਤੌਰ ਤੇ ਚੰਗੇ ਕੀਤੇ ਗਏ ਸਨ ਅਤੇ ਉਨ੍ਹਾਂ ਨੇ ਫਿਰ ਤੋਂ ਯਹੋਵਾਹ ਦਾ ਪਿਆਰ ਪਾਇਆ। ਉਨ੍ਹਾਂ ਲਈ ਯਹੋਵਾਹ ਤਰੋ-ਤਾਜ਼ਾ ਕਰਨ ਵਾਲੀ ਤ੍ਰੇਲ ਵਾਂਗ ਸਾਬਤ ਹੋਇਆ ਯਾਨੀ ਉਸ ਨੇ ਉਨ੍ਹਾਂ ਦੀ ਝੋਲੀ ਅਸੀਸਾਂ ਨਾਲ ਭਰ ਦਿੱਤੀ। ਉਸ ਦੇ ਵਾਪਸ ਮੁੜੇ ਲੋਕਾਂ ਦਾ “ਸੁਹੱਪਣ ਜ਼ੈਤੂਨ ਦੇ ਬਿਰਛ ਵਾਂਙੁ” ਸੀ ਅਤੇ ਉਹ ਉਸ ਦੇ ਰਾਹਾਂ ਵਿਚ ਚੱਲਦੇ ਸਨ। ਅਸੀਂ ਵੀ ਯਹੋਵਾਹ ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਦਾ ਪੱਕਾ ਇਰਾਦਾ ਕੀਤਾ ਹੈ, ਇਸ ਲਈ ਸਾਨੂੰ ਕੀ ਕਰਨ ਦੀ ਲੋੜ ਹੈ?

ਯਹੋਵਾਹ ਦੇ ਸਿੱਧੇ ਰਾਹਾਂ ਉੱਤੇ ਚੱਲਦੇ ਰਹੋ

23, 24. ਹੋਸ਼ੇਆ ਦੀ ਪੋਥੀ ਦੀ ਆਖ਼ਰੀ ਭਵਿੱਖਬਾਣੀ ਕੀ ਹੈ ਅਤੇ ਇਸ ਦਾ ਸਾਡੇ ਉੱਤੇ ਕੀ ਅਸਰ ਪੈਂਦਾ ਹੈ?

23 ਯਹੋਵਾਹ ਦੇ ਨਾਲ-ਨਾਲ ਚੱਲਦੇ ਰਹਿਣ ਲਈ ਸਾਨੂੰ ਹਮੇਸ਼ਾ ਯਹੋਵਾਹ ਦੀ “ਬੁੱਧ” ਅਨੁਸਾਰ ਉਸ ਦੇ ਸਿੱਧੇ ਰਾਹਾਂ ਤੇ ਚੱਲਣ ਦੀ ਲੋੜ ਹੈ। (ਯਾਕੂਬ 3:17, 18) ਹੋਸ਼ੇਆ ਦੀ ਭਵਿੱਖਬਾਣੀ ਦੀ ਆਖ਼ਰੀ ਆਇਤ ਕਹਿੰਦੀ ਹੈ: “ਕੌਣ ਬੁੱਧਵਾਨ ਹੈ ਭਈ ਉਹ ਏਹਨਾਂ ਗੱਲਾਂ ਨੂੰ ਸਮਝੇ? ਅਤੇ ਸਮਝ ਵਾਲਾ ਕਿਹੜਾ ਜੋ ਏਹਨਾਂ ਨੂੰ ਜਾਣੇ? ਯਹੋਵਾਹ ਦੇ ਮਾਰਗ ਤਾਂ ਸਿੱਧੇ ਹਨ, ਅਤੇ ਧਰਮੀ ਓਹਨਾਂ ਦੇ ਵਿੱਚ ਚੱਲਣਗੇ, ਪਰ ਅਪਰਾਧੀ ਓਹਨਾਂ ਦੇ ਵਿੱਚ ਠੋਕਰ ਖਾਣਗੇ।”—ਹੋਸ਼ੇਆ 14:9.

24 ਇਸ ਦੁਨੀਆਂ ਦੀ ਬੁੱਧ ਅਤੇ ਮਿਆਰਾਂ ਅਨੁਸਾਰ ਚੱਲਣ ਦੀ ਬਜਾਇ ਆਓ ਆਪਾਂ ਯਹੋਵਾਹ ਦੇ ਧਰਮੀ ਰਾਹਾਂ ਉੱਤੇ ਚੱਲਣ ਦਾ ਪੱਕਾ ਇਰਾਦਾ ਕਰੀਏ। (ਬਿਵਸਥਾ ਸਾਰ 32:4) ਹੋਸ਼ੇਆ 59 ਸਾਲਾਂ ਜਾਂ ਉਸ ਤੋਂ ਵੀ ਜ਼ਿਆਦਾ ਸਮੇਂ ਤਕ ਯਹੋਵਾਹ ਦੇ ਸਿੱਧੇ ਮਾਰਗਾਂ ਤੇ ਚੱਲਦਾ ਰਿਹਾ। ਉਸ ਨੇ ਵਫ਼ਾਦਾਰੀ ਨਾਲ ਪਰਮੇਸ਼ੁਰ ਦੇ ਸੰਦੇਸ਼ ਸੁਣਾਏ। ਉਹ ਜਾਣਦਾ ਸੀ ਕਿ ਬੁੱਧਵਾਨ ਤੇ ਸਮਝਦਾਰ ਲੋਕ ਇਨ੍ਹਾਂ ਗੱਲਾਂ ਨੂੰ ਜ਼ਰੂਰ ਸਮਝ ਜਾਣਗੇ। ਕੀ ਅਸੀਂ ਵੀ ਇੱਦਾਂ ਕਰਨ ਲਈ ਤਿਆਰ ਹਾਂ? ਜਿੰਨਾ ਚਿਰ ਯਹੋਵਾਹ ਸਾਨੂੰ ਪ੍ਰਚਾਰ ਕਰਨ ਲਈ ਕਹਿੰਦਾ ਹੈ, ਅਸੀਂ ਉੱਨਾ ਚਿਰ ਉਨ੍ਹਾਂ ਲੋਕਾਂ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕਰਾਂਗੇ ਜੋ ਯਹੋਵਾਹ ਦੀ ਮਿਹਰ ਪਾਉਣੀ ਚਾਹੁੰਦੇ ਹਨ। ਅਸੀਂ ਇਸ ਕੰਮ ਵਿਚ “ਮਾਤਬਰ ਅਤੇ ਬੁੱਧਵਾਨ ਨੌਕਰ” ਦਾ ਸਾਥ ਦੇ ਕੇ ਬਹੁਤ ਖ਼ੁਸ਼ ਹਾਂ।—ਮੱਤੀ 24:45-47.

25. ਹੋਸ਼ੇਆ ਦੀ ਪੋਥੀ ਤੋਂ ਸਾਨੂੰ ਕੀ ਕਰਨ ਵਿਚ ਮਦਦ ਮਿਲਦੀ ਹੈ?

25 ਯਹੋਵਾਹ ਦੀ ਨਵੀਂ ਦੁਨੀਆਂ ਵਿਚ ਸਦਾ ਲਈ ਜੀਉਣ ਦੀ ਉਮੀਦ ਨੂੰ ਮਨ ਵਿਚ ਰੱਖ ਕੇ ਯਹੋਵਾਹ ਦੇ ਨਾਲ-ਨਾਲ ਚੱਲਦੇ ਰਹਿਣ ਵਿਚ ਹੋਸ਼ੇਆ ਦੀ ਪੋਥੀ ਸਾਡੀ ਜ਼ਰੂਰ ਮਦਦ ਕਰੇਗੀ। (2 ਪਤਰਸ 3:13; ਯਹੂਦਾਹ 20, 21) ਇਹ ਕਿੰਨੀ ਵਧੀਆ ਉਮੀਦ ਹੈ! ਇਕ ਦਿਨ ਇਹ ਉਮੀਦ ਸਾਡੇ ਲਈ ਹਕੀਕਤ ਬਣ ਜਾਵੇਗੀ ਜੇ ਅਸੀਂ ਆਪਣੀ ਕਹਿਣੀ ਤੇ ਕਰਨੀ ਰਾਹੀਂ ਦਿਖਾਉਂਦੇ ਰਹੀਏ ਕਿ ਅਸੀਂ ਦਿਲੋਂ ਮੰਨਦੇ ਹਾਂ ਕਿ ‘ਯਹੋਵਾਹ ਦੇ ਮਾਰਗ ਸਿੱਧੇ ਹਨ।’

ਤੁਸੀਂ ਕੀ ਜਵਾਬ ਦਿਓਗੇ?

• ਜੇ ਅਸੀਂ ਸੱਚੇ ਦਿਲੋਂ ਪਰਮੇਸ਼ੁਰ ਦੀ ਭਗਤੀ ਕਰੀਏ, ਤਾਂ ਉਹ ਸਾਡੇ ਨਾਲ ਕਿਵੇਂ ਪੇਸ਼ ਆਵੇਗਾ?

• ਸਾਨੂੰ ਹਰ ਵੇਲੇ ਯਹੋਵਾਹ ਉੱਤੇ ਭਰੋਸਾ ਕਿਉਂ ਰੱਖਣਾ ਚਾਹੀਦਾ ਹੈ?

• ਤੁਸੀਂ ਕਿਉਂ ਮੰਨਦੇ ਹੋ ਕਿ ਯਹੋਵਾਹ ਦੇ ਮਾਰਗ ਸਿੱਧੇ ਹਨ?

• ਅਸੀਂ ਯਹੋਵਾਹ ਦੇ ਸਿੱਧੇ ਰਾਹਾਂ ਉੱਤੇ ਕਿਵੇਂ ਚੱਲਦੇ ਰਹਿ ਸਕਦੇ ਹਾਂ?

[ਸਵਾਲ]

[ਸਫ਼ੇ 28 ਉੱਤੇ ਤਸਵੀਰ]

ਮਸੀਹੀ ਬਜ਼ੁਰਗਾਂ ਦੀ ਮਦਦ ਸਵੀਕਾਰ ਕਰੋ

[ਸਫ਼ੇ 29 ਉੱਤੇ ਤਸਵੀਰ]

ਹੋਸ਼ੇਆ ਦੀ ਭਵਿੱਖਬਾਣੀ ਸਾਨੂੰ ਮੁਰਦਿਆਂ ਨੂੰ ਜੀ ਉਠਾਉਣ ਦੇ ਯਹੋਵਾਹ ਦੇ ਵਾਅਦੇ ਉੱਤੇ ਭਰੋਸਾ ਰੱਖਣ ਦਾ ਕਾਰਨ ਦਿੰਦੀ ਹੈ

[ਸਫ਼ੇ 31 ਉੱਤੇ ਤਸਵੀਰਾਂ]

ਪਰਮੇਸ਼ੁਰ ਦੇ ਨਾਲ-ਨਾਲ ਹਮੇਸ਼ਾ ਲਈ ਚੱਲਦੇ ਰਹੋ