Skip to content

Skip to table of contents

ਹੋਸ਼ੇਆ ਦੀ ਭਵਿੱਖਬਾਣੀ ਯਹੋਵਾਹ ਦੇ ਨਾਲ-ਨਾਲ ਚੱਲਣ ਵਿਚ ਸਾਡੀ ਮਦਦ ਕਰਦੀ ਹੈ

ਹੋਸ਼ੇਆ ਦੀ ਭਵਿੱਖਬਾਣੀ ਯਹੋਵਾਹ ਦੇ ਨਾਲ-ਨਾਲ ਚੱਲਣ ਵਿਚ ਸਾਡੀ ਮਦਦ ਕਰਦੀ ਹੈ

ਹੋਸ਼ੇਆ ਦੀ ਭਵਿੱਖਬਾਣੀ ਯਹੋਵਾਹ ਦੇ ਨਾਲ-ਨਾਲ ਚੱਲਣ ਵਿਚ ਸਾਡੀ ਮਦਦ ਕਰਦੀ ਹੈ

“ਓਹ ਯਹੋਵਾਹ ਦੇ ਪਿੱਛੇ ਚੱਲਣਗੇ।”—ਹੋਸ਼ੇਆ 11:10.

1. ਹੋਸ਼ੇਆ ਦੀ ਪੋਥੀ ਵਿਚ ਕਿਹੜਾ ਨਾਟਕ ਪੇਸ਼ ਕੀਤਾ ਗਿਆ ਹੈ?

ਕੀ ਤੁਹਾਨੂੰ ਦਮਦਾਰ ਕਹਾਣੀ ਵਾਲਾ ਨਾਟਕ ਦੇਖਣ ਵਿਚ ਮਜ਼ਾ ਆਉਂਦਾ ਹੈ ਜਿਸ ਵਿਚ ਦਿਲਚਸਪ ਪਾਤਰ ਹੁੰਦੇ ਹਨ? ਬਾਈਬਲ ਵਿਚ ਅਜਿਹਾ ਹੀ ਇਕ ਨਾਟਕ ਪੇਸ਼ ਕੀਤਾ ਗਿਆ ਹੈ। * ਇਹ ਨਾਟਕ ਹੋਸ਼ੇਆ ਨਬੀ ਦੀ ਪਰਿਵਾਰਕ ਜ਼ਿੰਦਗੀ ਤੇ ਆਧਾਰਿਤ ਹੈ। ਇਸ ਵਿਚ ਯਹੋਵਾਹ ਅਤੇ ਇਸਰਾਏਲ ਕੌਮ ਦੇ ਆਪਸ ਵਿਚ ਰਿਸ਼ਤੇ ਨੂੰ ਪਤੀ-ਪਤਨੀ ਦੇ ਰਿਸ਼ਤੇ ਨਾਲ ਦਰਸਾਇਆ ਗਿਆ ਹੈ।

2. ਹੋਸ਼ੇਆ ਬਾਰੇ ਸਾਨੂੰ ਕੀ ਪਤਾ ਹੈ?

2 ਇਹ ਦਿਲਚਸਪ ਨਾਟਕ ਹੋਸ਼ੇਆ ਦੇ ਪਹਿਲੇ ਅਧਿਆਇ ਵਿਚ ਸ਼ੁਰੂ ਹੁੰਦਾ ਹੈ। ਜ਼ਾਹਰ ਹੈ ਕਿ ਹੋਸ਼ੇਆ ਇਸਰਾਏਲ ਦੇ ਇਕ ਇਲਾਕੇ ਵਿਚ ਰਹਿੰਦਾ ਸੀ। ਦਸ-ਗੋਤਾਂ ਵਾਲੇ ਇਸ ਰਾਜ ਨੂੰ ਅਫ਼ਰਾਈਮ ਵੀ ਕਿਹਾ ਜਾਂਦਾ ਸੀ ਕਿਉਂਕਿ ਇਹ ਇਸਰਾਏਲ ਦਾ ਪ੍ਰਮੁੱਖ ਗੋਤ ਸੀ। ਹੋਸ਼ੇਆ ਇਸਰਾਏਲ ਦੇ ਸੱਤ ਅਖ਼ੀਰਲੇ ਰਾਜਿਆਂ ਦੇ ਰਾਜ ਦੌਰਾਨ ਅਤੇ ਯਹੂਦਾਹ ਦੇ ਰਾਜਿਆਂ ਊਜ਼ੀਯਾਹ, ਯੋਥਾਮ, ਆਹਾਜ਼ ਅਤੇ ਹਿਜ਼ਕੀਯਾਹ ਦੇ ਦਿਨਾਂ ਵਿਚ ਨਬੀ ਦੇ ਤੌਰ ਤੇ ਸੇਵਾ ਕਰਦਾ ਸੀ। (ਹੋਸ਼ੇਆ 1:1) ਇਸ ਦਾ ਮਤਲਬ ਹੈ ਕਿ ਹੋਸ਼ੇਆ ਨਬੀ ਨੇ ਘੱਟੋ-ਘੱਟ 59 ਸਾਲਾਂ ਤਕ ਯਹੋਵਾਹ ਦੀ ਸੇਵਾ ਕੀਤੀ ਸੀ। ਹੋਸ਼ੇਆ ਨੇ ਆਪਣੇ ਨਾਂ ਦੀ ਪੋਥੀ 745 ਈ.ਪੂ. ਤੋਂ ਕੁਝ ਸਮਾਂ ਬਾਅਦ ਪੂਰੀ ਕੀਤੀ ਸੀ। ਪਰ ਇੰਨੀ ਪੁਰਾਣੀ ਕਿਤਾਬ ਹੋਣ ਦੇ ਬਾਵਜੂਦ ਇਹ ਅੱਜ ਵੀ ਸਾਡੇ ਲਈ ਮਾਅਨੇ ਰੱਖਦੀ ਹੈ ਕਿਉਂਕਿ ਲੱਖਾਂ ਲੋਕ ਇਨ੍ਹਾਂ ਸ਼ਬਦਾਂ ਨੂੰ ਪੂਰਾ ਕਰ ਰਹੇ ਹਨ: “ਓਹ ਯਹੋਵਾਹ ਦੇ ਪਿੱਛੇ ਚੱਲਣਗੇ।”—ਹੋਸ਼ੇਆ 11:10.

ਹੋਸ਼ੇਆ ਦੇ ਪਹਿਲੇ ਪੰਜ ਅਧਿਆਵਾਂ ਤੇ ਇਕ ਨਜ਼ਰ

3, 4. ਸੰਖੇਪ ਵਿਚ ਦੱਸੋ ਕਿ ਹੋਸ਼ੇਆ ਦੇ ਪਹਿਲੇ ਪੰਜ ਅਧਿਆਵਾਂ ਵਿਚ ਕੀ ਦੱਸਿਆ ਗਿਆ ਹੈ।

3ਹੋਸ਼ੇਆ ਦੇ ਪਹਿਲੇ ਪੰਜ ਅਧਿਆਵਾਂ ਵੱਲ ਧਿਆਨ ਦੇਣ ਦੁਆਰਾ ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਦਾ ਸਾਡਾ ਇਰਾਦਾ ਹੋਰ ਵੀ ਪੱਕਾ ਹੋਵੇਗਾ। ਸਾਡੀ ਨਿਹਚਾ ਮਜ਼ਬੂਤ ਹੋਵੇਗੀ ਅਤੇ ਅਸੀਂ ਪਰਮੇਸ਼ੁਰ ਦੀ ਮਰਜ਼ੀ ਅਨੁਸਾਰ ਚੱਲਾਂਗੇ। ਭਾਵੇਂ ਇਸਰਾਏਲ ਦੇ ਲੋਕ ਪਰਮੇਸ਼ੁਰ ਨੂੰ ਛੱਡ ਕੇ ਹੋਰਨਾਂ ਦੇਵੀ-ਦੇਵਤਿਆਂ ਦੀ ਪੂਜਾ ਕਰਨ ਲੱਗ ਪਏ ਸਨ, ਪਰ ਜੇ ਉਹ ਪਛਤਾਵਾ ਕਰਦੇ, ਤਾਂ ਪਰਮੇਸ਼ੁਰ ਉਨ੍ਹਾਂ ਉੱਤੇ ਦਇਆ ਕਰਦਾ। ਇਹ ਗੱਲ ਹੋਸ਼ੇਆ ਦੇ ਆਪਣੀ ਪਤਨੀ ਗੋਮਰ ਨਾਲ ਕੀਤੇ ਗਏ ਵਰਤਾਓ ਦੁਆਰਾ ਚੰਗੀ ਤਰ੍ਹਾਂ ਦਰਸਾਈ ਗਈ ਸੀ। ਗੋਮਰ ਨੇ ਹੋਸ਼ੇਆ ਦੇ ਇਕ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਦੋ ਹੋਰ ਬੱਚਿਆਂ ਨੂੰ ਜਨਮ ਦਿੱਤਾ ਜਿਨ੍ਹਾਂ ਦਾ ਪਿਤਾ ਹੋਸ਼ੇਆ ਨਹੀਂ ਸੀ। ਫਿਰ ਵੀ ਹੋਸ਼ੇਆ ਨੇ ਮੁੜ ਉਸ ਨੂੰ ਅਪਣਾ ਲਿਆ ਸੀ ਠੀਕ ਜਿਵੇਂ ਯਹੋਵਾਹ ਤੋਬਾ ਕਰਨ ਵਾਲੇ ਇਸਰਾਏਲੀਆਂ ਉੱਤੇ ਦਇਆ ਕਰਨ ਲਈ ਤਿਆਰ ਸੀ।—ਹੋਸ਼ੇਆ 1:1–3:5.

4 ਯਹੋਵਾਹ ਨੇ ਇਸਰਾਏਲ ਦਾ ਨਿਆਂ ਕਰਨਾ ਸੀ ਕਿਉਂਕਿ ਦੇਸ਼ ਵਿਚ ਨਾ ਵਫ਼ਾਦਾਰੀ, ਨਾ ਦਇਆ ਤੇ ਨਾ ਹੀ ਪਰਮੇਸ਼ੁਰ ਦਾ ਗਿਆਨ ਸੀ। ਯਹੋਵਾਹ ਨੇ ਮੂਰਤੀ-ਪੂਜਕ ਇਸਰਾਏਲ ਅਤੇ ਅਣਆਗਿਆਕਾਰ ਯਹੂਦਾਹ ਨੂੰ ਸਜ਼ਾ ਸੁਣਾਈ। ਪਰ ਉਸ ਨੇ ਇਹ ਵੀ ਕਿਹਾ ਕਿ ਉਸ ਦੇ ਲੋਕ “ਕਸ਼ਟ ਵਿੱਚ” ਉਸ ਨੂੰ ਸੱਚੇ ਦਿਲੋਂ ਭਾਲਣਗੇ।—ਹੋਸ਼ੇਆ 4:1–5:15.

ਨਾਟਕ ਸ਼ੁਰੂ ਹੁੰਦਾ ਹੈ

5, 6. (ੳ) ਇਸਰਾਏਲ ਦੇ ਦਸ-ਗੋਤੀ ਰਾਜ ਵਿਚ ਜ਼ਨਾਹ ਕਿਸ ਹੱਦ ਤਕ ਫੈਲਿਆ ਹੋਇਆ ਸੀ? (ਅ) ਪ੍ਰਾਚੀਨ ਇਸਰਾਏਲ ਨੂੰ ਦਿੱਤੀ ਗਈ ਚੇਤਾਵਨੀ ਅੱਜ ਸਾਡੇ ਲਈ ਮਾਅਨੇ ਕਿਉਂ ਰੱਖਦੀ ਹੈ?

5 ਯਹੋਵਾਹ ਨੇ ਹੋਸ਼ੇਆ ਨੂੰ ਹੁਕਮ ਕੀਤਾ: “ਜਾਹ, ਆਪਣੇ ਲਈ ਇੱਕ ਜ਼ਾਨੀ ਤੀਵੀਂ ਅਤੇ ਜ਼ਨਾਹ ਦੇ ਬੱਚੇ ਲੈ ਕਿਉਂ ਜੋ ਦੇਸ ਨੇ ਯਹੋਵਾਹ ਨੂੰ ਛੱਡ ਕੇ ਵੱਡਾ ਜ਼ਨਾਹ ਕੀਤਾ ਹੈ।” (ਹੋਸ਼ੇਆ 1:2) ਇਸਰਾਏਲ ਵਿਚ ਜ਼ਨਾਹ ਜਾਂ ਵਿਭਚਾਰ ਕਿਸ ਹੱਦ ਤਕ ਫੈਲਿਆ ਹੋਇਆ ਸੀ? ਦਸ-ਗੋਤੀ ਇਸਰਾਏਲ ਦੇ ਲੋਕਾਂ ਬਾਰੇ ਅਸੀਂ ਪੜ੍ਹਦੇ ਹਾਂ: ‘ਜ਼ਨਾਹ ਦੀ ਰੂਹ ਨੇ ਓਹਨਾਂ ਨੂੰ ਭੁਲਾਇਆ ਹੋਇਆ ਹੈ, ਓਹ ਆਪਣੇ ਪਰਮੇਸ਼ੁਰ ਦੇ ਅਧੀਨ ਹੋਣ ਤੋਂ ਜਾ ਕੇ ਜ਼ਨਾਹ ਕਰਦੇ ਹਨ। ਤੁਹਾਡੀਆਂ ਧੀਆਂ ਵਿਭਚਾਰ ਕਰਦੀਆਂ ਹਨ ਅਤੇ ਤੁਹਾਡੀਆਂ ਵਹੁਟੀਆਂ ਜ਼ਨਾਹ ਕਰਦੀਆਂ ਹਨ। ਆਦਮੀ ਵੇਸਵਾਂ ਦੇ ਨਾਲ ਇੱਕਲਵੰਜਾ ਜਾਂਦੇ ਹਨ, ਅਤੇ ਦੇਵ ਦਾਸੀਆਂ ਨਾਲ ਬਲੀਆਂ ਚੜ੍ਹਾਉਂਦੇ ਹਨ!’—ਹੋਸ਼ੇਆ 4:12-14.

6 ਹਾਂ, ਪ੍ਰਾਚੀਨ ਇਸਰਾਏਲ ਵਿਚ ਰੂਹਾਨੀ ਤੌਰ ਤੇ ਅਤੇ ਸਰੀਰਕ ਤੌਰ ਤੇ ਜ਼ਨਾਹ ਹੋ ਰਿਹਾ ਸੀ। ਇਸੇ ਲਈ ਯਹੋਵਾਹ ਨੇ ਉਨ੍ਹਾਂ ਉੱਤੇ ‘ਸਜ਼ਾ ਲਿਆਉਣ’ ਦਾ ਫ਼ੈਸਲਾ ਸੁਣਾਇਆ। (ਹੋਸ਼ੇਆ 1:4; 4:9) ਇਹ ਚੇਤਾਵਨੀ ਅੱਜ ਸਾਡੇ ਲਈ ਵੀ ਮਾਅਨੇ ਰੱਖਦੀ ਹੈ ਕਿਉਂਕਿ ਯਹੋਵਾਹ ਉਨ੍ਹਾਂ ਸਾਰਿਆਂ ਨੂੰ ਸਜ਼ਾ ਦੇਵੇਗਾ ਜੋ ਬਦਚਲਣ ਹਨ ਅਤੇ ਝੂਠੀ ਭਗਤੀ ਕਰਦੇ ਹਨ। ਪਰ ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਵਾਲੇ ਲੋਕ ਉਸ ਦੇ ਮਿਆਰਾਂ ਅਨੁਸਾਰ ਸ਼ੁੱਧ ਭਗਤੀ ਕਰਦੇ ਹਨ ਅਤੇ ਜਾਣਦੇ ਹਨ ਕਿ ਕੋਈ ਵੀ “ਹਰਾਮਕਾਰ . . . ਮਸੀਹ ਅਤੇ ਪਰਮੇਸ਼ੁਰ ਦੇ ਰਾਜ ਵਿੱਚ ਅਧਕਾਰ ਨਹੀਂ” ਹੋਵੇਗਾ।—ਅਫ਼ਸੀਆਂ 5:5; ਯਾਕੂਬ 1:27.

7. ਹੋਸ਼ੇਆ ਤੇ ਗੋਮਰ ਦੇ ਵਿਆਹ ਨੇ ਕਿਸ ਚੀਜ਼ ਨੂੰ ਦਰਸਾਇਆ?

7 ਜਦ ਹੋਸ਼ੇਆ ਨੇ ਗੋਮਰ ਨਾਲ ਵਿਆਹ ਕਰਾਇਆ ਸੀ, ਉਦੋਂ ਉਹ ਕੁਆਰੀ ਸੀ। ਹੋਸ਼ੇਆ ਦੇ ਪੁੱਤਰ ਨੂੰ ਜਨਮ ਦੇਣ ਤਕ ਉਹ ਆਪਣੇ ਪਤੀ ਪ੍ਰਤੀ ਵਫ਼ਾਦਾਰ ਰਹੀ। (ਹੋਸ਼ੇਆ 1:3) ਇਸ ਨਾਟਕ ਵਿਚ ਦਰਸਾਇਆ ਗਿਆ ਸੀ ਕਿ ਯਹੋਵਾਹ ਨੇ ਕੁਝ 700 ਸਾਲ ਪਹਿਲਾਂ ਕੀ ਕੀਤਾ ਸੀ। ਉਸ ਨੇ ਇਸਰਾਏਲੀਆਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਛੁਡਾ ਕੇ ਸੀਨਈ ਪਹਾੜ ਸਾਮ੍ਹਣੇ ਇਸਰਾਏਲ ਨਾਲ ਨੇਮ ਬੰਨ੍ਹਿਆ ਸੀ। ਇਹ ਨੇਮ ਇਕ ਪਤੀ-ਪਤਨੀ ਦੇ ਪਵਿੱਤਰ ਬੰਧਨ ਦੇ ਸਮਾਨ ਸੀ। ਇਸਰਾਏਲ ਕੌਮ ਨੂੰ ਇਹ ਰਿਸ਼ਤਾ ਮਨਜ਼ੂਰ ਸੀ ਅਤੇ ਉਸ ਨੇ ਵਾਅਦਾ ਕੀਤਾ ਕਿ ਉਹ ਆਪਣੇ “ਪਤੀ” ਯਹੋਵਾਹ ਪ੍ਰਤੀ ਵਫ਼ਾਦਾਰ ਰਹੇਗੀ। (ਯਸਾਯਾਹ 54:5) ਜੀ ਹਾਂ, ਹੋਸ਼ੇਆ ਤੇ ਗੋਮਰ ਦਾ ਪਵਿੱਤਰ ਵਿਆਹੁਤਾ-ਬੰਧਨ ਇਸ ਨਾਟਕ ਵਿਚ ਯਹੋਵਾਹ ਅਤੇ ਇਸਰਾਏਲ ਦੇ ਆਪਸ ਵਿਚ ਬੰਧਨ ਨੂੰ ਦਰਸਾਉਂਦਾ ਸੀ। ਪਰ ਫਿਰ ਕਹਾਣੀ ਦਾ ਰੁੱਖ ਹੀ ਬਦਲ ਗਿਆ!

8. ਇਸਰਾਏਲ ਦਾ ਦਸ-ਗੋਤੀ ਰਾਜ ਕਿਵੇਂ ਬਣਿਆ ਅਤੇ ਲੋਕ ਕਿਹੋ ਜਿਹੀ ਪੂਜਾ ਕਰਦੇ ਸਨ?

8 ਹੋਸ਼ੇਆ ਦੀ ਪਤਨੀ “ਫੇਰ ਗਰਭਵੰਤੀ ਹੋਈ ਅਤੇ [ਉਸ ਨੇ] ਇੱਕ ਧੀ ਜਣੀ।” ਇਸ ਲੜਕੀ ਤੋਂ ਬਾਅਦ ਗੋਮਰ ਨੇ ਇਕ ਹੋਰ ਬੱਚੇ ਨੂੰ ਜਨਮ ਦਿੱਤਾ। ਪਰ ਇਹ ਦੇਵੇਂ ਬੱਚੇ ਹੋਸ਼ੇਆ ਦੇ ਬੱਚੇ ਨਹੀਂ ਸਨ, ਸਗੋਂ ਪਾਪ ਦੀ ਔਲਾਦ ਸਨ। (ਹੋਸ਼ੇਆ 1:6, 8) ਤੁਸੀਂ ਸ਼ਾਇਦ ਪੁੱਛੋ ਕਿ ‘ਇਸਰਾਏਲ ਕੌਮ ਨੇ ਗੋਮਰ ਦੀ ਤਰ੍ਹਾਂ ਜ਼ਨਾਹ ਕਿਵੇਂ ਕੀਤਾ ਸੀ?’ ਸੰਨ 997 ਈ.ਪੂ. ਵਿਚ ਇਸਰਾਏਲ ਦੇ ਦਸ ਗੋਤਾਂ ਨੇ ਯਹੂਦਾਹ ਅਤੇ ਬਿਨਯਾਮੀਨ ਦੇ ਦੱਖਣੀ ਗੋਤਾਂ ਤੋਂ ਜੁਦਾ ਹੋ ਕੇ ਇਕ ਉੱਤਰੀ ਰਾਜ ਖੜ੍ਹਾ ਕਰ ਲਿਆ ਸੀ। ਫਿਰ ਇਸਰਾਏਲ ਦੇ ਰਾਜੇ ਨੇ ਵੱਛੇ ਦੀ ਪੂਜਾ ਸ਼ੁਰੂ ਕਰ ਦਿੱਤੀ ਤਾਂਕਿ ਲੋਕ ਯਰੂਸ਼ਲਮ ਜਾ ਕੇ ਯਹੋਵਾਹ ਦੇ ਭਵਨ ਵਿਚ ਉਸ ਦੀ ਪੂਜਾ ਨਾ ਕਰਨ। ਹੌਲੀ-ਹੌਲੀ ਇਸਰਾਏਲੀ ਲੋਕ ਬਆਲ ਦੇਵਤੇ ਦੀ ਪੂਜਾ ਹੀ ਨਹੀਂ, ਸਗੋਂ ਇਸ ਨਾਲ ਜੁੜੇ ਬਦਚਲਣ ਕੰਮ ਵੀ ਕਰਨ ਲੱਗ ਪਏ।

9. ਹੋਸ਼ੇਆ 1:6 ਦੀ ਭਵਿੱਖਬਾਣੀ ਮੁਤਾਬਕ ਇਸਰਾਏਲ ਨਾਲ ਕੀ ਹੋਇਆ ਸੀ?

9 ਗੋਮਰ ਦੀ ਨਾਜਾਇਜ਼ ਧੀ ਦੇ ਜਨਮ ਵੇਲੇ ਪਰਮੇਸ਼ੁਰ ਨੇ ਹੋਸ਼ੇਆ ਨੂੰ ਕਿਹਾ: “ਏਸ ਦਾ ਨਾਉਂ ‘ਲੋ-ਰੁਹਾਮਾਹ’ ਰੱਖ [ਜਿਸ ਦਾ ਮਤਲਬ ਹੈ “ਉਸ ਉੱਤੇ ਰਹਿਮ ਨਹੀਂ ਕੀਤਾ ਗਿਆ”], ਕਿਉਂ ਜੋ ਮੈਂ ਫੇਰ ਇਸਰਾਏਲ ਦੇ ਘਰਾਣੇ ਉੱਤੇ ਹੋਰ ਰਹਮ ਨਾ ਕਰਾਂਗਾ, ਨਾ ਓਹਨਾਂ ਨੂੰ ਕਦੇ ਵੀ ਮਾਫ਼ ਕਰਾਂਗਾ [“ਮੈਂ ਉਨ੍ਹਾਂ ਨੂੰ ਦੂਰ ਲੈ ਜਾਵਾਂਗਾ,” NW ]।” (ਹੋਸ਼ੇਆ 1:6) ਇਹ ਭਵਿੱਖਬਾਣੀ 740 ਈ.ਪੂ. ਵਿਚ ਪੂਰੀ ਹੋਈ ਜਦੋਂ ਅੱਸ਼ੂਰੀ ਲੋਕ ਇਸਰਾਏਲੀਆਂ ਨੂੰ ਬੰਦੀ ਬਣਾ ਕੇ ‘ਦੂਰ ਲੈ ਗਏ।’ ਪਰ ਯਹੋਵਾਹ ਨੇ ਯਹੂਦਾਹ ਦੇ ਦੋ-ਗੋਤੀ ਰਾਜ ਉੱਤੇ ਦਇਆ ਕੀਤੀ ਅਤੇ ਉਨ੍ਹਾਂ ਨੂੰ ਬਿਨਾਂ ਧਣੁਖ, ਤਲਵਾਰ, ਲੜਾਈ, ਘੋੜਿਆਂ ਜਾਂ ਘੋੜਸਵਾਰਾਂ ਬਚਾਇਆ। (ਹੋਸ਼ੇਆ 1:7) ਸੰਨ 732 ਈ.ਪੂ. ਵਿਚ ਇੱਕੋ ਦੂਤ ਨੇ ਅੱਸ਼ੂਰ ਦੇ 1,85,000 ਸਿਪਾਹੀਆਂ ਨੂੰ ਰਾਤੋ-ਰਾਤ ਮਾਰ ਦਿੱਤਾ ਜਿਨ੍ਹਾਂ ਨੇ ਯਹੂਦਾਹ ਦੀ ਰਾਜਧਾਨੀ ਯਰੂਸ਼ਲਮ ਨੂੰ ਘੇਰਿਆ ਹੋਇਆ ਸੀ।—2 ਰਾਜਿਆਂ 19:35.

ਯਹੋਵਾਹ ਨੇ ਇਸਰਾਏਲ ਨੂੰ ਸਜ਼ਾ ਦਿੱਤੀ

10. ਗੋਮਰ ਦੇ ਜ਼ਨਾਹ ਨੇ ਕਿਸ ਗੱਲ ਨੂੰ ਦਰਸਾਇਆ?

10 ਗੋਮਰ ਹੋਸ਼ੇਆ ਨੂੰ ਛੱਡ ਕੇ “ਇੱਕ ਜ਼ਾਨੀ ਤੀਵੀਂ” ਬਣੀ ਅਤੇ ਕਿਸੇ ਹੋਰ ਮਰਦ ਨਾਲ ਰਹਿਣ ਲੱਗ ਪਈ। ਇਸ ਗੱਲ ਨੇ ਦਰਸਾਇਆ ਕਿ ਇਸਰਾਏਲ ਕੌਮ ਮੂਰਤੀ-ਪੂਜਾ ਕਰਨ ਵਾਲੀਆਂ ਕੌਮਾਂ ਨਾਲ ਸੰਬੰਧ ਜੋੜ ਕੇ ਉਨ੍ਹਾਂ ਉੱਤੇ ਭਰੋਸਾ ਰੱਖਣ ਲੱਗ ਪਈ ਸੀ। ਇਸਰਾਏਲੀ ਲੋਕ ਯਹੋਵਾਹ ਨੂੰ ਛੱਡ ਕੇ ਮੂਰਤੀ-ਪੂਜਾ ਕਰਨ ਲੱਗ ਪਏ। ਉਹ ਇਹ ਗੱਲ ਭੁੱਲ ਗਏ ਕਿ ਉਨ੍ਹਾਂ ਨੂੰ ਸਭ ਕੁਝ ਯਹੋਵਾਹ ਦੀ ਬਰਕਤ ਕਰਕੇ ਹੀ ਮਿਲ ਰਿਹਾ ਸੀ। ਉਨ੍ਹਾਂ ਨੇ ਸੋਚਿਆ ਕਿ ਦੂਸਰੀਆਂ ਕੌਮਾਂ ਦੇ ਦੇਵੀ-ਦੇਵਤੇ ਉਨ੍ਹਾਂ ਨੂੰ ਬਰਕਤਾਂ ਦੇ ਰਹੇ ਸਨ। ਤਾਹੀਓਂ ਯਹੋਵਾਹ ਨੇ ਇਸ ਵਿਭਚਾਰੀ ਕੌਮ ਨੂੰ ਸਜ਼ਾ ਦਿੱਤੀ!—ਹੋਸ਼ੇਆ 1:2; 2:2, 12, 13.

11. ਜਦ ਯਹੋਵਾਹ ਨੇ ਇਸਰਾਏਲ ਤੇ ਯਹੂਦਾਹ ਨੂੰ ਬੰਦੀ ਬਣਨ ਦਿੱਤਾ, ਉਦੋਂ ਬਿਵਸਥਾ ਨੇਮ ਨੂੰ ਕੀ ਹੋਇਆ?

11 ਇਸਰਾਏਲ ਕੌਮ ਨੂੰ ਆਪਣੇ “ਪਤੀ” ਯਹੋਵਾਹ ਨੂੰ ਛੱਡਣ ਦੀ ਕਿਹੜੀ ਸਜ਼ਾ ਮਿਲੀ? ਪਰਮੇਸ਼ੁਰ ਨੇ ਕਿਹਾ: ‘ਮੈਂ ਉਹ ਨੂੰ ਉਜਾੜ ਵਿੱਚ ਲੈ ਜਾਵਾਂਗਾ।’ (ਹੋਸ਼ੇਆ 2:14) ਜਦ ਬਾਬਲੀਆਂ ਨੇ ਅੱਸ਼ੂਰੀਆਂ ਉੱਤੇ ਜਿੱਤ ਪ੍ਰਾਪਤ ਕੀਤੀ, ਤਾਂ ਉਹ ਅੱਸ਼ੂਰੀਆਂ ਦੁਆਰਾ ਬੰਦੀ ਬਣਾਏ ਗਏ ਇਸਰਾਏਲੀਆਂ ਨੂੰ ਬਾਬਲ ਦੇ “ਉਜਾੜ” ਵਿਚ ਲੈ ਗਏ। ਇਸ ਤਰ੍ਹਾਂ ਯਹੋਵਾਹ ਨੇ ਦਸ-ਗੋਤੀ ਰਾਜ ਨੂੰ ਤਾਂ ਖ਼ਤਮ ਕਰ ਦਿੱਤਾ, ਪਰ ਇਸਰਾਏਲ ਦੇ 12 ਗੋਤਾਂ ਨਾਲ ਉਸ ਦਾ ਮੁਢਲਾ ਨੇਮ ਖ਼ਤਮ ਨਹੀਂ ਹੋਇਆ ਸੀ। ਭਾਵੇਂ ਪਰਮੇਸ਼ੁਰ ਨੇ 607 ਈ.ਪੂ. ਵਿਚ ਬਾਬਲੀਆਂ ਰਾਹੀਂ ਯਰੂਸ਼ਲਮ ਦਾ ਨਾਸ਼ ਕਰਵਾਇਆ ਅਤੇ ਬਾਬਲ ਨੂੰ ਯਹੂਦਾਹ ਦੇ ਲੋਕਾਂ ਨੂੰ ਬੰਦੀ ਬਣਾ ਲੈਣ ਦਿੱਤਾ, ਫਿਰ ਵੀ ਬਿਵਸਥਾ ਨੇਮ ਖ਼ਤਮ ਨਹੀਂ ਹੋਇਆ ਸੀ ਜਿਸ ਦੁਆਰਾ ਯਹੋਵਾਹ ਨੇ 12 ਗੋਤਾਂ ਨਾਲ ਖ਼ਾਸ ਬੰਧਨ ਬੰਨ੍ਹਿਆ ਸੀ। ਇਹ ਬੰਧਨ ਉਦੋਂ ਟੁੱਟਿਆ ਜਦ ਯਹੂਦੀ ਆਗੂਆਂ ਨੇ ਯਿਸੂ ਮਸੀਹ ਨੂੰ ਠੁਕਰਾਇਆ ਅਤੇ ਸਾਲ 33 ਵਿਚ ਉਸ ਨੂੰ ਮਰਵਾ ਦਿੱਤਾ।—ਕੁਲੁੱਸੀਆਂ 2:14.

ਯਹੋਵਾਹ ਇਸਰਾਏਲ ਨੂੰ ਤਾੜਦਾ ਹੈ

12, 13. ਹੋਸ਼ੇਆ 2:6-8 ਦਾ ਕੀ ਮਤਲਬ ਹੈ ਅਤੇ ਇਹ ਸ਼ਬਦ ਇਸਰਾਏਲ ਉੱਤੇ ਕਿਵੇਂ ਲਾਗੂ ਹੋਏ ਸਨ?

12 ਪਰਮੇਸ਼ੁਰ ਨੇ ਇਸਰਾਏਲ ਕੌਮ ਨੂੰ ਕਿਹਾ ਕਿ ‘ਉਹ ਆਪਣੇ ਜ਼ਨਾਹ ਨੂੰ ਆਪਣੇ ਅੱਗਿਓਂ ਦੂਰ ਕਰੇ,’ ਪਰ ਉਹ ਆਪਣੇ ਪ੍ਰੇਮੀਆਂ ਦੇ ਮਗਰ-ਮਗਰ ਜਾਂਦੀ ਰਹੀ। (ਹੋਸ਼ੇਆ 2:2, 5) ਇਸ ਲਈ ਯਹੋਵਾਹ ਨੇ ਕਿਹਾ: “ਵੇਖ, ਮੈਂ ਤੇਰਾ ਰਾਹ ਕੰਡਿਆਂ ਨਾਲ ਬੰਦ ਕਰ ਦਿਆਂਗਾ, ਮੈਂ ਉਹ ਦੇ ਅੱਗੇ ਕੰਧ ਬਣਾ ਦਿਆਂਗਾ ਭਈ ਉਹ ਆਪਣੇ ਰਾਹਾਂ ਨੂੰ ਨਾ ਪਾਵੇ। ਉਹ ਆਪਣਿਆਂ ਧਗੜਿਆਂ ਦੇ ਪਿੱਛੇ ਜਾਵੇਗੀ, ਪਰ ਉਹ ਓਹਨਾਂ ਨੂੰ ਨਾ ਪਾਵੇਗੀ, ਉਹ ਓਹਨਾਂ ਨੂੰ ਭਾਲੇਗੀ ਪਰ ਪਾਵੇਗੀ ਨਾ, ਤਾਂ ਉਹ ਆਖੇਗੀ, ਮੈਂ ਜਾਵਾਂਗੀ, ਅਤੇ ਆਪਣੇ ਪਹਿਲੇ ਮਨੁੱਖ ਵੱਲ ਮੁੜਾਂਗੀ, ਕਿਉਂ ਜੋ ਮੇਰਾ ਪਹਿਲਾ ਹਾਲ ਹੁਣ ਨਾਲੋਂ ਚੰਗਾ ਸੀ। ਉਹ ਨੇ ਨਾ ਜਾਤਾ ਕਿ ਮੈਂ ਹੀ ਉਹ ਨੂੰ ਅੰਨ, ਨਵੀਂ ਮੈ ਅਤੇ ਤੇਲ ਦਿੰਦਾ ਸਾਂ, ਅਤੇ ਉਹ ਨੂੰ ਚਾਂਦੀ ਸੋਨਾ ਵਾਫਰ ਦਿੰਦਾ ਰਿਹਾ, ਜਿਹੜਾ ਓਹਨਾਂ ਨੇ ਬਆਲ ਲਈ ਵਰਤਿਆ [“ਬਆਲਾਂ ਦੀਆਂ ਮੂਰਤਾਂ ਬਨਾਉਣ ਲਈ ਕੁਵਰਤੋਂ ਕੀਤੀ,” ਈਜ਼ੀ ਟੂ ਰੀਡ ਵਰਯਨ]!”—ਹੋਸ਼ੇਆ 2:6-8.

13 ਭਾਵੇਂ ਇਸਰਾਏਲ ਨੇ ਉਨ੍ਹਾਂ ਕੌਮਾਂ ਦੀ ਮਦਦ ਭਾਲੀ ਜੋ ਉਸ ਦੀਆਂ ‘ਧਗੜ’ ਮਤਲਬ ਪ੍ਰੇਮੀ ਹੋਇਆ ਕਰਦੀਆਂ ਸਨ, ਪਰ ਉਹ ਉਸ ਦੀ ਕੋਈ ਸਹਾਇਤਾ ਨਹੀਂ ਕਰ ਸਕੀਆਂ। ਉਸ ਦਾ ਰਾਹ ਮਾਨੋ ਕੰਡਿਆਂ ਨਾਲ ਬੰਦ ਕਰ ਦਿੱਤਾ ਗਿਆ ਸੀ ਤਾਂਕਿ ਉਸ ਦੇ ਪ੍ਰੇਮੀ ਉਸ ਦੀ ਮਦਦ ਕਰਨ ਲਈ ਉਸ ਤਕ ਪਹੁੰਚ ਨਾ ਸਕਣ। ਅੱਸ਼ੂਰੀਆਂ ਨੇ ਤਿੰਨਾਂ ਸਾਲਾਂ ਤਕ ਇਸਰਾਏਲ ਦੀ ਰਾਜਧਾਨੀ ਸਾਮਰਿਯਾ ਦੇ ਆਲੇ-ਦੁਆਲੇ ਘੇਰਾ ਪਾਈ ਰੱਖਿਆ ਜਿਸ ਤੋਂ ਬਾਅਦ 740 ਈ.ਪੂ. ਵਿਚ ਉਨ੍ਹਾਂ ਨੇ ਇਸ ਸ਼ਹਿਰ ਉੱਤੇ ਜਿੱਤ ਪ੍ਰਾਪਤ ਕੀਤੀ। ਇਸ ਤੋਂ ਬਾਅਦ ਇਹ ਦਸ-ਗੋਤੀ ਰਾਜ ਫਿਰ ਕਦੀ ਮੁੜ ਸਥਾਪਿਤ ਨਹੀਂ ਕੀਤਾ ਗਿਆ। ਸਿਰਫ਼ ਕੁਝ ਗ਼ੁਲਾਮ ਇਸਰਾਏਲੀਆਂ ਨੂੰ ਹੀ ਅਹਿਸਾਸ ਹੋਇਆ ਕਿ ਉਨ੍ਹਾਂ ਦੀ ਜ਼ਿੰਦਗੀ ਉਦੋਂ ਕਿੰਨੀ ਚੰਗੀ ਹੁੰਦੀ ਸੀ ਜਦ ਉਨ੍ਹਾਂ ਦੇ ਪੜਦਾਦੇ ਯਹੋਵਾਹ ਦੀ ਸੇਵਾ ਕਰਦੇ ਹੁੰਦੇ ਸਨ! ਇਸ ਤਰ੍ਹਾਂ ਸੋਚਣ ਵਾਲਿਆਂ ਨੇ ਬਆਲ ਦੇਵਤੇ ਦੀ ਪੂਜਾ ਕਰਨੀ ਛੱਡ ਕੇ ਯਹੋਵਾਹ ਨਾਲ ਆਪਣਾ ਰਿਸ਼ਤਾ ਦੁਬਾਰਾ ਜੋੜਿਆ।

ਨਾਟਕ ਦਾ ਅਗਲਾ ਹਿੱਸਾ

14. ਹੋਸ਼ੇਆ ਨੇ ਗੋਮਰ ਨੂੰ ਦੁਬਾਰਾ ਆਪਣੀ ਪਤਨੀ ਕਿਉਂ ਬਣਾ ਲਿਆ ਸੀ?

14 ਹੋਸ਼ੇਆ ਦੀ ਘਰੇਲੂ ਜ਼ਿੰਦਗੀ ਤੇ ਯਹੋਵਾਹ ਨਾਲ ਇਸਰਾਏਲ ਦੇ ਰਿਸ਼ਤੇ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਲਈ ਆਓ ਆਪਾਂ ਇਨ੍ਹਾਂ ਸ਼ਬਦਾਂ ਉੱਤੇ ਗੌਰ ਕਰੀਏ: “ਯਹੋਵਾਹ ਨੇ ਮੈਨੂੰ ਆਖਿਆ, ਫੇਰ ਜਾਹ, ਇੱਕ ਤੀਵੀਂ ਨਾਲ ਪ੍ਰੀਤ ਲਾ ਜਿਹੜੀ ਆਪਣੇ ਯਾਰ ਦੀ ਪਿਆਰੀ ਹੈ, ਜਿਹੜੀ ਵਿਭਚਾਰਣ ਹੈ।” (ਹੋਸ਼ੇਆ 3:1) ਹੋਸ਼ੇਆ ਨੇ ਇਸ ਹੁਕਮ ਦੀ ਪਾਲਣਾ ਕਰਦੇ ਹੋਏ ਗੋਮਰ ਨੂੰ ਉਸ ਆਦਮੀ ਤੋਂ ਮੁੱਲ ਲੈ ਲਿਆ ਜਿਸ ਨਾਲ ਉਹ ਰਹਿ ਰਹੀ ਸੀ। ਇਸ ਤੋਂ ਬਾਅਦ ਹੋਸ਼ੇਆ ਨੇ ਆਪਣੀ ਪਤਨੀ ਨੂੰ ਤਾੜਨਾ ਦਿੱਤੀ: “ਤੂੰ ਬਹੁਤਿਆਂ ਦਿਨਾਂ ਤੀਕ ਮੇਰੇ ਨਾਲ ਵੱਸੇਂਗੀ, ਤੂੰ ਨਾ ਜ਼ਨਾਹ ਕਰੇਂਗੀ, ਨਾ ਕਿਸੇ ਹੋਰ ਮਨੁੱਖ ਦੀ ਤੀਵੀਂ ਹੋਵੇਂਗੀ।” (ਹੋਸ਼ੇਆ 3:2, 3) ਗੋਮਰ ਨੇ ਹੋਸ਼ੇਆ ਦੀ ਤਾੜਨਾ ਕਬੂਲ ਕੀਤੀ ਅਤੇ ਹੋਸ਼ੇਆ ਨੇ ਉਸ ਨੂੰ ਦੁਬਾਰਾ ਆਪਣੀ ਪਤਨੀ ਬਣਾ ਲਿਆ। ਇਹ ਗੱਲ ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਨਾਲ ਪਰਮੇਸ਼ੁਰ ਦੇ ਵਰਤਾਓ ਉੱਤੇ ਕਿਵੇਂ ਲਾਗੂ ਹੋਈ?

15, 16. (ੳ) ਪਰਮੇਸ਼ੁਰ ਦੀ ਸੁਧਰੀ ਹੋਈ ਕੌਮ ਉਸ ਦੀ ਮਿਹਰ ਕਿਵੇਂ ਪ੍ਰਾਪਤ ਕਰ ਸਕਦੀ ਸੀ? (ਅ) ਹੋਸ਼ੇਆ 2:18 ਦੀ ਪੂਰਤੀ ਕਿਵੇਂ ਹੋਈ ਹੈ?

15 ਜਦ ਇਸਰਾਏਲ ਅਤੇ ਯਹੂਦਾਹ ਦੇ ਲੋਕ ਬਾਬਲ ਦੀ ਗ਼ੁਲਾਮੀ ਵਿਚ ਸਨ, ਤਾਂ ਯਹੋਵਾਹ ਨੇ ਆਪਣੇ ਨਬੀਆਂ ਰਾਹੀਂ ਉਨ੍ਹਾਂ ਨਾਲ ‘ਦਿਲ ਲੱਗੀ ਦੀਆਂ ਗੱਲਾਂ ਕੀਤੀਆਂ।’ ਜੇ ਇਸਰਾਏਲੀ ਯਹੋਵਾਹ ਦੀ ਮਿਹਰ ਚਾਹੁੰਦੇ ਸਨ, ਤਾਂ ਉਨ੍ਹਾਂ ਨੂੰ ਉਸ ਵੱਲ ਮੁੜਨਾ ਪੈਣਾ ਸੀ ਜਿਸ ਤਰ੍ਹਾਂ ਗੋਮਰ ਹੋਸ਼ੇਆ ਕੋਲ ਮੁੜ ਆਈ ਸੀ। ਫਿਰ ਯਹੋਵਾਹ ਉਨ੍ਹਾਂ ਨੂੰ ਬਾਬਲ ਦੇ “ਉਜਾੜ” ਵਿੱਚੋਂ ਕੱਢ ਕੇ ਯਰੂਸ਼ਲਮ ਅਤੇ ਯਹੂਦਾਹ ਵਿਚ ਵਾਪਸ ਲੈ ਆਉਂਦਾ। (ਹੋਸ਼ੇਆ 2:14, 15) ਉਸ ਨੇ ਇਹ ਵਾਅਦਾ 537 ਈ.ਪੂ. ਵਿਚ ਪੂਰਾ ਕੀਤਾ।

16 ਪਰਮੇਸ਼ੁਰ ਨੇ ਇਹ ਵਾਅਦਾ ਵੀ ਪੂਰਾ ਕੀਤਾ: “ਮੈਂ ਉਸ ਦਿਨ ਵਿੱਚ ਜੰਗਲੀ ਦਰਿੰਦਿਆਂ ਨਾਲ, ਅਕਾਸ਼ ਦੇ ਪੰਛੀਆਂ ਨਾਲ, ਜ਼ਮੀਨ ਦੇ ਘਿਸਰਨ ਵਾਲਿਆਂ ਨਾਲ ਓਹਨਾਂ ਲਈ ਇੱਕ ਨੇਮ ਬੰਨ੍ਹਾਂਗਾ, ਅਤੇ ਮੈਂ ਧਣੁਖ, ਤਲਵਾਰ ਅਤੇ ਜੁੱਧ ਨੂੰ ਦੇਸ ਵਿੱਚੋਂ ਭੰਨ ਸੁੱਟਾਂਗਾ, ਅਤੇ ਮੈਂ ਓਹਨਾਂ ਨੂੰ ਚੈਨ ਵਿੱਚ ਲਿਟਾਵਾਂਗਾ।” (ਹੋਸ਼ੇਆ 2:18) ਜਿਹੜੇ ਯਹੂਦੀ ਆਪਣੇ ਵਤਨ ਪਰਤੇ, ਉਹ ਸੁਖ-ਚੈਨ ਨਾਲ ਆਪਣੀ ਜ਼ਿੰਦਗੀ ਗੁਜ਼ਾਰਨ ਲੱਗੇ ਅਤੇ ਉਨ੍ਹਾਂ ਨੂੰ ਜਾਨਵਰਾਂ ਤੋਂ ਵੀ ਡਰਨ ਦੀ ਕੋਈ ਲੋੜ ਨਹੀਂ ਸੀ। ਇਹ ਭਵਿੱਖਬਾਣੀ 1919 ਵਿਚ ਵੀ ਪੂਰੀ ਹੋਈ ਜਦ ਪਰਮੇਸ਼ੁਰ ਨੇ ਅਧਿਆਤਮਿਕ ਇਸਰਾਏਲ ਦੇ ਮੈਂਬਰਾਂ ਨੂੰ ‘ਵੱਡੀ ਬਾਬੁਲ’ ਯਾਨੀ ਝੂਠੇ ਧਰਮਾਂ ਦੇ ਵਿਸ਼ਵ ਸਾਮਰਾਜ ਤੋਂ ਛੁਡਾਇਆ। ਹੁਣ ਉਹ ਚੈਨ ਨਾਲ ਉਨ੍ਹਾਂ ਮਸੀਹੀਆਂ ਨਾਲ ਰੂਹਾਨੀ ਫਿਰਦੌਸ ਵਿਚ ਵੱਸ ਰਹੇ ਹਨ ਜੋ ਧਰਤੀ ਉੱਤੇ ਹਮੇਸ਼ਾ ਲਈ ਜੀਣ ਦੀ ਉਮੀਦ ਰੱਖਦੇ ਹਨ। ਇਨ੍ਹਾਂ ਸੱਚੇ ਮਸੀਹੀਆਂ ਵਿਚ ਕੋਈ ਵੀ ਜੰਗਲੀ ਜਾਨਵਰਾਂ ਵਾਲੇ ਗੁਣ ਨਹੀਂ ਹਨ, ਸਗੋਂ ਉਹ ਸ਼ਾਂਤੀ ਨਾਲ ਰਹਿੰਦੇ ਹਨ।—ਪਰਕਾਸ਼ ਦੀ ਪੋਥੀ 14:8; ਯਸਾਯਾਹ 11:6-9; ਗਲਾਤੀਆਂ 6:16.

ਸਾਡੇ ਲਈ ਸਬਕ

17-19. (ੳ) ਕਿਹੜੇ ਗੁਣ ਦਿਖਾਉਣ ਵਿਚ ਸਾਨੂੰ ਪਰਮੇਸ਼ੁਰ ਦੀ ਰੀਸ ਕਰਨੀ ਚਾਹੀਦੀ ਹੈ? (ਅ) ਯਹੋਵਾਹ ਦੀ ਦਇਆ ਤੇ ਰਹਿਮ-ਦਿਲੀ ਦਾ ਸਾਡੇ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ?

17ਯਹੋਵਾਹ ਦਿਆਲੂ ਤੇ ਰਹਿਮ-ਦਿਲ ਪਰਮੇਸ਼ੁਰ ਹੈ ਤੇ ਸਾਨੂੰ ਵੀ ਉਸ ਵਰਗੇ ਬਣਨਾ ਚਾਹੀਦਾ ਹੈ। ਇਹ ਇਕ ਸਬਕ ਹੈ ਜੋ ਅਸੀਂ ਹੋਸ਼ੇਆ ਦੇ ਮੁਢਲੇ ਅਧਿਆਵਾਂ ਤੋਂ ਸਿੱਖਦੇ ਹਾਂ। (ਹੋਸ਼ੇਆ 1:6, 7; 2:23) ਪਰਮੇਸ਼ੁਰ ਤੋਬਾ ਕਰਨ ਵਾਲੇ ਇਸਰਾਏਲੀਆਂ ਉੱਤੇ ਰਹਿਮ ਕਰਨ ਲਈ ਤਿਆਰ ਸੀ ਜਿਸ ਤਰ੍ਹਾਂ ਕਹਾਉਤਾਂ ਦੀ ਕਿਤਾਬ ਵਿਚ ਲਿਖਿਆ ਹੈ: “ਜਿਹੜਾ ਆਪਣੇ ਅਪਰਾਧਾਂ ਨੂੰ ਲੁਕੋ ਲੈਂਦਾ ਹੈ ਉਹ ਸਫ਼ਲ ਨਹੀਂ ਹੁੰਦਾ, ਪਰ ਜੋ ਓਹਨਾਂ ਨੂੰ ਮੰਨ ਕੇ ਛੱਡ ਦਿੰਦਾ ਹੈ ਉਹ ਦੇ ਉੱਤੇ ਰਹਮ ਕੀਤਾ ਜਾਵੇਗਾ।” (ਕਹਾਉਤਾਂ 28:13) ਤੋਬਾ ਕਰਨ ਵਾਲਿਆਂ ਨੂੰ ਜ਼ਬੂਰਾਂ ਦੇ ਲਿਖਾਰੀ ਦੇ ਇਨ੍ਹਾਂ ਸ਼ਬਦਾਂ ਤੋਂ ਵੀ ਹੌਸਲਾ ਮਿਲਦਾ ਹੈ: “ਪਰਮੇਸ਼ੁਰ ਦਾ ਬਲੀਦਾਨ ਟੁੱਟਾ ਹੋਇਆ ਆਤਮਾ ਹੈ, ਹੇ ਪਰਮੇਸ਼ੁਰ, ਟੁੱਟੇ ਅਤੇ ਆਜਿਜ਼ ਦਿਲ ਨੂੰ ਤੂੰ ਤੁੱਛ ਨਾ ਜਾਣੇਂਗਾ।”—ਜ਼ਬੂਰਾਂ ਦੀ ਪੋਥੀ 51:17.

18 ਹੋਸ਼ੇਆ ਦੀ ਭਵਿੱਖਬਾਣੀ ਸਾਡੇ ਪਰਮੇਸ਼ੁਰ ਦੀ ਦਿਆਲਤਾ ਤੇ ਰਹਿਮ-ਦਿਲੀ ਵਰਗੇ ਗੁਣਾਂ ਉੱਤੇ ਜ਼ੋਰ ਦਿੰਦੀ ਹੈ। ਜੇ ਕੋਈ ਸਹੀ ਰਾਹ ਤੋਂ ਭਟਕ ਵੀ ਜਾਵੇ, ਤਾਂ ਉਹ ਤੋਬਾ ਕਰ ਕੇ ਯਹੋਵਾਹ ਵੱਲ ਮੁੜ ਸਕਦਾ ਹੈ। ਜੇ ਉਹ ਇਸ ਤਰ੍ਹਾਂ ਕਰੇ, ਤਾਂ ਯਹੋਵਾਹ ਉਸ ਨੂੰ ਮਾਫ਼ ਕਰੇਗਾ। ਉਸ ਨੇ ਤੋਬਾ ਕਰਨ ਵਾਲੀ ਇਸਰਾਏਲ ਕੌਮ ਉੱਤੇ ਦਇਆ ਕੀਤੀ ਸੀ ਜਿਸ ਨਾਲ ਉਸ ਨੇ ਨੇਮ ਬੰਨ੍ਹਿਆ ਸੀ ਤੇ ਜੋ ਉਸ ਦੀ ਪਤਨੀ ਵਰਗੀ ਸੀ। ਭਾਵੇਂ ਉਹ ਅਣਆਗਿਆਕਾਰ ਨਿਕਲੇ ਤੇ ਉਨ੍ਹਾਂ ਨੇ “ਇਸਰਾਏਲ ਦੇ ਪਵਿੱਤਰ ਪੁਰਖ ਨੂੰ ਅਕਾਇਆ,” ਫਿਰ ਵੀ ਉਸ ਨੇ ਰਹਿਮ ਕੀਤਾ ਅਤੇ ਚੇਤੇ ਰੱਖਿਆ ਕਿ ‘ਓਹ ਨਿਰੇ ਬਸ਼ਰ ਹੀ ਸਨ’ ਯਾਨੀ ਮਿੱਟੀ ਦੇ ਬਣੇ ਇਨਸਾਨ। (ਜ਼ਬੂਰਾਂ ਦੀ ਪੋਥੀ 78:38-41) ਯਹੋਵਾਹ ਦੀ ਅਜਿਹੀ ਦਇਆ ਦੇਖ ਕੇ ਕੀ ਸਾਨੂੰ ਉਸ ਦੇ ਨਾਲ-ਨਾਲ ਚੱਲਣ ਦੀ ਪ੍ਰੇਰਣਾ ਨਹੀਂ ਮਿਲਦੀ? ਹਾਂ, ਜ਼ਰੂਰ ਮਿਲਦੀ ਹੈ!

19 ਭਾਵੇਂ ਇਸਰਾਏਲ ਵਿਚ ਖ਼ੂਨ-ਖ਼ਰਾਬਾ, ਚੋਰੀ ਅਤੇ ਜ਼ਨਾਹ ਵਰਗੇ ਬੁਰੇ ਕੰਮ ਆਮ ਹੁੰਦੇ ਸਨ, ਪਰ ਯਹੋਵਾਹ ਨੇ ਫਿਰ ਵੀ ਲੋਕਾਂ ਨਾਲ ‘ਦਿਲ ਲੱਗੀ ਦੀਆਂ ਗੱਲਾਂ ਕੀਤੀਆਂ।’ (ਹੋਸ਼ੇਆ 2:14; 4:2) ਜਦ ਅਸੀਂ ਯਹੋਵਾਹ ਦੀ ਦਇਆ ਅਤੇ ਰਹਿਮ-ਦਿਲੀ ਦੇਖਦੇ ਹਾਂ, ਤਾਂ ਕੀ ਉਸ ਦੇ ਲਈ ਸਾਡਾ ਪਿਆਰ ਨਹੀਂ ਵਧਦਾ? ਤਾਂ ਫਿਰ ਆਓ ਆਪਾਂ ਆਪਣੇ ਆਪ ਤੋਂ ਇਹ ਸਵਾਲ ਪੁੱਛੀਏ: ‘ਦੂਸਰਿਆਂ ਨਾਲ ਪੇਸ਼ ਆਉਣ ਵੇਲੇ ਮੈਂ ਯਹੋਵਾਹ ਦੀ ਦਇਆ ਤੇ ਹਮਦਰਦੀ ਦੀ ਕਿਵੇਂ ਰੀਸ ਕਰ ਸਕਦਾ ਹਾਂ? ਜੇ ਕੋਈ ਭੈਣ ਜਾਂ ਭਰਾ ਮੈਨੂੰ ਨਾਰਾਜ਼ ਕਰ ਕੇ ਮਾਫ਼ੀ ਮੰਗਦਾ ਹੈ, ਤਾਂ ਕੀ ਮੈਂ ਉਸ ਉੱਤੇ ਦਇਆ ਕਰਨ ਲਈ ਤਿਆਰ ਹੁੰਦਾ ਹਾਂ?’—ਜ਼ਬੂਰਾਂ ਦੀ ਪੋਥੀ 86:5.

20. ਸਾਡੇ ਕੋਲ ਪੱਕੀ ਉਮੀਦ ਰੱਖਣ ਦਾ ਕਿਹੜਾ ਕਾਰਨ ਹੈ?

20ਪਰਮੇਸ਼ੁਰ ਸਾਨੂੰ ਭਵਿੱਖ ਲਈ ਪੱਕੀ ਉਮੀਦ ਦਿੰਦਾ ਹੈ। ਮਿਸਾਲ ਲਈ, ਉਸ ਨੇ ਵਾਅਦਾ ਕੀਤਾ ਹੈ: “ਮੈਂ ਉਮੀਦ ਦੇ ਦਰਵਾਜ਼ੇ ਵਜੋਂ ਉਸਨੂੰ ਆਕੋਰ ਦੀ ਵਾਦੀ ਦੇਵਾਂਗਾ।” (ਹੋਸ਼ੇਆ 2:15, ਈਜ਼ੀ ਟੂ ਰੀਡ) ਯਹੋਵਾਹ ਦੀ ਪ੍ਰਾਚੀਨ ਕੌਮ ਕੋਲ ਆਪਣੇ ਵਤਨ ਵਾਪਸ ਜਾਣ ਦੀ ਪੱਕੀ ਉਮੀਦ ਸੀ ਜਿੱਥੇ “ਆਕੋਰ ਦੀ ਵਾਦੀ” ਸੀ। ਯਹੋਵਾਹ ਨੇ ਇਹ ਵਾਅਦਾ 537 ਈ.ਪੂ. ਵਿਚ ਪੂਰਾ ਕੀਤਾ। ਇਸ ਤੋਂ ਸਾਡਾ ਭਰੋਸਾ ਹੋਰ ਪੱਕਾ ਹੁੰਦਾ ਹੈ ਕਿ ਯਹੋਵਾਹ ਭਵਿੱਖ ਸੰਬੰਧੀ ਆਪਣੇ ਵਾਅਦੇ ਜ਼ਰੂਰ ਪੂਰੇ ਕਰੇਗਾ।

21. ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਲਈ ਗਿਆਨ ਕਿਉਂ ਜ਼ਰੂਰੀ ਹੈ?

21ਪਰਮੇਸ਼ੁਰ ਦੇ ਨਾਲ-ਨਾਲ ਚੱਲਦੇ ਰਹਿਣ ਲਈ ਸਾਨੂੰ ਉਸ ਦਾ ਗਿਆਨ ਲੈਣ ਅਤੇ ਉਸ ਗਿਆਨ ਅਨੁਸਾਰ ਚੱਲਣ ਦੀ ਲੋੜ ਹੈ। ਇਸਰਾਏਲ ਵਿਚ ਯਹੋਵਾਹ ਦੇ ਗਿਆਨ ਦੀ ਘਾਟ ਸੀ। (ਹੋਸ਼ੇਆ 4:1, 6) ਪਰ ਕੁਝ ਲੋਕਾਂ ਨੇ ਪਰਮੇਸ਼ੁਰ ਦੀ ਸਿੱਖਿਆ ਦੀ ਕਦਰ ਕੀਤੀ, ਉਸ ਅਨੁਸਾਰ ਚੱਲੇ ਅਤੇ ਉਨ੍ਹਾਂ ਨੂੰ ਬਹੁਤ ਸਾਰੀਆਂ ਬਰਕਤਾਂ ਮਿਲੀਆਂ। ਹੋਸ਼ੇਆ ਉਨ੍ਹਾਂ ਵਿੱਚੋਂ ਇਕ ਸੀ। ਏਲੀਯਾਹ ਦੇ ਜ਼ਮਾਨੇ ਵਿਚ ਵੀ ਕੁਝ 7,000 ਲੋਕ ਸਨ ਜਿਨ੍ਹਾਂ ਨੇ ਬਆਲ ਦੀ ਪੂਜਾ ਨਹੀਂ ਕੀਤੀ ਸੀ। (1 ਰਾਜਿਆਂ 19:18; ਰੋਮੀਆਂ 11:1-4) ਜੇ ਅਸੀਂ ਪਰਮੇਸ਼ੁਰ ਦੀ ਸਿੱਖਿਆ ਦੀ ਦਿਲੋਂ ਕਦਰ ਕਰਦੇ ਹਾਂ, ਤਾਂ ਅਸੀਂ ਪਰਮੇਸ਼ੁਰ ਦੇ ਨਾਲ-ਨਾਲ ਚੱਲਦੇ ਰਹਾਂਗੇ।—ਜ਼ਬੂਰਾਂ ਦੀ ਪੋਥੀ 119:66; ਯਸਾਯਾਹ 30:20, 21.

22. ਸਾਨੂੰ ਮੂਰਤੀ-ਪੂਜਾ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ?

22ਯਹੋਵਾਹ ਉਮੀਦ ਰੱਖਦਾ ਹੈ ਕਿ ਉਸ ਦੇ ਲੋਕਾਂ ਦੀ ਅਗਵਾਈ ਕਰਨ ਵਾਲੇ ਲੋਕ ਸੱਚੇ ਧਰਮ ਨੂੰ ਨਹੀਂ ਛੱਡਣਗੇ। ਪਰ ਹੋਸ਼ੇਆ 5:1 ਵਿਚ ਲਿਖਿਆ ਹੈ: ‘ਹੇ ਜਾਜਕੋ, ਸੁਣੋ! ਹੇ ਇਸਰਾਏਲ ਦੇ ਘਰਾਣੇ ਵਾਲਿਓ, ਧਿਆਨ ਦਿਓ! ਹੇ ਪਾਤਸ਼ਾਹ ਦੇ ਘਰਾਣੇ ਵਾਲਿਓ, ਕੰਨ ਲਾਓ! ਕਿਉਂ ਜੋ ਤੁਹਾਡਾ ਨਿਆਉਂ ਆ ਗਿਆ ਹੈ, ਤੂੰ ਮਿਸਪਾਹ ਲਈ ਫੰਦਾ ਹੋਇਆ ਹੈਂ, ਅਤੇ ਤਾਬੋਰ ਉੱਤੇ ਇੱਕ ਵਿਛਾਇਆ ਹੋਇਆ ਜਾਲ।’ ਇਸਰਾਏਲ ਦੇ ਆਗੂ ਯਹੋਵਾਹ ਦੀ ਭਗਤੀ ਛੱਡ ਕੇ ਲੋਕਾਂ ਲਈ ਫੰਦਾ ਬਣ ਗਏ ਸਨ। ਉਹ ਲੋਕਾਂ ਨੂੰ ਮੂਰਤੀ-ਪੂਜਾ ਕਰਨ ਲਈ ਭਰਮਾ ਰਹੇ ਸਨ। ਤਾਬੋਰ ਪਹਾੜ ਅਤੇ ਮਿਸਪਾਹ ਸ਼ਾਇਦ ਉਹ ਥਾਵਾਂ ਸਨ ਜਿੱਥੇ ਦੇਵੀ-ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਸੀ।

23. ਹੋਸ਼ੇਆ ਦੇ ਪਹਿਲੇ ਪੰਜ ਅਧਿਆਵਾਂਤੋਂ ਤੁਹਾਨੂੰ ਕੀ ਲਾਭ ਹੋਇਆ ਹੈ?

23 ਹੋਸ਼ੇਆ ਦੀ ਪੋਥੀ ਵਿੱਚੋਂ ਅਸੀਂ ਹੁਣ ਤਕ ਇਹ ਦੇਖਿਆ ਹੈ ਕਿ ਯਹੋਵਾਹ ਰਹਿਮ-ਦਿਲ ਪਰਮੇਸ਼ੁਰ ਹੈ ਜੋ ਆਪਣੇ ਸੇਵਕਾਂ ਨੂੰ ਉਮੀਦ ਅਤੇ ਬਰਕਤਾਂ ਦਿੰਦਾ ਹੈ ਜਿਹੜੇ ਉਸ ਦੀ ਸਿੱਖਿਆ ਉੱਤੇ ਚੱਲ ਕੇ ਸਿਰਫ਼ ਉਸ ਦੀ ਭਗਤੀ ਕਰਦੇ ਹਨ। ਪੁਰਾਣੇ ਜ਼ਮਾਨੇ ਵਿਚ ਤੋਬਾ ਕਰਨ ਵਾਲੇ ਇਸਰਾਏਲੀਆਂ ਵਾਂਗ ਆਓ ਆਪਾਂ ਵੀ ਯਹੋਵਾਹ ਨੂੰ ਭਾਲੀਏ ਅਤੇ ਹਮੇਸ਼ਾ ਉਸ ਨੂੰ ਖ਼ੁਸ਼ ਕਰੀਏ। (ਹੋਸ਼ੇਆ 5:15) ਇਸ ਤਰ੍ਹਾਂ ਕਰਨ ਨਾਲ ਅਸੀਂ ਚੰਗਾ ਫਲ ਵੱਢਾਂਗੇ ਅਤੇ ਵਫ਼ਾਦਾਰੀ ਨਾਲ ਪਰਮੇਸ਼ੁਰ ਦੇ ਨਾਲ-ਨਾਲ ਚੱਲ ਕੇ ਆਪਣੀ ਜ਼ਿੰਦਗੀ ਵਿਚ ਬੇਸ਼ੁਮਾਰ ਖ਼ੁਸ਼ੀਆਂ ਤੇ ਸ਼ਾਂਤੀ ਪਾਵਾਂਗੇ।—ਜ਼ਬੂਰਾਂ ਦੀ ਪੋਥੀ 100:2; ਫ਼ਿਲਿੱਪੀਆਂ 4:6, 7.

[ਫੁਟਨੋਟ]

^ ਪੈਰਾ 1 ਇਕ ਨਾਟਕ ਗਲਾਤੀਆਂ 4:21-26 ਵਿਚ ਵੀ ਪੇਸ਼ ਕੀਤਾ ਗਿਆ ਹੈ।

ਤੁਸੀਂ ਕੀ ਜਵਾਬ ਦਿਓਗੇ?

• ਹੋਸ਼ੇਆ ਨਾਲ ਗੋਮਰ ਦੇ ਵਿਆਹ ਨੇ ਕਿਸ ਚੀਜ਼ ਨੂੰ ਦਰਸਾਇਆ?

• ਯਹੋਵਾਹ ਨੇ ਇਸਰਾਏਲ ਨੂੰ ਸਜ਼ਾ ਕਿਉਂ ਦਿੱਤੀ ਸੀ?

ਹੋਸ਼ੇਆ ਦੇ ਪਹਿਲੇ ਪੰਜ ਅਧਿਆਵਾਂ ਤੋਂ ਤੁਹਾਨੂੰ ਕਿਹੜਾ ਸਬਕ ਚੰਗਾ ਲੱਗਾ?

[ਸਵਾਲ]

[ਸਫ਼ੇ 18 ਉੱਤੇ ਤਸਵੀਰ]

ਕੀ ਤੁਹਾਨੂੰ ਪਤਾ ਹੈ ਕਿ ਹੋਸ਼ੇਆ ਦੀ ਪਤਨੀ ਕਿਸ ਨੂੰ ਦਰਸਾਉਂਦੀ ਹੈ?

[ਸਫ਼ੇ 19 ਉੱਤੇ ਤਸਵੀਰ]

ਅੱਸ਼ੂਰੀਆਂ ਨੇ 740 ਈ.ਪੂ. ਵਿਚ ਸਾਮਰਿਯਾ ਦੇ ਵਾਸੀਆਂ ਉੱਤੇ ਜਿੱਤ ਪ੍ਰਾਪਤ ਕੀਤੀ

[ਸਫ਼ੇ 20 ਉੱਤੇ ਤਸਵੀਰ]

ਲੋਕ ਖ਼ੁਸ਼ੀ-ਖ਼ੁਸ਼ੀ ਆਪਣੇ ਵਤਨ ਵਾਪਸ ਮੁੜੇ