Skip to content

Skip to table of contents

ਆਰਮਾਗੇਡਨ—ਸੁਖੀ ਜ਼ਿੰਦਗੀ ਦੀ ਸ਼ੁਰੂਆਤ

ਆਰਮਾਗੇਡਨ—ਸੁਖੀ ਜ਼ਿੰਦਗੀ ਦੀ ਸ਼ੁਰੂਆਤ

ਆਰਮਾਗੇਡਨ—ਸੁਖੀ ਜ਼ਿੰਦਗੀ ਦੀ ਸ਼ੁਰੂਆਤ

ਸ਼ਬਦ “ਆਰਮਾਗੇਡਨ” ਇਬਰਾਨੀ ਭਾਸ਼ਾ ਦੇ ਹਰਮਗਿੱਦੋਨ ਸ਼ਬਦ ਤੋਂ ਲਿਆ ਗਿਆ ਹੈ ਜਿਸ ਦਾ ਮਤਲਬ ਹੈ “ਮਗਿੱਦੋ ਦਾ ਪਹਾੜ।” ਬਾਈਬਲ ਵਿਚ ਇਹ ਸ਼ਬਦ ਪਰਕਾਸ਼ ਦੀ ਪੋਥੀ 16:16 ਵਿਚ ਪਾਇਆ ਜਾਂਦਾ ਹੈ ਜਿੱਥੇ ਲਿਖਿਆ ਹੈ: “ਉਨ੍ਹਾਂ ਨੇ ਉਸ ਥਾਂ ਓਹਨਾਂ ਨੂੰ ਇਕੱਠਿਆਂ ਕੀਤਾ ਜਿਹੜਾ ਇਬਰਾਨੀ ਭਾਖਿਆ ਵਿੱਚ ਹਰਮਗਿੱਦੋਨ ਕਰਕੇ ਸਦਾਉਂਦਾ ਹੈ।” ਆਰਮਾਗੇਡਨ ਤੇ ਕਿਨ੍ਹਾਂ ਨੂੰ ਇਕੱਠਾ ਕੀਤਾ ਜਾਂਦਾ ਹੈ ਅਤੇ ਕਿਉਂ? ਪਰਕਾਸ਼ ਦੀ ਪੋਥੀ 16:14 ਵਿਚ ਇਸ ਦਾ ਜਵਾਬ ਮਿਲਦਾ ਹੈ: ‘ਸਾਰੇ ਜਗਤ ਦਿਆਂ ਰਾਜਿਆਂ ਨੂੰ ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਓਸ ਵੱਡੇ ਦਿਹਾੜੇ ਦੇ ਜੁੱਧ ਲਈ ਇਕੱਠਾ’ ਕੀਤਾ ਜਾਂਦਾ ਹੈ। ਇਸ ਆਇਤ ਨੂੰ ਪੜ੍ਹਨ ਤੇ ਹੋਰ ਵੀ ਸਵਾਲ ਪੈਦਾ ਹੁੰਦੇ ਹਨ। ਇਹ ‘ਰਾਜੇ’ ਕਿੱਥੇ ਲੜਦੇ ਹਨ? ਇਹ ਕਿਉਂ ਅਤੇ ਕਿਸ ਨਾਲ ਲੜਦੇ ਹਨ? ਕੀ ਇਹ ਸੱਚ ਹੈ ਕਿ ਇਹ ਰਾਜੇ ਵੱਡੇ ਪੈਮਾਨੇ ਤੇ ਨਾਸ਼ ਕਰਨ ਵਾਲੇ ਖ਼ਤਰਨਾਕ ਹਥਿਆਰ ਵਰਤਣਗੇ ਜਿਵੇਂ ਕਈ ਲੋਕ ਮੰਨਦੇ ਹਨ? ਕੀ ਆਰਮਾਗੇਡਨ ਵਿੱਚੋਂ ਕੋਈ ਬਚ ਨਿਕਲੇਗਾ? ਆਓ ਆਪਾਂ ਦੇਖੀਏ ਕਿ ਬਾਈਬਲ ਇਨ੍ਹਾਂ ਸਵਾਲਾਂ ਦੇ ਕੀ ਜਵਾਬ ਦਿੰਦੀ ਹੈ।

ਕੀ ‘ਮਗਿੱਦੋ ਦੇ ਪਹਾੜ’ ਦੇ ਜ਼ਿਕਰ ਦਾ ਇਹ ਮਤਲਬ ਹੈ ਕਿ ਆਰਮਾਗੇਡਨ ਦਾ ਯੁੱਧ ਮੱਧ ਪੂਰਬ ਵਿਚ ਕਿਸੇ ਅਸਲੀ ਪਹਾੜ ਉੱਤੇ ਲੜਿਆ ਜਾਵੇਗਾ? ਨਹੀਂ। ਪਹਿਲੀ ਗੱਲ ਇਹ ਹੈ ਕਿ ਇਸ ਨਾਂ ਦਾ ਕੋਈ ਪਹਾੜ ਨਹੀਂ। ਜਿੱਥੇ ਪ੍ਰਾਚੀਨ ਮਗਿੱਦੋ ਦਾ ਮੈਦਾਨ ਹੁੰਦਾ ਸੀ, ਉੱਥੇ ਹੁਣ ਤਕਰੀਬਨ 20 ਮੀਟਰ (70 ਫੁੱਟ) ਉੱਚਾ ਟਿੱਬਾ ਹੀ ਹੈ। ਇਸ ਤੋਂ ਇਲਾਵਾ, ਮਗਿੱਦੋ ਦੇ ਆਲੇ-ਦੁਆਲੇ ਬਹੁਤ ਹੀ ਥੋੜ੍ਹੀ ਜਗ੍ਹਾ ਹੈ। ਉੱਥੇ ਸਾਰੇ “ਧਰਤੀ ਦੇ ਰਾਜੇ ਅਤੇ ਉਨ੍ਹਾਂ ਦੀਆਂ ਫੌਜਾਂ” ਇਕੱਠੀਆਂ ਨਹੀਂ ਹੋ ਸਕਦੀਆਂ। (ਪਰਕਾਸ਼ ਦੀ ਪੋਥੀ 19:19) ਲੇਕਿਨ ਪ੍ਰਾਚੀਨ ਸਮਿਆਂ ਵਿਚ ਮਗਿੱਦੋ ਦੇ ਮੈਦਾਨ ਵਿਚ ਮੱਧ ਪੂਰਬੀ ਦੇਸ਼ਾਂ ਵਿਚਕਾਰ ਭਿਆਨਕ ਯੁੱਧ ਲੜੇ ਗਏ ਸਨ ਜਿਨ੍ਹਾਂ ਯੁੱਧਾਂ ਵਿਚ ਇਕ ਧਿਰ ਪੂਰੀ ਤਰ੍ਹਾਂ ਜਿੱਤਦੀ ਸੀ। ਇਸ ਤੋਂ ਸੰਕੇਤ ਮਿਲਦਾ ਹੈ ਕਿ ਆਰਮਾਗੇਡਨ ਇਕ ਅਜਿਹਾ ਯੁੱਧ ਹੋਵੇਗਾ ਜਿਸ ਵਿਚ ਇਕ ਧਿਰ ਪੂਰੀ ਤਰ੍ਹਾਂ ਜਿੱਤੇਗੀ।—ਸਫ਼ੇ 5 ਤੇ “ਮਗਿੱਦੋ—ਇਕ ਢੁਕਵਾਂ ਪ੍ਰਤੀਕ” ਨਾਂ ਦੀ ਡੱਬੀ ਦੇਖੋ।

ਆਰਮਾਗੇਡਨ ਦਾ ਯੁੱਧ ਸਿਰਫ਼ ਇਨਸਾਨਾਂ ਵਿਚਕਾਰ ਨਹੀਂ ਹੋ ਸਕਦਾ ਕਿਉਂਕਿ ਪਰਕਾਸ਼ ਦੀ ਪੋਥੀ 16:14 ਵਿਚ ਲਿਖਿਆ ਹੈ ਕਿ ‘ਸਾਰੇ ਜਗਤ ਦੇ ਰਾਜੇ’ ਇਕੱਠੇ ਹੋ ਕੇ “ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਓਸ ਵੱਡੇ ਦਿਹਾੜੇ ਦੇ ਜੁੱਧ ਲਈ” ਆਉਂਦੇ ਹਨ। ਯਿਰਮਿਯਾਹ ਦੀ ਭਵਿੱਖਬਾਣੀ ਦੱਸਦੀ ਹੈ ਕਿ ‘ਯਹੋਵਾਹ ਦੇ ਮਾਰੇ ਹੋਏ ਧਰਤੀ ਦੇ ਇੱਕ ਕੰਢੇ ਤੋਂ ਦੂਜੇ ਕੰਢੇ ਤੀਕ ਪਏ ਰਹਿਣਗੇ।’ (ਯਿਰਮਿਯਾਹ 25:33) ਤਾਂ ਫਿਰ, ਆਰਮਾਗੇਡਨ ਕੋਈ ਮਨੁੱਖੀ ਯੁੱਧ ਨਹੀਂ ਹੈ ਜੋ ਮੱਧ ਪੂਰਬ ਵਿਚ ਲੜਿਆ ਜਾਵੇਗਾ। ਇਹ ਯਹੋਵਾਹ ਦਾ ਯੁੱਧ ਹੈ ਜਿਸ ਦਾ ਸਾਰੀ ਦੁਨੀਆਂ ਉੱਤੇ ਅਸਰ ਪਵੇਗਾ।

ਲੇਕਿਨ ਪਰਕਾਸ਼ ਦੀ ਪੋਥੀ 16:16 ਵਿਚ ਆਰਮਾਗੇਡਨ ਨੂੰ “ਥਾਂ” ਕਿਉਂ ਕਿਹਾ ਗਿਆ ਹੈ? ਬਾਈਬਲ ਵਿਚ ਕਈ ਵਾਰ “ਥਾਂ” ਸ਼ਬਦ ਕਿਸੇ ਹਾਲਤ ਜਾਂ ਸਥਿਤੀ ਨੂੰ ਦਰਸਾਉਣ ਲਈ ਵਰਤਿਆ ਗਿਆ ਹੈ। ਇੱਥੇ ਉਸ ਸਥਿਤੀ ਦੀ ਗੱਲ ਕੀਤੀ ਗਈ ਹੈ ਜਦ ਸਾਰੀ ਦੁਨੀਆਂ ਯਹੋਵਾਹ ਪਰਮੇਸ਼ੁਰ ਦੇ ਵਿਰੁੱਧ ਖੜ੍ਹੀ ਹੋਵੇਗੀ। (ਪਰਕਾਸ਼ ਦੀ ਪੋਥੀ 12:6, 14) ਆਰਮਾਗੇਡਨ ਦੇ ਯੁੱਧ ਵਿਚ ਸਾਰੀਆਂ ਕੌਮਾਂ ਮਿਲ ਕੇ ‘ਸੁਰਗ ਦੀਆਂ ਫੌਜਾਂ’ ਦੇ ਵਿਰੁੱਧ ਲੜਨਗੀਆਂ ਜਿਨ੍ਹਾਂ ਦਾ ਸੈਨਾਪਤੀ “ਰਾਜਿਆਂ ਦਾ ਰਾਜਾ ਅਤੇ ਪ੍ਰਭੁਆਂ ਦਾ ਪ੍ਰਭੁ” ਯਿਸੂ ਮਸੀਹ ਹੈ।—ਪਰਕਾਸ਼ ਦੀ ਪੋਥੀ 19:14, 16.

ਕਈ ਲੋਕ ਕਹਿੰਦੇ ਹਨ ਕਿ ਆਰਮਾਗੇਡਨ ਵਿਚ ਵੱਡੇ ਪੈਮਾਨੇ ਤੇ ਨਾਸ਼ ਕਰਨ ਵਾਲੇ ਖ਼ਤਰਨਾਕ ਹਥਿਆਰ ਵਰਤੇ ਜਾਣਗੇ ਅਤੇ ਕਈ ਇਹ ਵੀ ਦਾਅਵਾ ਕਰਦੇ ਹਨ ਕਿ ਆਕਾਸ਼ੀ ਪਿੰਡ ਧਰਤੀ ਨਾਲ ਟਕਰਾਉਣਗੇ। ਪਰ ਜੇ ਪਰਮੇਸ਼ੁਰ ਸਾਡੇ ਨਾਲ ਪਿਆਰ ਕਰਦਾ ਹੈ, ਤਾਂ ਕੀ ਉਹ ਧਰਤੀ ਅਤੇ ਮਨੁੱਖਜਾਤੀ ਦਾ ਇਸ ਤਰ੍ਹਾਂ ਭਿਆਨਕ ਅੰਤ ਹੋਣ ਦੇਵੇਗਾ? ਨਹੀਂ! ਉਹ ਸਾਨੂੰ ਸਾਫ਼-ਸਾਫ਼ ਦੱਸਦਾ ਹੈ ਕਿ ਉਸ ਨੇ ਧਰਤੀ ਨੂੰ ‘ਬੇਡੌਲ ਨਹੀਂ ਉਤਪਤ ਕੀਤਾ, ਸਗੋਂ ਉਹ ਨੇ ਵੱਸਣ ਲਈ ਉਸ ਨੂੰ ਸਾਜਿਆ ਹੈ।’ (ਯਸਾਯਾਹ 45:18; ਜ਼ਬੂਰਾਂ ਦੀ ਪੋਥੀ 96:10) ਆਰਮਾਗੇਡਨ ਦੇ ਯੁੱਧ ਵਿਚ ਯਹੋਵਾਹ ਧਰਤੀ ਨੂੰ ਭਸਮ ਨਹੀਂ ਕਰੇਗਾ। ਇਸ ਦੀ ਬਜਾਇ ਉਹ ‘ਓਹਨਾਂ ਦਾ ਨਾਸ ਕਰੇਗਾ ਜੋ ਧਰਤੀ ਦਾ ਨਾਸ ਕਰਨ ਵਾਲੇ ਹਨ।’—ਪਰਕਾਸ਼ ਦੀ ਪੋਥੀ 11:18.

ਆਰਮਾਗੇਡਨ ਕਦੋਂ ਆਵੇਗਾ?

ਇਹ ਸਵਾਲ ਲੋਕ ਸਦੀਆਂ ਤੋਂ ਪੁੱਛਦੇ ਆਏ ਹਨ ਅਤੇ ਇਸ ਬਾਰੇ ਬੇਅੰਤ ਅੰਦਾਜ਼ੇ ਵੀ ਲਗਾਏ ਗਏ ਹਨ। ਜੇ ਅਸੀਂ ਪਰਕਾਸ਼ ਦੀ ਪੋਥੀ ਦੇ ਨਾਲ-ਨਾਲ ਬਾਈਬਲ ਦੇ ਹੋਰ ਹਿੱਸਿਆਂ ਵੱਲ ਵੀ ਧਿਆਨ ਦੇਈਏ ਤਾਂ ਅਸੀਂ ਆਰਮਾਗੇਡਨ ਦੇ ਆਉਣ ਦੇ ਸਮੇਂ ਬਾਰੇ ਕਾਫ਼ੀ ਕੁਝ ਜਾਣ ਸਕਦੇ ਹਾਂ। ਪਰਕਾਸ਼ ਦੀ ਪੋਥੀ 16:15 ਵਿਚ ਆਰਮਾਗੇਡਨ ਦਾ ਸੰਬੰਧ ਯਿਸੂ ਦੇ ਚੋਰ ਵਾਂਗ ਆਉਣ ਨਾਲ ਜੋੜਿਆ ਗਿਆ ਹੈ। ਯਿਸੂ ਨੇ ਵੀ ਇਹੀ ਉਦਾਹਰਣ ਵਰਤ ਕੇ ਸਮਝਾਇਆ ਸੀ ਕਿ ਉਹ ਵੀ ਇਸੇ ਤਰ੍ਹਾਂ ਦੁਨੀਆਂ ਦਾ ਨਿਆਂ ਕਰਨ ਆਵੇਗਾ।—ਮੱਤੀ 24:43, 44; 1 ਥੱਸਲੁਨੀਕੀਆਂ 5:2.

ਬਾਈਬਲ ਦੀਆਂ ਭਵਿੱਖਬਾਣੀਆਂ ਦੀ ਪੂਰਤੀ ਤੋਂ ਪਤਾ ਲੱਗਦਾ ਹੈ ਕਿ 1914 ਤੋਂ ਅਸੀਂ ਅੰਤ ਦਿਆਂ ਦਿਨਾਂ ਵਿਚ ਜੀ ਰਹੇ ਹਾਂ। * ਯਿਸੂ ਨੇ ਦੱਸਿਆ ਸੀ ਕਿ ਅੰਤ ਦਿਆਂ ਦਿਨਾਂ ਦੇ ਅਖ਼ੀਰ ਵਿਚ ‘ਵੱਡੇ ਕਸ਼ਟ’ ਦਾ ਸਮਾਂ ਹੋਵੇਗਾ। ਬਾਈਬਲ ਸਾਨੂੰ ਇਹ ਨਹੀਂ ਦੱਸਦੀ ਕਿ ਇਹ ਸਮਾਂ ਕਿੰਨਾ ਕੁ ਲੰਬਾ ਹੋਵੇਗਾ, ਪਰ ਇਹ ਜ਼ਰੂਰ ਦੱਸਿਆ ਗਿਆ ਹੈ ਕਿ ਇਸ ਸਮੇਂ ਦੌਰਾਨ ਅਜਿਹੀਆਂ ਭਿਆਨਕ ਬਿਪਤਾਵਾਂ ਆਉਣਗੀਆਂ ਜੋ ਇਨਸਾਨਾਂ ਨੇ ਅੱਜ ਤਕ ਕਦੇ ਨਹੀਂ ਦੇਖੀਆਂ। ਵੱਡੇ ਕਸ਼ਟ ਦੇ ਅਖ਼ੀਰ ਵਿਚ ਆਰਮਾਗੇਡਨ ਦਾ ਯੁੱਧ ਸ਼ੁਰੂ ਹੋਵੇਗਾ।—ਮੱਤੀ 24:21, 29.

ਆਰਮਾਗੇਡਨ ‘ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਵੱਡੇ ਦਿਹਾੜੇ ਦਾ ਜੁੱਧ’ ਹੈ ਜਿਸ ਨੂੰ ਕੋਈ ਇਨਸਾਨ ਟਾਲ ਨਹੀਂ ਸਕਦਾ। ਯਹੋਵਾਹ ਨੇ ਇਸ ਯੁੱਧ ਲਈ ਸਮਾਂ ‘ਠਹਿਰਾਇਆ ਹੋਇਆ’ ਹੈ। ਇਹ ਯੁੱਧ ਉਸ ਦੇ ਠਹਿਰਾਏ ਸਮੇਂ ਤੇ ਸ਼ੁਰੂ ਹੋਵੇਗਾ। “ਉਹ ਚਿਰ ਨਾ ਲਾਵੇਗਾ।”—ਹਬੱਕੂਕ 2:3.

ਪਰਮੇਸ਼ੁਰ ਦੇ ਯੁੱਧ ਵਿਚ ਇਨਸਾਫ਼ ਹੋਵੇਗਾ

ਪਰ ਪਰਮੇਸ਼ੁਰ ਨੂੰ ਵਿਸ਼ਵ ਯੁੱਧ ਲੜਨ ਦੀ ਕਿਉਂ ਲੋੜ ਹੈ? ਯਹੋਵਾਹ ਇਨਸਾਫ਼ ਦਾ ਪਰਮੇਸ਼ੁਰ ਹੈ। ਬਾਈਬਲ ਕਹਿੰਦੀ ਹੈ: “ਯਹੋਵਾਹ ਤਾਂ ਨਿਆਉਂ ਨਾਲ ਪ੍ਰੇਮ ਰੱਖਦਾ ਹੈ।” (ਜ਼ਬੂਰਾਂ ਦੀ ਪੋਥੀ 37:28) ਉਹ ਮਨੁੱਖੀ ਇਤਿਹਾਸ ਦੌਰਾਨ ਦੁਨੀਆਂ ਭਰ ਵਿਚ ਹੋਈ ਬੇਇਨਸਾਫ਼ੀ ਦੇਖਦਾ ਆਇਆ ਹੈ। ਇਹ ਸਭ ਕੁਝ ਦੇਖ ਕੇ ਉਸ ਨੂੰ ਗੁੱਸਾ ਚੜ੍ਹਦਾ ਹੈ ਅਤੇ ਉਸ ਦਾ ਗੁੱਸਾ ਬਿਲਕੁਲ ਜਾਇਜ਼ ਹੈ। ਇਸ ਲਈ ਉਸ ਨੇ ਆਪਣੇ ਪੁੱਤਰ ਨੂੰ ਇਹ ਯੁੱਧ ਲੜਨ ਲਈ ਨਿਯੁਕਤ ਕੀਤਾ ਹੈ ਜੋ ਸਾਰੀ ਦੁਨੀਆਂ ਵਿੱਚੋਂ ਦੁਸ਼ਟਤਾ ਮਿਟਾ ਕੇ ਇਨਸਾਫ਼ ਕਰੇਗਾ।

ਸਿਰਫ਼ ਯਹੋਵਾਹ ਹੀ ਅਜਿਹਾ ਯੁੱਧ ਲੜ ਸਕਦਾ ਹੈ ਜਿਸ ਵਿਚ ਦੁਸ਼ਟ ਲੋਕਾਂ ਦਾ ਨਾਸ਼ ਤੇ ਨੇਕਦਿਲ ਲੋਕਾਂ ਦਾ ਬਚਾਅ ਕੀਤਾ ਜਾਵੇ। ਜੀ ਹਾਂ, ਸਿਰਫ਼ ਯਹੋਵਾਹ ਹੀ ਸੱਚਾ ਇਨਸਾਫ਼ ਕਰ ਸਕਦਾ ਹੈ। (ਮੱਤੀ 24:40, 41; ਪਰਕਾਸ਼ ਦੀ ਪੋਥੀ 7:9, 10, 13, 14) ਅਤੇ ਸਾਰੀ ਧਰਤੀ ਤੇ ਰਾਜ ਕਰਨ ਦਾ ਹੱਕ ਸਿਰਫ਼ ਉਸ ਦਾ ਹੀ ਹੈ ਕਿਉਂਕਿ ਉਹ ਸਾਡਾ ਸਿਰਜਣਹਾਰ ਹੈ।—ਪਰਕਾਸ਼ ਦੀ ਪੋਥੀ 4:11.

ਯਹੋਵਾਹ ਪਰਮੇਸ਼ੁਰ ਆਪਣੇ ਦੁਸ਼ਮਣਾਂ ਨੂੰ ਕਿੱਦਾਂ ਖ਼ਤਮ ਕਰੇਗਾ? ਇਸ ਬਾਰੇ ਸਾਨੂੰ ਕੁਝ ਨਹੀਂ ਪਤਾ। ਪਰ ਸਾਨੂੰ ਇਹ ਪਤਾ ਹੈ ਕਿ ਉਸ ਕੋਲ ਇੰਨੀ ਤਾਕਤ ਹੈ ਕਿ ਉਹ ਦੁਸ਼ਟ ਲੋਕਾਂ ਦਾ ਨਾਮੋ-ਨਿਸ਼ਾਨ ਮਿਟਾ ਸਕਦਾ ਹੈ। (ਅੱਯੂਬ 38:22, 23; ਸਫ਼ਨਯਾਹ 1:15-18) ਪਰ ਪਰਮੇਸ਼ੁਰ ਦੇ ਲੋਕ ਇਸ ਲੜਾਈ ਵਿਚ ਹਿੱਸਾ ਨਹੀਂ ਲੈਣਗੇ। ਪਰਕਾਸ਼ ਦੀ ਪੋਥੀ ਦੇ 19ਵੇਂ ਅਧਿਆਇ ਵਿਚ ਦਰਜ ਦਰਸ਼ਨ ਤੋਂ ਪਤਾ ਲੱਗਦਾ ਹੈ ਕਿ ਯਿਸੂ ਮਸੀਹ ਆਪਣੀਆਂ ਸਵਰਗੀ ਫ਼ੌਜਾਂ ਨਾਲ ਇਹ ਲੜਾਈ ਲੜੇਗਾ।—2 ਇਤਹਾਸ 20:15, 17.

ਬੁੱਧਵਾਨ ਪਰਮੇਸ਼ੁਰ ਚੇਤਾਵਨੀ ਦਿੰਦਾ ਹੈ

ਆਰਮਾਗੇਡਨ ਦੇ ਯੁੱਧ ਵਿਚ ਕਿਸੇ ਨੂੰ ਵੀ ਮਰਨ ਦੀ ਲੋੜ ਨਹੀਂ। ਪਤਰਸ ਰਸੂਲ ਨੇ ਬਿਆਨ ਕੀਤਾ ਕਿ ਯਹੋਵਾਹ “ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ ਸਗੋਂ ਸੱਭੇ ਤੋਬਾ ਵੱਲ ਮੁੜਨ।” (2 ਪਤਰਸ 3:9) ਪੌਲੁਸ ਰਸੂਲ ਨੇ ਕਿਹਾ ਕਿ ਪਰਮੇਸ਼ੁਰ “ਚਾਹੁੰਦਾ ਹੈ ਭਈ ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।”—1 ਤਿਮੋਥਿਉਸ 2:4.

ਯਹੋਵਾਹ ਨੇ ਸੈਂਕੜੇ ਭਾਸ਼ਾਵਾਂ ਵਿਚ ਆਪਣੇ ‘ਰਾਜ ਦੀ ਖ਼ੁਸ਼ ਖ਼ਬਰੀ’ ਸੁਣਾਉਣ ਦਾ ਪ੍ਰਬੰਧ ਕੀਤਾ ਹੈ। ਇਸ ਤਰ੍ਹਾਂ ਦੁਨੀਆਂ ਭਰ ਵਿਚ ਲੋਕਾਂ ਨੂੰ ਬਚਣ ਅਤੇ ਮੁਕਤੀ ਹਾਸਲ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। (ਮੱਤੀ 24:14; ਜ਼ਬੂਰਾਂ ਦੀ ਪੋਥੀ 37:34; ਫ਼ਿਲਿੱਪੀਆਂ 2:12) ਜੋ ਇਸ ਸੰਦੇਸ਼ ਨੂੰ ਸਵੀਕਾਰ ਕਰਦੇ ਹਨ, ਉਹ ਆਰਮਾਗੇਡਨ ਵਿੱਚੋਂ ਬਚ ਨਿਕਲਣਗੇ ਅਤੇ ਸੁੰਦਰ ਧਰਤੀ ਉੱਤੇ ਸਦਾ ਦੀ ਜ਼ਿੰਦਗੀ ਦਾ ਆਨੰਦ ਮਾਣਨਗੇ। (ਹਿਜ਼ਕੀਏਲ 18:23, 32; ਸਫ਼ਨਯਾਹ 2:3; ਰੋਮੀਆਂ 10:13) ਵਾਕਈ, ਪਿਆਰ ਕਰਨ ਵਾਲੇ ਪਰਮੇਸ਼ੁਰ ਤੋਂ ਇਹੀ ਉਮੀਦ ਰੱਖੀ ਜਾਂਦੀ ਹੈ!—1 ਯੂਹੰਨਾ 4:8.

ਕੀ ਪਿਆਰ ਕਰਨ ਵਾਲਾ ਪਰਮੇਸ਼ੁਰ ਲੜ ਸਕਦਾ ਹੈ?

ਕਈ ਲੋਕ ਵਿਚਾਰ ਕਰਦੇ ਹਨ ਕਿ ਪਿਆਰ ਕਰਨ ਵਾਲਾ ਪਰਮੇਸ਼ੁਰ ਇਨਸਾਨਾਂ ਦਾ ਨਾਸ਼ ਕਿੱਦਾਂ ਕਰ ਸਕਦਾ ਹੈ। ਦੁਨੀਆਂ ਦੀ ਹਾਲਤ ਦੀ ਤੁਲਨਾ ਇਕ ਅਜਿਹੇ ਘਰ ਨਾਲ ਕੀਤੀ ਜਾ ਸਕਦੀ ਹੈ ਜੋ ਕੀੜੇ-ਮਕੌੜਿਆਂ ਨਾਲ ਭਰਿਆ ਪਿਆ ਹੋਵੇ। ਕੀ ਘਰ ਦਾ ਮਾਲਕ ਆਪਣੇ ਪਰਿਵਾਰ ਨੂੰ ਸਿਹਤਮੰਦ ਰੱਖਣ ਲਈ ਕੀੜੇ-ਮਕੌੜਿਆਂ ਨੂੰ ਖ਼ਤਮ ਨਹੀਂ ਕਰੇਗਾ? ਜ਼ਰੂਰ ਕਰੇਗਾ!

ਯਹੋਵਾਹ ਵੀ ਸਾਡੇ ਨਾਲ ਬਹੁਤ ਪਿਆਰ ਕਰਦਾ ਹੈ, ਇਸੇ ਲਈ ਉਹ ਸਾਡੀ ਭਲਾਈ ਦੀ ਖ਼ਾਤਰ ਆਰਮਾਗੇਡਨ ਦਾ ਯੁੱਧ ਲੜੇਗਾ। ਪਰਮੇਸ਼ੁਰ ਦਾ ਮਕਸਦ ਹੈ ਕਿ ਇਨਸਾਨ ਸਦਾ ਲਈ ਸ਼ਾਂਤਮਈ, ਸੁੰਦਰ ਧਰਤੀ ਉੱਤੇ ਰਹਿਣ ਜਿੱਥੇ “ਕੋਈ ਓਹਨਾਂ ਨੂੰ ਨਹੀਂ ਡਰਾਏਗਾ।” (ਮੀਕਾਹ 4:3, 4; ਪਰਕਾਸ਼ ਦੀ ਪੋਥੀ 21:4) ਉਨ੍ਹਾਂ ਲੋਕਾਂ ਨਾਲ ਕੀ ਕੀਤਾ ਜਾਵੇਗਾ ਜੋ ਸ਼ਾਂਤੀ ਭੰਗ ਕਰਦੇ ਹਨ? ਪਰਮੇਸ਼ੁਰ ਨੇਕ ਲੋਕਾਂ ਦੇ ਭਲੇ ਲਈ ਇਨ੍ਹਾਂ ਕੀੜੇ-ਮਕੌੜਿਆਂ ਯਾਨੀ ਨਾ ਬਦਲਣ ਵਾਲੇ ਦੁਸ਼ਟ ਇਨਸਾਨਾਂ ਦਾ ਨਾਸ਼ ਕਰ ਦੇਵੇਗਾ।—2 ਥੱਸਲੁਨੀਕੀਆਂ 1:8, 9; ਪਰਕਾਸ਼ ਦੀ ਪੋਥੀ 21:8.

ਜ਼ਿਆਦਾਤਰ ਲੜਾਈ-ਝਗੜੇ ਤੇ ਖ਼ੂਨ-ਖ਼ਰਾਬੇ ਨਾਮੁਕੰਮਲ ਇਨਸਾਨੀ ਹਕੂਮਤਾਂ ਕਾਰਨ ਹੁੰਦੇ ਹਨ ਜੋ ਆਪਣੇ ਦੇਸ਼ ਦੇ ਸੁਆਰਥੀ ਹੱਕਾਂ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦੀਆਂ ਹਨ। (ਉਪਦੇਸ਼ਕ ਦੀ ਪੋਥੀ 8:9) ਮਨੁੱਖੀ ਸਰਕਾਰਾਂ ਸਿਰਫ਼ ਆਪਣੀ ਹੀ ਤਾਕਤ ਨੂੰ ਵਧਾਉਣ ਬਾਰੇ ਸੋਚਦੀਆਂ ਹਨ। ਪਰਮੇਸ਼ੁਰ ਦੇ ਰਾਜ ਵੱਲ ਤਾਂ ਇਹ ਜ਼ਰਾ ਵੀ ਧਿਆਨ ਨਹੀਂ ਦਿੰਦੀਆਂ। ਇਨ੍ਹਾਂ ਸਰਕਾਰਾਂ ਦੇ ਇਰਾਦਿਆਂ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਉਹ ਕਦੇ ਵੀ ਆਪਣਾ ਰਾਜ ਪਰਮੇਸ਼ੁਰ ਅਤੇ ਯਿਸੂ ਦੇ ਹੱਥ ਨਹੀਂ ਸੌਂਪਣਗੀਆਂ। (ਜ਼ਬੂਰਾਂ ਦੀ ਪੋਥੀ 2:1-9) ਮਨੁੱਖੀ ਸਰਕਾਰਾਂ ਨੂੰ ਹਟਾਉਣਾ ਜ਼ਰੂਰੀ ਹੈ ਤਾਂਕਿ ਇਨ੍ਹਾਂ ਦੀ ਥਾਂ ਮਸੀਹ ਦੇ ਅਧੀਨ ਪਰਮੇਸ਼ੁਰ ਦਾ ਸਵਰਗੀ ਰਾਜ ਹਕੂਮਤ ਕਰ ਸਕੇ। (ਦਾਨੀਏਲ 2:44) ਆਰਮਾਗੇਡਨ ਦਾ ਯੁੱਧ ਇਹ ਤੈਅ ਕਰਨ ਲਈ ਵੀ ਲੜਿਆ ਜਾਵੇਗਾ ਕਿ ਇਸ ਦੁਨੀਆਂ ਉੱਤੇ ਰਾਜ ਕਰਨ ਦਾ ਹੱਕ ਕਿਸ ਦਾ ਹੈ।

ਦੁਨੀਆਂ ਦੇ ਹਾਲਾਤ ਦਿਨ-ਬ-ਦਿਨ ਖ਼ਰਾਬ ਹੁੰਦੇ ਜਾ ਰਹੇ ਹਨ। ਸਿਰਫ਼ ਪਰਮੇਸ਼ੁਰ ਦਾ ਰਾਜ ਹੀ ਇਨਸਾਨਾਂ ਨੂੰ ਸੁਖੀ ਜ਼ਿੰਦਗੀ ਦੇਵੇਗਾ ਤੇ ਅਮਨ-ਚੈਨ ਕਾਇਮ ਕਰੇਗਾ। ਜ਼ਰਾ ਸੋਚੋ, ਜੇ ਪਰਮੇਸ਼ੁਰ ਇਨਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਕਦੇ ਕੁਝ ਕਰੇਗਾ ਹੀ ਨਹੀਂ, ਤਾਂ ਦੁਨੀਆਂ ਦੇ ਹਾਲਾਤ ਕਿਹੋ ਜਿਹੇ ਹੋਣਗੇ? ਕੀ ਇਨਸਾਨ ਹਮੇਸ਼ਾ ਨਫ਼ਰਤ, ਹਿੰਸਾ ਅਤੇ ਯੁੱਧ ਦੀ ਮਾਰ ਨਹੀਂ ਝੱਲਦੇ ਰਹਿਣਗੇ ਜਿਵੇਂ ਉਹ ਸਦੀਆਂ ਤੋਂ ਝੱਲਦੇ ਆਏ ਹਨ? ਬਿਲਕੁਲ! ਇਸੇ ਲਈ ਯਹੋਵਾਹ ਆਰਮਾਗੇਡਨ ਦਾ ਯੁੱਧ ਲੜ ਕੇ ਇਨਸਾਨਾਂ ਦਾ ਭਲਾ ਕਰੇਗਾ।—ਲੂਕਾ 18:7, 8; 2 ਪਤਰਸ 3:13.

ਯੁੱਧਾਂ ਨੂੰ ਖ਼ਤਮ ਕਰਨ ਵਾਲਾ ਯੁੱਧ

ਆਰਮਾਗੇਡਨ ਦਾ ਯੁੱਧ ਉਹ ਕੰਮ ਕਰ ਦਿਖਾਏਗਾ ਜੋ ਹੋਰ ਕੋਈ ਵੀ ਯੁੱਧ ਨਹੀਂ ਕਰ ਪਾਇਆ ਯਾਨੀ ਹਰ ਯੁੱਧ ਦਾ ਅੰਤ। ਲੜਾਈਆਂ ਦਾ ਅੰਤ ਕੌਣ ਨਹੀਂ ਚਾਹੁੰਦਾ? ਪਰ ਇਹ ਇਨਸਾਨਾਂ ਦੇ ਵੱਸ ਦੀ ਗੱਲ ਨਹੀਂ। ਉਹ ਆਪਣੀ ਪੂਰੀ ਵਾਹ ਲਾਉਣ ਦੇ ਬਾਵਜੂਦ ਵੀ ਨਾਕਾਮ ਰਹੇ ਹਨ। ਉਨ੍ਹਾਂ ਦੀਆਂ ਨਾਕਾਮਯਾਬੀਆਂ ਯਿਰਮਿਯਾਹ ਦੇ ਸ਼ਬਦਾਂ ਨੂੰ ਕਿੰਨਾ ਸੱਚ ਸਾਬਤ ਕਰਦੀਆਂ ਹਨ: “ਹੇ ਯਹੋਵਾਹ, ਮੈਂ ਜਾਣਦਾ ਹਾਂ, ਕਿ ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।” (ਯਿਰਮਿਯਾਹ 10:23) ਬਾਈਬਲ ਵਿਚ ਯਹੋਵਾਹ ਵਾਅਦਾ ਕਰਦਾ ਹੈ ਕਿ ‘ਉਹ ਧਰਤੀ ਦੇ ਬੰਨਿਆਂ ਤੀਕੁਰ ਲੜਾਈਆਂ ਨੂੰ ਮੁਕਾ ਦੇਵੇਗਾ, ਉਹ ਧਣੁਖ ਨੂੰ ਭੰਨ ਸੁੱਟੇਗਾ ਅਤੇ ਬਰਛੀ ਦੇ ਟੋਟੇ ਟੋਟੇ ਕਰ ਦਵੇਗਾ, ਉਹ ਰਥਾਂ ਨੂੰ ਅੱਗ ਨਾਲ ਸਾੜ ਸੁੱਟੇਗਾ!’—ਜ਼ਬੂਰਾਂ ਦੀ ਪੋਥੀ 46:8, 9.

ਭਵਿੱਖ ਵਿਚ ਜਦ ਕੌਮਾਂ ਇਕ-ਦੂਜੇ ਨੂੰ ਮਾਰਨ ਅਤੇ ਧਰਤੀ ਦਾ ਨਾਸ਼ ਕਰਨ ਲਈ ਖ਼ਤਰਨਾਕ ਹਥਿਆਰ ਚੁੱਕਣਗੀਆਂ, ਤਾਂ ਸਾਡਾ ਸਿਰਜਣਹਾਰ ਦਖ਼ਲ ਦੇਵੇਗਾ। ਉਦੋਂ ਹੋਵੇਗੀ ਆਰਮਾਗੇਡਨ ਦੀ ਸ਼ੁਰੂਆਤ! (ਪਰਕਾਸ਼ ਦੀ ਪੋਥੀ 11:18) ਇਸ ਯੁੱਧ ਰਾਹੀਂ ਪਰਮੇਸ਼ੁਰ ਦੇ ਭਗਤਾਂ ਦੀਆਂ ਸਾਰੀਆਂ ਉਮੀਦਾਂ ਪੂਰੀਆਂ ਕੀਤੀਆਂ ਜਾਣਗੀਆਂ। ਇਸ ਯੁੱਧ ਰਾਹੀਂ ਦੁਨੀਆਂ ਦਾ ਮਾਲਕ ਯਹੋਵਾਹ ਪਰਮੇਸ਼ੁਰ ਆਪਣੇ ਰਾਜ ਕਰਨ ਦੇ ਹੱਕ ਨੂੰ ਸਹੀ ਸਿੱਧ ਕਰੇਗਾ।

ਤਾਂ ਫਿਰ ਪਰਮੇਸ਼ੁਰ ਦੇ ਨੇਕਦਿਲ ਲੋਕਾਂ ਨੂੰ ਆਰਮਾਗੇਡਨ ਦੇ ਯੁੱਧ ਤੋਂ ਜ਼ਰਾ ਵੀ ਡਰਨ ਦੀ ਲੋੜ ਨਹੀਂ। ਇਸ ਯੁੱਧ ਬਾਰੇ ਜਾਣ ਕੇ ਸਾਨੂੰ ਆਸ਼ਾ ਮਿਲਦੀ ਹੈ। ਇਹ ਯੁੱਧ ਧਰਤੀ ਤੋਂ ਹਰ ਤਰ੍ਹਾਂ ਦੀ ਬੁਰਾਈ ਮਿਟਾ ਦੇਵੇਗਾ ਅਤੇ ਪਰਮੇਸ਼ੁਰ ਦੇ ਸਵਰਗੀ ਰਾਜ ਅਧੀਨ ਇਕ ਨਵੇਂ ਯੁਗ ਦੀ ਸ਼ੁਰੂਆਤ ਕਰੇਗਾ। (ਯਸਾਯਾਹ 11:4, 5) ਆਰਮਾਗੇਡਨ ਦਾ ਮਤਲਬ ਦੁਨੀਆਂ ਦਾ ਅੰਤ ਨਹੀਂ ਹੈ। ਇਸ ਯੁੱਧ ਨਾਲ ਸੁਖੀ ਜ਼ਿੰਦਗੀ ਦੀ ਸ਼ੁਰੂਆਤ ਹੋਵੇਗੀ। ਜੀ ਹਾਂ, ਸੁੰਦਰ ਧਰਤੀ ਤੇ ਸਦਾ ਦੀ ਜ਼ਿੰਦਗੀ!—ਜ਼ਬੂਰਾਂ ਦੀ ਪੋਥੀ 37:29.

[ਫੁਟਨੋਟ]

^ ਪੈਰਾ 9 ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਦਾ 11ਵਾਂ ਅਧਿਆਇ ਦੇਖੋ।

[ਡੱਬੀ/ਸਫ਼ੇ 5 ਉੱਤੇ ਤਸਵੀਰ]

ਮਗਿੱਦੋ—ਇਕ ਢੁਕਵਾਂ ਪ੍ਰਤੀਕ

ਪ੍ਰਾਚੀਨ ਮਗਿੱਦੋ ਉੱਤਰੀ ਇਸਰਾਏਲ ਵਿਚ ਬਹੁਤ ਹੀ ਵਧੀਆ ਥਾਂ ਤੇ ਸਥਿਤ ਸੀ ਜਿੱਥੋਂ ਯਿਜ਼ਰਏਲ ਘਾਟੀ ਦਾ ਪੱਛਮੀ ਹਿੱਸਾ ਨਜ਼ਰ ਆਉਂਦਾ ਸੀ। ਯਿਜ਼ਰਏਲ ਇਸਰਾਏਲ ਦਾ ਉਪਜਾਊ ਇਲਾਕਾ ਸੀ। ਅੰਤਰਰਾਸ਼ਟਰੀ ਪੱਧਰ ਤੇ ਵਪਾਰ ਕਰਨ ਵਾਲਿਆਂ ਨੂੰ ਅਤੇ ਸੈਨਿਕਾਂ ਨੂੰ ਇਸ ਰਸਤੇ ਵਿੱਚੋਂ ਦੀ ਲੰਘਣਾ ਪੈਂਦਾ ਸੀ। ਇਸ ਲਈ ਕਿਹਾ ਜਾ ਸਕਦਾ ਹੈ ਕਿ ਕਾਰੋਬਾਰ ਤੇ ਸੈਨਿਕ ਕਾਰਵਾਈਆਂ ਮਗਿੱਦੋ ਦੇ ਕੰਟ੍ਰੋਲ ਵਿਚ ਸਨ। ਮਗਿੱਦੋ ਦੇ ਮੈਦਾਨ ਵਿਚ ਕਈ ਯੁੱਧ ਲੜੇ ਗਏ ਸਨ। ਗ੍ਰੇਅਮ ਡੇਵਿਸ ਨਾਂ ਦੇ ਪ੍ਰੋਫ਼ੈਸਰ ਨੇ ਮਗਿੱਦੋ ਬਾਰੇ ਆਪਣੀ ਕਿਤਾਬ ਵਿਚ ਲਿਖਿਆ: ‘ਸਾਰੀਆਂ ਦਿਸ਼ਾਵਾਂ ਤੋਂ ਵਪਾਰ ਕਰਨ ਵਾਲਿਆਂ ਅਤੇ ਪਰਵਾਸੀਆਂ ਲਈ ਮਗਿੱਦੋ ਆਉਣਾ ਆਸਾਨ ਸੀ। ਪਰ ਸ਼ਹਿਰ ਵਿਚ ਆਉਣ-ਜਾਣ ਵਾਲਿਆਂ ਨੂੰ ਰੋਕਿਆ ਵੀ ਜਾ ਸਕਦਾ ਸੀ ਜਾਂ ਹੋਰ ਰਾਹ ਥਾਣੀ ਜਾਣ ਲਈ ਮਜਬੂਰ ਵੀ ਕੀਤਾ ਜਾ ਸਕਦਾ ਸੀ। ਇਸ ਦਾ ਕਾਰੋਬਾਰ ਅਤੇ ਸੈਨਿਕ ਕਾਰਵਾਈਆਂ ਉੱਤੇ ਅਸਰ ਪੈ ਸਕਦਾ ਸੀ। ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਇਸ ਸ਼ਹਿਰ ਤੇ ਕਬਜ਼ਾ ਕਰਨ ਲਈ ਅਨੇਕ ਯੁੱਧ ਲੜੇ ਗਏ ਸਨ ਅਤੇ ਇਸ ਨੂੰ ਕਬਜ਼ੇ ਵਿਚ ਰੱਖਣ ਲਈ ਇੰਨੇ ਜਤਨ ਕੀਤੇ ਗਏ ਸਨ।’

ਮਗਿੱਦੋ ਦਾ ਲੰਬਾ ਇਤਿਹਾਸ 3,500 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਜਦ ਮਿਸਰੀ ਰਾਜੇ ਥੁੱਟਮੋਸ ਤੀਜੇ ਨੇ ਕਨਾਨ ਦੇ ਰਾਜਿਆਂ ਨੂੰ ਹਰਾਇਆ ਸੀ। ਸਦੀਆਂ ਤੋਂ ਮਗਿੱਦੋ ਦੇ ਮੈਦਾਨ ਵਿਚ ਯੁੱਧਾਂ ਦਾ ਸਿਲਸਿਲਾ ਚੱਲਦਾ ਆ ਰਿਹਾ ਹੈ। ਸੰਨ 1918 ਵਿਚ ਬਰਤਾਨਵੀ ਜਨਰਲ ਐਡਮੰਡ ਐਲਨਬੀ ਨੇ ਇਸ ਜਗ੍ਹਾ ਤੇ ਤੁਰਕੀ ਦੀ ਸੈਨਾ ਨੂੰ ਬੁਰੀ ਤਰ੍ਹਾਂ ਹਰਾਇਆ ਸੀ। ਮਗਿੱਦੋ ਦੇ ਮੈਦਾਨ ਵਿਚ ਪਰਮੇਸ਼ੁਰ ਨੇ ਬਾਰਾਕ ਨੂੰ ਕਨਾਨ ਦੇ ਰਾਜਾ ਯਾਬੀਨ ਉੱਤੇ ਵੱਡੀ ਜਿੱਤ ਦਿੱਤੀ ਸੀ। (ਨਿਆਈਆਂ 4:12-24; 5:19, 20) ਇਸੇ ਇਲਾਕੇ ਵਿਚ ਗਿਦਾਊਨ ਨੇ ਮਿਦਯਾਨੀਆਂ ਨੂੰ ਹਰਾਇਆ ਸੀ। (ਨਿਆਈਆਂ 7:1-22) ਅਤੇ ਇਸੇ ਜਗ੍ਹਾ ਤੇ ਰਾਜਾ ਅਹਜ਼ਯਾਹ ਤੇ ਯੋਸੀਯਾਹ ਨੂੰ ਮਾਰਿਆ ਗਿਆ ਸੀ।—2 ਰਾਜਿਆਂ 9:27; 23:29, 30.

ਮਗਿੱਦੋ ਦੇ ਮੈਦਾਨ ਵਿਚ ਅਨੇਕ ਯੁੱਧ ਲੜੇ ਗਏ ਸਨ, ਇਸ ਲਈ ਇਸ ਦਾ ਸੰਬੰਧ ਆਰਮਾਗੇਡਨ ਨਾਲ ਜੋੜਨਾ ਬਹੁਤ ਢੁਕਵਾਂ ਹੈ। ਆਰਮਾਗੇਡਨ ਦੇ ਯੁੱਧ ਵਿਚ ਪਰਮੇਸ਼ੁਰ ਆਪਣੇ ਸਾਰੇ ਵਿਰੋਧੀਆਂ ਉੱਤੇ ਸ਼ਾਨਦਾਰ ਜਿੱਤ ਪ੍ਰਾਪਤ ਕਰੇਗਾ।

[ਕ੍ਰੈਡਿਟ ਲਾਈਨ]

Pictorial Archive (Near Eastern History) Est.

[ਸਫ਼ੇ 7 ਉੱਤੇ ਤਸਵੀਰ]

ਦੁਨੀਆਂ ਭਰ ਵਿਚ ਆਰਮਾਗੇਡਨ ਵਿੱਚੋਂ ਬਚ ਨਿਕਲਣ ਲਈ ਲੋਕਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ

[ਸਫ਼ੇ 7 ਉੱਤੇ ਤਸਵੀਰ]

ਆਰਮਾਗੇਡਨ ਦੇ ਯੁੱਧ ਨਾਲ ਸੁਖੀ ਜ਼ਿੰਦਗੀ ਦੀ ਸ਼ੁਰੂਆਤ ਹੋਵੇਗੀ