Skip to content

Skip to table of contents

ਜੁਗਤੀ ਅਤੇ ਹੁਨਰਮੰਦ ਪ੍ਰਚਾਰਕ ਬਣੋ

ਜੁਗਤੀ ਅਤੇ ਹੁਨਰਮੰਦ ਪ੍ਰਚਾਰਕ ਬਣੋ

ਜੁਗਤੀ ਅਤੇ ਹੁਨਰਮੰਦ ਪ੍ਰਚਾਰਕ ਬਣੋ

“ਮੈਂ ਸਭਨਾਂ ਲਈ ਸਭ ਕੁਝ ਬਣਿਆ ਹਾਂ ਤਾਂ ਜੋ ਮੈਂ ਹਰ ਤਰਾਂ ਨਾਲ ਕਈਆਂ ਨੂੰ ਬਚਾਵਾਂ।”—1 ਕੁਰਿੰਥੀਆਂ 9:22.

1, 2. (ੳ) ਕਿਨ੍ਹਾਂ ਤਰੀਕਿਆਂ ਨਾਲ ਪੌਲੁਸ ਇਕ ਕੁਸ਼ਲ ਪ੍ਰਚਾਰਕ ਸੀ? (ਅ) ਪੌਲੁਸ ਨੇ ਪ੍ਰਚਾਰ ਦੇ ਕੰਮ ਪ੍ਰਤੀ ਆਪਣੇ ਰਵੱਈਏ ਬਾਰੇ ਕੀ ਕਿਹਾ ਸੀ?

ਪੌਲੁਸ ਸਾਰੇ ਲੋਕਾਂ ਨਾਲ ਆਰਾਮ ਨਾਲ ਗੱਲ ਕਰ ਸਕਦਾ ਸੀ, ਭਾਵੇਂ ਉਹ ਵੱਡੇ-ਵੱਡੇ ਵਿਦਵਾਨ ਹੋਣ ਜਾਂ ਫਿਰ ਤੰਬੂ ਬਣਾਉਣ ਵਾਲੇ। ਉਹ ਹਰ ਤਰ੍ਹਾਂ ਦੇ ਲੋਕਾਂ ਨੂੰ ਆਪਣੀਆਂ ਗੱਲਾਂ ਨਾਲ ਕਾਇਲ ਕਰ ਸਕਦਾ ਸੀ, ਚਾਹੇ ਉਹ ਰੋਮ ਦੇ ਵੱਡੇ-ਵੱਡੇ ਅਫ਼ਸਰ ਹੋਣ ਜਾਂ ਫਿਰ ਫਰੀਜੀਆਈ ਕਿਸਾਨ। ਉਸ ਦੀਆਂ ਚਿੱਠੀਆਂ ਤੋਂ ਖੁੱਲ੍ਹੇ ਵਿਚਾਰਾਂ ਵਾਲੇ ਯੂਨਾਨੀਆਂ ਨੂੰ ਅਤੇ ਰੂੜ੍ਹੀਵਾਦੀ ਯਹੂਦੀਆਂ ਨੂੰ ਵੀ ਪ੍ਰੇਰਣਾ ਮਿਲੀ। ਉਸ ਦੇ ਤਰਕ ਦਾ ਕੋਈ ਮੁਕਾਬਲਾ ਨਹੀਂ ਸੀ ਤੇ ਨਾ ਹੀ ਕੋਈ ਉਸ ਦੀਆਂ ਦਿਲੀ ਭਾਵਨਾਵਾਂ ਤੋਂ ਅਣਭਿੱਜ ਰਹਿ ਸਕਦਾ ਸੀ। ਉਸ ਨੇ ਦੂਸਰਿਆਂ ਦੀ ਦਿਲਚਸਪੀ ਅਨੁਸਾਰ ਉਨ੍ਹਾਂ ਨਾਲ ਗੱਲ ਕੀਤੀ ਤਾਂਕਿ ਉਹ ਕੁਝ ਨੂੰ ਮਸੀਹ ਦੇ ਚੇਲੇ ਬਣਾ ਸਕੇ।—ਰਸੂਲਾਂ ਦੇ ਕਰਤੱਬ 20:21.

2 ਪੌਲੁਸ ਇਕ ਹੁਨਰਮੰਦ ਤੇ ਜੁਗਤੀ ਪ੍ਰਚਾਰਕ ਸੀ। (1 ਤਿਮੋਥਿਉਸ 1:12) ਉਸ ਨੂੰ ਯਿਸੂ ਤੋਂ ‘ਪਰਾਈਆਂ ਕੌਮਾਂ ਅਤੇ ਰਾਜਿਆਂ ਅਤੇ ਇਸਰਾਏਲ ਦੀ ਅੰਸ ਅੱਗੇ [ਮਸੀਹ ਦਾ] ਨਾਮ ਪੁਚਾਉਣ’ ਦਾ ਹੁਕਮ ਹੋਇਆ ਸੀ। (ਰਸੂਲਾਂ ਦੇ ਕਰਤੱਬ 9:15) ਇਸ ਕੰਮ ਪ੍ਰਤੀ ਉਸ ਦਾ ਰਵੱਈਆ ਕੀ ਸੀ? ਉਸ ਨੇ ਕਿਹਾ: “ਮੈਂ ਸਭਨਾਂ ਲਈ ਸਭ ਕੁਝ ਬਣਿਆ ਹਾਂ ਤਾਂ ਜੋ ਮੈਂ ਹਰ ਤਰਾਂ ਨਾਲ ਕਈਆਂ ਨੂੰ ਬਚਾਵਾਂ ਅਤੇ ਮੈਂ ਸੱਭੋ ਕੁਝ ਇੰਜੀਲ ਦੇ ਨਮਿੱਤ ਕਰਦਾ ਹਾਂ ਭਈ ਮੈਂ ਹੋਰਨਾਂ ਨਾਲ ਰਲ ਕੇ ਉਸ ਵਿੱਚ ਸਾਂਝੀ ਹੋ ਜਾਵਾਂ।” (1 ਕੁਰਿੰਥੀਆਂ 9:19-23) ਅਸੀਂ ਪੌਲੁਸ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ ਤਾਂਕਿ ਅਸੀਂ ਵੀ ਵਧੀਆ ਤਰੀਕੇ ਨਾਲ ਦੂਸਰਿਆਂ ਨੂੰ ਪ੍ਰਚਾਰ ਕਰ ਸਕੀਏ ਤੇ ਸਿਖਾ ਸਕੀਏ?

ਮਸੀਹੀ ਬਣ ਕੇ ਪ੍ਰਚਾਰ ਦੇ ਕੰਮ ਦਾ ਬੀੜਾ ਚੁੱਕਿਆ

3. ਮਸੀਹੀ ਬਣਨ ਤੋਂ ਪਹਿਲਾਂ ਪੌਲੁਸ ਨੇ ਮਸੀਹੀਆਂ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ?

3 ਕੀ ਪੌਲੁਸ ਹਮੇਸ਼ਾ ਤੋਂ ਹੀ ਧੀਰਜਵਾਨ ਤੇ ਦਇਆਵਾਨ ਅਤੇ ਵਧੀਆ ਪ੍ਰਚਾਰਕ ਸੀ? ਨਹੀਂ! ਪੌਲੁਸ ਪਹਿਲਾਂ ਸ਼ਾਊਲ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਜਵਾਨੀ ਤੋਂ ਹੀ ਉਸ ਉੱਤੇ ਆਪਣੇ ਧਰਮ ਦਾ ਜਨੂਨ ਸਵਾਰ ਸੀ ਜਿਸ ਕਰਕੇ ਉਹ ਮਸੀਹ ਦੇ ਚੇਲਿਆਂ ਤੇ ਜ਼ੁਲਮ ਕਰਿਆ ਕਰਦਾ ਸੀ। ਇਸਤੀਫ਼ਾਨ ਦੇ ਕਤਲ ਤੇ ਉਸ ਨੂੰ ਬਹੁਤ ਖ਼ੁਸ਼ੀ ਹੋਈ ਸੀ। ਇਸ ਤੋਂ ਬਾਅਦ ਪੌਲੁਸ ਨੇ ਮਸੀਹੀਆਂ ਨੂੰ ਫੜ-ਫੜ ਕੇ ਬੇਰਹਿਮੀ ਨਾਲ ਸਤਾਇਆ। (ਰਸੂਲਾਂ ਦੇ ਕਰਤੱਬ 7:58; 8:1, 3; 1 ਤਿਮੋਥਿਉਸ 1:13) ਉਹ ‘ਪ੍ਰਭੁ ਦੇ ਚੇਲਿਆਂ ਦੇ ਦਬਕਾਉਣ ਅਤੇ ਕਤਲ ਕਰਨ ਤੇ ਦਮ ਮਾਰਦਾ ਰਿਹਾ।’ ਯਰੂਸ਼ਲਮ ਵਿਚ ਰਹਿੰਦੇ ਮਸੀਹੀਆਂ ਨੂੰ ਸਤਾ ਕੇ ਉਸ ਨੂੰ ਤਸੱਲੀ ਨਹੀਂ ਹੋਈ, ਇਸ ਕਰਕੇ ਉਸ ਨੇ ਦੰਮਿਸਕ ਤੇ ਹੋਰ ਇਲਾਕਿਆਂ ਵਿਚ ਰਹਿੰਦੇ ਮਸੀਹੀਆਂ ਨੂੰ ਆਪਣੀ ਨਫ਼ਰਤ ਦਾ ਸ਼ਿਕਾਰ ਬਣਾਇਆ।—ਰਸੂਲਾਂ ਦੇ ਕਰਤੱਬ 9:1, 2.

4. ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਕਰਨ ਲਈ ਪੌਲੁਸ ਨੂੰ ਆਪਣੇ ਵਿਚ ਕਿਹੜੀ ਤਬਦੀਲੀ ਕਰਨੀ ਪਈ?

4 ਮਸੀਹੀ ਧਰਮ ਪ੍ਰਤੀ ਪੌਲੁਸ ਦੀ ਨਫ਼ਰਤ ਦਾ ਕਾਰਨ ਸ਼ਾਇਦ ਉਸ ਦਾ ਡਰ ਸੀ ਕਿ ਇਸ ਨਵੇਂ ਧਰਮ ਦੇ ਗ਼ਲਤ ਵਿਚਾਰਾਂ ਨੂੰ ਅਪਣਾਉਣ ਨਾਲ ਯਹੂਦੀ ਧਰਮ ਭ੍ਰਿਸ਼ਟ ਹੋ ਜਾਵੇਗਾ। ਪੌਲੁਸ ਪਹਿਲਾਂ “ਫ਼ਰੀਸੀ” ਹੋਇਆ ਕਰਦਾ ਸੀ ਅਤੇ ਫ਼ਰੀਸੀ ਦਾ ਮਤਲਬ ਹੀ ਸੀ “ਦੂਸਰਿਆਂ ਤੋਂ ਅੱਡ।” (ਰਸੂਲਾਂ ਦੇ ਕਰਤੱਬ 23:6) ਜ਼ਰਾ ਕਲਪਨਾ ਕਰੋ ਕਿ ਪੌਲੁਸ ਤੇ ਉਦੋਂ ਕੀ ਬੀਤੀ ਹੋਵੇਗੀ ਜਦੋਂ ਉਸ ਨੂੰ ਪਤਾ ਲੱਗਿਆ ਕਿ ਪਰਮੇਸ਼ੁਰ ਨੇ ਉਸ ਨੂੰ ਪਰਾਈਆਂ ਕੌਮਾਂ ਦੇ ਲੋਕਾਂ ਨੂੰ ਮਸੀਹ ਦਾ ਪ੍ਰਚਾਰ ਕਰਨ ਲਈ ਚੁਣਿਆ ਸੀ! (ਰਸੂਲਾਂ ਦੇ ਕਰਤੱਬ 22:14, 15; 26:16-18) ਫ਼ਰੀਸੀ ਉਨ੍ਹਾਂ ਲੋਕਾਂ ਨਾਲ ਖਾਂਦੇ ਵੀ ਨਹੀਂ ਸਨ ਜਿਨ੍ਹਾਂ ਨੂੰ ਉਹ ਪਾਪੀ ਸਮਝਦੇ ਸਨ! (ਲੂਕਾ 7:36-39) ਇਸ ਕਰਕੇ, ਹਰ ਤਰ੍ਹਾਂ ਦੇ ਲੋਕਾਂ ਨੂੰ ਬਚਾਉਣ ਦੀ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਕਰਨ ਲਈ ਪੌਲੁਸ ਨੂੰ ਆਪਣੀ ਸੋਚ ਬਹੁਤ ਬਦਲਣੀ ਪਈ ਹੋਣੀ।—ਗਲਾਤੀਆਂ 1:13-17.

5. ਅਸੀਂ ਪ੍ਰਚਾਰ ਕਰਨ ਵਿਚ ਪੌਲੁਸ ਦੀ ਰੀਸ ਕਿਵੇਂ ਕਰ ਸਕਦੇ ਹਾਂ?

5 ਸਾਨੂੰ ਵੀ ਸ਼ਾਇਦ ਆਪਣੇ ਵਿਚ ਅਜਿਹੀਆਂ ਤਬਦੀਲੀਆਂ ਕਰਨੀਆਂ ਪੈਣ। ਹੋਰ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਨੂੰ ਪ੍ਰਚਾਰ ਕਰਦੇ ਵੇਲੇ ਸਾਨੂੰ ਆਪਣੇ ਰਵੱਈਏ ਦੀ ਜਾਂਚ ਕਰਦੇ ਰਹਿਣ ਦੀ ਲੋੜ ਹੈ ਤਾਂਕਿ ਅਸੀਂ ਆਪਣੇ ਮਨ ਅੰਦਰੋਂ ਪੱਖਪਾਤ ਨੂੰ ਕੱਢ ਸਕੀਏ। (ਅਫ਼ਸੀਆਂ 4:22-24) ਚਾਹੇ ਸਾਨੂੰ ਇਹ ਗੱਲ ਪਤਾ ਹੋਵੇ ਜਾਂ ਨਾ, ਪਰ ਸਾਡੀ ਪੜ੍ਹਾਈ-ਲਿਖਾਈ ਅਤੇ ਸਮਾਜ ਦਾ ਸਾਡੇ ਉੱਤੇ ਅਸਰ ਜ਼ਰੂਰ ਪੈਂਦਾ ਹੈ। ਇਹ ਸਾਡੇ ਅੰਦਰ ਪੱਖਪਾਤੀ ਤੇ ਕੱਟੜ ਵਿਚਾਰ ਪੈਦਾ ਕਰ ਸਕਦੇ ਹਨ। ਜੇ ਅਸੀਂ ਨੇਕਦਿਲ ਲੋਕਾਂ ਦੀ ਮਦਦ ਕਰਨੀ ਚਾਹੁੰਦੇ ਹਾਂ, ਤਾਂ ਸਾਨੂੰ ਅਜਿਹੇ ਵਿਚਾਰਾਂ ਨੂੰ ਛੱਡਣਾ ਪਵੇਗਾ। (ਰੋਮੀਆਂ 15:7) ਪੌਲੁਸ ਨੇ ਇਹੀ ਤਾਂ ਕੀਤਾ ਸੀ। ਉਸ ਨੇ ਹੋਰ ਕੌਮਾਂ ਦੇ ਲੋਕਾਂ ਨੂੰ ਪ੍ਰਚਾਰ ਕਰਨ ਦਾ ਬੀੜਾ ਚੁੱਕਿਆ। ਉਹ ਲੋਕਾਂ ਨਾਲ ਪਿਆਰ ਕਰਦਾ ਸੀ, ਇਸ ਲਈ ਉਸ ਨੇ ਦੂਸਰਿਆਂ ਨੂੰ ਵਧੀਆ ਤਰੀਕੇ ਨਾਲ ਸਿਖਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਅਸੀਂ ਵੀ ਆਪਣੇ ਅੰਦਰ ਇਹ ਹੁਨਰ ਪੈਦਾ ਕਰ ਸਕਦੇ ਹਾਂ। ‘ਪਰਾਈਆਂ ਕੌਮਾਂ ਦੇ ਇਸ ਰਸੂਲ’ ਦੇ ਪ੍ਰਚਾਰ ਕੰਮ ਦਾ ਅਧਿਐਨ ਕਰ ਕੇ ਅਸੀਂ ਦੇਖ ਸਕਦੇ ਹਾਂ ਕਿ ਉਹ ਲੋਕਾਂ ਦੇ ਸਭਿਆਚਾਰ ਤੇ ਹਾਲਾਤਾਂ ਵੱਲ ਧਿਆਨ ਦਿੰਦਾ ਸੀ ਅਤੇ ਕਈ ਵੱਖੋ-ਵੱਖਰੇ ਤਰੀਕਿਆਂ ਨਾਲ ਲੋਕਾਂ ਨੂੰ ਸਿਖਾਉਂਦਾ ਸੀ। *ਰੋਮੀਆਂ 11:13.

ਇਕ ਜੁਗਤੀ ਪ੍ਰਚਾਰਕ

6. ਪੌਲੁਸ ਨੇ ਲੋਕਾਂ ਦੇ ਪਿਛੋਕੜ ਨੂੰ ਕਿਵੇਂ ਧਿਆਨ ਵਿਚ ਰੱਖਿਆ ਅਤੇ ਇਸ ਦਾ ਕੀ ਨਤੀਜਾ ਨਿਕਲਿਆ?

6 ਪੌਲੁਸ ਲੋਕਾਂ ਦੇ ਵਿਸ਼ਵਾਸਾਂ ਅਤੇ ਪਿਛੋਕੜ ਵੱਲ ਧਿਆਨ ਦਿੰਦਾ ਸੀ। ਰਾਜਾ ਅਗ੍ਰਿੱਪਾ ਦੂਜੇ ਨਾਲ ਗੱਲ ਕਰਦੇ ਹੋਏ ਪੌਲੁਸ ਨੇ ਇਹ ਗੱਲ ਮੰਨੀ ਕਿ ਰਾਜਾ ਅਗ੍ਰਿੱਪਾ ‘ਯਹੂਦੀਆਂ ਦੀਆਂ ਸਾਰੀਆਂ ਰਸਮਾਂ ਅਤੇ ਵਿਵਾਦਾਂ ਤੋਂ ਜਾਣੂ ਸੀ।’ ਫਿਰ ਪੌਲੁਸ ਨੇ ਰਾਜਾ ਅਗ੍ਰਿੱਪਾ ਦੇ ਵਿਸ਼ਵਾਸਾਂ ਮੁਤਾਬਕ ਉਸ ਨਾਲ ਉਨ੍ਹਾਂ ਵਿਸ਼ਿਆਂ ਤੇ ਗੱਲ ਕੀਤੀ ਜਿਨ੍ਹਾਂ ਤੋਂ ਰਾਜਾ ਚੰਗੀ ਤਰ੍ਹਾਂ ਜਾਣੂ ਸੀ। ਪੌਲੁਸ ਦਾ ਤਰਕ ਇੰਨਾ ਸਪੱਸ਼ਟ ਤੇ ਠੋਸ ਸੀ ਕਿ ਅਗ੍ਰਿੱਪਾ ਨੇ ਕਿਹਾ: “ਕੀ ਤੂੰ ਇਸ ਥੋੜ੍ਹੇ ਸਮੇਂ ਵਿਚ ਹੀ ਮੈਨੂੰ ਮਸੀਹੀ ਬਣਾਉਣਾ ਚਾਹੁੰਦਾ ਹੈ?”—ਚੇਲਿਆਂ ਦੇ ਕਰਤੱਵ 26:2, 3, 27, 28, ਪਵਿੱਤਰ ਬਾਈਬਲ ਨਵਾਂ ਅਨੁਵਾਦ।

7. ਲੁਸਤ੍ਰਾ ਦੇ ਲੋਕਾਂ ਨਾਲ ਗੱਲ ਕਰਦੇ ਵੇਲੇ ਪੌਲੁਸ ਪ੍ਰਚਾਰ ਵਿਚ ਵੱਖੋ-ਵੱਖਰੇ ਢੰਗ ਵਰਤਦਾ ਸੀ?

7 ਪੌਲੁਸ ਪ੍ਰਚਾਰ ਵਿਚ ਵੱਖੋ-ਵੱਖਰੇ ਢੰਗ ਵਰਤ ਕੇ ਵੀ ਗੱਲ ਕਰਦਾ ਸੀ। ਧਿਆਨ ਦਿਓ ਕਿ ਉਸ ਨੇ ਲੁਸਤ੍ਰਾ ਸ਼ਹਿਰ ਦੇ ਲੋਕਾਂ ਨਾਲ ਵੱਖਰੇ ਢੰਗ ਨਾਲ ਗੱਲ ਕੀਤੀ ਸੀ ਤਾਂਕਿ ਉਹ ਉਸ ਦੀ ਅਤੇ ਬਰਨਬਾਸ ਦੀ ਦੇਵਤੇ ਸਮਝ ਕੇ ਪੂਜਾ ਨਾ ਕਰਨ। ਕਿਹਾ ਜਾਂਦਾ ਹੈ ਕਿ ਲੁਕਾਉਨਿਯਾਈ ਭਾਸ਼ਾ ਬੋਲਣ ਵਾਲੇ ਇਹ ਲੋਕ ਬਹੁਤੇ ਪੜ੍ਹੇ-ਲਿਖੇ ਨਹੀਂ ਸਨ ਤੇ ਵਹਿਮਾਂ-ਭਰਮਾਂ ਨੂੰ ਜ਼ਿਆਦਾ ਮੰਨਦੇ ਸਨ। ਰਸੂਲਾਂ ਦੇ ਕਰਤੱਬ 14:14-18 ਅਨੁਸਾਰ, ਇਹ ਦੱਸਣ ਲਈ ਕਿ ਸੱਚਾ ਪਰਮੇਸ਼ੁਰ ਹੀ ਸਭ ਤੋਂ ਮਹਾਨ ਹੈ, ਪੌਲੁਸ ਨੇ ਸ੍ਰਿਸ਼ਟੀ ਤੇ ਕੁਦਰਤੀ ਨਿਆਮਤਾਂ ਬਾਰੇ ਗੱਲ ਕੀਤੀ। ਉਸ ਦੀ ਗੱਲ ਸਮਝਣੀ ਔਖੀ ਨਹੀਂ ਸੀ ਅਤੇ ਇਸ ਗੱਲ ਨੇ “ਲੋਕਾਂ ਨੂੰ ਹਟਾਇਆ ਜੋ [ਪੌਲੁਸ ਅਤੇ ਬਰਨਬਾਸ] ਦੇ ਅੱਗੇ ਬਲੀਦਾਨ ਨਾ ਕਰਨ।”

8. ਪੌਲੁਸ ਨੇ ਕਿਵੇਂ ਦਿਖਾਇਆ ਕਿ ਕਈ ਗੱਲਾਂ ਤੇ ਕਦੇ-ਕਦੇ ਗੁੱਸਾ ਆਉਣ ਦੇ ਬਾਵਜੂਦ ਉਹ ਆਪਣੇ ਆਪ ਨੂੰ ਹਾਲਾਤ ਅਨੁਸਾਰ ਢਾਲ਼ ਲੈਂਦਾ ਸੀ?

8 ਪਰ ਪੌਲੁਸ ਮੁਕੰਮਲ ਨਹੀਂ ਸੀ ਅਤੇ ਕਈ ਵਾਰ ਕੁਝ ਗੱਲਾਂ ਤੇ ਉਸ ਨੂੰ ਬੜੀ ਖਿੱਝ ਆਉਂਦੀ ਸੀ। ਉਦਾਹਰਣ ਲਈ, ਇਕ ਵਾਰ ਜਦੋਂ ਹਨਾਨਿਯਾਹ ਨਾਂ ਦੇ ਯਹੂਦੀ ਨੇ ਬਿਨਾਂ ਵਜ੍ਹਾ ਲੋਕਾਂ ਨੂੰ ਪੌਲੁਸ ਦੇ ਮੂੰਹ ਤੇ ਚਪੇੜ ਮਾਰਨ ਲਈ ਕਿਹਾ, ਤਾਂ ਪੌਲੁਸ ਉਸ ਉੱਤੇ ਭੜਕ ਉੱਠਿਆ। ਪਰ ਜਦੋਂ ਪੌਲੁਸ ਨੂੰ ਦੱਸਿਆ ਗਿਆ ਕਿ ਉਸ ਨੇ ਅਣਜਾਣੇ ਵਿਚ ਪ੍ਰਧਾਨ ਜਾਜਕ ਦਾ ਅਪਮਾਨ ਕੀਤਾ ਸੀ, ਤਾਂ ਉਸ ਨੇ ਤੁਰੰਤ ਮਾਫ਼ੀ ਮੰਗੀ। (ਰਸੂਲਾਂ ਦੇ ਕਰਤੱਬ 23:1-5) ਇਸੇ ਤਰ੍ਹਾਂ, ਅਥੇਨੈ “ਸ਼ਹਿਰ ਨੂੰ ਮੂਰਤਾਂ ਨਾਲ ਭਰਿਆ ਹੋਇਆ ਵੇਖ ਕੇ ਉਹ ਦਾ ਜੀ ਜਲ ਗਿਆ।” ਪਰ ਮਾਰਸ ਦੀ ਪਹਾੜੀ ਉੱਤੇ ਲੋਕਾਂ ਨਾਲ ਗੱਲ ਕਰਦੇ ਹੋਏ ਉਸ ਨੇ ਆਪਣਾ ਗੁੱਸਾ ਜ਼ਾਹਰ ਨਹੀਂ ਹੋਣ ਦਿੱਤਾ। ਇਸ ਦੀ ਬਜਾਇ ਉਸ ਨੇ ਅਥੇਨੀਆਂ ਦੇ ਸਭਾ-ਸਥਾਨ ਤੇ ਉਨ੍ਹਾਂ ਨਾਲ ਗੱਲ ਕਰਦੇ ਹੋਏ “ਅਣਜਾਤੇ ਦੇਵ ਲਈ” ਬਣਾਈ ਵੇਦੀ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਦੇ ਇਕ ਕਵੀ ਦਾ ਹਵਾਲਾ ਵੀ ਦਿੱਤਾ।—ਰਸੂਲਾਂ ਦੇ ਕਰਤੱਬ 17:16-28.

9. ਪੌਲੁਸ ਨੇ ਵੱਖੋ-ਵੱਖਰੇ ਲੋਕਾਂ ਨਾਲ ਗੱਲ ਕਰਨ ਵਿਚ ਕਿਵੇਂ ਜੁਗਤ ਵਰਤੀ?

9 ਵੱਖੋ-ਵੱਖਰੇ ਲੋਕਾਂ ਨਾਲ ਗੱਲ ਕਰਨ ਵਿਚ ਵੀ ਪੌਲੁਸ ਬੜਾ ਜੁਗਤੀ ਸੀ। ਉਸ ਨੇ ਲੋਕਾਂ ਦੇ ਸਭਿਆਚਾਰ ਤੇ ਮਾਹੌਲ ਨੂੰ ਧਿਆਨ ਵਿਚ ਰੱਖਿਆ ਜਿਨ੍ਹਾਂ ਨੇ ਉਨ੍ਹਾਂ ਦੀ ਸੋਚ ਉੱਤੇ ਅਸਰ ਪਾਇਆ ਸੀ। ਰੋਮ ਦੇ ਮਸੀਹੀਆਂ ਨੂੰ ਚਿੱਠੀ ਲਿਖਦੇ ਸਮੇਂ ਉਸ ਨੇ ਇਸ ਗੱਲ ਨੂੰ ਧਿਆਨ ਵਿਚ ਰੱਖਿਆ ਕਿ ਉਹ ਉਸ ਸਮੇਂ ਦੀ ਵਿਸ਼ਵ-ਸ਼ਕਤੀ ਦੀ ਰਾਜਧਾਨੀ ਵਿਚ ਰਹਿੰਦੇ ਸਨ ਤੇ ਰੋਮੀ ਸਾਮਰਾਜ ਦੀ ਤਾਕਤ ਤੋਂ ਚੰਗੀ ਤਰ੍ਹਾਂ ਜਾਣੂ ਸਨ। ਇਸ ਲਈ ਰੋਮ ਦੇ ਮਸੀਹੀਆਂ ਨੂੰ ਲਿਖੀ ਚਿੱਠੀ ਵਿਚ ਪੌਲੁਸ ਨੇ ਮੁੱਖ ਤੌਰ ਤੇ ਆਦਮ ਦੇ ਪਾਪ ਦੀ ਇਨਸਾਨ ਨੂੰ ਭ੍ਰਿਸ਼ਟ ਕਰਨ ਦੀ ਤਾਕਤ ਅਤੇ ਇਨਸਾਨ ਨੂੰ ਮੁਕਤੀ ਦੇਣ ਵਿਚ ਮਸੀਹ ਦੀ ਤਾਕਤ ਬਾਰੇ ਗੱਲ ਕੀਤੀ। ਉਸ ਨੇ ਰੋਮੀ ਮਸੀਹੀਆਂ ਤੇ ਹੋਰ ਲੋਕਾਂ ਨਾਲ ਉਨ੍ਹਾਂ ਦੀ ਸੋਚ ਮੁਤਾਬਕ ਗੱਲ ਕੀਤੀ।—ਰੋਮੀਆਂ 1:4; 5:14, 15.

10, 11. ਪੌਲੁਸ ਨੇ ਲੋਕਾਂ ਮੁਤਾਬਕ ਕਿਹੜੀਆਂ ਉਦਾਹਰਣਾਂ ਦਿੱਤੀਆਂ? (ਫੁਟਨੋਟ ਵੀ ਦੇਖੋ।)

10 ਪੌਲੁਸ ਨੇ ਦੂਜਿਆਂ ਨੂੰ ਬਾਈਬਲ ਦੀਆਂ ਡੂੰਘੀਆਂ ਸੱਚਾਈਆਂ ਕਿਵੇਂ ਸਮਝਾਈਆਂ? ਉਹ ਡੂੰਘੇ ਅਧਿਆਤਮਿਕ ਵਿਚਾਰਾਂ ਨੂੰ ਸਮਝਾਉਣ ਲਈ ਸੌਖੀਆਂ-ਸੌਖੀਆਂ ਉਦਾਹਰਣਾਂ ਵਰਤਦਾ ਸੀ। ਉਦਾਹਰਣ ਲਈ, ਪੌਲੁਸ ਜਾਣਦਾ ਸੀ ਕਿ ਰੋਮ ਦੇ ਲੋਕ ਗ਼ੁਲਾਮੀ ਦੀ ਪ੍ਰਥਾ ਬਾਰੇ ਜਾਣਦੇ ਸਨ ਜੋ ਕਿ ਪੂਰੇ ਰੋਮੀ ਸਾਮਰਾਜ ਵਿਚ ਫੈਲੀ ਹੋਈ ਸੀ। ਅਸਲ ਵਿਚ ਜਿਨ੍ਹਾਂ ਲੋਕਾਂ ਨੂੰ ਉਸ ਨੇ ਚਿੱਠੀ ਲਿਖੀ ਸੀ, ਉਨ੍ਹਾਂ ਵਿੱਚੋਂ ਕਈ ਸ਼ਾਇਦ ਗ਼ੁਲਾਮ ਸਨ। ਇਸ ਲਈ ਪੌਲੁਸ ਨੇ ਗ਼ੁਲਾਮੀ ਦੀ ਉਦਾਹਰਣ ਦਿੰਦੇ ਹੋਏ ਸਮਝਾਇਆ ਕਿ ਮਸੀਹੀ ਆਪ ਚੁਣ ਸਕਦੇ ਸਨ ਕਿ ਉਹ ਪਾਪ ਦੇ ਅਧੀਨ ਰਹਿਣਾ ਚਾਹੁੰਦੇ ਸਨ ਜਾਂ ਧਾਰਮਿਕਤਾ ਦੇ ਅਧੀਨ।—ਰੋਮੀਆਂ 6:16-20.

11 ਇਕ ਕਿਤਾਬ ਕਹਿੰਦੀ ਹੈ: “ਰੋਮੀਆਂ ਵਿਚ ਇਹ ਦਸਤੂਰ ਸੀ ਕਿ ਮਾਲਕ ਆਪਣੇ ਗ਼ੁਲਾਮ ਨੂੰ ਬਿਨਾਂ ਸ਼ਰਤ ਆਜ਼ਾਦ ਕਰ ਸਕਦਾ ਸੀ ਜਾਂ ਗ਼ੁਲਾਮ ਆਪਣੇ ਮਾਲਕ ਨੂੰ ਪੈਸੇ ਦੇ ਕੇ ਆਪਣੀ ਆਜ਼ਾਦੀ ਖ਼ਰੀਦ ਸਕਦਾ ਸੀ। ਗ਼ੁਲਾਮ ਨੂੰ ਉਸ ਵੇਲੇ ਵੀ ਆਜ਼ਾਦ ਕੀਤਾ ਜਾ ਸਕਦਾ ਸੀ ਜੇ ਮਾਲਕ ਉਸ ਨੂੰ ਕਿਸੇ ਦੇਵਤੇ ਦਾ ਗ਼ੁਲਾਮ ਬਣਾ ਦਿੰਦਾ ਸੀ।” ਆਜ਼ਾਦ ਕੀਤਾ ਗਿਆ ਗ਼ੁਲਾਮ ਆਪਣੇ ਮਾਲਕ ਲਈ ਕੰਮ ਕਰ ਸਕਦਾ ਸੀ ਤੇ ਉਸ ਨੂੰ ਆਪਣੇ ਕੰਮ ਦੀ ਮਜ਼ਦੂਰੀ ਮਿਲਦੀ ਸੀ। ਪੌਲੁਸ ਨੇ ਸ਼ਾਇਦ ਇਸੇ ਪ੍ਰਥਾ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਸੀ ਕਿ ਕੋਈ ਜਣਾ ਪਾਪ ਦੀ ਜਾਂ ਧਾਰਮਿਕਤਾ ਦੀ ਗ਼ੁਲਾਮੀ ਕਰਨ ਦਾ ਆਪ ਫ਼ੈਸਲਾ ਕਰ ਸਕਦਾ ਸੀ। ਰੋਮ ਦੇ ਮਸੀਹੀਆਂ ਨੂੰ ਪਾਪ ਦੀ ਗ਼ੁਲਾਮੀ ਤੋਂ ਛੁਡਾਇਆ ਗਿਆ ਸੀ ਅਤੇ ਹੁਣ ਉਨ੍ਹਾਂ ਦਾ ਮਾਲਕ ਯਹੋਵਾਹ ਪਰਮੇਸ਼ੁਰ ਸੀ। ਉਹ ਪਰਮੇਸ਼ੁਰ ਦੀ ਸੇਵਾ ਕਰਨ ਲਈ ਆਜ਼ਾਦ ਸਨ, ਪਰ ਜੇ ਉਹ ਚਾਹੁਣ ਤਾਂ ਉਹ ਆਪਣੇ ਪੁਰਾਣੇ ਮਾਲਕ ਪਾਪ ਦੀ ਗ਼ੁਲਾਮੀ ਵੀ ਕਰ ਸਕਦੇ ਸਨ। ਇਸ ਸੌਖੀ ਤੇ ਜਾਣੀ-ਪਛਾਣੀ ਉਦਾਹਰਣ ਨੇ ਰੋਮ ਦੇ ਮਸੀਹੀਆਂ ਨੂੰ ਆਪਣੇ ਤੋਂ ਇਹ ਸਵਾਲ ਪੁੱਛਣ ਲਈ ਜ਼ਰੂਰ ਪ੍ਰੇਰਿਆ ਹੋਣਾ, ‘ਮੈਂ ਕਿਸ ਦੀ ਗ਼ੁਲਾਮੀ ਕਰ ਰਿਹਾ ਹਾਂ?’ *

ਪੌਲੁਸ ਦੀ ਉਦਾਹਰਣ ਤੋਂ ਸਿੱਖਣਾ

12, 13. (ੳ) ਅੱਜ ਲੋਕਾਂ ਦੇ ਦਿਲਾਂ ਤਕ ਪਹੁੰਚਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ? (ਅ) ਵੱਖੋ-ਵੱਖਰੇ ਪਿਛੋਕੜਾਂ ਦੇ ਲੋਕਾਂ ਨੂੰ ਪ੍ਰਚਾਰ ਕਰਨ ਵਿਚ ਕਿਹੜੀ ਗੱਲ ਤੁਹਾਡੇ ਲਈ ਅਸਰਦਾਰ ਸਾਬਤ ਹੋਈ ਹੈ?

12 ਪੌਲੁਸ ਵਾਂਗ ਸਾਨੂੰ ਵੀ ਲੋਕਾਂ ਦੇ ਦਿਲਾਂ ਤਕ ਪਹੁੰਚਣ ਲਈ ਉਨ੍ਹਾਂ ਦੇ ਪਿਛੋਕੜਾਂ ਅਤੇ ਵਿਸ਼ਵਾਸਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਮਝਦਾਰੀ ਨਾਲ ਗੱਲਬਾਤ ਕਰਨੀ ਪਵੇਗੀ। ਬਾਈਬਲ ਦੀ ਸੱਚਾਈ ਨੂੰ ਸਮਝਣ ਵਿਚ ਲੋਕਾਂ ਦੀ ਮਦਦ ਕਰਨ ਲਈ ਸਿਰਫ਼ ਇਕ ਵਾਰ ਉਨ੍ਹਾਂ ਨੂੰ ਮਿਲ ਕੇ ਤਿਆਰ ਕੀਤਾ ਸੰਦੇਸ਼ ਦੇਣਾ ਜਾਂ ਉਨ੍ਹਾਂ ਨੂੰ ਬਾਈਬਲ ਦਾ ਸਾਹਿੱਤ ਦੇਣਾ ਹੀ ਕਾਫ਼ੀ ਨਹੀਂ ਹੈ। ਇਸ ਦੀ ਬਜਾਇ, ਸਾਨੂੰ ਉਨ੍ਹਾਂ ਦੀਆਂ ਲੋੜਾਂ ਤੇ ਚਿੰਤਾਵਾਂ, ਪਸੰਦ ਤੇ ਨਾਪਸੰਦ ਅਤੇ ਡਰ ਤੇ ਰਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਦੇ ਲਈ ਬਹੁਤ ਸੋਚ-ਵਿਚਾਰ ਤੇ ਕੋਸ਼ਿਸ਼ਾਂ ਕਰਨ ਦੀ ਲੋੜ ਹੈ ਜੋ ਕਿ ਰਾਜ ਦੇ ਪ੍ਰਚਾਰਕ ਖ਼ੁਸ਼ੀ-ਖ਼ੁਸ਼ੀ ਕਰ ਰਹੇ ਹਨ। ਉਦਾਹਰਣ ਲਈ, ਹੰਗਰੀ ਵਿਚ ਯਹੋਵਾਹ ਦੇ ਗਵਾਹਾਂ ਦਾ ਬ੍ਰਾਂਚ ਆਫ਼ਿਸ ਦੱਸਦਾ ਹੈ: “ਭੈਣ-ਭਰਾ ਪਰਦੇਸੀਆਂ ਦੇ ਰਿਵਾਜਾਂ ਤੇ ਰਹਿਣ-ਸਹਿਣ ਦੇ ਤੌਰ-ਤਰੀਕਿਆਂ ਦਾ ਆਦਰ ਕਰਦੇ ਹਨ ਅਤੇ ਉਨ੍ਹਾਂ ਤੋਂ ਆਸ ਨਹੀਂ ਰੱਖਦੇ ਕਿ ਉਹ ਸਾਡੇ ਰਿਵਾਜਾਂ ਅਨੁਸਾਰ ਚੱਲਣ।” ਹੋਰ ਦੇਸ਼ਾਂ ਦੇ ਗਵਾਹ ਵੀ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

13 ਇਕ ਪੂਰਬੀ ਦੇਸ਼ ਵਿਚ ਲੋਕ ਆਪਣੀ ਸਿਹਤ, ਬੱਚਿਆਂ ਦੀ ਪਰਵਰਿਸ਼ ਤੇ ਪੜ੍ਹਾਈ ਦੀ ਬਹੁਤ ਚਿੰਤਾ ਕਰਦੇ ਹਨ। ਉੱਥੇ ਰਾਜ ਦੇ ਪ੍ਰਚਾਰਕ ਦੁਨੀਆਂ ਦੇ ਵਿਗੜਦੇ ਹਾਲਾਤਾਂ ਜਾਂ ਗੁੰਝਲਦਾਰ ਸਮਾਜਕ ਸਮੱਸਿਆਵਾਂ ਬਾਰੇ ਗੱਲ ਕਰਨ ਦੀ ਬਜਾਇ ਇਨ੍ਹਾਂ ਚੀਜ਼ਾਂ ਬਾਰੇ ਗੱਲ ਕਰਦੇ ਹਨ। ਇਸੇ ਤਰ੍ਹਾਂ ਅਮਰੀਕਾ ਦੇ ਇਕ ਵੱਡੇ ਸ਼ਹਿਰ ਵਿਚ ਪ੍ਰਚਾਰਕਾਂ ਨੇ ਦੇਖਿਆ ਕਿ ਇਕ ਇਲਾਕੇ ਦੇ ਲੋਕ ਭ੍ਰਿਸ਼ਟਾਚਾਰ, ਟ੍ਰੈਫਿਕ ਜਾਮ ਤੇ ਅਪਰਾਧਾਂ ਵਿਚ ਵਾਧੇ ਕਰਕੇ ਬਹੁਤ ਪਰੇਸ਼ਾਨ ਹਨ। ਇਸ ਲਈ ਗਵਾਹ ਅਜਿਹੇ ਵਿਸ਼ਿਆਂ ਤੇ ਗੱਲ ਕਰਦੇ ਹੋਏ ਲੋਕਾਂ ਨੂੰ ਬਾਈਬਲ ਵਿੱਚੋਂ ਖ਼ੁਸ਼ ਖ਼ਬਰੀ ਦਿੰਦੇ ਹਨ। ਅਸਰਦਾਰ ਬਾਈਬਲ ਸਿੱਖਿਅਕ ਇਸ ਗੱਲ ਦਾ ਧਿਆਨ ਰੱਖਦੇ ਹਨ ਕਿ ਭਾਵੇਂ ਉਹ ਜਿਹੜੇ ਮਰਜ਼ੀ ਵਿਸ਼ੇ ਤੇ ਗੱਲ ਕਰਨ, ਉਹ ਸੁਣਨ ਵਾਲਿਆਂ ਨੂੰ ਨਿਰਾਸ਼ ਨਾ ਕਰਨ ਸਗੋਂ ਹੌਸਲਾ ਦੇਣ। ਉਹ ਬਾਈਬਲ ਦੇ ਸਿਧਾਂਤਾਂ ਉੱਤੇ ਚੱਲਣ ਦੇ ਫ਼ਾਇਦਿਆਂ ਅਤੇ ਚੰਗੇ ਭਵਿੱਖ ਦੀ ਉਮੀਦ ਉੱਤੇ ਜ਼ੋਰ ਦਿੰਦੇ ਹਨ।—ਯਸਾਯਾਹ 48:17, 18; 52:7.

14. ਦੱਸੋ ਕਿ ਅਸੀਂ ਲੋਕਾਂ ਦੀਆਂ ਲੋੜਾਂ ਅਤੇ ਹਾਲਾਤਾਂ ਅਨੁਸਾਰ ਗੱਲਬਾਤ ਕਿਵੇਂ ਕਰ ਸਕਦੇ ਹਾਂ।

14 ਪ੍ਰਚਾਰ ਕਰਦੇ ਵੇਲੇ ਵੱਖੋ-ਵੱਖਰੇ ਵਿਸ਼ਿਆਂ ਤੇ ਗੱਲ ਕਰਨ ਦਾ ਫ਼ਾਇਦਾ ਹੋਵੇਗਾ ਕਿਉਂਕਿ ਲੋਕਾਂ ਦੇ ਅਲੱਗ-ਅਲੱਗ ਸਭਿਆਚਾਰ ਤੇ ਧਰਮ ਹੋਣ ਕਰਕੇ ਅਤੇ ਜ਼ਿਆਦਾ ਜਾਂ ਘੱਟ ਪੜ੍ਹੇ-ਲਿਖੇ ਹੋਣ ਕਰਕੇ ਉਨ੍ਹਾਂ ਦੇ ਵਿਚਾਰਾਂ ਵਿਚ ਬਹੁਤ ਫ਼ਰਕ ਹੋ ਸਕਦਾ ਹੈ। ਮਿਸਾਲ ਲਈ, ਕਈ ਲੋਕ ਸਿਰਜਣਹਾਰ ਦੀ ਹੋਂਦ ਵਿਚ ਵਿਸ਼ਵਾਸ ਕਰਦੇ ਹਨ, ਪਰ ਬਾਈਬਲ ਵਿਚ ਨਹੀਂ। ਕੁਝ ਲੋਕ ਸਿਰਜਣਹਾਰ ਦੀ ਹੋਂਦ ਨੂੰ ਹੀ ਨਹੀਂ ਮੰਨਦੇ। ਕਈ ਇਨਸਾਨ ਹਰ ਤਰ੍ਹਾਂ ਦੇ ਧਾਰਮਿਕ ਸਾਹਿੱਤ ਨੂੰ ਪ੍ਰਾਪੇਗੰਡੇ ਦਾ ਜ਼ਰੀਆ ਮੰਨਦੇ ਹਨ, ਪਰ ਕਈ ਲੋਕ ਬਾਈਬਲ ਦੀਆਂ ਸਿੱਖਿਆਵਾਂ ਨੂੰ ਪਰਮੇਸ਼ੁਰ ਦਾ ਬਚਨ ਮੰਨਦੇ ਹਨ। ਇਨ੍ਹਾਂ ਸਾਰਿਆਂ ਨਾਲ ਅਸੀਂ ਵੱਖੋ-ਵੱਖਰੇ ਤਰੀਕਿਆਂ ਨਾਲ ਗੱਲ ਸ਼ੁਰੂ ਕਰਾਂਗੇ। ਇਸ ਤੋਂ ਇਲਾਵਾ, ਲੋਕਾਂ ਦੀ ਪੜ੍ਹਾਈ-ਲਿਖਾਈ ਦੇ ਹਿਸਾਬ ਨਾਲ ਸਾਨੂੰ ਗੱਲ ਕਰਨੀ ਪਵੇਗੀ। ਚੰਗਾ ਸਿੱਖਿਅਕ ਹਮੇਸ਼ਾ ਲੋਕਾਂ ਦੇ ਹਾਲਾਤਾਂ ਅਨੁਸਾਰ ਤਰਕ ਕਰਦਾ ਹੈ ਅਤੇ ਢੁਕਵੀਆਂ ਉਦਾਹਰਣਾਂ ਵਰਤਦਾ ਹੈ।—1 ਯੂਹੰਨਾ 5:20.

ਨਵੇਂ ਪ੍ਰਚਾਰਕਾਂ ਲਈ ਮਦਦ

15, 16. ਨਵੇਂ ਪ੍ਰਚਾਰਕਾਂ ਨੂੰ ਸਿਖਲਾਈ ਦੇਣ ਦੀ ਕਿਉਂ ਲੋੜ ਹੈ?

15 ਪੌਲੁਸ ਸਿਰਫ਼ ਆਪਣੇ ਹੀ ਸਿੱਖਿਆ ਦੇਣ ਦੇ ਤਰੀਕਿਆਂ ਵਿਚ ਸੁਧਾਰ ਕਰਨ ਵੱਲ ਧਿਆਨ ਨਹੀਂ ਦਿੰਦਾ ਸੀ। ਉਸ ਨੇ ਤਿਮੋਥਿਉਸ, ਤੀਤੁਸ ਤੇ ਹੋਰ ਨੌਜਵਾਨਾਂ ਨੂੰ ਵੀ ਵਧੀਆ ਪ੍ਰਚਾਰਕ ਬਣਨ ਦੀ ਸਿਖਲਾਈ ਦਿੱਤੀ। (2 ਤਿਮੋਥਿਉਸ 2:2; 3:10, 14; ਤੀਤੁਸ 1:4) ਇਸੇ ਤਰ੍ਹਾਂ, ਅੱਜ ਮਸੀਹੀ ਪ੍ਰਚਾਰਕਾਂ ਨੂੰ ਦੂਸਰਿਆਂ ਨੂੰ ਸਿਖਲਾਈ ਦੇਣ ਅਤੇ ਆਪ ਵੀ ਸਿੱਖਦੇ ਰਹਿਣ ਦੀ ਲੋੜ ਹੈ।

16 ਸੰਨ 1914 ਵਿਚ ਪੂਰੀ ਦੁਨੀਆਂ ਵਿਚ ਤਕਰੀਬਨ 5,000 ਪ੍ਰਚਾਰਕ ਸਨ; ਪਰ ਅੱਜ ਹਰ ਹਫ਼ਤੇ ਲਗਭਗ 5,000 ਨਵੇਂ ਲੋਕ ਬਪਤਿਸਮਾ ਲੈ ਰਹੇ ਹਨ! (ਯਸਾਯਾਹ 54:2, 3; ਰਸੂਲਾਂ ਦੇ ਕਰਤੱਬ 11:21) ਜਦੋਂ ਨਵੇਂ ਲੋਕ ਮਸੀਹੀ ਕਲੀਸਿਯਾ ਨਾਲ ਮਿਲ ਕੇ ਪ੍ਰਚਾਰ ਕਰਨਾ ਸ਼ੁਰੂ ਕਰਦੇ ਹਨ, ਤਾਂ ਉਨ੍ਹਾਂ ਨੂੰ ਸਿਖਲਾਈ ਤੇ ਅਗਵਾਈ ਦੀ ਲੋੜ ਪੈਂਦੀ ਹੈ। (ਗਲਾਤੀਆਂ 6:6) ਇਸ ਦੇ ਲਈ ਜ਼ਰੂਰੀ ਹੈ ਕਿ ਅਸੀਂ ਸਿਖਲਾਈ ਦੇਣ ਵਿਚ ਆਪਣੇ ਮਾਲਕ ਯਿਸੂ ਦੇ ਤਰੀਕਿਆਂ ਨੂੰ ਵਰਤੀਏ। *

17, 18. ਹੌਸਲੇ ਨਾਲ ਪ੍ਰਚਾਰ ਕਰਨ ਵਿਚ ਨਵੇਂ ਪ੍ਰਚਾਰਕਾਂ ਦੀ ਅਸੀਂ ਕਿਵੇਂ ਮਦਦ ਕਰ ਸਕਦੇ ਹਾਂ?

17 ਯਿਸੂ ਨੇ ਲੋਕਾਂ ਦੀ ਭੀੜ ਦੇਖ ਕੇ ਆਪਣੇ ਚੇਲਿਆਂ ਨੂੰ ਨਹੀਂ ਕਿਹਾ ਕਿ ਜਾਓ ਤੇ ਉਨ੍ਹਾਂ ਨੂੰ ਪ੍ਰਚਾਰ ਕਰੋ। ਪਹਿਲਾਂ ਉਸ ਨੇ ਪ੍ਰਚਾਰ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਅਤੇ ਇਸ ਕੰਮ ਉੱਤੇ ਯਹੋਵਾਹ ਦੀ ਬਰਕਤ ਮੰਗਣ ਦਾ ਉਤਸ਼ਾਹ ਦਿੱਤਾ। ਇਸ ਤੋਂ ਬਾਅਦ ਉਸ ਨੇ ਤਿੰਨ ਪ੍ਰਬੰਧ ਕੀਤੇ: ਉਸ ਨੇ ਹਰੇਕ ਨੂੰ ਇਕ ਸਾਥੀ ਦਿੱਤਾ, ਪ੍ਰਚਾਰ ਕਰਨ ਲਈ ਇਲਾਕਾ ਦਿੱਤਾ ਅਤੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਕੀ ਸੰਦੇਸ਼ ਦੇਣਾ ਸੀ। (ਮੱਤੀ 9:35-38; 10:5-7; ਮਰਕੁਸ 6:7; ਲੂਕਾ 9:2, 6) ਅਸੀਂ ਵੀ ਇਸੇ ਤਰ੍ਹਾਂ ਕਰ ਸਕਦੇ ਹਾਂ, ਚਾਹੇ ਅਸੀਂ ਆਪਣੇ ਬੱਚੇ ਦੀ ਸਹਾਇਤਾ ਕਰ ਰਹੇ ਹਾਂ ਜਾਂ ਨਵੇਂ ਵਿਦਿਆਰਥੀ ਦੀ ਜਾਂ ਫਿਰ ਉਸ ਪ੍ਰਚਾਰਕ ਦੀ ਜਿਸ ਨੇ ਕੁਝ ਸਮੇਂ ਤੋਂ ਪ੍ਰਚਾਰ ਕੰਮ ਵਿਚ ਹਿੱਸਾ ਨਹੀਂ ਲਿਆ ਹੈ।

18 ਰਾਜ ਦਾ ਸੰਦੇਸ਼ ਹੌਸਲੇ ਨਾਲ ਸੁਣਾਉਣ ਲਈ ਨਵੇਂ ਪ੍ਰਚਾਰਕਾਂ ਨੂੰ ਕਾਫ਼ੀ ਮਦਦ ਦੀ ਲੋੜ ਹੁੰਦੀ ਹੈ। ਕੀ ਤੁਸੀਂ ਸੌਖੀ ਤੇ ਵਧੀਆ ਪੇਸ਼ਕਾਰੀ ਤਿਆਰ ਕਰਨ ਵਿਚ ਉਨ੍ਹਾਂ ਦੀ ਮਦਦ ਕਰ ਸਕਦੇ ਹੋ? ਪ੍ਰਚਾਰ ਦੌਰਾਨ ਪਹਿਲੇ ਕੁਝ ਘਰਾਂ ਵਿਚ ਉਹ ਦੇਖ ਸਕਦਾ ਹੈ ਕਿ ਤੁਸੀਂ ਕਿਵੇਂ ਗੱਲ ਕਰਦੇ ਹੋ। ਤੁਸੀਂ ਗਿਦਾਊਨ ਦੀ ਰੀਸ ਕਰ ਸਕਦੇ ਹੋ ਜਿਸ ਨੇ ਆਪਣੇ ਫ਼ੌਜੀਆਂ ਨੂੰ ਕਿਹਾ ਸੀ: “ਮੇਰੇ ਵੱਲ ਵੇਖ ਕੇ ਮੇਰੇ ਵਾਂਙੁ ਕੰਮ ਕਰਨਾ।” (ਨਿਆਈਆਂ 7:17) ਫਿਰ ਨਵੇਂ ਪ੍ਰਚਾਰਕ ਨੂੰ ਗੱਲ ਕਰਨ ਦਾ ਮੌਕਾ ਦਿਓ। ਉਸ ਦੇ ਜਤਨਾਂ ਦੀ ਸ਼ਲਾਘਾ ਕਰੋ ਅਤੇ ਲੋੜ ਪੈਣ ਤੇ ਸੁਝਾਅ ਦਿਓ।

19. ‘ਆਪਣੀ ਸੇਵਕਾਈ ਪੂਰੀ ਕਰਨ’ ਲਈ ਸਾਡਾ ਕੀ ਕਰਨ ਦਾ ਪੱਕਾ ਇਰਾਦਾ ਹੈ?

19 ਸਾਡਾ ਦ੍ਰਿੜ੍ਹ ਇਰਾਦਾ ਹੈ ਕਿ ‘ਆਪਣੀ ਸੇਵਕਾਈ ਨੂੰ ਪੂਰਿਆਂ ਕਰਨ’ ਲਈ ਅਸੀਂ ਲੋਕਾਂ ਦੀਆਂ ਲੋੜਾਂ, ਵਿਸ਼ਵਾਸਾਂ ਤੇ ਹਾਲਾਤਾਂ ਅਨੁਸਾਰ ਉਨ੍ਹਾਂ ਨਾਲ ਗੱਲ ਕਰਾਂਗੇ ਅਤੇ ਨਵੇਂ ਪ੍ਰਚਾਰਕਾਂ ਦੀ ਵੀ ਇਸ ਤਰ੍ਹਾਂ ਕਰਨ ਵਿਚ ਮਦਦ ਕਰਾਂਗੇ। ਸਾਡਾ ਟੀਚਾ ਹੈ ਦੂਸਰਿਆਂ ਨੂੰ ਪਰਮੇਸ਼ੁਰ ਦਾ ਗਿਆਨ ਦੇਣਾ ਜੋ ਉਨ੍ਹਾਂ ਨੂੰ ਮੁਕਤੀ ਦੇ ਸਕਦਾ ਹੈ। ਜਦੋਂ ਅਸੀਂ ਆਪਣੇ ਟੀਚੇ ਦੀ ਅਹਿਮੀਅਤ ਉੱਤੇ ਵਿਚਾਰ ਕਰਾਂਗੇ, ਤਾਂ ਅਸੀਂ ‘ਸਭਨਾਂ ਲਈ ਸਭ ਕੁਝ ਬਣਨ’ ਦੀ ਪੂਰੀ ਕੋਸ਼ਿਸ਼ ਕਰਾਂਗੇ ‘ਤਾਂ ਜੋ ਅਸੀਂ ਹਰ ਤਰਾਂ ਨਾਲ ਕਈਆਂ ਨੂੰ ਬਚਾਈਏ।’—2 ਤਿਮੋਥਿਉਸ 4:5; 1 ਕੁਰਿੰਥੀਆਂ 9:22.

[ਫੁਟਨੋਟ]

^ ਪੈਰਾ 11 ਇਸੇ ਤਰ੍ਹਾਂ, ਪਰਮੇਸ਼ੁਰ ਅਤੇ ਉਸ ਦੇ ਮਸਹ ਕੀਤੇ ਹੋਏ “ਪੁੱਤ੍ਰਾਂ” ਦੇ ਰਿਸ਼ਤੇ ਬਾਰੇ ਗੱਲ ਕਰਦੇ ਹੋਏ ਪੌਲੁਸ ਨੇ ਇਕ ਕਾਨੂੰਨੀ ਰਿਵਾਜ ਦੀ ਉਦਾਹਰਣ ਦਿੱਤੀ ਜਿਸ ਬਾਰੇ ਰੋਮੀ ਸਾਮਰਾਜ ਦੇ ਲੋਕ ਜਾਣਦੇ ਸਨ। (ਰੋਮੀਆਂ 8:14-17) ਸੇਂਟ ਪੌਲ ਐਟ ਰੋਮ ਕਿਤਾਬ ਕਹਿੰਦੀ ਹੈ ਕਿ ‘ਰੋਮੀ ਪਰਿਵਾਰਾਂ ਵਿਚ ਗੋਦ ਲੈਣ ਦਾ ਰਿਵਾਜ ਆਮ ਸੀ।’

^ ਪੈਰਾ 16 ਇਸ ਵੇਲੇ ਯਹੋਵਾਹ ਦੇ ਗਵਾਹਾਂ ਦੀਆਂ ਸਾਰੀਆਂ ਕਲੀਸਿਯਾਵਾਂ ਵਿਚ “ਪਾਇਨੀਅਰ ਦੂਜਿਆਂ ਦੀ ਮਦਦ ਕਰਦੇ ਹਨ” ਪ੍ਰੋਗ੍ਰਾਮ ਚੱਲ ਰਿਹਾ ਹੈ। ਇਸ ਪ੍ਰੋਗ੍ਰਾਮ ਵਿਚ ਪੂਰੇ ਸਮੇਂ ਦੇ ਪ੍ਰਚਾਰਕ ਘੱਟ ਤਜਰਬੇਕਾਰ ਪ੍ਰਚਾਰਕਾਂ ਦੀ ਮਦਦ ਕਰਦੇ ਹਨ।

ਕੀ ਤੁਹਾਨੂੰ ਯਾਦ ਹੈ?

• ਅਸੀਂ ਪ੍ਰਚਾਰ ਕਰਦੇ ਵੇਲੇ ਪੌਲੁਸ ਦੀ ਰੀਸ ਕਿਵੇਂ ਕਰ ਸਕਦੇ ਹਾਂ?

• ਸਾਨੂੰ ਆਪਣੀ ਸੋਚ ਵਿਚ ਕਿਹੜੀਆਂ ਤਬਦੀਲੀਆਂ ਕਰਨ ਦੀ ਲੋੜ ਪੈ ਸਕਦੀ ਹੈ?

• ਅਸੀਂ ਆਪਣੇ ਸੰਦੇਸ਼ ਰਾਹੀਂ ਲੋਕਾਂ ਨੂੰ ਨਿਰਾਸ਼ ਕਰਨ ਦੀ ਥਾਂ ਉਤਸ਼ਾਹ ਕਿਵੇਂ ਦੇ ਸਕਦੇ ਹਾਂ?

• ਪੂਰੇ ਹੌਸਲੇ ਨਾਲ ਪ੍ਰਚਾਰ ਕਰਨ ਲਈ ਨਵੇਂ ਪ੍ਰਚਾਰਕਾਂ ਨੂੰ ਕਿਸ ਚੀਜ਼ ਦੀ ਲੋੜ ਹੈ?

[ਸਵਾਲ]

[ਸਫ਼ੇ 29 ਉੱਤੇ ਸੁਰਖੀ]

ਪੌਲੁਸ ਰਸੂਲ ਲੋਕਾਂ ਦੇ ਪਿਛੋਕੜ ਅਤੇ ਵਿਸ਼ਵਾਸਾਂ ਨੂੰ ਧਿਆਨ ਵਿਚ ਰੱਖ ਕੇ ਸਮਝਦਾਰੀ ਨਾਲ ਗੱਲਬਾਤ ਕਰਦਾ ਸੀ

[ਸਫ਼ੇ 31 ਉੱਤੇ ਸੁਰਖੀ]

ਯਿਸੂ ਨੇ ਆਪਣੇ ਚੇਲਿਆਂ ਲਈ ਤਿੰਨ ਮੁੱਖ ਪ੍ਰਬੰਧ ਕੀਤੇ: ਉਸ ਨੇ ਹਰੇਕ ਨੂੰ ਇਕ ਸਾਥੀ ਦਿੱਤਾ, ਪ੍ਰਚਾਰ ਕਰਨ ਲਈ ਇਲਾਕਾ ਦਿੱਤਾ ਅਤੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਕਿਹੜਾ ਸੰਦੇਸ਼ ਦੇਣਾ ਸੀ

[ਸਫ਼ੇ 28 ਉੱਤੇ ਤਸਵੀਰ]

ਵੱਖ-ਵੱਖ ਤਰ੍ਹਾਂ ਦੇ ਲੋਕਾਂ ਦੀ ਦਿਲਚਸਪੀ ਅਨੁਸਾਰ ਗੱਲ ਕਰ ਕੇ ਪੌਲੁਸ ਨੇ ਸਫ਼ਲਤਾ ਪ੍ਰਾਪਤ ਕੀਤੀ

[ਸਫ਼ੇ 30 ਉੱਤੇ ਤਸਵੀਰ]

ਕੁਸ਼ਲ ਪ੍ਰਚਾਰਕ ਲੋਕਾਂ ਦੇ ਸਭਿਆਚਾਰ ਨੂੰ ਧਿਆਨ ਵਿਚ ਰੱਖਦੇ ਹਨ

[ਸਫ਼ੇ 31 ਉੱਤੇ ਤਸਵੀਰ]

ਕੁਸ਼ਲ ਪ੍ਰਚਾਰਕ ਸੇਵਕਾਈ ਲਈ ਤਿਆਰੀ ਕਰਨ ਵਿਚ ਨਵੇਂ ਪ੍ਰਚਾਰਕਾਂ ਦੀ ਮਦਦ ਕਰਦੇ ਹਨ