Skip to content

Skip to table of contents

ਪਿਆਰ, ਨਿਹਚਾ ਅਤੇ ਆਗਿਆਕਾਰੀ ਦਾ ਸਬੂਤ

ਪਿਆਰ, ਨਿਹਚਾ ਅਤੇ ਆਗਿਆਕਾਰੀ ਦਾ ਸਬੂਤ

ਪਿਆਰ, ਨਿਹਚਾ ਅਤੇ ਆਗਿਆਕਾਰੀ ਦਾ ਸਬੂਤ

ਨਿਊਯਾਰਕ ਦੇ ਵਾਲਕਿਲ ਸ਼ਹਿਰ ਵਿਚ ਵਾਚਟਾਵਰ ਫਾਰਮ ਵਿਚ 16 ਮਈ 2005 ਦੀ ਸਵੇਰ ਨੂੰ ਸੂਰਜ ਨੇ ਆਪਣੀ ਰੌਸ਼ਨੀ ਬਖ਼ੇਰ ਕੇ ਸੁਹਾਵਣਾ ਬਣਾ ਦਿੱਤਾ ਸੀ। ਪਹੁ ਫੁੱਟਣ ਤੋਂ ਪਹਿਲਾਂ ਹੋਈ ਵਰਖਾ ਦੀਆਂ ਬੂੰਦਾਂ ਕਿਆਰੀਆਂ ਵਿਚ ਲੱਗੇ ਫੁੱਲਾਂ ਅਤੇ ਘਾਹ ਉੱਤੇ ਟਿਮਟਿਮਾ ਰਹੀਆਂ ਸਨ। ਤਲਾਅ ਵਿਚ ਇਕ ਬੱਤਖ ਆਪਣੇ ਅੱਠ ਬੱਚਿਆਂ ਨਾਲ ਚੁੱਪ-ਚਾਪ ਤੈਰ ਰਹੀ ਸੀ। ਇਸ ਸੁੰਦਰ ਨਜ਼ਾਰੇ ਨੇ ਮਹਿਮਾਨਾਂ ਨੂੰ ਕੀਲ ਲਿਆ। ਉਹ ਹੌਲੀ-ਹੌਲੀ ਗੱਲਾਂ ਕਰ ਰਹੇ ਸਨ ਜਿਵੇਂ ਕਿ ਉਹ ਸਵੇਰ ਦੀ ਸ਼ਾਂਤੀ ਭੰਗ ਨਾ ਕਰਨੀ ਚਾਹੁੰਦੇ ਹੋਣ।

ਇਹ ਮਹਿਮਾਨ ਯਹੋਵਾਹ ਦੇ ਗਵਾਹ ਸਨ ਜੋ 48 ਦੇਸ਼ਾਂ ਤੋਂ ਆਏ ਸਨ। ਪਰ ਉਹ ਇਹ ਖੂਬਸੂਰਤ ਨਜ਼ਾਰਾ ਦੇਖਣ ਨਹੀਂ ਆਏ ਸਨ। ਉਹ ਤਾਂ ਇਹ ਦੇਖਣ ਆਏ ਸਨ ਕਿ ਵਾਲਕਿਲ ਵਿਚ ਨਵੀਂ ਬਣੀ ਲਾਲ ਇੱਟਾਂ ਦੀ ਵਿਸ਼ਾਲ ਇਮਾਰਤ ਦੇ ਅੰਦਰ ਕੀ ਹੋ ਰਿਹਾ ਸੀ ਜੋ ਅਮਰੀਕਾ ਦੇ ਬੈਥਲ ਦਾ ਹਿੱਸਾ ਹੈ। ਇਸ ਇਮਾਰਤ ਦਾ ਅੰਦਰਲਾ ਨਜ਼ਾਰਾ ਦੇਖ ਕੇ ਉਹ ਇਕ ਵਾਰ ਫਿਰ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕੇ ਭਾਵੇਂ ਕਿ ਉੱਥੇ ਬਹੁਤ ਸ਼ੋਰ-ਸ਼ਰਾਬਾ ਸੀ।

ਮਹਿਮਾਨਾਂ ਨੇ ਬਾਲਕਨੀ ਵਿਚ ਖੜ੍ਹੇ ਹੋ ਕੇ ਥੱਲੇ ਬਹੁਤ ਸਾਰੀਆਂ ਮਸ਼ੀਨਾਂ ਦੇਖੀਆਂ। ਲਿਸ਼ਕਦੇ ਫ਼ਰਸ਼ ਉੱਤੇ ਲੱਗੀਆਂ ਪੰਜ ਵਿਸ਼ਾਲ ਪ੍ਰਿੰਟਿੰਗ ਪ੍ਰੈੱਸਾਂ ਨੇ ਨੌਂ ਫੁੱਟਬਾਲ ਮੈਦਾਨਾਂ ਤੋਂ ਜ਼ਿਆਦਾ ਜਗ੍ਹਾ ਘੇਰੀ ਹੋਈ ਹੈ। ਇੱਥੇ ਹੀ ਬਾਈਬਲਾਂ, ਕਿਤਾਬਾਂ ਅਤੇ ਰਸਾਲੇ ਛਾਪੇ ਜਾਂਦੇ ਹਨ। ਵੱਡੇ-ਵੱਡੇ ਪੇਪਰ ਰੋਲ (ਇਕ ਪੇਪਰ ਰੋਲ ਦਾ ਭਾਰ 1,700 ਕਿਲੋਗ੍ਰਾਮ ਹੈ) ਤੇਜ਼ ਰਫ਼ਤਾਰ ਨਾਲ ਚੱਲਣ ਵਾਲੇ ਟਰੱਕ ਦੇ ਪਹੀਆਂ ਦੀ ਤਰ੍ਹਾਂ ਘੁੰਮਦੇ ਜਾਂਦੇ ਹਨ। ਰੋਲ ਦਾ 23 ਕਿਲੋਮੀਟਰ ਲੰਬਾ ਪੇਪਰ 25 ਮਿੰਟਾਂ ਵਿਚ ਪ੍ਰੈੱਸ ਵਿੱਚੋਂ ਦੀ ਲੰਘ ਜਾਂਦਾ ਹੈ। ਇਸ ਸਮੇਂ ਦੌਰਾਨ ਪ੍ਰੈੱਸ ਪੇਪਰ ਉੱਤੇ ਸਿਆਹੀ ਛੱਡਦੀ ਹੈ ਤੇ ਇਸ ਨੂੰ ਸੁਕਾ ਕੇ ਪੇਪਰ ਨੂੰ ਠੰਢਾ ਕਰਦੀ ਹੈ ਤਾਂਕਿ ਇਸ ਨੂੰ ਤਹਿ ਕੀਤਾ ਜਾ ਸਕੇ। ਰਸਾਲੇ ਤੇਜ਼ੀ ਨਾਲ ਕਨਵੇਅਰ ਬੈਲਟ ਉੱਤੋਂ ਦੀ ਭੱਜਦੇ ਹਨ ਤਾਂਕਿ ਇਨ੍ਹਾਂ ਨੂੰ ਡੱਬਿਆਂ ਵਿਚ ਬੰਦ ਕਰ ਕੇ ਕਲੀਸਿਯਾਵਾਂ ਵਿਚ ਭੇਜਿਆ ਜਾ ਸਕੇ। ਦੂਜੀਆਂ ਪ੍ਰੈੱਸਾਂ ਕਿਤਾਬਾਂ ਦੇ ਸਫ਼ੇ ਛਾਪਣ ਵਿਚ ਮਸਰੂਫ਼ ਹਨ। ਫਿਰ ਸਫ਼ਿਆਂ ਦੀਆਂ ਛੋਟੀਆਂ-ਛੋਟੀਆਂ ਦੱਥੀਆਂ ਬਣਾ ਕੇ ਇਨ੍ਹਾਂ ਨੂੰ ਉਸੇ ਵੇਲੇ ਸਟੋਰ ਵਿਚ ਰੱਖ ਦਿੱਤਾ ਜਾਂਦਾ ਹੈ ਜਿੱਥੋਂ ਫਿਰ ਉਨ੍ਹਾਂ ਨੂੰ ਜਿਲਦਬੰਦ ਹੋਣ ਲਈ ਭੇਜਿਆ ਜਾਂਦਾ ਹੈ। ਇਹ ਸਾਰੀਆਂ ਮਸ਼ੀਨਾਂ ਕੰਪਿਊਟਰ ਨਾਲ ਚੱਲਦੀਆਂ ਹਨ।

ਪ੍ਰੈੱਸ ਰੂਮ ਤੋਂ ਬਾਅਦ ਮਹਿਮਾਨ ਬਾਈਂਡਰੀ ਵਿਚ ਗਏ। ਇੱਥੇ ਮਸ਼ੀਨਾਂ ਹਰ ਰੋਜ਼ 50,000 ਤੋਂ ਵੱਧ ਸਖ਼ਤ ਜਿਲਦਾਂ ਵਾਲੀਆਂ ਕਿਤਾਬਾਂ ਅਤੇ ਬਾਈਬਲਾਂ ਤਿਆਰ ਕਰਦੀਆਂ ਹਨ। ਕਿਤਾਬਾਂ ਦੇ ਸਫ਼ਿਆਂ ਦੀਆਂ ਦੱਥੀਆਂ ਨੂੰ ਤਰਤੀਬਵਾਰ ਜੋੜਿਆ ਜਾਂਦਾ ਹੈ ਤੇ ਵਾਧੂ ਕਾਗਜ਼ ਨੂੰ ਕੱਟ ਦਿੱਤਾ ਜਾਂਦਾ ਹੈ। ਫਿਰ ਇਨ੍ਹਾਂ ਤੇ ਜਿਲਦਾਂ ਚੜ੍ਹਾਈਆਂ ਜਾਂਦੀਆਂ ਹਨ ਤੇ ਤਿਆਰ ਕਿਤਾਬਾਂ ਨੂੰ ਡੱਬਿਆਂ ਵਿਚ ਬੰਦ ਕਰ ਦਿੱਤਾ ਜਾਂਦਾ ਹੈ। ਇਹ ਡੱਬੇ ਆਪਣੇ ਆਪ ਸੀਲ ਹੁੰਦੇ ਜਾਂਦੇ ਹਨ ਅਤੇ ਇਨ੍ਹਾਂ ਤੇ ਲੇਬਲ ਲੱਗਦੇ ਜਾਂਦੇ ਹਨ ਤੇ ਲੱਕੜੀ ਦੇ ਵੱਡੇ-ਵੱਡੇ ਫੱਟਿਆਂ ਉੱਤੇ ਲੱਦ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ, ਮਸ਼ੀਨਾਂ ਦਾ ਇਕ ਹੋਰ ਸਮੂਹ ਹਰ ਰੋਜ਼ 1,00,000 ਨਰਮ ਜਿਲਦ ਵਾਲੀਆਂ ਕਿਤਾਬਾਂ ਤਿਆਰ ਕਰ ਕੇ ਉਨ੍ਹਾਂ ਦੀ ਪੈਕਿੰਗ ਕਰਦਾ ਹੈ। ਅਣਗਿਣਤ ਮੋਟਰਾਂ, ਬੈਲਟਾਂ, ਚੱਕਿਆਂ ਤੇ ਗੇਅਰਾਂ ਨਾਲ ਬਣੀਆਂ ਇਹ ਮਸ਼ੀਨਾਂ ਅਸਚਰਜ ਰਫ਼ਤਾਰ ਨਾਲ ਕੰਮ ਕਰਦੀਆਂ ਹਨ।

ਇਕ ਵਧੀਆ ਘੜੀ ਦੀ ਤਰ੍ਹਾਂ ਐਨ ਸਹੀ ਢੰਗ ਨਾਲ ਕੰਮ ਕਰਨ ਅਤੇ ਤੇਜ਼ ਰਫ਼ਤਾਰ ਨਾਲ ਛਪਾਈ ਕਰਨ ਵਾਲੀ ਇਹ ਮਸ਼ੀਨਰੀ ਨਵੀਂ ਤਕਨਾਲੋਜੀ ਦਾ ਇਕ ਸ਼ਾਨਦਾਰ ਅਜੂਬਾ ਹੈ। ਅਸੀਂ ਅੱਗੇ ਦੇਖਾਂਗੇ ਕਿ ਇਹ ਪਰਮੇਸ਼ੁਰ ਦੇ ਲੋਕਾਂ ਦੇ ਪਿਆਰ, ਨਿਹਚਾ ਅਤੇ ਆਗਿਆਕਾਰੀ ਦਾ ਵੀ ਪੱਕਾ ਸਬੂਤ ਹੈ। ਪਰ ਪ੍ਰਿੰਟਰੀ ਨੂੰ ਬਰੁਕਲਿਨ, ਨਿਊਯਾਰਕ ਤੋਂ ਵਾਲਕਿਲ ਕਿਉਂ ਲਿਆਂਦਾ ਗਿਆ?

ਇਸ ਦਾ ਮੁੱਖ ਕਾਰਨ ਸੀ ਕਿ ਇੱਕੋ ਥਾਂ ਤੇ ਪ੍ਰਿੰਟਿੰਗ ਤੇ ਸ਼ਿਪਿੰਗ ਕਰਨ ਨਾਲ ਕੰਮ ਜ਼ਿਆਦਾ ਸੌਖਾ ਹੋ ਜਾਣਾ ਸੀ। ਕਈ ਸਾਲਾਂ ਤੋਂ ਕਿਤਾਬਾਂ ਬਰੁਕਲਿਨ ਵਿਚ ਛਾਪ ਕੇ ਕਲੀਸਿਯਾਵਾਂ ਨੂੰ ਭੇਜੀਆਂ ਜਾਂਦੀਆਂ ਸਨ ਤੇ ਰਸਾਲੇ ਵਾਲਕਿਲ ਵਿਚ ਛਾਪ ਕੇ ਭੇਜੇ ਜਾਂਦੇ ਸਨ। ਇੱਕੋ ਥਾਂ ਤੇ ਸਾਰੀ ਪ੍ਰਿੰਟਿੰਗ ਕਰਨ ਨਾਲ ਘੱਟ ਕਾਮਿਆਂ ਦੀ ਲੋੜ ਪਵੇਗੀ ਤੇ ਪੈਸਾ ਵੀ ਬਚੇਗਾ। ਇਸ ਤਰ੍ਹਾਂ ਭੈਣਾਂ-ਭਰਾਵਾਂ ਵੱਲੋਂ ਆਏ ਦਾਨ ਦੀ ਚੰਗੀ ਵਰਤੋਂ ਹੋਵੇਗੀ। ਇਸ ਤੋਂ ਇਲਾਵਾ, ਬਰੁਕਲਿਨ ਵਿਚ ਦੋ ਪ੍ਰੈੱਸਾਂ ਪੁਰਾਣੀਆਂ ਹੋ ਗਈਆਂ ਸਨ, ਇਸ ਲਈ ਜਰਮਨੀ ਤੋਂ ਦੋ ਨਵੀਆਂ ਪ੍ਰੈੱਸਾਂ (MAN Roland Lithoman) ਮੰਗਵਾਈਆਂ ਗਈਆਂ। ਇਹ ਪ੍ਰੈੱਸਾਂ ਇੰਨੀਆਂ ਵੱਡੀਆਂ ਸਨ ਕਿ ਇਹ ਬਰੁਕਲਿਨ ਦੀ ਪ੍ਰਿੰਟਰੀ ਵਿਚ ਫਿੱਟ ਨਹੀਂ ਹੋ ਸਕਦੀਆਂ ਸਨ।

ਯਹੋਵਾਹ ਨੇ ਇਸ ਕੰਮ ਤੇ ਬਰਕਤ ਪਾਈ

ਪ੍ਰਿੰਟਿੰਗ ਦਾ ਮਕਸਦ ਹਮੇਸ਼ਾ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਨੂੰ ਫੈਲਾਉਣਾ ਰਿਹਾ ਹੈ। ਸ਼ੁਰੂ ਤੋਂ ਹੀ ਇਸ ਕੰਮ ਉੱਤੇ ਯਹੋਵਾਹ ਦੀ ਬਰਕਤ ਰਹੀ ਹੈ। ਸੰਨ 1879 ਤੋਂ 1922 ਤਕ ਕਿਤਾਬਾਂ ਕਿਸੇ ਹੋਰ ਦੇ ਛਾਪੇਖ਼ਾਨੇ ਵਿਚ ਛਪਵਾਈਆਂ ਜਾਂਦੀਆਂ ਸਨ। ਸੰਨ 1922 ਵਿਚ ਬਰੁਕਲਿਨ ਵਿਚ 18 ਕੌਂਕੋਰਡ ਸਟ੍ਰੀਟ ਤੇ ਛੇ-ਮੰਜ਼ਲੀ ਇਮਾਰਤ ਕਿਰਾਏ ਤੇ ਲਈ ਗਈ ਤੇ ਕਿਤਾਬਾਂ ਦੀ ਛਪਾਈ ਲਈ ਮਸ਼ੀਨ ਤੇ ਹੋਰ ਸਾਜ਼-ਸਾਮਾਨ ਖ਼ਰੀਦਿਆ ਗਿਆ। ਉਸ ਸਮੇਂ ਕੁਝ ਲੋਕਾਂ ਨੂੰ ਲੱਗਦਾ ਸੀ ਕਿ ਯਹੋਵਾਹ ਦੇ ਗਵਾਹ ਇਹ ਕੰਮ ਨਹੀਂ ਕਰ ਪਾਉਣਗੇ।

ਇਨ੍ਹਾਂ ਵਿੱਚੋਂ ਇਕ ਸ਼ੱਕੀ ਬੰਦਾ ਉਸ ਕੰਪਨੀ ਦਾ ਪ੍ਰਧਾਨ ਸੀ ਜਿਸ ਕੋਲੋਂ ਸੋਸਾਇਟੀ ਕਿਤਾਬਾਂ ਛਪਵਾਉਂਦੀ ਸੀ। ਕੌਂਕੋਰਡ ਸਟ੍ਰੀਟ ਆ ਕੇ ਪ੍ਰਿੰਟਰੀ ਦੇਖਣ ਤੇ ਉਸ ਨੇ ਕਿਹਾ: “ਹੁਣ ਤੁਹਾਡੇ ਕੋਲ ਸਭ ਤੋਂ ਵਧੀਆ ਕੁਆਲਿਟੀ ਦੀ ਪ੍ਰਿੰਟਿੰਗ ਮਸ਼ੀਨ ਹੈ, ਪਰ ਤੁਹਾਡੇ ਵਿੱਚੋਂ ਕੋਈ ਵੀ ਇਸ ਮਸ਼ੀਨ ਨੂੰ ਚਲਾਉਣਾ ਨਹੀਂ ਜਾਣਦਾ। ਛੇ ਮਹੀਨਿਆਂ ਵਿਚ ਹੀ ਇਸ ਦਾ ਕਬਾੜਾ ਹੋ ਜਾਣਾ ਹੈ। ਤੁਸੀਂ ਜਾਣ ਜਾਵੋਗੇ ਕਿ ਛਪਾਈ ਦਾ ਕੰਮ ਸਿਰਫ਼ ਉਹੀ ਲੋਕ ਕਰ ਸਕਦੇ ਹਨ ਜਿਨ੍ਹਾਂ ਦਾ ਇਹ ਪੇਸ਼ਾ ਹੈ। ਤੁਹਾਨੂੰ ਉਨ੍ਹਾਂ ਤੋਂ ਹੀ ਕਿਤਾਬਾਂ ਛਪਵਾਉਣੀਆਂ ਪੈਣਗੀਆਂ।”

ਉਸ ਸਮੇਂ ਪ੍ਰਿੰਟਰੀ ਦੇ ਨਿਗਾਹਬਾਨ ਰੋਬਰਟ ਜੇ. ਮਾਰਟਿਨ ਨੇ ਕਿਹਾ: ‘ਉਸ ਦੀ ਗੱਲ ਵਿਚ ਦਮ ਲੱਗਦਾ ਸੀ, ਪਰ ਉਹ ਪ੍ਰਭੂ ਨੂੰ ਭੁੱਲ ਗਿਆ ਸੀ; ਪ੍ਰਭੂ ਨੇ ਹਰ ਕਦਮ ਤੇ ਸਾਡਾ ਸਾਥ ਦਿੱਤਾ। ਕੁਝ ਸਮੇਂ ਬਾਅਦ ਅਸੀਂ ਆਪਣੀਆਂ ਕਿਤਾਬਾਂ ਆਪ ਛਾਪਣੀਆਂ ਸ਼ੁਰੂ ਕਰ ਦਿੱਤੀਆਂ।’ ਅਗਲੇ 80 ਸਾਲਾਂ ਦੌਰਾਨ ਯਹੋਵਾਹ ਦੇ ਗਵਾਹਾਂ ਨੇ ਖ਼ੁਦ ਆਪਣੀਆਂ ਪ੍ਰਿੰਟਿੰਗ ਮਸ਼ੀਨਾਂ ਤੇ ਅਰਬਾਂ ਕਿਤਾਬਾਂ-ਰਸਾਲੇ ਛਾਪੇ।

ਫਿਰ 5 ਅਕਤੂਬਰ 2002 ਨੂੰ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਆਫ਼ ਪੈਨਸਿਲਵੇਨੀਆ ਦੀ ਸਾਲਾਨਾ ਸਭਾ ਵਿਚ ਘੋਸ਼ਣਾ ਕੀਤੀ ਗਈ ਕਿ ਪ੍ਰਬੰਧਕ ਸਭਾ ਨੇ ਅਮਰੀਕਾ ਦੀ ਬ੍ਰਾਂਚ ਵਿਚ ਹੁੰਦੇ ਛਪਾਈ ਦੇ ਕੰਮ ਨੂੰ ਵਾਲਕਿਲ ਵਿਚ ਤਬਦੀਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦੇ ਲਈ ਦੋ ਨਵੀਆਂ ਪ੍ਰੈੱਸਾਂ ਆਰਡਰ ਕੀਤੀਆਂ ਗਈਆਂ ਸਨ ਜੋ ਵਾਲਕਿਲ ਵਿਚ ਫਰਵਰੀ 2004 ਨੂੰ ਪਹੁੰਚਣੀਆਂ ਸਨ। ਹੁਣ ਭਰਾਵਾਂ ਲਈ ਜ਼ਰੂਰੀ ਸੀ ਕਿ ਉਹ 15 ਮਹੀਨਿਆਂ ਦੇ ਅੰਦਰ-ਅੰਦਰ ਪ੍ਰਿੰਟਰੀ ਨੂੰ ਇਨ੍ਹਾਂ ਨਵੀਆਂ ਮਸ਼ੀਨਾਂ ਦੇ ਹਿਸਾਬ ਨਾਲ ਵੱਡਾ ਕਰਨ। ਫਿਰ ਉਨ੍ਹਾਂ ਨੇ ਅਗਲੇ ਨੌਂ ਮਹੀਨਿਆਂ ਦੇ ਅੰਦਰ-ਅੰਦਰ ਨਵੀਆਂ ਬਾਈਂਡਿੰਗ ਮਸ਼ੀਨਾਂ ਲਾਉਣ ਤੇ ਸ਼ਿੰਪਿਗ ਡਿਪਾਰਟਮੈਂਟ ਨੂੰ ਸੈੱਟ ਕਰਨ ਦਾ ਕੰਮ ਵੀ ਪੂਰਾ ਕਰਨਾ ਸੀ। ਇਹ ਸਮਾਂ-ਸਾਰਣੀ ਸੁਣ ਕੇ ਕੁਝ ਭਰਾਵਾਂ ਦੇ ਮਨ ਵਿਚ ਆਇਆ ਹੋਣਾ ਕਿ ਇੰਨੇ ਕੁ ਸਮੇਂ ਵਿਚ ਇਹ ਸਾਰਾ ਕੰਮ ਪੂਰਾ ਹੋਣਾ ਨਾਮੁਮਕਿਨ ਸੀ। ਫਿਰ ਵੀ ਭਰਾਵਾਂ ਨੂੰ ਵਿਸ਼ਵਾਸ ਸੀ ਕਿ ਯਹੋਵਾਹ ਦੀ ਮਦਦ ਨਾਲ ਇਹ ਪੂਰਾ ਕੀਤਾ ਜਾ ਸਕਦਾ ਸੀ।

“ਸਾਰਿਆਂ ਨੇ ਮਿਲ-ਜੁਲ ਕੇ ਖ਼ੁਸ਼ੀ-ਖ਼ੁਸ਼ੀ ਕੰਮ ਕੀਤਾ”

ਭਰਾਵਾਂ ਨੂੰ ਪਤਾ ਸੀ ਕਿ ਯਹੋਵਾਹ ਦੇ ਲੋਕ ਇਸ ਕੰਮ ਵਿਚ ਹੱਥ ਵਟਾਉਣ ਲਈ ਆਪ ਖ਼ੁਸ਼ੀ ਨਾਲ ਅੱਗੇ ਆਉਣਗੇ, ਇਸ ਲਈ ਉਨ੍ਹਾਂ ਨੇ ਕੰਮ ਸ਼ੁਰੂ ਕਰ ਦਿੱਤਾ। (ਜ਼ਬੂਰਾਂ ਦੀ ਪੋਥੀ 110:3) ਇਸ ਵੱਡੇ ਕੰਮ ਲਈ ਬੈਥਲ ਉਸਾਰੀ ਵਿਭਾਗ ਵਿਚ ਇੰਨੇ ਭਰਾ ਨਹੀਂ ਸਨ। ਇਸ ਲਈ ਅਮਰੀਕਾ ਤੇ ਕੈਨੇਡਾ ਤੋਂ ਉਸਾਰੀ ਦੇ ਕੰਮ ਵਿਚ ਮਾਹਰ 1,000 ਤੋਂ ਜ਼ਿਆਦਾ ਭੈਣ-ਭਰਾ ਇਕ ਹਫ਼ਤੇ ਤੋਂ ਲੈ ਕੇ ਤਿੰਨ ਮਹੀਨਿਆਂ ਲਈ ਸੇਵਾ ਕਰਨ ਵਾਸਤੇ ਅੱਗੇ ਆਏ। ਇੰਟਰਨੈਸ਼ਨਲ ਸਰਵੈਂਟ ਅਤੇ ਵਲੰਟੀਅਰ ਪ੍ਰੋਗ੍ਰਾਮ ਅਧੀਨ ਸੇਵਾ ਕਰ ਰਹੇ ਭੈਣਾਂ-ਭਰਾਵਾਂ ਨੂੰ ਵੀ ਇਸ ਪ੍ਰਾਜੈਕਟ ਤੇ ਕੰਮ ਕਰਨ ਵਾਸਤੇ ਬੁਲਾਇਆ ਗਿਆ। ਪ੍ਰਾਦੇਸ਼ਕ ਨਿਰਮਾਣ ਸਮਿਤੀਆਂ ਨੇ ਵੀ ਇਸ ਕੰਮ ਵਿਚ ਬਹੁਤ ਯੋਗਦਾਨ ਪਾਇਆ।

ਕਈਆਂ ਨੂੰ ਵਾਲਕਿਲ ਪ੍ਰਾਜੈਕਟ ਵਾਸਤੇ ਆਉਣ ਲਈ ਕਾਫ਼ੀ ਕਿਰਾਇਆ ਖ਼ਰਚਣਾ ਪਿਆ ਤੇ ਕੰਮ ਤੋਂ ਛੁੱਟੀ ਲੈਣੀ ਪਈ। ਉਨ੍ਹਾਂ ਨੇ ਖ਼ੁਸ਼ੀ ਨਾਲ ਇਹ ਕੁਰਬਾਨੀਆਂ ਕੀਤੀਆਂ। ਇਨ੍ਹਾਂ ਸਵੈ-ਸੇਵਕਾਂ ਦੇ ਠਹਿਰਨ ਤੇ ਖਾਣ-ਪੀਣ ਦਾ ਪ੍ਰਬੰਧ ਕਰਨ ਕਰਕੇ ਬੈਥਲ ਪਰਿਵਾਰ ਨੂੰ ਵੀ ਇਸ ਪ੍ਰਾਜੈਕਟ ਦਾ ਵਧ-ਚੜ੍ਹ ਕੇ ਸਮਰਥਨ ਕਰਨ ਦੇ ਮੌਕੇ ਮਿਲੇ। ਬਰੁਕਲਿਨ, ਪੈਟਰਸਨ ਤੇ ਵਾਲਕਿਲ ਦੇ 535 ਤੋਂ ਜ਼ਿਆਦਾ ਬੈਥਲ ਮੈਂਬਰ ਆਪਣੇ ਰੋਜ਼ਾਨਾ ਦੇ ਕੰਮ ਤੋਂ ਇਲਾਵਾ ਸ਼ਨੀਵਾਰਾਂ ਨੂੰ ਉਸਾਰੀ ਦੇ ਪ੍ਰਾਜੈਕਟ ਉੱਤੇ ਕੰਮ ਕਰਨ ਲਈ ਖ਼ੁਦ ਅੱਗੇ ਆਏ। ਇਸ ਮਹੱਤਵਪੂਰਣ ਕੰਮ ਵਿਚ ਪਰਮੇਸ਼ੁਰ ਦੇ ਲੋਕ ਇਸ ਲਈ ਵਧ-ਚੜ੍ਹ ਕੇ ਹਿੱਸਾ ਪਾ ਸਕੇ ਕਿਉਂਕਿ ਇਸ ਕੰਮ ਉੱਤੇ ਪਰਮੇਸ਼ੁਰ ਦੀ ਮਿਹਰ ਸੀ।

ਹੋਰਨਾਂ ਨੇ ਪੈਸੇ ਦਾਨ ਦੇ ਕੇ ਯੋਗਦਾਨ ਪਾਇਆ। ਮਿਸਾਲ ਲਈ, ਭਰਾਵਾਂ ਨੂੰ ਇਕ ਚਿੱਠੀ ਮਿਲੀ ਜੋ ਨੌਂ ਸਾਲ ਦੀ ਐਬੀ ਨੇ ਲਿਖੀ ਸੀ। ਉਸ ਨੇ ਲਿਖਿਆ: “ਵਧੀਆ-ਵਧੀਆ ਕਿਤਾਬਾਂ ਛਾਪਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਮੈਂ ਛੇਤੀ ਹੀ ਤੁਹਾਨੂੰ ਮਿਲਣ ਆਵਾਂਗੀ। ਡੈਡੀ ਨੇ ਕਿਹਾ ਅਗਲੇ ਸਾਲ ਚੱਲਾਂਗੇ! ਮੈਂ ਬੈਜ ਲਾ ਕੇ ਆਉਂਗੀ ਤਾਂਕਿ ਤੁਸੀਂ ਮੈਨੂੰ ਪਛਾਣ ਲਵੋ। ਨਵੀਂ ਪ੍ਰਿੰਟਿੰਗ ਪ੍ਰੈੱਸ ਵਾਸਤੇ ਮੈਂ 20 ਡਾਲਰ (900 ਰੁਪਏ) ਭੇਜ ਰਹੀ ਹਾਂ! ਇਹ ਮੇਰਾ ਜੇਬ ਖ਼ਰਚ ਹੈ, ਪਰ ਮੈਂ ਇਹ ਤੁਹਾਨੂੰ ਦੇਣਾ ਚਾਹੁੰਦੀ ਹਾਂ।”

ਇਕ ਹੋਰ ਭੈਣ ਨੇ ਲਿਖਿਆ: “ਕਿਰਪਾ ਕਰ ਕੇ ਮੇਰਾ ਇਹ ਤੋਹਫ਼ਾ ਕਬੂਲ ਕਰੋ। ਇਹ ਟੋਪੀਆਂ ਮੈਂ ਆਪ ਆਪਣੇ ਿਨੱਕੇ-ਿਨੱਕੇ ਹੱਥਾਂ ਨਾਲ ਬੁਣੀਆਂ ਹਨ। ਮੈਂ ਇਹ ਉਨ੍ਹਾਂ ਭੈਣ-ਭਰਾਵਾਂ ਨੂੰ ਦੇਣੀਆਂ ਚਾਹੁੰਦੀ ਹਾਂ ਜੋ ਵਾਲਕਿਲ ਪ੍ਰਾਜੈਕਟ ਉੱਤੇ ਕੰਮ ਕਰ ਰਹੇ ਹਨ। ਕਿਹਾ ਗਿਆ ਹੈ ਕਿ ਇਸ ਵਾਰ ਬਹੁਤ ਠੰਢ ਪਵੇਗੀ। ਇਹ ਅੰਦਾਜ਼ਾ ਸਹੀ ਹੈ ਜਾਂ ਨਹੀਂ, ਇਹ ਮੈਨੂੰ ਨਹੀਂ ਪਤਾ। ਪਰ ਮੈਨੂੰ ਇਹ ਜ਼ਰੂਰ ਪਤਾ ਹੈ ਕਿ ਵਾਲਕਿਲ ਵਿਚ ਜ਼ਿਆਦਾਤਰ ਕੰਮ ਬਾਹਰ ਕੀਤਾ ਜਾਵੇਗਾ ਤੇ ਮੈਂ ਚਾਹੁੰਦੀ ਹਾਂ ਕਿ ਮੇਰੇ ਭੈਣਾਂ-ਭਰਾਵਾਂ ਦੇ ਸਿਰ ਨਿੱਘੇ

ਰਹਿਣ। ਮੇਰੇ ਵਿਚ ਉਸਾਰੀ ਸੰਬੰਧੀ ਕੋਈ ਹੁਨਰ ਨਹੀਂ, ਪਰ ਮੈਂ ਕਰੋਸ਼ੀਆ ਕਰ ਸਕਦੀ ਹਾਂ, ਇਸ ਲਈ ਮੈਂ ਟੋਪੀਆਂ ਬੁਣ ਕੇ ਯੋਗਦਾਨ ਪਾਉਣ ਦਾ ਫ਼ੈਸਲਾ ਕੀਤਾ।” ਇਸ ਚਿੱਠੀ ਨਾਲ 106 ਟੋਪੀਆਂ ਸਨ!

ਪ੍ਰਿੰਟਰੀ ਦੀ ਉਸਾਰੀ ਸਮਾਂ-ਸਾਰਣੀ ਮੁਤਾਬਕ ਪੂਰੀ ਹੋ ਗਈ। ਪ੍ਰਿੰਟਰੀ ਦੇ ਨਿਗਾਹਬਾਨ ਜੌਨ ਲਾਰਸਨ ਨੇ ਕਿਹਾ: “ਸਾਰਿਆਂ ਨੇ ਮਿਲ-ਜੁਲ ਕੇ ਖ਼ੁਸ਼ੀ-ਖ਼ੁਸ਼ੀ ਕੰਮ ਕੀਤਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਕੰਮ ਉੱਤੇ ਯਹੋਵਾਹ ਦੀ ਮਿਹਰ ਸੀ। ਪ੍ਰਾਜੈਕਟ ਝੱਟ ਪੂਰਾ ਹੋ ਗਿਆ। ਮੈਨੂੰ ਯਾਦ ਹੈ ਕਿ ਮਈ 2003 ਵਿਚ ਮੈਂ ਇੱਥੇ ਖੜ੍ਹਾ ਭਰਾਵਾਂ ਨੂੰ ਨੀਂਹ ਪਾਉਂਦੇ ਦੇਖ ਰਿਹਾ ਸੀ। ਇਕ ਸਾਲ ਵੀ ਨਹੀਂ ਹੋਇਆ ਕਿ ਮੈਂ ਉਸੇ ਥਾਂ ਤੇ ਖੜ੍ਹਾ ਹੋ ਕੇ ਹੁਣ ਪ੍ਰਿੰਟਿੰਗ ਪ੍ਰੈੱਸ ਨੂੰ ਚੱਲਦਿਆਂ ਦੇਖ ਰਿਹਾ ਹਾਂ।”

ਉਦਘਾਟਨ ਪ੍ਰੋਗ੍ਰਾਮ

ਨਵੀਂ ਪ੍ਰਿੰਟਰੀ ਅਤੇ ਰਹਿਣ ਲਈ ਬਣਾਈਆਂ ਤਿੰਨ ਨਵੀਆਂ ਇਮਾਰਤਾਂ ਦਾ ਉਦਘਾਟਨ ਸੋਮਵਾਰ, 16 ਮਈ 2005 ਨੂੰ ਵਾਲਕਿਲ ਵਿਚ ਹੋਇਆ। ਪੈਟਰਸਨ ਅਤੇ ਬਰੁਕਲਿਨ ਤੇ ਕੈਨੇਡਾ ਦੇ ਬੈਥਲ ਘਰਾਂ ਵਿਚ ਟੈਲੀਵਿਯਨ ਰਾਹੀਂ ਪ੍ਰੋਗ੍ਰਾਮ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ ਸੀ। ਇਸ ਪ੍ਰੋਗ੍ਰਾਮ ਦਾ 6,049 ਜਣਿਆਂ ਨੇ ਆਨੰਦ ਮਾਣਿਆ। ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਮੈਂਬਰ ਥੀਓਡੋਰ ਜੈਰਸ ਪ੍ਰੋਗ੍ਰਾਮ ਦੇ ਸਭਾਪਤੀ ਸਨ ਤੇ ਉਨ੍ਹਾਂ ਨੇ ਛਪਾਈ ਦੇ ਕੰਮ ਦਾ ਸੰਖੇਪ ਵਿਚ ਇਤਿਹਾਸ ਦੱਸਿਆ। ਇੰਟਰਵਿਊਆਂ ਅਤੇ ਵਿਡਿਓ ਸ਼ੋਅ ਦੇ ਜ਼ਰੀਏ ਬ੍ਰਾਂਚ ਕਮੇਟੀ ਦੇ ਮੈਂਬਰਾਂ ਜੌਨ ਲਾਰਸਨ ਤੇ ਜੌਨ ਕਿਕੋਟ ਨੇ ਅਮਰੀਕਾ ਵਿਚ ਉਸਾਰੀ ਪ੍ਰਾਜੈਕਟ ਤੇ ਛਪਾਈ ਦੇ ਕੰਮ ਦੇ ਇਤਿਹਾਸ ਉੱਤੇ ਚਾਨਣਾ ਪਾਇਆ। ਪ੍ਰਬੰਧਕ ਸਭਾ ਦੇ ਮੈਂਬਰ ਜੌਨ ਬਾਰ ਨੇ ਆਖ਼ਰੀ ਭਾਸ਼ਣ ਦਿੱਤਾ ਅਤੇ ਨਵੀਂ ਪ੍ਰਿੰਟਰੀ ਤੇ ਨਵੀਆਂ ਰਿਹਾਇਸ਼ੀ ਇਮਾਰਤਾਂ ਨੂੰ ਯਹੋਵਾਹ ਪਰਮੇਸ਼ੁਰ ਦੀ ਸੇਵਾ ਲਈ ਸਮਰਪਿਤ ਕੀਤਾ।

ਉਸ ਤੋਂ ਬਾਅਦ ਦੇ ਹਫ਼ਤੇ ਦੌਰਾਨ ਪੈਟਰਸਨ ਅਤੇ ਬਰੁਕਲਿਨ ਬੈਥਲ ਦੇ ਮੈਂਬਰਾਂ ਨੂੰ ਨਵੀਂ ਪ੍ਰਿੰਟਰੀ ਤੇ ਤਿੰਨ ਰਿਹਾਇਸ਼ੀ ਇਮਾਰਤਾਂ ਦੇਖਣ ਦਾ ਮੌਕਾ ਦਿੱਤਾ ਗਿਆ। ਉਸ ਹਫ਼ਤੇ 5,920 ਜਣੇ ਇਹ ਸਭ ਕੁਝ ਦੇਖਣ ਆਏ।

ਪ੍ਰਿੰਟਰੀ ਬਾਰੇ ਸਾਡਾ ਕੀ ਨਜ਼ਰੀਆ ਹੈ?

ਸਮਰਪਣ ਦੇ ਭਾਸ਼ਣ ਵਿਚ ਭਰਾ ਬਾਰ ਨੇ ਸਰੋਤਿਆਂ ਨੂੰ ਯਾਦ ਕਰਾਇਆ ਕਿ ਮਸ਼ੀਨਾਂ ਦੇ ਕਾਰਨ ਪ੍ਰਿੰਟਰੀ ਮਹੱਤਵਪੂਰਣ ਨਹੀਂ ਹੈ। ਇਹ ਲੋਕਾਂ ਦੇ ਕਾਰਨ ਮਹੱਤਵਪੂਰਣ ਹੈ। ਜੋ ਸਾਹਿੱਤ ਅਸੀਂ ਛਾਪਦੇ ਹਾਂ, ਉਸ ਦਾ ਲੋਕਾਂ ਦੀਆਂ ਜ਼ਿੰਦਗੀਆਂ ਉੱਤੇ ਗਹਿਰਾ ਅਸਰ ਪੈਂਦਾ ਹੈ।

ਸਿਰਫ਼ ਇਕ ਘੰਟੇ ਵਿਚ ਇਕ ਨਵੀਂ ਪ੍ਰੈੱਸ ਦਸ ਲੱਖ ਟ੍ਰੈਕਟ ਛਾਪ ਸਕਦੀ ਹੈ! ਪਰ ਇਕ ਵਿਅਕਤੀ ਦੀ ਜ਼ਿੰਦਗੀ ਦੀ ਕਾਇਆ ਪਲਟਣ ਲਈ ਸਿਰਫ਼ ਇਕ ਟ੍ਰੈਕਟ ਹੀ ਕਾਫ਼ੀ ਹੈ। ਮਿਸਾਲ ਲਈ, 1921 ਵਿਚ ਦੱਖਣੀ ਅਫ਼ਰੀਕਾ ਵਿਚ ਕਈ ਮਜ਼ਦੂਰ ਰੇਲਵੇ ਲਾਈਨਾਂ ਦੀ ਮੁਰੰਮਤ ਕਰ ਰਹੇ ਸਨ। ਉਨ੍ਹਾਂ ਵਿੱਚੋਂ ਕ੍ਰਿਸਟੀਆਨ ਨਾਂ ਦੇ ਬੰਦੇ ਨੇ ਲਾਈਨ ਹੇਠਾਂ ਕਾਗਜ਼ ਦਾ ਟੁਕੜਾ ਫਸਿਆ ਦੇਖਿਆ। ਇਹ ਸਾਡਾ ਹੀ ਇਕ ਟ੍ਰੈਕਟ ਸੀ। ਕ੍ਰਿਸਟੀਆਨ ਨੇ ਇਸ ਨੂੰ ਬੜੀ ਦਿਲਚਸਪੀ ਨਾਲ ਪੜ੍ਹਿਆ। ਉਹ ਆਪਣੇ ਜਵਾਈ ਕੋਲ ਭੱਜਾ ਗਿਆ ਤੇ ਖ਼ੁਸ਼ੀ ਦੇ ਮਾਰੇ ਕਿਹਾ: “ਅੱਜ ਮੈਨੂੰ ਸੱਚਾਈ ਮਿਲ ਗਈ ਹੈ!” ਉਸ ਤੋਂ ਕੁਝ ਚਿਰ ਬਾਅਦ ਉਨ੍ਹਾਂ ਨੇ ਹੋਰ ਜਾਣਕਾਰੀ ਲਈ ਲਿਖਿਆ। ਦੱਖਣੀ ਅਫ਼ਰੀਕਾ ਬ੍ਰਾਂਚ ਨੇ ਉਨ੍ਹਾਂ ਨੂੰ ਹੋਰ ਬਾਈਬਲ ਸਾਹਿੱਤ ਭੇਜਿਆ। ਇਨ੍ਹਾਂ ਦੋਹਾਂ ਆਦਮੀਆਂ ਨੇ ਬਾਈਬਲ ਦਾ ਅਧਿਐਨ ਕੀਤਾ, ਬਪਤਿਸਮਾ ਲਿਆ ਤੇ ਬਾਈਬਲ ਦੀ ਸੱਚਾਈ ਹੋਰਨਾਂ ਨਾਲ ਸਾਂਝੀ ਕੀਤੀ। ਨਤੀਜੇ ਵਜੋਂ ਕਈ ਲੋਕ ਸੱਚਾਈ ਵਿਚ ਆ ਗਏ, ਇੱਥੋਂ ਤਕ ਕਿ 1990 ਦੇ ਦਹਾਕੇ ਦੇ ਸ਼ੁਰੂ ਵਿਚ ਉਨ੍ਹਾਂ ਦੇ ਖ਼ਾਨਦਾਨ ਵਿੱਚੋਂ 100 ਤੋਂ ਵੱਧ ਲੋਕ ਯਹੋਵਾਹ ਦੇ ਗਵਾਹਾਂ ਵਜੋਂ ਜੋਸ਼ ਨਾਲ ਸੇਵਾ ਕਰ ਰਹੇ ਸਨ। ਇਹ ਇਕ ਆਦਮੀ ਨੂੰ ਲਾਈਨਾਂ ਵਿੱਚੋਂ ਲੱਭੇ ਇਕ ਟ੍ਰੈਕਟ ਦੀ ਬਦੌਲਤ ਹੀ ਹੋਇਆ!

ਭਰਾ ਬਾਰ ਨੇ ਕਿਹਾ ਕਿ ਜੋ ਸਾਹਿੱਤ ਅਸੀਂ ਛਾਪਦੇ ਹਾਂ, ਉਹ ਲੋਕਾਂ ਨੂੰ ਸੱਚਾਈ ਵਿਚ ਲਿਆਉਂਦਾ ਹੈ, ਸੱਚਾਈ ਵਿਚ ਬਣੇ ਰਹਿਣ ਵਿਚ ਮਦਦ ਕਰਦਾ ਹੈ, ਜੋਸ਼ ਨਾਲ ਪਰਮੇਸ਼ੁਰ ਦੀ ਸੇਵਾ ਕਰਨ ਲਈ ਪ੍ਰੇਰਦਾ ਤੇ ਭਰਾਵਾਂ ਨੂੰ ਇਕ ਕਰਦਾ ਹੈ। ਇਸ ਸਾਰੇ ਸਾਹਿੱਤ ਨਾਲ ਸਾਡੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਹੁੰਦੀ ਹੈ ਜਿਸ ਸਾਹਿੱਤ ਨੂੰ ਵੰਡਣ ਵਿਚ ਅਸੀਂ ਸਾਰੇ ਹੀ ਹਿੱਸਾ ਲੈਂਦੇ ਹਾਂ।

ਯਹੋਵਾਹ ਪ੍ਰਿੰਟਰੀ ਨੂੰ ਕਿਸ ਨਜ਼ਰ ਨਾਲ ਦੇਖਦਾ ਹੈ?

ਭਰਾ ਬਾਰ ਨੇ ਸਰੋਤਿਆਂ ਨੂੰ ਪ੍ਰਿੰਟਰੀ ਪ੍ਰਤੀ ਯਹੋਵਾਹ ਦੇ ਨਜ਼ਰੀਏ ਬਾਰੇ ਸੋਚਣ ਲਈ ਵੀ ਆਖਿਆ। ਯਹੋਵਾਹ ਨੂੰ ਇਸ ਉੱਤੇ ਨਿਰਭਰ ਰਹਿਣ ਦੀ ਲੋੜ ਨਹੀਂ ਹੈ। ਉਹ ਚਾਹੇ ਤਾਂ ਪੱਥਰਾਂ ਤੋਂ ਵੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਵਾ ਸਕਦਾ ਹੈ! (ਲੂਕਾ 19:40) ਇਸ ਤੋਂ ਇਲਾਵਾ, ਉਹ ਮਸ਼ੀਨਰੀ ਦੀ ਜਟਿਲਤਾ, ਆਕਾਰ, ਰਫ਼ਤਾਰ ਜਾਂ ਇਸ ਦੀ ਯੋਗਤਾ ਤੋਂ ਪ੍ਰਭਾਵਿਤ ਨਹੀਂ ਹੁੰਦਾ। ਉਹ ਤਾਂ ਸਾਰੇ ਬ੍ਰਹਿਮੰਡ ਦਾ ਸਿਰਜਣਹਾਰ ਹੈ! (ਜ਼ਬੂਰਾਂ ਦੀ ਪੋਥੀ 147:10, 11) ਸਾਹਿੱਤ ਤਿਆਰ ਕਰਨ ਲਈ ਯਹੋਵਾਹ ਇਸ ਤੋਂ ਵੀ ਵਧੀਆ ਢੰਗ ਜਾਣਦਾ ਹੈ ਜਿਨ੍ਹਾਂ ਦੀ ਅਜੇ ਤਕ ਕੋਈ ਖੋਜ ਨਹੀਂ ਕੱਢ ਸਕਿਆ ਤੇ ਨਾ ਹੀ ਇਨਸਾਨ ਉਨ੍ਹਾਂ ਢੰਗਾਂ ਦੀ ਕਲਪਨਾ ਕਰ ਸਕਦਾ ਹੈ। ਤਾਂ ਫਿਰ ਯਹੋਵਾਹ ਇੱਦਾਂ ਦੀ ਕਿਹੜੀ ਚੀਜ਼ ਦੇਖਦਾ ਹੈ ਜਿਸ ਦੀ ਉਹ ਕਦਰ ਕਰਦਾ ਹੈ? ਉਹ ਇਸ ਪ੍ਰਿੰਟਰੀ ਵਿਚ ਆਪਣੇ ਲੋਕਾਂ ਦੇ ਉੱਤਮ ਗੁਣਾਂ ਨੂੰ ਦੇਖਦਾ ਹੈ—ਉਨ੍ਹਾਂ ਦਾ ਪਿਆਰ, ਨਿਹਚਾ ਅਤੇ ਆਗਿਆਕਾਰੀ।

ਭਰਾ ਬਾਰ ਨੇ ਪਿਆਰ ਦੀ ਇਕ ਮਿਸਾਲ ਦਿੱਤੀ। ਇਕ ਕੁੜੀ ਆਪਣੇ ਮਾਪਿਆਂ ਲਈ ਕੇਕ ਬਣਾਉਂਦੀ ਹੈ। ਉਸ ਦੇ ਮਾਪੇ ਇਸ ਤੋਂ ਜ਼ਰੂਰ ਖ਼ੁਸ਼ ਹੋਣਗੇ। ਕੇਕ ਭਾਵੇਂ ਜਿੱਦਾਂ ਦਾ ਮਰਜ਼ੀ ਬਣੇ, ਪਰ ਮਾਪਿਆਂ ਦੇ ਦਿਲ ਨੂੰ ਜਿਹੜੀ ਗੱਲ ਛੋਂਹਦੀ ਹੈ, ਉਹ ਹੈ ਉਨ੍ਹਾਂ ਲਈ ਉਨ੍ਹਾਂ ਦੀ ਧੀ ਦਾ ਪਿਆਰ ਜੋ ਉਸ ਨੇ ਕੇਕ ਬਣਾ ਕੇ ਜ਼ਾਹਰ ਕੀਤਾ। ਇਸੇ ਤਰ੍ਹਾਂ, ਜਦੋਂ ਯਹੋਵਾਹ ਇਸ ਨਵੀਂ ਪ੍ਰਿੰਟਰੀ ਨੂੰ ਦੇਖਦਾ ਹੈ, ਤਾਂ ਉਹ ਇਸ ਇਮਾਰਤ ਤੇ ਮਸ਼ੀਨਰੀ ਨਾਲੋਂ ਵੱਧ ਕੇ ਕੁਝ ਦੇਖਦਾ ਹੈ। ਉਸ ਦੀ ਨਜ਼ਰ ਵਿਚ ਇਹ ਉਸ ਦੇ ਨਾਂ ਲਈ ਸਾਡੇ ਪਿਆਰ ਦਾ ਪ੍ਰਗਟਾਵਾ ਹੈ।—ਇਬਰਾਨੀਆਂ 6:10.

ਇਸ ਤੋਂ ਇਲਾਵਾ, ਜਿਵੇਂ ਯਹੋਵਾਹ ਨੇ ਨੂਹ ਦੁਆਰਾ ਬਣਾਈ ਕਿਸ਼ਤੀ ਨੂੰ ਨੂਹ ਦੀ ਨਿਹਚਾ ਦਾ ਪ੍ਰਗਟਾਵਾ ਸਮਝਿਆ ਸੀ, ਉਸੇ ਤਰ੍ਹਾਂ ਉਹ ਇਸ ਪ੍ਰਿੰਟਰੀ ਨੂੰ ਸਾਡੀ ਨਿਹਚਾ ਦਾ ਪੱਕਾ ਸਬੂਤ ਸਮਝਦਾ ਹੈ। ਕਿਸ ਗੱਲ ਵਿਚ ਨਿਹਚਾ? ਨੂਹ ਨੂੰ ਪੱਕੀ ਨਿਹਚਾ ਸੀ ਕਿ ਯਹੋਵਾਹ ਨੇ ਜੋ ਕੁਝ ਕਿਹਾ ਉਹ ਜ਼ਰੂਰ ਪੂਰਾ ਹੋਵੇਗਾ। ਅਸੀਂ ਵੀ ਨਿਹਚਾ ਕਰਦੇ ਹਾਂ ਕਿ ਅਸੀਂ ਅੰਤ ਦੇ ਦਿਨਾਂ ਵਿਚ ਰਹਿ ਰਹੇ ਹਾਂ, ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਨਾਲੋਂ ਮਹੱਤਵਪੂਰਣ ਸੰਦੇਸ਼ ਹੋਰ ਕੋਈ ਨਹੀਂ ਅਤੇ ਲੋਕਾਂ ਲਈ ਇਹ ਸੰਦੇਸ਼ ਸੁਣਨਾ ਬਹੁਤ ਜ਼ਰੂਰੀ ਹੈ। ਅਸੀਂ ਜਾਣਦੇ ਹਾਂ ਕਿ ਬਾਈਬਲ ਦਾ ਸੰਦੇਸ਼ ਲੋਕਾਂ ਦੀਆਂ ਜ਼ਿੰਦਗੀਆਂ ਬਚਾ ਸਕਦਾ ਹੈ।—ਰੋਮੀਆਂ 10:13, 14.

ਯਹੋਵਾਹ ਇਸ ਪ੍ਰਿੰਟਰੀ ਵਿਚ ਸਾਡੀ ਆਗਿਆਕਾਰੀ ਦਾ ਸਬੂਤ ਵੀ ਦੇਖਦਾ ਹੈ। ਅਸੀਂ ਜਾਣਦੇ ਹਾਂ ਕਿ ਇਹ ਉਸ ਦੀ ਇੱਛਾ ਹੈ ਕਿ ਅੰਤ ਆਉਣ ਤੋਂ ਪਹਿਲਾਂ ਦੁਨੀਆਂ ਭਰ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇ। (ਮੱਤੀ 24:14) ਦੁਨੀਆਂ ਦੇ ਹੋਰਨਾਂ ਹਿੱਸਿਆਂ ਦੀ ਪ੍ਰਿੰਟਰੀ ਵਾਂਗ ਇਹ ਪ੍ਰਿੰਟਰੀ ਵੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਆਪਣੀ ਭੂਮਿਕਾ ਨਿਭਾਏਗੀ।

ਜੀ ਹਾਂ, ਜਿਵੇਂ ਯਹੋਵਾਹ ਦੇ ਲੋਕਾਂ ਨੇ ਪ੍ਰਿੰਟਰੀ ਲਈ ਦਾਨ ਦੇ ਕੇ, ਇਸ ਦੀ ਉਸਾਰੀ ਵਿਚ ਸਹਿਯੋਗ ਦੇ ਕੇ ਅਤੇ ਪ੍ਰਿੰਟਿੰਗ ਦਾ ਕੰਮ ਕਰ ਕੇ ਆਪਣੇ ਪਿਆਰ, ਨਿਹਚਾ ਅਤੇ ਆਗਿਆਕਾਰੀ ਦਾ ਸਬੂਤ ਦਿੱਤਾ ਹੈ, ਉਵੇਂ ਹੀ ਉਹ ਦੁਨੀਆਂ ਭਰ ਵਿਚ ਜੋਸ਼ ਨਾਲ ਸਾਰਿਆਂ ਨੂੰ ਸੱਚਾਈ ਦਾ ਪ੍ਰਚਾਰ ਕਰ ਕੇ ਪਿਆਰ, ਨਿਹਚਾ ਅਤੇ ਆਗਿਆਕਾਰੀ ਦਾ ਸਬੂਤ ਦੇ ਰਹੇ ਹਨ।

[ਡੱਬੀ/ਸਫ਼ੇ 11 ਉੱਤੇ ਤਸਵੀਰ]

ਅਮਰੀਕਾ ਵਿਚ ਛਪਾਈ ਦੇ ਕੰਮ ਵਿਚ ਵਾਧਾ

1920: 35 ਮਰਟਲ ਐਵਨਿਊ, ਬਰੁਕਲਿਨ। ਪਹਿਲੀ ਰੋਟਰੀ ਪ੍ਰੈੱਸ ਤੇ ਰਸਾਲੇ ਛਾਪੇ ਜਾਣ ਲੱਗੇ।

1922: ਪ੍ਰਿੰਟਰੀ 18 ਕੌਂਕੋਰਡ ਸਟ੍ਰੀਟ ਉੱਤੇ ਸਥਿਤ ਛੇ-ਮੰਜ਼ਲੀ ਇਮਾਰਤ ਵਿਚ ਤਬਦੀਲ ਕਰ ਦਿੱਤੀ ਗਈ ਜਿੱਥੇ ਕਿਤਾਬਾਂ ਛਾਪੀਆਂ ਜਾਣ ਲੱਗੀਆਂ।

1927: ਪ੍ਰਿੰਟਰੀ 117 ਐਡਮਜ਼ ਸਟ੍ਰੀਟ ਤੇ ਬਣਾਈ ਨਵੀਂ ਇਮਾਰਤ ਵਿਚ ਤਬਦੀਲ ਕਰ ਦਿੱਤੀ ਗਈ।

1949: ਨੌਂ ਮੰਜ਼ਲਾਂ ਹੋਰ ਜੋੜਨ ਨਾਲ ਪ੍ਰਿੰਟਰੀ ਦਾ ਆਕਾਰ ਦੁਗੁਣਾ ਹੋ ਗਿਆ।

1956: 77 ਸੈਂਡਸ ਸਟ੍ਰੀਟ ਤੇ ਨਵੀਂ ਇਮਾਰਤ ਉਸਾਰਨ ਨਾਲ ਐਡਮਜ਼ ਸਟ੍ਰੀਟ ਪ੍ਰਿੰਟਰੀ ਦਾ ਆਕਾਰ ਦੂਸਰੀ ਵਾਰ ਦੁਗੁਣਾ ਕਰ ਦਿੱਤਾ ਗਿਆ।

1967: ਦਸ-ਮੰਜ਼ਲੀ ਇਮਾਰਤ ਉਸਾਰੀ ਗਈ। ਪ੍ਰਿੰਟਰੀ ਦੀਆਂ ਸਾਰੀਆਂ ਇਮਾਰਤਾਂ ਨੂੰ ਇਕ-ਦੂਜੇ ਨਾਲ ਜੋੜਨ ਕਰਕੇ ਪ੍ਰਿੰਟਰੀ ਪਹਿਲਾਂ ਨਾਲੋਂ ਦਸ ਗੁਣਾ ਵੱਡੀ ਹੋ ਗਈ।

1973: ਰਸਾਲੇ ਛਾਪਣ ਲਈ ਵਾਲਕਿਲ ਵਿਚ ਇਕ ਪ੍ਰਿੰਟਰੀ ਬਣਾਈ ਗਈ।

2004: ਸਾਰੀ ਪ੍ਰਿੰਟਿੰਗ, ਬਾਈਂਡਿੰਗ ਤੇ ਸ਼ਿਪਿੰਗ ਦਾ ਕੰਮ ਵਾਲਕਿਲ ਵਿਚ ਹੋਣ ਲੱਗ ਪਿਆ।