Skip to content

Skip to table of contents

ਇਤਾਲਵੀ ਭਾਸ਼ਾ ਵਿਚ ਬਾਈਬਲ ਦਾ ਔਖਾ ਸਫ਼ਰ

ਇਤਾਲਵੀ ਭਾਸ਼ਾ ਵਿਚ ਬਾਈਬਲ ਦਾ ਔਖਾ ਸਫ਼ਰ

ਇਤਾਲਵੀ ਭਾਸ਼ਾ ਵਿਚ ਬਾਈਬਲ ਦਾ ਔਖਾ ਸਫ਼ਰ

“ਸਾਡੇ ਦੇਸ਼ [ਇਟਲੀ] ਵਿਚ ਬਾਈਬਲ ਸਭ ਤੋਂ ਜ਼ਿਆਦਾ ਵਿਕਣ ਵਾਲੀਆਂ ਕਿਤਾਬਾਂ ਵਿੱਚੋਂ ਹੈ, ਪਰ ਅਫ਼ਸੋਸ ਇਹ ਸ਼ਾਇਦ ਸਭ ਤੋਂ ਘੱਟ ਪੜ੍ਹੀ ਜਾਂਦੀ ਕਿਤਾਬ ਹੈ। ਕੈਥੋਲਿਕ ਲੋਕਾਂ ਨੂੰ ਬਾਈਬਲ ਬਾਰੇ ਜਾਣਨ ਜਾਂ ਇਸ ਨੂੰ ਪਰਮੇਸ਼ੁਰ ਦਾ ਬਚਨ ਮੰਨ ਕੇ ਪੜ੍ਹਨ ਦੀ ਬਹੁਤ ਘੱਟ ਹੱਲਾਸ਼ੇਰੀ ਦਿੱਤੀ ਜਾਂਦੀ ਹੈ। ਕਈ ਲੋਕ ਬਾਈਬਲ ਦਾ ਗਿਆਨ ਲੈਣਾ ਤਾਂ ਚਾਹੁੰਦੇ ਹਨ, ਪਰ ਉਨ੍ਹਾਂ ਨੂੰ ਪਰਮੇਸ਼ੁਰ ਦੇ ਇਸ ਬਚਨ ਬਾਰੇ ਸਮਝਾਉਣ ਵਾਲਾ ਕੋਈ ਨਹੀਂ।”

ਇਹ ਗੱਲ 1995 ਵਿਚ ਇਤਾਲਵੀ ਬਿਸ਼ਪਾਂ ਦੀ ਇਕ ਕਾਨਫ਼ਰੰਸ ਵਿਚ ਕਹੀ ਗਈ ਸੀ। ਇਸ ਨਾਲ ਕਈ ਸਵਾਲ ਖੜ੍ਹੇ ਹੁੰਦੇ ਹਨ ਜਿਵੇਂ: ਬੀਤੀਆਂ ਸਦੀਆਂ ਵਿਚ ਇਟਲੀ ਵਿਚ ਕਿੰਨੇ ਕੁ ਲੋਕ ਬਾਈਬਲ ਪੜ੍ਹਦੇ ਸਨ? ਹੋਰਨਾਂ ਦੇਸ਼ਾਂ ਦੇ ਮੁਕਾਬਲੇ ਇਟਲੀ ਵਿਚ ਬਾਈਬਲ ਦੀ ਵਿੱਕਰੀ ਇੰਨੀ ਘੱਟ ਕਿਉਂ ਹੈ? ਇੱਥੇ ਦੇ ਲੋਕ ਹਾਲੇ ਵੀ ਬਾਈਬਲ ਕਿਉਂ ਨਹੀਂ ਪੜ੍ਹਦੇ? ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਲਈ ਸਾਨੂੰ ਇਤਾਲਵੀ ਭਾਸ਼ਾ ਵਿਚ ਬਾਈਬਲ ਦੇ ਅਨੁਵਾਦ ਦੇ ਇਤਿਹਾਸ ਬਾਰੇ ਜਾਣਨਾ ਪਵੇਗਾ।

ਫਰਾਂਸੀਸੀ, ਇਤਾਲਵੀ, ਪੁਰਤਗਾਲੀ ਤੇ ਸਪੇਨੀ ਭਾਸ਼ਾਵਾਂ ਲਾਤੀਨੀ ਭਾਸ਼ਾ ਤੋਂ ਆਈਆਂ ਹਨ। ਇਨ੍ਹਾਂ ਦੇ ਵਿਕਾਸ ਨੂੰ ਕਈ ਸਦੀਆਂ ਲੱਗ ਗਈਆਂ। ਲਾਤੀਨੀ ਭਾਸ਼ਾ ਬੋਲਣ ਵਾਲੇ ਕਈ ਯੂਰਪੀ ਦੇਸ਼ਾਂ ਵਿਚ ਆਮ ਲੋਕ ਹੌਲੀ-ਹੌਲੀ ਇਹ ਭਾਸ਼ਾਵਾਂ ਬੋਲਣ ਲੱਗ ਪਏ ਤੇ ਇਨ੍ਹਾਂ ਭਾਸ਼ਾਵਾਂ ਵਿਚ ਸਾਹਿੱਤ ਵੀ ਛਪਣਾ ਸ਼ੁਰੂ ਹੋ ਗਿਆ। ਇਨ੍ਹਾਂ ਬੋਲੀਆਂ ਦੇ ਵਿਕਾਸ ਨੇ ਬਾਈਬਲ ਅਨੁਵਾਦ ਦੇ ਕੰਮ ਉੱਤੇ ਸਿੱਧਾ ਅਸਰ ਪਾਇਆ। ਉਹ ਕਿਵੇਂ? ਸਮੇਂ ਦੇ ਬੀਤਣ ਨਾਲ ਲਾਤੀਨੀ ਭਾਸ਼ਾ (ਕੈਥੋਲਿਕ ਚਰਚ ਦੀ ਪਵਿੱਤਰ ਬੋਲੀ) ਅਤੇ ਇਨ੍ਹਾਂ ਭਾਸ਼ਾਵਾਂ ਤੇ ਇਨ੍ਹਾਂ ਦੀਆਂ ਉਪ-ਬੋਲੀਆਂ ਵਿਚ ਇੰਨਾ ਅੰਤਰ ਆ ਗਿਆ ਸੀ ਕਿ ਪੜ੍ਹੇ-ਲਿਖੇ ਲੋਕਾਂ ਤੋਂ ਸਿਵਾਇ ਹੋਰ ਕੋਈ ਵੀ ਲਾਤੀਨੀ ਭਾਸ਼ਾ ਨਹੀਂ ਸਮਝਦਾ ਸੀ।

ਸੰਨ 1000 ਈਸਵੀ ਵਿਚ ਇਟਲੀ ਦੇ ਜ਼ਿਆਦਾਤਰ ਵਾਸੀਆਂ ਕੋਲ ਜੇ ਲਾਤੀਨੀ ਭਾਸ਼ਾ ਵਿਚ ਵਲਗੇਟ ਬਾਈਬਲ ਹੁੰਦੀ ਵੀ ਸੀ, ਤਾਂ ਉਨ੍ਹਾਂ ਲਈ ਇਹ ਪੜ੍ਹਨੀ ਔਖੀ ਸੀ। ਸਦੀਆਂ ਤਕ ਵਿੱਦਿਆ-ਪ੍ਰਣਾਲੀ ਦੀ ਵਾਗਡੋਰ ਕੈਥੋਲਿਕ ਚਰਚ ਦੇ ਹੱਥਾਂ ਵਿਚ ਰਹੀ। ਉਨ੍ਹੀਂ ਦਿਨੀਂ ਜਿਹੜੀਆਂ ਇਕ-ਅੱਧ ਯੂਨੀਵਰਸਿਟੀਆਂ ਹੈ ਵੀ ਸਨ, ਉਨ੍ਹਾਂ ਤੇ ਵੀ ਚਰਚ ਦਾ ਹੀ ਰਾਜ ਸੀ। ਸਿਰਫ਼ ਗਿਣੇ-ਚੁਣੇ ਕੁਲੀਨ ਲੋਕ ਹੀ ਵਿੱਦਿਆ ਦੇ ਇਨ੍ਹਾਂ ਮੰਦਰਾਂ ਵਿਚ ਪੜ੍ਹ-ਲਿਖ ਸਕਦੇ ਸਨ। ਇਸ ਤਰ੍ਹਾਂ ਸਮੇਂ ਦੇ ਬੀਤਣ ਨਾਲ ਬਾਈਬਲ ਆਮ ਲੋਕਾਂ ਲਈ “ਅਣਜਾਣ ਕਿਤਾਬ” ਬਣ ਕੇ ਰਹਿ ਗਈ। ਫਿਰ ਵੀ ਕਈ ਅਜਿਹੇ ਲੋਕ ਸਨ ਜੋ ਪਰਮੇਸ਼ੁਰ ਦੇ ਬਚਨ ਨੂੰ ਆਪਣੀ ਭਾਸ਼ਾ ਵਿਚ ਪੜ੍ਹ ਕੇ ਸਮਝਣਾ ਚਾਹੁੰਦੇ ਸਨ।

ਪਾਦਰੀ ਖੁੱਲ੍ਹੇ-ਆਮ ਬਾਈਬਲ ਦਾ ਅਨੁਵਾਦ ਕਰਨ ਦੇ ਕੰਮ ਦਾ ਵਿਰੋਧ ਕਰਨ ਲੱਗ ਪਏ ਸਨ। ਉਨ੍ਹਾਂ ਨੂੰ ਡਰ ਸੀ ਕਿ ਆਮ ਲੋਕ ਆਪਣੀ ਭਾਸ਼ਾ ਵਿਚ ਬਾਈਬਲ ਪੜ੍ਹ ਕੇ ਚਰਚ ਦੇ ਵਿਰੁੱਧ ਬਗਾਵਤ ਕਰ ਦੇਣਗੇ। ਇਤਿਹਾਸਕਾਰ ਮੌਸੀਮੋ ਫਿਰਪੋ ਮੁਤਾਬਕ, ‘ਬਾਈਬਲ ਲਾਤੀਨੀ ਭਾਸ਼ਾ ਵਿਚ ਹੋਣ ਕਰਕੇ ਧਰਮ ਉੱਤੇ ਪਾਦਰੀਆਂ ਦਾ ਬਹੁਤ ਦਬਦਬਾ ਸੀ। ਪਰ ਲੋਕਾਂ ਦੀ ਆਮ ਭਾਸ਼ਾ ਵਿਚ ਬਾਈਬਲ ਦਾ ਅਨੁਵਾਦ ਕਰਨ ਨਾਲ ਉਨ੍ਹਾਂ ਦਾ ਇਹ ਦਬਦਬਾ ਘੱਟ ਜਾਣਾ ਸੀ।’ ਇਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਸਭਿਆਚਾਰਕ, ਧਾਰਮਿਕ ਅਤੇ ਸਮਾਜਕ ਕਾਰਨਾਂ ਕਰਕੇ ਅੱਜ ਵੀ ਇਟਲੀ ਵਿਚ ਜ਼ਿਆਦਾਤਰ ਲੋਕਾਂ ਨੂੰ ਬਾਈਬਲ ਦਾ ਗਿਆਨ ਨਹੀਂ ਹੈ।

ਬਾਈਬਲ ਦੇ ਕੁਝ ਮੁਢਲੇ ਅਨੁਵਾਦ

ਤੇਰ੍ਹਵੀਂ ਸਦੀ ਵਿਚ ਲਾਤੀਨੀ ਬਾਈਬਲ ਦੀਆਂ ਕੁਝ ਪੋਥੀਆਂ ਦਾ ਇਤਾਲਵੀ ਭਾਸ਼ਾ ਵਿਚ ਅਨੁਵਾਦ ਕੀਤਾ ਗਿਆ। ਇਹ ਅਨੁਵਾਦ ਹੱਥ ਨਾਲ ਲਿਖ ਕੇ ਤਿਆਰ ਕੀਤੇ ਗਏ ਸਨ ਜਿਸ ਕਰਕੇ ਇਹ ਕਾਫ਼ੀ ਮਹਿੰਗੇ ਸਨ। ਫਿਰ 14ਵੀਂ ਸਦੀ ਵਿਚ ਬਾਈਬਲ ਦੀਆਂ ਹੋਰ ਪੋਥੀਆਂ ਦਾ ਵੀ ਅਨੁਵਾਦ ਕੀਤਾ ਗਿਆ। ਇਸ ਤਰ੍ਹਾਂ ਲਗਭਗ ਪੂਰੀ ਬਾਈਬਲ ਇਤਾਲਵੀ ਵਿਚ ਉਪਲਬਧ ਹੋ ਗਈ, ਭਾਵੇਂ ਵੱਖ-ਵੱਖ ਲੋਕਾਂ ਨੇ ਵੱਖੋ-ਵੱਖਰੀਆਂ ਥਾਵਾਂ ਅਤੇ ਸਮਿਆਂ ਤੇ ਇਸ ਦਾ ਅਨੁਵਾਦ ਕੀਤਾ ਸੀ। ਇਨ੍ਹਾਂ ਅਗਿਆਤ ਅਨੁਵਾਦਕਾਂ ਦੇ ਜ਼ਿਆਦਾਤਰ ਅਨੁਵਾਦਾਂ ਨੂੰ ਸਿਰਫ਼ ਅਮੀਰ ਜਾਂ ਪੜ੍ਹੇ-ਲਿਖੇ ਲੋਕ ਹੀ ਖ਼ਰੀਦਦੇ ਸਨ ਕਿਉਂਕਿ ਇਨ੍ਹਾਂ ਨੂੰ ਖ਼ਰੀਦਣਾ ਗ਼ਰੀਬਾਂ ਦੇ ਵੱਸ ਦੀ ਗੱਲ ਨਹੀਂ ਸੀ। ਜਦੋਂ ਬਾਈਬਲਾਂ ਛਪਾਈ ਮਸ਼ੀਨਾਂ ਤੇ ਛਪਣ ਲੱਗ ਪਈਆਂ, ਤਾਂ ਇਸ ਨਾਲ ਬਾਈਬਲਾਂ ਦੀ ਕੀਮਤ ਕਾਫ਼ੀ ਹੱਦ ਤਕ ਘੱਟ ਗਈ। ਪਰ ਫਿਰ ਵੀ ਇਤਿਹਾਸਕਾਰ ਜੀਲਯੋਲਾ ਫ੍ਰਾਂਏਨੋ ਮੁਤਾਬਕ ਬਾਈਬਲ ਅਜੇ ਵੀ “ਜ਼ਿਆਦਾਤਰ ਲੋਕ ਖ਼ਰੀਦ ਨਹੀਂ ਸਕਦੇ ਸਨ।”

ਸਦੀਆਂ ਤਕ ਇਟਲੀ ਦੀ ਵੱਡੀ ਆਬਾਦੀ ਅਨਪੜ੍ਹ ਹੀ ਰਹੀ। ਸਾਲ 1861 ਵਿਚ ਜਦੋਂ ਇਟਲੀ ਰਾਜ ਦੇ ਅਲੱਗ-ਅਲੱਗ ਸੂਬੇ ਇਕਮੁੱਠ ਹੋਏ, ਉਦੋਂ 74.7 ਪ੍ਰਤਿਸ਼ਤ ਲੋਕ ਅਨਪੜ੍ਹ ਸਨ। ਦਿਲਚਸਪੀ ਦੀ ਗੱਲ ਹੈ ਕਿ ਜਦੋਂ ਇਹ ਨਵੀਂ ਇਤਾਲਵੀ ਸਰਕਾਰ ਸਾਰਿਆਂ ਨੂੰ ਮੁਫ਼ਤ ਵਿੱਦਿਆ ਦੇਣ ਅਤੇ ਵਿੱਦਿਆ ਨੂੰ ਸਾਰਿਆਂ ਲਈ ਲਾਜ਼ਮੀ ਬਣਾਉਣ ਦੀਆਂ ਯੋਜਨਾਵਾਂ ਬਣਾ ਰਹੀ ਸੀ, ਤਾਂ ਪੋਪ ਪਾਇਸ ਨੌਵੇਂ ਨੇ 1870 ਵਿਚ ਰਾਜੇ ਨੂੰ ਚਿੱਠੀ ਲਿਖ ਕੇ ਇਸ ਕਾਨੂੰਨ ਦਾ ਵਿਰੋਧ ਕਰਨ ਲਈ ਕਿਹਾ। ਪੋਪ ਨੇ ਇਸ ਕਾਨੂੰਨ ਨੂੰ “ਮਹਾਂਮਾਰੀ” ਕਿਹਾ ਜੋ “ਕੈਥੋਲਿਕ ਸਕੂਲਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ” ਦੇਵੇਗੀ।

ਇਤਾਲਵੀ ਭਾਸ਼ਾ ਵਿਚ ਪਹਿਲੀ ਪੂਰੀ ਬਾਈਬਲ

ਇਤਾਲਵੀ ਭਾਸ਼ਾ ਵਿਚ ਪੂਰੀ ਬਾਈਬਲ ਦੀ ਪਹਿਲੀ ਛਪਾਈ 1471 ਵਿਚ ਵੈਨਿਸ ਸ਼ਹਿਰ ਵਿਚ ਕੀਤੀ ਗਈ, ਜਦ ਕਿ ਯੂਰਪ ਵਿਚ ਛਪਾਈ ਮਸ਼ੀਨਾਂ ਦੀ ਵਰਤੋਂ ਲਗਭਗ 16 ਸਾਲ ਪਹਿਲਾਂ ਸ਼ੁਰੂ ਹੋ ਚੁੱਕੀ ਸੀ। ਨੀਕੋਲੌ ਮੈਲੈਰਬੀ ਨਾਂ ਦੇ ਭਿਕਸ਼ੂ ਨੇ ਆਪਣਾ ਅਨੁਵਾਦ ਅੱਠਾਂ ਮਹੀਨਿਆਂ ਵਿਚ ਪੂਰਾ ਕਰ ਲਿਆ। ਉਸ ਨੇ ਮੌਜੂਦਾ ਅਨੁਵਾਦਾਂ ਤੋਂ ਕਾਫ਼ੀ ਮਦਦ ਲਈ ਜਿਨ੍ਹਾਂ ਨੂੰ ਉਸ ਨੇ ਲਾਤੀਨੀ ਵਲਗੇਟ ਬਾਈਬਲ ਦੇ ਆਧਾਰ ਤੇ ਸੋਧਿਆ। ਕਈ ਥਾਵਾਂ ਤੇ ਉਸ ਨੇ ਆਪਣੇ ਇਲਾਕੇ ਵਿਨੇਸ਼ੀਆ ਦੀ ਬੋਲੀ ਦੇ ਸ਼ਬਦ ਵੀ ਵਰਤੇ। ਇਤਾਲਵੀ ਭਾਸ਼ਾ ਵਿਚ ਉਸ ਦੀ ਬਾਈਬਲ ਪਹਿਲੀ ਅਜਿਹੀ ਬਾਈਬਲ ਸੀ ਜਿਸ ਦੀਆਂ ਕਾਫ਼ੀ ਸਾਰੀਆਂ ਕਾਪੀਆਂ ਵਿਕੀਆਂ।

ਵੈਨਿਸ ਵਿਚ ਬਾਈਬਲ ਦਾ ਅਨੁਵਾਦ ਕਰਨ ਵਾਲਾ ਇਕ ਹੋਰ ਵਿਅਕਤੀ ਐਂਟੋਨੀਉ ਬਰੂਚੋਲੀ ਸੀ। ਉਹ ਕਲਾਸਿਕੀ ਸਾਹਿੱਤ ਦਾ ਵਿਦਵਾਨ ਸੀ। ਭਾਵੇਂ ਉਹ ਪ੍ਰੋਟੈਸਟੈਂਟਾਂ ਦੀਆਂ ਸਿੱਖਿਆਵਾਂ ਨਾਲ ਸਹਿਮਤ ਸੀ, ਪਰ ਉਸ ਨੇ ਕੈਥੋਲਿਕ ਚਰਚ ਨਾਲੋਂ ਪੂਰੀ ਤਰ੍ਹਾਂ ਨਾਤਾ ਨਹੀਂ ਤੋੜਿਆ। ਸਾਲ 1532 ਵਿਚ ਬਰੂਚੋਲੀ ਨੇ ਇਬਰਾਨੀ ਤੇ ਯੂਨਾਨੀ ਭਾਸ਼ਾਵਾਂ ਦੇ ਸ਼ਾਸਤਰ ਤੋਂ ਇਤਾਲਵੀ ਭਾਸ਼ਾ ਵਿਚ ਬਾਈਬਲ ਦਾ ਅਨੁਵਾਦ ਕੀਤਾ ਜੋ ਇਸ ਕਿਸਮ ਦਾ ਪਹਿਲਾ ਅਨੁਵਾਦ ਸੀ। ਭਾਵੇਂ ਕਿ ਬਰੂਚੋਲੀ ਨੇ ਠੇਠ ਇਤਾਲਵੀ ਭਾਸ਼ਾ ਨਹੀਂ ਵਰਤੀ, ਪਰ ਉਸ ਨੇ ਇਬਰਾਨੀ ਤੇ ਯੂਨਾਨੀ ਸ਼ਾਸਤਰ ਦੀਆਂ ਗੱਲਾਂ ਦਾ ਹੂ-ਬਹੂ ਅਨੁਵਾਦ ਕੀਤਾ। ਇਹ ਧਿਆਨ ਦੇਣ ਯੋਗ ਗੱਲ ਹੈ ਕਿਉਂਕਿ ਉਨ੍ਹੀਂ ਦਿਨੀਂ ਲੋਕਾਂ ਨੂੰ ਇਨ੍ਹਾਂ ਪ੍ਰਾਚੀਨ ਭਾਸ਼ਾਵਾਂ ਦੀ ਜ਼ਿਆਦਾ ਸਮਝ ਨਹੀਂ ਸੀ। ਬਰੂਚੋਲੀ ਨੇ ਕੁਝ ਐਡੀਸ਼ਨਾਂ ਵਿਚ ਕਈ ਥਾਵਾਂ ਤੇ ਪਰਮੇਸ਼ੁਰ ਦਾ ਨਾਂ “ਯੀਓਵਾ” ਪਾਇਆ। ਤਕਰੀਬਨ ਸੌ ਸਾਲ ਤਕ ਉਸ ਦੀ ਬਾਈਬਲ ਨੂੰ ਇਟਲੀ ਦੇ ਪ੍ਰੋਟੈਸਟੈਂਟਾਂ ਨੇ ਅਤੇ ਕੈਥੋਲਿਕ ਚਰਚ ਦੇ ਹੋਰਨਾਂ ਵਿਰੋਧੀਆਂ ਨੇ ਬਹੁਤ ਪਸੰਦ ਕੀਤਾ।

ਸਮੇਂ ਦੇ ਬੀਤਣ ਨਾਲ ਕਈ ਅਨੁਵਾਦਕਾਂ ਨੇ, ਜਿਨ੍ਹਾਂ ਵਿੱਚੋਂ ਕੁਝ ਕੈਥੋਲਿਕ ਸਨ, ਇਤਾਲਵੀ ਭਾਸ਼ਾ ਵਿਚ ਹੋਰ ਬਾਈਬਲਾਂ ਵੀ ਛਾਪੀਆਂ ਪਰ ਇਹ ਜ਼ਿਆਦਾ ਨਹੀਂ ਵਿਕੀਆਂ। ਇਹ ਅਨੁਵਾਦ ਅਸਲ ਵਿਚ ਬਰੂਚੋਲੀ ਦੀ ਬਾਈਬਲ ਨੂੰ ਹੀ ਮਾੜਾ-ਮੋਟਾ ਸੋਧ ਕੇ ਤਿਆਰ ਕੀਤੇ ਗਏ ਸਨ। ਸਾਲ 1607 ਵਿਚ ਜੋਵਾਨੀ ਦੀਓਦਾਤੀ ਨਾਂ ਦੇ ਇਕ ਪ੍ਰੋਟੈਸਟੈਂਟ ਪਾਦਰੀ ਨੇ ਜਨੀਵਾ ਵਿਚ ਇਬਰਾਨੀ ਤੇ ਯੂਨਾਨੀ ਸ਼ਾਸਤਰ ਤੋਂ ਬਾਈਬਲ ਦਾ ਇਕ ਹੋਰ ਅਨੁਵਾਦ ਤਿਆਰ ਕੀਤਾ। ਦੀਓਦਾਤੀ ਦੇ ਪ੍ਰੋਟੈਸਟੈਂਟ ਮਾਪੇ ਕੈਥੋਲਿਕ ਚਰਚ ਦੇ ਤਸੀਹਿਆਂ ਤੋਂ ਬਚਣ ਲਈ ਸਵਿਟਜ਼ਰਲੈਂਡ ਭੱਜ ਆਏ ਸਨ। ਸਦੀਆਂ ਤਕ ਦੀਓਦਾਤੀ ਦੇ ਅਨੁਵਾਦ ਨੂੰ ਇਤਾਲਵੀ ਪ੍ਰੋਟੈਸਟੈਂਟਾਂ ਦੀ ਬਾਈਬਲ ਕਿਹਾ ਜਾਂਦਾ ਰਿਹਾ। ਉਸ ਦੇ ਜ਼ਮਾਨੇ ਨੂੰ ਧਿਆਨ ਵਿਚ ਰੱਖਦਿਆਂ ਇਹ ਬਹੁਤ ਹੀ ਵਧੀਆ ਅਨੁਵਾਦ ਮੰਨਿਆ ਜਾਂਦਾ ਹੈ। ਇਸ ਅਨੁਵਾਦ ਦੀ ਮਦਦ ਨਾਲ ਕਈ ਇਤਾਲਵੀ ਲੋਕਾਂ ਨੇ ਬਾਈਬਲ ਦੀਆਂ ਸਿੱਖਿਆਵਾਂ ਨੂੰ ਸਮਝਿਆ। ਪਰ ਪਾਦਰੀਆਂ ਨੇ ਇਸ ਅਨੁਵਾਦ ਅਤੇ ਹੋਰਨਾਂ ਅਨੁਵਾਦਾਂ ਦਾ ਡਟ ਕੇ ਵਿਰੋਧ ਕੀਤਾ।

ਬਾਈਬਲ—ਇਕ “ਅਣਜਾਣ” ਕਿਤਾਬ

ਇਕ ਕੈਥੋਲਿਕ ਐਨਸਾਈਕਲੋਪੀਡੀਆ ਕਹਿੰਦਾ ਹੈ: “ਚਰਚ ਨੇ ਕਿਤਾਬਾਂ ਉੱਤੇ ਸਖ਼ਤ ਨਜ਼ਰ ਰੱਖਣ ਦੀ ਆਪਣੀ ਜ਼ਿੰਮੇਵਾਰੀ ਨੂੰ ਹਮੇਸ਼ਾ ਪੂਰਿਆਂ ਕੀਤਾ ਹੈ। ਪਰ ਛਪਾਈ ਮਸ਼ੀਨਾਂ ਦੇ ਜ਼ਮਾਨੇ ਤੋਂ ਪਹਿਲਾਂ ਚਰਚ ਨੇ ਵਰਜਿਤ ਕਿਤਾਬਾਂ ਦੀ ਸੂਚੀ ਤਿਆਰ ਕਰਨ ਦੀ ਲੋੜ ਮਹਿਸੂਸ ਨਹੀਂ ਕੀਤੀ ਕਿਉਂਕਿ ਖ਼ਤਰਨਾਕ ਸਮਝੀਆਂ ਜਾਂਦੀਆਂ ਕਿਤਾਬਾਂ ਉਸੇ ਵੇਲੇ ਸਾੜ ਦਿੱਤੀਆਂ ਜਾਂਦੀਆਂ ਸਨ।” ਕੈਥੋਲਿਕ ਧਰਮ ਦਾ ਵਿਰੋਧ ਕਰਨ ਵਾਲੀ ਪ੍ਰੋਟੈਸਟੈਂਟ ਲਹਿਰ ਦੇ ਸ਼ੁਰੂ ਹੋਣ ਤੋਂ ਬਾਅਦ ਵੀ ਕਈ ਯੂਰਪੀ ਦੇਸ਼ਾਂ ਵਿਚ ਪਾਦਰੀਆਂ ਨੇ ਬਾਈਬਲ ਦੇ ਅਨੁਵਾਦਾਂ ਨੂੰ ਖ਼ਤਰਨਾਕ ਕਰਾਰ ਦੇ ਕੇ ਇਨ੍ਹਾਂ ਦੀ ਵਿੱਕਰੀ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ। ਸਾਲ 1546 ਵਿਚ ਚਰਚ ਦੀ ਇਕ ਸਭਾ (ਕੌਂਸਲ ਆਫ਼ ਟ੍ਰੈਂਟ) ਵਿਚ ਇਸ ਮੁੱਦੇ ਤੇ ਚਰਚਾ ਕੀਤੀ ਗਈ। ਨਤੀਜੇ ਵਜੋਂ, ਸਭਾ ਦੋ ਹਿੱਸਿਆਂ ਵਿਚ ਵੰਡੀ ਗਈ। ਇਕ ਪਾਸੇ ਉਹ ਸਨ ਜੋ ਕਹਿੰਦੇ ਸਨ ਕਿ ਆਮ ਜਨਤਾ ਦੀ ਭਾਸ਼ਾ ਵਿਚ ਅਨੁਵਾਦ ਕੀਤੀ ਗਈ ਬਾਈਬਲ ‘ਧਰਮ-ਧਰੋਹ ਦੀ ਜੜ੍ਹ’ ਸੀ ਜਿਸ ਨੂੰ ਪੁੱਟਿਆ ਜਾਣਾ ਚਾਹੀਦਾ ਸੀ। ਦੂਜੇ ਪਾਸੇ, ਕਈਆਂ ਦਾ ਕਹਿਣਾ ਸੀ ਕਿ ਜੇ ਇਨ੍ਹਾਂ ਅਨੁਵਾਦਾਂ ਤੇ ਰੋਕ ਲਗਾਈ ਗਈ, ਤਾਂ ਉਨ੍ਹਾਂ ਦੇ “ਵੈਰੀ” ਪ੍ਰੋਟੈਸਟੈਂਟ ਕੈਥੋਲਿਕ ਚਰਚ ਉੱਤੇ ਆਪਣਾ “ਝੂਠ ਤੇ ਜਾਅਲਸਾਜ਼ੀ” ਲੁਕਾਉਣ ਦਾ ਦੋਸ਼ ਲਾਉਣਗੇ।

ਮੈਂਬਰਾਂ ਦੇ ਇਸ ਮਤਭੇਦ ਕਰਕੇ ਕੌਂਸਲ ਬਾਈਬਲ ਅਨੁਵਾਦ ਦੇ ਮੁੱਦੇ ਬਾਰੇ ਕਿਸੇ ਪੱਕੇ ਫ਼ੈਸਲੇ ਤੇ ਨਾ ਪਹੁੰਚ ਸਕੀ। ਇਸ ਨੇ ਕੇਵਲ ਇਸ ਗੱਲ ਦੀ ਹਾਮੀ ਭਰੀ ਕਿ ਵਲਗੇਟ ਬਾਈਬਲ ਹੀ ਸਹੀ ਸੀ ਤੇ ਕੈਥੋਲਿਕ ਚਰਚ ਇਸੇ ਬਾਈਬਲ ਨੂੰ ਵਰਤੇਗਾ। ਪਰ ਰੋਮ ਦੀ ਇਕ ਧਾਰਮਿਕ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਕਾਰਲੋ ਬੂਡਸੈਟੀ ਨੇ ਕਿਹਾ ਕਿ ਵਲਗੇਟ ਨੂੰ “ਸਹੀ” ਕਰਾਰ ਦੇ ਕੇ ਚਰਚ ‘ਇਸ ਵਿਚਾਰ ਤੇ ਜ਼ੋਰ ਦੇ ਰਿਹਾ ਸੀ ਕਿ ਹੋਰ ਕਿਸੇ ਅਨੁਵਾਦ ਨੂੰ ਕਾਨੂੰਨੀ ਮਾਨਤਾ ਨਹੀਂ ਦਿੱਤੀ ਜਾਵੇਗੀ।’ ਅੱਗੇ ਜੋ ਘਟਨਾਵਾਂ ਵਾਪਰੀਆਂ, ਉਸ ਤੋਂ ਇਸ ਗੱਲ ਦੀ ਸੱਚਾਈ ਦੇਖੀ ਜਾ ਸਕਦੀ ਹੈ।

ਸਾਲ 1559 ਵਿਚ ਪੋਪ ਪੌਲ ਚੌਥੇ ਨੇ ਵਰਜਿਤ ਕਿਤਾਬਾਂ ਦੀ ਪਹਿਲੀ ਸੂਚੀ ਤਿਆਰ ਕੀਤੀ। ਕੈਥੋਲਿਕਾਂ ਨੇ ਇਨ੍ਹਾਂ ਕਿਤਾਬਾਂ ਨੂੰ ਨਾ ਪੜ੍ਹਨਾ, ਵੇਚਣਾ, ਅਨੁਵਾਦ ਕਰਨਾ ਤੇ ਨਾ ਹੀ ਆਪਣੇ ਕੋਲ ਰੱਖਣਾ ਸੀ। ਇਨ੍ਹਾਂ ਕਿਤਾਬਾਂ ਨੂੰ ਸ਼ਤਾਨ ਦਾ ਕੰਮ ਵਿਚਾਰਿਆ ਜਾਂਦਾ ਸੀ ਜੋ ਲੋਕਾਂ ਦੀ ਨਿਹਚਾ ਤੇ ਨੈਤਿਕ ਖਰਿਆਈ ਨੂੰ ਖ਼ਤਮ ਕਰ ਦੇਣਗੀਆਂ। ਇਸ ਸੂਚੀ ਮੁਤਾਬਕ ਆਮ ਬੋਲੀ ਵਿਚ ਕੀਤੇ ਬਾਈਬਲ ਦੇ ਅਨੁਵਾਦ ਪੜ੍ਹਨੇ ਵੀ ਮਨ੍ਹਾ ਸਨ ਜਿਨ੍ਹਾਂ ਵਿਚ ਬਰੂਚੋਲੀ ਦਾ ਅਨੁਵਾਦ ਵੀ ਸ਼ਾਮਲ ਸੀ। ਚਰਚ ਦੇ ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਕੈਥੋਲਿਕ ਧਰਮ ਵਿੱਚੋਂ ਛੇਕ ਦਿੱਤਾ ਜਾਂਦਾ ਸੀ। ਸਾਲ 1596 ਵਿਚ ਤਿਆਰ ਕੀਤੀ ਗਈ ਸੂਚੀ ਨੇ ਹੋਰ ਵੀ ਪਾਬੰਦੀਆਂ ਲਗਾਈਆਂ। ਇਸ ਨੇ ਆਮ ਬੋਲੀ ਵਿਚ ਬਾਈਬਲ ਦੇ ਅਨੁਵਾਦ ਅਤੇ ਛਪਾਈ ਨੂੰ ਗ਼ੈਰ-ਕਾਨੂੰਨੀ ਕਰਾਰ ਦੇ ਦਿੱਤਾ। ਇਨ੍ਹਾਂ ਸਾਰੇ ਅਨੁਵਾਦਾਂ ਨੂੰ ਸਾੜ ਦੇਣ ਦਾ ਹੁਕਮ ਦਿੱਤਾ ਗਿਆ ਸੀ।

ਨਤੀਜੇ ਵਜੋਂ, 17ਵੀਂ ਸਦੀ ਦੇ ਸ਼ੁਰੂ ਹੁੰਦਿਆਂ ਹੀ ਗਿਰਜਿਆਂ ਦੇ ਬਾਹਰ ਚੌਰਾਹਿਆਂ ਤੇ ਵੱਡੀ ਗਿਣਤੀ ਵਿਚ ਬਾਈਬਲਾਂ ਸਾੜੀਆਂ ਗਈਆਂ। ਆਮ ਪਰਜਾ ਦੇ ਮਨਾਂ ਵਿਚ ਇਹ ਗੱਲ ਘਰ ਕਰ ਗਈ ਕਿ ਬਾਈਬਲ ਧਰਮ-ਧਰੋਹੀਆਂ ਦੀ ਕਿਤਾਬ ਸੀ। ਬਹੁਤ ਸਾਰੇ ਲੋਕ ਅੱਜ ਵੀ ਇਹੋ ਸੋਚਦੇ ਹਨ। ਲੋਕਾਂ ਦੇ ਘਰਾਂ ਅਤੇ ਜਨਤਕ ਲਾਇਬ੍ਰੇਰੀਆਂ ਵਿੱਚੋਂ ਲਗਭਗ ਸਾਰੀਆਂ ਬਾਈਬਲਾਂ ਤੇ ਬਾਈਬਲ ਦੀ ਵਿਆਖਿਆ ਕਰਨ ਵਾਲੀਆਂ ਕਿਤਾਬਾਂ ਨੂੰ ਲੈ ਕੇ ਸਾੜ ਦਿੱਤਾ ਗਿਆ। ਇਸ ਤਰ੍ਹਾਂ ਅਗਲੇ 200 ਸਾਲਾਂ ਤਕ ਕਿਸੇ ਕੈਥੋਲਿਕ ਨੇ ਇਤਾਲਵੀ ਭਾਸ਼ਾ ਵਿਚ ਬਾਈਬਲ ਦਾ ਅਨੁਵਾਦ ਨਹੀਂ ਕੀਤਾ। ਉਸ ਸਮੇਂ ਦੌਰਾਨ ਇਟਲੀ ਵਿਚ ਸਿਰਫ਼ ਪ੍ਰੋਟੈਸਟੈਂਟ ਵਿਦਵਾਨਾਂ ਦੁਆਰਾ ਅਨੁਵਾਦ ਕੀਤੀਆਂ ਬਾਈਬਲਾਂ ਹੀ ਲੁਕ-ਛਿਪ ਕੇ ਵੰਡੀਆਂ ਜਾਂਦੀਆਂ ਸਨ ਕਿਉਂਕਿ ਲੋਕ ਡਰਦੇ ਸਨ ਕਿ ਕੈਥੋਲਿਕ ਚਰਚ ਕਿਤੇ ਇਨ੍ਹਾਂ ਬਾਈਬਲਾਂ ਨੂੰ ਵੀ ਜ਼ਬਤ ਨਾ ਕਰ ਲਵੇ। ਜਿਵੇਂ ਇਤਿਹਾਸਕਾਰ ਮਾਰੀਓ ਚੀਨਯੋਨੀ ਨੇ ਕਿਹਾ, “ਸਦੀਆਂ ਤਕ ਆਮ ਲੋਕਾਂ ਨੇ ਬਾਈਬਲ ਬਿਲਕੁਲ ਨਹੀਂ ਪੜ੍ਹੀ। ਬਾਈਬਲ ਇਕ ਅਣਜਾਣ ਕਿਤਾਬ ਬਣ ਕੇ ਰਹਿ ਗਈ। ਕਰੋੜਾਂ ਇਤਾਲਵੀ ਲੋਕਾਂ ਨੇ ਤਾਂ ਆਪਣੀ ਸਾਰੀ ਜ਼ਿੰਦਗੀ ਬਾਈਬਲ ਦਾ ਇਕ ਪੰਨਾ ਤਕ ਨਹੀਂ ਪੜ੍ਹਿਆ।”

ਕੁਝ ਪਾਬੰਦੀਆਂ ਹਟਾਈਆਂ ਗਈਆਂ

ਬਾਅਦ ਵਿਚ 13 ਜੂਨ 1757 ਵਿਚ ਜਾਰੀ ਕੀਤੀ ਸੂਚੀ ਵਿਚ ਪੋਪ ਬੈਨੇਡਿਕਟ ਚੌਦ੍ਹਵੇਂ ਨੇ ਪੁਰਾਣੇ ਕਾਨੂੰਨ ਨੂੰ ਬਦਲਦੇ ਹੋਏ ਕਿਹਾ ਕਿ ‘ਆਮ ਭਾਸ਼ਾ ਦੀਆਂ ਉਹ ਬਾਈਬਲਾਂ ਪੜ੍ਹੀਆਂ ਜਾ ਸਕਦੀਆਂ ਹਨ ਜਿਨ੍ਹਾਂ ਨੂੰ ਕੈਥੋਲਿਕ ਚਰਚ ਮਾਨਤਾ ਦੇਵੇਗਾ ਅਤੇ ਜੋ ਬਿਸ਼ਪਾਂ ਦੀ ਮਨਜ਼ੂਰੀ ਨਾਲ ਛਾਪੀਆਂ ਜਾਣਗੀਆਂ।’ ਸਿੱਟੇ ਵਜੋਂ ਐਂਟੋਨੀਉ ਮਾਰਟੀਨੀ ਜੋ ਬਾਅਦ ਵਿਚ ਫਲੋਰੈਂਸ ਦਾ ਮੁੱਖ ਬਿਸ਼ਪ ਬਣਿਆ, ਨੇ ਵਲਗੇਟ ਦਾ ਅਨੁਵਾਦ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ। ਇਸ ਅਨੁਵਾਦ ਦਾ ਪਹਿਲਾ ਹਿੱਸਾ 1769 ਵਿਚ ਛਾਪਿਆ ਗਿਆ ਅਤੇ 1781 ਵਿਚ ਅਨੁਵਾਦ ਦਾ ਕੰਮ ਪੂਰਾ ਕੀਤਾ ਗਿਆ। ਇਕ ਕੈਥੋਲਿਕ ਕਿਤਾਬ ਮੁਤਾਬਕ ਮਾਰਟੀਨੀ ਦਾ ਅਨੁਵਾਦ “ਪਹਿਲੀ ਬਾਈਬਲ ਹੈ ਜੋ ਕਾਬਲੇ-ਤਾਰੀਫ਼ ਹੈ।” ਇਸ ਬਾਈਬਲ ਦੇ ਛਪਣ ਤੋਂ ਪਹਿਲਾਂ ਲਾਤੀਨੀ ਭਾਸ਼ਾ ਨਾ ਜਾਣਨ ਵਾਲੇ ਕੈਥੋਲਿਕ ਲੋਕ ਚਰਚ ਦੁਆਰਾ ਪ੍ਰਮਾਣਿਤ ਬਾਈਬਲ ਪੜ੍ਹਨ ਦੇ ਯੋਗ ਨਹੀਂ ਸਨ। ਅਗਲੇ 150 ਸਾਲਾਂ ਤਕ ਇਟਲੀ ਵਿਚ ਕੈਥੋਲਿਕ ਲੋਕਾਂ ਨੂੰ ਸਿਰਫ਼ ਮਾਰਟੀਨੀ ਦੀ ਬਾਈਬਲ ਪੜ੍ਹਨ ਦੀ ਹੀ ਇਜਾਜ਼ਤ ਦਿੱਤੀ ਗਈ ਸੀ।

ਫਿਰ “ਦੂਸਰੀ ਵੈਟੀਕਨ” ਨਾਮਕ ਧਾਰਮਿਕ ਕੌਂਸਲ ਨੇ ਬਾਈਬਲ ਦੇ ਇਤਿਹਾਸ ਵਿਚ ਇਕ ਨਵਾਂ ਮੋੜ ਲਿਆਂਦਾ। ਸਾਲ 1965 ਵਿਚ “ਅਗੰਮ ਗਿਆਨ” ਨਾਮਕ ਇਕ ਦਸਤਾਵੇਜ਼ ਵਿਚ ਪਹਿਲੀ ਵਾਰ ‘ਇਬਰਾਨੀ ਤੇ ਯੂਨਾਨੀ ਭਾਸ਼ਾਵਾਂ ਤੋਂ ਪਵਿੱਤਰ ਸ਼ਾਸਤਰ ਦਾ ਵੱਖੋ-ਵੱਖਰੀਆਂ ਬੋਲੀਆਂ ਵਿਚ ਸਹੀ-ਸਹੀ ਅਨੁਵਾਦ ਕਰਨ’ ਦੀ ਪ੍ਰੇਰਣਾ ਦਿੱਤੀ ਗਈ। ਇਸ ਤੋਂ ਕੁਝ ਸਮਾਂ ਪਹਿਲਾਂ 1958 ਵਿਚ ਪੋਪ ਦੀ ਬਾਈਬਲ ਸੰਸਥਾ ਨੇ ‘ਇਬਰਾਨੀ ਤੇ ਯੂਨਾਨੀ ਸ਼ਾਸਤਰ ਦੀ ਮਦਦ ਨਾਲ ਪੂਰੀ ਬਾਈਬਲ ਦਾ ਅਨੁਵਾਦ ਕਰ ਕੇ ਛਾਪਿਆ ਸੀ।’ ਇਸ ਅਨੁਵਾਦ ਵਿਚ ਕਈ ਥਾਵਾਂ ਤੇ ਪਰਮੇਸ਼ੁਰ ਦਾ ਨਾਂ “ਯਾਹਵੇ” ਇਸਤੇਮਾਲ ਕੀਤਾ ਗਿਆ ਸੀ।

ਬਾਈਬਲ ਅਨੁਵਾਦ ਦੇ ਕੰਮ ਉੱਤੇ ਲੱਗੀ ਪਾਬੰਦੀ ਦਾ ਲੋਕਾਂ ਉੱਤੇ ਬਹੁਤ ਬੁਰਾ ਅਸਰ ਪਿਆ ਜੋ ਅੱਜ ਵੀ ਦੇਖਿਆ ਜਾ ਸਕਦਾ ਹੈ। ਜੀਲਯੋਲਾ ਫ੍ਰਾਂਯੀਟੋ ਦੱਸਦੀ ਹੈ ਕਿ ਇਸ ਪਾਬੰਦੀ ਨੇ ‘ਲੋਕਾਂ ਦੇ ਮਨਾਂ ਵਿਚ ਇਹ ਗੱਲ ਬਿਠਾ ਦਿੱਤੀ ਕਿ ਉਹ ਆਪਣੀ ਅਕਲ ਖ਼ੁਦ ਨਹੀਂ ਵਰਤ ਸਕਦੇ ਤੇ ਨਾ ਹੀ ਆਪਣੀ ਜ਼ਮੀਰ ਉੱਤੇ ਭਰੋਸਾ ਕਰ ਸਕਦੇ ਹਨ।’ ਇਸ ਤੋਂ ਇਲਾਵਾ, ਕੈਥੋਲਿਕ ਚਰਚ ਨੇ ਕਈ ਧਾਰਮਿਕ ਰਵਾਇਤਾਂ ਉੱਤੇ ਜ਼ੋਰ ਦਿੱਤਾ ਜਿਸ ਕਰਕੇ ਬਹੁਤ ਸਾਰੇ ਕੈਥੋਲਿਕ ਲੋਕ ਇਨ੍ਹਾਂ ਰਵਾਇਤਾਂ ਨੂੰ ਬਾਈਬਲ ਨਾਲੋਂ ਵੀ ਜ਼ਿਆਦਾ ਅਹਿਮੀਅਤ ਦਿੰਦੇ ਹਨ। ਇਸ ਸਭ ਕੁਝ ਦਾ ਨਤੀਜਾ ਇਹ ਨਿਕਲਿਆ ਕਿ ਭਾਵੇਂ ਇਟਲੀ ਦੇ ਕਾਫ਼ੀ ਲੋਕ ਅੱਜ ਪੜ੍ਹੇ-ਲਿਖੇ ਹਨ, ਉਹ ਫਿਰ ਵੀ ਕਾਫ਼ੀ ਹੱਦ ਤਕ ਬਾਈਬਲ ਤੋਂ ਅਣਜਾਣ ਹਨ।

ਪਰ ਖ਼ੁਸ਼ੀ ਦੀ ਗੱਲ ਹੈ ਕਿ ਯਹੋਵਾਹ ਦੇ ਗਵਾਹਾਂ ਦੇ ਪ੍ਰਚਾਰ ਨੇ ਬਾਈਬਲ ਵਿਚ ਲੋਕਾਂ ਦੀ ਦਿਲਚਸਪੀ ਨੂੰ ਮੁੜ ਜਗਾਇਆ ਹੈ। ਸਾਲ 1963 ਵਿਚ ਗਵਾਹਾਂ ਨੇ ਇਤਾਲਵੀ ਭਾਸ਼ਾ ਦੀ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਕ੍ਰਿਸਚੀਅਨ ਗ੍ਰੀਕ ਸਕ੍ਰਿਪਚਰਸ ਰਿਲੀਜ਼ ਕੀਤੀ। ਸਾਲ 1967 ਵਿਚ ਪੂਰੀ ਬਾਈਬਲ ਇਤਾਲਵੀ ਭਾਸ਼ਾ ਵਿਚ ਉਪਲਬਧ ਕੀਤੀ ਗਈ। ਇਟਲੀ ਵਿਚ ਹੀ ਇਸ ਅਨੁਵਾਦ ਦੀਆਂ 40,00,000 ਤੋਂ ਜ਼ਿਆਦਾ ਕਾਪੀਆਂ ਵੰਡੀਆਂ ਗਈਆਂ ਹਨ। ਨਿਊ ਵਰਲਡ ਟ੍ਰਾਂਸਲੇਸ਼ਨ ਵਿਚ ਪਰਮੇਸ਼ੁਰ ਦਾ ਨਾਂ ਯਹੋਵਾਹ ਪਾਇਆ ਜਾਂਦਾ ਹੈ। ਇਹ ਇਬਰਾਨੀ ਤੇ ਯੂਨਾਨੀ ਸ਼ਾਸਤਰ ਦਾ ਹੂ-ਬਹੂ ਅਨੁਵਾਦ ਹੈ।

ਯਹੋਵਾਹ ਦੇ ਗਵਾਹ ਘਰ-ਘਰ ਜਾ ਕੇ ਲੋਕਾਂ ਨੂੰ ਬਾਈਬਲ ਦਾ ਸੰਦੇਸ਼ ਪੜ੍ਹ ਕੇ ਸੁਣਾਉਂਦੇ ਤੇ ਸਮਝਾਉਂਦੇ ਹਨ। (ਰਸੂਲਾਂ ਦੇ ਕਰਤੱਬ 20:20) ਇਸ ਲਈ ਅਗਲੀ ਵਾਰ ਜਦੋਂ ਯਹੋਵਾਹ ਦੇ ਗਵਾਹ ਤੁਹਾਡੇ ਘਰ ਆਉਣ, ਤਾਂ ਕਿਉਂ ਨਾ ਤੁਸੀਂ ਉਨ੍ਹਾਂ ਦੀ ਗੱਲ ਸੁਣੋ? ਉਹ ਤੁਹਾਡੀ ਆਪਣੀ ਬਾਈਬਲ ਵਿੱਚੋਂ ਤੁਹਾਨੂੰ ਦਿਖਾਉਣਗੇ ਕਿ ਪਰਮੇਸ਼ੁਰ ਨੇ “ਨਵੀਂ ਧਰਤੀ” ਕਾਇਮ ਕਰਨ ਦਾ ਵਾਅਦਾ ਕੀਤਾ ਹੈ ਜਿਸ ਉੱਤੇ ਧਾਰਮਿਕਤਾ ਦਾ ਬੋਲਬਾਲਾ ਹੋਵੇਗਾ।—2 ਪਤਰਸ 3:13.

[ਸਫ਼ੇ 13 ਉੱਤੇ ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਵੈਨਿਸ

ਰੋਮ

[ਸਫ਼ੇ 15 ਉੱਤੇ ਤਸਵੀਰ]

ਬਰੂਚੋਲੀ ਦੇ ਅਨੁਵਾਦ ਵਿਚ ਪਰਮੇਸ਼ੁਰ ਦਾ ਨਾਂ “ਯੀਓਵਾ” ਦਿੱਤਾ ਗਿਆ ਹੈ

[ਸਫ਼ੇ 15 ਉੱਤੇ ਤਸਵੀਰ]

ਵਰਜਿਤ ਕਿਤਾਬਾਂ ਦੀ ਸੂਚੀ ਜਿਸ ਮੁਤਾਬਕ ਆਮ ਭਾਸ਼ਾ ਦੀ ਬਾਈਬਲ ਨੂੰ ਖ਼ਤਰਨਾਕ ਕਿਤਾਬਾਂ ਵਿਚ ਗਿਣਿਆ ਗਿਆ ਸੀ

[ਸਫ਼ੇ 13 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Bible title page: Biblioteca Nazionale Centrale di Roma

[ਸਫ਼ੇ 15 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Brucioli’s translation: Biblioteca Nazionale Centrale di Roma; Index: Su concessione del Ministero per i Beni e le Attività Culturali