ਕੀ ਤੁਹਾਨੂੰ ਯਾਦ ਹੈ?
ਕੀ ਤੁਹਾਨੂੰ ਯਾਦ ਹੈ?
ਕੀ ਤੁਸੀਂ ਪਹਿਰਾਬੁਰਜ ਦੇ ਹਾਲ ਹੀ ਦੇ ਅੰਕਾਂ ਨੂੰ ਪੜ੍ਹਨ ਦਾ ਆਨੰਦ ਮਾਣਿਆ ਹੈ? ਜ਼ਰਾ ਪਰਖੋ ਕਿ ਤੁਸੀਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:
• ਆਦਮ ਦੇ ਪਾਪ ਦੀ ਤੁਲਨਾ ਖ਼ਾਨਦਾਨੀ ਬੀਮਾਰੀ ਨਾਲ ਕਿਉਂ ਕੀਤੀ ਜਾ ਸਕਦੀ ਹੈ?
ਇਹ ਇਕ ਬੀਮਾਰੀ ਵਾਂਗ ਹੈ ਕਿਉਂਕਿ ਆਦਮ ਨੇ ਇਹ ਪਾਪ ਅੱਗੋਂ ਆਪਣੀ ਸੰਤਾਨ ਨੂੰ ਦਿੱਤਾ। ਇਸ ਤਰ੍ਹਾਂ ਸਾਨੂੰ ਪਾਪ ਵਿਰਸੇ ਵਿਚ ਮਿਲਦਾ ਹੈ, ਜਿਵੇਂ ਕੁਝ ਬੱਚਿਆਂ ਨੂੰ ਆਪਣੇ ਮਾਂ-ਬਾਪ ਤੋਂ ਕੋਈ ਬੀਮਾਰੀ ਮਿਲਦੀ ਹੈ।—8/15, ਸਫ਼ਾ 5.
• ਅੱਜ ਹਿੰਸਾ ਵਧਣ ਦੇ ਕੁਝ ਮੁੱਖ ਕਾਰਨ ਕੀ ਹਨ?
ਅਸੀਂ ਜਾਣਦੇ ਹਾਂ ਕਿ ਸ਼ਤਾਨ ਸਾਡੇ ਦਿਲ ਵਿਚ ਹਿੰਸਾ ਦੇ ਬੀ ਬੀਜ ਕੇ ਸਾਨੂੰ ਯਹੋਵਾਹ ਤੋਂ ਦੂਰ ਕਰਨਾ ਚਾਹੁੰਦਾ ਹੈ। ਉਹ ਇਹ ਕਿਵੇਂ ਕਰਦਾ ਹੈ? ਹਿੰਸਕ ਫਿਲਮਾਂ, ਗਾਣਿਆਂ ਅਤੇ ਕੰਪਿਊਟਰ ਗੇਮਾਂ ਦੇ ਜ਼ਰੀਏ। ਮੀਡੀਆ ਵਿਚ ਦਿਖਾਈ ਜਾਂਦੀ ਹਿੰਸਾ ਕਰਕੇ ਬਹੁਤ ਸਾਰੇ ਲੋਕਾਂ ਨੇ ਹਿੰਸਕ ਕੰਮ ਕੀਤੇ ਹਨ।—9/1, ਸਫ਼ਾ 29.
• ਪੁੰਤਿਯੁਸ ਪਿਲਾਤੁਸ ਕੌਣ ਸੀ?
ਉਹ ਕਿਸੇ ਅਮੀਰ ਰੋਮੀ ਘਰਾਣੇ ਵਿੱਚੋਂ ਸੀ ਅਤੇ ਉਹ ਸ਼ਾਇਦ ਫ਼ੌਜ ਵਿਚ ਵੀ ਸੀ। ਰੋਮੀ ਸਮਰਾਟ ਟਾਈਬੀਰੀਅਸ ਨੇ ਪਿਲਾਤੁਸ ਨੂੰ 26 ਈ. ਵਿਚ ਯਹੂਦਿਯਾ ਦਾ ਗਵਰਨਰ ਨਿਯੁਕਤ ਕੀਤਾ ਸੀ। ਯਿਸੂ ਦੇ ਮੁਕੱਦਮੇ ਦੀ ਸੁਣਵਾਈ ਕਰਦੇ ਵੇਲੇ ਪਿਲਾਤੁਸ ਨੇ ਯਹੂਦੀ ਆਗੂਆਂ ਦੁਆਰਾ ਲਾਏ ਦੋਸ਼ਾਂ ਨੂੰ ਸੁਣਿਆ ਸੀ। ਲੋਕਾਂ ਨੂੰ ਖ਼ੁਸ਼ ਕਰਨ ਲਈ ਉਸ ਨੇ ਯਿਸੂ ਨੂੰ ਮੌਤ ਦੀ ਸਜ਼ਾ ਦਿੱਤੀ ਸੀ।—9/15, ਸਫ਼ੇ 10-12.
• ਮੱਤੀ 24:3 ਵਿਚ “ਲੱਛਣ” ਦਾ ਕੀ ਮਤਲਬ ਹੈ?
ਇਸ ਲੱਛਣ ਵਿਚ ਕਈ ਗੱਲਾਂ ਸ਼ਾਮਲ ਹਨ, ਜਿਵੇਂ ਕਿ ਲੜਾਈਆਂ, ਕਾਲ, ਮਰੀਆਂ ਅਤੇ ਭੁਚਾਲ। ਇਸ ਲੱਛਣ ਨੂੰ ਦੇਖ ਕੇ ਯਿਸੂ ਦੇ ਚੇਲਿਆਂ ਨੂੰ ‘ਯਿਸੂ ਦੇ ਆਉਣ ਅਰ ਜੁਗ ਦੇ ਅੰਤ’ ਬਾਰੇ ਪਤਾ ਲੱਗਣਾ ਸੀ।—10/1, ਸਫ਼ੇ 4-5.
• ਪਹਿਲੀ ਸਦੀ ਵਿਚ ਯਹੂਦੀ ਫ਼ਲਸਤੀਨ ਤੋਂ ਬਾਹਰ ਹੋਰ ਕਿਹੜੇ ਦੇਸ਼ਾਂ ਵਿਚ ਰਹਿੰਦੇ ਸਨ?
ਪਹਿਲੀ ਸਦੀ ਵਿਚ ਬਹੁਤ ਸਾਰੇ ਯਹੂਦੀ ਸੀਰੀਆ, ਏਸ਼ੀਆ ਮਾਈਨਰ, ਬੈਬੀਲੋਨੀਆ ਅਤੇ ਮਿਸਰ ਵਿਚ ਰਹਿੰਦੇ ਸਨ। ਇਸ ਤੋਂ ਇਲਾਵਾ ਰੋਮੀ ਸਾਮਰਾਜ ਦੇ ਅਧੀਨ ਯੂਰਪੀ ਇਲਾਕਿਆਂ ਵਿਚ ਵੀ ਥੋੜ੍ਹੀ ਗਿਣਤੀ ਵਿਚ ਯਹੂਦੀ ਰਹਿੰਦੇ ਸਨ।—10/15, ਸਫ਼ਾ 12.
• ਕੀ ਇਕ ਮਸੀਹੀ ਅਜਿਹੀ ਨੌਕਰੀ ਕਰ ਕੇ ਆਪਣੀ ਜ਼ਮੀਰ ਨੂੰ ਸ਼ੁੱਧ ਰੱਖ ਸਕਦਾ ਹੈ ਜਿਸ ਵਿਚ ਹਥਿਆਰ ਵਰਤਣੇ ਪੈਣ?
ਹਰ ਵਿਅਕਤੀ ਨੇ ਆਪ ਫ਼ੈਸਲਾ ਕਰਨਾ ਹੈ ਕਿ ਉਹ ਅਜਿਹੀ ਨੌਕਰੀ ਕਰੇਗਾ ਜਾਂ ਨਹੀਂ। ਪਰ ਅਜਿਹੀ ਨੌਕਰੀ ਕਰਦਿਆਂ ਉਹ ਖ਼ੂਨ ਦਾ ਦੋਸ਼ੀ ਬਣ ਸਕਦਾ ਹੈ ਅਤੇ ਹਮਲੇ ਦੌਰਾਨ ਜ਼ਖ਼ਮੀ ਹੋ ਸਕਦਾ ਹੈ ਜਾਂ ਮਾਰਿਆ ਵੀ ਜਾ ਸਕਦਾ ਹੈ। ਅਜਿਹੀ ਨੌਕਰੀ ਕਰਨ ਵਾਲਾ ਮਸੀਹੀ ਕਲੀਸਿਯਾ ਵਿਚ ਸੇਵਾ ਕਰਨ ਦੀਆਂ ਖ਼ਾਸ ਜ਼ਿੰਮੇਵਾਰੀਆਂ ਦੇ ਲਾਇਕ ਨਹੀਂ ਸਮਝਿਆ ਜਾਵੇਗਾ। (1 ਤਿਮੋਥਿਉਸ 3:3, 10)—11/1, ਸਫ਼ਾ 31.
• ਸ਼ਬਦ “ਹਰਮਿੱਗਦੋਨ” ਜਾਂ ਆਰਮਾਗੇਡਨ “ਮਗਿੱਦੋ ਦੇ ਪਹਾੜ” ਤੋਂ ਆਇਆ ਹੈ, ਤਾਂ ਫਿਰ ਇਸ ਦਾ ਇਹ ਮਤਲਬ ਹੈ ਕਿ ਆਰਮਾਗੇਡਨ ਦਾ ਯੁੱਧ ਮੱਧ ਪੂਰਬ ਵਿਚ ਕਿਸੇ ਪਹਾੜ ਤੇ ਲੜਿਆ ਜਾਵੇਗਾ?
ਨਹੀਂ। ਇਸ ਨਾਂ ਦਾ ਕੋਈ ਪਹਾੜ ਹੈ ਹੀ ਨਹੀਂ। ਇਸ ਦੀ ਬਜਾਇ ਇਸਰਾਏਲ ਦੀ ਪੱਧਰੀ ਘਾਟੀ ਵਿਚ ਇਸ ਨਾਂ ਦਾ ਇਕ ਟਿੱਬਾ ਹੀ ਹੈ। ਇਸ ਇਲਾਕੇ ਵਿਚ ਸਾਰੀ “ਧਰਤੀ ਦੇ ਰਾਜੇ ਅਤੇ ਉਨ੍ਹਾਂ ਦੀਆਂ ਫੌਜਾਂ” ਇਕੱਠੀਆਂ ਨਹੀਂ ਹੋ ਸਕਦੀਆਂ। ਪਰਮੇਸ਼ੁਰ ਦਾ ਇਹ ਵੱਡਾ ਯੁੱਧ ਪੂਰੀ ਧਰਤੀ ਉੱਤੇ ਲੜਿਆ ਜਾਵੇਗਾ ਅਤੇ ਇਹ ਸਾਰੀਆਂ ਲੜਾਈਆਂ ਨੂੰ ਖ਼ਤਮ ਕਰ ਦੇਵੇਗਾ। (ਪਰਕਾਸ਼ ਦੀ ਪੋਥੀ 16:14, 16; 19:19; ਜ਼ਬੂਰਾਂ ਦੀ ਪੋਥੀ 46:8, 9)—12/1, ਸਫ਼ੇ 4-7.