ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਕੀ ਇਨ੍ਹਾਂ ਤੋਂ ਤੁਹਾਡੀਆਂ ਉਮੀਦਾਂ ਪੂਰੀਆਂ ਹੋਣਗੀਆਂ?
ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ—ਕੀ ਇਨ੍ਹਾਂ ਤੋਂ ਤੁਹਾਡੀਆਂ ਉਮੀਦਾਂ ਪੂਰੀਆਂ ਹੋਣਗੀਆਂ?
‘ਰੂਸੀ ਬਾਦਸ਼ਾਹ ਪੀਟਰ ਮਹਾਨ ਨੇ ਇਹ ਆਗਿਆ ਦਿੱਤੀ ਸੀ ਕਿ 1 ਜਨਵਰੀ ਨੂੰ ਸਾਰਿਆਂ ਚਰਚਾਂ ਵਿਚ ਉਪਾਸਨਾ ਕੀਤੀ ਜਾਵੇ। ਇਸ ਦੇ ਨਾਲ-ਨਾਲ ਉਸ ਨੇ ਆਪਣੀ ਪਰਜਾ ਨੂੰ ਕਿਹਾ ਕਿ ਉਹ ਆਪਣੇ ਘਰਾਂ ਦੀਆਂ ਚੁਗਾਠਾਂ ਸਦਾਬਹਾਰ ਦਰਖ਼ਤ ਦੀਆਂ ਟਾਹਣੀਆਂ ਨਾਲ ਸਜਾਉਣ ਅਤੇ ਉੱਚੀ ਆਵਾਜ਼ ਵਿਚ ਇਕ-ਦੂਜੇ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦੇ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕਰਨ।’—ਪੀਟਰ ਮਹਾਨ ਦੀ ਜ਼ਿੰਦਗੀ ਅਤੇ ਦੁਨੀਆਂ।
ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਦੌਰਾਨ ਤੁਸੀਂ ਕਿਸ ਚੀਜ਼ ਦੀ ਬੇਸਬਰੀ ਨਾਲ ਉਡੀਕ ਕਰਦੇ ਹੋ? ਸਾਰਿਆਂ ਨੂੰ ਛੁੱਟੀਆਂ ਹੋਣ ਕਰਕੇ ਕਈ ਵਿਚਾਰਦੇ ਹਨ ਕਿ ਇਹ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਚੰਗਾ ਮੌਕਾ ਹੈ। ਆਮ ਤੌਰ ਤੇ ਕ੍ਰਿਸਮਸ ਤੇ ਲੋਕ ਯਿਸੂ ਮਸੀਹ ਦਾ ਜਨਮ ਦਿਨ ਮਨਾਉਂਦੇ ਹਨ। ਇਸੇ ਲਈ ਕੁਝ ਲੋਕ ਮੰਨਦੇ ਹਨ ਕਿ ਇਸ ਸਮੇਂ ਉਨ੍ਹਾਂ ਨੂੰ ਮਸੀਹ ਦਾ ਆਦਰ ਕਰਨਾ ਚਾਹੀਦੀ ਹੈ। ਕੀ ਤੁਸੀਂ ਵੀ ਇਵੇਂ ਵਿਚਾਰਦੇ ਹੋ?
ਚਾਹੇ ਕ੍ਰਿਸਮਸ ਦਾ ਦਿਨ ਯਿਸੂ ਮਸੀਹ ਦਾ ਆਦਰ ਕਰਨ ਲਈ ਮਨਾਇਆ ਜਾਂਦਾ ਹੈ ਜਾਂ ਫਿਰ ਪਰਿਵਾਰ ਨਾਲ ਸਮਾਂ ਬਿਤਾਉਣ ਲਈ, ਪਰ ਇਕ ਗੱਲ ਸੱਚ ਹੈ ਕਿ ਦੁਨੀਆਂ ਭਰ ਵਿਚ ਕਰੋੜਾਂ ਲੋਕ ਹਰ ਸਾਲ ਉਤਸ਼ਾਹ ਨਾਲ ਇਸ ਸਮੇਂ ਦੀ ਉਡੀਕ ਕਰਦੇ ਹਨ। ਇਸ ਸਾਲ ਬਾਰੇ ਕੀ? ਕੀ ਇਸ ਸਾਲ ਕ੍ਰਿਸਮਸ ਤੁਹਾਡੇ ਪਰਿਵਾਰ ਲਈ ਖ਼ਾਸ ਸਮਾਂ ਸਾਬਤ ਹੋਵੇਗਾ? ਕੀ ਇਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਖ਼ਾਸ ਸਮਾਂ ਹੋਵੇਗਾ? ਜੇਕਰ ਤੁਹਾਡੇ ਪਰਿਵਾਰ ਨੇ ਇਕੱਠੇ ਹੋਣ ਦਾ ਪ੍ਰੋਗ੍ਰਾਮ ਬਣਾਇਆ ਹੈ, ਤਾਂ ਕੀ ਇਹ ਖ਼ੁਸ਼ੀਆਂ ਭਰਿਆ ਸਮਾਂ ਹੋਵੇਗਾ ਜਾਂ ਕੀ ਤੁਹਾਡੀਆਂ ਉਮੀਦਾਂ ਤੇ ਪਾਣੀ ਫਿਰ ਜਾਏਗਾ?
ਕਈ ਲੋਕ ਕ੍ਰਿਸਮਸ ਨੂੰ ਇਕ ਧਾਰਮਿਕ ਤਿਉਹਾਰ ਮੰਨਦੇ ਹਨ ਅਤੇ ਇਸ ਨੂੰ ਧੂਮ-ਧਾਮ ਨਾਲ ਮਨਾਉਂਦੇ ਹਨ। ਲੇਕਿਨ ਦੂਸਰੇ ਪਾਸੇ ਕੁਝ ਲੋਕ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਮਨਾਉਂਦੇ ਹੋਏ ਯਿਸੂ ਬਾਰੇ ਸੋਚਦੇ ਵੀ ਨਹੀਂ। ਇਸ ਦੀ ਬਜਾਇ, ਉਨ੍ਹਾਂ ਲਈ ਕ੍ਰਿਸਮਸ ਸਿਰਫ਼ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਵਧੀਆ ਮੌਕਾ ਹੁੰਦਾ ਹੈ। ਕੁਝ ਲੋਕਾਂ ਲਈ ਕ੍ਰਿਸਮਸ ਤੋਹਫ਼ੇ ਹਾਸਲ ਕਰਨ ਅਤੇ ਪਾਰਟੀ ਕਰਨ ਦਾ ਬਹਾਨਾ ਹੀ ਹੁੰਦਾ ਹੈ। ਕੀ ਅਜਿਹੀਆਂ ਪਾਰਟੀਆਂ ਵਿਚ ਮਸੀਹ ਦਾ ਆਦਰ ਕੀਤਾ ਜਾਂਦਾ ਹੈ? ਜ਼ਰਾ ਵੀ ਨਹੀਂ! ਬਹੁਤ ਸਾਰੀਆਂ ਪਾਰਟੀਆਂ ਵਿਚ ਲੋਕਾਂ ਦਾ ਚਾਲ-ਚਲਣ ਬਹੁਤ ਘਟੀਆ ਹੁੰਦਾ ਹੈ। ਇਸ ਸਮੇਂ ਲੋਕ ਅਕਸਰ ਬੇਹਿਸਾਬਾ ਖਾਂਦੇ-ਪੀਂਦੇ ਹਨ ਅਤੇ ਨਸ਼ੇ ਵਿਚ ਘਰਦਿਆਂ ਨਾਲ ਲੜਦੇ-ਝਗੜਦੇ ਤੇ ਮਾਰਦੇ-ਕੁੱਟਦੇ ਹਨ। ਸ਼ਾਇਦ ਤੁਹਾਡੇ ਨਾਲ ਇਸ ਤਰ੍ਹਾਂ ਹੋਇਆ ਹੋਵੇ।
ਜੇਕਰ ਤੁਹਾਡੇ ਨਾਲ ਇਸ ਤਰ੍ਹਾਂ ਹੋਇਆ ਹੈ, ਤਾਂ ਸ਼ਾਇਦ ਤੁਹਾਨੂੰ ਲੱਗੇ ਕਿ ਰੂਸੀ ਬਾਦਸ਼ਾਹ ਪੀਟਰ ਮਹਾਨ ਦੇ ਜ਼ਮਾਨੇ ਤੇ ਸਾਡੇ ਜ਼ਮਾਨੇ ਵਿਚ ਬਹੁਤਾ ਫ਼ਰਕ ਨਹੀਂ ਹੈ। ਅੱਜ-ਕੱਲ੍ਹ ਕ੍ਰਿਸਮਸ ਦਾ ਮਤਲਬ ਬਦਲਦਾ ਜਾ ਰਿਹਾ ਹੈ। ਕਈਆਂ ਨੂੰ ਇਹ ਤਬਦੀਲੀ ਠੀਕ ਨਹੀਂ ਲੱਗਦੀ ਅਤੇ ਉਹ ਚਾਹੁੰਦੇ ਹਨ ਕਿ ਕ੍ਰਿਸਮਸ ਮਨਾਉਂਦੇ ਹੋਏ ਲੋਕ ਧਾਰਮਿਕ ਗੱਲਾਂ ਉੱਤੇ ਵਿਚਾਰ ਕਰਨ ਅਤੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ। ਕੁਝ ਲੋਕ ਤਾਂ ਤਬਦੀਲੀ ਲਿਆਉਣ ਦੀ ਕੋਸ਼ਿਸ਼ ਵਿਚ ਜਲੂਸ ਕੱਢ ਕੇ ਅਜਿਹੇ ਨਾਅਰੇ ਵੀ ਲਾਉਂਦੇ ਹਨ: “ਕ੍ਰਿਸਮਸ ਦਾ ਤਿਉਹਾਰ ਮਨਾਓ ਤੇ ਯਿਸੂ ਨੂੰ ਧਿਆਓ।” ਪਰ ਕੀ ਤਬਦੀਲੀ ਲਿਆਈ ਜਾ ਸਕਦੀ ਹੈ? ਕੀ ਕ੍ਰਿਸਮਸ ਮਨਾਉਣ ਨਾਲ ਯਿਸੂ ਦਾ ਆਦਰ ਹੁੰਦਾ ਹੈ? ਕੀ ਕ੍ਰਿਸਮਸ ਅਤੇ ਨਵੇਂ ਸਾਲ ਦੇ ਤਿਉਹਾਰ ਸੰਬੰਧੀ ਅਜਿਹੀਆਂ ਕੁਝ ਗੱਲਾਂ ਹਨ ਜਿਨ੍ਹਾਂ ਦਾ ਇਨ੍ਹਾਂ ਤਿਉਹਾਰਾਂ ਬਾਰੇ ਤੁਹਾਡੇ ਵਿਚਾਰਾਂ ਤੇ ਅਸਰ ਪੈ ਸਕਦਾ ਹੈ?
ਇਨ੍ਹਾਂ ਸਵਾਲਾਂ ਦੇ ਜਵਾਬ ਪਾਉਣ ਲਈ, ਆਓ ਆਪਾਂ ਕ੍ਰਿਸਮਸ ਬਾਰੇ ਰੂਸੀ ਲੋਕਾਂ ਦੇ ਵਿਚਾਰਾਂ ਉੱਤੇ ਗੌਰ ਕਰੀਏ ਜਿਨ੍ਹਾਂ ਕੋਲ ਇਸ ਤਿਉਹਾਰ ਦੀ ਕਦਰ ਕਰਨ ਦਾ ਖ਼ਾਸ ਕਾਰਨ ਹੈ।