Skip to content

Skip to table of contents

ਕ੍ਰਿਸਮਸ ਦੇ ਤਿਉਹਾਰ ਤੇ ਕਿਸ ਗੱਲ ਉੱਤੇ ਜ਼ੋਰ ਦਿੱਤਾ ਜਾਂਦਾ ਹੈ?

ਕ੍ਰਿਸਮਸ ਦੇ ਤਿਉਹਾਰ ਤੇ ਕਿਸ ਗੱਲ ਉੱਤੇ ਜ਼ੋਰ ਦਿੱਤਾ ਜਾਂਦਾ ਹੈ?

ਕ੍ਰਿਸਮਸ ਦੇ ਤਿਉਹਾਰ ਤੇ ਕਿਸ ਗੱਲ ਉੱਤੇ ਜ਼ੋਰ ਦਿੱਤਾ ਜਾਂਦਾ ਹੈ?

ਲੱਖਾਂ ਲੋਕਾਂ ਲਈ ਕ੍ਰਿਸਮਸ ਪਰਿਵਾਰ ਦੇ ਜੀਆਂ ਅਤੇ ਦੋਸਤ-ਮਿੱਤਰਾਂ ਨਾਲ ਪਿਆਰ ਦੇ ਬੰਧਨਾਂ ਨੂੰ ਮਜ਼ਬੂਤ ਕਰਨ ਦਾ ਮੌਕਾ ਹੁੰਦਾ ਹੈ। ਕਈ ਲੋਕ ਇਸ ਸਮੇਂ ਤੇ ਯਿਸੂ ਮਸੀਹ ਦਾ ਜਨਮ-ਦਿਨ ਮਨਾਉਂਦੇ ਹਨ ਅਤੇ ਯਾਦ ਕਰਦੇ ਹਨ ਕਿ ਉਸ ਨੇ ਸਾਰੀ ਮਨੁੱਖਜਾਤੀ ਨੂੰ ਮੁਕਤੀ ਦਿਲਾਉਣ ਲਈ ਕੀ ਕੀਤਾ ਸੀ। ਲੇਕਿਨ ਹੋਰਨਾਂ ਦੇਸ਼ਾਂ ਤੋਂ ਉਲਟ, ਰੂਸ ਵਿਚ ਕਾਫ਼ੀ ਸਮੇਂ ਲਈ ਕ੍ਰਿਸਮਸ ਮਨਾਉਣੀ ਮਨ੍ਹਾ ਸੀ। ਭਾਵੇਂ ਕਿ ਸਦੀਆਂ ਤੋਂ ਰੂਸ ਵਿਚ ਆਰਥੋਡਾਕਸ ਚਰਚ ਦੇ ਮੈਂਬਰ ਕ੍ਰਿਸਮਸ ਮਨਾ ਰਹੇ ਸਨ, ਪਰ 20ਵੀਂ ਸਦੀ ਦੌਰਾਨ ਇਸ ਉੱਤੇ ਪਾਬੰਦੀ ਲਗਾਈ ਗਈ ਸੀ। ਇਹ ਪਾਬੰਦੀ ਕਿਉਂ ਲਗਾਈ ਗਈ ਸੀ?

ਸੰਨ 1917 ਵਿਚ ਬਾਲਸ਼ਵਿਕ ਕ੍ਰਾਂਤੀ ਤੋਂ ਥੋੜ੍ਹੀ ਦੇਰ ਬਾਅਦ, ਰੂਸੀ ਸਰਕਾਰ ਨੇ ਨਾਸਤਿਕਤਾ ਨੂੰ ਫੈਲਾਉਣਾ ਸ਼ੁਰੂ ਕਰ ਦਿੱਤਾ। ਕ੍ਰਿਸਮਸ ਅਤੇ ਇਸ ਨਾਲ ਜੁੜੀਆਂ ਧਾਰਮਿਕ ਰੀਤਾਂ ਸਰਕਾਰ ਨੂੰ ਜ਼ਰਾ ਵੀ ਪਸੰਦ ਨਹੀਂ ਸਨ। ਇਸ ਲਈ ਸਰਕਾਰ ਕ੍ਰਿਸਮਸ ਅਤੇ ਨਵੇਂ ਸਾਲ ਦੇ ਤਿਉਹਾਰਾਂ ਦਾ ਖੰਡਨ ਕਰਨ ਲੱਗ ਪਈ। ਕ੍ਰਿਸਮਸ ਦੇ ਰੁੱਖ ਅਤੇ ਸਾਂਤਾ ਕਲਾਜ਼ ਨੂੰ ਵੀ ਨਿੰਦਿਆ ਗਿਆ ਸੀ (ਰੂਸ ਵਿਚ ਸਾਂਤਾ ਕਲਾਜ਼ ਨੂੰ ਡੈਡ ਮੋਰੋਜ਼ ਜਾਂ ਗ੍ਰੈਂਡਫ਼ਾਦਰ ਫ਼ਰੌਸਟ ਕਿਹਾ ਜਾਂਦਾ ਹੈ)।

ਸੰਨ 1935 ਵਿਚ ਰੂਸੀ ਸਰਕਾਰ ਨੇ ਇਕ ਹੋਰ ਤਬਦੀਲੀ ਲਿਆਂਦੀ ਜਿਸ ਦੇ ਨਤੀਜੇ ਵਜੋਂ ਰੂਸ ਵਿਚ ਇਹ ਤਿਉਹਾਰ ਮਨਾਉਣ ਦਾ ਤਰੀਕਾ ਹੀ ਬਦਲ ਗਿਆ। ਰੂਸੀ ਸਰਕਾਰ ਨੇ ਨਵੇਂ ਸਾਲ ਦਾ ਤਿਉਹਾਰ ਮਨਾਉਣ ਦੀ ਇਜਾਜ਼ਤ ਦੇ ਦਿੱਤੀ। ਇਸ ਦੇ ਨਾਲ ਹੀ, ਗ੍ਰੈਂਡਫ਼ਾਦਰ ਫ਼ਰੌਸਟ ਤੇ ਕ੍ਰਿਸਮਸ ਦਾ ਰੁੱਖ ਕ੍ਰਿਸਮਸ ਤੇ ਨਹੀਂ, ਸਗੋਂ ਨਵੇਂ ਸਾਲ ਦੇ ਤਿਉਹਾਰ ਤੇ ਵਰਤੇ ਜਾਣ ਲੱਗੇ। ਉਹ ਮੰਨਦੇ ਸਨ ਕਿ ਗ੍ਰੈਂਡਫ਼ਾਦਰ ਫ਼ਰੌਸਟ ਕ੍ਰਿਸਮਸ ਦੇ ਦਿਨ ਤੇ ਨਹੀਂ, ਸਗੋਂ ਨਵੇਂ ਸਾਲ ਦੇ ਦਿਨ ਤੇ ਤੋਹਫ਼ੇ ਲਿਆਉਂਦਾ ਸੀ। ਇਸੇ ਤਰ੍ਹਾਂ ਕ੍ਰਿਸਮਸ ਦਾ ਰੁੱਖ ਹੁਣ ਨਵੇਂ ਸਾਲ ਦਾ ਰੁੱਖ ਕਹਿਲਾਉਣ ਲੱਗ ਪਿਆ। ਰੂਸ ਵਿਚ ਲੋਕ ਕ੍ਰਿਸਮਸ ਦੀ ਥਾਂ ਤੇ ਨਵਾਂ ਸਾਲ ਮਨਾਉਣ ਲੱਗ ਪਏ ਸਨ।

ਕ੍ਰਿਸਮਸ ਦਾ ਧਾਰਮਿਕ ਗੱਲਾਂ ਨਾਲ ਕੋਈ ਸੰਬੰਧ ਨਾ ਰਿਹਾ। ਨਵੇਂ ਸਾਲ ਦਾ ਰੁੱਖ ਧਾਰਮਿਕ ਪ੍ਰਤੀਕਾਂ ਦੀ ਬਜਾਇ ਹੁਣ ਸੋਵੀਅਤ ਸੰਘ ਦੇ ਰਾਸ਼ਟਰੀ ਪ੍ਰਤੀਕਾਂ ਨਾਲ ਸ਼ਿੰਗਾਰਿਆ ਜਾਣ ਲੱਗ ਪਿਆ। ਇਕ ਰੂਸੀ ਅਖ਼ਬਾਰ ਦੱਸਦੀ ਹੈ: “ਹਰ ਸਾਲ ਨਵੇਂ ਸਾਲ ਦੇ ਰੁੱਖ ਉੱਤੇ ਪ੍ਰਤੀਕ ਬਦਲਦੇ ਗਏ। ਇਨ੍ਹਾਂ ਤੋਂ ਪਤਾ ਲਗਾਇਆ ਜਾ ਸਕਦਾ ਸੀ ਕਿ ਕਮਿਊਨਿਸਟ ਸਮਾਜ ਨੇ ਰੂਸ ਵਿਚ ਕਿਵੇਂ ਜੜ੍ਹ ਫੜੀ। ਆਮ ਤੌਰ ਤੇ ਰੁੱਖ ਉੱਤੇ ਖਿਡਾਉਣੇ ਖ਼ਰਗੋਸ਼, ਬਰਫ਼ ਦੀਆਂ ਕਲਮਾਂ ਅਤੇ ਬ੍ਰੈੱਡ ਟੰਗੀ ਜਾਂਦੀ ਸੀ, ਪਰ ਹੁਣ ਰੁੱਖ ਉੱਤੇ ਦਾਤੀਆਂ, ਹਥੌੜੇ ਅਤੇ ਟ੍ਰੈਕਟਰ ਟੰਗੇ ਜਾ ਰਹੇ ਸਨ। ਬਾਅਦ ਵਿਚ ਇਨ੍ਹਾਂ ਪ੍ਰਤੀਕਾਂ ਦੀ ਥਾਂ ਖਾਣਾਂ ਵਿਚ ਕੰਮ ਕਰਨ ਵਾਲਿਆਂ ਤੇ ਪੁਲਾੜ-ਯਾਤਰੀਆਂ ਦੀਆਂ ਮੂਰਤਾਂ, ਤੇਲ ਦੇ ਖੂਹ ਪੁੱਟਣ ਦਾ ਸਮਾਨ ਅਤੇ ਚੰਨ ਤੇ ਚੱਲਣ ਵਾਲੀਆਂ ਗੱਡੀਆਂ ਟੰਗੀਆਂ ਜਾਣ ਲੱਗ ਪਈਆਂ।”

ਕ੍ਰਿਸਮਸ ਬਾਰੇ ਕੀ? ਕ੍ਰਿਸਮਸ ਦੀ ਹੁਣ ਛੁੱਟੀ ਨਹੀਂ ਸੀ ਹੁੰਦੀ, ਇਹ ਇਕ ਆਮ ਦਿਨ ਬਣ ਕੇ ਰਹਿ ਗਿਆ ਸੀ। ਜੋ ਕ੍ਰਿਸਮਸ ਮਨਾਉਣੀ ਚਾਹੁੰਦੇ ਸਨ, ਉਨ੍ਹਾਂ ਨੂੰ ਚੋਰੀ-ਛਿਪੇ ਮਨਾਉਣੀ ਪੈਂਦੀ ਸੀ ਕਿਉਂਕਿ ਇਸ ਬਾਰੇ ਖ਼ਬਰ ਮਿਲਣ ਤੇ ਰੂਸ ਦੀ ਸਰਕਾਰ ਉਨ੍ਹਾਂ ਨੂੰ ਸਖ਼ਤ ਸਜ਼ਾ ਦਿੰਦੀ ਸੀ। ਜੀ ਹਾਂ, 20ਵੀਂ ਸਦੀ ਦੌਰਾਨ ਰੂਸ ਵਿਚ ਕ੍ਰਿਸਮਸ ਅਤੇ ਹੋਰ ਧਾਰਮਿਕ ਤਿਉਹਾਰ ਮਨਾਉਣ ਦੀ ਬਜਾਇ ਨਾਸਤਿਕਤਾ ਦਾ ਰਾਜ ਚੱਲ ਪਿਆ।

ਨਵੀਆਂ ਤਬਦੀਲੀਆਂ

ਸੰਨ 1991 ਵਿਚ ਸੋਵੀਅਤ ਸੰਘ ਦੇ ਢਹਿ-ਢੇਰੀ ਹੋਣ ਤੋਂ ਬਾਅਦ ਕਾਫ਼ੀ ਆਜ਼ਾਦੀ ਮਿਲ ਗਈ। ਰੂਸ ਵਿਚ ਨਾਸਤਿਕਤਾ ਦਾ ਰਾਜ ਖ਼ਤਮ ਹੋ ਗਿਆ। ਸੋਵੀਅਤ ਸੰਘ ਵਿੱਚੋਂ ਕਈ ਨਵੇਂ ਦੇਸ਼ ਬਣ ਗਏ ਸਨ ਅਤੇ ਇਨ੍ਹਾਂ ਵਿਚ ਸਰਕਾਰ ਤੇ ਚਰਚ ਦਾ ਇਕ-ਦੂਜੇ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਹੁਣ ਲੋਕ ਖੁੱਲ੍ਹੇ ਤੌਰ ਤੇ ਆਪਣੀਆਂ ਰੀਤਾਂ-ਰਸਮਾਂ ਪੂਰੀਆਂ ਕਰ ਸਕਦੇ ਸਨ। ਇਸ ਲਈ ਉਨ੍ਹਾਂ ਨੇ ਇਕ ਵਾਰ ਫਿਰ ਕ੍ਰਿਸਮਸ ਮਨਾਉਣੀ ਸ਼ੁਰੂ ਕਰ ਦਿੱਤੀ। ਲੇਕਿਨ ਬਹੁਤ ਜਲਦ ਕਈ ਲੋਕ ਨਿਰਾਸ਼ ਹੋ ਗਏ। ਇਸ ਦੀ ਵਜ੍ਹਾ ਕੀ ਸੀ?

ਰੂਸ ਵਿਚ ਵੀ ਕ੍ਰਿਸਮਸ ਵਪਾਰ ਬਣਦਾ ਜਾ ਰਿਹਾ ਹੈ। ਪੱਛਮੀ ਦੇਸ਼ਾਂ ਵਾਂਗ ਰੂਸ ਵਿਚ ਵੀ ਕ੍ਰਿਸਮਸ ਦਾ ਤਿਉਹਾਰ ਕੰਪਨੀਆਂ ਅਤੇ ਵਪਾਰੀਆਂ ਲਈ ਪੈਸਾ ਕਮਾਉਣ ਦਾ ਮੁੱਖ ਜ਼ਰੀਆ ਬਣ ਗਿਆ ਹੈ। ਦੁਕਾਨਾਂ ਕ੍ਰਿਸਮਸ ਦੀਆਂ ਚੀਜ਼ਾਂ ਨਾਲ ਸ਼ਿੰਗਾਰੀਆਂ ਜਾਂਦੀਆਂ ਹਨ। ਪੱਛਮ ਵਾਂਗ ਦੁਕਾਨਾਂ ਵਿਚ ਕ੍ਰਿਸਮਸ ਦੇ ਗੀਤ ਸੁਣਾਈ ਦਿੰਦੇ ਹਨ, ਜੋ ਰੂਸੀ ਲੋਕਾਂ ਨੂੰ ਪਹਿਲਾਂ ਮਾਲੂਮ ਨਹੀਂ ਸਨ। ਕ੍ਰਿਸਮਸ ਦੇ ਦਿਨਾਂ ਵਿਚ ਵਪਾਰੀ ਰੇਲ-ਗੱਡੀਆਂ ਜਾਂ ਬੱਸਾਂ ਵਿਚ ਯਾਤਰੀਆਂ ਨੂੰ ਬੱਚਿਆਂ ਦੇ ਖਿਡਾਉਣੇ ਵਗੈਰਾ ਵੇਚਣ ਦੀ ਕੋਸ਼ਿਸ਼ ਕਰਦੇ ਹਨ।

ਭਾਵੇਂ ਕਈਆਂ ਨੂੰ ਇਸ ਤਰ੍ਹਾਂ ਦੇ ਵਪਾਰ ਤੇ ਇਤਰਾਜ਼ ਨਹੀਂ ਹੈ, ਪਰ ਉਨ੍ਹਾਂ ਨੂੰ ਇਹ ਗੱਲ ਬਹੁਤ ਬੁਰੀ ਲੱਗਦੀ ਹੈ ਕਿ ਇਸ ਸਮੇਂ ਲੋਕ ਜ਼ਿਆਦਾ ਸ਼ਰਾਬ ਪੀ ਕੇ ਆਪਣਾ ਤੇ ਦੂਸਰਿਆਂ ਦਾ ਨੁਕਸਾਨ ਕਰਦੇ ਹਨ। ਮਾਸਕੋ ਸ਼ਹਿਰ ਦੇ ਹਸਪਤਾਲ ਦਾ ਇਕ ਡਾਕਟਰ ਦੱਸਦਾ ਹੈ: “ਡਾਕਟਰਾਂ ਨੂੰ ਪੱਕਾ ਪਤਾ ਹੁੰਦਾ ਹੈ ਕਿ ਨਵੇਂ ਸਾਲ ਦੀ ਸ਼ਾਮ ਨੂੰ ਜ਼ਿਆਦਾ ਸ਼ਰਾਬ ਪੀਣ ਕਾਰਨ ਅਨੇਕ ਲੋਕਾਂ ਦੇ ਸੱਟਾਂ ਲੱਗਣਗੀਆਂ ਅਤੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕੀਤਾ ਜਾਏਗਾ। ਕਈਆਂ ਦੇ ਤਾਂ ਛੋਟੀਆਂ-ਮੋਟੀਆਂ ਸੱਟਾਂ ਹੀ ਲੱਗਦੀਆਂ ਹਨ, ਪਰ ਕਈ ਚਾਕੂਆਂ ਤੇ ਗੋਲੀਆਂ ਦਾ ਨਿਸ਼ਾਨਾ ਬਣ ਕੇ ਬਹੁਤ ਜ਼ਖ਼ਮੀ ਹੋ ਜਾਂਦੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਘਰੇਲੂ ਹਿੰਸਾ, ਝਗੜਿਆਂ ਜਾਂ ਫਿਰ ਕਾਰ ਹਾਦਸਿਆਂ ਵਿਚ ਜ਼ਖ਼ਮੀ ਹੁੰਦੇ ਹਨ।” ਇਕ ਰੂਸੀ ਵਿਗਿਆਨੀ ਦਾ ਕਹਿਣਾ ਹੈ ਕਿ “ਜ਼ਿਆਦਾ ਸ਼ਰਾਬ ਪੀਣ ਕਰਕੇ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਸਾਲ 2000 ਵਿਚ ਤਾਂ ਕੁਝ ਜ਼ਿਆਦਾ ਹੀ ਮੌਤਾਂ ਹੋਈਆਂ ਸਨ। ਆਤਮ-ਹੱਤਿਆ ਕਰਨ ਵਾਲਿਆਂ ਦੀ ਗਿਣਤੀ ਵੀ ਵਧ ਰਹੀ ਹੈ ਅਤੇ ਖ਼ੂਨ ਵੀ ਜ਼ਿਆਦਾ ਹੁੰਦੇ ਹਨ।”

ਅਜਿਹੇ ਬੁਰੇ ਕੰਮਾਂ ਦੇ ਵਾਧੇ ਦਾ ਇਕ ਹੋਰ ਵੀ ਕਾਰਨ ਹੈ। ਇਕ ਅਖ਼ਬਾਰ ਵਿਚ ਦੱਸਿਆ ਗਿਆ ਸੀ ਕਿ ‘ਮੌਜ-ਮਸਤੀ ਕਰਨ ਦੇ ਚੱਕਰ ਵਿਚ 10 ਫੀ ਸਦੀ ਰੂਸੀ ਲੋਕ ਸਾਲ ਵਿਚ ਦੋ ਵਾਰ ਕ੍ਰਿਸਮਸ ਮਨਾਉਂਦੇ ਹਨ। ਇਕ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਰੂਸ ਵਿਚ 8 ਫੀ ਸਦੀ ਲੋਕ 25 ਦਸੰਬਰ ਅਤੇ ਫਿਰ 7 ਜਨਵਰੀ ਨੂੰ ਕ੍ਰਿਸਮਸ ਮਨਾਉਂਦੇ ਹਨ।’ *

ਕੀ ਇਹ ਤਿਉਹਾਰ ਮਸੀਹ ਦਾ ਆਦਰ ਕਰਦੇ ਹਨ?

ਅਸੀਂ ਦੇਖ ਚੁੱਕੇ ਹਾਂ ਕਿ ਕ੍ਰਿਸਮਸ ਤੇ ਕਈ ਲੋਕ ਗ਼ਲਤ ਕੰਮ ਕਰਦੇ ਹਨ। ਲੇਕਿਨ ਫਿਰ ਵੀ ਕੁਝ ਲੋਕ ਸੋਚਦੇ ਹਨ ਕਿ ਪਰਮੇਸ਼ੁਰ ਅਤੇ ਮਸੀਹ ਨੂੰ ਖ਼ੁਸ਼ ਕਰਨ ਲਈ ਇਹ ਤਿਉਹਾਰ ਮਨਾਉਣਾ ਚਾਹੀਦਾ ਹੈ। ਇਹ ਸੱਚ ਹੈ ਕਿ ਸਾਨੂੰ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਰ ਜ਼ਰਾ ਸੋਚੋ, ਕੀ ਇਹ ਤਿਉਹਾਰ ਸੱਚ-ਮੁੱਚ ਪਰਮੇਸ਼ੁਰ ਨੂੰ ਅਤੇ ਯਿਸੂ ਮਸੀਹ ਨੂੰ ਖ਼ੁਸ਼ ਕਰਦਾ ਹੈ? ਧਿਆਨ ਦਿਓ ਕਿ ਇਹ ਤਿਉਹਾਰ ਸ਼ੁਰੂ ਕਿੱਥੋਂ ਹੋਇਆ ਸੀ।

ਰੂਸੀ ਲੋਕਾਂ ਦਾ ਇਸ ਬਾਰੇ ਜੋ ਮਰਜ਼ੀ ਵਿਚਾਰ ਹੋਵੇ, ਪਰ ਸਾਨੂੰ ਰੂਸੀ ਐਨਸਾਈਕਲੋਪੀਡੀਆ ਵਿਚ ਦਰਜ ਇਤਿਹਾਸਕ ਅਸਲੀਅਤਾਂ ਸਵੀਕਾਰ ਕਰਨੀਆਂ ਪੈਣਗੀਆਂ ਜਿਸ ਵਿਚ ਲਿਖਿਆ ਹੈ: “ਕ੍ਰਿਸਮਸ ਦਾ ਤਿਉਹਾਰ ਉਨ੍ਹਾਂ ਗ਼ੈਰ-ਮਸੀਹੀ ਧਰਮਾਂ ਤੋਂ ਆਇਆ ਹੈ ਜਿਨ੍ਹਾਂ ਵਿਚ ਅਜਿਹੇ ਦੇਵੀ-ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਸੀ ਜੋ ਮਰ ਕੇ ਪੁਨਰ-ਜਨਮ ਲੈਂਦੇ ਸਨ। ਇਹ ਵਿਸ਼ਵਾਸ ਖ਼ਾਸ ਕਰਕੇ ਖੇਤੀਬਾੜੀ ਕਰਨ ਵਾਲੇ ਲੋਕ ਰੱਖਦੇ ਸਨ ਜੋ ਸੂਰਜ ਚੜ੍ਹਨ ਤੇ 21-25 ਦਸੰਬਰ ਦੌਰਾਨ ਆਪਣੇ ਦੇਵਤੇ ਦਾ ‘ਜਨਮ-ਦਿਨ’ ਮਨਾਇਆ ਕਰਦੇ ਸਨ। ਇਨ੍ਹਾਂ ਦੇ ਲਈ ਉਨ੍ਹਾਂ ਦਾ ਦੇਵਤਾ ਸਿਆਲ ਤੋਂ ਬਾਅਦ ਕੁਦਰਤ ਨੂੰ ਦੁਬਾਰਾ ਜਨਮ ਦਿੰਦਾ ਸੀ।”

ਇਸ ਐਨਸਾਈਕਲੋਪੀਡੀਆ ਵਿਚ ਇਹ ਵੀ ਦੱਸਿਆ ਗਿਆ ਹੈ ਕਿ “ਯਿਸੂ ਦੇ ਪਹਿਲੇ ਚੇਲੇ ਕ੍ਰਿਸਮਸ ਨਹੀਂ ਮਨਾਉਂਦੇ ਸਨ। . . . ਚੌਥੀ ਸਦੀ ਦੌਰਾਨ ਕ੍ਰਿਸਮਸ ਰੋਮੀ ਲੋਕਾਂ ਦੁਆਰਾ ਮਿਥਰਾਸ ਦੇਵਤੇ ਦੀ ਪੂਜਾ ਤੋਂ ਸ਼ੁਰੂ ਹੋਈ ਸੀ। ਫਿਰ ਦਸਵੀਂ ਸਦੀ ਵਿਚ ਮਸੀਹੀ ਧਰਮ ਦੇ ਨਾਲ-ਨਾਲ ਕ੍ਰਿਸਮਸ ਵੀ ਰੂਸ ਵਿਚ ਪਹੁੰਚ ਗਈ। ਉੱਥੇ ਇਸ ਤਿਉਹਾਰ ਨੂੰ ਪ੍ਰਾਚੀਨ ਸਲਾਵੀ ਲੋਕਾਂ ਦੇ ਉਸ ਤਿਉਹਾਰ ਨਾਲ ਮਿਲਾ ਦਿੱਤਾ ਗਿਆ ਜਿਸ ਵਿਚ ਸਲਾਵੀ ਲੋਕ ਆਪਣੇ ਵੱਡ-ਵਡੇਰਿਆਂ ਦੀਆਂ ਆਤਮਾਵਾਂ ਨੂੰ ਪੂਜਦੇ ਸਨ।”

ਤੁਸੀਂ ਸ਼ਾਇਦ ਪੁੱਛੋ, ‘25 ਦਸੰਬਰ ਯਿਸੂ ਦੀ ਜਨਮ ਤਾਰੀਖ਼ ਹੋਣ ਬਾਰੇ ਬਾਈਬਲ ਕੀ ਕਹਿੰਦੀ ਹੈ?’ ਅਸਲ ਵਿਚ ਬਾਈਬਲ ਵਿਚ ਯਿਸੂ ਦੀ ਜਨਮ ਤਾਰੀਖ਼ ਨਹੀਂ ਪਾਈ ਜਾਂਦੀ। ਜਨਮ-ਦਿਨ ਮਨਾਉਣ ਦੀ ਗੱਲ ਛੱਡੋ, ਯਿਸੂ ਨੇ ਤਾਂ ਆਪਣੇ ਜਨਮ ਦੀ ਤਾਰੀਖ਼ ਦਾ ਵੀ ਜ਼ਿਕਰ ਨਹੀਂ ਕੀਤਾ ਸੀ। ਪਰ ਫਿਰ ਵੀ ਬਾਈਬਲ ਤੋਂ ਪਤਾ ਲਗਾਇਆ ਜਾ ਸਕਦਾ ਹੈ ਕਿ ਯਿਸੂ ਦਾ ਜਨਮ ਕਦੋਂ ਕੁ ਹੋਇਆ ਸੀ।

ਮੱਤੀ ਦੀ ਇੰਜੀਲ ਦੇ 26ਵੇਂ ਤੇ 27ਵੇਂ ਅਧਿਆਇ ਅਨੁਸਾਰ, ਯਿਸੂ ਨੂੰ 14 ਨੀਸਾਨ ਦੀ ਸ਼ਾਮ ਮਾਰਿਆ ਗਿਆ ਸੀ। ਇਹ ਯਹੂਦੀਆਂ ਦਾ ਪਸਾਹ ਦਾ ਦਿਨ ਸੀ ਜੋ 31 ਮਾਰਚ 33 ਈ. ਨੂੰ ਸ਼ੁਰੂ ਹੋਇਆ ਸੀ। ਲੂਕਾ ਦੀ ਇੰਜੀਲ ਤੋਂ ਪਤਾ ਲੱਗਦਾ ਹੈ ਕਿ ਯਿਸੂ 30 ਸਾਲ ਦਾ ਸੀ ਜਦ ਉਸ ਨੇ ਬਪਤਿਸਮਾ ਲਿਆ ਅਤੇ ਪ੍ਰਚਾਰ ਦਾ ਕੰਮ ਸ਼ੁਰੂ ਕੀਤਾ। (ਲੂਕਾ 3:21-23) ਉਹ ਸਾਢੇ ਤਿੰਨ ਸਾਲ ਇਸ ਕੰਮ ਵਿਚ ਲੱਗਾ ਰਿਹਾ। ਇਸ ਦਾ ਮਤਲਬ ਹੈ ਕਿ ਉਹ ਮਰਨ ਸਮੇਂ 33 1/2 ਸਾਲਾਂ ਦਾ ਸੀ। ਉਸ ਸਾਲ ਦੇ ਅਕਤੂਬਰ ਵਿਚ ਉਸ ਨੇ 34 ਸਾਲਾਂ ਦਾ ਹੋ ਜਾਣਾ ਸੀ। ਲੂਕਾ ਦੱਸਦਾ ਹੈ ਕਿ ਯਿਸੂ ਦੇ ਜਨਮ ਵੇਲੇ ਅਯਾਲੀ “ਰੜ ਵਿੱਚ ਰਹਿੰਦੇ ਅਤੇ ਰਾਤ ਨੂੰ ਆਪਣੇ ਇੱਜੜ ਦੀ ਰਾਖੀ ਕਰਦੇ ਸਨ।” (ਲੂਕਾ 2:8) ਬੈਤਲਹਮ ਦੇ ਉੱਚੇ ਪਹਾੜੀ ਇਲਾਕੇ ਵਿਚ ਦਸੰਬਰ ਦੇ ਮਹੀਨੇ ਬਹੁਤ ਠੰਢ ਹੁੰਦੀ ਹੈ, ਕਦੇ-ਕਦੇ ਬਰਫ਼ ਵੀ ਪੈਂਦੀ ਹੈ। ਇਸ ਲਈ ਉਸ ਸਮੇਂ ਅਯਾਲੀ ਆਪਣੇ ਇੱਜੜ ਨੂੰ ਲੈ ਕੇ ਬਾਹਰ ਨਹੀਂ ਰਹਿੰਦੇ ਸਨ। ਪਰ ਹੋ ਸਕਦਾ ਹੈ ਲਗਭਗ 1 ਅਕਤੂਬਰ ਨੂੰ ਉਹ ਬਾਹਰ ਸਨ ਜਿਸ ਤਾਰੀਖ਼ ਤੇ ਸਬੂਤਾਂ ਅਨੁਸਾਰ ਯਿਸੂ ਦਾ ਜਨਮ ਹੋਇਆ ਸੀ।

ਪਰ ਨਵੇਂ ਸਾਲ ਦੇ ਤਿਉਹਾਰ ਬਾਰੇ ਕੀ? ਜਿਵੇਂ ਅਸੀਂ ਦੇਖ ਚੁੱਕੇ ਹਾਂ, ਇਸ ਸਮੇਂ ਵੀ ਲੋਕ ਅਯਾਸ਼ੀ ਵਿਚ ਡੁੱਬ ਜਾਂਦੇ ਹਨ। ਭਾਵੇਂ ਅੱਜ ਇਸ ਤਿਉਹਾਰ ਦਾ ਧਰਮ ਨਾਲ ਸੰਬੰਧ ਨਹੀਂ ਜੋੜਿਆ ਜਾਂਦਾ, ਫਿਰ ਵੀ ਇਸ ਦੀ ਸ਼ੁਰੂਆਤ ਝੂਠੇ ਧਰਮਾਂ ਨਾਲ ਜੁੜੀ ਹੋਈ ਹੈ।

ਜੀ ਹਾਂ, ਭਾਵੇਂ ਕੁਝ ਲੋਕ ਕ੍ਰਿਸਮਸ ਮਨਾ ਕੇ ਯਿਸੂ ਦੀ ਵਡਿਆਈ ਕਰਨੀ ਚਾਹੁੰਦੇ ਹਨ, ਪਰ ਅਸਲ ਵਿਚ ਇਸ ਤਰ੍ਹਾਂ ਨਹੀਂ ਹੁੰਦਾ। ਅਜਿਹੇ ਤਿਉਹਾਰਾਂ ਦੀ ਸ਼ੁਰੂਆਤ ਝੂਠਿਆਂ ਧਰਮਾਂ ਤੋਂ ਹੋਈ ਹੈ। ਇਸ ਤੋਂ ਇਲਾਵਾ ਇਹ ਤਿਉਹਾਰ ਮੌਜ-ਮਸਤੀ ਕਰਨ ਤੇ ਪੈਸਾ ਕਮਾਉਣ ਦਾ ਜ਼ਰੀਆ ਬਣ ਕੇ ਰਹਿ ਗਏ ਹਨ। ਲੇਕਿਨ ਜੋ ਲੋਕ ਪਰਮੇਸ਼ੁਰ ਅਤੇ ਮਸੀਹ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਹੌਸਲਾ ਹਾਰਨ ਦੀ ਲੋੜ ਨਹੀਂ। ਪਰਮੇਸ਼ੁਰ ਅਤੇ ਮਸੀਹ ਨੂੰ ਖ਼ੁਸ਼ ਕਰਨ ਅਤੇ ਆਪਣੇ ਪਰਿਵਾਰ ਦੇ ਬੰਧਨ ਨੂੰ ਮਜ਼ਬੂਤ ਕਰਨ ਦਾ ਇਕ ਵਧੀਆ ਤਰੀਕਾ ਹੈ। ਆਓ ਆਪਾਂ ਇਸ ਵੱਲ ਧਿਆਨ ਦੇਈਏ।

ਪਰਮੇਸ਼ੁਰ ਤੇ ਮਸੀਹ ਨੂੰ ਖ਼ੁਸ਼ ਕਰਨ ਦਾ ਤਰੀਕਾ

ਬਾਈਬਲ ਸਾਨੂੰ ਦੱਸਦੀ ਹੈ ਕਿ ਯਿਸੂ “ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ” ਸੀ। (ਮੱਤੀ 20:28) ਜੀ ਹਾਂ, ਯਿਸੂ ਨੇ ਸਾਡੇ ਪਾਪਾਂ ਲਈ ਆਪਣੀ ਜਾਨ ਬਲੀਦਾਨ ਕੀਤੀ ਸੀ। ਕਈ ਲੋਕ ਸ਼ਾਇਦ ਯਿਸੂ ਦਾ ਆਦਰ ਕਰਨਾ ਚਾਹੁਣ ਅਤੇ ਸੋਚਣ ਕਿ ਉਹ ਕ੍ਰਿਸਮਸ ਮਨਾ ਕੇ ਇਸ ਤਰ੍ਹਾਂ ਕਰ ਸਕਦੇ ਹਨ। ਪਰ ਜਿਵੇਂ ਅਸੀਂ ਦੇਖ ਚੁੱਕੇ ਹਾਂ, ਕ੍ਰਿਸਮਸ ਅਤੇ ਨਵੇਂ ਸਾਲ ਦੇ ਤਿਉਹਾਰਾਂ ਦਾ ਯਿਸੂ ਨਾਲ ਕੋਈ ਤਅੱਲਕ ਨਹੀਂ ਹੈ। ਕ੍ਰਿਸਮਸ ਦੇ ਸਮੇਂ ਲੋਕਾਂ ਦੀਆਂ ਰੰਗ-ਰਲੀਆਂ ਤੋਂ ਪਰਮੇਸ਼ੁਰ ਅਤੇ ਮਸੀਹ ਜ਼ਰਾ ਵੀ ਖ਼ੁਸ਼ ਨਹੀਂ ਹੁੰਦੇ।

ਤਾਂ ਫਿਰ, ਪਰਮੇਸ਼ੁਰ ਨੂੰ ਕਿੱਦਾਂ ਖ਼ੁਸ਼ ਕੀਤਾ ਜਾ ਸਕਦਾ ਹੈ? ਮਨੁੱਖੀ ਰੀਤਾਂ-ਰਿਵਾਜਾਂ ਨੂੰ ਫੜੀ ਰੱਖਣ ਦੀ ਬਜਾਇ ਸਾਨੂੰ ਪਰਮੇਸ਼ੁਰ ਦਾ ਬਚਨ ਪੜ੍ਹ ਕੇ ਉਸ ਨੂੰ ਖ਼ੁਸ਼ ਕਰਨ ਦਾ ਸਹੀ ਤਰੀਕਾ ਭਾਲਣ ਦੀ ਲੋੜ ਹੈ।

ਇਹੀ ਗੱਲ ਯਿਸੂ ਨੇ ਕਹੀ ਸੀ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।” (ਯੂਹੰਨਾ 17:3) ਹਾਂ, ਸਾਨੂੰ ਸੱਚਾ ਗਿਆਨ ਹਾਸਲ ਕਰਨ ਦੀ ਲੋੜ ਹੈ। ਫਿਰ ਸਾਨੂੰ ਇਸ ਗਿਆਨ ਨੂੰ ਆਪਣੀਆਂ ਜ਼ਿੰਦਗੀਆਂ ਵਿਚ ਲਾਗੂ ਕਰਨ ਦੀ ਲੋੜ ਹੈ, ਸਾਲ ਵਿਚ ਸਿਰਫ਼ ਇਕ ਦਿਨ ਤੇ ਹੀ ਨਹੀਂ, ਸਗੋਂ ਹਰ ਰੋਜ਼। ਇਸ ਤਰ੍ਹਾਂ ਸੱਚੇ ਦਿਲੋਂ ਕੀਤੀ ਭਗਤੀ ਪਰਮੇਸ਼ੁਰ ਨੂੰ ਬਹੁਤ ਪਸੰਦ ਹੈ ਅਤੇ ਜੋ ਇਸ ਤਰ੍ਹਾਂ ਕਰਦੇ ਹਨ, ਉਨ੍ਹਾਂ ਨੂੰ ਸਦਾ ਦੀ ਜ਼ਿੰਦਗੀ ਬਖ਼ਸ਼ੀ ਜਾਵੇਗੀ।

ਕੀ ਤੁਸੀਂ ਤੇ ਤੁਹਾਡਾ ਪਰਿਵਾਰ ਪਰਮੇਸ਼ੁਰ ਅਤੇ ਯਿਸੂ ਮਸੀਹ ਨੂੰ ਸਹੀ ਤਰੀਕੇ ਨਾਲ ਖ਼ੁਸ਼ ਕਰਨਾ ਚਾਹੁੰਦਾ ਹੈ? ਸੱਚਾ ਗਿਆਨ ਹਾਸਲ ਕਰਨ ਵਿਚ ਯਹੋਵਾਹ ਦੇ ਗਵਾਹਾਂ ਨੇ ਲੱਖਾਂ ਪਰਿਵਾਰਾਂ ਦੀ ਮਦਦ ਕੀਤੀ ਹੈ। ਤੁਸੀਂ ਵੀ ਆਪਣੇ ਇਲਾਕੇ ਵਿਚ ਯਹੋਵਾਹ ਦੇ ਗਵਾਹਾਂ ਨਾਲ ਸੰਪਰਕ ਕਰ ਸਕਦੇ ਹੋ ਜਾਂ ਦੂਜੇ ਸਫ਼ੇ ਉੱਤੇ ਦਿੱਤੇ ਢੁਕਵੇਂ ਪਤੇ ਤੇ ਯਹੋਵਾਹ ਦੇ ਗਵਾਹਾਂ ਨੂੰ ਲਿਖ ਸਕਦੇ ਹੋ।

[ਫੁਟਨੋਟ]

^ ਪੈਰਾ 11 ਬਾਲਸ਼ਵਿਕ ਕ੍ਰਾਂਤੀ ਤੋਂ ਪਹਿਲਾਂ, ਰੂਸ ਵਿਚ ਜੂਲੀਅਨ ਕਲੰਡਰ ਵਰਤਿਆ ਜਾਂਦਾ ਸੀ, ਜਦ ਕਿ ਬਾਕੀ ਦੀ ਦੁਨੀਆਂ ਵਿਚ ਗ੍ਰੈਗੋਰੀਅਨ ਕਲੰਡਰ ਵਰਤਿਆ ਜਾਂਦਾ ਸੀ। ਸੰਨ 1917 ਵਿਚ ਜੂਲੀਅਨ ਕਲੰਡਰ ਗ੍ਰੈਗੋਰੀਅਨ ਕਲੰਡਰ ਤੋਂ 13 ਦਿਨ ਪਿੱਛੇ ਸੀ। ਇਸ ਦਾ ਮਤਲਬ ਹੈ ਕਿ ਜੂਲੀਅਨ ਕਲੰਡਰ ਤੇ 25 ਦਸੰਬਰ ਦੀ ਤਾਰੀਖ਼, ਗ੍ਰੈਗੋਰੀਅਨ ਕਲੰਡਰ ਤੇ 7 ਜਨਵਰੀ ਨੂੰ ਆਉਂਦੀ ਸੀ। ਕ੍ਰਾਂਤੀ ਤੋਂ ਬਾਅਦ ਰੂਸੀ ਸਰਕਾਰ ਬਾਕੀ ਦੀ ਦੁਨੀਆਂ ਵਾਂਗ ਗ੍ਰੈਗੋਰੀਅਨ ਕਲੰਡਰ ਵਰਤਣ ਲੱਗ ਪਈ। ਪਰ ਰੂਸੀ ਚਰਚ ਜੂਲੀਅਨ ਕਲੰਡਰ ਵਰਤਦਾ ਰਿਹਾ। ਇਸ ਤਰ੍ਹਾਂ ਰੂਸੀ ਲੋਕ ਸਾਲ ਵਿਚ ਇਹ ਤਿਉਹਾਰ ਦੋ ਵਾਰ ਮਨਾਉਣ ਲੱਗ ਪਏ: ਪੱਛਮੀ ਰਿਵਾਇਤ ਅਨੁਸਾਰ ਕ੍ਰਿਸਮਸ 25 ਦਸੰਬਰ ਨੂੰ ਅਤੇ ਜੂਲੀਅਨ ਕਲੰਡਰ ਮੁਤਾਬਕ 7 ਜਨਵਰੀ ਨੂੰ ਅਤੇ ਬਾਕੀ ਦੀ ਦੁਨੀਆਂ ਵਾਂਗ ਨਵਾਂ ਸਾਲ 1 ਜਨਵਰੀ ਨੂੰ ਤੇ ਜੂਲੀਅਨ ਕਲੰਡਰ ਮੁਤਾਬਕ 14 ਜਨਵਰੀ ਨੂੰ ਮਨਾਉਣ ਲੱਗ ਪਏ।

[ਡੱਬੀ/ਸਫ਼ੇ 7 ਉੱਤੇ ਤਸਵੀਰ]

ਨਵੇਂ ਸਾਲ ਦੇ ਤਿਉਹਾਰ ਦੀ ਸ਼ੁਰੂਆਤ

ਇਕ ਜੌਰਜੀਅਨ ਭਿਕਸ਼ੂ ਦੀ ਜ਼ਬਾਨੀ

“ਨਵੇਂ ਸਾਲ ਦੇ ਤਿਉਹਾਰ ਦਾ ਮੁੱਢ ਪ੍ਰਾਚੀਨ ਰੋਮੀ ਧਰਮ ਵਿਚ ਹੈ। ਰੋਮ ਵਿਚ ਜਨਵਰੀ ਦੀ ਪਹਿਲੀ ਤਾਰੀਖ਼ ਤੇ ਜੇਨਸ ਦੇਵਤੇ ਦੇ ਨਾਂ ਵਿਚ ਛੁੱਟੀ ਹੁੰਦੀ ਸੀ ਅਤੇ ਇਸ ਦੇਵਤੇ ਦੇ ਨਾਂ ਤੇ ਇਸ ਮਹੀਨੇ ਦਾ ਨਾਂ ਰੱਖਿਆ ਗਿਆ ਸੀ। ਜੇਨਸ ਦੇਵਤੇ ਦੀ ਮੂਰਤ ਦੇ ਦੋ ਚਿਹਰੇ ਹੁੰਦੇ ਸਨ, ਇਕ ਚਿਹਰਾ ਪਿੱਛੇ ਨੂੰ ਦੇਖਦਾ ਸੀ ਅਤੇ ਦੂਜਾ ਅੱਗੇ ਨੂੰ। ਇਸ ਲਈ ਮੰਨਿਆ ਜਾਂਦਾ ਸੀ ਕਿ ਇਹ ਦੇਵਤਾ ਬੀਤ ਚੁੱਕੇ ਸਮੇਂ ਬਾਰੇ ਅਤੇ ਭਵਿੱਖ ਬਾਰੇ ਵੀ ਜਾਣਦਾ ਸੀ। ਲੋਕ ਆਮ ਕਹਿੰਦੇ ਸਨ ਕਿ ਜੋ ਇਨਸਾਨ ਜਨਵਰੀ ਦੀ ਪਹਿਲੀ ਤਾਰੀਖ਼ ਦਾ ਸੁਆਗਤ ਖਾ-ਪੀ ਕੇ ਅਤੇ ਜਸ਼ਨ ਮਨਾ ਕੇ ਕਰਦੇ ਸਨ, ਉਨ੍ਹਾਂ ਦਾ ਪੂਰਾ ਸਾਲ ਤੰਦਰੁਸਤੀ ਤੇ ਖ਼ੁਸ਼ੀਆਂ ਭਰਿਆ ਹੋਵੇਗਾ। ਸਾਡੇ ਹਮਵਤਨੀ ਵੀ ਇਸੇ ਕਾਰਨ ਨਵੇਂ ਸਾਲ ਦੀਆਂ ਛੁੱਟੀਆਂ ਮਨਾਉਂਦੇ ਹਨ। . . . ਕੁਝ ਤਿਉਹਾਰਾਂ ਤੇ ਲੋਕ ਖੁੱਲ੍ਹੇ-ਆਮ ਮੂਰਤਾਂ ਨੂੰ ਭੇਟਾਂ ਚੜ੍ਹਾਉਣ ਲਈ ਲਿਆਉਂਦੇ ਸਨ। ਆਮ ਤੌਰ ਤੇ ਦੇਵਤਿਆਂ ਦੀ ਪੂਜਾ ਵਿਚ ਰੰਗਰਲੀਆਂ ਮਨਾਈਆਂ ਜਾਂਦੀਆਂ ਸਨ। ਦੂਸਰਿਆਂ ਮੌਕਿਆਂ ਤੇ (ਜਿਵੇਂ ਕਿ ਜੇਨਸ ਦੇਵਤੇ ਦੇ ਤਿਉਹਾਰ ਦੀ ਛੁੱਟੀ ਤੇ) ਲੋਕ ਬੇਹਿਸਾਬਾ ਖਾਂਦੇ-ਪੀਂਦੇ ਤੇ ਨਸ਼ੇ ਵਿਚ ਗੰਦੇ ਤੋਂ ਗੰਦੇ ਕੰਮ ਕਰਦੇ ਸਨ। ਸ਼ਾਇਦ ਅਸੀਂ ਵੀ ਪਹਿਲਾਂ ਨਵੇਂ ਸਾਲ ਦਾ ਤਿਉਹਾਰ ਮਨਾਇਆ ਕਰਦੇ ਸੀ। ਜੇ ਹਾਂ, ਤਾਂ ਸਾਨੂੰ ਮੰਨਣਾ ਪਵੇਗਾ ਕਿ ਅਸੀਂ ਵੀ ਝੂਠੇ ਧਰਮ ਨਾਲ ਜੁੜੇ ਇਸ ਤਿਉਹਾਰ ਵਿਚ ਹਿੱਸਾ ਲੈਂਦੇ ਸੀ।”—ਇਕ ਜੌਰਜੀਅਨ ਅਖ਼ਬਾਰ।

[ਸਫ਼ੇ 6 ਉੱਤੇ ਤਸਵੀਰ]

ਈਸਾਈ-ਜਗਤ ਨੇ ਮਿਥਰਾਸ ਦੇਵਤੇ ਦੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ

[ਕ੍ਰੈਡਿਟ ਲਾਈਨ]

Museum Wiesbaden

[ਸਫ਼ੇ 7 ਉੱਤੇ ਤਸਵੀਰ]

ਦਸੰਬਰ ਦੀ ਠੰਢੀ ਰੁੱਤ ਵਿਚ ਅਯਾਲੀ ਆਪਣੇ ਇੱਜੜਾਂ ਨੂੰ ਲੈ ਕੇ ਬਾਹਰ ਨਹੀਂ ਰਹਿੰਦੇ ਸਨ