Skip to content

Skip to table of contents

ਤੁਸੀਂ ਕਿਸ ਦਾ ਹੁਕਮ ਮੰਨੋਗੇ—ਪਰਮੇਸ਼ੁਰ ਦਾ ਜਾਂ ਮਨੁੱਖਾਂ ਦਾ?

ਤੁਸੀਂ ਕਿਸ ਦਾ ਹੁਕਮ ਮੰਨੋਗੇ—ਪਰਮੇਸ਼ੁਰ ਦਾ ਜਾਂ ਮਨੁੱਖਾਂ ਦਾ?

ਤੁਸੀਂ ਕਿਸ ਦਾ ਹੁਕਮ ਮੰਨੋਗੇ—ਪਰਮੇਸ਼ੁਰ ਦਾ ਜਾਂ ਮਨੁੱਖਾਂ ਦਾ?

“ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ।”—ਰਸੂਲਾਂ ਦੇ ਕਰਤੱਬ 5:29.

1. (ੳ) ਇਹ ਲੇਖ ਕਿਸ ਖ਼ਾਸ ਆਇਤ ਉੱਤੇ ਆਧਾਰਿਤ ਹੈ? (ਅ) ਰਸੂਲਾਂ ਨੂੰ ਹਵਾਲਾਤ ਵਿਚ ਬੰਦ ਕਿਉਂ ਕੀਤਾ ਗਿਆ ਸੀ?

ਯਹੂਦੀ ਮਹਾਸਭਾ ਦੇ ਨਿਆਈਆਂ ਨੇ ਯਿਸੂ ਮਸੀਹ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਸ ਤੋਂ ਕੁਝ ਹੀ ਹਫ਼ਤਿਆਂ ਬਾਅਦ ਉਹ ਉਸ ਦੇ ਰਸੂਲਾਂ ਪਿੱਛੇ ਪੈ ਗਏ ਸਨ ਕਿਉਂਕਿ ਉਹ ਯਿਸੂ ਮਸੀਹ ਦਾ ਪ੍ਰਚਾਰ ਕਰ ਰਹੇ ਸਨ। ਉਨ੍ਹਾਂ ਨੇ ਰਸੂਲਾਂ ਨੂੰ ਹਵਾਲਾਤ ਵਿਚ ਬੰਦ ਕਰ ਦਿੱਤਾ ਸੀ। ਪਰ ਜਦੋਂ ਅਗਲੀ ਕਾਰਵਾਈ ਵਾਸਤੇ ਸਿਪਾਹੀ ਉਨ੍ਹਾਂ ਨੂੰ ਮਹਾਸਭਾ ਅੱਗੇ ਲਿਆਉਣ ਲਈ ਬੰਦੀਖ਼ਾਨੇ ਗਏ, ਤਾਂ ਉਨ੍ਹਾਂ ਨੂੰ ਕੋਠੜੀਆਂ ਵਿਚ ਕੋਈ ਨਜ਼ਰ ਨਹੀਂ ਆਇਆ ਹਾਲਾਂਕਿ ਦਰਵਾਜ਼ੇ ਅਜੇ ਵੀ ਬੰਦ ਸਨ। ਕੈਦੀ ਫਰਾਰ ਹੋ ਚੁੱਕੇ ਸਨ। ਇਹ ਪਤਾ ਲੱਗਣ ਤੇ ਮਹਾਸਭਾ ਦੇ ਨਿਆਈਆਂ ਦਾ ਖ਼ੂਨ ਖੌਲ ਉੱਠਿਆ। ਜਲਦੀ ਹੀ ਸਿਪਾਹੀਆਂ ਨੂੰ ਪਤਾ ਲੱਗ ਗਿਆ ਕਿ ਰਸੂਲ ਯਰੂਸ਼ਲਮ ਦੀ ਹੈਕਲ ਵਿਚ ਨਿਡਰਤਾ ਨਾਲ ਉਹੀ ਕੰਮ ਕਰ ਰਹੇ ਸਨ ਜਿਸ ਵਜ੍ਹਾ ਕਰਕੇ ਉਨ੍ਹਾਂ ਨੂੰ ਪਹਿਲਾਂ ਗਿਰਫ਼ਤਾਰ ਕੀਤਾ ਗਿਆ ਸੀ ਯਾਨੀ ਲੋਕਾਂ ਨੂੰ ਯਿਸੂ ਮਸੀਹ ਬਾਰੇ ਸਿੱਖਿਆ ਦੇ ਰਹੇ ਸਨ। ਸਿਪਾਹੀਆਂ ਨੇ ਸਿੱਧੇ ਹੈਕਲ ਜਾ ਕੇ ਰਸੂਲਾਂ ਨੂੰ ਦੁਬਾਰਾ ਫੜ ਲਿਆ ਤੇ ਮਹਾਸਭਾ ਅੱਗੇ ਪੇਸ਼ ਕੀਤਾ।—ਰਸੂਲਾਂ ਦੇ ਕਰਤੱਬ 5:17-27.

2. ਦੂਤ ਨੇ ਰਸੂਲਾਂ ਨੂੰ ਕੀ ਹੁਕਮ ਦਿੱਤਾ ਸੀ?

2 ਰਸੂਲ ਹਵਾਲਾਤ ਵਿੱਚੋਂ ਆਜ਼ਾਦ ਕਿਵੇਂ ਹੋਏ ਸਨ? ਇਕ ਦੂਤ ਨੇ ਉਨ੍ਹਾਂ ਨੂੰ ਆਜ਼ਾਦ ਕਰ ਦਿੱਤਾ ਸੀ। ਕਿਉਂ? ਤਾਂਕਿ ਉਨ੍ਹਾਂ ਨੂੰ ਹੋਰ ਸਤਾਇਆ ਨਾ ਜਾਵੇ? ਨਹੀਂ। ਇਸ ਲਈ ਕਿ ਯਰੂਸ਼ਲਮ ਦੇ ਵਾਸੀ ਯਿਸੂ ਮਸੀਹ ਬਾਰੇ ਖ਼ੁਸ਼ ਖ਼ਬਰੀ ਸੁਣ ਸਕਣ। ਦੂਤ ਨੇ ਰਸੂਲਾਂ ਨੂੰ ਹਿਦਾਇਤ ਦਿੱਤੀ ਸੀ ਕਿ ਉਹ ‘ਐਸ ਜੀਉਣ ਦੀਆਂ ਸਾਰੀਆਂ ਗੱਲਾਂ ਲੋਕਾਂ ਨੂੰ ਸੁਣਾਉਣ।’ (ਰਸੂਲਾਂ ਦੇ ਕਰਤੱਬ 5:19, 20) ਇਸ ਲਈ ਜਦੋਂ ਸਿਪਾਹੀ ਉਨ੍ਹਾਂ ਨੂੰ ਦੁਬਾਰਾ ਫੜਨ ਗਏ ਸਨ, ਤਾਂ ਉਸ ਵੇਲੇ ਹੈਕਲ ਵਿਚ ਰਸੂਲ ਦੂਤ ਦੇ ਇਸ ਹੁਕਮ ਦੀ ਪਾਲਣਾ ਕਰ ਰਹੇ ਸਨ।

3, 4. (ੳ) ਪ੍ਰਚਾਰ ਬੰਦ ਕਰਨ ਦਾ ਹੁਕਮ ਸੁਣ ਕੇ ਪਤਰਸ ਤੇ ਯੂਹੰਨਾ ਨੇ ਕੀ ਕਿਹਾ ਸੀ? (ਅ) ਹੋਰਨਾਂ ਰਸੂਲਾਂ ਨੇ ਕੀ ਜਵਾਬ ਦਿੱਤਾ?

3 ਪਤਰਸ ਅਤੇ ਯੂਹੰਨਾ ਰਸੂਲ ਪਹਿਲਾਂ ਵੀ ਮਹਾਸਭਾ ਅੱਗੇ ਪੇਸ਼ ਹੋਏ ਸਨ ਜਦੋਂ ਮੁੱਖ ਨਿਆਂਕਾਰ ਯੂਸੁਫ਼ ਕਿਯਾਫਾ ਨੇ ਉਨ੍ਹਾਂ ਨੂੰ ਪ੍ਰਚਾਰ ਕਰਨ ਤੋਂ ਸਖ਼ਤ ਮਨ੍ਹਾ ਕੀਤਾ ਸੀ। ਉਸ ਨੇ ਕਿਹਾ: “ਅਸਾਂ ਤਾਂ ਤੁਹਾਨੂੰ ਤਗੀਦ ਨਾਲ ਹੁਕਮ ਕੀਤਾ ਸੀ ਜੋ [ਯਿਸੂ ਦੇ ਨਾਂ] ਦਾ ਉਪਦੇਸ਼ ਨਾ ਕਰਨਾ ਅਤੇ ਵੇਖੋ ਤੁਸਾਂ ਯਰੂਸ਼ਲਮ ਨੂੰ ਆਪਣੀ ਸਿੱਖਿਆ ਨਾਲ ਭਰ ਦਿੱਤਾ।” (ਰਸੂਲਾਂ ਦੇ ਕਰਤੱਬ 5:28) ਪਤਰਸ ਤੇ ਯੂਹੰਨਾ ਨੂੰ ਫਿਰ ਅਦਾਲਤ ਵਿਚ ਦੇਖ ਕੇ ਕਿਯਾਫਾ ਹੈਰਾਨ ਤਾਂ ਨਹੀਂ ਹੋਇਆ ਹੋਣਾ। ਉਨ੍ਹਾਂ ਨੂੰ ਜਦੋਂ ਪਹਿਲਾਂ ਪ੍ਰਚਾਰ ਨਾ ਕਰਨ ਦਾ ਹੁਕਮ ਦਿੱਤਾ ਸੀ, ਤਾਂ ਇਨ੍ਹਾਂ ਦੋਨਾਂ ਰਸੂਲਾਂ ਨੇ ਜਵਾਬ ਦਿੱਤਾ ਸੀ: ‘ਕੀ ਪਰਮੇਸ਼ੁਰ ਦੇ ਅੱਗੇ ਇਹ ਜੋਗ ਹੈ ਜੋ ਅਸੀਂ ਪਰਮੇਸ਼ੁਰ ਨਾਲੋਂ ਤੁਹਾਡੀ ਬਹੁਤੀ ਸੁਣੀਏ? ਤੁਸੀਂ ਆਪੇ ਫ਼ੈਸਲਾ ਕਰੋ। ਕਿਉਂਕਿ ਇਹ ਸਾਥੋਂ ਹੋ ਨਹੀਂ ਸੱਕਦਾ ਕਿ ਜਿਹੜੀਆਂ ਗੱਲਾਂ ਅਸਾਂ ਵੇਖੀਆਂ ਅਤੇ ਸੁਣੀਆਂ ਓਹ ਨਾ ਆਖੀਏ।’ ਜੀ ਹਾਂ, ਪ੍ਰਾਚੀਨ ਸਮੇਂ ਦੇ ਨਬੀ ਯਿਰਮਿਯਾਹ ਦੀ ਤਰ੍ਹਾਂ ਪਤਰਸ ਅਤੇ ਯੂਹੰਨਾ ਪ੍ਰਚਾਰ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕਦੇ ਸਨ।—ਰਸੂਲਾਂ ਦੇ ਕਰਤੱਬ 4:18-20; ਯਿਰਮਿਯਾਹ 20:9.

4 ਇਸ ਵਾਰ ਨਾ ਸਿਰਫ਼ ਪਤਰਸ ਅਤੇ ਯੂਹੰਨਾ, ਬਲਕਿ ਸਾਰੇ ਰਸੂਲਾਂ ਕੋਲ ਮਹਾਸਭਾ ਅੱਗੇ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਸੀ (ਇਨ੍ਹਾਂ ਵਿਚ ਨਵਾਂ ਚੁਣਿਆ ਰਸੂਲ ਮੱਥਿਯਾਸ ਵੀ ਸੀ)। (ਰਸੂਲਾਂ ਦੇ ਕਰਤੱਬ 1:21-26) ਜਦੋਂ ਇਨ੍ਹਾਂ ਨੂੰ ਪ੍ਰਚਾਰ ਨਾ ਕਰਨ ਦਾ ਹੁਕਮ ਦਿੱਤਾ ਗਿਆ ਸੀ, ਤਾਂ ਇਨ੍ਹਾਂ ਨੇ ਵੀ ਦਲੇਰੀ ਨਾਲ ਜਵਾਬ ਦਿੱਤਾ: “ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ।”—ਰਸੂਲਾਂ ਦੇ ਕਰਤੱਬ 5:29.

ਪਰਮੇਸ਼ੁਰ ਦਾ ਹੁਕਮ ਮੰਨੀਏ ਕਿ ਮਨੁੱਖਾਂ ਦਾ?

5, 6. ਰਸੂਲਾਂ ਨੇ ਅਦਾਲਤ ਦਾ ਹੁਕਮ ਕਿਉਂ ਨਹੀਂ ਮੰਨਿਆ ਸੀ?

5 ਰਸੂਲ ਕਾਇਦੇ-ਕਾਨੂੰਨਾਂ ਨੂੰ ਮੰਨਣ ਵਾਲੇ ਇਨਸਾਨ ਸਨ ਜਿਨ੍ਹਾਂ ਨੂੰ ਅਦਾਲਤ ਦੀ ਹੁਕਮ-ਅਦੂਲੀ ਕਰਨ ਦੀ ਆਦਤ ਨਹੀਂ ਸੀ। ਪਰ ਕੋਈ ਮਨੁੱਖ ਜਿੰਨਾ ਮਰਜ਼ੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ, ਉਸ ਨੂੰ ਦੂਜਿਆਂ ਤੋਂ ਪਰਮੇਸ਼ੁਰ ਦੇ ਹੁਕਮਾਂ ਦੀ ਉਲੰਘਣਾ ਕਰਾਉਣ ਦਾ ਕੋਈ ਹੱਕ ਨਹੀਂ ਹੈ ਕਿਉਂਕਿ ‘ਸਾਰੀ ਧਰਤੀ ਉੱਤੇ ਅੱਤ ਮਹਾਨ’ ਤਾਂ ਯਹੋਵਾਹ ਹੀ ਹੈ। (ਜ਼ਬੂਰਾਂ ਦੀ ਪੋਥੀ 83:18) ਉਹ ਨਾ ਸਿਰਫ਼ “ਸਾਰੀ ਧਰਤੀ ਦਾ ਨਿਆਈ” ਹੈ, ਬਲਕਿ ਕਾਨੂੰਨਾਂ ਦਾ ਜਨਮਦਾਤਾ ਅਤੇ ਜੁੱਗਾਂ ਦਾ ਮਹਾਰਾਜ ਵੀ ਹੈ। ਅਦਾਲਤ ਦਾ ਕੋਈ ਵੀ ਹੁਕਮ ਜੋ ਪਰਮੇਸ਼ੁਰ ਦੇ ਕਿਸੇ ਹੁਕਮ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਹੈ, ਉਹ ਪਰਮੇਸ਼ੁਰ ਦੀ ਨਜ਼ਰ ਵਿਚ ਜਾਇਜ਼ ਨਹੀਂ ਹੈ।—ਉਤਪਤ 18:25, 26; ਯਸਾਯਾਹ 33:22.

6 ਇਹ ਗੱਲ ਕੁਝ ਵੱਡੇ-ਵੱਡੇ ਕਾਨੂੰਨ ਮਾਹਰਾਂ ਨੇ ਵੀ ਮੰਨੀ ਹੈ। ਮਿਸਾਲ ਲਈ, 18ਵੀਂ ਸਦੀ ਦੇ ਇਕ ਮੰਨੇ-ਪ੍ਰਮੰਨੇ ਅੰਗ੍ਰੇਜ਼ ਜੱਜ ਵਿਲਿਅਮ ਬਲੈਕਸਟੋਨ ਨੇ ਲਿਖਿਆ ਕਿ ਮਨੁੱਖਾਂ ਦੇ ਕਿਸੇ ਵੀ ਕਾਨੂੰਨ ਨੂੰ ਬਾਈਬਲ ਵਿਚ ਦੱਸੇ “ਰੱਬੀ ਕਾਨੂੰਨ” ਦਾ ਵਿਰੋਧ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਮਹਾਸਭਾ ਨੇ ਰਸੂਲਾਂ ਨੂੰ ਪ੍ਰਚਾਰ ਦਾ ਕੰਮ ਬੰਦ ਕਰਨ ਦਾ ਹੁਕਮ ਦੇ ਕੇ ਆਪਣੀਆਂ ਹੱਦਾਂ ਟੱਪ ਲਈਆਂ ਸਨ ਜਿਸ ਕਰਕੇ ਰਸੂਲ ਇਸ ਹੁਕਮ ਦੀ ਪਾਲਣਾ ਨਹੀਂ ਕਰ ਸਕਦੇ ਸਨ।

7. ਪ੍ਰਚਾਰ ਦੇ ਕੰਮ ਕਾਰਨ ਪ੍ਰਧਾਨ ਜਾਜਕਾਂ ਦਾ ਗੁੱਸਾ ਕਿਉਂ ਭੜਕ ਉੱਠਿਆ ਸੀ?

7 ਰਸੂਲਾਂ ਨੇ ਪ੍ਰਚਾਰ ਕਰਦੇ ਰਹਿਣ ਦਾ ਮਜ਼ਬੂਤ ਇਰਾਦਾ ਕੀਤਾ ਹੋਇਆ ਸੀ। ਇਸ ਕਰਕੇ ਪ੍ਰਧਾਨ ਜਾਜਕਾਂ ਦਾ ਗੁੱਸਾ ਭੜਕ ਉੱਠਿਆ ਸੀ। ਕਿਯਾਫਾ ਤੇ ਹੋਰ ਕੁਝ ਜਾਜਕ ਸਦੂਕੀ ਸਨ। ਉਹ ਇਹ ਨਹੀਂ ਮੰਨਦੇ ਸਨ ਕਿ ਮਰੇ ਹੋਏ ਲੋਕ ਮੁੜ ਜੀ ਉੱਠਣਗੇ। (ਰਸੂਲਾਂ ਦੇ ਕਰਤੱਬ 4:1, 2; 5:17) ਪਰ ਰਸੂਲ ਇਸ ਗੱਲ ਤੇ ਜ਼ੋਰ ਦੇ ਰਹੇ ਸਨ ਕਿ ਯਿਸੂ ਜ਼ਿੰਦਾ ਹੋ ਗਿਆ ਸੀ। ਇਸ ਤੋਂ ਇਲਾਵਾ, ਕੁਝ ਪ੍ਰਧਾਨ ਜਾਜਕ ਰੋਮੀ ਅਧਿਕਾਰੀਆਂ ਨੂੰ ਖ਼ੁਸ਼ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾਉਂਦੇ ਸਨ। ਜਦੋਂ ਯਿਸੂ ਤੇ ਮੁਕੱਦਮਾ ਚੱਲ ਰਿਹਾ ਸੀ, ਤਾਂ ਪ੍ਰਧਾਨ ਜਾਜਕਾਂ ਨੂੰ ਮੌਕਾ ਦਿੱਤਾ ਗਿਆ ਸੀ ਕਿ ਉਹ ਯਿਸੂ ਨੂੰ ਆਪਣਾ ਰਾਜਾ ਮੰਨ ਲੈਣ। ਪਰ ਉਹ ਉੱਚੀ ਆਵਾਜ਼ ਵਿਚ ਬੋਲੇ: “ਕੈਸਰ ਬਿਨਾ ਸਾਡਾ ਕੋਈ ਪਾਤਸ਼ਾਹ ਨਹੀਂ ਹੈ।” (ਯੂਹੰਨਾ 19:15) * ਪਰ ਰਸੂਲ ਦਾਅਵੇ ਨਾਲ ਨਾ ਸਿਰਫ਼ ਇਹ ਕਹਿ ਰਹੇ ਸਨ ਕਿ ਯਿਸੂ ਜ਼ਿੰਦਾ ਹੋ ਗਿਆ ਸੀ, ਬਲਕਿ ਇਹ ਵੀ ਸਿਖਾ ਰਹੇ ਸਨ ਕਿ ਯਿਸੂ ਦੇ ਨਾਂ ਤੋਂ ਬਿਨਾਂ “ਅਕਾਸ਼ ਦੇ ਹੇਠਾਂ ਮਨੁੱਖਾਂ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਏ ਜਾਣਾ ਹੈ।” (ਰਸੂਲਾਂ ਦੇ ਕਰਤੱਬ 2:36; 4:12) ਜਾਜਕਾਂ ਨੂੰ ਡਰ ਸੀ ਕਿ ਜੇ ਲੋਕਾਂ ਨੇ ਜੀ ਉੱਠੇ ਯਿਸੂ ਨੂੰ ਆਪਣਾ ਆਗੂ ਮੰਨ ਲਿਆ, ਤਾਂ ਰੋਮੀਆਂ ਨੇ ਆ ਕੇ ਯਹੂਦੀ ਆਗੂਆਂ ਦੀ ‘ਜਗ੍ਹਾ ਅਰ ਕੌਮ ਲੈ ਲੈਣੀ’ ਸੀ।—ਯੂਹੰਨਾ 11:48.

8. ਗਮਲੀਏਲ ਨੇ ਮਹਾਸਭਾ ਨੂੰ ਕਿਹੜੀ ਸਿਆਣੀ ਸਲਾਹ ਦਿੱਤੀ?

8 ਯਿਸੂ ਮਸੀਹ ਦੇ ਰਸੂਲਾਂ ਦਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਸੀ ਕਿਉਂਕਿ ਮਹਾਸਭਾ ਦੇ ਨਿਆਈ ਉਨ੍ਹਾਂ ਨੂੰ ਮਾਰ ਦੇਣ ਦੀ ਠਾਣ ਚੁੱਕੇ ਸਨ। (ਰਸੂਲਾਂ ਦੇ ਕਰਤੱਬ 5:33) ਫਿਰ ਅਚਾਨਕ ਹਾਲਾਤ ਨੇ ਆਪਣਾ ਰੁਖ ਬਦਲਿਆ। ਸ਼ਰਾ ਦੇ ਇਕ ਮਾਹਰ ਗਮਲੀਏਲ ਨੇ ਉੱਠ ਕੇ ਆਪਣੇ ਸਾਥੀਆਂ ਨੂੰ ਚੇਤਾਵਨੀ ਦਿੱਤੀ ਕਿ ਉਹ ਜਲਦਬਾਜ਼ੀ ਵਿਚ ਕੋਈ ਕਦਮ ਨਾ ਚੁੱਕਣ। ਉਸ ਨੇ ਇਹ ਸਿਆਣੀ ਗੱਲ ਕਹੀ: “ਜੇ ਇਹ ਮੱਤ ਅਰ ਇਹ ਕੰਮ ਆਦਮੀਆਂ ਦੀ ਵੱਲੋਂ ਹੈ ਤਾਂ ਨਸ਼ਟ ਹੋ ਜਾਊ। ਪਰ ਜੇ ਪਰਮੇਸ਼ੁਰ ਦੀ ਵੱਲੋਂ ਹੈ ਤਾਂ ਤੁਸੀਂ ਉਨ੍ਹਾਂ ਨੂੰ ਨਸ਼ਟ ਨਹੀਂ ਕਰ ਸੱਕੋਗੇ।” ਫਿਰ ਗਮਲੀਏਲ ਨੇ ਅੱਗੋਂ ਗੌਰ ਕਰਨ ਲਾਇਕ ਗੱਲ ਕਰਦਿਆਂ ਕਿਹਾ: “ਐਉਂ ਨਾ ਹੋਵੇ ਜੋ ਤੁਸੀਂ ਪਰਮੇਸ਼ੁਰ ਨਾਲ ਵੀ ਲੜਨ ਵਾਲੇ ਠਹਿਰੋ।”—ਰਸੂਲਾਂ ਦੇ ਕਰਤੱਬ 5:34, 38, 39.

9. ਕਿਹੜੀ ਗੱਲ ਸਾਬਤ ਕਰਦੀ ਹੈ ਕਿ ਰਸੂਲਾਂ ਦਾ ਕੰਮ ਪਰਮੇਸ਼ੁਰ ਵੱਲੋਂ ਸੀ?

9 ਹੈਰਾਨੀ ਦੀ ਗੱਲ ਹੈ ਕਿ ਸਭਾ ਨੇ ਗਮਲੀਏਲ ਦੀ ਸਲਾਹ ਮੰਨ ਲਈ। ਮਹਾਸਭਾ ਨੇ “ਰਸੂਲਾਂ ਨੂੰ ਕੋਲ ਸੱਦਿਆ ਤਾਂ ਮਾਰ ਕੁੱਟ ਕੇ ਓਹਨਾਂ ਨੂੰ ਤਗੀਦ ਕੀਤੀ ਜੋ ਯਿਸੂ ਦੇ ਨਾਮ ਦਾ ਚਰਚਾ ਨਾ ਕਰਨਾ, ਫੇਰ ਓਹਨਾਂ ਨੂੰ ਛੱਡ ਦਿੱਤਾ।” ਪਰ ਰਸੂਲ ਬਿਨਾਂ ਖ਼ੌਫ਼ ਦੂਤ ਦੇ ਹੁਕਮ ਦੀ ਪਾਲਣ ਕਰਨ ਲਈ ਅਟੱਲ ਰਹੇ। ਇਸ ਲਈ ਆਜ਼ਾਦ ਹੋਣ ਤੋਂ ਬਾਅਦ, “ਓਹ ਰੋਜ ਹੈਕਲ ਵਿੱਚ ਅਤੇ ਘਰੀਂ ਉਪਦੇਸ਼ ਕਰਨ ਅਰ ਇਹ ਖੁਸ਼ ਖਬਰੀ ਸੁਣਾਉਣ ਤੋਂ ਨਾ ਹਟੇ ਭਈ ਯਿਸੂ ਉਹੀ ਮਸੀਹ ਹੈ!” (ਰਸੂਲਾਂ ਦੇ ਕਰਤੱਬ 5:40, 42) ਯਹੋਵਾਹ ਦੀ ਬਰਕਤ ਸਦਕਾ ਉਨ੍ਹਾਂ ਦੀ ਮਿਹਨਤ ਰੰਗ ਲਿਆਈ। ਕਿਸ ਹੱਦ ਤਕ? “ਪਰਮੇਸ਼ੁਰ ਦਾ ਬਚਨ ਫੈਲਦਾ ਗਿਆ ਅਰ ਯਰੂਸ਼ਲਮ ਵਿੱਚ ਚੇਲਿਆਂ ਦੀ ਗਿਣਤੀ ਬਹੁਤ ਵਧਦੀ ਜਾਂਦੀ ਸੀ।” ਦਰਅਸਲ “ਬਹੁਤ ਸਾਰੇ ਜਾਜਕ ਉਸ ਮੱਤ ਦੇ ਮੰਨਣ ਵਾਲੇ ਹੋ ਗਏ।” (ਰਸੂਲਾਂ ਦੇ ਕਰਤੱਬ 6:7) ਇਹ ਜਾਣ ਕੇ ਪ੍ਰਧਾਨ ਜਾਜਕਾਂ ਨੂੰ ਕਿੰਨਾ ਵੱਡਾ ਧੱਕਾ ਲੱਗਾ ਹੋਣਾ! ਇਸ ਗੱਲ ਦਾ ਸਬੂਤ ਸਾਫ਼ ਨਜ਼ਰ ਆ ਰਿਹਾ ਸੀ ਕਿ ਰਸੂਲਾਂ ਦਾ ਕੰਮ ਪਰਮੇਸ਼ੁਰ ਵੱਲੋਂ ਹੀ ਸੀ!

ਪਰਮੇਸ਼ੁਰ ਖ਼ਿਲਾਫ਼ ਲੜਨ ਵਾਲੇ ਕਾਮਯਾਬ ਨਹੀਂ ਹੁੰਦੇ

10. ਕਿਯਾਫਾ ਨੇ ਕਿਉਂ ਸੋਚਿਆ ਹੋਣਾ ਕਿ ਉਸ ਦੀ ਪਦਵੀ ਬਰਕਰਾਰ ਰਹੇਗੀ, ਪਰ ਉਸ ਦਾ ਭਰੋਸਾ ਉਸ ਦੇ ਕੰਮ ਕਿਉਂ ਨਹੀਂ ਆਇਆ?

10 ਪਹਿਲੀ ਸਦੀ ਵਿਚ ਰੋਮੀ ਅਧਿਕਾਰੀ ਯਹੂਦੀ ਪ੍ਰਧਾਨ ਜਾਜਕਾਂ ਨੂੰ ਨਿਯੁਕਤ ਕਰਦੇ ਸਨ। ਧਨੀ ਯੂਸੁਫ਼ ਕਿਯਾਫਾ ਨੂੰ ਵਾਲੇਰਿਊਸ ਗਰਾਟੂਸ ਨੇ ਨਿਯੁਕਤ ਕੀਤਾ ਸੀ ਤੇ ਉਹ ਆਪਣੇ ਤੋਂ ਪਹਿਲਾਂ ਦੇ ਕਈ ਜਾਜਕਾਂ ਨਾਲੋਂ ਜ਼ਿਆਦਾ ਚਿਰ ਇਸ ਪਦਵੀ ਤੇ ਟਿਕਿਆ ਰਿਹਾ। ਕਿਯਾਫਾ ਨੇ ਸ਼ਾਇਦ ਆਪਣੀ ਇਸ ਕਾਮਯਾਬੀ ਦਾ ਸਿਹਰਾ ਪਰਮੇਸ਼ੁਰ ਨੂੰ ਦੇਣ ਦੀ ਬਜਾਇ ਆਪਣੀ ਕੂਟਨੀਤੀ ਅਤੇ ਪਿਲਾਤੁਸ ਨਾਲ ਆਪਣੀ ਦੋਸਤੀ ਨੂੰ ਦਿੱਤਾ। ਕੁਝ ਵੀ ਹੋਵੇ, ਇਨਸਾਨਾਂ ਉੱਤੇ ਉਸ ਦਾ ਭਰੋਸਾ ਉਸ ਦੇ ਕੰਮ ਨਹੀਂ ਆਇਆ। ਮਹਾਸਭਾ ਅੱਗੇ ਰਸੂਲਾਂ ਦੇ ਪੇਸ਼ ਹੋਣ ਤੋਂ ਸਿਰਫ਼ ਤਿੰਨ ਸਾਲ ਬਾਅਦ ਹੀ ਕਿਯਾਫਾ ਰੋਮੀ ਅਧਿਕਾਰੀਆਂ ਦੀਆਂ ਨਜ਼ਰਾਂ ਵਿਚ ਡਿੱਗ ਗਿਆ ਤੇ ਉਸ ਨੂੰ ਪ੍ਰਧਾਨ ਜਾਜਕ ਦੀ ਪਦਵੀ ਤੋਂ ਲਾਹ ਦਿੱਤਾ ਗਿਆ।

11. ਪੁੰਤਿਯੁਸ ਪਿਲਾਤੁਸ, ਯਰੂਸ਼ਲਮ ਅਤੇ ਉਸ ਦੀ ਹੈਕਲ ਦਾ ਕੀ ਬਣਿਆ ਅਤੇ ਇਸ ਤੋਂ ਅਸੀਂ ਕੀ ਸਿੱਖਦੇ ਹਾਂ?

11 ਕਿਯਾਫਾ ਨੂੰ ਪਦਵੀ ਤੋਂ ਲਾਹੁਣ ਦਾ ਹੁਕਮ ਪਿਲਾਤੁਸ ਤੋਂ ਵੱਡੇ ਅਧਿਕਾਰੀ ਸੀਰੀਆ ਦੇ ਹਾਕਮ ਲੁਕਿਊਸ ਵਿਟਲੀਊਸ ਨੇ ਦਿੱਤਾ ਸੀ। ਕਿਯਾਫਾ ਦਾ ਜਿਗਰੀ ਦੋਸਤ ਪਿਲਾਤੁਸ ਆਪਣੇ ਦੋਸਤ ਦੀ ਪਦਵੀ ਬਚਾਉਣ ਲਈ ਕੁਝ ਨਾ ਕਰ ਸਕਿਆ। ਦਰਅਸਲ, ਕਿਯਾਫਾ ਨੂੰ ਹਟਾਏ ਜਾਣ ਤੋਂ ਇਕ ਸਾਲ ਬਾਅਦ ਹੀ ਪਿਲਾਤੁਸ ਨੂੰ ਵੀ ਉਸ ਦੀ ਪਦਵੀ ਤੋਂ ਲਾਹ ਦਿੱਤਾ ਗਿਆ ਤਾਂਕਿ ਉਹ ਰੋਮ ਵਾਪਸ ਜਾ ਕੇ ਆਪਣੇ ਉੱਤੇ ਲੱਗੇ ਗੰਭੀਰ ਦੋਸ਼ਾਂ ਦਾ ਜਵਾਬ ਦੇ ਸਕੇ। ਕੈਸਰ ਉੱਤੇ ਭਰੋਸਾ ਰੱਖਣ ਵਾਲੇ ਯਹੂਦੀ ਆਗੂਆਂ ਦਾ ਭਰੋਸਾ ਢਹਿ-ਢੇਰੀ ਹੋ ਗਿਆ ਜਦੋਂ ਰੋਮੀਆਂ ਨੇ ‘ਉਨ੍ਹਾਂ ਦੀ ਜਗ੍ਹਾ ਅਰ ਉਨ੍ਹਾਂ ਦੀ ਕੌਮ’ ਲੈ ਲਈ। ਇਹ 70 ਈਸਵੀ ਵਿਚ ਹੋਇਆ ਜਦੋਂ ਰੋਮੀਆਂ ਨੇ ਯਰੂਸ਼ਲਮ ਸ਼ਹਿਰ ਦੇ ਨਾਲ-ਨਾਲ ਹੈਕਲ ਅਤੇ ਮਹਾਸਭਾ ਦੀ ਕਚਹਿਰੀ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਇਸ ਸੰਬੰਧੀ ਇਸ ਜ਼ਬੂਰ ਦੇ ਲਿਖਾਰੀ ਦੇ ਇਹ ਸ਼ਬਦ ਕਿੰਨੇ ਸੱਚ ਸਾਬਤ ਹੋਏ: “ਹਾਕਮਾਂ ਦੇ ਉੱਤੇ ਭਰੋਸਾ ਨਾ ਰੱਖੋ, ਨਾ ਆਦਮ ਵੰਸ ਉੱਤੇ, ਜਿਹ ਦੇ ਕੋਲ ਬਚਾਓ ਹੈ ਨਹੀਂ।”—ਯੂਹੰਨਾ 11:48; ਜ਼ਬੂਰਾਂ ਦੀ ਪੋਥੀ 146:3.

12. ਯਿਸੂ ਦੀ ਪਦਵੀ ਨੂੰ ਧਿਆਨ ਵਿਚ ਰੱਖਦਿਆਂ ਪਰਮੇਸ਼ੁਰ ਦੀ ਆਗਿਆ ਮੰਨਣੀ ਹੀ ਬੁੱਧੀਮਤਾ ਦੀ ਗੱਲ ਕਿਉਂ ਹੈ?

12 ਕਿਯਾਫਾ ਦੀ ਨਿਯੁਕਤੀ ਦੇ ਉਲਟ, ਪਰਮੇਸ਼ੁਰ ਨੇ ਮੁਰਦਿਆਂ ਵਿੱਚੋਂ ਜੀ ਉੱਠੇ ਯਿਸੂ ਮਸੀਹ ਨੂੰ ਸਵਰਗ ਵਿਚ ਪ੍ਰਧਾਨ ਜਾਜਕ ਨਿਯੁਕਤ ਕੀਤਾ। ਕੋਈ ਵੀ ਇਨਸਾਨ ਉਸ ਨੂੰ ਇਸ ਪਦਵੀ ਤੋਂ ਲਾਹ ਨਹੀਂ ਸਕਦਾ। ਇਸ ਕਰਕੇ ਯਿਸੂ ਦੀ “ਜਾਜਕਾਈ ਅਟੱਲ ਹੈ।” (ਇਬਰਾਨੀਆਂ 2:9; 7:17, 24; 9:11) ਪਰਮੇਸ਼ੁਰ ਨੇ ਉਸ ਨੂੰ ਜੀਉਂਦਿਆਂ ਅਤੇ ਮੁਰਦਿਆਂ ਦਾ ਨਿਆਂਕਾਰ ਵੀ ਠਹਿਰਾਇਆ ਹੈ। (1 ਪਤਰਸ 4:5) ਇਸ ਹੈਸੀਅਤ ਵਿਚ ਹੋਣ ਕਰਕੇ ਯਿਸੂ ਤੈ ਕਰੇਗਾ ਕਿ ਯੂਸੁਫ਼ ਕਿਯਾਫਾ ਅਤੇ ਪੁੰਤਿਯੁਸ ਪਿਲਾਤੁਸ ਨੂੰ ਭਵਿੱਖ ਵਿਚ ਮੁੜ ਜ਼ਿੰਦਾ ਕੀਤਾ ਜਾਵੇਗਾ ਜਾਂ ਨਹੀਂ।—ਮੱਤੀ 23:33; ਰਸੂਲਾਂ ਦੇ ਕਰਤੱਬ 24:15.

ਵੀਹਵੀਂ ਤੇ ਇੱਕੀਵੀਂ ਸਦੀ ਦੇ ਪਰਮੇਸ਼ੁਰ ਦੇ ਰਾਜ ਦੇ ਨਿਧੜਕ ਪ੍ਰਚਾਰਕ

13. ਵੀਹਵੀਂ ਸਦੀ ਵਿਚ ਕਿਹੜਾ ਕੰਮ ਆਦਮੀਆਂ ਵੱਲੋਂ ਤੇ ਕਿਹੜਾ ਕੰਮ ਪਰਮੇਸ਼ੁਰ ਵੱਲੋਂ ਸਾਬਤ ਹੋਇਆ ਹੈ? ਇਹ ਤੁਸੀਂ ਕਿੱਦਾਂ ਜਾਣਦੇ ਹੋ?

13 ਪਹਿਲੀ ਸਦੀ ਵਾਂਗ ਸਾਡੇ ਸਮਿਆਂ ਵਿਚ ਵੀ ‘ਪਰਮੇਸ਼ੁਰ ਨਾਲ ਲੜਨ ਵਾਲਿਆਂ’ ਦੀ ਕੋਈ ਘਾਟ ਨਹੀਂ ਹੈ। (ਰਸੂਲਾਂ ਦੇ ਕਰਤੱਬ 5:39) ਮਿਸਾਲ ਲਈ, ਜਦੋਂ ਯਹੋਵਾਹ ਦੇ ਗਵਾਹਾਂ ਨੇ ਹਾਈਲ ਹਿਟਲਰ ਨਹੀਂ ਕਿਹਾ ਯਾਨੀ ਹਿਟਲਰ ਨੂੰ ਆਪਣਾ ਮਾਲਕ ਮੰਨਣ ਤੋਂ ਇਨਕਾਰ ਕਰ ਦਿੱਤਾ, ਤਾਂ ਹਿਟਲਰ ਨੇ ਉਨ੍ਹਾਂ ਦਾ ਖੁਰਾ-ਖੋਜ ਮਿਟਾ ਦੇਣ ਦੀ ਸਹੁੰ ਖਾਧੀ। (ਮੱਤੀ 23:10) ਉਸ ਦੀ ਸ਼ਕਤੀਸ਼ਾਲੀ ਫ਼ੌਜ ਨੂੰ ਦੇਖ ਕੇ ਲੱਗਦਾ ਸੀ ਕਿ ਇਹ ਉਸ ਦੇ ਖੱਬੇ ਹੱਥ ਦੀ ਖੇਡ ਸੀ। ਨਾਜ਼ੀਆਂ ਨੇ ਕਈ ਹਜ਼ਾਰ ਗਵਾਹਾਂ ਨੂੰ ਗਿਰਫ਼ਤਾਰ ਕਰ ਕੇ ਤਸ਼ੱਦਦ ਕੈਂਪਾਂ ਵਿਚ ਸੁੱਟ ਦਿੱਤਾ ਸੀ। ਉਨ੍ਹਾਂ ਨੇ ਕੁਝ ਗਵਾਹਾਂ ਨੂੰ ਮੌਤ ਦੇ ਘਾਟ ਵੀ ਉਤਾਰਿਆ। ਪਰ ਨਾ ਤਾਂ ਉਹ ਗਵਾਹਾਂ ਨੂੰ ਪਰਮੇਸ਼ੁਰ ਦੀ ਭਗਤੀ ਕਰਨ ਤੋਂ ਰੋਕ ਸਕੇ ਅਤੇ ਨਾ ਹੀ ਉਹ ਪਰਮੇਸ਼ੁਰ ਦੇ ਸੇਵਕਾਂ ਦਾ ਖੁਰਾ-ਖੋਜ ਮਿਟਾ ਸਕੇ। ਜੀ ਹਾਂ, ਇਨ੍ਹਾਂ ਗਵਾਹਾਂ ਦਾ ਕੰਮ ਆਦਮੀਆਂ ਵੱਲੋਂ ਨਹੀਂ ਸੀ ਬਲਕਿ ਪਰਮੇਸ਼ੁਰ ਵੱਲੋਂ ਸੀ ਤੇ ਪਰਮੇਸ਼ੁਰ ਦੇ ਕੰਮ ਨੂੰ ਰੋਕਣਾ ਨਾਮੁਮਕਿਨ ਹੈ। ਹਿਟਲਰ ਦੇ ਤਸ਼ੱਦਦ ਕੈਂਪਾਂ ਵਿੱਚੋਂ ਆਜ਼ਾਦ ਹੋਏ ਵਫ਼ਾਦਾਰ ਗਵਾਹ ਸੱਠਾਂ ਸਾਲਾਂ ਬਾਅਦ ਵੀ ਯਹੋਵਾਹ ਦੀ ਸੇਵਾ “ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ” ਕਰ ਰਹੇ ਹਨ ਜਦ ਕਿ ਹਿਟਲਰ ਅਤੇ ਉਸ ਦੀ ਨਾਜ਼ੀ ਪਾਰਟੀ ਅਤੀਤ ਦੇ ਹਨੇਰੇ ਵਿਚ ਗੁਆਚ ਗਏ ਜਿਨ੍ਹਾਂ ਨੂੰ ਸਿਰਫ਼ ਉਨ੍ਹਾਂ ਦੇ ਘਿਣਾਉਣੇ ਕਾਰਨਾਮਿਆਂ ਕਰਕੇ ਹੀ ਯਾਦ ਕੀਤਾ ਜਾਂਦਾ ਹੈ।—ਮੱਤੀ 22:37.

14. (ੳ) ਵਿਰੋਧੀਆਂ ਨੇ ਪਰਮੇਸ਼ੁਰ ਦੇ ਸੇਵਕਾਂ ਨੂੰ ਬਦਨਾਮ ਕਰਨ ਦੀਆਂ ਕਿਹੜੀਆਂ ਕੋਸ਼ਿਸ਼ਾਂ ਕੀਤੀਆਂ ਤੇ ਇਸ ਦੇ ਕੀ ਨਤੀਜੇ ਨਿਕਲੇ? (ਅ) ਕੀ ਇਨ੍ਹਾਂ ਕੋਸ਼ਿਸ਼ਾਂ ਕਾਰਨ ਪਰਮੇਸ਼ੁਰ ਦੇ ਲੋਕਾਂ ਨੂੰ ਸਦਾ ਲਈ ਕੋਈ ਨੁਕਸਾਨ ਪਹੁੰਚਿਆ? (ਇਬਰਾਨੀਆਂ 13:5, 6)

14 ਨਾਜ਼ੀਆਂ ਤੋਂ ਬਾਅਦ ਹੋਰਨਾਂ ਨੇ ਵੀ ਯਹੋਵਾਹ ਅਤੇ ਉਸ ਦੇ ਲੋਕਾਂ ਖ਼ਿਲਾਫ਼ ਉੱਠ ਕੇ ਮੂੰਹ ਦੀ ਖਾਧੀ ਹੈ। ਕਈ ਯੂਰਪੀ ਦੇਸ਼ਾਂ ਵਿਚ ਚਾਲਬਾਜ਼ ਧਾਰਮਿਕ ਤੇ ਰਾਜਨੀਤਿਕ ਤਾਕਤਾਂ ਨੇ ਯਹੋਵਾਹ ਦੇ ਗਵਾਹਾਂ ਨੂੰ ਖ਼ਤਰਨਾਕ ਪੰਥ ਕਹਿ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹੀ ਇਲਜ਼ਾਮ ਪਹਿਲੀ ਸਦੀ ਦੇ ਮਸੀਹੀਆਂ ਉੱਤੇ ਲਾਇਆ ਗਿਆ ਸੀ। (ਰਸੂਲਾਂ ਦੇ ਕਰਤੱਬ 28:22) ਸੱਚ ਤਾਂ ਇਹ ਹੈ ਕਿ ਮਾਨਵੀ ਅਧਿਕਾਰਾਂ ਦੀ ਯੂਰਪੀ ਅਦਾਲਤ ਨੇ ਯਹੋਵਾਹ ਦੇ ਗਵਾਹਾਂ ਨੂੰ ਇਕ ਧਰਮ ਦੇ ਤੌਰ ਤੇ ਮਾਨਤਾ ਦਿੱਤੀ ਹੈ, ਨਾ ਕਿ ਇਕ ਖ਼ਤਰਨਾਕ ਪੰਥ ਜਾਂ ਫ਼ਿਰਕੇ ਦੇ ਤੌਰ ਤੇ। ਵਿਰੋਧੀ ਇਸ ਗੱਲ ਨੂੰ ਜਾਣਦੇ ਹਨ। ਪਰ ਫਿਰ ਵੀ ਉਹ ਯਹੋਵਾਹ ਦੇ ਗਵਾਹਾਂ ਨੂੰ ਬਦਨਾਮ ਕਰਨ ਤੇ ਤੁਲੇ ਹੋਏ ਹਨ। ਅਜਿਹੇ ਝੂਠੇ ਦੋਸ਼ਾਂ ਦੇ ਆਧਾਰ ਤੇ ਕੁਝ ਗਵਾਹਾਂ ਨੂੰ ਨੌਕਰੀਆਂ ਤੋਂ ਹਟਾ ਦਿੱਤਾ ਗਿਆ। ਸਕੂਲਾਂ ਵਿਚ ਗਵਾਹਾਂ ਦੇ ਬੱਚਿਆਂ ਨੂੰ ਤੰਗ ਕੀਤਾ ਗਿਆ। ਜਿਨ੍ਹਾਂ ਇਮਾਰਤਾਂ ਨੂੰ ਗਵਾਹ ਚਿਰਾਂ ਤੋਂ ਸਭਾਵਾਂ ਲਈ ਵਰਤ ਰਹੇ ਸਨ, ਉਨ੍ਹਾਂ ਇਮਾਰਤਾਂ ਦੇ ਮਾਲਕਾਂ ਨੇ ਡਰ ਦੇ ਮਾਰੇ ਇਨ੍ਹਾਂ ਇਮਾਰਤਾਂ ਨੂੰ ਹੁਣ ਅੱਗੋਂ ਹੋਰ ਸਮੇਂ ਲਈ ਕਿਰਾਏ ਤੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕੁਝ ਸਰਕਾਰਾਂ ਨੇ ਸਿਰਫ਼ ਇਸ ਕਰਕੇ ਕੁਝ ਵਿਅਕਤੀਆਂ ਨੂੰ ਨਾਗਰਿਕਤਾ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਯਹੋਵਾਹ ਦੇ ਗਵਾਹ ਹਨ! ਇਹ ਸਭ ਕੁਝ ਹੋਣ ਤੇ ਵੀ ਯਹੋਵਾਹ ਦੇ ਗਵਾਹ ਹਾਰ ਨਹੀਂ ਮੰਨਦੇ।

15, 16. ਫਰਾਂਸ ਵਿਚ ਯਹੋਵਾਹ ਦੇ ਗਵਾਹਾਂ ਨੇ ਪ੍ਰਚਾਰ ਦਾ ਵਿਰੋਧ ਹੋਣ ਤੇ ਕਿਹੋ ਜਿਹਾ ਹੁੰਗਾਰਾ ਭਰਿਆ ਤੇ ਉਹ ਪ੍ਰਚਾਰ ਕਰਨ ਵਿਚ ਕਿਉਂ ਲੱਗੇ ਰਹੇ?

15 ਮਿਸਾਲ ਲਈ, ਫਰਾਂਸ ਦੇ ਲੋਕ ਆਮ ਕਰਕੇ ਸਮਝਦਾਰ ਅਤੇ ਖੁੱਲ੍ਹੇ ਵਿਚਾਰਾਂ ਵਾਲੇ ਹਨ। ਪਰ ਕੁਝ ਵਿਰੋਧੀਆਂ ਨੇ ਅਜਿਹੇ ਕਾਨੂੰਨ ਪਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਨਾਲ ਸਾਡੇ ਪ੍ਰਚਾਰ ਦੇ ਕੰਮ ਵਿਚ ਰੁਕਾਵਟ ਪਵੇ। ਉੱਥੇ ਯਹੋਵਾਹ ਦੇ ਗਵਾਹਾਂ ਨੇ ਕਿਹੋ ਜਿਹਾ ਹੁੰਗਾਰਾ ਭਰਿਆ? ਉਹ ਪ੍ਰਚਾਰ ਦਾ ਕੰਮ ਹੋਰ ਜ਼ੋਰ-ਸ਼ੋਰ ਨਾਲ ਕਰਨ ਲੱਗ ਪਏ ਜਿਸ ਦੇ ਵਧੀਆ ਨਤੀਜੇ ਨਿਕਲੇ। (ਯਾਕੂਬ 4:7) ਸਿਰਫ਼ ਛੇ ਮਹੀਨਿਆਂ ਵਿਚ ਹੀ ਬਾਈਬਲ ਸਟੱਡੀਆਂ ਦੀ ਗਿਣਤੀ ਵਿਚ 33 ਪ੍ਰਤਿਸ਼ਤ ਵਾਧਾ ਹੋਇਆ! ਫਰਾਂਸ ਵਿਚ ਨੇਕਦਿਲ ਲੋਕਾਂ ਨੂੰ ਬਾਈਬਲ ਸਟੱਡੀ ਕਰਦਿਆਂ ਦੇਖ ਕੇ ਸ਼ਤਾਨ ਦਾ ਤਾਂ ਪਾਰਾ ਚੜ੍ਹ ਗਿਆ ਹੋਣਾ। (ਪਰਕਾਸ਼ ਦੀ ਪੋਥੀ 12:17) ਫਰਾਂਸ ਵਿਚ ਰਹਿੰਦੇ ਸਾਡੇ ਮਸੀਹੀ ਭੈਣਾਂ-ਭਰਾਵਾਂ ਨੂੰ ਯਕੀਨ ਹੈ ਕਿ ਯਸਾਯਾਹ ਨਬੀ ਦੇ ਇਹ ਸ਼ਬਦ ਉਨ੍ਹਾਂ ਬਾਰੇ ਸੱਚ ਸਾਬਤ ਹੋਣਗੇ: ‘ਹਰ ਹਥਿਆਰ ਜੋ ਤੁਹਾਡੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ, ਹਰ ਜੀਭ ਨੂੰ ਜੋ ਤੁਹਾਡੇ ਵਿਰੁੱਧ ਨਿਆਉਂ ਲਈ ਉੱਠੇ, ਤੁਸੀਂ ਦੋਸ਼ੀ ਠਹਿਰਾਵੋਗੇ।’—ਯਸਾਯਾਹ 54:17.

16 ਯਹੋਵਾਹ ਦੇ ਗਵਾਹਾਂ ਨੂੰ ਸਤਾਹਟਾਂ ਸਹਿਣ ਵਿਚ ਕੋਈ ਮਜ਼ਾ ਨਹੀਂ ਆਉਂਦਾ। ਪਰ ਪਰਮੇਸ਼ੁਰ ਦੇ ਹੁਕਮ ਦੀ ਪਾਲਣਾ ਕਰਦਿਆਂ ਉਹ ਉਨ੍ਹਾਂ ਗੱਲਾਂ ਬਾਰੇ ਦੱਸਣੋਂ ਨਹੀਂ ਹਟ ਸਕਦੇ ਤੇ ਨਾ ਹੀ ਹਟਣਗੇ ਜੋ ਉਨ੍ਹਾਂ ਨੇ ਸੁਣੀਆਂ ਹੋਈਆਂ ਹਨ। ਉਹ ਚੰਗੇ ਨਾਗਰਿਕ ਬਣਨ ਦੀ ਕੋਸ਼ਿਸ਼ ਕਰਦੇ ਹਨ। ਪਰ ਜਦੋਂ ਪਰਮੇਸ਼ੁਰ ਦੇ ਤੇ ਮਨੁੱਖ ਦੇ ਕਾਨੂੰਨ ਆਪਸ ਵਿਚ ਟਕਰਾਉਂਦੇ ਹਨ, ਤਾਂ ਉਹ ਪਰਮੇਸ਼ੁਰ ਦੇ ਹੁਕਮ ਮੰਨਦੇ ਹਨ।

ਉਨ੍ਹਾਂ ਤੋਂ ਨਾ ਡਰੋ

17. (ੳ) ਸਾਨੂੰ ਆਪਣੇ ਦੁਸ਼ਮਣਾਂ ਤੋਂ ਡਰਨ ਦੀ ਲੋੜ ਕਿਉਂ ਨਹੀਂ ਹੈ? (ਅ) ਸਾਡਾ ਆਪਣੇ ਸਤਾਉਣ ਵਾਲਿਆਂ ਪ੍ਰਤੀ ਕੀ ਰਵੱਈਆ ਹੋਣਾ ਚਾਹੀਦਾ ਹੈ?

17 ਸਾਡੇ ਦੁਸ਼ਮਣ ਖ਼ਤਰਨਾਕ ਸਥਿਤੀ ਵਿਚ ਹਨ ਕਿਉਂਕਿ ਉਹ ਪਰਮੇਸ਼ੁਰ ਨਾਲ ਲੜ ਰਹੇ ਹਨ। ਇਸ ਲਈ ਉਨ੍ਹਾਂ ਤੋਂ ਡਰਨ ਦੀ ਬਜਾਇ ਯਿਸੂ ਦਾ ਹੁਕਮ ਮੰਨਦੇ ਹੋਏ ਅਸੀਂ ਆਪਣੇ ਅਤਿਆਚਾਰੀਆਂ ਲਈ ਪ੍ਰਾਰਥਨਾ ਕਰਦੇ ਹਾਂ। (ਮੱਤੀ 5:44) ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਜੇ ਕੋਈ ਤਰਸੁਸ ਦੇ ਸ਼ਾਊਲ ਵਾਂਗ ਅਣਜਾਣੇ ਵਿਚ ਪਰਮੇਸ਼ੁਰ ਦਾ ਵਿਰੋਧ ਕਰ ਰਿਹਾ ਹੈ, ਤਾਂ ਯਹੋਵਾਹ ਉਸ ਤੇ ਮਿਹਰਬਾਨੀ ਕਰ ਕੇ ਉਸ ਦੀਆਂ ਅੱਖਾਂ ਖੋਲ੍ਹੇ ਤਾਂਕਿ ਉਹ ਸੱਚਾਈ ਜਾਣ ਸਕੇ। (2 ਕੁਰਿੰਥੀਆਂ 4:4) ਸ਼ਾਊਲ ਮਸੀਹੀ ਬਣਨ ਤੋਂ ਬਾਅਦ ਪੌਲੁਸ ਰਸੂਲ ਦੇ ਨਾਂ ਨਾਲ ਜਾਣਿਆ ਗਿਆ ਤੇ ਉਸ ਨੇ ਆਪਣੇ ਜ਼ਮਾਨੇ ਦੇ ਅਧਿਕਾਰੀਆਂ ਹੱਥੋਂ ਬਹੁਤ ਜ਼ੁਲਮ ਸਹਿਆ। ਫਿਰ ਵੀ ਉਹ ਮਸੀਹੀਆਂ ਨੂੰ ਯਾਦ ਕਰਾਉਂਦਾ ਰਿਹਾ ‘ਭਈ ਹਾਕਮਾਂ ਅਤੇ ਇਖ਼ਤਿਆਰ ਵਾਲਿਆਂ ਦੇ ਅਧੀਨ ਹੋਵੋ ਅਤੇ ਆਗਿਆਕਾਰ ਬਣੇ ਰਹੋ ਨਾਲੇ ਹਰੇਕ ਸ਼ੁਭ ਕਰਮ ਉੱਤੇ ਲੱਕ ਬੰਨ੍ਹੀ ਰੱਖੋ। ਕਿਸੇ ਦੀ [ਜ਼ੁਲਮ ਢਾਹੁਣ ਵਾਲਿਆਂ ਦੀ ਵੀ] ਬਦਨਾਮੀ ਨਾ ਕਰੋ। ਝਗੜਾਲੂ ਨਹੀਂ ਸਗੋਂ ਸੀਲ ਸੁਭਾਉ ਹੋਵੋ ਅਤੇ ਸੱਭੇ ਮਨੁੱਖਾਂ ਨਾਲ ਪੂਰੀ ਨਰਮਾਈ ਰੱਖੋ।’ (ਤੀਤੁਸ 3:1, 2) ਫਰਾਂਸ ਵਿਚ ਅਤੇ ਹੋਰਨਾਂ ਥਾਵਾਂ ਤੇ ਰਹਿੰਦੇ ਯਹੋਵਾਹ ਦੇ ਗਵਾਹ ਇਸ ਸਲਾਹ ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਨ।

18. (ੳ) ਯਹੋਵਾਹ ਆਪਣੇ ਲੋਕਾਂ ਨੂੰ ਕਿਨ੍ਹਾਂ ਤਰੀਕਿਆਂ ਨਾਲ ਬਚਾ ਸਕਦਾ ਹੈ? (ਅ) ਅੰਤ ਵਿਚ ਨਤੀਜਾ ਕੀ ਨਿਕਲੇਗਾ?

18 ਪਰਮੇਸ਼ੁਰ ਨੇ ਯਿਰਮਿਯਾਹ ਨਬੀ ਨੂੰ ਕਿਹਾ: “ਮੈਂ ਤੈਨੂੰ ਛੁਡਾਉਣ ਲਈ ਤੇਰੇ ਅੰਗ ਸੰਗ ਜੋ ਹਾਂ।” (ਯਿਰਮਿਯਾਹ 1:8) ਯਹੋਵਾਹ ਅੱਜ ਸਾਨੂੰ ਸਤਾਹਟਾਂ ਤੋਂ ਕਿਵੇਂ ਬਚਾ ਸਕਦਾ ਹੈ? ਉਹ ਗਮਲੀਏਲ ਵਰਗੇ ਕਿਸੇ ਖੁੱਲ੍ਹੇ ਵਿਚਾਰਾਂ ਵਾਲੇ ਜੱਜ ਨੂੰ ਵਰਤ ਸਕਦਾ ਹੈ। ਜਾਂ ਸ਼ਾਇਦ ਉਹ ਕਿਸੇ ਭ੍ਰਿਸ਼ਟ ਜਾਂ ਵਿਰੋਧੀ ਅਧਿਕਾਰੀ ਦੀ ਥਾਂ ਕੋਈ ਸਮਝਦਾਰ ਅਧਿਕਾਰੀ ਨੂੰ ਲੈ ਆਵੇ। ਪਰ ਕਦੇ-ਕਦੇ ਯਹੋਵਾਹ ਆਪਣੇ ਲੋਕਾਂ ਤੇ ਸਤਾਹਟਾਂ ਆ ਲੈਣ ਦਿੰਦਾ ਹੈ। (2 ਤਿਮੋਥਿਉਸ 3:12) ਜੇ ਪਰਮੇਸ਼ੁਰ ਸਾਡੇ ਤੇ ਸਤਾਹਟਾਂ ਆਉਣ ਦਿੰਦਾ ਹੈ, ਤਾਂ ਉਹ ਸਾਨੂੰ ਇਨ੍ਹਾਂ ਨੂੰ ਸਹਿਣ ਦੀ ਤਾਕਤ ਵੀ ਦਿੰਦਾ ਹੈ। (1 ਕੁਰਿੰਥੀਆਂ 10:13) ਉਹ ਸਾਡੇ ਨਾਲ ਜੋ ਮਰਜ਼ੀ ਹੋਣ ਦੇਵੇ, ਪਰ ਸਾਨੂੰ ਯਕੀਨ ਹੈ ਕਿ ਅੰਤ ਵਿਚ ਕੀ ਨਤੀਜਾ ਨਿਕਲੇਗਾ: ਪਰਮੇਸ਼ੁਰ ਦੇ ਲੋਕਾਂ ਨਾਲ ਲੜਨ ਵਾਲੇ ਅਸਲ ਵਿਚ ਪਰਮੇਸ਼ੁਰ ਨਾਲ ਲੜ ਰਹੇ ਹਨ ਤੇ ਪਰਮੇਸ਼ੁਰ ਨਾਲ ਲੜਨ ਵਾਲੇ ਕਾਮਯਾਬ ਨਹੀਂ ਹੋਣਗੇ।

19. ਸਾਲ 2006 ਲਈ ਬਾਈਬਲ ਦਾ ਹਵਾਲਾ ਕੀ ਹੈ ਅਤੇ ਇਹ ਧਿਆਨ ਦੇਣ ਯੋਗ ਕਿਉਂ ਹੈ?

19 ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ ਉਨ੍ਹਾਂ ਉੱਤੇ ਸਤਾਹਟਾਂ ਆਉਣਗੀਆਂ। (ਯੂਹੰਨਾ 16:33) ਇਸ ਲਈ ਰਸੂਲਾਂ ਦੇ ਕਰਤੱਬ 5:29 ਵਿਚ ਦਰਜ ਸ਼ਬਦ ਅੱਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਧਿਆਨ ਦੇਣ ਯੋਗ ਹਨ: ‘ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ।’ ਇਸੇ ਕਰਕੇ ਇਨ੍ਹਾਂ ਜ਼ਬਰਦਸਤ ਸ਼ਬਦਾਂ ਨੂੰ ਯਹੋਵਾਹ ਦੇ ਗਵਾਹਾਂ ਵਾਸਤੇ ਸਾਲ 2006 ਲਈ ਬਾਈਬਲ ਦੇ ਹਵਾਲੇ ਵਜੋਂ ਚੁਣਿਆ ਗਿਆ ਹੈ। ਆਓ ਆਪਾਂ ਇਸ ਨਵੇਂ ਸਾਲ ਦੌਰਾਨ ਅਤੇ ਹਮੇਸ਼ਾ ਲਈ ਹਰ ਹਾਲ ਵਿਚ ਪਰਮੇਸ਼ੁਰ ਦਾ ਹੁਕਮ ਮੰਨਣ ਦਾ ਪੱਕਾ ਇਰਾਦਾ ਕਰੀਏ।

[ਫੁਟਨੋਟ]

^ ਪੈਰਾ 7 ਉਸ ਮੌਕੇ ਤੇ ਪ੍ਰਧਾਨ ਜਾਜਕਾਂ ਨੇ ਖੁੱਲ੍ਹੇ-ਆਮ ਜਿਸ “ਕੈਸਰ” ਨੂੰ ਆਪਣਾ ਰਾਜਾ ਮੰਨਿਆ ਸੀ, ਉਹ ਰੋਮੀ ਸਮਰਾਟ ਟਾਈਬੀਰੀਅਸ ਸੀ। ਉਹ ਪਖੰਡੀ ਅਤੇ ਖ਼ੂਨੀ ਹੋਣ ਦੇ ਨਾਲ-ਨਾਲ ਆਪਣੇ ਬਦਚਲਣ ਕੰਮਾਂ ਕਰਕੇ ਵੀ ਬਦਨਾਮ ਸੀ।—ਦਾਨੀਏਲ 11:15, 21.

ਕੀ ਤੁਸੀਂ ਦੱਸ ਸਕਦੇ ਹੋ?

• ਰਸੂਲਾਂ ਨੇ ਸਤਾਹਟਾਂ ਸਹਿ ਕੇ ਸਾਡੇ ਲਈ ਕਿਹੜੀ ਵਧੀਆ ਮਿਸਾਲ ਕਾਇਮ ਕੀਤੀ?

• ਮਨੁੱਖਾਂ ਦੀ ਬਜਾਇ ਸਾਨੂੰ ਹਮੇਸ਼ਾ ਪਰਮੇਸ਼ੁਰ ਦਾ ਹੁਕਮ ਕਿਉਂ ਮੰਨਣਾ ਚਾਹੀਦਾ ਹੈ?

• ਸਾਡੇ ਵਿਰੋਧੀ ਅਸਲ ਵਿਚ ਕਿਸ ਨਾਲ ਲੜ ਰਹੇ ਹਨ?

• ਸਤਾਹਟਾਂ ਸਹਿਣ ਵਾਲੇ ਸੇਵਕ ਕਿਸ ਤਰ੍ਹਾਂ ਦੇ ਭਵਿੱਖ ਦੀ ਉਮੀਦ ਰੱਖ ਸਕਦੇ ਹਨ?

[ਸਵਾਲ]

[ਸਫ਼ੇ 23 ਉੱਤੇ ਸੁਰਖੀ]

ਸਾਲ 2006 ਲਈ ਬਾਈਬਲ ਦਾ ਹਵਾਲਾ ਹੈ: “ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ।”—ਰਸੂਲਾਂ ਦੇ ਕਰਤੱਬ 5:29

[ਸਫ਼ੇ 19 ਉੱਤੇ ਤਸਵੀਰ]

‘ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ’

[ਸਫ਼ੇ 21 ਉੱਤੇ ਤਸਵੀਰ]

ਕਿਯਾਫਾ ਨੇ ਪਰਮੇਸ਼ੁਰ ਤੇ ਭਰੋਸਾ ਰੱਖਣ ਦੀ ਬਜਾਇ ਮਨੁੱਖਾਂ ਤੇ ਭਰੋਸਾ ਰੱਖਿਆ