Skip to content

Skip to table of contents

‘ਬੰਧੂਆਂ ਨੂੰ ਛੁੱਟਣ ਦਾ ਪਰਚਾਰ ਕਰੋ’

‘ਬੰਧੂਆਂ ਨੂੰ ਛੁੱਟਣ ਦਾ ਪਰਚਾਰ ਕਰੋ’

‘ਬੰਧੂਆਂ ਨੂੰ ਛੁੱਟਣ ਦਾ ਪਰਚਾਰ ਕਰੋ’

ਯਿਸੂ ਨੇ ਆਪਣੀ ਸੇਵਕਾਈ ਦੇ ਸ਼ੁਰੂ ਵਿਚ ਦੱਸਿਆ ਸੀ ਕਿ ਉਸ ਦਾ ਇਕ ਕੰਮ ਸੀ ‘ਬੰਧੂਆਂ ਨੂੰ ਛੁੱਟਣ ਦਾ ਪਰਚਾਰ ਕਰਨਾ।’ (ਲੂਕਾ 4:18) ਸੱਚੇ ਮਸੀਹੀ ਆਪਣੇ ਮਾਲਕ ਦੀ ਰੀਸ ਕਰਦੇ ਹੋਏ ‘ਸਾਰੇ ਮਨੁੱਖਾਂ’ ਨੂੰ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਂਦੇ ਹਨ। ਉਹ ਉਨ੍ਹਾਂ ਨੂੰ ਅਧਿਆਤਮਿਕ ਕੈਦ ਵਿੱਚੋਂ ਛੁਡਾਉਂਦੇ ਹਨ ਤੇ ਆਪਣੀਆਂ ਜ਼ਿੰਦਗੀਆਂ ਸੁਧਾਰਨ ਵਿਚ ਉਨ੍ਹਾਂ ਦੀ ਮਦਦ ਕਰਦੇ ਹਨ।—1 ਤਿਮੋਥਿਉਸ 2:4.

ਅੱਜ ਇਸ ਕੰਮ ਵਿਚ ਜੇਲ੍ਹਾਂ ਵਿਚ ਦਿਨ ਕੱਟ ਰਹੇ ਕੈਦੀਆਂ ਨੂੰ ਪ੍ਰਚਾਰ ਕਰਨਾ ਸ਼ਾਮਲ ਹੈ। ਇਹ ਉਹ ਲੋਕ ਹਨ ਜੋ ਤਰ੍ਹਾਂ-ਤਰ੍ਹਾਂ ਦੇ ਅਪਰਾਧਾਂ ਕਾਰਨ ਜੇਲ੍ਹਾਂ ਵਿਚ ਕੈਦ ਹਨ ਅਤੇ ਅਧਿਆਤਮਿਕ ਛੁਟਕਾਰੇ ਦੀ ਕਦਰ ਕਰਦੇ ਹਨ। ਸਾਨੂੰ ਯਕੀਨ ਹੈ ਕਿ ਤੁਹਾਨੂੰ ਯੂਕਰੇਨ ਅਤੇ ਯੂਰਪ ਦੀਆਂ ਜੇਲ੍ਹਾਂ ਵਿਚ ਹੋ ਰਹੇ ਯਹੋਵਾਹ ਦੇ ਗਵਾਹਾਂ ਦੇ ਪ੍ਰਚਾਰ ਦੀ ਰਿਪੋਰਟ ਜਾਣ ਕੇ ਬਹੁਤ ਖ਼ੁਸ਼ੀ ਹੋਵੇਗੀ।

ਨਸ਼ੇ ਛੱਡ ਕੇ ਮਸੀਹੀ ਬਣੇ

ਸਰਹੀ * 38 ਸਾਲਾਂ ਦਾ ਹੈ ਜਿਸ ਨੇ ਆਪਣੀ ਜ਼ਿੰਦਗੀ ਦੇ 20 ਸਾਲ ਜੇਲ੍ਹ ਦੀਆਂ ਸਲਾਖਾਂ ਪਿੱਛੇ ਕੱਟੇ ਹਨ। ਉਸ ਨੇ ਸਕੂਲ ਦੀ ਪੜ੍ਹਾਈ ਵੀ ਜੇਲ੍ਹ ਵਿਚ ਹੀ ਕੀਤੀ। ਉਹ ਕਹਿੰਦਾ ਹੈ: “ਕਈ ਸਾਲ ਪਹਿਲਾਂ ਕਤਲ ਕਰਨ ਕਰਕੇ ਮੈਨੂੰ ਸਜ਼ਾ ਹੋਈ ਸੀ ਤੇ ਸਜ਼ਾ ਦੇ ਕੁਝ ਸਾਲ ਅਜੇ ਵੀ ਬਾਕੀ ਹਨ। ਜੇਲ੍ਹ ਵਿਚ ਮੈਂ ਦੂਸਰਿਆਂ ਉੱਤੇ ਧੌਂਸ ਜਮਾਉਂਦਾ ਹੁੰਦਾ ਸੀ ਜਿਸ ਕਰਕੇ ਕੈਦੀ ਮੇਰੇ ਤੋਂ ਡਰਦੇ ਸਨ।” ਕੀ ਇਸ ਤਰ੍ਹਾਂ ਕਰ ਕੇ ਉਹ ਆਜ਼ਾਦ ਮਹਿਸੂਸ ਕਰਦਾ ਸੀ? ਨਹੀਂ। ਸਰਹੀ ਕਈ ਸਾਲਾਂ ਤੋਂ ਨਸ਼ਿਆਂ, ਸ਼ਰਾਬ ਅਤੇ ਤਮਾਖੂ ਦਾ ਗ਼ੁਲਾਮ ਸੀ।

ਫਿਰ ਉਸ ਦੇ ਨਾਲ ਦੇ ਕੈਦੀਆਂ ਨੇ ਉਸ ਨੂੰ ਬਾਈਬਲ ਵਿੱਚੋਂ ਰੱਬ ਬਾਰੇ ਸੱਚਾਈ ਦੱਸੀ। ਸੱਚਾਈ ਜਾਣ ਕੇ ਉਸ ਨੂੰ ਹਨੇਰੇ ਵਿਚ ਰੌਸ਼ਨੀ ਦੀ ਕਿਰਨ ਨਜ਼ਰ ਆਈ। ਕੁਝ ਹੀ ਮਹੀਨਿਆਂ ਵਿਚ ਉਸ ਨੇ ਨਸ਼ੇ ਕਰਨੇ ਛੱਡ ਦਿੱਤੇ ਅਤੇ ਉਹ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲੱਗ ਪਿਆ ਤੇ ਬਪਤਿਸਮਾ ਲੈ ਲਿਆ। ਜੇਲ੍ਹ ਵਿਚ ਸਰਹੀ ਦੀ ਜ਼ਿੰਦਗੀ ਹੁਣ ਬਹੁਤ ਰੁਝੇਵਿਆਂ ਭਰੀ ਹੈ ਕਿਉਂਕਿ ਉਹ ਉੱਥੇ ਯਹੋਵਾਹ ਦੇ ਪੂਰੇ ਸਮੇਂ ਦੇ ਪ੍ਰਚਾਰਕ ਵਜੋਂ ਸੇਵਾ ਕਰਦਾ ਹੈ। ਉਸ ਨੇ ਜ਼ਿੰਦਗੀ ਬਦਲਣ ਵਿਚ ਸੱਤ ਅਪਰਾਧੀਆਂ ਦੀ ਮਦਦ ਕੀਤੀ ਜੋ ਹੁਣ ਉਸ ਦੇ ਅਧਿਆਤਮਿਕ ਭਰਾ ਹਨ। ਉਨ੍ਹਾਂ ਵਿੱਚੋਂ ਛੇ ਜਣੇ ਆਜ਼ਾਦ ਹੋ ਚੁੱਕੇ ਹਨ, ਪਰ ਸਰਹੀ ਅਜੇ ਵੀ ਜੇਲ੍ਹ ਵਿਚ ਹੈ। ਉਹ ਇਸ ਕਾਰਨ ਨਿਰਾਸ਼ ਨਹੀਂ ਹੈ ਸਗੋਂ ਖ਼ੁਸ਼ ਹੈ ਕਿ ਉਹ ਅਧਿਆਤਮਿਕ ਕੈਦ ਵਿੱਚੋਂ ਨਿਕਲਣ ਲਈ ਹੋਰਨਾਂ ਦੀ ਮਦਦ ਕਰ ਸਕਦਾ ਹੈ।—ਰਸੂਲਾਂ ਦੇ ਕਰਤੱਬ 20:35.

ਜੇਲ੍ਹ ਵਿਚ ਸਰਹੀ ਦਾ ਇਕ ਬਾਈਬਲ ਵਿਦਿਆਰਥੀ ਸੀ ਵਿਕਟਰ ਜੋ ਪਹਿਲਾਂ ਨਸ਼ੀਲੀਆਂ ਦਵਾਈਆਂ ਵੇਚਣ ਦਾ ਧੰਦਾ ਕਰਦਾ ਸੀ ਤੇ ਆਪ ਵੀ ਨਸ਼ੇ ਕਰਦਾ ਸੀ। ਜੇਲ੍ਹ ਵਿੱਚੋਂ ਰਿਹਾ ਹੋਣ ਤੋਂ ਬਾਅਦ ਵਿਕਟਰ ਨੇ ਅਧਿਆਤਮਿਕ ਤੌਰ ਤੇ ਤਰੱਕੀ ਕੀਤੀ ਅਤੇ ਫਿਰ ਯੂਕਰੇਨ ਦੇ ਸੇਵਕਾਈ ਸਿਖਲਾਈ ਸਕੂਲ ਤੋਂ ਗ੍ਰੈਜੂਏਟ ਹੋਇਆ। ਹੁਣ ਉਹ ਮੌਲਡੋਵਾ ਵਿਚ ਸਪੈਸ਼ਲ ਪਾਇਨੀਅਰ ਦੇ ਤੌਰ ਤੇ ਸੇਵਾ ਕਰਦਾ ਹੈ। ਵਿਕਟਰ ਕਹਿੰਦਾ ਹੈ: “ਮੈਂ ਅੱਠ ਸਾਲ ਦੀ ਉਮਰੇ ਸਿਗਰਟਾਂ ਪੀਣ ਲੱਗ ਪਿਆ, 12 ਦਾ ਹੋਣ ਤੇ ਸ਼ਰਾਬ ਪੀਣ ਲੱਗ ਪਿਆ ਤੇ 14 ਸਾਲਾਂ ਦੀ ਉਮਰ ਵਿਚ ਨਸ਼ੇ ਕਰਨ ਲੱਗ ਪਿਆ। ਮੈਂ ਆਪਣੀ ਜ਼ਿੰਦਗੀ ਬਦਲਣੀ ਚਾਹੁੰਦਾ ਸੀ, ਪਰ ਮੇਰੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਗਈਆਂ। ਫਿਰ 1995 ਵਿਚ ਜਦ ਮੈਂ ਤੇ ਮੇਰੀ ਪਤਨੀ ਮੇਰੇ ਬੁਰੇ ਯਾਰ-ਦੋਸਤਾਂ ਤੋਂ ਦੂਰ ਕਿਤੇ ਹੋਰ ਜਾ ਕੇ ਰਹਿਣ ਬਾਰੇ ਸੋਚ ਹੀ ਰਹੇ ਸਾਂ ਕਿ ਇਕ ਪਾਗਲ ਬੰਦੇ ਨੇ ਮੇਰੀ ਪਤਨੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਮੇਰੀ ਜ਼ਿੰਦਗੀ ਵਿਚ ਹਨੇਰਾ ਛਾ ਗਿਆ। ‘ਮੇਰੀ ਪਤਨੀ ਹੁਣ ਕਿੱਥੇ ਹੈ? ਇਨਸਾਨ ਨੂੰ ਮਰਨ ਤੇ ਕੀ ਹੁੰਦਾ ਹੈ?’ ਮੈਂ ਇਹ ਸਵਾਲ ਕਰਦਾ ਰਿਹਾ, ਪਰ ਮੈਨੂੰ ਇਨ੍ਹਾਂ ਦਾ ਕੋਈ ਜਵਾਬ ਨਾ ਮਿਲਿਆ। ਮੈਂ ਆਪਣੇ ਗਮ ਭੁਲਾਉਣ ਲਈ ਨਸ਼ਿਆਂ ਵਿਚ ਡੁੱਬਦਾ ਹੀ ਚਲਾ ਗਿਆ। ਨਸ਼ੇ ਵੇਚਦਿਆਂ ਮੈਂ ਫੜਿਆ ਗਿਆ ਤੇ ਮੈਨੂੰ ਪੰਜ ਸਾਲ ਦੀ ਸਜ਼ਾ ਹੋਈ। ਉੱਥੇ ਸਰਹੀ ਨੇ ਮੇਰੇ ਸਵਾਲਾਂ ਦੇ ਜਵਾਬ ਜਾਣਨ ਵਿਚ ਮੇਰੀ ਮਦਦ ਕੀਤੀ। ਮੈਂ ਕਈ ਵਾਰ ਨਸ਼ਿਆਂ ਤੋਂ ਖਹਿੜਾ ਛੁਡਾਉਣ ਦੀ ਕੋਸ਼ਿਸ਼ ਕੀਤੀ, ਪਰ ਸਿਰਫ਼ ਬਾਈਬਲ ਦੀ ਮਦਦ ਸਦਕਾ ਹੀ ਮੈਂ ਕਾਮਯਾਬ ਹੋ ਸਕਿਆ। ਪਰਮੇਸ਼ੁਰ ਦੇ ਬਚਨ ਵਿਚ ਵਾਕਈ ਬਹੁਤ ਤਾਕਤ ਹੈ!”—ਇਬਰਾਨੀਆਂ 4:12.

ਕੱਟੜ ਅਪਰਾਧੀ ਬਦਲਦੇ ਹਨ

ਵਾਸੀਲ ਨੇ ਕਦੇ ਨਸ਼ੇ-ਪੱਤੇ ਨਹੀਂ ਕੀਤੇ ਸਨ, ਪਰ ਉਹ ਜੇਲ੍ਹ ਦੀ ਹਵਾ ਖਾਣ ਤੋਂ ਨਹੀਂ ਬਚ ਸਕਿਆ। ਉਹ ਦੱਸਦਾ ਹੈ: “ਮੈਨੂੰ ਘਸੁੰਨਬਾਜ਼ੀ ਦਾ ਬਹੁਤ ਸ਼ੌਕ ਸੀ। ਮੈਂ ਇਸ ਤਰ੍ਹਾਂ ਘਸੁੰਨ ਮਾਰਨਾ ਸਿੱਖ ਲਿਆ ਕਿ ਘਸੁੰਨ ਖਾਣ ਵਾਲੇ ਦੇ ਸਰੀਰ ਤੇ ਨੀਲ ਨਹੀਂ ਪੈਂਦਾ ਸੀ।” ਵਾਸੀਲ ਮਾਰ-ਕੁਟਾਈ ਕਰ ਕੇ ਲੋਕਾਂ ਨੂੰ ਲੁੱਟ ਲੈਂਦਾ ਸੀ। “ਮੈਂ ਤਿੰਨ ਵਾਰ ਜੇਲ੍ਹ ਗਿਆ ਜਿਸ ਕਰਕੇ ਮੇਰੀ ਪਤਨੀ ਨੇ ਮੈਨੂੰ ਤਲਾਕ ਦੇ ਦਿੱਤਾ। ਪੰਜ ਸਾਲ ਦੀ ਸਜ਼ਾ ਭੋਗਦੇ ਸਮੇਂ ਮੈਂ ਯਹੋਵਾਹ ਦੇ ਗਵਾਹਾਂ ਦੇ ਪ੍ਰਕਾਸ਼ਨ ਪੜ੍ਹੇ। ਇਸ ਨਾਲ ਮੈਨੂੰ ਬਾਈਬਲ ਪੜ੍ਹਨ ਦੀ ਪ੍ਰੇਰਣਾ ਮਿਲੀ, ਪਰ ਮੈਂ ਅਜੇ ਵੀ ਆਪਣੇ ਸ਼ੌਕ ਨੂੰ ਪੂਰਾ ਕਰਨ ਤੋਂ ਨਹੀਂ ਰਹਿ ਸਕਦਾ ਸੀ ਯਾਨੀ ਕਿ ਬਿਨਾਂ ਵਜ੍ਹਾ ਹੋਰਨਾਂ ਨਾਲ ਲੜਾਈ-ਝਗੜਾ ਕਰਨਾ।

“ਪਰ ਬਾਈਬਲ ਪੜ੍ਹਨ ਤੋਂ ਛੇ ਮਹੀਨੇ ਬਾਅਦ ਕਿਸੇ ਗੱਲ ਨੇ ਮੈਨੂੰ ਅੰਦਰੋਂ ਬਦਲ ਦਿੱਤਾ। ਹੁਣ ਪਹਿਲਾਂ ਵਾਂਗ ਲੜਾਈ ਕਰਨ ਵਿਚ ਮੈਨੂੰ ਕੋਈ ਮਜ਼ਾ ਨਹੀਂ ਆਉਂਦਾ ਸੀ। ਇਸ ਲਈ ਮੈਂ ਯਸਾਯਾਹ 2:4 ਨੂੰ ਧਿਆਨ ਵਿਚ ਰੱਖ ਕੇ ਆਪਣੀ ਜ਼ਿੰਦਗੀ ਨੂੰ ਪਰਖਣ ਲੱਗਾ ਤੇ ਸੋਚਿਆ ਕਿ ਜੇ ਮੈਂ ਆਪਣੀ ਸੋਚਣੀ ਨਾ ਬਦਲੀ, ਤਾਂ ਮੈਨੂੰ ਸਾਰੀ ਜ਼ਿੰਦਗੀ ਜੇਲ੍ਹ ਵਿਚ ਗੁਜ਼ਾਰਨੀ ਪਵੇਗੀ। ਇਸ ਲਈ ਮੈਂ ਮੁੱਕੇਬਾਜ਼ੀ ਦਾ ਸਮਾਨ ਸੁੱਟ ਦਿੱਤਾ ਤੇ ਆਪਣੀ ਸ਼ਖ਼ਸੀਅਤ ਨੂੰ ਸੁਧਾਰਨ ਵਿਚ ਜੁੱਟ ਗਿਆ। ਇਹ ਮੇਰੇ ਲਈ ਸੌਖਾ ਕੰਮ ਨਹੀਂ ਸੀ, ਪਰ ਮਨਨ ਅਤੇ ਪ੍ਰਾਰਥਨਾ ਦੀ ਮਦਦ ਨਾਲ ਮੈਂ ਹੌਲੀ-ਹੌਲੀ ਬੁਰੀਆਂ ਆਦਤਾਂ ਛੱਡ ਦਿੱਤੀਆਂ। ਕਦੇ-ਕਦੇ ਮੈਂ ਰੋ-ਰੋ ਕੇ ਯਹੋਵਾਹ ਨੂੰ ਬੇਨਤੀ ਕਰਦਾ ਸੀ ਕਿ ਉਹ ਮੈਨੂੰ ਇਨ੍ਹਾਂ ਆਦਤਾਂ ਤੋਂ ਖਹਿੜਾ ਛੁਡਾਉਣ ਦੀ ਤਾਕਤ ਦੇਵੇ। ਅਖ਼ੀਰ ਮੈਂ ਕਾਮਯਾਬ ਹੋ ਹੀ ਗਿਆ।

“ਰਿਹਾ ਹੋਣ ਤੋਂ ਬਾਅਦ ਮੈਂ ਫਿਰ ਆਪਣੇ ਪਰਿਵਾਰ ਨਾਲ ਰਹਿਣ ਲੱਗ ਪਿਆ। ਹੁਣ ਮੈਂ ਕੋਲੇ ਦੀ ਖਾਣ ਵਿਚ ਕੰਮ ਕਰਦਾ ਹਾਂ। ਇਸ ਨਾਲ ਮੈਨੂੰ ਆਪਣੀ ਪਤਨੀ ਨਾਲ ਮਿਲ ਕੇ ਪ੍ਰਚਾਰ ਕਰਨ ਅਤੇ ਕਲੀਸਿਯਾ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਕਾਫ਼ੀ ਸਮਾਂ ਮਿਲ ਜਾਂਦਾ ਹੈ।”

ਮੀਕੋਲਾ ਅਤੇ ਉਸ ਦੇ ਦੋਸਤਾਂ ਨੇ ਯੂਕਰੇਨ ਵਿਚ ਕਈ ਬੈਂਕਾਂ ਲੁੱਟੀਆਂ। ਇਸ ਕਾਰਨ ਉਸ ਨੂੰ ਦਸ ਸਾਲ ਦੀ ਕੈਦ ਹੋਈ। ਇਸ ਤੋਂ ਪਹਿਲਾਂ ਉਹ ਸਿਰਫ਼ ਇਕ ਵਾਰ ਚਰਚ ਗਿਆ ਸੀ, ਉਹ ਵੀ ਬਸ ਚਰਚ ਨੂੰ ਲੁੱਟਣ ਦੀ ਯੋਜਨਾ ਬਣਾਉਣ ਵਾਸਤੇ। ਉਹ ਕਾਮਯਾਬ ਨਹੀਂ ਹੋਇਆ। ਪਰ ਚਰਚ ਜਾ ਕੇ ਮੀਕੋਲਾ ਨੂੰ ਲੱਗਾ ਕਿ ਬਾਈਬਲ ਪਾਦਰੀਆਂ ਦੀਆਂ ਬੋਰਿੰਗ ਕਹਾਣੀਆਂ, ਮੋਮਬੱਤੀਆਂ ਅਤੇ ਧਾਰਮਿਕ ਤਿਉਹਾਰਾਂ ਨਾਲ ਭਰੀ ਹੋਈ ਹੋਣੀ ਹੈ। ਉਹ ਕਹਿੰਦਾ ਹੈ: “ਮੈਨੂੰ ਇਹ ਨਹੀਂ ਪਤਾ ਕਿ ਮੈਂ ਕਿਉਂ ਇਸ ਤਰ੍ਹਾਂ ਸੋਚਿਆ, ਪਰ ਮੈਂ ਬਾਈਬਲ ਪੜ੍ਹਨੀ ਸ਼ੁਰੂ ਕਰ ਦਿੱਤੀ। ਮੈਂ ਇਹ ਜਾਣ ਕੇ ਦੰਗ ਰਹਿ ਗਿਆ ਕਿ ਜਿਸ ਤਰ੍ਹਾਂ ਮੈਂ ਸੋਚਿਆ ਸੀ, ਉਸ ਤਰ੍ਹਾਂ ਦਾ ਕੁਝ ਵੀ ਬਾਈਬਲ ਵਿਚ ਨਹੀਂ ਸੀ!” ਉਸ ਨੇ ਬਾਈਬਲ ਸਟੱਡੀ ਕੀਤੀ ਤੇ 1999 ਵਿਚ ਬਪਤਿਸਮਾ ਲੈ ਲਿਆ। ਹੁਣ ਉਸ ਨੂੰ ਦੇਖ ਕੇ ਵਿਸ਼ਵਾਸ ਹੀ ਨਹੀਂ ਹੁੰਦਾ ਕਿ ਇਹ ਨਿਮਰ ਸਹਾਇਕ ਸੇਵਕ ਪਹਿਲਾਂ ਕਦੇ ਬੈਂਕਾਂ ਨੂੰ ਲੁੱਟਣ ਵਾਲਾ ਖ਼ਤਰਨਾਕ ਲੁਟੇਰਾ ਹੁੰਦਾ ਸੀ!

ਵਲੈਡੀਮੀਰ ਨੂੰ ਸਜ਼ਾ-ਏ-ਮੌਤ ਹੋਈ ਸੀ। ਇਸ ਸਜ਼ਾ ਦੀ ਉਡੀਕ ਕਰਦਿਆਂ ਉਸ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ ਤੇ ਵਾਅਦਾ ਕੀਤਾ ਕਿ ਜੇ ਉਹ ਬਚ ਗਿਆ, ਤਾਂ ਉਹ ਪਰਮੇਸ਼ੁਰ ਦੀ ਭਗਤੀ ਕਰੇਗਾ। ਕੁਝ ਸਮੇਂ ਬਾਅਦ ਕਾਨੂੰਨ ਬਦਲ ਗਿਆ। ਉਸ ਦੀ ਮੌਤ ਦੀ ਸਜ਼ਾ ਉਮਰ ਕੈਦ ਵਿਚ ਬਦਲ ਗਈ। ਆਪਣਾ ਵਾਅਦਾ ਨਿਭਾਉਣ ਲਈ ਵਲੈਡੀਮੀਰ ਸੱਚੇ ਧਰਮ ਦੀ ਖੋਜ ਕਰਨ ਲੱਗਾ। ਉਹ ਚਿੱਠੀ-ਪੱਤਰ ਰਾਹੀਂ ਇਕ ਕੋਰਸ ਕਰਨ ਲੱਗ ਪਿਆ ਤੇ ਉਸ ਨੂੰ ਐਡਵੈਂਟਿਸਟ ਚਰਚ ਤੋਂ ਡਿਪਲੋਮਾ ਵੀ ਮਿਲ ਗਿਆ, ਪਰ ਉਹ ਇਸ ਤੋਂ ਸੰਤੁਸ਼ਟ ਨਹੀਂ ਹੋਇਆ।

ਪਰ ਜੇਲ੍ਹ ਦੀ ਲਾਇਬ੍ਰੇਰੀ ਵਿਚ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪੜ੍ਹ ਕੇ ਉਸ ਨੇ ਯੂਕਰੇਨ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫਿਸ ਨੂੰ ਚਿੱਠੀ ਲਿਖੀ ਕਿ ਕੋਈ ਆ ਕੇ ਉਸ ਨੂੰ ਮਿਲੇ। ਜਦੋਂ ਸਥਾਨਕ ਭਰਾ ਉਸ ਨੂੰ ਮਿਲਣ ਗਏ, ਤਾਂ ਉਹ ਪਹਿਲਾਂ ਹੀ ਆਪਣੇ ਆਪ ਨੂੰ ਗਵਾਹ ਮੰਨ ਕੇ ਜੇਲ੍ਹ ਵਿਚ ਪ੍ਰਚਾਰ ਕਰ ਰਿਹਾ ਸੀ। ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰਕ ਬਣਨ ਵਿਚ ਉਸ ਦੀ ਮਦਦ ਕੀਤੀ ਗਈ। ਇਹ ਲੇਖ ਲਿਖੇ ਜਾਣ ਦੌਰਾਨ ਵਲੈਡੀਮੀਰ ਅਤੇ ਸੱਤ ਹੋਰ ਜਣੇ ਜੇਲ੍ਹ ਵਿਚ ਬਪਤਿਸਮਾ ਲੈਣ ਦੀ ਉਡੀਕ ਵਿਚ ਸਨ। ਉਨ੍ਹਾਂ ਅੱਗੇ ਬਸ ਇੱਕੋ ਸਮੱਸਿਆ ਹੈ। ਉਮਰ ਕੈਦ ਵਾਲੇ ਕੈਦੀਆਂ ਨੂੰ ਉਨ੍ਹਾਂ ਦੇ ਧਾਰਮਿਕ ਵਿਸ਼ਵਾਸਾਂ ਅਨੁਸਾਰ ਇੱਕੋ ਕੋਠੜੀ ਵਿਚ ਰੱਖਿਆ ਜਾਂਦਾ ਹੈ ਅਤੇ ਵਲੈਡੀਮੀਰ ਤੇ ਉਸ ਦੇ ਸਾਥੀਆਂ ਦਾ ਇੱਕੋ ਧਰਮ ਹੈ। ਉਹ ਹੁਣ ਕਿਸ ਨੂੰ ਪ੍ਰਚਾਰ ਕਰਨ? ਉਹ ਜੇਲ੍ਹ ਦੇ ਗਾਰਡਾਂ ਨੂੰ ਖ਼ੁਸ਼ ਖ਼ਬਰੀ ਸੁਣਾਉਂਦੇ ਹਨ ਤੇ ਹੋਰਨਾਂ ਨੂੰ ਉਹ ਚਿੱਠੀਆਂ ਲਿਖ ਕੇ ਇਸ ਬਾਰੇ ਦੱਸਦੇ ਹਨ।

ਨਾਜ਼ਾਰ ਯੂਕਰੇਨ ਤੋਂ ਆ ਕੇ ਚੈੱਕ ਗਣਰਾਜ ਵਿਚ ਰਹਿਣ ਲੱਗ ਪਿਆ ਜਿੱਥੇ ਉਹ ਇਕ ਚੋਰਾਂ ਦੀ ਟੋਲੀ ਨਾਲ ਰਲ ਗਿਆ। ਇਸ ਕਰਕੇ ਉਸ ਨੂੰ ਸਾਢੇ ਤਿੰਨ ਸਾਲ ਦੀ ਸਜ਼ਾ ਹੋਈ। ਜੇਲ੍ਹ ਵਿਚ ਉਹ ਕਾਰਲੋਵੀਵੇਰੀ ਸ਼ਹਿਰ ਤੋਂ ਆਉਂਦੇ ਯਹੋਵਾਹ ਦੇ ਗਵਾਹਾਂ ਦੀ ਗੱਲ ਸੁਣਦਾ ਸੀ। ਉਸ ਨੇ ਸੱਚਾਈ ਸਿੱਖੀ ਅਤੇ ਪੂਰੀ ਤਰ੍ਹਾਂ ਸੁਧਰ ਗਿਆ। ਇਹ ਦੇਖ ਕੇ ਇਕ ਸੁਰੱਖਿਆ ਗਾਰਡ ਨੇ ਨਾਜ਼ਾਰ ਦੇ ਨਾਲ ਦੇ ਕੈਦੀਆਂ ਨੂੰ ਕਿਹਾ: “ਜੇ ਤੁਸੀਂ ਸਾਰੇ ਉਸ ਯੂਕਰੇਨੀਅਨ ਵਾਂਗ ਬਣ ਗਏ, ਤਾਂ ਮੈਨੂੰ ਇਹ ਚੌਕੀਦਾਰੀ ਛੱਡ ਕੇ ਕੋਈ ਹੋਰ ਨੌਕਰੀ ਕਰਨੀ ਪਵੇਗੀ।” ਇਕ ਹੋਰ ਨੇ ਕਿਹਾ: “ਇਹ ਯਹੋਵਾਹ ਦੇ ਗਵਾਹ ਸੱਚ-ਮੁੱਚ ਬੜੇ ਉਸਤਾਦ ਹਨ। ਲੋਕ ਅਪਰਾਧੀ ਬਣ ਕੇ ਜੇਲ੍ਹ ਵਿਚ ਆਉਂਦੇ ਹਨ ਤੇ ਚੰਗੇ ਇਨਸਾਨ ਬਣ ਕੇ ਬਾਹਰ ਨਿਕਲਦੇ ਹਨ।” ਹੁਣ ਨਾਜ਼ਾਰ ਆਪਣੇ ਘਰ ਪਰਤ ਗਿਆ ਹੈ। ਉਸ ਨੇ ਤਰਖਾਣ ਦਾ ਕੰਮ ਸਿੱਖ ਲਿਆ ਤੇ ਬਾਅਦ ਵਿਚ ਵਿਆਹ ਕਰਾ ਲਿਆ। ਹੁਣ ਉਹ ਤੇ ਉਸ ਦੀ ਪਤਨੀ ਪੂਰੇ ਸਮੇਂ ਦੀ ਸੇਵਕਾਈ ਕਰਦੇ ਹਨ। ਉਹ ਬਹੁਤ ਸ਼ੁਕਰਗੁਜ਼ਾਰ ਹੈ ਕਿ ਯਹੋਵਾਹ ਦੇ ਗਵਾਹ ਕੈਦੀਆਂ ਨੂੰ ਮਿਲਣ ਲਈ ਜੇਲ੍ਹਾਂ ਵਿਚ ਜਾਂਦੇ ਹਨ!

ਸਰਕਾਰੀ ਮਾਨਤਾ

ਯਹੋਵਾਹ ਦੇ ਗਵਾਹਾਂ ਵੱਲੋਂ ਕੀਤੀ ਜਾਂਦੀ ਮਦਦ ਲਈ ਸਿਰਫ਼ ਕੈਦੀ ਹੀ ਸ਼ੁਕਰਗੁਜ਼ਾਰ ਨਹੀਂ ਹਨ। ਮੀਰੋਸਲਾਵ ਕੋਵਾਲਸਕੀ ਪੋਲੈਂਡ ਵਿਚ ਇਕ ਜੇਲ੍ਹ ਦਾ ਬੁਲਾਰਾ ਹੈ। ਉਸ ਨੇ ਕਿਹਾ: “ਅਸੀਂ ਉਨ੍ਹਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹ ਇੱਥੇ ਆਉਂਦੇ ਹਨ। ਕੁਝ ਕੈਦੀਆਂ ਦਾ ਪਿਛੋਕੜ ਬੜਾ ਦੁਖਦਾਈ ਹੁੰਦਾ ਹੈ। ਸ਼ਾਇਦ ਉਨ੍ਹਾਂ ਨਾਲ ਕਦੇ ਵੀ ਇਨਸਾਨਾਂ ਵਰਗਾ ਸਲੂਕ ਨਹੀਂ ਕੀਤਾ ਗਿਆ। . . . [ਗਵਾਹਾਂ ਦੀ] ਮਦਦ ਬਹੁਤ ਲਾਹੇਵੰਦ ਹੈ ਕਿਉਂਕਿ ਸਾਡੇ ਕੋਲ ਅਮਲੇ ਅਤੇ ਸਿੱਖਿਅਕਾਂ ਦੀ ਘਾਟ ਹੈ।”

ਪੋਲੈਂਡ ਵਿਚ ਇਕ ਹੋਰ ਜੇਲ੍ਹ ਦੇ ਵਾਰਡਨ ਨੇ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫਿਸ ਨੂੰ ਚਿੱਠੀ ਲਿਖੀ ਜਿਸ ਵਿਚ ਉਸ ਨੇ ਆਪਣੀ ਜੇਲ੍ਹ ਵਿਚ ਹੋਰ ਜ਼ਿਆਦਾ ਪ੍ਰਚਾਰ ਕਰਨ ਬਾਰੇ ਕਿਹਾ। ਕਿਉਂ? ਉਸ ਨੇ ਦੱਸਿਆ: “ਵਾਚਟਾਵਰ ਦੇ ਲੋਕਾਂ ਦੇ ਵਾਰ-ਵਾਰ ਆਉਣ ਨਾਲ ਕੈਦੀਆਂ ਨੂੰ ਆਪਣੇ ਵਿਚ ਚੰਗੇ ਸਮਾਜਕ ਗੁਣ ਪੈਦਾ ਕਰਨ ਤੇ ਹਿੰਸਕ ਸੁਭਾਅ ਛੱਡਣ ਵਿਚ ਮਦਦ ਮਿਲੇਗੀ।”

ਯੂਕਰੇਨ ਦੀ ਇਕ ਅਖ਼ਬਾਰ ਵਿਚ ਇਕ ਨਿਰਾਸ਼ ਕੈਦੀ ਬਾਰੇ ਰਿਪੋਰਟ ਦਿੱਤੀ ਗਈ ਜਿਸ ਨੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ, ਪਰ ਫਿਰ ਉਸ ਨੂੰ ਯਹੋਵਾਹ ਦੇ ਗਵਾਹਾਂ ਤੋਂ ਮਦਦ ਮਿਲੀ। ਇਸ ਰਿਪੋਰਟ ਅਨੁਸਾਰ “ਹੁਣ ਇਹ ਆਦਮੀ ਹੌਲੀ-ਹੌਲੀ ਨਿਰਾਸ਼ਾ ਵਿੱਚੋਂ ਬਾਹਰ ਆ ਰਿਹਾ ਹੈ ਅਤੇ ਜੇਲ੍ਹ ਦੇ ਕਾਇਦੇ-ਕਾਨੂੰਨਾਂ ਅਨੁਸਾਰ ਚੱਲਦਾ ਹੈ ਤੇ ਦੂਸਰੇ ਕੈਦੀਆਂ ਲਈ ਇਕ ਚੰਗੀ ਮਿਸਾਲ ਹੈ।”

ਜੇਲ੍ਹ ਤੋਂ ਬਾਹਰ ਵੀ ਮਦਦ

ਯਹੋਵਾਹ ਦੇ ਗਵਾਹ ਸਿਰਫ਼ ਜੇਲ੍ਹਾਂ ਵਿਚ ਹੀ ਕੈਦੀਆਂ ਦੀ ਮਦਦ ਨਹੀਂ ਕਰਦੇ। ਕੈਦੀਆਂ ਦੇ ਰਿਹਾ ਹੋਣ ਤੋਂ ਬਾਅਦ ਵੀ ਉਹ ਉਨ੍ਹਾਂ ਦੀ ਮਦਦ ਕਰਦੇ ਰਹਿੰਦੇ ਹਨ। ਦੋ ਗਵਾਹ ਭੈਣਾਂ ਬ੍ਰੀਜਟ ਅਤੇ ਰੀਨਾਟੇ ਕੁਝ ਸਾਲਾਂ ਤੋਂ ਇਸੇ ਤਰ੍ਹਾਂ ਕੈਦਣਾਂ ਦੀ ਮਦਦ ਕਰ ਰਹੀਆਂ ਹਨ। ਜਰਮਨੀ ਦੀ ਇਕ ਅਖ਼ਬਾਰ ਵਿਚ ਉਨ੍ਹਾਂ ਬਾਰੇ ਰਿਪੋਰਟ ਦੱਸਦੀ ਹੈ: “ਉਹ ਕੈਦਣਾਂ ਦੇ ਰਿਹਾ ਹੋਣ ਤੋਂ ਬਾਅਦ ਤਿੰਨ ਤੋਂ ਪੰਜ ਮਹੀਨੇ ਉਨ੍ਹਾਂ ਦੀ ਦੇਖ-ਭਾਲ ਕਰਦੀਆਂ ਹਨ। ਉਹ ਉਨ੍ਹਾਂ ਨੂੰ ਜ਼ਿੰਦਗੀ ਦਾ ਮਕਸਦ ਜਾਣਨ ਦੀ ਹੱਲਾਸ਼ੇਰੀ ਦਿੰਦੀਆਂ ਹਨ। . . . ਸਰਕਾਰ ਨੇ ਉਨ੍ਹਾਂ ਨੂੰ ਸਵੈ-ਇੱਛੁਕ ਨਿਗਰਾਨੀ-ਅਫ਼ਸਰਾਂ ਵਜੋਂ ਮਾਨਤਾ ਦਿੱਤੀ ਹੈ। . . . ਜੇਲ੍ਹ ਦੇ ਅਮਲੇ ਨਾਲ ਵੀ ਉਨ੍ਹਾਂ ਦਾ ਚੰਗਾ ਮਿਲਣਾ-ਵਰਤਣਾ ਹੈ।” ਉਨ੍ਹਾਂ ਦੀ ਇਸ ਮਦਦ ਸਦਕਾ ਕਾਫ਼ੀ ਔਰਤਾਂ ਨੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਹੈ।

ਯਹੋਵਾਹ ਦੇ ਗਵਾਹਾਂ ਦੇ ਬਾਈਬਲ ਸਿੱਖਿਆ ਦੇ ਕੰਮ ਤੋਂ ਜੇਲ੍ਹ ਦੇ ਅਧਿਕਾਰੀਆਂ ਨੂੰ ਵੀ ਫ਼ਾਇਦਾ ਹੁੰਦਾ ਹੈ। ਮਿਸਾਲ ਲਈ, ਫ਼ੌਜ ਦਾ ਇਕ ਮੇਜਰ ਰੋਮਾਨ ਯੂਕਰੇਨ ਦੀ ਜੇਲ੍ਹ ਵਿਚ ਮਨੋਵਿਗਿਆਨੀ ਦੇ ਤੌਰ ਤੇ ਕੰਮ ਕਰਦਾ ਸੀ। ਜਦੋਂ ਗਵਾਹ ਉਸ ਦੇ ਘਰ ਗਏ, ਤਾਂ ਉਹ ਬਾਈਬਲ ਸਟੱਡੀ ਕਰਨ ਲਈ ਮੰਨ ਗਿਆ। ਉਸ ਨੂੰ ਪਤਾ ਲੱਗਿਆ ਕਿ ਜਿੱਥੇ ਉਹ ਕੰਮ ਕਰਦਾ ਸੀ, ਉੱਥੇ ਗਵਾਹਾਂ ਨੂੰ ਕੈਦੀਆਂ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਸੀ। ਇਸ ਲਈ, ਉਸ ਨੇ ਵਾਰਡਨ ਤੋਂ ਕੈਦੀਆਂ ਨਾਲ ਗੱਲਬਾਤ ਕਰਦੇ ਵਕਤ ਬਾਈਬਲ ਵਰਤਣ ਦੀ ਇਜਾਜ਼ਤ ਮੰਗੀ। ਉਸ ਨੂੰ ਇਜਾਜ਼ਤ ਮਿਲ ਗਈ ਤੇ ਤਕਰੀਬਨ 10 ਕੈਦੀਆਂ ਨੇ ਦਿਲਚਸਪੀ ਦਿਖਾਈ। ਰੋਮਾਨ ਬਾਈਬਲ ਵਿੱਚੋਂ ਜੋ ਸਿੱਖ ਰਿਹਾ ਸੀ, ਉਹ ਜਾਣਕਾਰੀ ਉਸ ਨੇ ਬਾਕਾਇਦਾ ਇਨ੍ਹਾਂ ਕੈਦੀਆਂ ਨਾਲ ਸਾਂਝੀ ਕੀਤੀ ਤੇ ਇਸ ਦੇ ਬਹੁਤ ਵਧੀਆ ਨਤੀਜੇ ਨਿਕਲੇ। ਰਿਹਾ ਹੋਣ ਤੋਂ ਬਾਅਦ ਕੁਝ ਕੈਦੀਆਂ ਨੇ ਤਰੱਕੀ ਕੀਤੀ ਤੇ ਬਪਤਿਸਮਾ ਲੈ ਕੇ ਮਸੀਹੀ ਬਣ ਗਏ। ਪਰਮੇਸ਼ੁਰ ਦੇ ਬਚਨ ਦੀ ਤਾਕਤ ਦੇਖ ਕੇ ਰੋਮਾਨ ਹੋਰ ਗੰਭੀਰਤਾ ਨਾਲ ਸਟੱਡੀ ਕਰਨ ਲੱਗ ਪਿਆ। ਉਸ ਨੇ ਫ਼ੌਜ ਵਿਚ ਕੰਮ ਕਰਨਾ ਛੱਡ ਦਿੱਤਾ ਤੇ ਬਾਈਬਲ ਸਿਖਾਉਣ ਦੇ ਕੰਮਾਂ ਵਿਚ ਜੁੱਟ ਗਿਆ। ਹੁਣ ਉਹ ਸਾਬਕਾ ਕੈਦੀਆਂ ਨਾਲ ਮਿਲ ਕੇ ਪ੍ਰਚਾਰ ਦਾ ਕੰਮ ਕਰਦਾ ਹੈ।

ਇਕ ਕੈਦੀ ਨੇ ਲਿਖਿਆ: “ਇੱਥੇ ਅਸੀਂ ਬਾਈਬਲ, ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਅਤੇ ਬਾਈਬਲ ਸਟੱਡੀ ਦੇ ਆਸਰੇ ਹੀ ਜੀਉਂਦੇ ਹਾਂ।” ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਕੁਝ ਜੇਲ੍ਹਾਂ ਵਿਚ ਬਾਈਬਲ ਸਾਹਿੱਤ ਦੀ ਬਹੁਤ ਲੋੜ ਹੈ। ਯੂਕਰੇਨ ਦੀ ਇਕ ਕਲੀਸਿਯਾ ਸਥਾਨਕ ਜੇਲ੍ਹ ਵਿਚ ਦਿੱਤੀ ਜਾਂਦੀ ਬਾਈਬਲ ਦੀ ਸਿੱਖਿਆ ਬਾਰੇ ਰਿਪੋਰਟ ਦਿੰਦੀ ਹੈ: “ਜੇਲ੍ਹ ਦੇ ਪ੍ਰਸ਼ਾਸਨ ਅਧਿਕਾਰੀ ਸਾਡੇ ਸਾਹਿੱਤ ਲਈ ਬਹੁਤ ਸ਼ੁਕਰਗੁਜ਼ਾਰ ਹਨ। ਅਸੀਂ ਉਨ੍ਹਾਂ ਨੂੰ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਦੇ ਹਰੇਕ ਅੰਕ ਦੀਆਂ 60 ਕਾਪੀਆਂ ਭੇਜਦੇ ਹਾਂ।” ਇਕ ਹੋਰ ਕਲੀਸਿਯਾ ਲਿਖਦੀ ਹੈ: “ਅਸੀਂ ਇਕ ਜੇਲ੍ਹ ਦੀਆਂ 20 ਛੋਟੀਆਂ-ਛੋਟੀਆਂ ਲਾਇਬ੍ਰੇਰੀਆਂ ਨੂੰ ਸਾਹਿੱਤ ਭੇਜਦੇ ਹਾਂ। ਅਸੀਂ ਹਰੇਕ ਲਾਇਬ੍ਰੇਰੀ ਨੂੰ ਆਪਣੇ ਮੁੱਖ ਪ੍ਰਕਾਸ਼ਨ ਦਿੱਤੇ ਹਨ। ਅਸੀਂ 20 ਡੱਬੇ ਸਾਹਿੱਤ ਘੱਲੇ ਸਨ।” ਇਕ ਜੇਲ੍ਹ ਦੀ ਲਾਇਬ੍ਰੇਰੀ ਵਿਚ ਗਾਰਡ ਸਾਡੇ ਰਸਾਲਿਆਂ ਦੀ ਫਾਈਲ ਬਣਾ ਕੇ ਰੱਖਦੇ ਹਨ ਤਾਂਕਿ ਕੈਦੀ ਹਰ ਅੰਕ ਤੋਂ ਫ਼ਾਇਦਾ ਲੈ ਸਕਣ।

ਯੂਕਰੇਨ ਦੇ ਬ੍ਰਾਂਚ ਆਫਿਸ ਨੇ 2002 ਵਿਚ ਜੇਲ੍ਹਾਂ ਤੋਂ ਆਉਂਦੀਆਂ ਚਿੱਠੀਆਂ ਦਾ ਜਵਾਬ ਦੇਣ ਲਈ ਇਕ ਵਿਭਾਗ ਬਣਾਇਆ। ਹੁਣ ਤਕ ਇਸ ਵਿਭਾਗ ਨੇ 120 ਜੇਲ੍ਹਾਂ ਨਾਲ ਸੰਪਰਕ ਕੀਤਾ ਹੈ ਤੇ ਕਲੀਸਿਯਾਵਾਂ ਨੂੰ ਇਨ੍ਹਾਂ ਜੇਲ੍ਹਾਂ ਦੇ ਕੈਦੀਆਂ ਨੂੰ ਮਿਲਣ ਦਾ ਕੰਮ ਸੌਂਪਿਆ ਹੈ। ਹਰ ਮਹੀਨੇ ਜੇਲ੍ਹਾਂ ਤੋਂ ਤਕਰੀਬਨ 50 ਚਿੱਠੀਆਂ ਆਉਂਦੀਆਂ ਹਨ ਜਿਨ੍ਹਾਂ ਵਿਚ ਸਾਹਿੱਤ ਭੇਜਣ ਜਾਂ ਬਾਈਬਲ ਸਟੱਡੀ ਕਰਨ ਦੀ ਮੰਗ ਕੀਤੀ ਹੁੰਦੀ ਹੈ। ਬ੍ਰਾਂਚ ਉਨ੍ਹਾਂ ਨੂੰ ਕਿਤਾਬਾਂ, ਰਸਾਲੇ ਅਤੇ ਬਰੋਸ਼ਰ ਭੇਜਦੀ ਹੈ ਤੇ ਸਥਾਨਕ ਭਰਾਵਾਂ ਨੂੰ ਜੇਲ੍ਹਾਂ ਵਿਚ ਜਾ ਕੇ ਉਨ੍ਹਾਂ ਨਾਲ ਸੰਪਰਕ ਕਰਨ ਲਈ ਕਹਿੰਦੀ ਹੈ।

‘ਬੰਧੂਆਂ ਨੂੰ ਚੇਤੇ ਰੱਖੋ,’ ਪੌਲੁਸ ਰਸੂਲ ਨੇ ਆਪਣੇ ਮਸੀਹੀ ਭੈਣਾਂ-ਭਰਾਵਾਂ ਨੂੰ ਲਿਖਿਆ ਸੀ। (ਇਬਰਾਨੀਆਂ 13:3) ਉਹ ਇੱਥੇ ਉਨ੍ਹਾਂ ਦੀ ਗੱਲ ਕਰ ਰਿਹਾ ਸੀ ਜੋ ਆਪਣੀ ਨਿਹਚਾ ਖ਼ਾਤਰ ਜੇਲ੍ਹ ਵਿਚ ਸਨ। ਅੱਜ ਯਹੋਵਾਹ ਦੇ ਗਵਾਹ ਜੇਲ੍ਹਾਂ ਵਿਚ ਕੈਦ ਲੋਕਾਂ ਨੂੰ ਚੇਤੇ ਰੱਖਦੇ ਹਨ। ਗਵਾਹ ਜੇਲ੍ਹਾਂ ਵਿਚ ਜਾ ਕੇ ਉਨ੍ਹਾਂ ‘ਬੰਧੂਆਂ ਨੂੰ ਛੁੱਟਣ ਦਾ ਪਰਚਾਰ ਕਰਦੇ ਹਨ।’—ਲੂਕਾ 4:18.

[ਫੁਟਨੋਟ]

^ ਪੈਰਾ 5 ਕੁਝ ਨਾਂ ਬਦਲੇ ਗਏ ਹਨ।

[ਸਫ਼ੇ 9 ਉੱਤੇ ਤਸਵੀਰ]

ਲਵੀਫ਼, ਯੂਕਰੇਨ ਵਿਚ ਜੇਲ੍ਹ ਦੀ ਕੰਧ

[ਸਫ਼ੇ 10 ਉੱਤੇ ਤਸਵੀਰ]

ਮੀਕੋਲਾ

[ਸਫ਼ੇ 10 ਉੱਤੇ ਤਸਵੀਰ]

ਵਾਸੀਲ ਆਪਣੀ ਪਤਨੀ ਆਏਰਾਈਨਾ ਨਾਲ

[ਸਫ਼ੇ 10 ਉੱਤੇ ਤਸਵੀਰ]

ਵਿਕਟਰ