ਮੈਕਸੀਕੋ ਵਿਚ ਚੀਨੀ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ
ਮੈਕਸੀਕੋ ਵਿਚ ਚੀਨੀ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ
“ਵੱਖੋ ਵੱਖ ਬੋਲੀ ਦੇ ਬੋਲਣ ਵਾਲੀਆਂ ਕੌਮਾਂ ਦੇ ਦਸ ਮਨੁੱਖ ਇੱਕ ਯਹੂਦੀ ਦਾ ਪੱਲਾ ਫੜਨਗੇ ਅਤੇ ਆਖਣਗੇ ਕਿ ਅਸੀਂ ਤੁਹਾਡੇ ਨਾਲ ਚੱਲਾਂਗੇ ਕਿਉਂ ਜੋ ਅਸਾਂ ਸੁਣਿਆ ਹੈ ਕਿ ਪਰਮੇਸ਼ੁਰ ਤੁਹਾਡੇ ਸੰਗ ਹੈ!” (ਜ਼ਕਰਯਾਹ 8:23) ਅੱਜ ਇਹ ਲਾਜਵਾਬ ਭਵਿੱਖਬਾਣੀ ਸਾਰੀ ਦੁਨੀਆਂ ਵਿਚ ਪੂਰੀ ਹੋ ਰਹੀ ਹੈ। “ਵੱਖੋ ਵੱਖ ਬੋਲੀ ਦੇ ਬੋਲਣ ਵਾਲੀਆਂ ਕੌਮਾਂ” ਦੇ ਲੋਕ ਯਹੋਵਾਹ ਪਰਮੇਸ਼ੁਰ ਦੀ ਭਗਤੀ ਕਰਨ ਲਈ ਅਧਿਆਤਮਿਕ ਇਸਰਾਏਲੀਆਂ ਨਾਲ ਆ ਮਿਲੇ ਹਨ। ਯਹੋਵਾਹ ਦੇ ਗਵਾਹਾਂ ਨੂੰ ਇਸ ਭਵਿੱਖਬਾਣੀ ਦੀ ਪੂਰਤੀ ਵਿਚ ਗਹਿਰੀ ਦਿਲਚਸਪੀ ਹੈ। ਕਈ ਗਵਾਹ ਤਾਂ ਹੋਰ ਜ਼ਿਆਦਾ ਲੋਕਾਂ ਨੂੰ ਪ੍ਰਚਾਰ ਕਰਨ ਲਈ ਨਵੀਂ ਭਾਸ਼ਾ ਸਿੱਖ ਰਹੇ ਹਨ।
ਮੈਕਸੀਕੋ ਵਿਚ ਵੀ ਯਹੋਵਾਹ ਦੇ ਗਵਾਹ ਇਹੋ ਕਰ ਰਹੇ ਹਨ। ਉੱਥੇ ਅੰਦਾਜ਼ਨ 30,000 ਚੀਨੀ ਭਾਸ਼ਾ ਬੋਲਣ ਵਾਲੇ ਲੋਕ ਰਹਿੰਦੇ ਹਨ। ਸਾਲ 2003 ਵਿਚ ਮੈਕਸੀਕੋ ਸ਼ਹਿਰ ਵਿਚ ਕੀਤੇ ਗਏ ਮਸੀਹ ਦੀ ਮੌਤ ਦੇ ਯਾਦਗਾਰੀ ਸਮਾਰੋਹ ਵਿਚ 15 ਚੀਨੀ ਲੋਕ ਵੀ ਆਏ ਸਨ। ਇਹ ਦੇਖ ਕੇ ਗਵਾਹਾਂ ਨੂੰ ਅਹਿਸਾਸ ਹੋਇਆ ਕਿ ਮੈਕਸੀਕੋ ਵਿਚ ਚੀਨੀ ਲੋਕਾਂ ਦੀ ਅਧਿਆਤਮਿਕ ਭੁੱਖ ਮਿਟਾਉਣ ਲਈ ਕੁਝ ਕਰਨਾ ਚਾਹੀਦਾ ਹੈ। ਮੈਕਸੀਕਨ ਗਵਾਹਾਂ ਨੂੰ ਮੈਂਦਾਰਿਨ ਭਾਸ਼ਾ ਵਿਚ ਆਸਾਨ ਤਰੀਕੇ ਨਾਲ ਪ੍ਰਚਾਰ ਕਰਨਾ ਸਿਖਾਉਣ ਲਈ ਤਿੰਨ ਮਹੀਨਿਆਂ ਦਾ ਕੋਰਸ ਚਲਾਇਆ ਗਿਆ। ਕੁੱਲ 25 ਗਵਾਹਾਂ ਨੇ ਇਹ ਸਿਖਲਾਈ ਲਈ। ਇਸ ਕੋਰਸ ਨੇ ਚੀਨੀ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਇਸ ਦਾ ਸਬੂਤ ਇਸ ਗੱਲ ਤੋਂ ਦੇਖਿਆ ਜਾ ਸਕਦਾ ਕਿ ਕੋਰਸ ਪੂਰਾ ਹੋ ਜਾਣ ਤੇ ਮੈਕਸੀਕੋ ਸ਼ਹਿਰ ਵਿਚ ਮੈਂਦਾਰਿਨ ਭਾਸ਼ਾ ਬੋਲਣ ਵਾਲਿਆਂ ਦੀ ਬਰਾਦਰੀ ਦਾ ਇਕ ਅਧਿਕਾਰੀ ਵੀ ਗ੍ਰੈਜੂਏਸ਼ਨ ਪ੍ਰੋਗ੍ਰਾਮ ਵਿਚ ਹਾਜ਼ਰ ਹੋਇਆ ਸੀ। ਇਕ ਸਥਾਨਕ ਚੀਨੀ ਸੰਸਥਾ ਨੇ ਤਿੰਨ ਗਵਾਹਾਂ ਨੂੰ ਵਿਦੇਸ਼ ਜਾ ਕੇ ਚੀਨੀ ਭਾਸ਼ਾ ਨੂੰ ਹੋਰ ਚੰਗੀ ਤਰ੍ਹਾਂ ਸਿੱਖਣ ਲਈ ਵਜ਼ੀਫ਼ਾ ਦਿੱਤਾ।
ਚੀਨੀ ਭਾਸ਼ਾ ਸਿੱਖਣ ਦੇ ਕੋਰਸ ਵਿਚ ਚੀਨੀ ਲੋਕਾਂ ਨਾਲ ਗੱਲਬਾਤ ਕਰਨੀ ਵੀ ਸ਼ਾਮਲ ਸੀ। ਕੁਝ ਸੌਖੇ-ਸੌਖੇ ਸ਼ਬਦ ਸਿੱਖਦੇ ਸਾਰ ਹੀ ਵਿਦਿਆਰਥੀਆਂ ਨੇ ਮੈਕਸੀਕੋ ਸ਼ਹਿਰ ਦੇ ਵਪਾਰ ਕੇਂਦਰ ਵਿਚ ਜਾ ਕੇ ਚੀਨੀ ਲੋਕਾਂ ਨੂੰ ਉਨ੍ਹਾਂ ਦੀ ਭਾਸ਼ਾ ਵਿਚ ਪ੍ਰਚਾਰ ਕਰਨਾ ਸ਼ੁਰੂ ਕੀਤਾ। ਨਤੀਜੇ ਵਜੋਂ ਉਨ੍ਹਾਂ ਨੇ 21 ਬਾਈਬਲ ਸਟੱਡੀਆਂ ਸ਼ੁਰੂ ਕੀਤੀਆਂ। ਸਟੱਡੀਆਂ ਸ਼ੁਰੂ ਕਰਨ ਵਿਚ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਨਾਂ ਦੇ ਬਰੋਸ਼ਰ ਦਾ ਪਿਨਯਿਨ (ਅੰਗ੍ਰੇਜ਼ੀ ਲਿਪੀ ਵਿਚ ਲਿਖੀ ਚੀਨੀ ਭਾਸ਼ਾ) ਐਡੀਸ਼ਨ ਬਹੁਤ ਸਹਾਈ ਸਾਬਤ ਹੋਇਆ।
ਪਰ ਗਵਾਹਾਂ ਨੇ ਬਾਈਬਲ ਸਟੱਡੀਆਂ ਕਿਵੇਂ ਕਰਾਈਆਂ ਜਦ ਕਿ ਉਨ੍ਹਾਂ ਨੇ ਅਜੇ ਚੀਨੀ ਭਾਸ਼ਾ ਸਿੱਖਣੀ ਸ਼ੁਰੂ ਹੀ ਕੀਤੀ ਸੀ? ਪਹਿਲਾਂ-ਪਹਿਲ ਤਾਂ ਉਹ ਸਿਰਫ਼ “ਚਿੰਗ ਦੂ [ਕਿਰਪਾ ਕਰ ਕੇ ਇਹ ਪੜ੍ਹੋ]” ਕਹਿ ਕੇ ਪੈਰੇ ਵੱਲ ਅਤੇ ਫਿਰ ਸਵਾਲ ਵੱਲ ਇਸ਼ਾਰਾ ਕਰਦੇ ਸਨ। ਜਦੋਂ ਵਿਅਕਤੀ ਚੀਨੀ ਵਿਚ ਪੈਰਾ ਤੇ ਸਵਾਲ ਪੜ੍ਹ ਕੇ ਜਵਾਬ ਦਿੰਦਾ, ਤਾਂ ਗਵਾਹ “ਸ਼ੇ ਸ਼ੇ [ਧੰਨਵਾਦ]” ਅਤੇ “ਹੰਨ ਹਾਓ [ਬਹੁਤ ਵਧੀਆ]” ਕਹਿੰਦਾ।
ਇਹੋ ਤਰੀਕਾ ਵਰਤਦੇ ਹੋਏ ਇਕ ਤੀਵੀਂ ਨਾਲ ਸਟੱਡੀ ਸ਼ੁਰੂ ਕੀਤੀ ਗਈ ਜੋ ਚਰਚ ਜਾਂਦੀ ਸੀ। ਤਿੰਨ ਵਾਰੀ ਸਟੱਡੀ ਕਰਾਉਣ ਤੋਂ ਬਾਅਦ ਗਵਾਹ ਜਾਣਨਾ ਚਾਹੁੰਦੀ ਸੀ ਕਿ ਤੀਵੀਂ ਨੂੰ ਵੀ ਕੁਝ ਸਮਝ ਆ ਰਿਹਾ ਸੀ ਜਾਂ ਨਹੀਂ। ਇਸ ਲਈ ਉਹ ਆਪਣੇ ਨਾਲ ਇਕ ਚੀਨੀ ਭਰਾ ਨੂੰ ਲੈ ਗਈ। ਜਦੋਂ ਭਰਾ ਨੇ ਤੀਵੀਂ ਨੂੰ ਕਿਹਾ ਕਿ ਜੇ ਉਸ ਦੇ ਮਨ ਵਿਚ ਕੋਈ ਸਵਾਲ ਹੈ,
ਤਾਂ ਉਹ ਪੁੱਛ ਸਕਦੀ ਹੈ। ਤੀਵੀਂ ਨੇ ਪੁੱਛਿਆ: “ਬਪਤਿਸਮਾ ਲੈਣ ਲਈ ਕੀ ਮੈਨੂੰ ਤੈਰਨਾ ਆਉਣਾ ਚਾਹੀਦਾ ਹੈ?”ਜਲਦੀ ਹੀ ਇਕ ਕਲੀਸਿਯਾ ਬੁੱਕ ਸਟੱਡੀ ਗਰੁੱਪ ਸ਼ੁਰੂ ਕੀਤਾ ਗਿਆ ਜਿਸ ਵਿਚ ਔਸਤਨ 9 ਚੀਨੀ ਲੋਕ ਅਤੇ 23 ਮੈਕਸੀਕਨ ਗਵਾਹ ਹਾਜ਼ਰ ਹੁੰਦੇ ਹਨ। ਚੀਨੀ ਲੋਕਾਂ ਵਿੱਚੋਂ ਇਕ ਜਣਾ ਡਾਕਟਰ ਸੀ ਜਿਸ ਨੂੰ ਉਸ ਦੇ ਇਕ ਮਰੀਜ਼ ਨੇ ਸਪੇਨੀ ਭਾਸ਼ਾ ਦੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਦਿੱਤੇ ਸਨ। ਇਹ ਚੀਨੀ ਡਾਕਟਰ ਸਪੇਨੀ ਭਾਸ਼ਾ ਪੜ੍ਹ ਨਹੀਂ ਸਕਦਾ ਸੀ, ਇਸ ਲਈ ਉਸ ਨੇ ਕਿਸੇ ਨੂੰ ਰਸਾਲੇ ਦੇ ਕੁਝ ਵਾਕਾਂ ਦਾ ਅਨੁਵਾਦ ਕਰ ਕੇ ਦੱਸਣ ਲਈ ਕਿਹਾ। ਜਦੋਂ ਉਸ ਨੂੰ ਪਤਾ ਲੱਗਾ ਕਿ ਇਹ ਰਸਾਲੇ ਬਾਈਬਲ ਦਾ ਗਿਆਨ ਦਿੰਦੇ ਹਨ, ਤਾਂ ਉਸ ਨੇ ਰਸਾਲੇ ਦੇਣ ਵਾਲੇ ਮਰੀਜ਼ ਨੂੰ ਚੀਨੀ ਭਾਸ਼ਾ ਵਿਚ ਰਸਾਲੇ ਲਿਆਉਣ ਲਈ ਕਿਹਾ। ਮਰੀਜ਼ ਨੇ ਉਸ ਨੂੰ ਰਸਾਲੇ ਲਿਆ ਦਿੱਤੇ। ਨਾਲ ਹੀ ਮੈਕਸੀਕੋ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਨੇ ਪ੍ਰਬੰਧ ਕੀਤਾ ਕਿ ਕੋਈ ਚੀਨੀ ਭਾਸ਼ਾ ਬੋਲਣ ਵਾਲਾ ਗਵਾਹ ਡਾਕਟਰ ਨੂੰ ਜਾ ਕੇ ਮਿਲੇ। ਡਾਕਟਰ ਦੀ ਮਾਂ ਚੀਨ ਵਿਚ ਰਹਿੰਦੀ ਸੀ। ਉਸ ਕੋਲ ਬਾਈਬਲ ਸੀ ਜਿਸ ਨੂੰ ਡਾਕਟਰ ਪੜ੍ਹ ਕੇ ਬਹੁਤ ਖ਼ੁਸ਼ ਹੁੰਦਾ ਸੀ। ਜਦੋਂ ਡਾਕਟਰ ਨੇ ਮੈਕਸੀਕੋ ਜਾਣ ਦਾ ਫ਼ੈਸਲਾ ਕੀਤਾ ਸੀ, ਤਾਂ ਉਸ ਦੀ ਮਾਂ ਨੇ ਉਸ ਨੂੰ ਬਾਈਬਲ ਪੜ੍ਹਦੇ ਰਹਿਣ ਦੀ ਨਸੀਹਤ ਦਿੱਤੀ ਸੀ। ਇਸ ਲਈ ਡਾਕਟਰ ਕੁਝ ਸਮੇਂ ਤੋਂ ਪ੍ਰਾਰਥਨਾ ਕਰ ਰਿਹਾ ਸੀ ਕਿ ਕੋਈ ਆ ਕੇ ਬਾਈਬਲ ਦੇ ਪਰਮੇਸ਼ੁਰ ਨੂੰ ਜਾਣਨ ਵਿਚ ਉਸ ਦੀ ਮਦਦ ਕਰੇ। ਗਵਾਹ ਨੂੰ ਮਿਲ ਕੇ ਉਸ ਨੇ ਖ਼ੁਸ਼ੀ ਨਾਲ ਕਿਹਾ ਕਿ “ਪਰਮੇਸ਼ੁਰ ਨੇ ਮੇਰੀ ਸੁਣ ਲਈ!”
ਬੁੱਕ ਸਟੱਡੀ ਵਿਚ ਆਉਣ ਵਾਲੇ ਇਕ ਚੀਨੀ ਪਰਿਵਾਰ ਦੀ ਕਹਾਣੀ ਇਸ ਤਰ੍ਹਾਂ ਹੈ। ਇਹ ਪਰਿਵਾਰ ਇਕ ਮੈਕਸੀਕਨ ਤੀਵੀਂ ਦੇ ਘਰ ਕਿਰਾਏ ਤੇ ਰਹਿੰਦਾ ਸੀ ਜੋ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦੀ ਸਟੱਡੀ ਕਰਦੀ ਸੀ। ਹਾਲਾਂਕਿ ਇਸ ਚੀਨੀ ਪਰਿਵਾਰ ਨੂੰ ਸਪੇਨੀ ਭਾਸ਼ਾ ਬਹੁਤ ਘੱਟ ਸਮਝ ਆਉਂਦੀ ਸੀ, ਫਿਰ ਵੀ ਉਹ ਤੀਵੀਂ ਦੀ ਬਾਈਬਲ ਸਟੱਡੀ ਦੌਰਾਨ ਬੈਠ ਕੇ ਸੁਣਦੇ ਸਨ। ਫਿਰ ਇਕ ਦਿਨ ਉਨ੍ਹਾਂ ਨੇ ਸਟੱਡੀ ਕਰਾਉਣ ਵਾਲੀ ਗਵਾਹ ਨੂੰ ਕਿਹਾ ਕਿ ਉਹ ਉਨ੍ਹਾਂ ਲਈ ਚੀਨੀ ਭਾਸ਼ਾ ਵਿਚ ਕਿਤਾਬ ਲੈ ਕੇ ਆਵੇ। ਜਲਦੀ ਹੀ ਇਸ ਪੂਰੇ ਪਰਿਵਾਰ ਨਾਲ ਬਾਈਬਲ ਸਟੱਡੀ ਸ਼ੁਰੂ ਹੋ ਗਈ। ਕੁਝ ਸਮੇਂ ਬਾਅਦ ਉਨ੍ਹਾਂ ਨੇ ਹੋਰ ਚੀਨੀ ਲੋਕਾਂ ਨੂੰ ਪ੍ਰਚਾਰ ਕਰਨ ਅਤੇ ਯਹੋਵਾਹ ਨੂੰ ਆਪਣਾ ਜੀਵਨ ਸਮਰਪਿਤ ਕਰਨ ਦੀ ਆਪਣੀ ਇੱਛਾ ਜ਼ਾਹਰ ਕੀਤੀ।
ਇਹ ਸੱਚ ਹੈ ਕਿ ਚੀਨੀ ਭਾਸ਼ਾ ਸਿੱਖਣੀ ਔਖੀ ਹੈ। ਪਰ ਉੱਪਰ ਦਿੱਤੇ ਤਜਰਬੇ ਇਸ ਗੱਲ ਦਾ ਸਬੂਤ ਹਨ ਕਿ ਯਹੋਵਾਹ ਦੀ ਮਦਦ ਨਾਲ ਮੈਕਸੀਕੋ ਵਿਚ ਅਤੇ ਧਰਤੀ ਦੇ ਹੋਰ ਹਿੱਸਿਆਂ ਵਿਚ ਵੀ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਲੋਕ ਪਰਮੇਸ਼ੁਰ ਦੇ ਮਕਸਦਾਂ ਬਾਰੇ ਸਿੱਖ ਰਹੇ ਹਨ।
[ਸਫ਼ੇ 17 ਉੱਤੇ ਤਸਵੀਰ]
ਮੈਕਸੀਕੋ ਸ਼ਹਿਰ ਵਿਚ ਚੀਨੀ ਭਾਸ਼ਾ ਸਿੱਖ ਰਹੇ ਲੋਕ
[ਸਫ਼ੇ 18 ਉੱਤੇ ਤਸਵੀਰ]
ਚੀਨੀ ਭਾਸ਼ਾ ਵਿਚ ਬਾਈਬਲ ਸਟੱਡੀ ਕਰਾਉਂਦੀ ਮੈਕਸੀਕਨ ਗਵਾਹ
[ਸਫ਼ੇ 18 ਉੱਤੇ ਤਸਵੀਰ]
ਮੈਕਸੀਕੋ ਸ਼ਹਿਰ ਵਿਚ ਘਰ-ਘਰ ਜਾ ਕੇ ਚੀਨੀ ਲੋਕਾਂ ਨੂੰ ਪ੍ਰਚਾਰ ਕਰ ਰਹੇ ਗਵਾਹ