Skip to content

Skip to table of contents

ਅੱਠ ਬੱਚਿਆਂ ਨੂੰ ਯਹੋਵਾਹ ਦੇ ਰਾਹਾਂ ਤੇ ਚੱਲਣਾ ਸਿਖਾਉਣ ਵਿਚ ਔਕੜਾਂ ਤੇ ਖ਼ੁਸ਼ੀਆਂ

ਅੱਠ ਬੱਚਿਆਂ ਨੂੰ ਯਹੋਵਾਹ ਦੇ ਰਾਹਾਂ ਤੇ ਚੱਲਣਾ ਸਿਖਾਉਣ ਵਿਚ ਔਕੜਾਂ ਤੇ ਖ਼ੁਸ਼ੀਆਂ

ਜੀਵਨੀ

ਅੱਠ ਬੱਚਿਆਂ ਨੂੰ ਯਹੋਵਾਹ ਦੇ ਰਾਹਾਂ ਤੇ ਚੱਲਣਾ ਸਿਖਾਉਣ ਵਿਚ ਔਕੜਾਂ ਤੇ ਖ਼ੁਸ਼ੀਆਂ

ਜੋਸਲੀਨ ਵੈਲਿਨਟਾਈਨ ਦੀ ਜ਼ਬਾਨੀ

ਸਾਲ 1989 ਵਿਚ ਮੇਰਾ ਪਤੀ ਨੌਕਰੀ ਕਰਨ ਵਿਦੇਸ਼ ਚਲਾ ਗਿਆ। ਉਸ ਨੇ ਮੈਨੂੰ ਆਪਣੇ ਅੱਠ ਬੱਚਿਆਂ ਦੀ ਦੇਖ-ਭਾਲ ਕਰਨ ਵਾਸਤੇ ਪੈਸੇ ਭੇਜਣ ਦਾ ਵਾਅਦਾ ਕੀਤਾ। ਹਫ਼ਤੇ ਬੀਤ ਗਏ, ਪਰ ਉਸ ਤੋਂ ਕੋਈ ਖ਼ਬਰ ਨਹੀਂ ਆਈ। ਫਿਰ ਹਫ਼ਤੇ ਮਹੀਨਿਆਂ ਵਿਚ ਬਦਲ ਗਏ। ਮੈਂ ਆਪਣੇ ਆਪ ਨੂੰ ਇਹੀ ਤਸੱਲੀ ਦਿੰਦੀ ਰਹੀ ਕਿ ‘ਜਦੋਂ ਉਹ ਚੰਗਾ-ਖਾਸਾ ਪੈਸਾ ਕਮਾ ਲਵੇਗਾ, ਤਾਂ ਉਹ ਜ਼ਰੂਰ ਘਰ ਆ ਜਾਵੇਗਾ।’

ਜਦ ਮੇਰੇ ਕੋਲ ਪਰਿਵਾਰ ਦੇ ਗੁਜ਼ਾਰੇ ਲਈ ਪੈਸਾ-ਧੇਲਾ ਨਾ ਰਿਹਾ, ਤਾਂ ਮੈਂ ਚਿੰਤਾ ਵਿਚ ਡੁੱਬ ਗਈ। ਸਾਰੀ-ਸਾਰੀ ਰਾਤ ਮੈਂ ਆਪਣੇ ਤੋਂ ਇਹੀ ਸਵਾਲ ਪੁੱਛਦੀ ਰਹਿੰਦੀ ਸੀ, ‘ਉਹ ਆਪਣੇ ਪਰਿਵਾਰ ਨੂੰ ਧੋਖਾ ਕਿਵੇਂ ਦੇ ਸਕਦਾ ਹੈ?’ ਅਖ਼ੀਰ ਵਿਚ ਮੈਨੂੰ ਇਸ ਸੱਚਾਈ ਦਾ ਸਾਮ੍ਹਣਾ ਕਰਨਾ ਪਿਆ ਕਿ ਮੇਰਾ ਪਤੀ ਸਾਨੂੰ ਛੱਡ ਕੇ ਚਲਾ ਗਿਆ ਸੀ। ਇਹ ਘਟਨਾ ਬੀਤੀ ਨੂੰ 16 ਸਾਲ ਹੋ ਚੁੱਕੇ ਹਨ ਅਤੇ ਉਹ ਅੱਜ ਤਕ ਵਾਪਸ ਨਹੀਂ ਆਇਆ। ਇਸ ਲਈ ਮੈਨੂੰ ਇਕੱਲੀ ਨੂੰ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨੀ ਪਈ। ਮੁਸ਼ਕਲਾਂ ਤਾਂ ਬਹੁਤ ਆਈਆਂ ਹਨ, ਪਰ ਆਪਣੇ ਬੱਚਿਆਂ ਨੂੰ ਯਹੋਵਾਹ ਦੀ ਸੇਵਾ ਕਰਦੇ ਦੇਖ ਕੇ ਮੈਨੂੰ ਖ਼ੁਸ਼ੀ ਵੀ ਬਹੁਤ ਮਿਲੀ ਹੈ। ਆਪਣੇ ਬੱਚਿਆਂ ਦੀ ਪਰਵਰਿਸ਼ ਮੈਂ ਕਿਵੇਂ ਕੀਤੀ, ਇਹ ਦੱਸਣ ਤੋਂ ਪਹਿਲਾਂ ਆਓ ਮੈਂ ਤੁਹਾਨੂੰ ਆਪਣੇ ਬਚਪਨ ਤੇ ਜਵਾਨੀ ਬਾਰੇ ਕੁਝ ਦੱਸਾਂ।

ਬਾਈਬਲ ਦੇ ਗਿਆਨ ਦੀ ਤਲਾਸ਼

ਮੇਰਾ ਜਨਮ 1938 ਵਿਚ ਕੈਰੀਬੀਅਨ ਸਾਗਰ ਦੇ ਜਮੈਕਾ ਟਾਪੂ ਉੱਤੇ ਹੋਇਆ ਸੀ। ਭਾਵੇਂ ਪਿਤਾ ਜੀ ਕਦੀ ਕਿਸੇ ਚਰਚ ਦੇ ਮੈਂਬਰ ਨਹੀਂ ਬਣੇ, ਫਿਰ ਵੀ ਉਹ ਰੱਬ ਨੂੰ ਮੰਨਦੇ ਸਨ। ਸ਼ਾਮ ਨੂੰ ਉਹ ਮੈਨੂੰ ਕਹਿੰਦੇ ਸਨ ਕਿ ਮੈਂ ਉਨ੍ਹਾਂ ਨੂੰ ਬਾਈਬਲ ਵਿੱਚੋਂ ਜ਼ਬੂਰਾਂ ਦੀ ਪੋਥੀ ਤੋਂ ਪੜ੍ਹ ਕੇ ਸੁਣਾਵਾਂ। ਇਸ ਤਰ੍ਹਾਂ ਮੈਨੂੰ ਕਈ ਜ਼ਬੂਰ ਮੂੰਹ-ਜ਼ਬਾਨੀ ਯਾਦ ਹੋ ਗਏ। ਮਾਤਾ ਜੀ ਚਰਚ ਜਾਂਦੇ ਸਨ ਅਤੇ ਕਦੀ-ਕਦੀ ਉਹ ਮੈਨੂੰ ਵੀ ਨਾਲ ਲੈ ਜਾਂਦੇ ਸਨ।

ਚਰਚ ਵਿਚ ਸਾਨੂੰ ਸਿਖਾਇਆ ਜਾਂਦਾ ਸੀ ਕਿ ਰੱਬ ਚੰਗੇ ਲੋਕਾਂ ਨੂੰ ਸਵਰਗ ਵਿਚ ਲੈ ਜਾਂਦਾ ਹੈ ਅਤੇ ਬੁਰੇ ਲੋਕਾਂ ਨੂੰ ਹਮੇਸ਼ਾ ਲਈ ਨਰਕ ਵਿਚ ਤਸੀਹੇ ਦਿੰਦਾ ਹੈ। ਸਾਨੂੰ ਇਹ ਵੀ ਦੱਸਿਆ ਜਾਂਦਾ ਸੀ ਕਿ ਯਿਸੂ ਹੀ ਰੱਬ ਹੈ ਅਤੇ ਉਹ ਬੱਚਿਆਂ ਨੂੰ ਪਿਆਰ ਕਰਦਾ ਹੈ। ਮੈਂ ਕਾਫ਼ੀ ਉਲਝਣ ਵਿਚ ਪੈ ਗਈ ਅਤੇ ਰੱਬ ਤੋਂ ਬਹੁਤ ਡਰਨ ਲੱਗ ਪਈ। ਮੈਂ ਸੋਚਿਆ, ‘ਜੇ ਰੱਬ ਸਾਨੂੰ ਪਿਆਰ ਕਰਦਾ ਹੈ, ਤਾਂ ਉਹ ਲੋਕਾਂ ਨੂੰ ਅੱਗ ਵਿਚ ਕਿਵੇਂ ਸਾੜ ਸਕਦਾ ਹੈ?’

ਨਰਕ ਬਾਰੇ ਸੋਚ-ਸੋਚ ਕੇ ਮੈਨੂੰ ਡਰਾਉਣੇ ਸੁਪਨੇ ਆਉਣ ਲੱਗ ਪਏ। ਫਿਰ ਮੈਂ ਸੇਵਨਥ-ਡੇ ਐਡਵੈਨਟਿਸਟ ਚਰਚ ਤੋਂ ਡਾਕ ਰਾਹੀਂ ਬਾਈਬਲ ਦੀ ਸਿੱਖਿਆ ਲਈ। ਉਨ੍ਹਾਂ ਨੇ ਸਿਖਾਇਆ ਕਿ ਦੁਸ਼ਟ ਲੋਕਾਂ ਨੂੰ ਹਮੇਸ਼ਾ ਲਈ ਤਸੀਹੇ ਨਹੀਂ ਦਿੱਤੇ ਜਾਣਗੇ, ਸਗੋਂ ਉਹ ਅੱਗ ਵਿਚ ਜਲ ਕੇ ਰਾਖ ਹੋ ਜਾਣਗੇ। ਇਹ ਗੱਲ ਮੈਨੂੰ ਜ਼ਿਆਦਾ ਠੀਕ ਲੱਗਦੀ ਸੀ ਅਤੇ ਮੈਂ ਇਸ ਚਰਚ ਵਿਚ ਜਾਣ ਲੱਗ ਪਈ। ਪਰ ਉਨ੍ਹਾਂ ਦੀਆਂ ਕਈ ਸਿੱਖਿਆਵਾਂ ਕਰਕੇ ਮੈਂ ਉਲਝਣ ਵਿਚ ਪੈ ਗਈ। ਇਸ ਤੋਂ ਇਲਾਵਾ, ਉਨ੍ਹਾਂ ਨੇ ਨੇਕ ਚਾਲ-ਚਲਣ ਰੱਖਣ ਬਾਰੇ ਮੈਨੂੰ ਕੁਝ ਨਹੀਂ ਸਿਖਾਇਆ।

ਉਨ੍ਹੀਂ ਦਿਨੀਂ ਆਮ ਕਰਕੇ ਲੋਕ ਮੰਨਦੇ ਸਨ ਕਿ ਵਿਭਚਾਰ ਕਰਨਾ ਗ਼ਲਤ ਹੈ। ਪਰ ਮੇਰੇ ਖ਼ਿਆਲ ਵਿਚ ਸਿਰਫ਼ ਉਹ ਤੀਵੀਂ ਵਿਭਚਾਰਣ ਕਹਿਲਾਉਂਦੀ ਸੀ ਜੋ ਕਈ ਮਰਦਾਂ ਨਾਲ ਸੰਬੰਧ ਰੱਖਦੀ ਸੀ। ਪਰ ਜੇ ਵਿਆਹ ਕੀਤੇ ਬਿਨਾਂ ਕੋਈ ਤੀਵੀਂ ਸਿਰਫ਼ ਇੱਕੋ ਆਦਮੀ ਨਾਲ ਸੰਬੰਧ ਰੱਖਦੀ ਸੀ, ਤਾਂ ਇਹ ਪਾਪ ਨਹੀਂ ਸੀ। (1 ਕੁਰਿੰਥੀਆਂ 6:9, 10; ਇਬਰਾਨੀਆਂ 13:4) ਇਸੇ ਵਿਸ਼ਵਾਸ ਕਾਰਨ ਮੈਂ ਵਿਆਹ ਕੀਤੇ ਬਿਨਾਂ ਛੇ ਬੱਚਿਆਂ ਦੀ ਮਾਂ ਬਣ ਗਈ।

ਯਹੋਵਾਹ ਦੀ ਭਗਤੀ ਕਰਨੀ

ਸਾਲ 1965 ਵਿਚ ਵਾਸਲਿਨ ਗੂਡੀਸਨ ਅਤੇ ਐਥਲ ਚੇਂਬਰਜ਼ ਸਾਡੇ ਲਾਗੇ ਦੇ ਸ਼ਹਿਰ ਬਾਥ ਵਿਚ ਰਹਿਣ ਆਈਆਂ। ਉਹ ਯਹੋਵਾਹ ਦੀਆਂ ਗਵਾਹਾਂ ਸਨ ਅਤੇ ਪਾਇਨੀਅਰੀ ਕਰਦੀਆਂ ਸਨ ਮਤਲਬ ਪੂਰੇ ਸਮੇਂ ਪ੍ਰਚਾਰ ਕਰਦੀਆਂ ਸਨ। ਇਕ ਦਿਨ ਉਹ ਪਿਤਾ ਜੀ ਨਾਲ ਗੱਲ ਕਰਨ ਆਈਆਂ। ਪਿਤਾ ਜੀ ਉਨ੍ਹਾਂ ਨਾਲ ਬਾਈਬਲ ਸਟੱਡੀ ਕਰਨ ਲਈ ਰਾਜ਼ੀ ਹੋ ਗਏ। ਜੇ ਮੈਂ ਘਰ ਹੁੰਦੀ ਸੀ, ਤਾਂ ਉਹ ਮੇਰੇ ਨਾਲ ਵੀ ਗੱਲ ਕਰਦੀਆਂ ਸਨ। ਭਾਵੇਂ ਮੈਂ ਯਹੋਵਾਹ ਦੇ ਗਵਾਹਾਂ ਨੂੰ ਸ਼ੱਕੀ ਨਜ਼ਰ ਨਾਲ ਦੇਖਦੀ ਸੀ, ਫਿਰ ਵੀ ਮੈਂ ਉਨ੍ਹਾਂ ਨੂੰ ਗ਼ਲਤ ਸਾਬਤ ਕਰਨ ਲਈ ਉਨ੍ਹਾਂ ਨਾਲ ਬਾਈਬਲ ਸਟੱਡੀ ਕਰਨ ਦਾ ਫ਼ੈਸਲਾ ਕੀਤਾ।

ਸਟੱਡੀ ਦੌਰਾਨ ਮੈਂ ਉਨ੍ਹਾਂ ਨੂੰ ਬਹੁਤ ਸਾਰੇ ਸਵਾਲ ਪੁੱਛਦੀ ਸੀ ਅਤੇ ਉਨ੍ਹਾਂ ਨੇ ਬਾਈਬਲ ਤੋਂ ਮੇਰੇ ਹਰ ਸਵਾਲ ਦਾ ਜਵਾਬ ਦਿੱਤਾ। ਉਨ੍ਹਾਂ ਦੀ ਮਦਦ ਨਾਲ ਮੈਂ ਸਿੱਖਿਆ ਕਿ ਮੁਰਦੇ ਕੁਝ ਨਹੀਂ ਜਾਣਦੇ ਤੇ ਨਾ ਹੀ ਕੁਝ ਮਹਿਸੂਸ ਕਰਦੇ ਹਨ ਅਤੇ ਨਾ ਹੀ ਉਹ ਨਰਕ ਵਿਚ ਸਤਾਏ ਜਾਂਦੇ ਹਨ। (ਉਪਦੇਸ਼ਕ ਦੀ ਪੋਥੀ 9:5, 10) ਮੈਂ ਇਹ ਵੀ ਸਿੱਖਿਆ ਕਿ ਲੋਕ ਧਰਤੀ ਉੱਤੇ ਸੁਖ-ਚੈਨ ਨਾਲ ਹਮੇਸ਼ਾ ਲਈ ਜੀ ਸਕਦੇ ਹਨ। (ਜ਼ਬੂਰਾਂ ਦੀ ਪੋਥੀ 37:11, 29; ਪਰਕਾਸ਼ ਦੀ ਪੋਥੀ 21:3, 4) ਭਾਵੇਂ ਪਿਤਾ ਜੀ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨੀ ਛੱਡ ਦਿੱਤੀ, ਪਰ ਮੈਂ ਉਨ੍ਹਾਂ ਦੀਆਂ ਸਭਾਵਾਂ ਵਿਚ ਜਾਣ ਲੱਗ ਪਈ। ਉੱਥੇ ਦੇ ਸ਼ਾਂਤ ਮਾਹੌਲ ਵਿਚ ਮੈਂ ਯਹੋਵਾਹ ਬਾਰੇ ਹੋਰ ਕਈ ਗੱਲਾਂ ਸਿੱਖੀਆਂ। ਮੈਂ ਉਨ੍ਹਾਂ ਦੇ ਵੱਡੇ ਸੰਮੇਲਨਾਂ ਵਿਚ ਵੀ ਗਈ। ਮੇਰੇ ਅੰਦਰ ਯਹੋਵਾਹ ਦੀ ਭਗਤੀ ਕਰਨ ਦੀ ਇੱਛਾ ਜਾਗੀ। ਪਰ ਇਕ ਮੁਸ਼ਕਲ ਸੀ।

ਉਸ ਵੇਲੇ ਮੈਂ ਇਕ ਆਦਮੀ ਦੇ ਨਾਲ ਰਹਿ ਰਹੀ ਸੀ ਜੋ ਮੇਰੇ ਛਿਆਂ ਬੱਚਿਆਂ ਵਿੱਚੋਂ ਤਿੰਨਾਂ ਦਾ ਬਾਪ ਸੀ। ਬਾਈਬਲ ਤੋਂ ਮੈਨੂੰ ਪਤਾ ਲੱਗਾ ਕਿ ਵਿਆਹ ਕੀਤੇ ਬਿਨਾਂ ਕਿਸੇ ਨਾਲ ਸਰੀਰਕ ਸੰਬੰਧ ਰੱਖਣਾ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਗ਼ਲਤ ਹੈ ਅਤੇ ਮੇਰੀ ਜ਼ਮੀਰ ਮੈਨੂੰ ਕੋਸਣ ਲੱਗੀ। (ਕਹਾਉਤਾਂ 5:15-20; ਗਲਾਤੀਆਂ 5:19) ਜਿੱਦਾਂ-ਜਿੱਦਾਂ ਸੱਚਾਈ ਮੇਰੇ ਦਿਲ ਤਕ ਪਹੁੰਚਦੀ ਗਈ, ਉੱਦਾਂ-ਉੱਦਾਂ ਪਰਮੇਸ਼ੁਰ ਦੇ ਅਸੂਲਾਂ ਅਨੁਸਾਰ ਜੀਉਣ ਦੀ ਮੇਰੀ ਇੱਛਾ ਵਧਦੀ ਗਈ। ਅਖ਼ੀਰ ਵਿਚ ਮੈਂ ਫ਼ੈਸਲਾ ਕੀਤਾ: ਜਿਸ ਆਦਮੀ ਨਾਲ ਮੈਂ ਰਹਿ ਰਹੀ ਸੀ, ਉਸ ਨੂੰ ਮੈਂ ਕਿਹਾ ਕਿ ਜਾਂ ਤਾਂ ਮੇਰੇ ਨਾਲ ਵਿਆਹ ਕਰ ਲੈ ਜਾਂ ਮੇਰੇ ਤੋਂ ਅਲੱਗ ਹੋ ਜਾ। ਭਾਵੇਂ ਉਹ ਯਹੋਵਾਹ ਨੂੰ ਨਹੀਂ ਮੰਨਦਾ ਸੀ, ਪਰ ਉਸ ਨੇ 15 ਅਗਸਤ 1970 ਵਿਚ ਮੇਰੇ ਨਾਲ ਵਿਆਹ ਕਰ ਲਿਆ। ਇਹ ਗੱਲ ਯਹੋਵਾਹ ਦੇ ਗਵਾਹਾਂ ਨੂੰ ਮਿਲਣ ਤੋਂ ਪੰਜ ਸਾਲ ਬਾਅਦ ਦੀ ਹੈ। ਦਸੰਬਰ 1970 ਵਿਚ ਮੈਂ ਬਪਤਿਸਮਾ ਲਿਆ।

ਮੈਂ ਉਹ ਦਿਨ ਨਹੀਂ ਭੁੱਲਾਂਗੀ ਜਦ ਮੈਂ ਪਹਿਲੀ ਵਾਰ ਪ੍ਰਚਾਰ ਕਰਨ ਗਈ। ਮੈਂ ਘਬਰਾਈ ਹੋਈ ਸੀ ਅਤੇ ਮੈਨੂੰ ਪਤਾ ਨਹੀਂ ਸੀ ਕਿ ਮੈਂ ਬਾਈਬਲ ਬਾਰੇ ਗੱਲਬਾਤ ਕਿਵੇਂ ਸ਼ੁਰੂ ਕਰਾਂ। ਮੈਂ ਠੰਢਾ ਸਾਹ ਭਰਿਆ ਜਦ ਪਹਿਲੇ ਦਰਵਾਜ਼ੇ ਤੇ ਘਰ-ਸੁਆਮੀ ਨੇ ਮੇਰੀ ਗੱਲ ਨਹੀਂ ਸੁਣੀ। ਪਰ ਜਿੱਦਾਂ-ਜਿੱਦਾਂ ਮੈਂ ਲੋਕਾਂ ਨਾਲ ਗੱਲਬਾਤ ਕਰਦੀ ਗਈ, ਮੇਰੀ ਘਬਰਾਹਟ ਦੂਰ ਹੁੰਦੀ ਗਈ। ਮੈਂ ਖ਼ੁਸ਼ ਸੀ ਕਿ ਮੈਂ ਕਈਆਂ ਲੋਕਾਂ ਨਾਲ ਬਾਈਬਲ ਬਾਰੇ ਗੱਲਬਾਤ ਕਰ ਸਕੀ ਅਤੇ ਕੁਝ ਪ੍ਰਕਾਸ਼ਨ ਵੀ ਦਿੱਤੇ।

ਬੱਚਿਆਂ ਨੂੰ ਯਹੋਵਾਹ ਦੀ ਸਿੱਖਿਆ ਦੇਣੀ

ਸਾਲ 1977 ਤਕ ਸਾਡੇ ਅੱਠ ਬੱਚੇ ਸਨ। ਮੈਂ ਪੱਕਾ ਇਰਾਦਾ ਕੀਤਾ ਕਿ ਯਹੋਵਾਹ ਦੀ ਸੇਵਾ ਕਰਨ ਵਿਚ ਮੈਂ ਆਪਣੇ ਬੱਚਿਆਂ ਦੀ ਪੂਰੀ ਮਦਦ ਕਰਾਂਗੀ। (ਯਹੋਸ਼ੁਆ 24:15) ਇਸ ਲਈ ਮੈਂ ਬੱਚਿਆਂ ਨਾਲ ਬੈਠ ਕੇ ਬਾਕਾਇਦਾ ਬਾਈਬਲ ਸਟੱਡੀ ਕਰਦੀ ਸੀ। ਕਈ ਵਾਰ ਮੈਂ ਇੰਨੀ ਥੱਕੀ ਹੋਈ ਹੁੰਦੀ ਸੀ ਕਿ ਜਦ ਕੋਈ ਬੱਚਾ ਪੈਰਾ ਪੜ੍ਹਦਾ ਹੁੰਦਾ ਸੀ, ਤਾਂ ਮੈਨੂੰ ਨੀਂਦ ਆ ਜਾਂਦੀ ਸੀ ਤੇ ਬੱਚੇ ਮੈਨੂੰ ਜਗਾਉਂਦੇ ਸਨ। ਪਰ ਥੱਕੀ ਹੋਣ ਦੇ ਬਾਵਜੂਦ ਵੀ ਮੈਂ ਕਦੇ ਬੱਚਿਆਂ ਨਾਲ ਬਾਈਬਲ ਸਟੱਡੀ ਕਰਨੀ ਨਹੀਂ ਛੱਡੀ।

ਮੈਂ ਆਪਣੇ ਬੱਚਿਆਂ ਨਾਲ ਰੋਜ਼ ਪ੍ਰਾਰਥਨਾ ਵੀ ਕਰਦੀ ਸੀ। ਜਿੱਦਾਂ-ਜਿੱਦਾਂ ਉਹ ਵੱਡੇ ਹੁੰਦੇ ਗਏ, ਮੈਂ ਉਨ੍ਹਾਂ ਨੂੰ ਆਪ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਸਿਖਾਈ। ਰਾਤ ਨੂੰ ਸੌਣ ਤੋਂ ਪਹਿਲਾਂ ਮੈਂ ਉਨ੍ਹਾਂ ਨੂੰ ਪੁੱਛਦੀ ਸੀ ਕਿ ਉਨ੍ਹਾਂ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਨਹੀਂ। ਜਿਹੜੇ ਬੱਚੇ ਛੋਟੇ ਹੋਣ ਕਰਕੇ ਆਪ ਪ੍ਰਾਰਥਨਾ ਨਹੀਂ ਕਰ ਸਕਦੇ ਸਨ ਮੈਂ ਉਨ੍ਹਾਂ ਨਾਲ ਇਕ-ਇਕ ਕਰ ਕੇ ਪ੍ਰਾਰਥਨਾ ਕਰਦੀ ਸੀ।

ਮੇਰੇ ਪਤੀ ਨੂੰ ਚੰਗਾ ਨਹੀਂ ਲੱਗਦਾ ਸੀ ਕਿ ਮੈਂ ਬੱਚਿਆਂ ਨੂੰ ਸਭਾਵਾਂ ਵਿਚ ਲੈ ਕੇ ਜਾਂਦੀ ਸੀ। ਪਰ ਜੇ ਮੈਂ ਇਕੱਲੀ ਸਭਾਵਾਂ ਵਿਚ ਜਾਂਦੀ, ਤਾਂ ਉਸ ਨੂੰ ਆਪ ਬੱਚਿਆਂ ਦੀ ਦੇਖ-ਭਾਲ ਕਰਨੀ ਪੈਂਦੀ। ਸ਼ਾਮ ਨੂੰ ਉਹ ਅਕਸਰ ਆਪਣੇ ਦੋਸਤਾਂ ਨੂੰ ਮਿਲਣ ਜਾਂਦਾ ਹੁੰਦਾ ਸੀ ਤੇ ਉਹ ਆਪਣੇ ਨਾਲ ਅੱਠ ਬੱਚਿਆਂ ਨੂੰ ਨਹੀਂ ਲੈ ਜਾਣਾ ਚਾਹੁੰਦਾ ਸੀ। ਇਸ ਲਈ ਉਸ ਨੇ ਮੇਰਾ ਵਿਰੋਧ ਕਰਨਾ ਛੱਡ ਦਿੱਤਾ! ਬਾਅਦ ਵਿਚ ਉਹ ਕਿੰਗਡਮ ਹਾਲ ਜਾਣ ਲਈ ਬੱਚਿਆਂ ਨੂੰ ਤਿਆਰ ਕਰਨ ਵਿਚ ਮੇਰੀ ਮਦਦ ਵੀ ਕਰਨ ਲੱਗ ਪਿਆ।

ਬੱਚੇ ਸਾਰੀਆਂ ਸਭਾਵਾਂ ਵਿਚ ਜਾਣਾ ਅਤੇ ਪ੍ਰਚਾਰ ਕਰਨਾ ਗਿੱਝ ਗਏ। ਸਕੂਲ ਦੀਆਂ ਛੁੱਟੀਆਂ ਦੌਰਾਨ ਉਹ ਕਲੀਸਿਯਾ ਦੇ ਪਾਇਨੀਅਰਾਂ ਨਾਲ ਪ੍ਰਚਾਰ ਕਰਨ ਜਾਂਦੇ ਸਨ। ਇਸ ਤਰ੍ਹਾਂ ਮੇਰੇ ਬੱਚਿਆਂ ਦੇ ਦਿਲਾਂ ਵਿਚ ਕਲੀਸਿਯਾ ਅਤੇ ਪ੍ਰਚਾਰ ਦੇ ਕੰਮ ਲਈ ਪਿਆਰ ਵਧ ਗਿਆ।—ਮੱਤੀ 24:14.

ਸਦਮੇ ਸਹਿਣੇ

ਇਸੇ ਸਮੇਂ ਦੌਰਾਨ ਮੇਰਾ ਪਤੀ ਪਰਿਵਾਰ ਦੇ ਗੁਜ਼ਾਰੇ ਲਈ ਹੋਰ ਪੈਸਾ ਕਮਾਉਣ ਵਾਸਤੇ ਵਿਦੇਸ਼ ਜਾਣ ਲੱਗ ਪਿਆ। ਭਾਵੇਂ ਉਹ ਕਾਫ਼ੀ ਸਮੇਂ ਲਈ ਪਰਿਵਾਰ ਤੋਂ ਦੂਰ ਰਹਿੰਦਾ ਸੀ, ਪਰ ਕਦੇ-ਕਦੇ ਉਹ ਘਰ ਆ ਜਾਂਦਾ ਸੀ। ਫਿਰ 1989 ਵਿਚ ਉਹ ਗਿਆ ਤੇ ਵਾਪਸ ਨਹੀਂ ਮੁੜਿਆ। ਮੈਂ ਕਈ ਰਾਤਾਂ ਰੋਂਦੀ ਰਹੀ ਅਤੇ ਯਹੋਵਾਹ ਅੱਗੇ ਮਦਦ ਲਈ ਦੁਆ ਕਰਦੀ ਰਹੀ ਕਿ ਉਹ ਮੈਨੂੰ ਇਹ ਸਦਮਾ ਸਹਿਣ ਦੀ ਤਾਕਤ ਦੇਵੇ। ਉਸ ਨੇ ਮੇਰੀ ਸੁਣੀ। ਯਸਾਯਾਹ 54:4 ਅਤੇ 1 ਕੁਰਿੰਥੀਆਂ 7:15 ਵਰਗੇ ਹਵਾਲੇ ਯਾਦ ਕਰ ਕੇ ਮੇਰੇ ਮਨ ਨੂੰ ਸਕੂਨ ਮਿਲਿਆ ਅਤੇ ਆਪਣੇ ਆਪ ਨੂੰ ਸੰਭਾਲਿਆ। ਕਲੀਸਿਯਾ ਦੇ ਭੈਣਾਂ-ਭਰਾਵਾਂ ਨੇ ਮੈਨੂੰ ਹੌਸਲਾ ਦਿੱਤਾ ਅਤੇ ਮੇਰੀਆਂ ਲੋੜਾਂ ਵੀ ਪੂਰੀਆਂ ਕੀਤੀਆਂ। ਇਸ ਮਦਦ ਲਈ ਮੈਂ ਯਹੋਵਾਹ ਅਤੇ ਉਸ ਦੇ ਲੋਕਾਂ ਦੀ ਬਹੁਤ ਧੰਨਵਾਦੀ ਹਾਂ।

ਸਾਨੂੰ ਹੋਰ ਅਜ਼ਮਾਇਸ਼ਾਂ ਦਾ ਵੀ ਸਾਮ੍ਹਣਾ ਕਰਨਾ ਪਿਆ। ਮੇਰੀ ਇਕ ਬੇਟੀ ਨੂੰ ਅਨੈਤਿਕਤਾ ਕਾਰਨ ਕਲੀਸਿਯਾ ਵਿੱਚੋਂ ਕੱਢ ਦਿੱਤਾ ਗਿਆ। ਮੈਂ ਆਪਣੇ ਸਾਰਿਆਂ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਹਾਂ, ਪਰ ਮੇਰੇ ਲਈ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣਾ ਸਭ ਤੋਂ ਜ਼ਰੂਰੀ ਹੈ। ਸੋ ਉਸ ਸਮੇਂ ਦੌਰਾਨ ਮੈਂ ਅਤੇ ਬਾਕੀ ਬੱਚੇ ਉਸ ਨਾਲ ਉਸੇ ਤਰ੍ਹਾਂ ਪੇਸ਼ ਆਏ ਜਿਵੇਂ ਬਾਈਬਲ ਵਿਚ ਸਲਾਹ ਦਿੱਤੀ ਗਈ ਹੈ। (1 ਕੁਰਿੰਥੀਆਂ 5:11, 13) ਕਈ ਲੋਕਾਂ ਨੂੰ, ਜੋ ਯਹੋਵਾਹ ਦੇ ਗਵਾਹ ਨਹੀਂ ਸਨ, ਸਾਡਾ ਇਹ ਵਤੀਰਾ ਬਹੁਤ ਬੁਰਾ ਲੱਗਾ ਤੇ ਉਨ੍ਹਾਂ ਨੇ ਸਾਨੂੰ ਬੁਰਾ-ਭਲਾ ਕਿਹਾ। ਪਰ ਜਦ ਮੇਰੀ ਬੇਟੀ ਨੇ ਦੁਬਾਰਾ ਯਹੋਵਾਹ ਦੀ ਸੇਵਾ ਕਰਨੀ ਸ਼ੁਰੂ ਕੀਤੀ, ਤਾਂ ਉਸ ਦੇ ਪਤੀ ਨੇ ਮੈਨੂੰ ਦੱਸਿਆ ਕਿ ਬਾਈਬਲ ਦੇ ਅਸੂਲਾਂ ਉੱਤੇ ਸਾਡੇ ਪੱਕੇ ਰਹਿਣ ਕਾਰਨ ਉਹ ਬਹੁਤ ਪ੍ਰਭਾਵਿਤ ਹੋਇਆ ਸੀ। ਹੁਣ ਉਹ ਆਪਣੇ ਪਰਿਵਾਰ ਨਾਲ ਯਹੋਵਾਹ ਦੀ ਸੇਵਾ ਕਰਦਾ ਹੈ।

ਪੈਸਿਆਂ ਦੀ ਤੰਗੀ

ਜਦ ਮੇਰਾ ਪਤੀ ਚਲਾ ਗਿਆ, ਤਾਂ ਸਾਡੇ ਕੋਲ ਆਮਦਨ ਦਾ ਕੋਈ ਜ਼ਰੀਆ ਨਾ ਰਿਹਾ। ਇਸ ਹਾਲਤ ਵਿਚ ਅਸੀਂ ਸਾਦੀ ਜ਼ਿੰਦਗੀ ਜੀਣੀ ਅਤੇ ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦੇਣਾ ਸਿੱਖਿਆ। ਬੱਚਿਆਂ ਨੇ ਵੀ ਇਕ-ਦੂਜੇ ਦੀ ਮਦਦ ਕਰਨੀ ਸਿੱਖੀ ਅਤੇ ਉਨ੍ਹਾਂ ਦਾ ਆਪਸੀ ਪਿਆਰ ਵਧਦਾ ਗਿਆ। ਜਦ ਵੱਡੇ ਬੱਚੇ ਨੌਕਰੀ ਕਰਨ ਲੱਗੇ, ਤਾਂ ਉਨ੍ਹਾਂ ਨੇ ਖ਼ੁਸ਼ੀ-ਖ਼ੁਸ਼ੀ ਛੋਟਿਆਂ ਦੀ ਮਦਦ ਕੀਤੀ। ਮਿਸਾਲ ਲਈ, ਮੇਰੀ ਵੱਡੀ ਲੜਕੀ ਮਾਰਸੇਰੀ ਆਪਣੀ ਛੋਟੀ ਭੈਣ ਨੀਕੌਲ ਦੀ ਸਕੂਲ ਦੀ ਫ਼ੀਸ ਭਰਦੀ ਸੀ। ਮੈਂ ਵੀ ਸਬਜ਼ੀਆਂ ਦੀ ਛੋਟੀ ਜਿਹੀ ਦੁਕਾਨ ਖੋਲ੍ਹ ਲਈ। ਇਸ ਤਰ੍ਹਾਂ ਜੋ ਵੀ ਪੈਸਾ ਆਉਂਦਾ ਸੀ, ਅਸੀਂ ਉਸ ਨਾਲ ਆਪਣਾ ਗੁਜ਼ਾਰਾ ਤੋਰਦੇ ਸੀ।

ਯਹੋਵਾਹ ਨੇ ਹਮੇਸ਼ਾ ਸਾਡਾ ਸਾਥ ਦਿੱਤਾ। ਇਕ ਵਾਰ ਮੈਂ ਇਕ ਭੈਣ ਨੂੰ ਦੱਸਿਆ ਕਿ ਸਾਡੇ ਕੋਲ ਜ਼ਿਲ੍ਹਾ ਸੰਮੇਲਨ ਜਾਣ ਜੋਗੇ ਪੈਸੇ ਨਹੀਂ ਸਨ। ਉਸ ਨੇ ਜਵਾਬ ਦਿੱਤਾ: “ਭੈਣ ਵੈਲ, ਤੂੰ ਸੰਮੇਲਨ ਤੇ ਜਾਣ ਦੀ ਪੂਰੀ ਤਿਆਰ ਕਰ, ਯਹੋਵਾਹ ਤੇਰੀ ਮਦਦ ਕਰੇਗਾ।” ਮੈਂ ਉਸ ਦੀ ਗੱਲ ਮੰਨੀ। ਯਹੋਵਾਹ ਨੇ ਵਾਕਈ ਸਾਡੀ ਮਦਦ ਕੀਤੀ ਅਤੇ ਕਰਦਾ ਵੀ ਆਇਆ ਹੈ। ਸਾਡੇ ਨਾਲ ਇਸ ਤਰ੍ਹਾਂ ਕਦੀ ਨਹੀਂ ਹੋਇਆ ਕਿ ਪੈਸੇ ਨਾ ਹੋਣ ਕਰਕੇ ਅਸੀਂ ਸੰਮੇਲਨ ਵਿਚ ਨਾ ਗਏ ਹੋਈਏ।

ਸਾਲ 1988 ਵਿਚ ਗਿਲਬਰਟ ਨਾਂ ਦੇ ਤੂਫ਼ਾਨ ਨੇ ਜਮੈਕਾ ਨੂੰ ਤਬਾਹ ਕਰ ਕੇ ਰੱਖ ਦਿੱਤਾ ਤੇ ਸਾਨੂੰ ਆਪਣੀ ਜਾਨ ਬਚਾਉਣ ਲਈ ਘਰ ਛੱਡ ਕੇ ਭੱਜਣਾ ਪਿਆ। ਜਦ ਤੂਫ਼ਾਨ ਕੁਝ ਸ਼ਾਂਤ ਹੋਇਆ, ਤਾਂ ਮੈਂ ਤੇ ਮੇਰਾ ਬੇਟਾ ਆਪਣੇ ਢਹਿ-ਢੇਰੀ ਹੋਏ ਘਰ ਨੂੰ ਦੇਖਣ ਗਏ। ਮੇਰੀ ਨਜ਼ਰ ਮਲਬੇ ਵਿਚ ਉਸ ਚੀਜ਼ ਤੇ ਪਈ ਜੋ ਮੈਂ ਬਚਾਉਣਾ ਚਾਹੁੰਦੀ ਸੀ। ਅਚਾਨਕ ਤੇਜ਼ ਹਵਾ ਵਗਣ ਲੱਗੀ, ਪਰ ਮੈਂ ਉਸ ਚੀਜ਼ ਨੂੰ ਫੜੀ ਰੱਖਿਆ। ਫਿਰ ਮੇਰੇ ਬੇਟੇ ਨੇ ਕਿਹਾ: “ਮਾਂ, ਟੀ.ਵੀ. ਰੱਖ ਦਿਓ। ਲੂਤ ਦੀ ਤੀਵੀਂ ਯਾਦ ਕਰੋ!” (ਲੂਕਾ 17:31, 32) ਇਹ ਗੱਲ ਸੁਣ ਕੇ ਮੈਂ ਹੋਸ਼ ਵਿਚ ਆਈ। ਮੈਂ ਮੀਂਹ ਵਿਚ ਭਿੱਜੇ ਟੀ.ਵੀ. ਨੂੰ ਉੱਥੇ ਸੁੱਟ ਦਿੱਤਾ ਅਤੇ ਅਸੀਂ ਦੋਵੇਂ ਸੁਰੱਖਿਅਤ ਥਾਂ ਵੱਲ ਭੱਜੇ।

ਇਸ ਬਾਰੇ ਸੋਚ ਕੇ ਮੈਨੂੰ ਕਾਂਬਾ ਛਿੜ ਜਾਂਦਾ ਹੈ ਕਿ ਟੀ. ਵੀ. ਦੇ ਬਦਲੇ ਮੈਂ ਆਪਣੀ ਜਾਨ ਖ਼ਤਰੇ ਵਿਚ ਪਾ ਰਹੀ ਸੀ। ਪਰ ਉਸ ਸਮੇਂ ਕਹੀ ਆਪਣੇ ਪੁੱਤਰ ਦੀ ਗੱਲ ਯਾਦ ਕਰ ਕੇ ਮੇਰਾ ਜੀਅ ਬੜਾ ਖ਼ੁਸ਼ ਹੁੰਦਾ ਹੈ। ਕਲੀਸਿਯਾ ਵਿਚ ਮਿਲੀ ਬਾਈਬਲ ਦੀ ਸਿੱਖਿਆ ਕਰਕੇ ਉਸ ਨੇ ਨਾ ਸਿਰਫ਼ ਮੇਰੀ ਜਾਨ ਬਚਾਈ, ਸਗੋਂ ਉਸ ਨੇ ਯਹੋਵਾਹ ਨਾਲ ਮੇਰੇ ਰਿਸ਼ਤੇ ਨੂੰ ਵੀ ਮਜ਼ਬੂਤ ਕੀਤਾ।

ਉਸ ਤੂਫ਼ਾਨ ਨੇ ਸਾਡਾ ਸਭ ਕੁਝ ਬਰਬਾਦ ਕਰ ਦਿੱਤਾ ਅਤੇ ਸਾਡਾ ਹੌਸਲਾ ਵੀ ਢਹਿ ਪਿਆ ਸੀ। ਪਰ ਫਿਰ ਮਦਦ ਵਾਸਤੇ ਸਾਡੇ ਮਸੀਹੀ ਭਰਾ ਆਏ। ਉਨ੍ਹਾਂ ਨੇ ਸਾਨੂੰ ਯਹੋਵਾਹ ਉੱਤੇ ਭਰੋਸਾ ਰੱਖਣ ਅਤੇ ਪ੍ਰਚਾਰ ਕਰਦੇ ਰਹਿਣ ਦਾ ਉਤਸ਼ਾਹ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਸਾਡਾ ਘਰ ਦੁਬਾਰਾ ਬਣਾਇਆ। ਜਮੈਕਾ ਦੇ ਅਤੇ ਵਿਦੇਸ਼ ਤੋਂ ਆਏ ਇਨ੍ਹਾਂ ਭਰਾਵਾਂ ਦੇ ਪਿਆਰ ਅਤੇ ਕੰਮ ਨੂੰ ਅਸੀਂ ਕਦੀ ਨਹੀਂ ਭੁੱਲਾਂਗੇ।

ਯਹੋਵਾਹ ਦੀ ਸੇਵਾ ਨੂੰ ਪਹਿਲ ਦੇਣੀ

ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਮੇਰੀ ਬੇਟੀ ਮਲੈਨ ਪਾਇਨੀਅਰ ਬਣ ਗਈ। ਫਿਰ ਉਸ ਨੇ ਇਕ ਹੋਰ ਕਲੀਸਿਯਾ ਵਿਚ ਜਾ ਕੇ ਪਾਇਨੀਅਰ ਸੇਵਾ ਕਰਨ ਦਾ ਸੱਦਾ ਕਬੂਲ ਕੀਤਾ ਜਿਸ ਕਰਕੇ ਉਸ ਨੂੰ ਆਪਣੀ ਨੌਕਰੀ ਛੱਡਣੀ ਪੈਣੀ ਸੀ। ਭਾਵੇਂ ਉਸ ਦੀ ਤਨਖ਼ਾਹ ਨਾਲ ਹੀ ਘਰ ਦਾ ਜ਼ਿਆਦਾ ਖ਼ਰਚਾ ਚੱਲਦਾ ਸੀ, ਪਰ ਸਾਨੂੰ ਪੱਕਾ ਭਰੋਸਾ ਸੀ ਕਿ ਯਹੋਵਾਹ ਸਾਡੀਆਂ ਜ਼ਰੂਰਤਾਂ ਪੂਰੀਆਂ ਕਰਦਾ ਰਹੇਗਾ ਜੇ ਅਸੀਂ ਪਹਿਲਾਂ ਉਸ ਦੇ ਰਾਜ ਨੂੰ ਭਾਲੀਏ। (ਮੱਤੀ 6:33) ਬਾਅਦ ਵਿਚ ਮੇਰੇ ਬੇਟੇ ਯੂਅਨ ਨੂੰ ਵੀ ਪਾਇਨੀਅਰੀ ਕਰਨ ਦਾ ਸੱਦਾ ਮਿਲਿਆ। ਉਹ ਵੀ ਪਰਿਵਾਰ ਦਾ ਗੁਜ਼ਾਰਾ ਤੋਰਨ ਵਿਚ ਕਾਫ਼ੀ ਮਦਦ ਕਰਦਾ ਸੀ, ਪਰ ਅਸੀਂ ਉਸ ਨੂੰ ਇਹ ਸੱਦਾ ਸਵੀਕਾਰ ਕਰਨ ਲਈ ਕਿਹਾ ਕਿਉਂਕਿ ਸਾਨੂੰ ਪੂਰਾ ਭਰੋਸਾ ਸੀ ਕਿ ਯਹੋਵਾਹ ਦੀ ਬਰਕਤ ਉਸ ਉੱਤੇ ਰਹੇਗੀ। ਮੈਂ ਆਪਣੇ ਬੱਚਿਆਂ ਨੂੰ ਯਹੋਵਾਹ ਦੀ ਸੇਵਾ ਨੂੰ ਪਹਿਲ ਦੇਣ ਤੋਂ ਕਦੀ ਨਹੀਂ ਰੋਕਿਆ ਅਤੇ ਸਾਨੂੰ ਕਦੀ ਵੀ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਈ। ਇਸ ਦੀ ਬਜਾਇ ਸਾਡੀ ਖ਼ੁਸ਼ੀ ਵਧੀ ਹੈ ਅਤੇ ਅਸੀਂ ਦੂਸਰਿਆਂ ਦੀ ਵੀ ਮਦਦ ਕਰ ਸਕੇ ਹਾਂ।

ਅੱਜ ਮੈਨੂੰ ਇਸ ਗੱਲ ਤੋਂ ਬਹੁਤ ਖ਼ੁਸ਼ੀ ਮਿਲਦੀ ਹੈ ਕਿ ਮੇਰੇ ਬੱਚੇ “ਸਚਿਆਈ ਉੱਤੇ ਚੱਲਦੇ ਹਨ।” (3 ਯੂਹੰਨਾ 4) ਮੇਰੀ ਬੇਟੀ ਮਲੈਨ ਆਪਣੇ ਪਤੀ ਨਾਲ ਸੇਵਾ ਕਰ ਰਹੀ ਹੈ ਜੋ ਸਰਕਟ ਨਿਗਾਹਬਾਨ ਹੈ। ਮੇਰੀ ਬੇਟੀ ਆਂਡ੍ਰੇਆ ਅਤੇ ਉਸ ਦਾ ਪਤੀ ਸਪੈਸ਼ਲ ਪਾਇਨੀਅਰ ਹਨ ਅਤੇ ਆਂਡ੍ਰੇਆ ਦਾ ਪਤੀ ਕਦੇ-ਕਦੇ ਸਰਕਟ ਨਿਗਾਹਬਾਨ ਵਜੋਂ ਵੀ ਸੇਵਾ ਕਰਦਾ ਹੈ। ਮੇਰਾ ਬੇਟਾ ਯੂਅਨ ਕਲੀਸਿਯਾ ਦਾ ਇਕ ਬਜ਼ੁਰਗ ਹੈ ਅਤੇ ਉਹ ਤੇ ਉਸ ਦੀ ਪਤਨੀ ਸਪੈਸ਼ਲ ਪਾਇਨੀਅਰ ਹਨ। ਇਕ ਹੋਰ ਬੇਟੀ ਆਵਾ-ਗੇ ਆਪਣੇ ਪਤੀ ਨਾਲ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਵਿਚ ਸੇਵਾ ਕਰਦੀ ਹੈ। ਜੈਨੀਫ਼ਰ, ਜੈਨੀਵ ਅਤੇ ਨੀਕੌਲ ਆਪੋ-ਆਪਣੇ ਪਤੀਆਂ ਅਤੇ ਬੱਚਿਆਂ ਨਾਲ ਯਹੋਵਾਹ ਦੀ ਸੇਵਾ ਕਰ ਰਹੀਆਂ ਹਨ। ਮਾਰਸੇਰੀ ਮੇਰੇ ਨਾਲ ਰਹਿੰਦੀ ਹੈ ਅਤੇ ਅਸੀਂ ਦੋਵੇਂ ਪੋਰਟ ਮੋਰੰਟ ਕਲੀਸਿਯਾ ਵਿਚ ਹਾਂ। ਮੇਰੇ ਅੱਠ ਹੀ ਬੱਚੇ ਯਹੋਵਾਹ ਦੀ ਸੇਵਾ ਕਰ ਰਹੇ ਹਨ। ਮੇਰੇ ਲਈ ਇਹੀ ਸਭ ਤੋਂ ਵੱਡੀ ਬਰਕਤ ਹੈ।

ਉਮਰ ਵਧਣ ਨਾਲ ਮੇਰੀ ਸਿਹਤ ਵੀ ਖ਼ਰਾਬ ਹੁੰਦੀ ਜਾ ਰਹੀ ਹੈ। ਮੈਨੂੰ ਗਠੀਆ ਹੈ, ਫਿਰ ਵੀ ਮੈਂ ਪਾਇਨੀਅਰੀ ਕਰਦੀ ਹਾਂ। ਸਾਡਾ ਇਲਾਕਾ ਕਾਫ਼ੀ ਉੱਚਾ-ਨੀਵਾਂ ਹੈ ਅਤੇ ਮੇਰੇ ਲਈ ਤੁਰਨਾ-ਫਿਰਨਾ ਬਹੁਤ ਮੁਸ਼ਕਲ ਹੈ ਜਿਸ ਕਰਕੇ ਪ੍ਰਚਾਰ ਕਰਨਾ ਵੀ ਔਖਾ ਹੋ ਗਿਆ। ਇਸ ਲਈ ਮੈਂ ਸਾਈਕਲ ਤੇ ਜਾ ਕੇ ਪ੍ਰਚਾਰ ਕਰਨ ਬਾਰੇ ਸੋਚਿਆ ਜੋ ਤੁਰਨ ਨਾਲੋਂ ਬਿਹਤਰ ਹੈ। ਇਸ ਕਰਕੇ ਮੈਂ ਪੁਰਾਣਾ ਸਾਈਕਲ ਖ਼ਰੀਦਿਆ। ਪਹਿਲਾਂ-ਪਹਿਲਾਂ ਮੇਰੇ ਬੱਚਿਆਂ ਨੂੰ ਆਪਣੀ ਗਠੀਏ ਦੀ ਰੋਗੀ ਮਾਂ ਨੂੰ ਸਾਈਕਲ ਚਲਾਉਂਦੇ ਦੇਖ ਕੇ ਬਹੁਤ ਦੁੱਖ ਹੁੰਦਾ ਸੀ। ਪਰ ਉਹ ਬਹੁਤ ਖ਼ੁਸ਼ ਹਨ ਕਿ ਮੈਂ ਅਜੇ ਤਕ ਪ੍ਰਚਾਰ ਕਰ ਰਹੀ ਹਾਂ।

ਇਸ ਗੱਲ ਤੋਂ ਮੈਨੂੰ ਬੇਹੱਦ ਖ਼ੁਸ਼ੀ ਮਿਲੀ ਹੈ ਕਿ ਜਿਨ੍ਹਾਂ ਲੋਕਾਂ ਨਾਲ ਮੈਂ ਬਾਈਬਲ ਸਟੱਡੀ ਕੀਤੀ ਹੈ ਉਨ੍ਹਾਂ ਵਿੱਚੋਂ ਕਈਆਂ ਨੇ ਸੱਚਾਈ ਨੂੰ ਸਵੀਕਾਰ ਕੀਤਾ। ਯਹੋਵਾਹ ਅੱਗੇ ਮੇਰੀ ਇਹੀ ਦੁਆ ਹੈ ਕਿ ਮੇਰਾ ਪਰਿਵਾਰ ਯਹੋਵਾਹ ਦੀ ਸੇਵਾ ਕਰਦਾ ਰਹੇ ਅਤੇ ਹਮੇਸ਼ਾ ਲਈ ਉਸ ਦੀ ਵਡਿਆਈ ਕਰੇ। ਮੈਂ “ਪ੍ਰਾਰਥਨਾ ਦੇ ਸੁਣਨ ਵਾਲੇ” ਪਰਮੇਸ਼ੁਰ ਯਹੋਵਾਹ ਦੀ ਬੜੀ ਧੰਨਵਾਦੀ ਹਾਂ ਕਿ ਉਸ ਦੀ ਮਦਦ ਨਾਲ ਮੈਂ ਆਪਣੇ ਅੱਠ ਬੱਚਿਆਂ ਨੂੰ ਉਸ ਦੀ ਸੇਵਾ ਵਿਚ ਲਾ ਸਕੀ।—ਜ਼ਬੂਰਾਂ ਦੀ ਪੋਥੀ 65:2.

[ਸਫ਼ਾ 10 ਉੱਤੇ ਤਸਵੀਰ]

ਮੈਂ ਤੇ ਮੇਰੇ ਬੱਚਿਆਂ ਦੇ ਪਰਿਵਾਰ

[ਸਫ਼ਾ 12 ਉੱਤੇ ਤਸਵੀਰ]

ਮੈਂ ਸਾਈਕਲ ਤੇ ਪ੍ਰਚਾਰ ਕਰਨ ਜਾਂਦੀ ਹਾਂ