Skip to content

Skip to table of contents

ਉਨ੍ਹਾਂ ਨੇ ਆਪਣੇ ਮਾਪਿਆਂ ਦਾ ਜੀਅ ਖ਼ੁਸ਼ ਕਰ ਦਿੱਤਾ

ਉਨ੍ਹਾਂ ਨੇ ਆਪਣੇ ਮਾਪਿਆਂ ਦਾ ਜੀਅ ਖ਼ੁਸ਼ ਕਰ ਦਿੱਤਾ

ਉਨ੍ਹਾਂ ਨੇ ਆਪਣੇ ਮਾਪਿਆਂ ਦਾ ਜੀਅ ਖ਼ੁਸ਼ ਕਰ ਦਿੱਤਾ

“ਮੇਰੇ ਪੁੱਤ੍ਰ, ਜੇ ਤੇਰਾ ਮਨ ਬੁੱਧਵਾਨ ਹੋਵੇ, ਤਾਂ ਮੇਰਾ ਮਨ ਅਨੰਦ ਹੋਵੇਗਾ, ਹਾਂ, ਮੇਰਾ ਵੀ!” (ਕਹਾਉਤਾਂ 23:15) ਜੀ ਹਾਂ, ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਬੁੱਧੀਮਾਨ ਬਣਦੇ ਅਤੇ ਯਹੋਵਾਹ ਦੇ ਰਾਹਾਂ ਤੇ ਚੱਲਦੇ ਦੇਖ ਕੇ ਬਾਗ਼-ਬਾਗ਼ ਹੁੰਦੇ ਹਨ। ਸ਼ਨੀਵਾਰ, 10 ਸਤੰਬਰ 2005 ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ 119ਵੀਂ ਕਲਾਸ ਦੀ ਗ੍ਰੈਜੂਏਸ਼ਨ ਦਾ ਦਿਨ ਸੀ। ਇਸ ਮੌਕੇ ਤੇ ਵੱਖ-ਵੱਖ ਦੇਸ਼ਾਂ ਤੋਂ 6,859 ਲੋਕ ਆਏ ਹੋਏ ਸਨ। ਸਾਰੇ ਬਹੁਤ ਖ਼ੁਸ਼ ਸਨ, ਪਰ ਖ਼ਾਸ ਕਰਕੇ 56 ਗ੍ਰੈਜੂਏਟਾਂ ਦੇ ਮਾਤਾ-ਪਿਤਾਵਾਂ ਦੇ ਦਿਲਾਂ ਵਿਚ ਖ਼ੁਸ਼ੀ ਦੇ ਲੱਡੂ ਫੁੱਟ ਰਹੇ ਸਨ।

ਪ੍ਰੋਗ੍ਰਾਮ ਦੇ ਸ਼ੁਰੂ ਵਿਚ ਅਮਰੀਕਾ ਦੇ ਬੈਥਲ ਪਰਿਵਾਰ ਦੇ ਇਕ ਪੁਰਾਣੇ ਮੈਂਬਰ ਡੇਵਿਡ ਵੌਕਰ ਨੇ ਦਿਲ ਦੀ ਗਹਿਰਾਈ ਤੋਂ ਪ੍ਰਾਰਥਨਾ ਕੀਤੀ। ਫਿਰ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਮੈਂਬਰ ਡੇਵਿਡ ਸਪਲੇਨ ਨੇ ਚੇਅਰਮੈਨ ਦੇ ਤੌਰ ਤੇ ਪ੍ਰੋਗ੍ਰਾਮ ਨੂੰ ਸ਼ੁਰੂ ਕਰਦਿਆਂ ਗ੍ਰੈਜੂਏਟਾਂ ਦੇ ਮਾਤਾ-ਪਿਤਾਵਾਂ ਨੂੰ ਕਿਹਾ: “ਤੁਸੀਂ ਕਾਬਲੇ-ਤਾਰੀਫ਼ ਹੋ। ਆਪਣੇ ਬੱਚਿਆਂ ਵਿਚ ਤੁਸੀਂ ਉਹ ਚੰਗੇ ਗੁਣ ਪੈਦਾ ਕੀਤੇ ਹਨ ਜਿਨ੍ਹਾਂ ਸਦਕਾ ਉਹ ਅੱਜ ਮਿਸ਼ਨਰੀਆਂ ਦੇ ਤੌਰ ਤੇ ਸੇਵਾ ਕਰਨ ਲਈ ਤਿਆਰ ਹਨ।” ਸਾਰੇ ਮਾਪੇ ਸ਼ਾਇਦ ਥੋੜ੍ਹੇ ਘਬਰਾਏ ਹੋਏ ਸਨ ਕਿਉਂਕਿ ਜਲਦੀ ਹੀ ਉਨ੍ਹਾਂ ਦੇ ਬੱਚਿਆਂ ਨੇ ਉਨ੍ਹਾਂ ਤੋਂ ਦੂਰ ਚਲੇ ਜਾਣਾ ਸੀ। ਪਰ ਭਰਾ ਸਪਲੇਨ ਨੇ ਉਨ੍ਹਾਂ ਨੂੰ ਤਸੱਲੀ ਦਿੱਤੀ: “ਆਪਣੇ ਬੱਚਿਆਂ ਦੀ ਚਿੰਤਾ ਨਾ ਕਰੋ। ਯਹੋਵਾਹ ਉਨ੍ਹਾਂ ਦਾ ਤੁਹਾਡੇ ਨਾਲੋਂ ਵੀ ਜ਼ਿਆਦਾ ਖ਼ਿਆਲ ਰੱਖੇਗਾ।” ਭਰਾ ਨੇ ਅੱਗੇ ਕਿਹਾ: “ਜ਼ਰਾ ਸੋਚੋ ਕਿ ਤੁਹਾਡੇ ਮੁੰਡੇ ਤੇ ਕੁੜੀਆਂ ਲੋਕਾਂ ਦਾ ਕਿੰਨਾ ਭਲਾ ਕਰਨਗੇ! ਦੁੱਖਾਂ ਨਾਲ ਘਿਰੇ ਲੋਕ ਉਨ੍ਹਾਂ ਦੇ ਮੂੰਹੋਂ ਜ਼ਿੰਦਗੀ ਵਿਚ ਪਹਿਲੀ ਵਾਰ ਦਿਲਾਸੇ ਭਰੇ ਸੱਚੇ ਬਚਨ ਸੁਣਨਗੇ।”

ਦੂਸਰਿਆਂ ਨੂੰ ਖ਼ੁਸ਼ੀ ਦਿੰਦੇ ਰਹੋ

ਚੇਅਰਮੈਨ ਨੇ ਚਾਰ ਭਾਸ਼ਣਕਾਰਾਂ ਦਾ ਪਰਿਚੈ ਕਰਵਾਇਆ। ਪਹਿਲੇ ਭਾਸ਼ਣਕਾਰ ਭਰਾ ਰਾਲਫ਼ ਵੌਲਸ ਸਨ ਜੋ ਅਮਰੀਕਾ ਦੀ ਬ੍ਰਾਂਚ ਕਮੇਟੀ ਦੇ ਮੈਂਬਰ ਹਨ। ਉਨ੍ਹਾਂ ਨੇ “ਆਪਣੀਆਂ ਅੱਖਾਂ ਖੁੱਲ੍ਹੀਆਂ ਰੱਖੋ” ਨਾਮਕ ਵਿਸ਼ੇ ਤੇ ਗੱਲ ਕੀਤੀ। ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਅਧਿਆਤਮਿਕ ਤੌਰ ਤੇ ਅੰਨ੍ਹੇ ਹੋਣਾ ਅੱਖਾਂ ਦੀ ਰੌਸ਼ਨੀ ਗਵਾਉਣ ਨਾਲੋਂ ਬਦਤਰ ਹੈ। ਪਹਿਲੀ ਸਦੀ ਵਿਚ ਲਾਉਦਿਕੀਆ ਸ਼ਹਿਰ ਦੀ ਕਲੀਸਿਯਾ ਦੇ ਮਸੀਹੀ ਅਧਿਆਤਮਿਕ ਤੌਰ ਤੇ ਅੰਨ੍ਹੇ ਸਨ। ਉਨ੍ਹਾਂ ਨੂੰ ਸੁਜਾਖੇ ਹੋਣ ਲਈ ਮਦਦ ਦਿੱਤੀ ਗਈ ਸੀ। ਪਰ ਅੰਨ੍ਹੇ ਹੋ ਕੇ ਇਲਾਜ ਲੱਭਣ ਦੀ ਥਾਂ ਇਹ ਕਿੰਨਾ ਬਿਹਤਰ ਹੋਵੇਗਾ ਜੇ ਅਸੀਂ ਅੰਨ੍ਹੇ ਹੋਣ ਦੀ ਨੌਬਤ ਹੀ ਨਾ ਆਉਣ ਦੇਈਏ! (ਪਰਕਾਸ਼ ਦੀ ਪੋਥੀ 3:14-18) ਫਿਰ ਭਾਸ਼ਣਕਾਰ ਨੇ ਕਿਹਾ: “ਇਸ ਲਈ ਆਪਣੀਆਂ ਅੱਖਾਂ ਖੁੱਲ੍ਹੀਆਂ ਰੱਖੋ ਅਤੇ ਜ਼ਿੰਮੇਵਾਰ ਭਰਾਵਾਂ ਨੂੰ ਯਹੋਵਾਹ ਦੀ ਨਜ਼ਰ ਨਾਲ ਦੇਖੋ।” ਕਲੀਸਿਯਾ ਵਿਚ ਸਮੱਸਿਆਵਾਂ ਪੈਦਾ ਹੋਣ ਤੇ ਗ੍ਰੈਜੂਏਟਾਂ ਨੂੰ ਹੱਦੋਂ ਵੱਧ ਪਰੇਸ਼ਾਨ ਨਹੀਂ ਹੋਣਾ ਚਾਹੀਦਾ। ਪ੍ਰਭੂ ਯਿਸੂ ਮਸੀਹ ਸਭ ਕੁਝ ਦੇਖਦਾ ਹੈ। ਉਹ ਸਮਾਂ ਆਉਣ ਤੇ ਮਾਮਲਿਆਂ ਨੂੰ ਜ਼ਰੂਰ ਸੁਧਾਰੇਗਾ।

ਅਗਲੇ ਭਾਸ਼ਣਕਾਰ ਪ੍ਰਬੰਧਕ ਸਭਾ ਦੇ ਮੈਂਬਰ ਸੈਮੂਏਲ ਹਰਡ ਸਨ। ਉਨ੍ਹਾਂ ਨੇ ਇਸ ਸਵਾਲ ਦਾ ਜਵਾਬ ਦਿੱਤਾ ਕਿ “ਕੀ ਤੁਸੀਂ ਤਿਆਰ ਹੋ?” ਜਿਵੇਂ ਇਕ ਮੁਸਾਫ਼ਰ ਸਫ਼ਰ ਤੇ ਨਿਕਲਣ ਲੱਗਿਆਂ ਆਪਣੇ ਨਾਲ ਲੋੜੀਂਦੇ ਕੱਪੜੇ ਜ਼ਰੂਰ ਲੈ ਕੇ ਜਾਂਦਾ ਹੈ, ਉਵੇਂ ਹੀ ਗ੍ਰੈਜੂਏਟਾਂ ਨੂੰ ਵੀ ਹਮੇਸ਼ਾ ਨਵੀਂ ਸ਼ਖ਼ਸੀਅਤ ਦੇ ਗੁਣਾਂ ਨੂੰ ਪਾਈ ਰੱਖਣਾ ਚਾਹੀਦਾ ਹੈ। ਉਨ੍ਹਾਂ ਨੂੰ ਯਿਸੂ ਵਾਂਗ ਹਮਦਰਦ ਬਣਨ ਦੀ ਲੋੜ ਹੈ। ਜਦੋਂ ਇਕ ਕੋੜ੍ਹੀ ਨੇ ਯਿਸੂ ਨੂੰ ਕਿਹਾ ਸੀ ਕਿ “ਜੇ ਤੂੰ ਚਾਹੇਂ ਤਾਂ ਮੈਨੂੰ ਸ਼ੁੱਧ ਕਰ ਸੱਕਦਾ ਹੈਂ,” ਤਾਂ ਯਿਸੂ ਨੇ ਅੱਗੋਂ ਕਿਹਾ ਸੀ: “ਮੈਂ ਚਾਹੁੰਦਾ ਹਾਂ, ਤੂੰ ਸ਼ੁੱਧ ਹੋ ਜਾਹ।” (ਮਰਕੁਸ 1:40-42) ਫਿਰ ਭਰਾ ਨੇ ਕਿਹਾ: “ਜੇ ਤੁਸੀਂ ਵਾਕਈ ਲੋਕਾਂ ਦੀ ਮਦਦ ਕਰਨੀ ਚਾਹੁੰਦੇ ਹੋ, ਤਾਂ ਤੁਸੀਂ ਉਨ੍ਹਾਂ ਦੀ ਮਦਦ ਕਰਨ ਦਾ ਕੋਈ-ਨ-ਕੋਈ ਤਰੀਕਾ ਲੱਭ ਹੀ ਲਵੋਗੇ।” ਫ਼ਿਲਿੱਪੀਆਂ 2:3 ਵਿਚ ਕਿਹਾ ਗਿਆ ਹੈ ਕਿ ਅਸੀਂ ‘ਇੱਕ ਦੂਏ ਨੂੰ ਆਪਣੇ ਆਪ ਤੋਂ ਉੱਤਮ ਜਾਣੀਏ।’ ਫਿਰ ਭਰਾ ਹਰਡ ਨੇ ਕਿਹਾ: “ਦਿਮਾਗ਼ੀ ਗਿਆਨ ਹੋਣ ਨਾਲੋਂ ਹਲੀਮ ਹੋਣਾ ਜ਼ਿਆਦਾ ਜ਼ਰੂਰੀ ਹੈ। ਜੇ ਤੁਸੀਂ ਹਲੀਮ ਹੋਵੋਗੇ, ਤਾਹੀਓਂ ਕਲੀਸਿਯਾ ਦੇ ਭੈਣਾਂ-ਭਰਾਵਾਂ ਨੂੰ ਅਤੇ ਹੋਰ ਲੋਕਾਂ ਨੂੰ ਤੁਹਾਡੇ ਗਿਆਨ ਤੋਂ ਫ਼ਾਇਦਾ ਹੋਵੇਗਾ।” ਅੰਤ ਵਿਚ ਭਰਾ ਨੇ ਕਿਹਾ ਕਿ ਜੇ ਗ੍ਰੈਜੂਏਟ ਮਸੀਹੀ ਪਿਆਰ ਦਾ ਜਾਮਾ ਪਾਈ ਰੱਖਣਗੇ, ਤਾਂ ਉਹ ਨਵੇਂ ਦੇਸ਼ਾਂ ਵਿਚ ਮਿਸ਼ਨਰੀ ਸੇਵਾ ਕਰਨ ਲਈ ਤਿਆਰ ਹਨ ਤੇ ਉਨ੍ਹਾਂ ਨੂੰ ਜ਼ਰੂਰ ਸਫ਼ਲਤਾ ਮਿਲੇਗੀ।—ਕੁਲੁੱਸੀਆਂ 3:14.

ਗਿਲਿਅਡ ਦੇ ਇੰਸਟ੍ਰਕਟਰ ਮਾਰਕ ਨੂਮੈਰ ਦੇ ਭਾਸ਼ਣ ਦਾ ਵਿਸ਼ਾ ਸੀ “ਕੀ ਤੁਸੀਂ ਇਸ ਨੂੰ ਬਰਕਰਾਰ ਰੱਖੋਗੇ?” ਕਿਸ ਨੂੰ? ਯਹੋਵਾਹ ਦੀ ਭਲਾਈ ਲਈ ਆਪਣੀ ਸ਼ੁਕਰਗੁਜ਼ਾਰੀ ਨੂੰ। ਜ਼ਬੂਰਾਂ ਦੀ ਪੋਥੀ 103:2 ਵਿਚ ਲਿਖਿਆ ਹੈ: “ਹੇ ਮੇਰੀ ਜਾਨ, ਯਹੋਵਾਹ ਨੂੰ ਮੁਬਾਰਕ ਆਖ, ਅਤੇ ਉਹ ਦੇ ਸਾਰੇ ਉਪਕਾਰ ਨਾ ਵਿਸਾਰ!” ਇਸਰਾਏਲੀਆਂ ਨੂੰ ਜੀਉਂਦੇ ਰੱਖਣ ਲਈ ਯਹੋਵਾਹ ਨੇ “ਮੰਨ” ਨਾਮਕ ਰੋਟੀ ਦਿੱਤੀ ਸੀ। ਪਰ ਬੇਕਦਰੇ ਇਸਰਾਏਲੀਆਂ ਨੇ ਇਸ ਨੂੰ “ਨਿਕੰਮੀ ਰੋਟੀ” ਕਿਹਾ। (ਗਿਣਤੀ 21:5) ਸਮੇਂ ਦੇ ਬੀਤਣ ਨਾਲ ਮੰਨ ਦੀ ਮਹੱਤਤਾ ਤਾਂ ਨਹੀਂ ਘਟੀ, ਪਰ ਲੋਕਾਂ ਨੇ ਇਸ ਰੋਟੀ ਦੀ ਕਦਰ ਕਰਨੀ ਉੱਕਾ ਹੀ ਛੱਡ ਦਿੱਤੀ। ਫਿਰ ਭਰਾ ਨੂਮੈਰ ਨੇ ਕਿਹਾ: “ਜੇ ਤੁਸੀਂ ਯਹੋਵਾਹ ਦੇ ਉਪਕਾਰਾਂ ਨੂੰ ਭੁਲਾ ਦਿਓ ਤੇ ਆਪਣੀ ਮਿਸ਼ਨਰੀ ਸੇਵਾ ਨੂੰ ਮਾਮੂਲੀ ਚੀਜ਼ ਸਮਝਣ ਲੱਗ ਪਓ, ਤਾਂ ਯਹੋਵਾਹ ਵੱਲੋਂ ਦਿੱਤੇ ਇਸ ਕੰਮ ਲਈ ਤੁਹਾਡੀ ਕਦਰ ਹੌਲੀ-ਹੌਲੀ ਖ਼ਤਮ ਹੋ ਜਾਵੇਗੀ।” ਜ਼ਬੂਰਾਂ ਦੀ ਪੋਥੀ 103:4 ਵਿਚ ਲਿਖਿਆ ਹੈ ਕਿ ਯਹੋਵਾਹ ‘ਤੇਰੇ ਸਿਰ ਉੱਤੇ ਦਯਾ ਦਾ ਮੁਕਟ ਰੱਖਦਾ ਹੈ।’ ਇਹ ਨਵੇਂ ਮਿਸ਼ਨਰੀ ਆਪਣੀਆਂ ਨਵੀਆਂ ਕਲੀਸਿਯਾਵਾਂ ਵਿਚ ਜਾ ਕੇ ਦੇਖਣਗੇ ਕਿ ਯਹੋਵਾਹ ਨੇ ਬੜੀ ਦਇਆ ਨਾਲ ਉਨ੍ਹਾਂ ਤੇ ਬਹੁਤ ਮਿਹਰਬਾਨੀ ਕੀਤੀ ਹੈ।

ਗਿਲਿਅਡ ਦੇ ਇਕ ਹੋਰ ਇੰਸਟ੍ਰਕਟਰ ਲਾਰੈਂਸ ਬੋਵਨ ਨੇ “ਕੀ ਇਹ ਤੁਹਾਨੂੰ ਮਿਲਣਗੀਆਂ?” ਨਾਮਕ ਭਾਸ਼ਣ ਦਿੱਤਾ। ਉਨ੍ਹਾਂ ਨੇ ਕਿਹਾ ਕਿ ਗਿਲਿਅਡ ਦੀ 119ਵੀਂ ਕਲਾਸ ਦੇ ਗ੍ਰੈਜੂਏਟਾਂ ਨੇ ਕਾਮਯਾਬ ਮਿਸ਼ਨਰੀ ਬਣਨ ਲਈ ਜੀ-ਜਾਨ ਨਾਲ ਮਿਹਨਤ ਕੀਤੀ ਹੈ। ਪਰ ਹੁਣ ਉਨ੍ਹਾਂ ਨੂੰ ਯਹੋਵਾਹ ਦੇ ਨੇੜੇ ਰਹਿਣ ਅਤੇ ਵਫ਼ਾਦਾਰੀ ਨਾਲ ਉਸ ਦੇ ਦਿੱਤੇ ਕੰਮ ਨੂੰ ਕਰਦੇ ਰਹਿਣ ਦੀ ਲੋੜ ਹੈ। ਪਰਕਾਸ਼ ਦੀ ਪੋਥੀ 14:1-4 ਵਿਚ 1,44,000 ਮਸੀਹੀਆਂ ਬਾਰੇ ਲਿਖਿਆ ਹੈ ਕਿ “ਜਿੱਥੇ ਕਿਤੇ ਲੇਲਾ ਜਾਂਦਾ ਹੈ ਓਹ ਉਹ ਦੇ ਮਗਰ ਮਗਰ ਤੁਰਦੇ ਹਨ।” ਉਨ੍ਹਾਂ ਉੱਤੇ ਭਾਵੇਂ ਜੋ ਵੀ ਮੁਸੀਬਤਾਂ ਆਉਣ, ਉਹ ਯਹੋਵਾਹ ਅਤੇ ਉਸ ਦੇ ਪੁੱਤਰ ਦੇ ਵਫ਼ਾਦਾਰ ਰਹਿੰਦੇ ਹਨ। ਫਿਰ ਭਰਾ ਬੋਵਨ ਨੇ ਕਿਹਾ: “ਇਸੇ ਤਰ੍ਹਾਂ ਅਸੀਂ ਵੀ ਅਜ਼ਮਾਇਸ਼ਾਂ ਦੇ ਬਾਵਜੂਦ ਯਹੋਵਾਹ ਪ੍ਰਤੀ ਵਫ਼ਾਦਾਰ ਰਹਿੰਦੇ ਹਾਂ ਅਤੇ ਉਸ ਦੇ ਦਿੱਤੇ ਕੰਮ ਨੂੰ ਵਫ਼ਾਦਾਰੀ ਨਾਲ ਪੂਰਾ ਕਰਦੇ ਹਾਂ।” ਜੇ 119ਵੀਂ ਕਲਾਸ ਦੇ ਗ੍ਰੈਜੂਏਟ ਇੱਦਾਂ ਕਰਨਗੇ, ਤਾਂ ਉਨ੍ਹਾਂ ਨੂੰ ਯਹੋਵਾਹ ਦੀਆਂ ਅਸੀਸਾਂ ਜ਼ਰੂਰ ਮਿਲਣਗੀਆਂ।—ਬਿਵਸਥਾ ਸਾਰ 28:2.

ਪ੍ਰਚਾਰ ਦੇ ਕੰਮ ਵਿਚ ਵੱਡੀ ਸਫ਼ਲਤਾ

ਗਿਲਿਅਡ ਕੋਰਸ ਦੇ ਦੌਰਾਨ ਵਿਦਿਆਰਥੀ ਹਰ ਸ਼ਨੀਵਾਰ ਤੇ ਐਤਵਾਰ ਨੂੰ ਪ੍ਰਚਾਰ ਕਰਨ ਜਾਂਦੇ ਸਨ। ਸਕੂਲ ਦੇ ਰਜਿਸਟਰਾਰ ਵੈਲਸ ਲਿਵਰੈਂਸ ਨੇ ਕਈਆਂ ਦੀ ਇੰਟਰਵਿਊ ਲਈ ਜਿਸ ਤੋਂ ਸਾਫ਼ ਜ਼ਾਹਰ ਹੁੰਦਾ ਸੀ ਕਿ ਵਿਦਿਆਰਥੀਆਂ ਨੂੰ ਪ੍ਰਚਾਰ ਕਰਦਿਆਂ ਕਾਫ਼ੀ ਚੰਗੇ ਤਜਰਬੇ ਹੋਏ ਸਨ। ਉਨ੍ਹਾਂ ਨੇ ਘੱਟੋ-ਘੱਟ ਦਸ ਭਾਸ਼ਾਵਾਂ ਵਿਚ ਪ੍ਰਚਾਰ ਕੀਤਾ ਤੇ ਕਈ ਬਾਈਬਲ ਸਟੱਡੀਆਂ ਸ਼ੁਰੂ ਕੀਤੀਆਂ। ਇਕ ਪਤੀ-ਪਤਨੀ ਨੇ ਇਕ ਚੀਨੀ ਆਦਮੀ ਨਾਲ ਸਟੱਡੀ ਸ਼ੁਰੂ ਕੀਤੀ। ਦੋ ਵਾਰ ਸਟੱਡੀ ਕਰਨ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਪੁੱਛਿਆ ਕਿ ਉਹ ਯਹੋਵਾਹ ਬਾਰੇ ਗਿਆਨ ਲੈ ਕੇ ਕਿਵੇਂ ਮਹਿਸੂਸ ਕਰ ਰਿਹਾ ਸੀ। ਉਸ ਆਦਮੀ ਨੇ ਆਪਣੀ ਬਾਈਬਲ ਖੋਲ੍ਹੀ ਅਤੇ ਉਨ੍ਹਾਂ ਨੂੰ ਯੂਹੰਨਾ 17:3 ਪੜ੍ਹਨ ਲਈ ਕਿਹਾ। ਹਾਂ, ਉਸ ਨੂੰ ਲੱਗਿਆ ਕਿ ਉਸ ਨੂੰ ਜੀਵਨ ਦਾ ਰਾਹ ਲੱਭ ਪਿਆ ਸੀ।

ਪ੍ਰੋਗ੍ਰਾਮ ਦੇ ਅਗਲੇ ਭਾਗ ਵਿਚ ਪ੍ਰਬੰਧਕ ਸਭਾ ਦੇ ਮੈਂਬਰ ਐਂਟਨੀ ਮੌਰਿਸ ਨੇ ਤਿੰਨ ਭਰਾਵਾਂ ਦੀ ਇੰਟਰਵਿਊ ਲਈ ਜੋ ਇਕਵੇਡਾਰ, ਕੋਟ ਡਿਵੁਆਰ ਅਤੇ ਡਮਿਨੀਕਨ ਗਣਰਾਜ ਦੀਆਂ ਬ੍ਰਾਂਚ ਕਮੇਟੀਆਂ ਦੇ ਮੈਂਬਰ ਹਨ। ਇਨ੍ਹਾਂ ਭਰਾਵਾਂ ਨੇ ਨਵੇਂ ਗ੍ਰੈਜੂਏਟਾਂ ਨੂੰ ਭਰੋਸਾ ਦਿਲਾਇਆ ਕਿ ਬ੍ਰਾਂਚ ਕਮੇਟੀਆਂ ਉਤਸੁਕਤਾ ਨਾਲ ਉਨ੍ਹਾਂ ਦੇ ਆਉਣ ਦੀ ਉਡੀਕ ਕਰ ਰਹੀਆਂ ਹਨ ਤੇ ਮਿਸ਼ਨਰੀ ਸੇਵਾ ਵਿਚ ਸਫ਼ਲ ਹੋਣ ਵਿਚ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।

ਅਮਰੀਕਾ ਦੇ ਬੈਥਲ ਪਰਿਵਾਰ ਦੇ ਮੈਂਬਰ ਲੈਨਰਡ ਪੀਅਰਸਨ ਨੇ ਪ੍ਰੋਗ੍ਰਾਮ ਦੇ ਅਗਲੇ ਭਾਗ ਵਿਚ ਕਾਂਗੋ, ਪਾਪੂਆ ਨਿਊ ਗਿਨੀ ਤੇ ਯੂਗਾਂਡਾ ਦੀਆਂ ਬ੍ਰਾਂਚ ਕਮੇਟੀਆਂ ਦੇ ਤਿੰਨ ਮੈਂਬਰਾਂ ਨਾਲ ਗੱਲਬਾਤ ਕੀਤੀ। ਇਨ੍ਹਾਂ ਭਰਾਵਾਂ ਨੇ ਗ੍ਰੈਜੂਏਟਾਂ ਨੂੰ ਪ੍ਰਚਾਰ ਦੇ ਕੰਮ ਵਿਚ ਪੂਰੀ ਤਰ੍ਹਾਂ ਰੁੱਝ ਜਾਣ ਦੀ ਪ੍ਰੇਰਣਾ ਦਿੱਤੀ। ਇਕ ਭਰਾ ਨੇ ਦੱਸਿਆ ਕਿ ਕਾਂਗੋ ਵਿਚ 21 ਸਾਲਾਂ ਤੋਂ ਵੱਧ ਸਮੇਂ ਤੋਂ ਸੇਵਾ ਕਰ ਰਹੇ ਇਕ ਮਿਸ਼ਨਰੀ ਜੋੜੇ ਨੇ 60 ਲੋਕਾਂ ਦੀ ਯਹੋਵਾਹ ਦੇ ਸੇਵਕ ਬਣਨ ਵਿਚ ਮਦਦ ਕੀਤੀ। ਇਹ ਜੋੜਾ ਇਸ ਸਮੇਂ 30 ਬਾਈਬਲ ਸਟੱਡੀਆਂ ਕਰਾ ਰਿਹਾ ਹੈ ਤੇ ਉਨ੍ਹਾਂ ਦੇ 22 ਬਾਈਬਲ ਵਿਦਿਆਰਥੀ ਸਭਾਵਾਂ ਵਿਚ ਆਉਂਦੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਬਹੁਤ ਸਾਰੇ ਲੋਕ ਸੱਚਾਈ ਦੇ ਪਿਆਸੇ ਹਨ ਅਤੇ ਮਿਸ਼ਨਰੀਆਂ ਦੇ ਤੌਰ ਤੇ ਸੇਵਾ ਕਰਨ ਦਾ ਇਹੋ ਵਧੀਆ ਸਮਾਂ ਹੈ।

ਗਵਾਹੀ ਦੇਣ ਲਈ ਸਦਾ ਤਿਆਰ

ਪ੍ਰੋਗ੍ਰਾਮ ਦਾ ਆਖ਼ਰੀ ਭਾਸ਼ਣ ਪ੍ਰਬੰਧਕ ਸਭਾ ਦੇ ਮੈਂਬਰ ਗੇਰਟ ਲੋਸ਼ ਨੇ ਦਿੱਤਾ। ਉਨ੍ਹਾਂ ਦਾ ਵਿਸ਼ਾ ਸੀ “ਪ੍ਰਭੂ ਦੇ ਦਿਨ ਵਿਚ ਪਰਮੇਸ਼ੁਰ ਬਾਰੇ ਗੱਲ ਕਰਨੀ ਤੇ ਯਿਸੂ ਦੀ ਸਾਖੀ ਭਰਨੀ।” ਪਰਕਾਸ਼ ਦੀ ਪੋਥੀ ਵਿਚ “ਗਵਾਹ,” “ਗਵਾਹੀ” ਤੇ “ਸਾਖੀ” ਸ਼ਬਦ ਬਹੁਤ ਵਾਰ ਆਉਂਦੇ ਹਨ। ਸੋ ਇਸ ਵਿਚ ਕੋਈ ਸ਼ੱਕ ਨਹੀਂ ਕਿ ਯਹੋਵਾਹ ਨੇ ਆਪਣੇ ਲੋਕਾਂ ਨੂੰ ਸਾਖੀ ਭਰਨ ਦਾ ਕੰਮ ਦਿੱਤਾ ਹੈ। ਇਹ ਸਾਖੀ ਕਦੋਂ ਦੇਣੀ ਹੈ? ਇਹ ਕੰਮ “ਪ੍ਰਭੁ ਦੇ ਦਿਨ” ਦੌਰਾਨ ਕੀਤਾ ਜਾਣਾ ਹੈ। (ਪਰਕਾਸ਼ ਦੀ ਪੋਥੀ 1:9, 10) ਪ੍ਰਭੂ ਦਾ ਦਿਨ 1914 ਵਿਚ ਸ਼ੁਰੂ ਹੋਇਆ ਸੀ। ਇਹ ਦਿਨ ਅੱਜ ਜਾਰੀ ਹੈ ਤੇ ਭਵਿੱਖ ਵਿਚ ਜਾ ਕੇ ਖ਼ਤਮ ਹੋਵੇਗਾ। ਪਰਕਾਸ਼ ਦੀ ਪੋਥੀ 14:6, 7 ਤੋਂ ਸਾਨੂੰ ਪਤਾ ਲੱਗਦਾ ਹੈ ਕਿ ਲੋਕਾਂ ਨੂੰ ਪਰਮੇਸ਼ੁਰ ਬਾਰੇ ਦੱਸਣ ਦੇ ਕੰਮ ਵਿਚ ਫ਼ਰਿਸ਼ਤੇ ਸਾਡੀ ਮਦਦ ਕਰ ਰਹੇ ਹਨ। ਪਰਕਾਸ਼ ਦੀ ਪੋਥੀ 22:17 ਤੋਂ ਪਤਾ ਲੱਗਦਾ ਹੈ ਕਿ ਯਿਸੂ ਦੀ ਸਾਖੀ ਭਰਨ ਦੇ ਕੰਮ ਵਿਚ ਅਗਵਾਈ ਲੈਣ ਦੀ ਜ਼ਿੰਮੇਵਾਰੀ ਮਸਹ ਕੀਤੇ ਹੋਏ ਮਸੀਹੀਆਂ ਨੂੰ ਦਿੱਤੀ ਗਈ ਹੈ। ਪਰ ਸਾਨੂੰ ਸਾਰਿਆਂ ਨੂੰ ਵੀ ਇਸ ਕੰਮ ਵਿਚ ਪੂਰਾ ਹਿੱਸਾ ਲੈਣਾ ਚਾਹੀਦਾ ਹੈ। ਵੀਹਵੀਂ ਆਇਤ ਵਿਚ ਯਿਸੂ ਕਹਿੰਦਾ ਹੈ: “ਮੈਂ ਛੇਤੀ ਆਉਂਦਾ ਹਾਂ।” ਇਸ ਲਈ ਭਰਾ ਲੋਸ਼ ਨੇ ਸਾਰਿਆਂ ਨੂੰ ਉਤਸ਼ਾਹ ਦਿੱਤਾ: “ਸਾਰਿਆਂ ਨੂੰ ਸੱਦਾ ਦਿਓ ਕਿ ‘ਆਓ ਅਤੇ ਅੰਮ੍ਰਿਤ ਜਲ ਮੁਖਤ ਲਵੋ।’ ਯਿਸੂ ਛੇਤੀ ਹੀ ਆ ਰਿਹਾ ਹੈ। ਕੀ ਅਸੀਂ ਉਸ ਦਿਨ ਲਈ ਤਿਆਰ ਹਾਂ?”

ਇਸ ਦੇ ਨਾਲ ਹੀ 11 ਸਾਲਾਂ ਤੋਂ ਗਿਲਿਅਡ ਸਕੂਲ ਵਿਚ ਇੰਸਟ੍ਰਕਟਰ ਰਹਿ ਚੁੱਕੇ ਭਰਾ ਫਰੈਡ ਰਸਕ ਨੇ ਪ੍ਰਾਰਥਨਾ ਰਾਹੀਂ ਯਹੋਵਾਹ ਦਾ ਦਿਲੋਂ ਧੰਨਵਾਦ ਕਰਦੇ ਹੋਏ ਇਸ ਖ਼ੁਸ਼ੀ ਦੇ ਮੌਕੇ ਨੂੰ ਸਮਾਪਤ ਕੀਤਾ।

[ਸਫ਼ਾ 13 ਉੱਤੇ ਡੱਬੀ]

ਕਲਾਸ ਦੇ ਅੰਕੜੇ

ਜਿੰਨੇ ਦੇਸ਼ਾਂ ਤੋਂ ਆਏ: 10

ਜਿੰਨੇ ਦੇਸ਼ਾਂ ਵਿਚ ਭੇਜੇ ਗਏ: 25

ਵਿਦਿਆਰਥੀਆਂ ਦੀ ਗਿਣਤੀ: 56

ਔਸਤਨ ਉਮਰ: 32.5

ਸੱਚਾਈ ਵਿਚ ਔਸਤਨ ਸਾਲ: 16.4

ਪੂਰਣ-ਕਾਲੀ ਸੇਵਾ ਵਿਚ ਔਸਤਨ ਸਾਲ: 12.1

[ਸਫ਼ਾ 15 ਉੱਤੇ ਤਸਵੀਰ]

ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ ਗ੍ਰੈਜੂਏਟ ਹੋਈ 119ਵੀਂ ਕਲਾਸ

ਥੱਲੇ ਦਿੱਤੀ ਗਈ ਸੂਚੀ ਵਿਚ ਭੈਣਾਂ-ਭਰਾਵਾਂ ਦੇ ਨਾਂ ਅਗਲੀ ਲਾਈਨ ਤੋਂ ਪਿੱਛੇ ਵੱਲ ਅਤੇ ਹਰ ਲਾਈਨ ਵਿਚ ਖੱਬਿਓਂ ਸੱਜੇ ਦਿੱਤੇ ਗਏ ਹਨ।

(1) ਹੇਲਗਸਨ, ਐੱਸ.; ਡਾਓਗੌਰ, ਐੱਚ.; ਪਯੇਰਲੂਈਸੀ, ਏ.; ਜੋਸਫ, ਆਈ.; ਰਕਾਨੇਲੀ, ਸੀ. (2) ਬਰਜ, ਟੀ.; ਬਟਲਰ, ਡੀ.; ਫਰੀਡਲਨ, ਜੇ.; ਨੂਨਯੇਸ, ਕੇ.; ਪਾਵਾਜ਼੍ਹੋ, ਸੀ.; ਡੂਮਨ, ਟੀ. (3) ਕਾਮਾਚੋ, ਓ.; ਲਿੰਡਕਵਿਸਟ, ਐੱਲ.; ਬਰੂਮਰ, ਏ.; ਵੇਸੇਲਸ, ਈ.; ਬਰਟਨ, ਜੇ.; ਵੁਡਹਾਉਸ, ਓ.; ਡੂਮਨ, ਏ. (4) ਟੀਰੀਓਨ, ਏ.; ਕਾਨਲੀ, ਐੱਲ.; ਫੂਰਨਿਏ, ਸੀ.; ਗਿਲ, ਏ.; ਯੂੰਸੋਨ, ਕੇ.; ਹੈਮਲਟਨ, ਐੱਲ. (5) ਬਰਡ, ਡੀ.; ਸਕ੍ਰਿਬਨਰ, ਆਈ.; ਕਾਮਾਚੋ, ਬੀ.; ਲਾਸ਼ਿਨਸਕੀ, ਐੱਚ.; ਹੈਲਾਹੈਨ, ਐੱਮ.; ਲੀਬੂਡਾ, ਓ. (6) ਜੋਸਫ, ਏ.; ਲਿੰਡਕਵਿਸਟ, ਐੱਮ.; ਹੇਲਗਸਨ, ਸੀ.; ਨੂਨਯੇਸ, ਡੀ.; ਸਕ੍ਰਿਬਨਰ, ਐੱਸ.; ਫੂਰਨਿਏ, ਜੇ. (7) ਪਯੇਰਲੂਈਸੀ, ਐੱਫ਼.; ਪਾਵਾਜ਼੍ਹੋ, ਟੀ.; ਬਰੂਮਰ, ਸੀ.; ਰਕਾਨੇਲੀ, ਪੀ.; ਬਟਲਰ, ਟੀ.; ਵੁਡਹਾਉਸ, ਐੱਮ.; ਲੀਬੂਡਾ, ਜੇ. (8) ਲਾਸ਼ਿਨਸਕੀ, ਐੱਮ.; ਫਰੀਡਲਨ, ਐੱਸ.; ਬਰਟਨ, ਆਈ.; ਟੀਰੀਓਨ, ਐੱਮ.; ਬਰਡ, ਐੱਮ.; ਬਰਜ, ਜੇ. (9) ਵੇਸੇਲਸ, ਟੀ.; ਹੈਲਾਹੈਨ, ਡੀ.; ਕਾਨਲੀ, ਐੱਸ.; ਗਿਲ, ਡੀ.; ਡਾਓਗੌਰ, ਪੀ.; ਹੈਮਲਟਨ, ਐੱਸ.; ਯੂੰਸੋਨ, ਟੀ.