ਚਾਰੇ ਪਾਸੇ ਬੁਰਾਈ ਦਾ ਰਾਜ
ਚਾਰੇ ਪਾਸੇ ਬੁਰਾਈ ਦਾ ਰਾਜ
ਇਹ ਦੁਨੀਆਂ ਬਹੁਤ ਹੀ ਖ਼ੁਦਗਰਜ਼ ਬਣਦੀ ਜਾ ਰਹੀ ਹੈ। ਅੱਜ-ਕੱਲ੍ਹ ਬਹੁਤ ਘੱਟ ਲੋਕ ਦੂਜਿਆਂ ਦਾ ਭਲਾ ਕਰਨਾ ਚਾਹੁੰਦੇ ਹਨ। ਫਿਰ ਵੀ ਹਰ ਸਾਲ ਕੁਝ ਲੋਕ ਦੂਜਿਆਂ ਦਾ ਭਲਾ ਕਰਨ ਲਈ ਅਰਬਾਂ ਡਾਲਰ ਦਾਨ ਕਰਦੇ ਹਨ। ਮਿਸਾਲ ਲਈ, ਸਾਲ 2002 ਵਿਚ ਬਰਤਾਨੀਆ ਵਿਚ 7.4 ਅਰਬ ਪੌਂਡ (585 ਅਰਬ ਰੁਪਏ) ਦਾਨ ਕੀਤੇ ਗਏ ਸਨ। ਅਤੇ 1999 ਤੋਂ ਦਸ ਦਿਆਲੂ ਇਨਸਾਨ ਗ਼ਰੀਬ ਲੋਕਾਂ ਦੀ ਮਦਦ ਕਰਨ ਲਈ ਅਰਬਾਂ ਡਾਲਰ ਦਾਨ ਕਰ ਰਹੇ ਹਨ। ਇਨ੍ਹਾਂ ਨੇ 38 ਅਰਬ ਅਮਰੀਕੀ ਡਾਲਰ (17.1 ਖਰਬ ਰੁਪਏ) ਤੋਂ ਜ਼ਿਆਦਾ ਦਾਨ ਕਰਨ ਦਾ ਵਾਅਦਾ ਕੀਤਾ ਹੈ।
ਗ਼ਰੀਬਾਂ ਦੀ ਮਦਦ ਕਰਨ ਲਈ ਦਇਆਵਾਨ ਲੋਕ ਰੋਗੀਆਂ ਦੀਆਂ ਦਵਾਈਆਂ ਦਾ ਖ਼ਰਚਾ ਕਰਦੇ ਹਨ, ਬੀਮਾਰੀਆਂ ਦੀ ਰੋਕਥਾਮ ਲਈ ਟੀਕਿਆਂ ਦਾ ਪ੍ਰਬੰਧ ਕਰਦੇ ਹਨ, ਉਨ੍ਹਾਂ ਬੱਚਿਆਂ ਦੀ ਪੜ੍ਹਾਈ-ਲਿਖਾਈ ਕਰਨ ਵਿਚ ਮਦਦ ਕਰਦੇ ਹਨ ਜਿਨ੍ਹਾਂ ਦੀ ਪਰਵਰਿਸ਼ ਇਕੱਲੀ ਮਾਂ ਜਾਂ ਇਕੱਲਾ ਪਿਤਾ ਕਰਦਾ ਹੈ, ਬੱਚਿਆਂ ਨੂੰ ਸਕੂਲ ਦੀਆਂ ਕਿਤਾਬਾਂ ਲੈ ਕੇ ਦਿੰਦੇ ਹਨ, ਕਿਸਾਨਾਂ ਨੂੰ ਮੱਝਾਂ-ਗਾਵਾਂ ਵਰਗੇ ਪਾਲਤੂ ਪਸ਼ੂ ਦਿੰਦੇ ਹਨ ਅਤੇ ਕੁਦਰਤੀ ਆਫ਼ਤਾਂ ਕਾਰਨ ਦੁਖੀ ਲੋਕਾਂ ਨੂੰ ਖਾਣ-ਪੀਣ ਦਾ ਸਾਮਾਨ ਤੇ ਦਵਾਈਆਂ ਵਗੈਰਾ ਪਹੁੰਚਾਉਂਦੇ ਹਨ।
ਇਨ੍ਹਾਂ ਨੇਕ ਕੰਮਾਂ ਤੋਂ ਜ਼ਾਹਰ ਹੁੰਦਾ ਹੈ ਕਿ ਇਨਸਾਨ ਦੂਜਿਆਂ ਦਾ ਭਲਾ ਕਰਨ ਦੇ ਕਾਬਲ ਹਨ। ਪਰ ਅਫ਼ਸੋਸ ਦੀ ਗੱਲ ਹੈ ਕਿ ਦੁਨੀਆਂ ਭਰ ਵਿਚ ਕੁਝ ਅਜਿਹੇ ਵੀ ਲੋਕ ਹਨ ਜੋ ਬਹੁਤ ਹੀ ਬੁਰੇ ਤੇ ਬੇਰਹਿਮ ਕੰਮ ਕਰਦੇ ਹਨ।
ਬੁਰਾਈ ਵਿਚ ਵਾਧਾ
ਦੂਜੇ ਵਿਸ਼ਵ ਯੁੱਧ ਤੋਂ ਬਾਅਦ, ਨਸਲੀ ਕਤਲਾਮ ਤੇ ਸਿਆਸੀ ਮਾਮਲਿਆਂ ਕਰਕੇ ਖ਼ੂਨ-ਖ਼ਰਾਬੇ ਦੀਆਂ ਤਕਰੀਬਨ 50 ਭਿਆਨਕ ਘਟਨਾਵਾਂ ਵਾਪਰੀਆਂ ਹਨ। ਇਕ ਅਖ਼ਬਾਰ ਮੁਤਾਬਕ, “ਇਨ੍ਹਾਂ ਘਟਨਾਵਾਂ ਵਿਚ ਲਗਭਗ 1.2 ਕਰੋੜ ਫ਼ੌਜੀਆਂ ਅਤੇ 2.2 ਕਰੋੜ ਆਮ ਲੋਕਾਂ ਦੀਆਂ ਜਾਨਾਂ ਗਈਆਂ ਹਨ। ਇਹ ਗਿਣਤੀ 1945 ਤੋਂ ਬਾਅਦ ਦੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਲੜਾਈਆਂ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਨਾਲੋਂ ਕਿਤੇ ਹੀ ਜ਼ਿਆਦਾ ਹੈ।”
ਸਿਆਸੀ ਮਾਮਲਿਆਂ ਕਾਰਨ 20ਵੀਂ ਸਦੀ ਦੇ ਦੂਸਰੇ ਅੱਧ ਵਿਚ ਕੰਬੋਡੀਆ ਵਿਚ ਤਕਰੀਬਨ 22 ਲੱਖ ਲੋਕਾਂ ਦੀ ਹੱਤਿਆ ਕੀਤੀ ਗਈ ਸੀ। ਰਵਾਂਡਾ ਵਿਚ ਟੂਟਸੀ ਤੇ ਹੁਟੂ ਕਬੀਲਿਆਂ ਵਿਚਕਾਰ ਨਫ਼ਰਤ ਦੀ ਅੱਗ ਭੜਕਣ ਕਰਕੇ 8,00,000 ਤੋਂ ਜ਼ਿਆਦਾ ਲੋਕਾਂ ਦੀ ਜਾਨ ਚਲੀ ਗਈ। ਮਾਸੂਮ ਬੱਚਿਆਂ ਨੂੰ ਵੀ ਨਹੀਂ ਬਖ਼ਸ਼ਿਆ ਗਿਆ ਸੀ। ਬੋਸਨੀਆ ਵਿਚ ਧਰਮ ਦੇ ਨਾਂ ਤੇ ਲੜੀਆਂ ਗਈਆਂ ਲੜਾਈਆਂ ਅਤੇ ਸਿਆਸੀ ਗੜਬੜ ਕਾਰਨ 2,00,000 ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ।
ਨਫ਼ਰਤ ਦੀ ਅੱਗ ਅੱਜ ਵੀ ਬਲ਼ ਰਹੀ ਹੈ। ਸਾਲ 2004 ਵਿਚ ਸੰਯੁਕਤ ਰਾਸ਼ਟਰ-ਸੰਘ (ਯੂ. ਐੱਨ.) ਦੇ ਸੈਕਟਰੀ-ਜਨਰਲ ਨੇ ਕਿਹਾ: “ਇਰਾਕ ਵਿਚ ਆਮ ਲੋਕਾਂ ਦਾ ਬੜੀ ਬੇਰਹਿਮੀ ਨਾਲ ਖ਼ੂਨ ਵਹਾਇਆ ਜਾਂਦਾ ਹੈ, ਰਾਹਤ ਪਹੁੰਚਾਉਣ ਵਾਲਿਆਂ, ਪੱਤਰਕਾਰਾਂ ਅਤੇ ਹੋਰਨਾਂ ਬੇਕਸੂਰ ਲੋਕਾਂ ਨੂੰ ਅਗਵਾ ਕਰ ਕੇ ਜ਼ਾਲਮਾਨਾ ਤਰੀਕੇ ਨਾਲ ਮਾਰਿਆ ਜਾਂਦਾ ਹੈ। ਕੈਦੀਆਂ ਨਾਲ ਵੀ ਬਹੁਤ ਭੈੜਾ ਸਲੂਕ ਕੀਤਾ ਜਾਂਦਾ ਹੈ। [ਸੂਡਾਨ ਵਿਚ] ਡਾਫੂਰ ਦੇ ਇਲਾਕੇ ਵਿਚ ਲੋਕਾਂ ਨੂੰ ਮਜਬੂਰਨ ਆਪਣੇ ਘਰੋਂ ਭੱਜਣਾ ਪਿਆ
ਅਤੇ ਉਨ੍ਹਾਂ ਦੇ ਘਰ-ਬਾਰ ਤਬਾਹ ਕਰ ਦਿੱਤੇ ਗਏ ਹਨ। ਔਰਤਾਂ ਨਾਲ ਬਲਾਤਕਾਰ ਕੀਤਾ ਗਿਆ। ਉੱਤਰੀ ਯੂਗਾਂਡਾ ਵਿਚ ਬੱਚਿਆਂ ਨੂੰ ਅਪਾਹਜ ਬਣਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਭੈੜਿਆਂ ਕੰਮਾਂ ਵਿਚ ਹਿੱਸਾ ਲੈਣ ਲਈ ਮਜਬੂਰ ਕੀਤਾ ਜਾਂਦਾ ਹੈ। ਬੈਸਲਾਨ ਵਿਚ ਵੀ ਮਾਸੂਮ ਬੱਚਿਆਂ ਨੂੰ ਅਗਵਾ ਕਰ ਕੇ ਉਨ੍ਹਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਜਾਂਦਾ ਹੈ।”ਅਮੀਰ ਦੇਸ਼ਾਂ ਵਿਚ ਵੀ ਪੱਖਪਾਤ ਤੇ ਨਫ਼ਰਤ ਦੀ ਅੱਗ ਸੁਲਗ ਰਹੀ ਹੈ। ਮਿਸਾਲ ਲਈ, ਇਕ ਅਖ਼ਬਾਰ ਅਨੁਸਾਰ ਸਾਲ 2004 ਵਿਚ ਇੰਗਲੈਂਡ ਵਿਚ “ਪਿਛਲੇ ਦਸ ਸਾਲਾਂ ਦੌਰਾਨ ਨਸਲੀ ਪੱਖਪਾਤ ਕਾਰਨ ਲੋਕਾਂ ਉੱਤੇ ਹੋਏ ਹਮਲਿਆਂ ਵਿਚ ਗਿਆਰਾਂ ਗੁਣਾ ਵਾਧਾ ਹੋਇਆ ਹੈ।”
ਤਾਂ ਫਿਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦ ਇਨਸਾਨ ਦੂਜਿਆਂ ਦਾ ਭਲਾ ਕਰਨ ਦੇ ਕਾਬਲ ਹਨ, ਤਾਂ ਉਹ ਦੂਜਿਆਂ ਉੱਤੇ ਇੰਨਾ ਜ਼ੁਲਮ ਕਿਉਂ ਢਾਉਂਦੇ ਹਨ? ਕੀ ਬੁਰਾਈ ਕਦੇ ਸਾਡਾ ਖਹਿੜਾ ਛੱਡੇਗੀ? ਅਗਲੇ ਲੇਖ ਵਿਚ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਬਾਈਬਲ ਵਿੱਚੋਂ ਪਾਵਾਂਗੇ।
[ਸਫ਼ਾ 2 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
COVER: Mark Edwards/Still Pictures/Peter Arnold, Inc.