Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਜ਼ਬੂਰ 102:26 ਵਿਚ ਕਿਹਾ ਗਿਆ ਹੈ ਕਿ ਧਰਤੀ ਅਤੇ ਆਕਾਸ਼ “ਨਾਸ ਹੋ ਜਾਣਗੇ।” ਕੀ ਇਸ ਦਾ ਇਹ ਮਤਲਬ ਹੈ ਕਿ ਧਰਤੀ ਨੂੰ ਇਕ ਦਿਨ ਤਬਾਹ ਕਰ ਦਿੱਤਾ ਜਾਵੇਗਾ?

ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹੋਏ ਇਸ ਜ਼ਬੂਰ ਦੇ ਲਿਖਾਰੀ ਨੇ ਕਿਹਾ ਸੀ: “ਮੁੱਢੋਂ ਹੀ ਤੈਂ ਧਰਤੀ ਦੀ ਨੀਂਹ ਧਰੀ, ਅਤੇ ਅਕਾਸ਼ ਤੇਰੇ ਹੱਥਾਂ ਦਾ ਕਾਰਜ ਹੈ। ਓਹ ਨਾਸ ਹੋ ਜਾਣਗੇ, ਪਰ ਤੂੰ ਅਟੱਲ ਰਹੇਂਗਾ, ਓਹ ਸਾਰੇ ਕੱਪੜੇ ਵਾਂਙੁ ਪੁਰਾਣੇ ਹੋ ਜਾਣਗੇ, ਤੂੰ ਉਨ੍ਹਾਂ ਨੂੰ ਲਿਬਾਸ ਦੀ ਨਿਆਈਂ ਬਦਲ ਦੇਵੇਂਗਾ, ਸੋ ਓਹ ਬਦਲ ਹੀ ਜਾਣਗੇ!” (ਜ਼ਬੂਰਾਂ ਦੀ ਪੋਥੀ 102:25, 26) ਇਸ ਜ਼ਬੂਰ ਤੇ ਗੌਰ ਕਰ ਕੇ ਪਤਾ ਲੱਗਦਾ ਹੈ ਕਿ ਇਸ ਵਿਚ ਧਰਤੀ ਦੀ ਤਬਾਹੀ ਦੀ ਗੱਲ ਨਹੀਂ ਕੀਤੀ ਗਈ, ਸਗੋਂ ਇਸ ਹਕੀਕਤ ਬਾਰੇ ਗੱਲ ਕੀਤੀ ਗਈ ਹੈ ਕਿ ਪਰਮੇਸ਼ੁਰ ਹਮੇਸ਼ਾ ਰਹੇਗਾ। ਇਸ ਤੋਂ ਇਲਾਵਾ ਇਸ ਜ਼ਬੂਰ ਵਿਚ ਇਹ ਵੀ ਦਿਖਾਇਆ ਗਿਆ ਹੈ ਕਿ ਇਸ ਹਕੀਕਤ ਨੂੰ ਜਾਣ ਕੇ ਪਰਮੇਸ਼ੁਰ ਦੇ ਸੇਵਕਾਂ ਨੂੰ ਦਿਲਾਸਾ ਮਿਲਦਾ ਹੈ।

ਇਸ ਜ਼ਬੂਰ ਦਾ ਲਿਖਾਰੀ ਸ਼ਾਇਦ ਬਾਬਲ ਵਿਚ ਜਲਾਵਤਨੀ ਕੱਟ ਰਿਹਾ ਸੀ। ਉਸ ਨੇ ਆਪਣੇ ਦੁੱਖੜੇ ਫੋਲਣੇ ਸ਼ੁਰੂ ਕੀਤੇ। ਉਸ ਨੂੰ ਆਪਣੀ ਜ਼ਿੰਦਗੀ “ਧੂੰਏਂ ਵਾਂਙੁ” ਉੱਡਦੀ ਨਜ਼ਰ ਆਈ। ਚਿੰਤਾ ਉਸ ਨੂੰ ਅੰਦਰੋਂ-ਅੰਦਰੀ ਖਾਈ ਜਾ ਰਹੀ ਸੀ, ਜਿਸ ਕਰਕੇ ਉਸ ਨੂੰ ਆਪਣੀਆਂ ਹੱਡੀਆਂ “ਬਾਲਣ ਵਾਂਙੁ ਬਲਦੀਆਂ” ਲੱਗਦੀਆਂ ਸਨ। ਉਹ ਥੱਕ ਗਿਆ ਸੀ ਤੇ ਉਸ ਨੂੰ ਲੱਗਦਾ ਸੀ ਕਿ ਉਹ ‘ਘਾਹ ਦੀ ਨਿਆਈਂ ਸੁੱਕ ਗਿਆ’ ਸੀ। ਉਹ ਆਪਣੇ ਆਪ ਨੂੰ “ਚਿੜੀ” ਵਾਂਗ ਇਕੱਲਾ ਮਹਿਸੂਸ ਕਰਦਾ ਸੀ ‘ਜਿਹੜੀ ਛੱਤ ਉੱਤੇ ਵੱਖਰੀ ਰਹਿੰਦੀ ਹੋਵੇ।’ ਉਸ ਦੇ ਦੁੱਖਾਂ ਨੇ ਉਸ ਦੀ ਭੁੱਖ ਮਿਟਾ ਦਿੱਤੀ ਸੀ। ਸਾਰਾ-ਸਾਰਾ ਦਿਨ ਉਹ ਦੁੱਖਾਂ ਵਿਚ ਕੁਰਲਾਉਂਦਾ ਰਹਿੰਦਾ ਸੀ। (ਜ਼ਬੂਰਾਂ ਦੀ ਪੋਥੀ 102:3-11) ਫਿਰ ਵੀ ਇਸ ਸੇਵਕ ਨੇ ਉਮੀਦ ਨਹੀਂ ਛੱਡੀ। ਕਿਉਂ ਨਹੀਂ? ਕਿਉਂਕਿ ਉਸ ਨੂੰ ਯਹੋਵਾਹ ਦੇ ਸੀਯੋਨ ਜਾਂ ਯਰੂਸ਼ਲਮ ਨਾਲ ਕੀਤੇ ਵਾਅਦੇ ਉੱਤੇ ਭਰੋਸਾ ਸੀ।

ਭਾਵੇਂ ਸੀਯੋਨ ਨੂੰ ਤਬਾਹ ਕਰ ਦਿੱਤਾ ਗਿਆ ਸੀ, ਪਰ ਯਹੋਵਾਹ ਨੇ ਵਾਅਦਾ ਕੀਤਾ ਸੀ ਕਿ ਇਸ ਨੂੰ ਮੁੜ ਵਸਾਇਆ ਜਾਵੇਗਾ। (ਯਸਾਯਾਹ 66:8) ਇਸ ਲਈ, ਇਸ ਸੇਵਕ ਨੇ ਪੂਰੇ ਭਰੋਸੇ ਨਾਲ ਯਹੋਵਾਹ ਨੂੰ ਕਿਹਾ: ‘ਤੂੰ ਸੀਯੋਨ ਉੱਤੇ ਰਹਮ ਕਰੇਂਗਾ, ਕਿਉਂ ਜੋ ਤਰਸ ਖਾਣ ਦਾ ਸਮਾ, ਸਗੋਂ ਥਾਪਿਆ ਹੋਇਆ ਵੇਲਾ ਆ ਪੁੱਜਿਆ ਹੈ, ਜਦ ਯਹੋਵਾਹ ਸੀਯੋਨ ਨੂੰ ਬਣਾਵੇਗਾ।’ (ਜ਼ਬੂਰਾਂ ਦੀ ਪੋਥੀ 102:13, 16) ਫਿਰ ਇਸ ਲਿਖਾਰੀ ਨੇ ਦੁਬਾਰਾ ਆਪਣੇ ਦੁੱਖਾਂ ਬਾਰੇ ਗੱਲ ਕੀਤੀ। ਉਸ ਨੇ ਕਿਹਾ ਕਿ ਜੇ ਉਜਾੜ ਪਏ ਯਰੂਸ਼ਲਮ ਨੂੰ ਪਰਮੇਸ਼ੁਰ ਦੀ ਤਾਕਤ ਨਾਲ ਮੁੜ ਵਸਾਇਆ ਜਾ ਸਕਦਾ ਹੈ, ਤਾਂ ਯਹੋਵਾਹ ਉਸ ਨੂੰ ਵੀ ਉਸ ਦੀ ਮਾੜੀ ਹਾਲਤ ਵਿੱਚੋਂ ਕੱਢਣ ਦੇ ਯੋਗ ਹੈ। (ਜ਼ਬੂਰਾਂ ਦੀ ਪੋਥੀ 102:17, 20, 23) ਇਕ ਹੋਰ ਗੱਲ ਨੇ ਇਸ ਸੇਵਕ ਨੂੰ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਣ ਲਈ ਪ੍ਰੇਰਿਆ ਸੀ। ਕਿਹੜੀ ਗੱਲ? ਇਹ ਹਕੀਕਤ ਕਿ ਪਰਮੇਸ਼ੁਰ ਹਮੇਸ਼ਾ ਰਹੇਗਾ।

ਯਹੋਵਾਹ ਦੀ ਉਮਰ ਦੇ ਮੁਕਾਬਲੇ ਇਸ ਸੇਵਕ ਦੀ ਉਮਰ ਕੁਝ ਵੀ ਨਹੀਂ ਸੀ। ਉਸ ਨੇ ਯਹੋਵਾਹ ਨੂੰ ਕਿਹਾ: “ਪੀੜ੍ਹੀਓਂ ਪੀੜ੍ਹੀ ਤੇਰੇ ਵਰ੍ਹੇ ਹਨ!” (ਜ਼ਬੂਰਾਂ ਦੀ ਪੋਥੀ 102:24) ਇਸ ਸੇਵਕ ਨੇ ਅੱਗੇ ਕਿਹਾ: “ਮੁੱਢੋਂ ਹੀ ਤੈਂ ਧਰਤੀ ਦੀ ਨੀਂਹ ਧਰੀ, ਅਤੇ ਅਕਾਸ਼ ਤੇਰੇ ਹੱਥਾਂ ਦਾ ਕਾਰਜ ਹੈ।”—ਜ਼ਬੂਰਾਂ ਦੀ ਪੋਥੀ 102:25.

ਪਰ ਧਰਤੀ ਤੇ ਆਕਾਸ਼ ਦੀ ਉਮਰ ਵੀ ਯਹੋਵਾਹ ਦੀ ਉਮਰ ਦੇ ਮੁਕਾਬਲੇ ਬਹੁਤ ਘੱਟ ਹੈ। ਫਿਰ ਇਸ ਸੇਵਕ ਨੇ ਕਿਹਾ: “ਓਹ [ਧਰਤੀ ਅਤੇ ਆਕਾਸ਼] ਨਾਸ ਹੋ ਜਾਣਗੇ, ਪਰ ਤੂੰ ਅਟੱਲ ਰਹੇਂਗਾ।” (ਜ਼ਬੂਰਾਂ ਦੀ ਪੋਥੀ 102:26) ਧਰਤੀ ਤੇ ਆਕਾਸ਼ ਨੂੰ ਤਬਾਹ ਕੀਤਾ ਜਾ ਸਕਦਾ ਹੈ। ਪਰ ਯਹੋਵਾਹ ਨੇ ਬਾਈਬਲ ਵਿਚ ਲਿਖਵਾਇਆ ਹੈ ਕਿ ਇਹ ਹਮੇਸ਼ਾ ਲਈ ਰਹਿਣਗੇ। (ਜ਼ਬੂਰਾਂ ਦੀ ਪੋਥੀ 119:90; ਉਪਦੇਸ਼ਕ ਦੀ ਪੋਥੀ 1:4) ਜੇ ਇਨ੍ਹਾਂ ਦਾ ਨਾਸ਼ ਹੋਣਾ ਪਰਮੇਸ਼ੁਰ ਦੇ ਮਕਸਦ ਵਿਚ ਹੁੰਦਾ, ਤਾਂ ਇਨ੍ਹਾਂ ਨੂੰ ਨਾਸ਼ ਵੀ ਕੀਤਾ ਜਾ ਸਕਦਾ ਹੈ। ਪਰ ਪਰਮੇਸ਼ੁਰ ਹਮੇਸ਼ਾ ਜੀਉਂਦਾ ਰਹੇਗਾ ਅਤੇ ਉਸ ਦਾ ਨਾਸ਼ ਨਹੀਂ ਕੀਤਾ ਜਾ ਸਕਦਾ। ਸਾਰਾ ਬ੍ਰਹਿਮੰਡ ਇਸ ਕਰਕੇ “ਸਦਾ ਲਈ ਇਸਥਿਰ” ਰਹੇਗਾ ਕਿਉਂਕਿ ਪਰਮੇਸ਼ੁਰ ਇਸ ਦੀ ਦੇਖ-ਰੇਖ ਕਰਦਾ ਹੈ। (ਜ਼ਬੂਰਾਂ ਦੀ ਪੋਥੀ 148:6) ਜੇ ਪਰਮੇਸ਼ੁਰ ਕਦੇ ਬ੍ਰਹਿਮੰਡ ਦੀ ਦੇਖ-ਰੇਖ ਕਰਨੀ ਛੱਡ ਦੇਵੇ, ਤਾਂ ਇਹ “ਸਾਰੇ ਕੱਪੜੇ ਵਾਂਙੁ ਪੁਰਾਣੇ ਹੋ” ਕੇ ਖ਼ਤਮ ਹੋ ਜਾਣਗੇ। (ਜ਼ਬੂਰਾਂ ਦੀ ਪੋਥੀ 102:26) ਜਿਵੇਂ ਸਾਡੀ ਉਮਰ ਪੂਰੀ ਹੋਣ ਤੋਂ ਪਹਿਲਾਂ ਸਾਡੇ ਕੱਪੜੇ ਹੰਢ ਜਾਂਦੇ ਹਨ, ਇਸੇ ਤਰ੍ਹਾਂ ਜੇ ਯਹੋਵਾਹ ਆਪਣੀ ਸ੍ਰਿਸ਼ਟੀ ਨੂੰ ਕਾਇਮ ਨਾ ਰੱਖਣਾ ਚਾਹੇ, ਤਾਂ ਉਹ ਰਹੇਗੀ ਨਹੀਂ। ਪਰ, ਅਸੀਂ ਹੋਰ ਆਇਤਾਂ ਤੋਂ ਜਾਣਦੇ ਹਾਂ ਕਿ ਯਹੋਵਾਹ ਇਹ ਨਹੀਂ ਚਾਹੁੰਦਾ। ਉਸ ਦਾ ਬਚਨ ਸਾਨੂੰ ਭਰੋਸਾ ਦਿੰਦਾ ਹੈ ਕਿ ਯਹੋਵਾਹ ਨੇ ਧਰਤੀ ਅਤੇ ਆਕਾਸ਼ ਨੂੰ ਹਮੇਸ਼ਾ-ਹਮੇਸ਼ਾ ਲਈ ਰੱਖਣ ਦਾ ਫ਼ੈਸਲਾ ਕੀਤਾ ਹੈ।—ਜ਼ਬੂਰਾਂ ਦੀ ਪੋਥੀ 104:5.

ਇਸ ਗੱਲ ਤੋਂ ਸਾਨੂੰ ਦਿਲਾਸਾ ਮਿਲਦਾ ਹੈ ਕਿ ਯਹੋਵਾਹ ਹਮੇਸ਼ਾ ਆਪਣੇ ਵਾਅਦੇ ਪੂਰੇ ਕਰਨ ਲਈ ਰਹੇਗਾ। ਅਸੀਂ ਭਾਵੇਂ ਜਿਨ੍ਹਾਂ ਮਰਜ਼ੀ ਮੁਸ਼ਕਲਾਂ ਵਿੱਚੋਂ ਲੰਘੀਏ, ਜਦੋਂ ਵੀ ਅਸੀਂ ਮਦਦ ਲਈ ਉਸ ਨੂੰ ਪੁਕਾਰਾਂਗੇ, ਤਾਂ ਉਹ ‘ਲਾਚਾਰ ਦੀ ਪ੍ਰਾਰਥਨਾ ਵੱਲ ਮੂੰਹ ਕਰੇਗਾ, ਅਤੇ ਉਨ੍ਹਾਂ ਦੀ ਪ੍ਰਾਰਥਨਾ ਨੂੰ ਤੁੱਛ ਨਾ ਜਾਣਗੇ।’ (ਜ਼ਬੂਰਾਂ ਦੀ ਪੋਥੀ 102:17) ਜੀ ਹਾਂ, ਜ਼ਬੂਰ 102 ਵਿਚ ਯਹੋਵਾਹ ਨੇ ਸਾਡੀ ਮਦਦ ਕਰਨ ਦਾ ਜੋ ਵਾਅਦਾ ਕੀਤਾ ਹੈ, ਉਹ ਵਾਅਦਾ ਇਸ ਧਰਤੀ ਨਾਲੋਂ ਵੀ ਪੱਕਾ ਹੈ ਜਿਸ ਉੱਤੇ ਅਸੀਂ ਰਹਿੰਦੇ ਹਾਂ।