ਮਨਨ ਕਰ ਕੇ ਖ਼ੁਸ਼ੀ ਪਾਓ
ਮਨਨ ਕਰ ਕੇ ਖ਼ੁਸ਼ੀ ਪਾਓ
ਕੁਝ ਲੋਕਾਂ ਨੂੰ ਮਨਨ ਕਰਨਾ ਬੜਾ ਮੁਸ਼ਕਲ ਲੱਗਦਾ ਹੈ। ਉਨ੍ਹਾਂ ਲਈ ਆਪਣੇ ਮਨ ਨੂੰ ਪੂਰੀ ਤਰ੍ਹਾਂ ਇਕਾਗਰ ਕਰਨਾ ਔਖਾ ਹੁੰਦਾ ਹੈ। ਅਜਿਹੇ ਲੋਕ ਮਨਨ ਨਾ ਕਰਨ ਕਰਕੇ ਸ਼ਾਇਦ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਨ, ਖ਼ਾਸ ਕਰਕੇ ਜਦੋਂ ਉਹ ਮਨਨ ਕਰਨ ਦੀ ਅਹਿਮੀਅਤ ਬਾਰੇ ਪੜ੍ਹਦੇ ਹਨ। (ਫ਼ਿਲਿੱਪੀਆਂ 4:8) ਪਰ ਯਹੋਵਾਹ, ਉਸ ਦੀ ਸੋਹਣੀ ਸ਼ਖ਼ਸੀਅਤ, ਉਸ ਦੇ ਵੱਡੇ-ਵੱਡੇ ਕੰਮਾਂ, ਮੰਗਾਂ ਅਤੇ ਮਕਸਦਾਂ ਉੱਤੇ ਸੋਚ-ਵਿਚਾਰ ਕਰ ਕੇ ਸਾਨੂੰ ਖ਼ੁਸ਼ੀ ਮਿਲਣੀ ਚਾਹੀਦੀ ਹੈ। ਇਨ੍ਹਾਂ ਤੇ ਸੋਚ-ਵਿਚਾਰ ਕਰ ਕੇ ਸਾਨੂੰ ਖ਼ੁਸ਼ੀ ਕਿਉਂ ਮਿਲਣੀ ਚਾਹੀਦੀ ਹੈ?
ਯਹੋਵਾਹ ਪੂਰੀ ਦੁਨੀਆਂ ਦਾ ਰਾਜਾ ਹੈ ਅਤੇ ਉਹ ਆਪਣੇ ਮਕਸਦ ਨੂੰ ਪੂਰਾ ਕਰਨ ਵਿਚ ਰੁੱਝਾ ਹੋਇਆ ਹੈ। (ਯੂਹੰਨਾ 5:17) ਫਿਰ ਵੀ ਉਹ ਆਪਣੇ ਹਰ ਸੇਵਕ ਦੀਆਂ ਸੋਚਾਂ ਵੱਲ ਧਿਆਨ ਦਿੰਦਾ ਹੈ। ਰਾਜਾ ਦਾਊਦ ਨੂੰ ਇਸ ਬਾਰੇ ਪਤਾ ਸੀ ਤੇ ਉਸ ਨੇ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਲਿਖਿਆ: “ਹੇ ਯਹੋਵਾਹ, ਤੈਂ ਮੈਨੂੰ ਪਰਖ ਲਿਆ ਤੇ ਜਾਣ ਲਿਆ, ਤੂੰ ਮੇਰਾ ਬੈਠਣਾ ਉੱਠਣਾ ਜਾਣਦਾ ਹੈਂ, ਤੂੰ ਮੇਰੀ ਵਿਚਾਰ ਨੂੰ ਦੂਰ ਤੋਂ ਹੀ ਸਮਝ ਲੈਂਦਾ ਹੈਂ।”—ਜ਼ਬੂਰਾਂ ਦੀ ਪੋਥੀ 139:1, 2.
ਸ਼ਾਇਦ ਕਈਆਂ ਨੂੰ ਰਾਜਾ ਦਾਊਦ ਦੀ ਇਹ ਗੱਲ ਚੰਗੀ ਨਾ ਲੱਗੇ। ਉਹ ਕਹਿਣ, ‘ਭਾਵੇਂ ਪਰਮੇਸ਼ੁਰ “ਦੂਰ” ਹੈ, ਫਿਰ ਵੀ, ਉਹ ਮੇਰੇ ਮਨ ਵਿਚ ਆਉਂਦੇ ਹਰ ਬੁਰੇ ਵਿਚਾਰ ਵੱਲ ਧਿਆਨ ਦਿੰਦਾ ਹੈ।’ ਪਰ ਇਹ ਕੋਈ ਬੁਰੀ ਗੱਲ ਨਹੀਂ ਹੈ। ਇਸ ਗੱਲ ਨੂੰ ਯਾਦ ਰੱਖਦੇ ਹੋਏ ਅਸੀਂ ਆਪਣੇ ਮਨ ਵਿੱਚੋਂ ਬੁਰੇ ਵਿਚਾਰ ਕੱਢਣ ਵਿਚ ਕਾਮਯਾਬ ਹੋ ਸਕਦੇ ਹਾਂ, ਅਸੀਂ ਪਰਮੇਸ਼ੁਰ ਅੱਗੇ ਆਪਣੇ ਬੁਰੇ ਵਿਚਾਰਾਂ ਦਾ ਇਕਬਾਲ ਕਰ ਸਕਦੇ ਹਾਂ ਤੇ ਉਸ ਉੱਤੇ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਉਹ ਯਿਸੂ ਦੀ ਕੁਰਬਾਨੀ ਦੇ ਆਧਾਰ ਤੇ ਸਾਨੂੰ ਮਾਫ਼ ਕਰੇਗਾ। (1 ਯੂਹੰਨਾ 1:8, 9; 2:1, 2) ਇਸ ਤੋਂ ਇਲਾਵਾ, ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਆਪਣੇ ਭਗਤਾਂ ਦੇ ਸਿਰਫ਼ ਬੁਰੇ ਖ਼ਿਆਲਾਂ ਵੱਲ ਹੀ ਧਿਆਨ ਨਹੀਂ ਦਿੰਦਾ। ਉਹ ਇਸ ਗੱਲ ਵੱਲ ਧਿਆਨ ਦਿੰਦਾ ਹੈ ਕਿ ਅਸੀਂ ਉਸ ਬਾਰੇ ਚੰਗੀਆਂ ਗੱਲਾਂ ਸੋਚਦੇ ਹਾਂ ਅਤੇ ਸਾਡੇ ਦਿਲ ਵਿਚ ਉਸ ਲਈ ਕਿੰਨੀ ਕਦਰ ਹੈ।
ਸਾਡੇ ਮਨ ਵਿਚ ਸ਼ਾਇਦ ਇਹ ਸਵਾਲ ਆਵੇ, “ਕੀ ਯਹੋਵਾਹ ਸੱਚ-ਮੁੱਚ ਆਪਣੇ ਲੱਖਾਂ ਸੇਵਕਾਂ ਦੇ ਸਾਰੇ ਚੰਗੇ ਖ਼ਿਆਲਾਂ ਵੱਲ ਧਿਆਨ ਦਿੰਦਾ ਹੈ?” ਜੀ ਹਾਂ, ਉਹ ਸੱਚ-ਮੁੱਚ ਧਿਆਨ ਦਿੰਦਾ ਹੈ। ਯਹੋਵਾਹ ਨੂੰ ਸਾਡੇ ਵਿਚ ਬਹੁਤ ਦਿਲਚਸਪੀ ਹੈ। ਇਸ ਬਾਰੇ ਗੱਲ ਕਰਦੇ ਹੋਏ ਯਿਸੂ ਨੇ ਕਿਹਾ ਸੀ ਕਿ ਯਹੋਵਾਹ ਤਾਂ ਚਿੜੀਆਂ ਵੱਲ ਵੀ ਧਿਆਨ ਦਿੰਦਾ ਹੈ ਤੇ ਫਿਰ “ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਉੱਤਮ ਹੋ।” (ਲੂਕਾ 12:6, 7) ਚਿੜੀਆਂ ਯਹੋਵਾਹ ਬਾਰੇ ਸੋਚ ਨਹੀਂ ਸਕਦੀਆਂ। ਇਸ ਲਈ ਜੇ ਉਹ ਉਨ੍ਹਾਂ ਦੀ ਦੇਖਭਾਲ ਕਰਦਾ ਹੈ, ਤਾਂ ਉਹ ਸਾਡੀ ਇਸ ਤੋਂ ਕਿੰਨੀ ਜ਼ਿਆਦਾ ਚਿੰਤਾ ਕਰਦਾ ਹੈ ਅਤੇ ਸਾਡੇ ਚੰਗੇ ਖ਼ਿਆਲਾਂ ਤੋਂ ਕਿੰਨਾ ਜ਼ਿਆਦਾ ਖ਼ੁਸ਼ ਹੁੰਦਾ ਹੈ। ਜੀ ਹਾਂ, ਦਾਊਦ ਵਾਂਗ, ਅਸੀਂ ਵੀ ਪੂਰੇ ਭਰੋਸੇ ਨਾਲ ਪ੍ਰਾਰਥਨਾ ਕਰ ਸਕਦੇ ਹਾਂ: “ਹੇ ਯਹੋਵਾਹ, ਮੇਰੀ ਚਟਾਨ ਅਰ ਮੇਰੇ ਛੁਡਾਉਣ ਵਾਲੇ, . . . ਮੇਰੇ ਮਨ ਦਾ ਵਿਚਾਰ, ਤੇਰੇ ਹਜ਼ੂਰ ਮੰਨਣ ਜੋਗ ਹੋਵੇ।”—ਜ਼ਬੂਰਾਂ ਦੀ ਪੋਥੀ 19:14.
ਮਲਾਕੀ ਨਬੀ ਨੇ ਇਕ ਹੋਰ ਸਬੂਤ ਦਿੱਤਾ ਸੀ ਕਿ ਯਹੋਵਾਹ ਆਪਣੇ ਵਫ਼ਾਦਾਰ ਭਗਤਾਂ ਦੇ ਚੰਗੇ ਵਿਚਾਰਾਂ ਵੱਲ ਧਿਆਨ ਦਿੰਦਾ ਹੈ। ਸਾਡੇ ਦਿਨਾਂ ਬਾਰੇ ਉਸ ਨੇ ਭਵਿੱਖਬਾਣੀ ਕੀਤੀ ਸੀ: “ਤਦ ਯਹੋਵਾਹ ਦਾ ਭੈ ਮੰਨਣ ਵਾਲਿਆਂ ਨੇ ਇੱਕ ਦੂਜੇ ਨਾਲ ਗੱਲਾਂ ਕੀਤੀਆਂ। ਯਹੋਵਾਹ ਨੇ ਧਿਆਨ ਦੇ ਕੇ ਸੁਣੀਆਂ ਤਾਂ ਯਹੋਵਾਹ ਤੋਂ ਡਰਨ ਵਾਲਿਆਂ ਲਈ ਅਤੇ ਉਸ ਦੇ ਨਾਮ ਦਾ ਵਿਚਾਰ ਕਰਨ ਵਾਲਿਆਂ ਲਈ ਉਸ ਦੇ ਸਨਮੁਖ ਯਾਦਗੀਰੀ ਦੀ ਪੁਸਤਕ ਲਿਖੀ ਗਈ।” (ਮਲਾਕੀ 3:16) ਜਦੋਂ ਅਸੀਂ ਆਪਣੇ ਆਪ ਨੂੰ ਯਾਦ ਕਰਾਉਂਦੇ ਰਹਿੰਦੇ ਹਾਂ ਕਿ ਯਹੋਵਾਹ ਸਾਡੇ ਖ਼ਿਆਲਾਂ ਵੱਲ “ਧਿਆਨ” ਦਿੰਦਾ ਹੈ ਅਤੇ ਜਦੋਂ ਅਸੀਂ ਉਸ ਬਾਰੇ ਸੋਚਦੇ ਹਾਂ, ਤਾਂ ਸਾਨੂੰ ਮਨਨ ਕਰ ਕੇ ਖ਼ੁਸ਼ੀ ਮਿਲਦੀ ਹੈ। ਇਸ ਲਈ ਆਓ ਆਪਾਂ ਵੀ ਜ਼ਬੂਰਾਂ ਦੇ ਲਿਖਾਰੀ ਦੇ ਇਨ੍ਹਾਂ ਸ਼ਬਦਾਂ ਦਾ ਸਮਰਥਨ ਕਰੀਏ: “ਮੈਂ ਤੇਰੇ ਸਾਰੇ ਕੰਮਾਂ ਉੱਤੇ ਵਿਚਾਰ ਕਰਾਂਗਾ, ਅਤੇ ਮੈਂ ਤੇਰੇ ਕਾਰਜਾਂ ਉੱਤੇ ਧਿਆਨ ਕਰਾਂਗਾ।”—ਜ਼ਬੂਰਾਂ ਦੀ ਪੋਥੀ 77:12.