‘ਬਾਈਬਲ ਦੀਆਂ ਸਭ ਤੋਂ ਪੁਰਾਣੀਆਂ ਹੱਥ-ਲਿਖਤਾਂ’
‘ਬਾਈਬਲ ਦੀਆਂ ਸਭ ਤੋਂ ਪੁਰਾਣੀਆਂ ਹੱਥ-ਲਿਖਤਾਂ’
ਪੱਚੀ ਸਾਲ ਪਹਿਲਾਂ ਇਸਰਾਏਲੀ ਖੋਜੀਆਂ ਨੇ ਇਕ ਬੜੀ ਹੀ ਅਨੋਖੀ ਚੀਜ਼ ਦੀ ਖੋਜ ਕੀਤੀ। ਯਰੂਸ਼ਲਮ ਵਿਚ ਹਿੰਨੋਮ ਦੀ ਵਾਦੀ ਵਿਚ ਇਕ ਗੁਫ਼ਾ ਵਿੱਚੋਂ ਉਨ੍ਹਾਂ ਨੂੰ ਚਾਂਦੀ ਦੀਆਂ ਦੋ ਛੋਟੀਆਂ-ਛੋਟੀਆਂ ਪੋਥੀਆਂ ਮਿਲੀਆਂ ਜਿਨ੍ਹਾਂ ਵਿਚ ਬਾਈਬਲ ਦੇ ਕਈ ਹਵਾਲੇ ਲਿਖੇ ਹੋਏ ਹਨ। ਮੰਨਿਆਂ ਜਾਂਦਾ ਹੈ ਕਿ ਇਹ ਪੋਥੀਆਂ 607 ਈ. ਪੂ. ਵਿਚ ਬਾਬਲੀਆਂ ਦੇ ਹੱਥੋਂ ਹੋਈ ਯਰੂਸ਼ਲਮ ਦੀ ਤਬਾਹੀ ਤੋਂ ਪਹਿਲਾਂ ਲਿਖੀਆਂ ਗਈਆਂ ਸਨ। ਦੋਹਾਂ ਪੋਥੀਆਂ ਵਿਚ ਪਰਮੇਸ਼ੁਰ ਦਾ ਨਾਂ ਯਹੋਵਾਹ ਕਈ ਵਾਰ ਪਾਇਆ ਜਾਂਦਾ ਹੈ ਅਤੇ ਇਸ ਦੇ ਨਾਲ-ਨਾਲ ਗਿਣਤੀ 6:24-26 ਵਿਚ ਦੱਸੀਆਂ ਕੁਝ ਬਰਕਤਾਂ ਦਾ ਵੀ ਜ਼ਿਕਰ ਹੈ। ਕਿਹਾ ਜਾਂਦਾ ਹੈ ਕਿ ਇਹ “ਸਭ ਤੋਂ ਪੁਰਾਣੀਆਂ ਲਿਖਤਾਂ ਹਨ ਜਿਨ੍ਹਾਂ ਵਿਚ ਇਬਰਾਨੀ ਬਾਈਬਲ ਦੇ ਹਵਾਲੇ ਦਰਜ ਹਨ।”
ਲੇਕਿਨ ਕੁਝ ਵਿਦਵਾਨ ਇਨ੍ਹਾਂ ਦੀ ਲਿਖਾਈ ਦੇ ਸਮੇਂ ਬਾਰੇ ਸਹਿਮਤ ਨਹੀਂ ਹਨ। ਉਨ੍ਹਾਂ ਦੇ ਮੁਤਾਬਕ ਇਹ ਪੋਥੀਆਂ ਦੂਸਰੀ ਸਦੀ ਈ. ਪੂ. ਯਾਨੀ ਯਹੂਦੀਆਂ ਦੇ ਗ਼ੁਲਾਮ ਬਣਨ ਤੋਂ ਕਈ ਸਦੀਆਂ ਬਾਅਦ ਲਿਖੀਆਂ ਗਈਆਂ ਸਨ। ਉਹ ਕਹਿੰਦੇ ਹਨ ਕਿ ਇਨ੍ਹਾਂ ਛੋਟੀਆਂ-ਛੋਟੀਆਂ ਪੋਥੀਆਂ ਦੀਆਂ ਲਈਆਂ ਗਈਆਂ ਤਸਵੀਰਾਂ ਵਧੀਆ ਕੁਆਲਿਟੀ ਦੀਆਂ ਨਹੀਂ ਹਨ ਜਿਸ ਕਰਕੇ ਉਹ ਪੋਥੀਆਂ ਵਿਚ ਦਿੱਤੇ ਵੇਰਵਿਆਂ ਨੂੰ ਚੰਗੀ ਤਰ੍ਹਾਂ ਪਰਖ ਨਹੀਂ ਸਕਦੇ। ਇਸ ਸਮੱਸਿਆ ਨੂੰ ਹੱਲ ਕਰਨ ਲਈ ਵਿਦਵਾਨਾਂ ਦੀ ਇਕ ਟੀਮ ਨੇ ਨਵੀਂ ਤਕਨਾਲੋਜੀ ਦੇ ਕੰਪਿਊਟਰ ਅਤੇ ਫੋਟੋਗ੍ਰਾਫੀ ਨੂੰ ਇਸਤੇਮਾਲ ਕਰ ਕੇ ਪੋਥੀਆਂ ਦੀਆਂ ਡਿਜੀਟਲ ਤਸਵੀਰਾਂ ਲਈਆਂ। ਹਾਲ ਹੀ ਵਿਚ ਇਸ ਨਵੇਂ ਅਧਿਐਨ ਦੇ ਨਤੀਜੇ ਇਕ ਰਸਾਲੇ ਵਿਚ ਪ੍ਰਕਾਸ਼ਿਤ ਕੀਤੇ ਗਏ ਸਨ। ਇਸ ਰਸਾਲੇ ਵਿਚ ਵਿਦਵਾਨਾਂ ਨੇ ਕੀ ਕਿਹਾ?
ਪਹਿਲਾਂ ਵਿਦਵਾਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਪੋਥੀਆਂ ਜਿਸ ਜਗ੍ਹਾ ਤੋਂ ਲੱਭੀਆਂ ਗਈਆਂ ਸਨ, ਉਸ ਤੋਂ ਸਬੂਤ ਮਿਲਦਾ ਹੈ ਕਿ ਪੋਥੀਆਂ ਯਹੂਦੀ ਲੋਕਾਂ ਦੇ ਬਾਬਲ ਵਿਚ ਗ਼ੁਲਾਮ ਬਣਨ ਤੋਂ ਪਹਿਲਾਂ ਦੇ ਸਮੇਂ ਦੀਆਂ ਲਿਖੀਆਂ ਹੋਈਆਂ ਸਨ। ਫਿਰ ਉਨ੍ਹਾਂ ਨੇ ਪੋਥੀਆਂ ਵਿਚ ਜਿਸ ਆਕਾਰ ਦੇ ਅੱਖਰ ਲਿਖੇ ਗਏ ਹਨ, ਉਸ ਬਾਰੇ ਗੱਲ ਕੀਤੀ। ਉਨ੍ਹਾਂ ਦੇ ਮੁਤਾਬਕ ਲਿਖਣ-ਸ਼ੈਲੀ ਵੀ ਯਹੂਦੀ ਲੋਕਾਂ ਦੇ ਗ਼ੁਲਾਮ ਬਣਨ ਤੋਂ ਪਹਿਲਾਂ ਦੇ ਸਮੇਂ ਦੀ ਹੈ। ਇਹ ਸੱਤਵੀਂ ਸਦੀ ਈ. ਪੂ. ਦੇ ਅਖ਼ੀਰ ਵਿਚ ਵਰਤੀ ਜਾਂਦੀ ਸ਼ੈਲੀ ਲੱਗਦੀ ਹੈ। ਤੀਜੀ ਗੱਲ ਵਿਦਵਾਨਾਂ ਨੇ ਇਹ ਕਹੀ ਕਿ ‘ਪੋਥੀਆਂ ਵਿਚ ਲਿਖੇ ਸ਼ਬਦ-ਜੋੜ ਉਸ ਸਮੇਂ ਵਰਤੀ ਜਾਂਦੀ ਇਬਰਾਨੀ ਭਾਸ਼ਾ ਵਿਚ ਵਰਤੇ ਜਾਂਦੇ ਸ਼ਬਦ-ਜੋੜਾਂ ਨਾਲ ਮਿਲਦੇ-ਜੁਲਦੇ ਹਨ।’
ਅਖ਼ੀਰ ਵਿਚ ਰਸਾਲੇ ਨੇ ਇਨ੍ਹਾਂ ਚਾਂਦੀ ਦੀਆਂ ਪੋਥੀਆਂ, ਜਿਨ੍ਹਾਂ ਨੂੰ ਕਿਟੈਫ ਹਿੰਨੋਮ ਦੇ ਸ਼ਿਲਾ-ਲੇਖ ਵੀ ਕਿਹਾ ਜਾਂਦਾ ਹੈ, ਬਾਰੇ ਕਿਹਾ: “ਅਸੀਂ ਜ਼ਿਆਦਾਤਰ ਵਿਦਵਾਨਾਂ ਦੁਆਰਾ ਕੱਢੇ ਇਸ ਨਤੀਜੇ ਤੇ ਪੱਕਾ ਯਕੀਨ ਕਰ ਸਕਦੇ ਹਾਂ ਕਿ ਇਹ ਸਭ ਤੋਂ ਪੁਰਾਣੀਆਂ ਹੱਥ-ਲਿਖਤਾਂ ਹਨ ਜਿਨ੍ਹਾਂ ਵਿਚ ਇਬਰਾਨੀ ਬਾਈਬਲ ਦੇ ਹਵਾਲੇ ਦਰਜ ਹਨ।”
[ਸਫ਼ਾ 32 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]
Cave: Pictorial Archive (Near Eastern History) Est.; inscriptions: Photograph © Israel Museum, Jerusalem; courtesy of Israel Antiquities Authority