Skip to content

Skip to table of contents

ਯਿਸੂ ਨੂੰ ਮੌਤ ਦੀ ਸਜ਼ਾ ਦੇਣ ਵਾਲਾ ਸਰਦਾਰ ਜਾਜਕ

ਯਿਸੂ ਨੂੰ ਮੌਤ ਦੀ ਸਜ਼ਾ ਦੇਣ ਵਾਲਾ ਸਰਦਾਰ ਜਾਜਕ

ਯਿਸੂ ਨੂੰ ਮੌਤ ਦੀ ਸਜ਼ਾ ਦੇਣ ਵਾਲਾ ਸਰਦਾਰ ਜਾਜਕ

ਨਵੰਬਰ 1990 ਵਿਚ ਕੁਝ ਆਦਮੀ ਯਰੂਸ਼ਲਮ ਦੇ ਪੁਰਾਣੇ ਸ਼ਹਿਰ ਦੇ ਦੱਖਣ ਤੋਂ ਲਗਭਗ ਇਕ ਕਿਲੋਮੀਟਰ ਦੂਰ ਇਕ ਸੜਕ ਉੱਤੇ ਕੰਮ ਕਰ ਰਹੇ ਸਨ ਜਦ ਉਨ੍ਹਾਂ ਨੂੰ ਅਚਾਨਕ ਕੁਝ ਲੱਭਿਆ। ਇਕ ਟ੍ਰੈਕਟਰ ਨੇ ਇਤਫ਼ਾਕ ਨਾਲ ਇਕ ਪੁਰਾਣੀ ਜ਼ਮੀਨਦੋਜ਼ ਗੁਫ਼ਾ ਦੀ ਛੱਤ ਢਾਹ ਦਿੱਤੀ। ਪਹਿਲੀ ਸਦੀ ਈਸਵੀ ਪੂਰਵ ਤੋਂ ਲੈ ਕੇ ਪਹਿਲੀ ਸਦੀ ਈਸਵੀ ਤਕ ਇਹ ਸਾਰੀ ਜਗ੍ਹਾ ਇਕ ਵੱਡਾ-ਸਾਰਾ ਕਬਰਸਤਾਨ ਹੋਇਆ ਕਰਦਾ ਸੀ। ਪੁਰਾਣੀਆਂ ਲੱਭਤਾਂ ਦੇ ਵਿਗਿਆਨੀਆਂ ਨੂੰ ਉਸ ਗੁਫ਼ਾ ਵਿਚ ਜੋ ਮਿਲਿਆ, ਉਹ ਵਾਕਈ ਦਿਲਚਸਪ ਸੀ।

ਉਸ ਗੁਫ਼ਾ ਵਿਚ 12 ਅਸਥੀ-ਪਾਤਰ ਸਨ। ਅਸਥੀ-ਪਾਤਰ ਕੀ ਹੁੰਦਾ ਹੈ? ਇਹ ਇਕ ਬਕਸਾ ਹੁੰਦਾ ਹੈ ਜਿਸ ਵਿਚ ਮਰੇ ਬੰਦੇ ਦੀਆਂ ਹੱਡੀਆਂ ਰੱਖੀਆਂ ਜਾਂਦੀਆਂ ਹਨ। ਜਦ ਕਬਰ ਵਿਚ ਇਕ ਸਾਲ ਤੋਂ ਪਈਆਂ ਲਾਸ਼ਾਂ ਦੀਆਂ ਸਿਰਫ਼ ਹੱਡੀਆਂ ਰਹਿ ਜਾਂਦੀਆਂ ਸਨ, ਤਾਂ ਇਹ ਅਸਥੀ-ਪਾਤਰਾਂ ਵਿਚ ਰੱਖ ਦਿੱਤੀਆਂ ਜਾਂਦੀਆਂ ਸਨ। ਸੋਹਣੇ ਤਰੀਕੇ ਨਾਲ ਤਰਾਸ਼ੇ ਹੋਏ ਇਕ ਅਸਥੀ-ਪਾਤਰ ਤੇ ਇਕ ਨਾਂ ਉੱਕਰਿਆ ਹੋਇਆ ਸੀ—ਕਯਾਫ਼ਾ ਦਾ ਪੁੱਤਰ ਯੂਸੁਫ਼।

ਸਬੂਤ ਸੰਕੇਤ ਕਰਦਾ ਹੈ ਕਿ ਇਹ ਗੁਫ਼ਾ ਕਯਾਫ਼ਾ ਦੀ ਖ਼ਾਨਦਾਨੀ ਮਿਲਖ ਸੀ ਜਿਸ ਵਿਚ ਉਸ ਦੇ ਘਰਦਿਆਂ ਦੀਆਂ ਅਸਥੀਆਂ ਰੱਖੀਆਂ ਜਾਂਦੀਆਂ ਸਨ। ਇਹ ਉਹੋ ਸਰਦਾਰ ਜਾਜਕ ਹੈ ਜਿਸ ਨੇ ਯਿਸੂ ਮਸੀਹ ਖ਼ਿਲਾਫ਼ ਚਲਾਏ ਗਏ ਮੁਕੱਦਮੇ ਦੀ ਸੁਣਵਾਈ ਕੀਤੀ ਸੀ। ਯਹੂਦੀ ਇਤਿਹਾਸਕਾਰ ਜੋਸੀਫ਼ਸ ਨੇ ਕਿਹਾ ਕਿ ਇਸ ਸਰਦਾਰ ਜਾਜਕ ਦਾ ਨਾਂ ਸੀ “ਯੂਸੁਫ਼ ਜਿਸ ਨੂੰ ਕਯਾਫ਼ਾ ਵੀ ਕਿਹਾ ਜਾਂਦਾ ਹੈ।” ਬਾਈਬਲ ਵਿਚ ਉਸ ਨੂੰ ਸਿਰਫ਼ ਕਯਾਫ਼ਾ ਕਿਹਾ ਗਿਆ ਹੈ। ਸਾਨੂੰ ਇਸ ਬੰਦੇ ਵਿਚ ਦਿਲਚਸਪੀ ਕਿਉਂ ਲੈਣੀ ਚਾਹੀਦੀ ਹੈ? ਉਸ ਨੇ ਯਿਸੂ ਨੂੰ ਮੌਤ ਦੀ ਸਜ਼ਾ ਕਿਉਂ ਸੁਣਾਈ ਸੀ?

ਕਯਾਫ਼ਾ ਦਾ ਪਰਿਵਾਰ ਅਤੇ ਪਿਛੋਕੜ

ਕਯਾਫ਼ਾ ਨੇ ਅੰਨਾਸ ਨਾਮ ਦੇ ਇਕ ਹੋਰ ਸਰਦਾਰ ਜਾਜਕ ਦੀ ਧੀ ਨਾਲ ਵਿਆਹ ਕੀਤਾ। (ਯੂਹੰਨਾ 18:13) ਇਹ ਰਿਸ਼ਤਾ ਸ਼ਾਇਦ ਵਿਆਹ ਤੋਂ ਕਈ ਸਾਲ ਪਹਿਲਾਂ ਹੀ ਤੈ ਕੀਤਾ ਹੋਇਆ ਸੀ ਕਿਉਂਕਿ ਇਹ ਦੋਹਾਂ ਪਰਿਵਾਰਾਂ ਦੇ ਫ਼ਾਇਦੇ ਲਈ ਸੀ। ਇਹ ਦੇਖਣ ਲਈ ਕਿ ਦੋਨੋਂ ਵਾਕਈ ਜਾਜਕਾਈ ਪਰਿਵਾਰ ਸਨ, ਉਨ੍ਹਾਂ ਦੀਆਂ ਵੰਸ਼ਾਵਲੀਆਂ ਦੀ ਸਾਵਧਾਨੀ ਨਾਲ ਜਾਂਚ ਕੀਤੀ ਗਈ ਹੋਣੀ। ਦੋਨੋਂ ਪਰਿਵਾਰ ਅਮੀਰ ਤੇ ਖ਼ਾਨਦਾਨੀ ਸਨ ਅਤੇ ਯਰੂਸ਼ਲਮ ਵਿਚ ਉਨ੍ਹਾਂ ਦੀ ਬਹੁਤ ਸਾਰੀ ਜਾਇਦਾਦ ਸੀ ਜਿਸ ਤੋਂ ਉਨ੍ਹਾਂ ਨੂੰ ਬਹੁਤ ਦੌਲਤ ਆਉਂਦੀ ਸੀ। ਅੰਨਾਸ ਨੇ ਇਹੀ ਚਾਹਿਆ ਹੋਣਾ ਕਿ ਉਸ ਦਾ ਹੋਣ ਵਾਲਾ ਜਵਾਈ ਰਾਜਨੀਤੀ ਵਿਚ ਉਸ ਦਾ ਸਾਥ ਦੇਵੇ। ਇਸ ਤਰ੍ਹਾਂ ਲੱਗਦਾ ਹੈ ਕਿ ਅੰਨਾਸ ਅਤੇ ਕਯਾਫ਼ਾ ਸਦੂਕੀਆਂ ਦੇ ਪ੍ਰਭਾਵਸ਼ਾਲੀ ਪੰਥ ਵਿੱਚੋਂ ਸਨ।—ਰਸੂਲਾਂ ਦੇ ਕਰਤੱਬ 5:17.

ਜਾਜਕਾਂ ਦੇ ਇਕ ਮੰਨੇ-ਪ੍ਰਮੰਨੇ ਪਰਿਵਾਰ ਵਿੱਚੋਂ ਹੋਣ ਕਰਕੇ ਕਯਾਫ਼ਾ ਨੂੰ ਇਬਰਾਨੀ ਸ਼ਾਸਤਰ ਦੀ ਚੰਗੀ ਸਿੱਖਿਆ ਮਿਲੀ ਹੋਣੀ। ਵੀਹ ਸਾਲ ਦੀ ਉਮਰ ਤੇ ਉਸ ਨੇ ਹੈਕਲ ਵਿਚ ਸੇਵਾ ਸ਼ੁਰੂ ਕੀਤੀ ਹੋਣੀ। ਪਰ ਸਾਨੂੰ ਇਹ ਨਹੀਂ ਪਤਾ ਕਿ ਸਰਦਾਰ ਜਾਜਕ ਬਣਨ ਵੇਲੇ ਉਸ ਦੀ ਕਿੰਨੀ ਉਮਰ ਸੀ।

ਸਰਦਾਰ ਜਾਜਕ ਅਤੇ ਪ੍ਰਧਾਨ ਜਾਜਕ

ਸਰਦਾਰ ਜਾਜਕ ਦੀ ਪਦਵੀ ਖ਼ਾਨਦਾਨੀ ਹੁੰਦੀ ਸੀ ਤੇ ਸਰਦਾਰ ਜਾਜਕ ਦੀ ਮੌਤ ਹੋਣ ਤੇ ਉਸ ਦੇ ਪੁੱਤਰ ਨੂੰ ਇਸ ਪਦਵੀ ਤੇ ਨਿਯੁਕਤ ਕੀਤਾ ਜਾਂਦਾ ਸੀ। ਪਰ ਦੂਜੀ ਸਦੀ ਈਸਵੀ ਪੂਰਵ ਵਿਚ ਹਾਸਮੋਨੀਅਨ ਘਰਾਣੇ ਨੇ ਜਾਜਕਾਈ ਉੱਤੇ ਆਪਣਾ ਅਧਿਕਾਰ ਜਮਾ ਲਿਆ ਸੀ। * ਬਾਅਦ ਵਿਚ ਰਾਜਾ ਹੇਰੋਦੇਸ ਆਪ ਸਰਦਾਰ ਜਾਜਕਾਂ ਨੂੰ ਥਾਪਦਾ ਅਤੇ ਹਟਾਉਂਦਾ ਸੀ। ਇਸ ਤਰ੍ਹਾਂ ਉਸ ਨੇ ਦਿਖਾਇਆ ਕਿ ਸਰਦਾਰ ਜਾਜਕ ਉਸ ਦੇ ਵੱਸ ਵਿਚ ਸੀ। ਯਹੂਦਿਯਾ ਦੇ ਰੋਮੀ ਗਵਰਨਰ ਵੀ ਇਸੇ ਤਰ੍ਹਾਂ ਕਰਦੇ ਸਨ।

ਇਨ੍ਹਾਂ ਤਬਦੀਲੀਆਂ ਕਾਰਨ ‘ਪਰਧਾਨ ਜਾਜਕਾਂ’ ਦਾ ਨਵਾਂ ਸਮੂਹ ਸਥਾਪਿਤ ਹੋ ਗਿਆ। (ਮੱਤੀ 26:3, 4) ਕਯਾਫ਼ਾ ਤੋਂ ਇਲਾਵਾ ਇਸ ਸਮੂਹ ਵਿਚ ਅੰਨਾਸ ਤੇ ਹੋਰ ਸਾਬਕਾ ਸਰਦਾਰ ਜਾਜਕ ਵੀ ਸਨ ਜਿਨ੍ਹਾਂ ਨੂੰ ਇਸ ਪਦਵੀ ਤੋਂ ਹਟਾਏ ਜਾਣ ਦੇ ਬਾਵਜੂਦ ਸਰਦਾਰ ਜਾਜਕ ਕਿਹਾ ਜਾਂਦਾ ਸੀ। ਇਸ ਸਮੂਹ ਵਿਚ ਮੌਜੂਦਾ ਸਰਦਾਰ ਜਾਜਕ ਅਤੇ ਸਾਬਕਾ ਸਰਦਾਰ ਜਾਜਕਾਂ ਦੇ ਨਜ਼ਦੀਕੀ ਰਿਸ਼ਤੇਦਾਰ ਵੀ ਸਨ।

ਰੋਮੀ ਸ਼ਾਸਕਾਂ ਨੇ ਯਹੂਦਿਯਾ ਦੇ ਪ੍ਰਸ਼ਾਸਨ ਦੀ ਵਾਗਡੋਰ ਸਰਦਾਰ ਜਾਜਕ ਅਤੇ ਪ੍ਰਧਾਨ ਜਾਜਕਾਂ ਦੇ ਹੱਥ ਦਿੱਤੀ ਹੋਈ ਸੀ। ਇਸ ਤਰ੍ਹਾਂ ਰੋਮੀ ਸਰਕਾਰ ਵੱਡੀ ਫ਼ੌਜ ਤਾਇਨਾਤ ਕੀਤੇ ਬਗੈਰ ਹੀ ਇਸ ਇਲਾਕੇ ਉੱਤੇ ਨਿਗਰਾਨੀ ਰੱਖ ਸਕਦੀ ਸੀ ਅਤੇ ਟੈਕਸ ਵੀ ਵਸੂਲ ਕਰ ਸਕਦੀ ਸੀ। ਰੋਮੀ ਸਰਕਾਰ ਇਹ ਉਮੀਦ ਰੱਖਦੀ ਸੀ ਕਿ ਇਹ ਯਹੂਦੀ ਆਗੂ ਅਮਨ-ਅਮਾਨ ਕਾਇਮ ਰੱਖਣਗੇ ਅਤੇ ਉਸ ਦੇ ਫ਼ਾਇਦੇ ਲਈ ਹਰ ਕੰਮ ਕਰਨਗੇ। ਰੋਮੀ ਗਵਰਨਰ ਯਹੂਦੀ ਆਗੂਆਂ ਨੂੰ ਪਸੰਦ ਨਹੀਂ ਕਰਦੇ ਸਨ ਅਤੇ ਯਹੂਦੀ ਵੀ ਰੋਮੀ ਰਾਜ ਨੂੰ ਨਫ਼ਰਤ ਕਰਦੇ ਸਨ। ਪਰ ਰਾਜ ਵਿਚ ਸਥਿਰਤਾ ਕਾਇਮ ਰੱਖਣ ਲਈ ਦੋਹਾਂ ਦਾ ਫ਼ਾਇਦਾ ਇਸੇ ਵਿਚ ਸੀ ਕਿ ਉਹ ਮਿਲ ਕੇ ਕੰਮ ਕਰਨ।

ਕਯਾਫ਼ਾ ਦੇ ਜ਼ਮਾਨੇ ਵਿਚ ਸਰਦਾਰ ਜਾਜਕ ਹੀ ਯਹੂਦੀਆਂ ਦਾ ਸਿਆਸੀ ਆਗੂ ਹੁੰਦਾ ਸੀ। ਅੰਨਾਸ ਨੂੰ ਸਰਦਾਰ ਜਾਜਕ ਦੀ ਪਦਵੀ ਕੁਰੇਨਿਯੁਸ ਨੇ ਦਿੱਤੀ ਸੀ ਜੋ 6 ਜਾਂ 7 ਈਸਵੀ ਵਿਚ ਸੀਰੀਆ ਦਾ ਰੋਮੀ ਗਵਰਨਰ ਸੀ। ਯਹੂਦੀ ਰਾਬਿਨੀ ਲਿਖਤਾਂ ਤੋਂ ਪਤਾ ਲੱਗਦਾ ਹੈ ਕਿ ਜਾਜਕੀ ਖ਼ਾਨਦਾਨਾਂ ਵਿਚ ਲਾਲਚ, ਜ਼ੁਲਮ, ਹਿੰਸਾ ਅਤੇ ਆਪਣੇ ਰਿਸ਼ਤੇਦਾਰਾਂ ਦੀ ਤਰਫ਼ਦਾਰੀ ਕਰਨੀ ਆਮ ਗੱਲਾਂ ਸਨ। ਇਕ ਲੇਖਕਾ ਕਹਿੰਦੀ ਹੈ ਕਿ ਸਰਦਾਰ ਜਾਜਕ ਹੋਣ ਦੇ ਨਾਤੇ ਅੰਨਾਸ ਨੇ ‘ਜਲਦੀ ਹੀ ਆਪਣੇ ਜਵਾਈ ਨੂੰ ਤਰੱਕੀ ਦੇ ਕੇ ਉਸ ਨੂੰ ਸ਼ਾਸਨ ਵਰਗ ਵਿਚ ਸ਼ਾਮਲ ਕਰ ਲਿਆ ਹੋਣਾ ਕਿਉਂਕਿ ਕਯਾਫ਼ਾ ਕੋਲ ਜਿੰਨਾ ਜ਼ਿਆਦਾ ਅਧਿਕਾਰ ਹੋਣਾ ਸੀ, ਉਹ ਉੱਨਾ ਹੀ ਜ਼ਿਆਦਾ ਅੰਨਾਸ ਦੇ ਕੰਮ ਆ ਸਕਦਾ ਸੀ।’

ਯਹੂਦਿਯਾ ਦਾ ਗਵਰਨਰ ਵਲਰੇਯੁਸ ਗ੍ਰਾਟੁਸ ਨੇ ਲਗਭਗ 15 ਈਸਵੀ ਵਿਚ ਅੰਨਾਸ ਨੂੰ ਸਰਦਾਰ ਜਾਜਕ ਦੀ ਪਦਵੀ ਤੋਂ ਹਟਾ ਦਿੱਤਾ ਸੀ। ਫਿਰ ਇਕ ਤੋਂ ਬਾਅਦ ਇਕ ਤਿੰਨ ਹੋਰਨਾਂ ਨੂੰ ਥਾਪਿਆ ਗਿਆ। ਇਨ੍ਹਾਂ ਵਿੱਚੋਂ ਇਕ ਅੰਨਾਸ ਦਾ ਪੁੱਤਰ ਵੀ ਸੀ। ਫਿਰ 18 ਈਸਵੀ ਵਿਚ ਕਯਾਫ਼ਾ ਸਰਦਾਰ ਜਾਜਕ ਬਣਿਆ। ਪੁੰਤਿਯੁਸ ਪਿਲਾਤੁਸ ਨੂੰ 26 ਈਸਵੀ ਵਿਚ ਯਹੂਦਿਯਾ ਦਾ ਗਵਰਨਰ ਬਣਾਇਆ ਗਿਆ। ਉਹ ਦਸ ਸਾਲ ਗਵਰਨਰ ਰਿਹਾ ਅਤੇ ਉਸ ਸਮੇਂ ਦੌਰਾਨ ਉਸ ਨੇ ਕਯਾਫ਼ਾ ਨੂੰ ਸਰਦਾਰ ਜਾਜਕ ਦੀ ਪਦਵੀ ਤੇ ਰੱਖਿਆ। ਇਸ ਦਾ ਮਤਲਬ ਹੈ ਕਿ ਯਿਸੂ ਦੀ ਸੇਵਕਾਈ ਅਤੇ ਉਸ ਦੇ ਮੁਢਲੇ ਚੇਲਿਆਂ ਦੇ ਪ੍ਰਚਾਰ ਦੇ ਸਮੇਂ ਦੌਰਾਨ ਕਯਾਫ਼ਾ ਹੀ ਸਰਦਾਰ ਜਾਜਕ ਸੀ। ਪਰ ਉਹ ਮਸੀਹੀਆਂ ਦੇ ਪ੍ਰਚਾਰ ਦਾ ਵਿਰੋਧੀ ਸੀ।

ਯਿਸੂ ਦਾ ਡਰ, ਰੋਮ ਦਾ ਡਰ

ਕਯਾਫ਼ਾ ਦੀਆਂ ਨਜ਼ਰਾਂ ਵਿਚ ਯਿਸੂ ਲੋਕਾਂ ਵਿਚ ਗੜਬੜ ਪੈਦਾ ਕਰਨ ਵਾਲਾ ਖ਼ਤਰਨਾਕ ਬੰਦਾ ਸੀ। ਯਹੂਦੀ ਆਗੂਆਂ ਨੇ ਸਬਤ ਦੇ ਨਿਯਮਾਂ ਦਾ ਜੋ ਅਰਥ ਕੱਢਿਆ ਸੀ, ਉਸ ਉੱਤੇ ਯਿਸੂ ਨੇ ਸਵਾਲ ਖੜ੍ਹਾ ਕੀਤਾ। ਯਿਸੂ ਨੇ ਵਪਾਰੀਆਂ ਤੇ ਸਰਾਫ਼ਾਂ ਨੂੰ ਹੈਕਲ ਵਿੱਚੋਂ ਕੱਢਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੇ ਹੈਕਲ ਨੂੰ “ਡਾਕੂਆਂ ਦੀ ਖੋਹ” ਬਣਾ ਦਿੱਤਾ ਸੀ। (ਲੂਕਾ 19:45, 46) ਕੁਝ ਇਤਿਹਾਸਕਾਰ ਮੰਨਦੇ ਹਨ ਕਿ ਹੈਕਲ ਦੀਆਂ ਮੰਡੀਆਂ ਦਾ ਮਾਲਕ ਅੰਨਾਸ ਸੀ ਤੇ ਸ਼ਾਇਦ ਇਸੇ ਲਈ ਕਯਾਫ਼ਾ ਨੇ ਯਿਸੂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਸੀ। ਜਦ ਪ੍ਰਧਾਨ ਜਾਜਕਾਂ ਨੇ ਯਿਸੂ ਨੂੰ ਗਿਰਫ਼ਤਾਰ ਕਰਨ ਲਈ ਸਿਪਾਹੀ ਭੇਜੇ, ਤਾਂ ਯਿਸੂ ਦੀਆਂ ਸਿੱਖਿਆਵਾਂ ਨੇ ਉਨ੍ਹਾਂ ਦੇ ਦਿਲਾਂ ਤੇ ਇੰਨਾ ਡੂੰਘਾ ਅਸਰ ਕੀਤਾ ਕਿ ਉਹ ਖਾਲੀ ਹੱਥ ਮੁੜ ਆਏ।—ਯੂਹੰਨਾ 2:13-17; 5:1-16; 7:14-49.

ਧਿਆਨ ਦਿਓ ਕਿ ਉਸ ਵੇਲੇ ਕੀ ਹੋਇਆ ਸੀ ਜਦ ਯਹੂਦੀ ਆਗੂਆਂ ਨੇ ਸੁਣਿਆ ਕਿ ਯਿਸੂ ਨੇ ਲਾਜ਼ਰ ਨੂੰ ਜੀ ਉਠਾਇਆ ਸੀ। ਅਸੀਂ ਯੂਹੰਨਾ ਦੀ ਇੰਜੀਲ ਵਿਚ ਪੜ੍ਹਦੇ ਹਾਂ: “ਪਰਧਾਨ ਜਾਜਕਾਂ ਅਤੇ ਫ਼ਰੀਸੀਆਂ ਨੇ ਮਹਾ ਸਭਾ ਇਕੱਠੀ ਕਰ ਕੇ ਕਿਹਾ, ਅਸੀਂ ਕੀ ਕਰਦੇ ਹਾਂ, ਕਿਉਂ ਜੋ ਇਹ ਮਨੁੱਖ ਬਹੁਤ ਨਿਸ਼ਾਨ ਵਿਖਾਉਂਦਾ ਹੈ? ਜੇ ਅਸੀਂ ਉਸ ਨੂੰ ਐਵੇਂ ਛੱਡ ਦੇਈਏ ਤਾਂ ਸਭ ਉਸ ਉੱਤੇ ਨਿਹਚਾ ਕਰਨਗੇ ਅਤੇ ਰੋਮੀ ਆ ਜਾਣਗੇ ਅਤੇ ਨਾਲੇ ਸਾਡੀ ਜਗ੍ਹਾ ਅਰ ਨਾਲੇ ਸਾਡੀ ਕੌਮ ਭੀ ਲੈ ਲੈਣਗੇ।” (ਯੂਹੰਨਾ 11:47, 48) ਮਹਾਸਭਾ ਦੀਆਂ ਨਜ਼ਰਾਂ ਵਿਚ ਯਿਸੂ ਉਨ੍ਹਾਂ ਦੇ ਇਖ਼ਤਿਆਰ ਲਈ ਖ਼ਤਰਾ ਸੀ। ਉਨ੍ਹਾਂ ਦੇ ਖ਼ਿਆਲ ਵਿਚ ਉਹ ਸ਼ਾਂਤੀ ਭੰਗ ਕਰ ਰਿਹਾ ਸੀ ਜਿਸ ਲਈ ਉਨ੍ਹਾਂ ਨੂੰ ਪਿਲਾਤੁਸ ਨੂੰ ਜਵਾਬ ਦੇਣਾ ਪੈਣਾ ਸੀ। ਜੇ ਰੋਮੀਆਂ ਨੂੰ ਲੱਗਦਾ ਕਿ ਲੋਕ ਕਿਸੇ ਤਰ੍ਹਾਂ ਦਾ ਵਿਦਰੋਹ ਕਰ ਰਹੇ ਸਨ, ਤਾਂ ਉਨ੍ਹਾਂ ਨੇ ਯਹੂਦੀਆਂ ਦੇ ਮਾਮਲਿਆਂ ਵਿਚ ਦਖ਼ਲ ਦੇਣ ਲਈ ਆ ਧਮਕਣਾ ਸੀ। ਪਰ ਮਹਾਸਭਾ ਦੇ ਮੈਂਬਰ ਇਸ ਦਖ਼ਲਅੰਦਾਜ਼ੀ ਤੋਂ ਹਰ ਕੀਮਤ ਤੇ ਬਚ ਕੇ ਰਹਿਣਾ ਚਾਹੁੰਦੇ ਸਨ।

ਭਾਵੇਂ ਕਯਾਫ਼ਾ ਇਸ ਗੱਲ ਦਾ ਇਨਕਾਰ ਨਹੀਂ ਕਰ ਸਕਦਾ ਸੀ ਕਿ ਯਿਸੂ ਨੇ ਵਾਕਈ ਚਮਤਕਾਰ ਕੀਤੇ ਸਨ, ਪਰ ਉਸ ਨੇ ਯਿਸੂ ਉੱਤੇ ਨਿਹਚਾ ਨਹੀਂ ਕੀਤੀ। ਇਸ ਦੀ ਬਜਾਇ ਉਹ ਆਪਣੀ ਸ਼ਾਨ ਤੇ ਅਧਿਕਾਰ ਕਾਇਮ ਰੱਖਣਾ ਚਾਹੁੰਦਾ ਸੀ। ਉਸ ਲਈ ਇਹ ਕਬੂਲ ਕਰਨਾ ਵੀ ਮੁਸ਼ਕਲ ਸੀ ਕਿ ਯਿਸੂ ਨੇ ਲਾਜ਼ਰ ਨੂੰ ਮੁਰਦਿਆਂ ਵਿੱਚੋਂ ਜ਼ਿੰਦਾ ਕੀਤਾ ਸੀ। ਸਦੂਕੀ ਹੋਣ ਕਰਕੇ ਕਯਾਫ਼ਾ ਇਹ ਨਹੀਂ ਮੰਨਦਾ ਸੀ ਕਿ ਮੁਰਦਿਆਂ ਦਾ ਜੀ ਉੱਠਣਾ ਮੁਮਕਿਨ ਸੀ।—ਰਸੂਲਾਂ ਦੇ ਕਰਤੱਬ 23:8.

ਕਯਾਫ਼ਾ ਦੇ ਦਿਲ ਵਿਚ ਲੁੱਕੇ ਪਾਪ ਦਾ ਸੰਕੇਤ ਉਸ ਦੀ ਇਸ ਗੱਲ ਤੋਂ ਮਿਲਦਾ ਹੈ ਜੋ ਉਸ ਨੇ ਦੂਸਰੇ ਆਗੂਆਂ ਨੂੰ ਕਹੀ ਸੀ: “[ਤੁਸੀਂ] ਨਹੀਂ ਸੋਚਦੇ ਹੋ ਭਈ ਤੁਹਾਡੇ ਲਈ ਇਹੋ ਚੰਗਾ ਹੈ ਜੋ ਇੱਕ ਮਨੁੱਖ ਲੋਕਾਂ ਦੇ ਬਦਲੇ ਮਰੇ, ਨਾ ਕਿ ਸਾਰੀ ਕੌਮ ਦਾ ਨਾਸ ਹੋਵੇ।” ਬਾਈਬਲ ਅੱਗੇ ਕਹਿੰਦੀ ਹੈ: “ਪਰ ਇਹ ਉਸ ਨੇ ਆਪਣੀ ਵੱਲੋਂ ਨਹੀਂ ਕਿਹਾ ਪਰ ਇਸ ਕਾਰਨ ਜੋ ਉਹ ਉਸ ਸਾਲ ਸਰਦਾਰ ਜਾਜਕ ਸੀ ਅਗੰਮ ਗਿਆਨ ਨਾਲ ਖਬਰ ਦਿੱਤੀ ਜੋ ਯਿਸੂ ਉਸ ਕੌਮ ਦੇ ਬਦਲੇ ਮਰਨ ਨੂੰ ਸੀ ਅਤੇ ਨਿਰਾ ਉਸੇ ਕੌਮ ਦੇ ਬਦਲੇ ਨਹੀਂ ਸਗੋਂ ਇਸ ਲਈ ਵੀ ਜੋ ਉਹ ਪਰਮੇਸ਼ੁਰ ਦਿਆਂ ਬਾਲਕਾਂ ਨੂੰ ਜੋ ਖਿੰਡੇ ਹੋਏ ਹਨ ਇਕੱਠਿਆਂ ਕਰ ਕੇ ਇੱਕੋ ਬਣਾਵੇ। ਸੋ ਉਨ੍ਹਾਂ ਨੇ ਉਸੇ ਦਿਨ ਤੋਂ ਮਤਾ ਪਕਾਇਆ ਭਈ [ਯਿਸੂ] ਨੂੰ ਜਾਨੋਂ ਮਾਰਨ।”—ਯੂਹੰਨਾ 11:49-53.

ਕਯਾਫ਼ਾ ਆਪਣੇ ਹੀ ਸ਼ਬਦਾਂ ਦੀ ਮਹੱਤਤਾ ਤੋਂ ਅਣਜਾਣ ਸੀ। ਸਰਦਾਰ ਜਾਜਕ ਹੋਣ ਕਰਕੇ ਉਸ ਨੇ ਅਗੰਮ ਗਿਆਨ ਨਾਲ ਭਵਿੱਖਬਾਣੀ ਕੀਤੀ ਸੀ। * ਯਿਸੂ ਦੀ ਮੌਤ ਤੋਂ ਸਿਰਫ਼ ਯਹੂਦੀਆਂ ਨੂੰ ਹੀ ਫ਼ਾਇਦਾ ਨਹੀਂ ਹੋਣਾ ਸੀ। ਉਸ ਦੀ ਕੁਰਬਾਨੀ ਰਾਹੀਂ ਇਨਸਾਨਾਂ ਨੂੰ ਪਾਪ ਅਤੇ ਮੌਤ ਦੀ ਗ਼ੁਲਾਮੀ ਤੋਂ ਛੁਟਕਾਰਾ ਮਿਲਣਾ ਸੀ।

ਯਿਸੂ ਨੂੰ ਮਾਰਨ ਦੀ ਚਾਲ

ਯਹੂਦੀ ਪ੍ਰਧਾਨ ਜਾਜਕ ਅਤੇ ਲੋਕਾਂ ਦੇ ਬਜ਼ੁਰਗ ਯਿਸੂ ਨੂੰ ਫੜਨ ਤੇ ਮਾਰਨ ਦੀ ਸਕੀਮ ਬਣਾਉਣ ਲਈ ਕਯਾਫ਼ਾ ਦੇ ਘਰ ਇਕੱਠੇ ਹੋਏ। ਯਿਸੂ ਨੂੰ ਫੜਵਾਉਣ ਲਈ ਯਹੂਦਾ ਇਸਕ੍ਰਿਓਤੀ ਨੂੰ ਕਿੰਨਾ ਪੈਸਾ ਦੇਣਾ ਹੈ, ਇਹ ਤੈ ਕਰਨ ਵਿਚ ਸ਼ਾਇਦ ਕਯਾਫ਼ਾ ਦਾ ਵੀ ਹੱਥ ਸੀ। (ਮੱਤੀ 26:3, 4, 14, 15) ਪਰ ਕਯਾਫ਼ਾ ਦਾ ਮਕਸਦ ਪੂਰਾ ਕਰਨ ਲਈ ਸਿਰਫ਼ ਯਿਸੂ ਦਾ ਖ਼ੂਨ ਕਰਨਾ ਕਾਫ਼ੀ ਨਹੀਂ ਸੀ। “ਪਰਧਾਨ ਜਾਜਕਾਂ ਨੇ ਮਤਾ ਪਕਾਇਆ ਜੋ ਲਾਜ਼ਰ ਨੂੰ ਵੀ ਜਾਨੋਂ ਮਾਰ ਦੇਈਏ ਕਿਉਂਕਿ ਉਹ ਦੇ ਕਾਰਨ ਯਹੂਦੀਆਂ ਵਿੱਚੋਂ ਬਾਹਲੇ ਲੋਕ . . . ਯਿਸੂ ਉੱਤੇ ਨਿਹਚਾ ਕਰਦੇ ਸਨ।”—ਯੂਹੰਨਾ 12:10, 11.

ਕਯਾਫ਼ਾ ਦਾ ਇਕ ਚਾਕਰ ਮਲਖੁਸ ਵੀ ਉਸ ਭੀੜ ਵਿਚ ਸੀ ਜੋ ਯਿਸੂ ਨੂੰ ਫੜਨ ਲਈ ਭੇਜੀ ਗਈ ਸੀ। ਯਿਸੂ ਨੂੰ ਫੜ ਕੇ ਪੁੱਛ-ਗਿੱਛ ਕਰਨ ਲਈ ਪਹਿਲਾਂ ਅੰਨਾਸ ਕੋਲ ਤੇ ਫਿਰ ਕਯਾਫ਼ਾ ਕੋਲ ਲਿਜਾਇਆ ਗਿਆ। ਕਯਾਫ਼ਾ ਨੇ ਰਾਤ ਨੂੰ ਗ਼ੈਰ-ਕਾਨੂੰਨੀ ਮੁਕੱਦਮਾ ਚਲਾਉਣ ਲਈ ਯਹੂਦੀ ਬਜ਼ੁਰਗਾਂ ਨੂੰ ਪਹਿਲਾਂ ਹੀ ਇਕੱਠਾ ਕੀਤਾ ਹੋਇਆ ਸੀ।—ਮੱਤੀ 26:57; ਯੂਹੰਨਾ 18:10, 13, 19-24.

ਕਯਾਫ਼ਾ ਨੇ ਹਾਰ ਨਹੀਂ ਮੰਨੀ ਜਦ ਯਿਸੂ ਖ਼ਿਲਾਫ਼ ਖੜ੍ਹੇ ਕੀਤੇ ਗਏ ਝੂਠੇ ਗਵਾਹ ਝੂਠੇ ਸਾਬਤ ਹੋਏ। ਉਹ ਜਾਣਦਾ ਸੀ ਕਿ ਯਹੂਦੀ ਲੋਕ ਉਸ ਬੰਦੇ ਬਾਰੇ ਕੀ ਸੋਚਣਗੇ ਜੋ ਆਪਣੇ ਆਪ ਨੂੰ ਮਸੀਹਾ ਕਹਿੰਦਾ ਸੀ। ਸੋ ਉਸ ਨੇ ਯਿਸੂ ਨੂੰ ਪੁੱਛਿਆ ਕਿ ਕੀ ਉਹ ਮਸੀਹਾ ਸੀ। ਯਿਸੂ ਨੇ ਜਵਾਬ ਦਿੱਤਾ ਕਿ ਉਸ ਉੱਤੇ ਝੂਠਾ ਦੋਸ਼ ਲਾਉਣ ਵਾਲੇ ਉਸ ਨੂੰ “ਕੁਦਰਤ ਦੇ ਸੱਜੇ ਹੱਥ ਬਿਰਾਜਮਾਨ ਹੋਇਆ ਅਤੇ ਅਕਾਸ਼ ਦੇ ਬੱਦਲਾਂ ਉੱਤੇ ਆਉਂਦਾ” ਵੇਖਣਗੇ। “ਤਦ ਸਰਦਾਰ ਜਾਜਕ ਨੇ ਆਪਣੇ ਕੱਪੜੇ ਪਾੜ ਕੇ ਆਖਿਆ, ਏਸ ਕੁਫ਼ਰ ਬਕਿਆ ਹੈ, ਹੁਣ ਸਾਨੂੰ ਗਵਾਹਾਂ ਦੀ ਹੋਰ ਕੀ ਲੋੜ ਹੈ?” ਮਹਾਸਭਾ ਨੇ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਯਿਸੂ ਮੌਤ ਦੇ ਲਾਇਕ ਸੀ।—ਮੱਤੀ 26:64-66.

ਕਿਸੇ ਨੂੰ ਮੌਤ ਦੀ ਸਜ਼ਾ ਦੇਣ ਦੀ ਇਜਾਜ਼ਤ ਰੋਮੀ ਹਾਕਮਾਂ ਤੋਂ ਲੈਣੀ ਪੈਂਦੀ ਸੀ। ਕਯਾਫ਼ਾ ਰੋਮੀਆਂ ਅਤੇ ਯਹੂਦੀਆਂ ਵਿਚਕਾਰ ਵਿਚੋਲਾ ਸੀ ਅਤੇ ਉਸ ਨੇ ਹੀ ਇਸ ਮੁਕੱਦਮੇ ਦਾ ਵੇਰਵਾ ਪਿਲਾਤੁਸ ਨੂੰ ਦਿੱਤਾ ਹੋਣਾ। ਜਦ ਪਿਲਾਤੁਸ ਨੇ ਯਿਸੂ ਨੂੰ ਆਜ਼ਾਦ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਕਯਾਫ਼ਾ ਸਮੇਤ ਸਾਰੇ ਪ੍ਰਧਾਨ ਜਾਜਕਾਂ ਨੇ ਉੱਚੀ ਆਵਾਜ਼ ਵਿਚ ਕਿਹਾ: “ਉਹ ਨੂੰ ਸਲੀਬ ਦਿਓ, ਸਲੀਬ ਦਿਓ!” (ਯੂਹੰਨਾ 19:4-6) ਕਯਾਫ਼ਾ ਨੇ ਹੀ ਲੋਕਾਂ ਨੂੰ ਉਕਸਾਇਆ ਹੋਣਾ ਕਿ ਉਹ ਯਿਸੂ ਦੀ ਬਜਾਇ ਇਕ ਖ਼ੂਨੀ ਨੂੰ ਆਜ਼ਾਦ ਕਰਨ ਦੀ ਮੰਗ ਕਰਨ। ਸ਼ਾਇਦ ਉਹ ਉਨ੍ਹਾਂ ਪ੍ਰਧਾਨ ਜਾਜਕਾਂ ਵਿਚ ਵੀ ਸ਼ਾਮਲ ਸੀ ਜਿਨ੍ਹਾਂ ਨੇ ਪਖੰਡ ਨਾਲ ਕਿਹਾ: “ਕੈਸਰ ਬਿਨਾ ਸਾਡਾ ਕੋਈ ਪਾਤਸ਼ਾਹ ਨਹੀਂ ਹੈ।”—ਯੂਹੰਨਾ 19:15; ਮਰਕੁਸ 15:7-11.

ਕਯਾਫ਼ਾ ਨੇ ਯਿਸੂ ਦੇ ਜੀ ਉੱਠਣ ਦੇ ਸਬੂਤ ਨੂੰ ਕਬੂਲ ਨਹੀਂ ਕੀਤਾ। ਉਸ ਨੇ ਪਤਰਸ, ਯੂਹੰਨਾ ਅਤੇ ਬਾਅਦ ਵਿਚ ਇਸਤੀਫ਼ਾਨ ਦਾ ਵੀ ਵਿਰੋਧ ਕੀਤਾ। ਕਯਾਫ਼ਾ ਨੇ ਸੌਲੁਸ ਨੂੰ ਇਖ਼ਤਿਆਰ ਦਿੱਤਾ ਕਿ ਉਹ ਦੰਮਿਸਕ ਜਾ ਕੇ ਮਸੀਹੀਆਂ ਨੂੰ ਗਿਰਫ਼ਤਾਰ ਕਰੇ। (ਮੱਤੀ 28:11-13; ਰਸੂਲਾਂ ਦੇ ਕਰਤੱਬ 4:1-17; 6:8–7:60; 9:1, 2) ਪਰ ਲਗਭਗ 36 ਈਸਵੀ ਵਿਚ ਸੀਰੀਆ ਦੇ ਰੋਮੀ ਗਵਰਨਰ ਵਿਟਲੀਊਸ ਨੇ ਕਯਾਫ਼ਾ ਨੂੰ ਸਰਦਾਰ ਜਾਜਕ ਦੀ ਪਦਵੀ ਤੋਂ ਲਾਹ ਦਿੱਤਾ।

ਯਹੂਦੀ ਲਿਖਤਾਂ ਵਿਚ ਕਯਾਫ਼ਾ ਦੇ ਪਰਿਵਾਰ ਬਾਰੇ ਬਹੁਤੀਆਂ ਚੰਗੀਆਂ ਗੱਲਾਂ ਨਹੀਂ ਕਹੀਆਂ ਗਈਆਂ। ਮਿਸਾਲ ਲਈ, ਬਾਬਲੀ ਤਾਲਮੂਦ ਵਿਚ ਲਿਖਿਆ ਹੈ: “ਹਾਨਿਨ [ਅੰਨਾਸ] ਦੇ ਘਰਾਣੇ ਕਰਕੇ ਮੇਰੇ ਉੱਤੇ ਹਾਏ, ਉਨ੍ਹਾਂ ਦੇ ਘੁਸਰ-ਮੁਸਰ (ਝੂਠੇ ਦੋਸ਼) ਕਰਕੇ ਮੇਰੇ ਉੱਤੇ ਹਾਏ।” ਮੰਨਿਆ ਜਾਂਦਾ ਹੈ ਕਿ ਇੱਥੇ ‘ਉਨ੍ਹਾਂ ਗੁਪਤ ਸਭਾਵਾਂ’ ਬਾਰੇ ਗੱਲ ਕੀਤੀ ਗਈ ਸੀ ਜਿਨ੍ਹਾਂ ਵਿਚ ‘ਲੋਕਾਂ ਤੇ ਜ਼ੁਲਮ ਢਾਹੁਣ ਬਾਰੇ ਸਲਾਹਾਂ ਕੀਤੀਆਂ ਜਾਂਦੀਆਂ ਸਨ।’

ਕਯਾਫ਼ਾ ਤੋਂ ਅਸੀਂ ਸਬਕ ਸਿੱਖ ਸਕਦੇ ਹਾਂ

ਇਕ ਵਿਦਵਾਨ ਨੇ ਕਿਹਾ ਕਿ ਸਰਦਾਰ ਜਾਜਕ ‘ਬੇਰਹਿਮ, ਚਤੁਰ, ਕਾਬਲ ਅਤੇ ਹੰਕਾਰੀ ਬੰਦੇ ਸਨ।’ ਇਸੇ ਹੰਕਾਰ ਕਰਕੇ ਕਯਾਫ਼ਾ ਨੇ ਯਿਸੂ ਨੂੰ ਮਸੀਹਾ ਨਹੀਂ ਮੰਨਿਆ ਸੀ। ਇਸ ਲਈ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਜਦ ਲੋਕ ਬਾਈਬਲ ਦਾ ਸੁਨੇਹਾ ਨਹੀਂ ਸੁਣਦੇ। ਕਈ ਲੋਕ ਉਨ੍ਹਾਂ ਵਿਸ਼ਵਾਸਾਂ ਨੂੰ ਛੱਡਣ ਲਈ ਤਿਆਰ ਨਹੀਂ ਹੁੰਦੇ ਜਿਨ੍ਹਾਂ ਨੂੰ ਉਹ ਬਚਪਨ ਤੋਂ ਮੰਨਦੇ ਆਏ ਹਨ। ਕੁਝ ਸਮਝਦੇ ਹਨ ਕਿ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਨਾਲ ਉਨ੍ਹਾਂ ਦੀ ਸ਼ਾਨ ਘੱਟ ਜਾਵੇਗੀ। ਇਸ ਤੋਂ ਇਲਾਵਾ ਜਿਹੜੇ ਲੋਕ ਬੇਈਮਾਨ ਤੇ ਲਾਲਚੀ ਹਨ, ਉਨ੍ਹਾਂ ਨੂੰ ਬਾਈਬਲ ਦੇ ਉੱਚੇ ਮਿਆਰ ਬੁਰੇ ਲੱਗਦੇ ਹਨ।

ਸਰਦਾਰ ਜਾਜਕ ਹੋਣ ਦੇ ਨਾਤੇ ਕਯਾਫ਼ਾ ਮਸੀਹਾ ਨੂੰ ਸਵੀਕਾਰ ਕਰਨ ਵਿਚ ਯਹੂਦੀਆਂ ਦੀ ਮਦਦ ਕਰ ਸਕਦਾ ਸੀ, ਪਰ ਤਾਕਤ ਦਾ ਭੁੱਖਾ ਹੋਣ ਕਰਕੇ ਉਸ ਨੇ ਯਿਸੂ ਨੂੰ ਮੌਤ ਦੇ ਮੂੰਹ ਵਿਚ ਧੱਕ ਦਿੱਤਾ। ਕਯਾਫ਼ਾ ਸ਼ਾਇਦ ਆਪਣੀ ਸਾਰੀ ਉਮਰ ਮਸੀਹੀਅਤ ਦਾ ਵਿਰੋਧ ਕਰਦਾ ਰਿਹਾ। ਉਸ ਦੀ ਮਿਸਾਲ ਤੋਂ ਅਸੀਂ ਦੇਖ ਸਕਦੇ ਹਾਂ ਕਿ ਅਸੀਂ ਮਰਨ ਤੇ ਆਪਣੀਆਂ ਹੱਡੀਆਂ ਦੇ ਨਾਲ-ਨਾਲ ਆਪਣਾ ਕਮਾਇਆ ਨਾਮ ਵੀ ਛੱਡ ਜਾਂਦੇ ਹਾਂ। ਆਪਣੇ ਕੰਮਾਂ ਰਾਹੀਂ ਅਸੀਂ ਪਰਮੇਸ਼ੁਰ ਨਾਲ ਜਾਂ ਤਾਂ ਨੇਕਨਾਮੀ ਕਮਾਉਂਦੇ ਹਾਂ ਜਾਂ ਬੁਰਾ ਨਾਮ।

[ਫੁਟਨੋਟ]

^ ਪੈਰਾ 9 ਹਾਸਮੋਨੀ ਲੋਕਾਂ ਦੇ ਇਤਿਹਾਸ ਬਾਰੇ ਹੋਰ ਜਾਣਕਾਰੀ ਲਈ 15 ਜੂਨ 2001 ਦੇ ਪਹਿਰਾਬੁਰਜ ਵਿਚ ਸਫ਼ੇ 27-30 ਦੇਖੋ

^ ਪੈਰਾ 19 ਯਹੋਵਾਹ ਨੇ ਦੁਸ਼ਟ ਬਿਲਆਮ ਦੇ ਮੂੰਹੋਂ ਇਸਰਾਏਲੀਆਂ ਬਾਰੇ ਸੱਚੀਆਂ ਭਵਿੱਖਬਾਣੀਆਂ ਕਰਵਾਈਆਂ ਸਨ।—ਗਿਣਤੀ 23:1–24:24.

[ਸਫ਼ਾ 10 ਉੱਤੇ ਤਸਵੀਰ]

ਕਯਾਫ਼ਾ ਦਾ ਪੁੱਤਰ ਯੂਸੁਫ਼

[ਸਫ਼ਾ 10 ਉੱਤੇ ਤਸਵੀਰ]

ਗੁਫ਼ਾ ਵਿੱਚੋਂ ਮਿਲਿਆ ਅਸਥੀ-ਪਾਤਰ

[ਸਫ਼ਾ 10 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Ossuary, inscription, and cave in background: Courtesy of Israel Antiquities Authority