ਅਸੀਂ ਇਸ ਦਰਖ਼ਤ ਤੋਂ ਕੀ ਸਿੱਖ ਸਕਦੇ ਹਾਂ?
ਅਸੀਂ ਇਸ ਦਰਖ਼ਤ ਤੋਂ ਕੀ ਸਿੱਖ ਸਕਦੇ ਹਾਂ?
ਪਾਪੂਆ ਨਿਊ ਗਿਨੀ ਦੇ ਸ਼ਹਿਰ ਪੋਰਟ ਮੌਰਸਬੀ ਦੇ ਲਾਗੇ ਇਕ ਪਿੰਡ ਵਿਚ ਦੋ ਯਹੋਵਾਹ ਦੇ ਗਵਾਹ ਪ੍ਰਚਾਰ ਕਰ ਕੇ ਘਰ ਪਰਤ ਰਹੇ ਸਨ। ਰਾਹ ਵਿਚ ਉਨ੍ਹਾਂ ਨੇ ਇਕ ਸੋਹਣਾ ਦਰਖ਼ਤ ਦੇਖਿਆ। “ਵਾਹ, ਲਾਗਾਨੀ ਆਉਨਾ,” ਬਜ਼ੁਰਗ ਪ੍ਰਚਾਰਕ ਨੇ ਕਿਹਾ। ਉਸ ਨੇ ਨੌਜਵਾਨ ਨੂੰ ਦੱਸਿਆ: “ਇਸ ਨਾਂ ਦਾ ਮਤਲਬ ਹੈ ‘ਸਾਲਾਨਾ ਦਰਖ਼ਤ।’ ਦੂਸਰੇ ਬਹੁਤ ਸਾਰੇ ਦਰਖ਼ਤਾਂ ਤੋਂ ਉਲਟ, ਹਰ ਸਾਲ ਇਸ ਦਰਖ਼ਤ ਦੇ ਪੱਤੇ ਝੜ ਜਾਂਦੇ ਹਨ ਤੇ ਇਹ ਮਰਿਆ ਹੋਇਆ ਨਜ਼ਰ ਆਉਂਦਾ ਹੈ। ਪਰ ਮੀਂਹ ਪੈਣ ਤੇ, ਇਸ ਦੇ ਪੱਤੇ ਦੁਬਾਰਾ ਨਿਕਲ ਆਉਂਦੇ ਹਨ, ਇਸ ਨੂੰ ਫੁੱਲ ਲੱਗਦੇ ਹਨ ਤੇ ਇਹ ਮੁੜ ਆਪਣੀ ਖੂਬਸੂਰਤੀ ਬਖ਼ੇਰਦਾ ਹੈ।”
ਅਸੀਂ ਇਸ ਦਰਖ਼ਤ ਤੋਂ ਕੀ ਸਿੱਖ ਸਕਦੇ ਹਾਂ? ਇਹ ਦਰਖ਼ਤ ਦੇਖਣ ਨੂੰ ਗੁਲਮੁਹਰ ਦਰਖ਼ਤ ਵਰਗਾ ਹੈ। ਕੁਝ ਵਿਦਵਾਨਾਂ ਦਾ ਕਹਿਣਾ ਹੈ ਕਿ ਇਹ ਦਰਖ਼ਤ ਦੁਨੀਆਂ ਦੇ ਪੰਜ ਸਭ ਤੋਂ ਖੂਬਸੂਰਤ ਦਰਖ਼ਤਾਂ ਵਿਚ ਗਿਣਿਆ ਜਾਂਦਾ ਹੈ। ਭਾਵੇਂ ਗਰਮੀਆਂ ਵਿਚ ਇਸ ਦੇ ਫੁੱਲ-ਪੱਤੇ ਝੜ ਜਾਂਦੇ ਹਨ, ਪਰ ਇਹ ਦਰਖ਼ਤ ਆਪਣਾ ਪਾਣੀ ਦਾ ਭੰਡਾਰ ਮੁੱਕਣ ਨਹੀਂ ਦਿੰਦਾ। ਇਸ ਦੀਆਂ ਜੜ੍ਹਾਂ ਬਹੁਤ ਮਜ਼ਬੂਤ ਹੁੰਦੀਆਂ ਹਨ ਤੇ ਇਹ ਜ਼ਮੀਨ ਅੰਦਰ ਚਟਾਨਾਂ ਦੇ ਆਲੇ-ਦੁਆਲੇ ਫੈਲ ਜਾਂਦੀਆਂ ਹਨ। ਇਸ ਕਰਕੇ ਇਹ ਤੂਫ਼ਾਨੀ ਹਵਾਵਾਂ ਵਿਚ ਵੀ ਮਜ਼ਬੂਤੀ ਨਾਲ ਖੜ੍ਹਾ ਰਹਿੰਦਾ ਹੈ। ਇਹ ਦਰਖ਼ਤ ਆਪਣੇ ਆਪ ਨੂੰ ਮੁਸ਼ਕਲ ਹਾਲਾਤਾਂ ਅਨੁਸਾਰ ਢਾਲ਼ ਲੈਂਦਾ ਹੈ।
ਸਾਨੂੰ ਵੀ ਅਜਿਹੇ ਹਾਲਾਤਾਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ ਜਿਨ੍ਹਾਂ ਵਿਚ ਪਰਮੇਸ਼ੁਰ ਵਿਚ ਸਾਡੀ ਨਿਹਚਾ ਦੀ ਪਕਿਆਈ ਦੀ ਪਰਖ ਹੋਵੇ। ਅਜਿਹੇ ਸਮੇਂ ਵਿਚ ਕਿਹੜੀ ਚੀਜ਼ ਮਜ਼ਬੂਤ ਖੜ੍ਹੇ ਰਹਿਣ ਵਿਚ ਸਾਡੀ ਮਦਦ ਕਰੇਗੀ? ਲਾਗਾਨੀ ਆਉਨਾ ਦਰਖ਼ਤ ਵਾਂਗ ਅਸੀਂ ਪਰਮੇਸ਼ੁਰ ਦੇ ਬਚਨ ਦੇ ਜੀਵਨ ਦੇਣ ਵਾਲੇ ਪਾਣੀ ਦੇ ਭੰਡਾਰ ਨੂੰ ਮੁੱਕਣ ਨਹੀਂ ਦੇਣਾ ਤੇ ਇਹ ਪਾਣੀ ਪੀਂਦੇ ਰਹਿਣਾ ਹੈ। ਸਾਨੂੰ ‘ਆਪਣੀ ਚਟਾਨ’ ਯਹੋਵਾਹ ਨੂੰ ਘੁੱਟ ਕੇ ਫੜੀ ਰੱਖਣਾ ਚਾਹੀਦਾ ਹੈ ਤੇ ਉਸ ਦੀ ਸੰਸਥਾ ਵਿਚ ਰਹਿਣਾ ਚਾਹੀਦਾ ਹੈ। (ਜ਼ਬੂਰਾਂ ਦੀ ਪੋਥੀ 18:2) ਲਾਗਾਨੀ ਆਉਨਾ ਦਰਖ਼ਤ ਤੋਂ ਅਸੀਂ ਸਿੱਖਦੇ ਹਾਂ ਕਿ ਮੁਸ਼ਕਲ ਤੋਂ ਮੁਸ਼ਕਲ ਹਾਲਾਤਾਂ ਵਿਚ ਵੀ ਅਸੀਂ ਯਹੋਵਾਹ ਦੇ ਪ੍ਰਬੰਧਾਂ ਦਾ ਪੂਰਾ-ਪੂਰਾ ਫ਼ਾਇਦਾ ਲੈ ਕੇ ਆਪਣੀ ਨਿਹਚਾ ਨੂੰ ਮਜ਼ਬੂਤ ਤੇ ਖੂਬਸੂਰਤ ਰੱਖ ਸਕਦੇ ਹਾਂ। ਇਸ ਤਰ੍ਹਾਂ ਕਰਨ ਨਾਲ ਅਸੀਂ “ਵਾਇਦਿਆਂ ਦੇ ਅਧਕਾਰੀ” ਹੋਵਾਂਗੇ। ਇਨ੍ਹਾਂ ਵਾਅਦਿਆਂ ਵਿਚ ਅਨੰਤ ਜ਼ਿੰਦਗੀ ਦਾ ਵਾਅਦਾ ਵੀ ਸ਼ਾਮਲ ਹੈ।—ਇਬਰਾਨੀਆਂ 6:12; ਪਰਕਾਸ਼ ਦੀ ਪੋਥੀ 21:4.