Skip to content

Skip to table of contents

“ਕੌਮਾਂ ਉੱਤੇ ਸਾਖੀ”

“ਕੌਮਾਂ ਉੱਤੇ ਸਾਖੀ”

“ਕੌਮਾਂ ਉੱਤੇ ਸਾਖੀ”

‘ਤੁਸੀਂ ਧਰਤੀ ਦੇ ਬੰਨੇ ਤੀਕੁਰ ਮੇਰੇ ਗਵਾਹ ਹੋਵੋਗੇ।’—ਰਸੂਲਾਂ ਦੇ ਕਰਤੱਬ 1:8.

1. ਯਿਸੂ ਦੇ ਚੇਲਿਆਂ ਨੇ ਮੱਤੀ 24:14 ਦੇ ਸ਼ਬਦ ਕਦੋਂ ਅਤੇ ਕਿੱਥੇ ਪਹਿਲੀ ਵਾਰ ਸੁਣੇ ਸਨ?

ਕਈਆਂ ਨੂੰ ਮੱਤੀ 24:14 ਦੇ ਸ਼ਬਦ ਮੂੰਹ-ਜ਼ਬਾਨੀ ਯਾਦ ਹਨ। ਇਹ ਭਵਿੱਖਬਾਣੀ ਵਾਕਈ ਕਮਾਲ ਦੀ ਹੈ! ਕਲਪਨਾ ਕਰੋ ਕਿ ਯਿਸੂ ਦੇ ਚੇਲਿਆਂ ਨੇ ਕੀ ਸੋਚਿਆ ਹੋਣਾ ਜਦ ਉਨ੍ਹਾਂ ਨੇ ਪਹਿਲੀ ਵਾਰ ਇਹ ਸ਼ਬਦ ਸੁਣੇ। ਸਾਲ 33 ਈਸਵੀ ਸੀ। ਯਿਸੂ ਦੇ ਚੇਲੇ ਤਿੰਨ ਕੁ ਸਾਲਾਂ ਤੋਂ ਉਸ ਦੇ ਨਾਲ ਸਨ ਅਤੇ ਉਹ ਸਾਰੇ ਯਰੂਸ਼ਲਮ ਆਏ ਹੋਏ ਸਨ। ਉਨ੍ਹਾਂ ਨੇ ਯਿਸੂ ਨੂੰ ਕਈ ਚਮਤਕਾਰ ਕਰਦੇ ਦੇਖਿਆ ਅਤੇ ਉਸ ਦੀਆਂ ਸਿੱਖਿਆਵਾਂ ਵੀ ਸੁਣੀਆਂ। ਭਾਵੇਂ ਉਹ ਉਸ ਦੀਆਂ ਗੱਲਾਂ ਸੁਣ ਕੇ ਬਹੁਤ ਖ਼ੁਸ਼ ਹੋਏ, ਪਰ ਉਹ ਜਾਣਦੇ ਸਨ ਕਿ ਸਾਰੇ ਯਿਸੂ ਦੀਆਂ ਸਿੱਖਿਆਵਾਂ ਤੋਂ ਖ਼ੁਸ਼ ਨਹੀਂ ਸਨ। ਯਿਸੂ ਦੇ ਕਈ ਜਾਨੀ ਦੁਸ਼ਮਣ ਵੀ ਸਨ।

2. ਯਿਸੂ ਦੇ ਚੇਲਿਆਂ ਨੇ ਕਿਹੜੀਆਂ ਮੁਸ਼ਕਲਾਂ ਤੇ ਖ਼ਤਰਿਆਂ ਦਾ ਸਾਮ੍ਹਣਾ ਕਰਨਾ ਸੀ?

2 ਜ਼ੈਤੂਨ ਦੇ ਪਹਾੜ ਉੱਤੇ ਯਿਸੂ ਦੇ ਚਾਰ ਚੇਲੇ ਉਸ ਦੇ ਨਾਲ ਬੈਠ ਕੇ ਉਸ ਦੀਆਂ ਗੱਲਾਂ ਧਿਆਨ ਨਾਲ ਸੁਣ ਰਹੇ ਸਨ। ਉਹ ਉਨ੍ਹਾਂ ਨੂੰ ਆਉਣ ਵਾਲੇ ਖ਼ਤਰਿਆਂ ਤੇ ਮੁਸ਼ਕਲਾਂ ਬਾਰੇ ਦੱਸ ਰਿਹਾ ਸੀ। ਪਹਿਲਾਂ ਵੀ ਯਿਸੂ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ ਮਾਰਿਆ ਜਾਵੇਗਾ। (ਮੱਤੀ 16:21) ਹੁਣ ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਉੱਤੇ ਵੀ ਜ਼ੁਲਮ ਢਾਹੇ ਜਾਣਗੇ। ਉਸ ਨੇ ਕਿਹਾ ਕਿ ਲੋਕ “ਤੁਹਾਨੂੰ ਬਿਪਤਾ ਲਈ ਫੜਵਾ ਦੇਣਗੇ ਅਰ ਤੁਹਾਨੂੰ ਮਾਰ ਦੇਣਗੇ ਅਤੇ ਮੇਰੇ ਨਾਮ ਦੇ ਕਾਰਨ ਸਾਰੀਆਂ ਕੌਮਾਂ ਤੁਹਾਡੇ ਨਾਲ ਵੈਰ ਰੱਖਣਗੀਆਂ।” ਉਸ ਨੇ ਹੋਰ ਵੀ ਕਈ ਗੱਲਾਂ ਦੱਸੀਆਂ। ਉਸ ਨੇ ਕਿਹਾ ਕਿ ਝੂਠੇ ਨਬੀ ਉੱਠਣਗੇ ਅਤੇ ਕਈਆਂ ਨੂੰ ਕੁਰਾਹੇ ਪਾਉਣਗੇ। ਕਈ ਠੋਕਰ ਖਾਣਗੇ, ਇਕ-ਦੂਜੇ ਨੂੰ ਧੋਖਾ ਦੇਣਗੇ ਤੇ ਨਫ਼ਰਤ ਕਰਨਗੇ ਅਤੇ ਪਰਮੇਸ਼ੁਰ ਤੇ ਉਸ ਦੇ ਬਚਨ ਲਈ “ਬਹੁਤਿਆਂ ਦੀ ਪ੍ਰੀਤ” ਠੰਢੀ ਪੈ ਜਾਵੇਗੀ।—ਮੱਤੀ 24:9-12.

3. ਮੱਤੀ 24:14 ਵਿਚ ਯਿਸੂ ਦੇ ਸ਼ਬਦ ਹੈਰਾਨੀਜਨਕ ਕਿਉਂ ਹਨ?

3 ਇਨ੍ਹਾਂ ਮੁਸ਼ਕਲਾਂ ਬਾਰੇ ਗੱਲ ਕਰਨ ਤੋਂ ਬਾਅਦ ਯਿਸੂ ਨੇ ਅਜਿਹੀ ਗੱਲ ਕਹੀ ਜਿਸ ਨੂੰ ਸੁਣ ਕੇ ਉਸ ਦੇ ਚੇਲੇ ਦੰਗ ਰਹਿ ਗਏ ਹੋਣੇ। ਉਸ ਨੇ ਕਿਹਾ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” (ਮੱਤੀ 24:14) “ਸਚਿਆਈ ਉੱਤੇ ਸਾਖੀ” ਦੇਣ ਦਾ ਕੰਮ ਜੋ ਯਿਸੂ ਨੇ ਇਸਰਾਏਲ ਵਿਚ ਸ਼ੁਰੂ ਕੀਤਾ ਸੀ, ਦੁਨੀਆਂ ਭਰ ਵਿਚ ਕੀਤਾ ਜਾਣਾ ਸੀ। (ਯੂਹੰਨਾ 18:37) ਇਹ ਕਿੰਨੀ ਹੈਰਾਨੀ ਦੀ ਗੱਲ ਸੀ! “ਸਭ ਕੌਮਾਂ” ਵਿਚ ਪ੍ਰਚਾਰ ਦਾ ਕੰਮ ਕਰਨਾ ਆਪਣੇ ਆਪ ਵਿਚ ਇਕ ਔਖਾ ਕੰਮ ਸੀ। ਪਰ ‘ਸਾਰੀਆਂ ਕੌਮਾਂ ਦੇ ਵੈਰ’ ਦੇ ਬਾਵਜੂਦ ਇਹ ਕੰਮ ਕਰਨਾ ਚਮਤਕਾਰ ਤੋਂ ਘੱਟ ਨਹੀਂ ਹੋਣਾ ਸੀ। ਇਸ ਵੱਡੇ ਕੰਮ ਨੇ ਯਹੋਵਾਹ ਦੀ ਵਡਿਆਈ ਹੀ ਨਹੀਂ ਕਰਨੀ ਸੀ, ਸਗੋਂ ਉਸ ਦੀ ਸ਼ਕਤੀ, ਪਿਆਰ, ਦਇਆ ਤੇ ਧੀਰਜ ਦਾ ਵੀ ਸਬੂਤ ਦੇਣਾ ਸੀ। ਇਸ ਤੋਂ ਇਲਾਵਾ ਉਸ ਦੇ ਸੇਵਕਾਂ ਨੂੰ ਆਪਣੀ ਸ਼ਰਧਾ ਤੇ ਨਿਹਚਾ ਦਾ ਸਬੂਤ ਦੇਣ ਦਾ ਵੀ ਮੌਕਾ ਮਿਲਣਾ ਸੀ।

4. ਪ੍ਰਚਾਰ ਦਾ ਕੰਮ ਕਿਨ੍ਹਾਂ ਨੂੰ ਸੌਂਪਿਆ ਗਿਆ ਸੀ ਅਤੇ ਯਿਸੂ ਨੇ ਉਨ੍ਹਾਂ ਨੂੰ ਕਿਵੇਂ ਹੌਸਲਾ ਦਿੱਤਾ?

4 ਯਿਸੂ ਨੇ ਆਪਣੇ ਚੇਲਿਆਂ ਨੂੰ ਸਾਫ਼-ਸਾਫ਼ ਦੱਸਿਆ ਕਿ ਉਨ੍ਹਾਂ ਕੋਲ ਕਿੰਨਾ ਅਹਿਮ ਕੰਮ ਸੀ। ਸਵਰਗ ਨੂੰ ਵਾਪਸ ਜਾਣ ਤੋਂ ਪਹਿਲਾਂ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਜਾਂ ਪਵਿੱਤ੍ਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ ਅਰ ਸਾਰੇ ਯਹੂਦਿਯਾ ਅਤੇ ਸਾਮਰਿਯਾ ਵਿੱਚ ਸਗੋਂ ਧਰਤੀ ਦੇ ਬੰਨੇ ਤੀਕੁਰ ਮੇਰੇ ਗਵਾਹ ਹੋਵੋਗੇ।” (ਰਸੂਲਾਂ ਦੇ ਕਰਤੱਬ 1:8) ਭਾਵੇਂ ਭਵਿੱਖ ਵਿਚ ਹੋਰਨਾਂ ਨੇ ਇਸ ਕੰਮ ਵਿਚ ਯਿਸੂ ਦੇ ਚੇਲਿਆਂ ਦਾ ਸਾਥ ਦੇਣਾ ਸੀ, ਪਰ ਇਸ ਸਮੇਂ ਚੇਲੇ ਗਿਣਤੀ ਵਿਚ ਘੱਟ ਸਨ। ਇਹ ਜਾਣ ਕੇ ਉਨ੍ਹਾਂ ਨੂੰ ਕਿੰਨਾ ਹੌਸਲਾ ਮਿਲਿਆ ਹੋਣਾ ਕਿ ਪਰਮੇਸ਼ੁਰ ਦੀ ਪਵਿੱਤਰ ਆਤਮਾ ਉਨ੍ਹਾਂ ਨੂੰ ਇਹ ਕੰਮ ਪੂਰਾ ਕਰਨ ਵਿਚ ਮਦਦ ਦੇਵੇਗੀ।

5. ਯਿਸੂ ਦੇ ਮੁਢਲੇ ਚੇਲਿਆਂ ਨੂੰ ਪ੍ਰਚਾਰ ਦੇ ਕੰਮ ਬਾਰੇ ਕੀ ਨਹੀਂ ਪਤਾ ਸੀ?

5 ਚੇਲਿਆਂ ਨੂੰ ਪਤਾ ਸੀ ਕਿ ਉਨ੍ਹਾਂ ਨੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਤੇ “ਸਾਰੀਆਂ ਕੌਮਾਂ ਨੂੰ ਚੇਲੇ” ਬਣਾਉਣਾ ਸੀ। (ਮੱਤੀ 28:19, 20) ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਗਵਾਹੀ ਕਿਸ ਹੱਦ ਤਕ ਦਿੱਤੀ ਜਾਣੀ ਸੀ ਜਾਂ ਅੰਤ ਕਦ ਆਉਣਾ ਸੀ। ਅਸੀਂ ਵੀ ਇਹ ਗੱਲਾਂ ਨਹੀਂ ਜਾਣਦੇ। ਇਨ੍ਹਾਂ ਗੱਲਾਂ ਦਾ ਫ਼ੈਸਲਾ ਕਰਨਾ ਸਿਰਫ਼ ਯਹੋਵਾਹ ਦੇ ਹੱਥ ਵਿਚ ਹੈ। (ਮੱਤੀ 24:36) ਜਦ ਯਹੋਵਾਹ ਨੂੰ ਇਸ ਗੱਲ ਦੀ ਤਸੱਲੀ ਹੋ ਜਾਵੇਗੀ ਕਿ ਸਾਰੇ ਜਗਤ ਵਿਚ ਗਵਾਹੀ ਦੇ ਦਿੱਤੀ ਗਈ ਹੈ, ਤਾਂ ਇਸ ਦੁਨੀਆਂ ਦਾ ਅੰਤ ਆ ਜਾਵੇਗਾ। ਸਿਰਫ਼ ਉਦੋਂ ਹੀ ਮਸੀਹੀ ਸਮਝ ਸਕਣਗੇ ਕਿ ਪ੍ਰਚਾਰ ਦਾ ਕੰਮ ਯਹੋਵਾਹ ਦੀ ਮਰਜ਼ੀ ਅਨੁਸਾਰ ਪੂਰਾ ਹੋ ਚੁੱਕਾ ਹੈ। ਪਹਿਲੀ ਸਦੀ ਵਿਚ ਯਿਸੂ ਦੇ ਚੇਲੇ ਕਦੀ ਸੋਚ ਵੀ ਨਹੀਂ ਸਕਦੇ ਸਨ ਕਿ ਅੰਤ ਦੇ ਸਮੇਂ ਵਿਚ ਪ੍ਰਚਾਰ ਦਾ ਕੰਮ ਕਿਸ ਹੱਦ ਤਕ ਕੀਤਾ ਜਾਣਾ ਸੀ।

ਪਹਿਲੀ ਸਦੀ ਵਿਚ ਪ੍ਰਚਾਰ ਦਾ ਕੰਮ

6. ਸਾਲ 33 ਵਿਚ ਪੰਤੇਕੁਸਤ ਦੇ ਦਿਨ ਤੇ ਅਤੇ ਇਸ ਤੋਂ ਥੋੜ੍ਹੀ ਦੇਰ ਬਾਅਦ ਕੀ ਹੋਇਆ ਸੀ?

6 ਪਹਿਲੀ ਸਦੀ ਵਿਚ ਪ੍ਰਚਾਰ ਤੇ ਚੇਲੇ ਬਣਾਉਣ ਦੇ ਕੰਮ ਦੇ ਬੜੇ ਚੰਗੇ ਨਤੀਜੇ ਨਿਕਲੇ। ਸਾਲ 33 ਵਿਚ ਪੰਤੇਕੁਸਤ ਦੇ ਦਿਨ ਤੇ ਲਗਭਗ 120 ਚੇਲੇ ਯਰੂਸ਼ਲਮ ਵਿਚ ਇਕ ਕਮਰੇ ਵਿਚ ਇਕੱਠੇ ਹੋਏ ਸਨ। ਪਰਮੇਸ਼ੁਰ ਦੀ ਪਵਿੱਤਰ ਆਤਮਾ ਉਨ੍ਹਾਂ ਉੱਤੇ ਵਹਾਈ ਗਈ ਸੀ। ਇਸ ਚਮਤਕਾਰ ਦਾ ਮਤਲਬ ਸਮਝਾਉਂਦੇ ਹੋਏ ਪਤਰਸ ਰਸੂਲ ਨੇ ਲੋਕਾਂ ਨੂੰ ਇਕ ਵਧੀਆ ਭਾਸ਼ਣ ਦਿੱਤਾ। ਨਤੀਜੇ ਵਜੋਂ ਉਸ ਦਿਨ 3,000 ਲੋਕਾਂ ਨੇ ਨਿਹਚਾ ਕਰ ਕੇ ਬਪਤਿਸਮਾ ਲੈ ਲਿਆ। ਪਰ ਇਹ ਤਾਂ ਸਿਰਫ਼ ਸ਼ੁਰੂਆਤ ਸੀ। ਖ਼ੁਸ਼ ਖ਼ਬਰੀ ਦਾ ਪ੍ਰਚਾਰ ਰੋਕਣ ਲਈ ਧਾਰਮਿਕ ਆਗੂਆਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਯਹੋਵਾਹ “ਦਿਨੋ ਦਿਨ ਓਹਨਾਂ ਨੂੰ ਜਿਹੜੇ ਬਚਾਏ ਜਾਂਦੇ ਸਨ [ਚੇਲਿਆਂ] ਵਿੱਚ ਰਲਾਉਂਦਾ ਸੀ।” ਫਿਰ “ਉਨ੍ਹਾਂ ਮਨੁੱਖਾਂ ਦੀ ਗਿਣਤੀ ਪੰਜਕੁ ਹਜ਼ਾਰ ਹੋ ਗਈ।” ਇਸ ਤੋਂ ਬਾਅਦ “ਹੋਰ ਨਿਹਚਾਵਾਨ ਭੀ ਨਾਲੇ ਮਨੁੱਖ ਨਾਲੇ ਤੀਵੀਆਂ ਟੋਲੀਆਂ ਦੀਆਂ ਟੋਲੀਆਂ ਪ੍ਰਭੁ ਨਾਲ ਮਿਲਦੀਆਂ ਜਾਂਦੀਆਂ ਸਨ।”—ਰਸੂਲਾਂ ਦੇ ਕਰਤੱਬ 2:1-4, 8, 14, 41, 47; 4:4; 5:14.

7. ਕੁਰਨੇਲਿਯੁਸ ਦਾ ਮਸੀਹੀ ਬਣਨਾ ਮਹੱਤਵਪੂਰਣ ਕਿਉਂ ਸੀ?

7 ਸਾਲ 36 ਵਿਚ ਇਕ ਹੋਰ ਅਹਿਮ ਘਟਨਾ ਵਾਪਰੀ ਜਦ ਗ਼ੈਰ-ਯਹੂਦੀ ਕੁਰਨੇਲਿਯੁਸ ਬਪਤਿਸਮਾ ਲੈ ਕੇ ਮਸੀਹੀ ਬਣਿਆ। ਯਹੋਵਾਹ ਨੇ ਪਤਰਸ ਰਸੂਲ ਨੂੰ ਇਸ ਧਰਮੀ ਬੰਦੇ ਕੋਲ ਭੇਜ ਕੇ ਦਿਖਾਇਆ ਕਿ “ਸਾਰੀਆਂ ਕੌਮਾਂ ਨੂੰ ਚੇਲੇ” ਬਣਾਉਣ ਦਾ ਮਤਲਬ ਸਿਰਫ਼ ਵੱਖ-ਵੱਖ ਦੇਸ਼ਾਂ ਦੇ ਯਹੂਦੀਆਂ ਨੂੰ ਹੀ ਚੇਲੇ ਬਣਾਉਣਾ ਨਹੀਂ ਸੀ। (ਰਸੂਲਾਂ ਦੇ ਕਰਤੱਬ 10:44, 45) ਇਸ ਬਾਰੇ ਸੁਣ ਕੇ ਅਗਵਾਈ ਕਰ ਰਹੇ ਭਰਾਵਾਂ ਨੂੰ ਕਿੱਦਾਂ ਲੱਗਾ? ਜਦ ਰਸੂਲਾਂ ਅਤੇ ਯਹੂਦਿਯਾ ਵਿਚ ਬਜ਼ੁਰਗਾਂ ਨੂੰ ਅਹਿਸਾਸ ਹੋਇਆ ਕਿ ਖ਼ੁਸ਼ ਖ਼ਬਰੀ ਪਰਾਈਆਂ ਕੌਮਾਂ ਦੇ ਲੋਕਾਂ ਨੂੰ ਵੀ ਸੁਣਾਈ ਜਾਣੀ ਸੀ, ਤਾਂ ਉਨ੍ਹਾਂ ਨੇ ਪਰਮੇਸ਼ੁਰ ਦੀ ਵਡਿਆਈ ਕੀਤੀ। (ਰਸੂਲਾਂ ਦੇ ਕਰਤੱਬ 11:1, 18) ਇਸ ਦੇ ਨਾਲ-ਨਾਲ ਹੋਰ ਯਹੂਦੀ ਵੀ ਸੰਦੇਸ਼ ਸੁਣ ਕੇ ਯਿਸੂ ਦੇ ਚੇਲੇ ਬਣ ਰਹੇ ਸਨ। ਕੁਝ ਸਾਲ ਬਾਅਦ, ਸ਼ਾਇਦ 58 ਈਸਵੀ ਵਿਚ, ਦੂਜੀਆਂ ਕੌਮਾਂ ਦੇ ਲੋਕਾਂ ਤੋਂ ਇਲਾਵਾ ਕਈ “ਹਜ਼ਾਰ [ਯਹੂਦੀ ਲੋਕ ਵੀ] ਨਿਹਚਾਵਾਨ” ਬਣੇ ਸਨ।—ਰਸੂਲਾਂ ਦੇ ਕਰਤੱਬ 21:20.

8. ਬਾਈਬਲ ਦਾ ਸੰਦੇਸ਼ ਲੋਕਾਂ ਉੱਤੇ ਕੀ ਅਸਰ ਪਾਉਂਦਾ ਹੈ?

8 ਯਾਦ ਰੱਖੋ ਕਿ ਅਸੀਂ ਇੱਥੇ ਸਿਰਫ਼ ਅੰਕੜਿਆਂ ਬਾਰੇ ਹੀ ਗੱਲ ਨਹੀਂ ਕਰ ਰਹੇ, ਸਗੋਂ ਲੋਕਾਂ ਬਾਰੇ ਗੱਲ ਕਰ ਰਹੇ ਹਾਂ। ਬਾਈਬਲ ਦੇ ਸੰਦੇਸ਼ ਦਾ ਉਨ੍ਹਾਂ ਉੱਤੇ ਡੂੰਘਾ ਪ੍ਰਭਾਵ ਪਿਆ। (ਇਬਰਾਨੀਆਂ 4:12) ਇਸ ਸੰਦੇਸ਼ ਨੇ ਉਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਬਦਲ ਦਿੱਤਾ। ਉਨ੍ਹਾਂ ਨੇ ਆਪਣਾ ਚਾਲ-ਚਲਣ ਬਦਲ ਲਿਆ, ਨਵੀਂ ਇਨਸਾਨੀਅਤ ਨੂੰ ਪਹਿਨ ਲਿਆ ਅਤੇ ਪਰਮੇਸ਼ੁਰ ਨਾਲ ਦੋਸਤੀ ਕਰ ਲਈ। (ਅਫ਼ਸੀਆਂ 4:22, 23) ਅੱਜ ਵੀ ਬਹੁਤ ਸਾਰੇ ਲੋਕਾਂ ਨੇ ਇਸ ਤਰ੍ਹਾਂ ਕੀਤਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਹਮੇਸ਼ਾ ਲਈ ਜੀਣ ਦੀ ਉਮੀਦ ਵੀ ਮਿਲੀ ਹੈ।—ਯੂਹੰਨਾ 3:16.

ਪਰਮੇਸ਼ੁਰ ਨਾਲ ਕੰਮ ਕਰਨ ਵਾਲੇ

9. ਮੁਢਲੇ ਮਸੀਹੀਆਂ ਕੋਲ ਕਿਹੜੀ ਜ਼ਿੰਮੇਵਾਰੀ ਅਤੇ ਸਨਮਾਨ ਸੀ?

9 ਮੁਢਲੇ ਮਸੀਹੀਆਂ ਨੇ ਇਹ ਨਹੀਂ ਸੋਚਿਆ ਕਿ ਪ੍ਰਚਾਰ ਦਾ ਕੰਮ ਉਨ੍ਹਾਂ ਦੇ ਬਲਬੂਤੇ ਤੇ ਹੋ ਰਿਹਾ ਸੀ। ਉਹ ਜਾਣਦੇ ਸਨ ਕਿ ਇਹ ਕੰਮ “ਪਵਿੱਤਰ ਆਤਮਾ ਦੀ ਸਮਰੱਥਾ” ਨਾਲ ਕੀਤਾ ਜਾ ਰਿਹਾ ਸੀ। (ਰੋਮੀਆਂ 15:13, 19) ਯਹੋਵਾਹ ਹੀ ਚੇਲਿਆਂ ਦੀ ਗਿਣਤੀ ਵਿਚ ਵਾਧਾ ਕਰ ਰਿਹਾ ਸੀ। ਉਨ੍ਹਾਂ ਮਸੀਹੀਆਂ ਨੂੰ ਪਤਾ ਸੀ ਕਿ ਉਹ ਪ੍ਰਚਾਰ ਦਾ “ਕੰਮ ਕਰਨ ਵਿੱਚ ਪਰਮੇਸ਼ੁਰ ਦੇ ਸਾਂਝੀ” ਸਨ। (1 ਕੁਰਿੰਥੀਆਂ 3:6-9) ਇਹ ਉਨ੍ਹਾਂ ਦੀ ਜ਼ਿੰਮੇਵਾਰੀ ਅਤੇ ਉਨ੍ਹਾਂ ਲਈ ਸਨਮਾਨ ਵੀ ਸੀ। ਇਸ ਲਈ ਉਨ੍ਹਾਂ ਨੇ ਯਿਸੂ ਦੇ ਹੁਕਮ ਅਨੁਸਾਰ ਆਪਣੀ ਪੂਰੀ ਵਾਹ ਲਾ ਕੇ ਇਹ ਕੰਮ ਕੀਤਾ।—ਲੂਕਾ 13:24.

10. ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਵਿਚ ਮੁਢਲੇ ਮਸੀਹੀਆਂ ਨੇ ਕਿੰਨੀ ਮਿਹਨਤ ਕੀਤੀ?

10 ਪੌਲੁਸ “ਪਰਾਈਆਂ ਕੌਮਾਂ ਦਾ ਰਸੂਲ” ਸੀ, ਜਿਸ ਕਰਕੇ ਉਸ ਨੇ ਹਜ਼ਾਰਾਂ ਮੀਲਾਂ ਦਾ ਸਫ਼ਰ ਤੈਅ ਕੀਤਾ ਅਤੇ ਕਈ ਵਾਰ ਉਸ ਨੂੰ ਆਪਣੇ ਸਫ਼ਰ ਦੌਰਾਨ ਸਮੁੰਦਰ ਵੀ ਪਾਰ ਕਰਨੇ ਪਏ। ਉਸ ਦੀ ਇਸ ਮਿਹਨਤ ਸਦਕਾ ਏਸ਼ੀਆ ਦੇ ਰੋਮੀ ਸੂਬੇ ਅਤੇ ਯੂਨਾਨ ਵਿਚ ਕਈ ਨਵੀਆਂ ਕਲੀਸਿਯਾਵਾਂ ਸਥਾਪਿਤ ਕੀਤੀਆਂ। (ਰੋਮੀਆਂ 11:13) ਉਸ ਨੇ ਰੋਮ ਅਤੇ ਸ਼ਾਇਦ ਸਪੇਨ ਤਕ ਵੀ ਸਫ਼ਰ ਕੀਤਾ ਸੀ। ਦੂਜੇ ਪਾਸੇ, ਪਤਰਸ ਰਸੂਲ ਨੂੰ ‘ਸੁੰਨਤੀਆਂ ਨੂੰ ਖੁਸ਼ ਖਬਰੀ’ ਸੁਣਾਉਣ ਦਾ ਕੰਮ ਸੌਂਪਿਆ ਗਿਆ ਸੀ। ਇਸ ਲਈ ਉਹ ਬਾਬਲ ਨੂੰ ਗਿਆ ਜਿੱਥੇ ਬਹੁਤ ਸਾਰੇ ਯਹੂਦੀ ਲੋਕ ਰਹਿੰਦੇ ਸਨ। (ਗਲਾਤੀਆਂ 2:7-9; 1 ਪਤਰਸ 5:13) ਪ੍ਰਭੂ ਦੇ ਇਸ ਕੰਮ ਵਿਚ ਔਰਤਾਂ ਨੇ ਵੀ ਸਖ਼ਤ ਮਿਹਨਤ ਕੀਤੀ। ਉਨ੍ਹਾਂ ਵਿਚ ਤਰੁਫ਼ੈਨਾ ਅਤੇ ਤਰੁਫ਼ੋਸਾ ਤੋਂ ਇਲਾਵਾ ਪਰਸੀਸ ਵੀ ਸੀ ਜਿਸ ਨੇ “ਪ੍ਰਭੁ ਵਿੱਚ ਬਾਹਲੀ ਮਿਹਨਤ ਕੀਤੀ।”—ਰੋਮੀਆਂ 16:12.

11. ਯਹੋਵਾਹ ਨੇ ਮਸੀਹੀਆਂ ਦੇ ਕੰਮ ਤੇ ਕਿਵੇਂ ਬਰਕਤ ਪਾਈ?

11 ਯਹੋਵਾਹ ਨੇ ਇਨ੍ਹਾਂ ਸਾਰੇ ਮਸੀਹੀਆਂ ਦੇ ਜੋਸ਼ ਅਤੇ ਮਿਹਨਤ ਤੇ ਬਰਕਤ ਪਾਈ। ਸਾਰੀ ਦੁਨੀਆਂ ਵਿਚ ਪ੍ਰਚਾਰ ਕੀਤੇ ਜਾਣ ਬਾਰੇ ਯਿਸੂ ਦੀ ਕਹੀ ਗੱਲ ਨੂੰ ਅਜੇ 30 ਸਾਲ ਵੀ ਨਹੀਂ ਹੋਏ ਸਨ ਜਦ ਪੌਲੁਸ ਨੇ ਲਿਖਿਆ ਕਿ “ਖੁਸ਼ ਖਬਰੀ” ਦਾ ਪ੍ਰਚਾਰ “ਅਕਾਸ਼ ਹੇਠਲੀ ਸਾਰੀ ਸਰਿਸ਼ਟ ਵਿੱਚ ਕੀਤਾ” ਜਾ ਚੁੱਕਾ ਸੀ। (ਕੁਲੁੱਸੀਆਂ 1:23) ਕੀ ਉਸ ਵੇਲੇ ਅੰਤ ਆਇਆ ਸੀ? ਇਕ ਤਰ੍ਹਾਂ ਸੋਚਿਆ ਜਾਵੇ, ਤਾਂ ਹਾਂ। ਰੋਮੀ ਫ਼ੌਜਾਂ ਨੇ 70 ਈਸਵੀ ਵਿਚ ਯਰੂਸ਼ਲਮ ਸ਼ਹਿਰ ਅਤੇ ਉਸ ਦੀ ਹੈਕਲ ਦਾ ਅੰਤ ਕੀਤਾ ਸੀ। ਪਰ ਸ਼ਤਾਨ ਦੀ ਦੁਨੀਆਂ ਦਾ ਅੰਤ ਆਉਣ ਤੋਂ ਪਹਿਲਾਂ ਯਹੋਵਾਹ ਇਸ ਤੋਂ ਵੀ ਵੱਡੇ ਪੈਮਾਨੇ ਤੇ ਪ੍ਰਚਾਰ ਕਰਾਉਣਾ ਚਾਹੁੰਦਾ ਸੀ।

ਅੱਜ ਗਵਾਹੀ ਦਿੱਤੀ ਜਾ ਰਹੀ ਹੈ

12. ਬਾਈਬਲ ਸਟੂਡੈਂਟਸ ਦਾ ਪ੍ਰਚਾਰ ਕਰਨ ਦੇ ਹੁਕਮ ਬਾਰੇ ਕੀ ਖ਼ਿਆਲ ਸੀ?

12 ਲੰਬੇ ਅਰਸੇ ਤਕ ਝੂਠੇ ਧਰਮਾਂ ਦਾ ਬੋਲਬਾਲਾ ਰਿਹਾ, ਪਰ ਉੱਨੀਵੀਂ ਸਦੀ ਦੇ ਅੰਤ ਦੌਰਾਨ ਯਹੋਵਾਹ ਦੀ ਭਗਤੀ ਦੁਬਾਰਾ ਕੀਤੀ ਜਾਣ ਲੱਗੀ। ਉਸ ਸਮੇਂ ਯਹੋਵਾਹ ਦੇ ਗਵਾਹਾਂ ਨੂੰ ਬਾਈਬਲ ਸਟੂਡੈਂਟਸ ਕਿਹਾ ਜਾਂਦਾ ਸੀ। ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਸਨ ਕਿ ਯਿਸੂ ਦੇ ਹੁਕਮ ਮੁਤਾਬਕ ਉਨ੍ਹਾਂ ਨੇ ਸਾਰੀ ਦੁਨੀਆਂ ਵਿਚ ਚੇਲੇ ਬਣਾਉਣ ਦਾ ਕੰਮ ਕਰਨਾ ਸੀ। (ਮੱਤੀ 28:19, 20) ਸਾਲ 1914 ਵਿਚ ਲਗਭਗ 5,100 ਮਸੀਹੀ 68 ਦੇਸ਼ਾਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੇ ਸਨ। ਪਰ ਬਾਈਬਲ ਸਟੂਡੈਂਟਸ ਨੇ ਮੱਤੀ 24:14 ਦੇ ਅਰਥ ਨੂੰ ਪੂਰੀ ਤਰ੍ਹਾਂ ਨਹੀਂ ਸਮਝਿਆ ਸੀ। ਉੱਨੀਵੀਂ ਸਦੀ ਦੇ ਅੰਤ ਤਕ ਬਾਈਬਲ ਸੋਸਾਇਟੀਆਂ ਨੇ ਬਾਈਬਲ ਦਾ ਤਰਜਮਾ ਕਈ ਭਾਸ਼ਾਵਾਂ ਵਿਚ ਕਰ ਕੇ ਇਨ੍ਹਾਂ ਨੂੰ ਦੁਨੀਆਂ ਭਰ ਵਿਚ ਵੰਡਿਆ ਸੀ। ਬਾਈਬਲ ਵਿਚ ਖ਼ੁਸ਼ ਖ਼ਬਰੀ ਦਾ ਸੰਦੇਸ਼ ਹੋਣ ਕਰਕੇ ਬਾਈਬਲ ਸਟੂਡੈਂਟਸ ਕਈ ਦਹਾਕਿਆਂ ਤਕ ਮੰਨਦੇ ਰਹੇ ਕਿ ਸਾਰੀਆਂ ਕੌਮਾਂ ਨੂੰ ਗਵਾਹੀ ਦਿੱਤੀ ਜਾ ਚੁੱਕੀ ਸੀ।

13, 14. ਦ ਵਾਚ ਟਾਵਰ ਦੇ 1928 ਦੇ ਇਕ ਅੰਕ ਵਿਚ ਪਰਮੇਸ਼ੁਰ ਦੀ ਇੱਛਾ ਅਤੇ ਮਕਸਦ ਬਾਰੇ ਕਿਹੜੀ ਗੱਲ ਸਾਫ਼-ਸਾਫ਼ ਸਮਝਾਈ ਗਈ ਸੀ?

13 ਧੀਰੇ-ਧੀਰੇ ਯਹੋਵਾਹ ਨੇ ਆਪਣੇ ਲੋਕਾਂ ਨੂੰ ਆਪਣੀ ਇੱਛਾ ਤੇ ਮਕਸਦ ਬਾਰੇ ਬਿਹਤਰ ਸਮਝ ਦਿੱਤੀ। (ਕਹਾਉਤਾਂ 4:18) ਦ ਵਾਚ ਟਾਵਰ 1 ਦਸੰਬਰ 1928 ਨੇ ਕਿਹਾ: “ਕੀ ਅਸੀਂ ਕਹਿ ਸਕਦੇ ਹਾਂ ਕਿ ਬਾਈਬਲਾਂ ਦੇ ਵੰਡੇ ਜਾਣ ਕਰਕੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰਾ ਹੋ ਚੁੱਕਾ ਹੈ? ਨਹੀਂ! ਬਾਈਬਲਾਂ ਦੇ ਵੰਡੇ ਜਾਣ ਦੇ ਬਾਵਜੂਦ ਇਹ ਜ਼ਰੂਰੀ ਹੈ ਕਿ ਗਵਾਹਾਂ ਦਾ ਛੋਟਾ ਜਿਹਾ ਸਮੂਹ ਹੋਰ ਪ੍ਰਕਾਸ਼ਨ ਛਾਪੇ ਅਤੇ ਉਨ੍ਹਾਂ ਲੋਕਾਂ ਨੂੰ ਪਰਮੇਸ਼ੁਰ [ਦੇ ਮਕਸਦ] ਬਾਰੇ ਸਮਝਾਵੇ ਜਿਨ੍ਹਾਂ ਦੇ ਘਰਾਂ ਵਿਚ ਬਾਈਬਲਾਂ ਦਿੱਤੀਆਂ ਗਈਆਂ ਹਨ। ਵਰਨਾ ਲੋਕਾਂ ਨੂੰ ਪਤਾ ਨਹੀਂ ਲੱਗੇਗਾ ਕਿ ਸਾਡੇ ਜ਼ਮਾਨੇ ਵਿਚ ਮਸੀਹ ਦਾ ਰਾਜ ਸਥਾਪਿਤ ਹੋ ਚੁੱਕਾ ਹੈ।”

14 ਇਸੇ ਲੇਖ ਨੇ ਅੱਗੇ ਕਿਹਾ: “ਸਾਲ 1920 ਵਿਚ . . . ਬਾਈਬਲ ਸਟੂਡੈਂਟਸ ਨੂੰ ਮੱਤੀ 24:14 ਵਿਚ ਦਰਜ ਪ੍ਰਭੂ ਦੀ ਭਵਿੱਖਬਾਣੀ ਦੀ ਸਹੀ ਸਮਝ ਹਾਸਲ ਹੋਈ। ਉਸ ਵੇਲੇ ਉਨ੍ਹਾਂ ਨੂੰ ਪਤਾ ਲੱਗਾ ਕਿ ਪਰਾਈਆਂ ਕੌਮਾਂ ਨੂੰ ਸਿਰਫ਼ ਇਸ ਬਾਰੇ ਹੀ ਗਵਾਹੀ ਨਹੀਂ ਦੇਣੀ ਸੀ ਕਿ ਪਰਮੇਸ਼ੁਰ ਦਾ ਰਾਜ ਆਉਣ ਵਾਲਾ ਸੀ, ਸਗੋਂ ਹੁਣ ਇਹ ਵੀ ਦੱਸਣਾ ਸੀ ਕਿ ਮਸੀਹ ਦਾ ਰਾਜ ਸ਼ੁਰੂ ਹੋ ਚੁੱਕਾ ਸੀ।”

15. ਉੱਨੀ ਸੌ ਵੀਹ ਦੇ ਦਹਾਕੇ ਤੋਂ ਪ੍ਰਚਾਰ ਦਾ ਕੰਮ ਕਿਸ ਹੱਦ ਤਕ ਵਧਿਆ ਹੈ?

15 ਉੱਨੀ ਸੌ ਵੀਹ ਦੇ ਦਹਾਕੇ ਦਾ “ਗਵਾਹਾਂ ਦਾ ਛੋਟਾ ਜਿਹਾ ਸਮੂਹ” ਛੋਟਾ ਨਹੀਂ ਰਿਹਾ। ਅਗਲੇ ਕੁਝ ਸਾਲਾਂ ਵਿਚ ‘ਹੋਰ ਭੇਡਾਂ’ ਦੀ “ਵੱਡੀ ਭੀੜ” ਨੂੰ ਪਛਾਣਿਆ ਗਿਆ ਤੇ ਇਨ੍ਹਾਂ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ ਗਿਆ। (ਪਰਕਾਸ਼ ਦੀ ਪੋਥੀ 7:9; ਯੂਹੰਨਾ 10:16) ਅੱਜ ਲਗਭਗ 66,13,829 ਲੋਕ 235 ਦੇਸ਼ਾਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੇ ਹਨ। ਯਿਸੂ ਦੀ ਭਵਿੱਖਬਾਣੀ ਦੀ ਕਿੰਨੀ ਵਧੀਆ ਪੂਰਤੀ ਹੋ ਰਹੀ ਹੈ! ਪਹਿਲਾਂ ਕਦੀ ਵੀ “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ” ਇੰਨੇ ਵੱਡੇ ਪੈਮਾਨੇ ਤੇ ਨਹੀਂ ਕੀਤਾ ਗਿਆ ਸੀ! ਨਾ ਹੀ ਪਹਿਲਾਂ ਕਦੀ ਧਰਤੀ ਉੱਤੇ ਯਹੋਵਾਹ ਦੇ ਇੰਨੇ ਸਾਰੇ ਵਫ਼ਾਦਾਰ ਸੇਵਕ ਹੋਏ ਹਨ।

16. ਪਿੱਛਲੇ ਸੇਵਾ ਸਾਲ ਵਿਚ ਯਹੋਵਾਹ ਦੇ ਗਵਾਹਾਂ ਨੇ ਕੀ ਕੁਝ ਕੀਤਾ ਹੈ? (ਸਫ਼ੇ 27-30 ਉੱਤੇ ਚਾਰਟ ਦੇਖੋ।)

16 ਯਹੋਵਾਹ ਦੇ ਗਵਾਹਾਂ ਨੇ 2005 ਸੇਵਾ ਸਾਲ ਦੌਰਾਨ ਪ੍ਰਚਾਰ ਦੇ ਕੰਮ ਵਿਚ ਜੀ-ਜਾਨ ਨਾਲ ਮਿਹਨਤ ਕੀਤੀ ਹੈ। ਉਨ੍ਹਾਂ ਨੇ 235 ਦੇਸ਼ਾਂ ਵਿਚ ਇਕ ਅਰਬ ਤੋਂ ਵੀ ਜ਼ਿਆਦਾ ਘੰਟੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਬਿਤਾਏ ਹਨ। ਪਰਮੇਸ਼ੁਰ ਬਾਰੇ ਸਿੱਖਣ ਵਿਚ ਲੋਕਾਂ ਦੀ ਮਦਦ ਕਰਦੇ ਹੋਏ ਉਹ ਕਰੋੜਾਂ ਲੋਕਾਂ ਨੂੰ ਦੁਬਾਰਾ ਮਿਲਣ ਗਏ ਤੇ ਲੱਖਾਂ ਬਾਈਬਲ ਅਧਿਐਨ ਕਰਾਏ। ਉਨ੍ਹਾਂ ਨੇ ਖ਼ੁਸ਼ੀ-ਖ਼ੁਸ਼ੀ ਬਾਈਬਲ ਦਾ ਸੰਦੇਸ਼ ਫੈਲਾਉਣ ਵਿਚ ਆਪਣਾ ਸਮਾਂ ਤੇ ਤਨ-ਮਨ-ਧਨ ਲਾਇਆ ਹੈ। (ਮੱਤੀ 10:8) ਯਹੋਵਾਹ ਨੇ ਆਪਣੀ ਪਵਿੱਤਰ ਆਤਮਾ ਰਾਹੀਂ ਆਪਣੇ ਸੇਵਕਾਂ ਨੂੰ ਉਸ ਦੀ ਮਰਜ਼ੀ ਪੂਰੀ ਕਰਨ ਦੀ ਤਾਕਤ ਦਿੱਤੀ ਹੈ।—ਜ਼ਕਰਯਾਹ 4:6.

ਪ੍ਰਚਾਰ ਕਰਨ ਵਿਚ ਮਿਹਨਤ

17. ਯਹੋਵਾਹ ਦੇ ਲੋਕ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਬਾਰੇ ਯਿਸੂ ਦੇ ਹੁਕਮ ਨੂੰ ਕਿਵੇਂ ਪੂਰਾ ਕਰ ਰਹੇ ਹਨ?

17 ਲਗਭਗ 2,000 ਸਾਲ ਪਹਿਲਾਂ ਯਿਸੂ ਨੇ ਕਿਹਾ ਸੀ ਕਿ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇਗਾ। ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਇਸ ਕੰਮ ਲਈ ਪਰਮੇਸ਼ੁਰ ਦੇ ਲੋਕਾਂ ਦਾ ਜੋਸ਼ ਠੰਢਾ ਨਹੀਂ ਪਿਆ ਹੈ। ਅਸੀਂ ਜਾਣਦੇ ਹਾਂ ਕਿ ਇਸ ਕੰਮ ਵਿਚ ਲੱਗੇ ਰਹਿਣ ਨਾਲ ਅਸੀਂ ਯਹੋਵਾਹ ਦੇ ਪਿਆਰ, ਦਇਆ ਤੇ ਧੀਰਜ ਦੀ ਰੀਸ ਕਰ ਰਹੇ ਹਾਂ। ਉਸ ਵਾਂਗ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦਾ ਨਾਸ਼ ਹੋਵੇ, ਸਗੋਂ ਸਭ ਤੋਬਾ ਕਰ ਕੇ ਯਹੋਵਾਹ ਵੱਲ ਮੁੜਨ। (2 ਕੁਰਿੰਥੀਆਂ 5:18-20; 2 ਪਤਰਸ 3:9) ਪਰਮੇਸ਼ੁਰ ਦੀ ਆਤਮਾ ਦੀ ਮਦਦ ਨਾਲ ਯਹੋਵਾਹ ਦੇ ਗਵਾਹ ਦੁਨੀਆਂ ਭਰ ਵਿਚ ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੇ ਹਨ। (ਰੋਮੀਆਂ 12:11) ਨਤੀਜੇ ਵਜੋਂ, ਧਰਤੀ ਦੇ ਕੋਨੇ-ਕੋਨੇ ਵਿਚ ਲੋਕ ਸੱਚਾਈ ਨੂੰ ਕਬੂਲ ਕਰ ਕੇ ਯਹੋਵਾਹ ਦੀ ਮਰਜ਼ੀ ਅਨੁਸਾਰ ਚੱਲ ਰਹੇ ਹਨ। ਕੁਝ ਉਦਾਹਰਣਾਂ ਵੱਲ ਧਿਆਨ ਦਿਓ।

18, 19. ਉਨ੍ਹਾਂ ਲੋਕਾਂ ਦੀਆਂ ਉਦਾਹਰਣਾਂ ਦਿਓ ਜਿਨ੍ਹਾਂ ਨੇ ਖ਼ੁਸ਼ ਖ਼ਬਰੀ ਨੂੰ ਸਵੀਕਾਰ ਕੀਤਾ ਹੈ।

18 ਪੱਛਮੀ ਕੀਨੀਆ ਵਿਚ ਰਹਿਣ ਵਾਲਾ ਚਾਰਲਜ਼ ਇਕ ਕਿਸਾਨ ਸੀ। ਸਾਲ 1998 ਵਿਚ ਉਸ ਨੇ 8,000 ਕਿਲੋ ਤਮਾਖੂ ਵੇਚਿਆ ਤੇ ਉਸ ਨੂੰ ਤਮਾਖੂ ਦੀ ਖੇਤੀ ਵਿਚ ਨੰਬਰ ਵਨ ਕਿਸਾਨ ਵਜੋਂ ਸਨਮਾਨਿਆ ਗਿਆ। ਲਗਭਗ ਉਸ ਵੇਲੇ ਉਸ ਨੇ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕੀਤਾ। ਜਲਦੀ ਹੀ ਉਸ ਨੂੰ ਪਤਾ ਲੱਗ ਗਿਆ ਕਿ ਤਮਾਖੂ ਉਗਾਉਣ ਤੇ ਵੇਚਣ ਵਿਚ ਉਹ ਆਪਣੇ ਗੁਆਂਢੀ ਨੂੰ ਪਿਆਰ ਕਰਨ ਬਾਰੇ ਯਿਸੂ ਦਾ ਹੁਕਮ ਤੋੜ ਰਿਹਾ ਸੀ। (ਮੱਤੀ 22:39) ਉਹ ਇਸ ਸਿੱਟੇ ਤੇ ਪਹੁੰਚਿਆ ਕਿ ਉਹ ਤਮਾਖੂ ਦੀ ਖੇਤੀ ਵਿਚ “ਨੰਬਰ ਵਨ ਕਿਸਾਨ” ਹੋਣ ਦੇ ਨਾਲ-ਨਾਲ ‘ਨੰਬਰ ਵਨ ਕਾਤਲ’ ਵੀ ਸੀ। ਇਸ ਲਈ ਉਸ ਨੇ ਆਪਣੇ ਤਮਾਖੂ ਦੇ ਸਾਰੇ ਬੂਟਿਆਂ ਤੇ ਜ਼ਹਿਰੀਲੀ ਦਵਾਈ ਛਿੜਕ ਦਿੱਤੀ। ਉਸ ਨੇ ਬਪਤਿਸਮਾ ਲੈ ਲਿਆ ਅਤੇ ਹੁਣ ਉਹ ਪਾਇਨੀਅਰੀ ਕਰਨ ਦੇ ਨਾਲ-ਨਾਲ ਕਲੀਸਿਯਾ ਵਿਚ ਸਹਾਇਕ ਸੇਵਕ ਵੀ ਹੈ।

19 ਇਸ ਵਿਚ ਕੋਈ ਸ਼ੱਕ ਨਹੀਂ ਕਿ ਯਹੋਵਾਹ ਪ੍ਰਚਾਰ ਦੇ ਕੰਮ ਰਾਹੀਂ ਸਾਰੀਆਂ ਕੌਮਾਂ ਨੂੰ ਹਿਲਾ ਰਿਹਾ ਹੈ ਜਿਸ ਕਰਕੇ ਉਨ੍ਹਾਂ ਦੇ ਬਹੁਮੁੱਲੇ ਪਦਾਰਥ ਯਾਨੀ ਮਨਭਾਉਂਦੇ ਲੋਕ ਉਸ ਦੇ ਸੰਗਠਨ ਵਿਚ ਆ ਰਹੇ ਹਨ। (ਹੱਜਈ 2:7) ਪੇਡਰੋ ਪੁਰਤਗਾਲ ਵਿਚ ਰਹਿੰਦਾ ਹੈ। ਉਸ ਨੇ 13 ਸਾਲ ਦੀ ਉਮਰ ਤੇ ਪਾਦਰੀਆਂ ਦੇ ਟ੍ਰੇਨਿੰਗ ਸਕੂਲ ਵਿਚ ਦਾਖ਼ਲਾ ਲਿਆ। ਉਹ ਮਿਸ਼ਨਰੀ ਬਣ ਕੇ ਲੋਕਾਂ ਨੂੰ ਬਾਈਬਲ ਬਾਰੇ ਸਿਖਾਉਣਾ ਚਾਹੁੰਦਾ ਸੀ। ਪਰ ਥੋੜ੍ਹੇ ਸਮੇਂ ਬਾਅਦ ਹੀ ਉਸ ਨੇ ਸਕੂਲ ਜਾਣਾ ਛੱਡ ਦਿੱਤਾ ਕਿਉਂਕਿ ਕਲਾਸਾਂ ਵਿਚ ਬਾਈਬਲ ਬਹੁਤ ਘੱਟ ਵਰਤੀ ਜਾਂਦੀ ਸੀ। ਛੇ ਸਾਲ ਬਾਅਦ ਉਹ ਲਿਸਬਨ ਦੀ ਇਕ ਯੂਨੀਵਰਸਿਟੀ ਵਿਚ ਮਨੋਵਿਗਿਆਨ ਦੀ ਪੜ੍ਹਾਈ ਕਰ ਰਿਹਾ ਸੀ। ਉਹ ਆਪਣੀ ਮਾਸੀ ਨਾਲ ਰਹਿੰਦਾ ਸੀ ਜੋ ਯਹੋਵਾਹ ਦੀ ਗਵਾਹ ਸੀ। ਉਸ ਨੇ ਪੇਡਰੋ ਨੂੰ ਬਾਈਬਲ ਦਾ ਅਧਿਐਨ ਕਰਨ ਦੀ ਸਲਾਹ ਦਿੱਤੀ। ਉਸ ਸਮੇਂ ਪੇਡਰੋ ਨੂੰ ਸ਼ੱਕ ਹੋਣ ਲੱਗਾ ਸੀ ਕਿ ਰੱਬ ਹੈ ਵੀ ਕਿ ਨਹੀਂ ਤੇ ਉਹ ਫ਼ੈਸਲਾ ਨਾ ਕਰ ਸਕਿਆ ਕਿ ਬਾਈਬਲ ਸਟੱਡੀ ਕਰੇ ਜਾਂ ਨਾ। ਉਸ ਨੇ ਆਪਣੀ ਇਸ ਦੁਚਿੱਤੀ ਬਾਰੇ ਮਨੋਵਿਗਿਆਨ ਦੇ ਆਪਣੇ ਪ੍ਰੋਫ਼ੈਸਰ ਨਾਲ ਗੱਲ ਕੀਤੀ। ਪ੍ਰੋਫ਼ੈਸਰ ਨੇ ਕਿਹਾ ਕਿ ਮਨੋਵਿਗਿਆਨ ਇਹੀ ਸਿਖਾਉਂਦਾ ਹੈ ਕਿ ਜੋ ਲੋਕ ਦੁਚਿੱਤੇ ਹੁੰਦੇ ਹਨ, ਉਹ ਆਪਣਾ ਹੀ ਨੁਕਸਾਨ ਕਰਦੇ ਹਨ। ਇਹ ਸੁਣ ਕੇ ਪੇਡਰੋ ਨੇ ਬਾਈਬਲ ਦਾ ਅਧਿਐਨ ਕਰਨ ਦਾ ਫ਼ੈਸਲਾ ਕੀਤਾ। ਹਾਲ ਹੀ ਵਿਚ ਉਸ ਨੇ ਬਪਤਿਸਮਾ ਲਿਆ ਅਤੇ ਹੁਣ ਉਹ ਆਪ ਲੋਕਾਂ ਨੂੰ ਬਾਈਬਲ ਦੀ ਸਿੱਖਿਆ ਦੇ ਰਿਹਾ ਹੈ।

20. ਅਸੀਂ ਖ਼ੁਸ਼ ਕਿਉਂ ਹੋ ਸਕਦੇ ਹਾਂ ਕਿ ਇੰਨੇ ਵੱਡੇ ਪੈਮਾਨੇ ਤੇ ਸਾਰੀਆਂ ਕੌਮਾਂ ਨੂੰ ਗਵਾਹੀ ਦਿੱਤੀ ਜਾ ਰਹੀ ਹੈ?

20 ਅਸੀਂ ਨਹੀਂ ਜਾਣਦੇ ਕਿ ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਦਾ ਅਜੇ ਕਿੰਨਾ ਕੁ ਕੰਮ ਬਾਕੀ ਰਹਿੰਦਾ ਹੈ ਤੇ ਨਾ ਹੀ ਸਾਨੂੰ ਪਤਾ ਹੈ ਕਿ ਅੰਤ ਕਦੋਂ ਆਵੇਗਾ। ਪਰ ਅਸੀਂ ਇੰਨਾ ਜਾਣਦੇ ਹਾਂ ਕਿ ਉਹ ਦਿਨ ਬਹੁਤਾ ਦੂਰ ਨਹੀਂ ਹੈ। ਅਸੀਂ ਬਹੁਤ ਖ਼ੁਸ਼ ਹਾਂ ਕਿ ਖ਼ੁਸ਼ ਖ਼ਬਰੀ ਦਾ ਪ੍ਰਚਾਰ ਇੰਨੇ ਵੱਡੇ ਪੈਮਾਨੇ ਤੇ ਹੋ ਰਿਹਾ ਹੈ ਤੇ ਇਹ ਇਕ ਨਿਸ਼ਾਨੀ ਹੈ ਕਿ ਬਹੁਤ ਜਲਦ ਪਰਮੇਸ਼ੁਰ ਦਾ ਰਾਜ ਇਨਸਾਨੀ ਹਕੂਮਤਾਂ ਨੂੰ ਖ਼ਤਮ ਕਰ ਦੇਵੇਗਾ। (ਦਾਨੀਏਲ 2:44) ਹਰ ਸਾਲ ਕਰੋੜਾਂ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਨ ਦਾ ਮੌਕਾ ਮਿਲ ਰਿਹਾ ਹੈ ਅਤੇ ਇਸ ਤਰ੍ਹਾਂ ਯਹੋਵਾਹ ਦਾ ਨਾਂ ਰੌਸ਼ਨ ਹੋ ਰਿਹਾ ਹੈ। ਆਓ ਆਪਾਂ ਪੱਕਾ ਇਰਾਦਾ ਕਰੀਏ ਕਿ ਅਸੀਂ ਯਹੋਵਾਹ ਪ੍ਰਤੀ ਵਫ਼ਾਦਾਰ ਰਹਾਂਗੇ ਅਤੇ ਸੰਸਾਰ ਭਰ ਵਿਚ ਆਪਣੇ ਭਰਾਵਾਂ ਨਾਲ ਮਿਲ ਕੇ ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਦੇ ਕੰਮ ਵਿਚ ਰੁੱਝੇ ਰਹਾਂਗੇ। ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੇ ਆਪ ਨੂੰ ਅਤੇ ਆਪਣੇ ਸੁਣਨ ਵਾਲਿਆਂ ਨੂੰ ਬਚਾਵਾਂਗੇ।—1 ਤਿਮੋਥਿਉਸ 4:16.

ਕੀ ਤੁਹਾਨੂੰ ਯਾਦ ਹੈ?

ਮੱਤੀ 24:14 ਦੀ ਭਵਿੱਖਬਾਣੀ ਇੰਨੀ ਹੈਰਾਨੀਜਨਕ ਕਿਉਂ ਹੈ?

• ਮੁਢਲੇ ਮਸੀਹੀਆਂ ਨੇ ਪ੍ਰਚਾਰ ਕਰਨ ਵਿਚ ਕਿਵੇਂ ਮਿਹਨਤ ਕੀਤੀ ਤੇ ਇਸ ਦਾ ਨਤੀਜਾ ਕੀ ਨਿਕਲਿਆ?

• ਬਾਈਬਲ ਸਟੂਡੈਂਟਸ ਨੂੰ ਕਿਵੇਂ ਸਮਝ ਆਈ ਕਿ ਸਾਰੀਆਂ ਕੌਮਾਂ ਨੂੰ ਪ੍ਰਚਾਰ ਕਰਨ ਦੀ ਲੋੜ ਸੀ?

• ਪਿੱਛਲੇ ਸੇਵਾ ਸਾਲ ਦੌਰਾਨ ਯਹੋਵਾਹ ਦੇ ਲੋਕਾਂ ਦੇ ਕੰਮਾਂ ਬਾਰੇ ਤੁਹਾਨੂੰ ਕਿਹੜੀ ਗੱਲ ਚੰਗੀ ਲੱਗੀ?

[ਸਵਾਲ]

[ਸਫ਼ੇ 27-30 ਉੱਤੇ ਚਾਰਟ]

ਯਹੋਵਾਹ ਦੇ ਗਵਾਹਾਂ ਦੀ ਵਿਸ਼ਵ-ਵਿਆਪੀ 2005 ਸੇਵਾ ਸਾਲ ਰਿਪੋਰਟ

[ਸਫ਼ਾ 25 ਉੱਤੇ ਨਕਸ਼ਾ/ਤਸਵੀਰਾਂ]

ਪੌਲੁਸ ਨੇ ਹਜ਼ਾਰਾਂ ਮੀਲ ਸਫ਼ਰ ਕਰ ਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ

[ਸਫ਼ਾ 24 ਉੱਤੇ ਤਸਵੀਰ]

ਯਹੋਵਾਹ ਨੇ ਪਤਰਸ ਨੂੰ ਕੁਰਨੇਲਿਯੁਸ ਤੇ ਉਸ ਦੇ ਪਰਿਵਾਰ ਨੂੰ ਪ੍ਰਚਾਰ ਕਰਨ ਲਈ ਭੇਜਿਆ