ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਲੋਕ ਅਮੀਰ ਅਤੇ ਧਰਮੀ ਵੀ ਹੋਣਗੇ
ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਲੋਕ ਅਮੀਰ ਅਤੇ ਧਰਮੀ ਵੀ ਹੋਣਗੇ
ਡੇਵਿਡ * ਨਾਮਕ ਇਕ ਆਦਮੀ ਨੇ ਅਮਰੀਕਾ ਜਾ ਕੇ ਪੈਸੇ ਕਮਾਉਣ ਦਾ ਫ਼ੈਸਲਾ ਕੀਤਾ। ਭਾਵੇਂ ਉਹ ਆਪਣੇ ਪਰਿਵਾਰ ਨੂੰ ਛੱਡ ਕੇ ਜਾਣਾ ਨਹੀਂ ਚਾਹੁੰਦਾ ਸੀ, ਪਰ ਉਸ ਨੇ ਸੋਚਿਆ ਕਿ ਜੇ ਉਹ ਥੋੜ੍ਹੇ-ਬਹੁਤੇ ਪੈਸੇ ਕਮਾ ਲਵੇ, ਤਾਂ ਇਸ ਨਾਲ ਸਾਰੇ ਪਰਿਵਾਰ ਦੀ ਜ਼ਿੰਦਗੀ ਸੁਧਰ ਜਾਵੇਗੀ। ਉਸ ਦੇ ਕੁਝ ਰਿਸ਼ਤੇਦਾਰ ਨਿਊਯਾਰਕ ਰਹਿੰਦੇ ਸਨ ਜਿਨ੍ਹਾਂ ਨੇ ਉਸ ਨੂੰ ਨਿਊਯਾਰਕ ਆਉਣ ਦਾ ਸੱਦਾ ਦਿੱਤਾ ਸੀ। ਉਹ ਉਨ੍ਹਾਂ ਕੋਲ ਚਲਾ ਗਿਆ ਤੇ ਉੱਥੇ ਉਸ ਨੇ ਜਲਦੀ ਹੀ ਨੌਕਰੀ ਲੱਭ ਲਈ।
ਸਮੇਂ ਦੇ ਬੀਤਣ ਨਾਲ ਡੇਵਿਡ ਦਾ ਨਜ਼ਰੀਆ ਬਦਲਣ ਲੱਗ ਪਿਆ। ਕੰਮ ਤੇ ਉਸ ਨੂੰ ਇੰਨੇ ਘੰਟੇ ਲਾਉਣੇ ਪੈਂਦੇ ਸਨ ਕਿ ਉਸ ਕੋਲ ਪਰਮੇਸ਼ੁਰੀ ਕੰਮਾਂ ਲਈ ਵਕਤ ਹੀ ਨਹੀਂ ਬਚਦਾ ਸੀ। ਇਕ ਅਜਿਹਾ ਸਮਾਂ ਵੀ ਆਇਆ ਜਦ ਉਹ ਪਰਮੇਸ਼ੁਰ ਨੂੰ ਪੂਰੀ ਤਰ੍ਹਾਂ ਭੁੱਲ ਹੀ ਗਿਆ ਸੀ। ਇਸ ਗੱਲ ਦਾ ਉਸ ਨੂੰ ਉਦੋਂ ਅਹਿਸਾਸ ਹੋਇਆ ਜਦ ਉਸ ਨੇ ਇਹੋ ਜਿਹਾ ਕੰਮ ਕੀਤਾ ਜਿਸ ਬਾਰੇ ਉਹ ਪਹਿਲਾਂ ਸੋਚ ਵੀ ਨਹੀਂ ਸਕਦਾ ਸੀ! ਪੈਸੇ ਮਗਰ ਲੱਗ ਕੇ ਉਹ ਹੁਣ ਉਨ੍ਹਾਂ ਚੀਜ਼ਾਂ ਤੋਂ ਦੂਰ ਜਾ ਰਿਹਾ ਸੀ ਜੋ ਪਹਿਲਾਂ ਉਸ ਲਈ ਬਹੁਤ ਅਹਿਮੀਅਤ ਰੱਖਦੀਆਂ ਸਨ। ਉਸ ਨੂੰ ਆਪਣੇ ਵਿਚ ਕੁਝ ਤਬਦੀਲੀਆਂ ਕਰਨ ਦੀ ਲੋੜ ਸੀ।
ਡੇਵਿਡ ਵਾਂਗ ਬਹੁਤ ਸਾਰੇ ਲੋਕ ਆਪਣੀ ਮਾਲੀ ਹਾਲਤ ਸੁਧਾਰਨ ਲਈ ਆਪਣੇ ਦੇਸ਼ਾਂ ਨੂੰ ਛੱਡ ਕੇ ਅਮੀਰ ਦੇਸ਼ਾਂ ਵਿਚ ਜਾਂਦੇ ਹਨ। ਪਰ ਉੱਥੇ ਜਾ ਕੇ ਅਕਸਰ ਉਹ ਪਰਮੇਸ਼ੁਰੀ ਗੱਲਾਂ ਨੂੰ ਭੁੱਲ ਲੂਕਾ 18:24.
ਜਾਂਦੇ ਹਨ। ਇਸ ਲਈ ਕਈ ਸੋਚਦੇ ਹਨ: ‘ਕੀ ਇਨਸਾਨ ਧਨ-ਦੌਲਤ ਕਮਾਉਣ ਦੇ ਨਾਲ-ਨਾਲ ਪਰਮੇਸ਼ੁਰ ਨੂੰ ਵੀ ਖ਼ੁਸ਼ ਕਰ ਸਕਦਾ ਹੈ?’ ਕਈ ਮਸ਼ਹੂਰ ਲੇਖਕਾਂ ਤੇ ਧਾਰਮਿਕ ਆਗੂਆਂ ਦਾ ਕਹਿਣਾ ਹੈ ਕਿ ਇਹ ਮੁਮਕਿਨ ਹੈ। ਪਰ ਡੇਵਿਡ ਅਤੇ ਹੋਰਨਾਂ ਦੇ ਤਜਰਬਿਆਂ ਤੋਂ ਪਤਾ ਲੱਗਦਾ ਹੈ ਕਿ ਪੈਸਾ ਕਮਾਉਣ ਦੇ ਨਾਲ-ਨਾਲ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਬੜਾ ਮੁਸ਼ਕਲ ਹੋ ਸਕਦਾ ਹੈ।—ਪੈਸਾ ਕੋਈ ਬੁਰੀ ਚੀਜ਼ ਨਹੀਂ ਹੈ
ਪੈਸਾ ਬੰਦੇ ਦੀ ਬਣਾਈ ਹੋਈ ਚੀਜ਼ ਹੈ। ਬੰਦੇ ਦੀਆਂ ਬਣਾਈਆਂ ਹੋਰ ਕਈ ਚੀਜ਼ਾਂ ਵਾਂਗ ਪੈਸਿਆਂ ਦਾ ਕਾਫ਼ੀ ਫ਼ਾਇਦਾ ਹੈ। ਇਹ ਖ਼ਰੀਦੋ-ਫ਼ਰੋਖਤ ਕਰਨ ਦਾ ਇਕ ਵਧੀਆ ਸਾਧਨ ਹੈ। ਇਸ ਲਈ, ਜੇ ਪੈਸੇ ਦੀ ਸਹੀ ਵਰਤੋਂ ਕੀਤੀ ਜਾਵੇ, ਤਾਂ ਇਸ ਦਾ ਲਾਭ ਹੈ। ਮਿਸਾਲ ਲਈ ਬਾਈਬਲ ਕਹਿੰਦੀ ਹੈ: ‘ਧਨ ਸੁਰੱਖਿਆ ਦਿੰਦਾ ਹੈ,’ ਖ਼ਾਸਕਰ ਗ਼ਰੀਬੀ ਨਾਲ ਜੁੜੀਆਂ ਸਮੱਸਿਆਵਾਂ ਵਿਚ। (ਉਪਦੇਸ਼ਕ 7:12, ਪਵਿੱਤਰ ਬਾਈਬਲ ਨਵਾਂ ਅਨੁਵਾਦ) ਪਰ ਕੁਝ ਲੋਕਾਂ ਦੇ ਮੁਤਾਬਕ “ਰੋਕੜ [ਧਨ] ਸਭ ਕਾਸੇ ਦਾ ਉੱਤਰ ਹੈ।”—ਉਪਦੇਸ਼ਕ ਦੀ ਪੋਥੀ 10:19.
ਬਾਈਬਲ ਕਹਿੰਦੀ ਹੈ ਕਿ ਸਾਨੂੰ ਆਲਸੀ ਨਹੀਂ ਹੋਣਾ ਚਾਹੀਦਾ, ਸਗੋਂ ਸਾਨੂੰ ਦਸਾਂ ਨਹੁੰਆਂ ਦੀ ਕਮਾਈ ਨਾਲ ਆਪਣੇ ਤੇ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਪਰ ਜੇ ਸਾਡੇ ਕੋਲ ਕੁਝ ਵਾਧੂ ਹੈ, ਤਾਂ ਅਸੀਂ “ਜਿਹ ਨੂੰ ਲੋੜ ਹੈ ਉਹ ਨੂੰ ਵੰਡ” ਸਕਦੇ ਹਾਂ। (ਅਫ਼ਸੀਆਂ 4:28; 1 ਤਿਮੋਥਿਉਸ 5:8) ਬਾਈਬਲ ਇਹ ਨਹੀਂ ਕਹਿੰਦੀ ਕਿ ਸਾਨੂੰ ਆਪਣੀਆਂ ਖ਼ਾਹਸ਼ਾਂ ਤਿਆਗ ਦੇਣੀਆਂ ਚਾਹੀਦੀਆਂ ਹਨ, ਬਲਕਿ ਸਾਨੂੰ ਆਪਣੀਆਂ ਚੀਜ਼ਾਂ ਦਾ ਆਨੰਦ ਲੈਣ ਦਾ ਉਤਸ਼ਾਹ ਦਿੰਦੀ ਹੈ। ਬਾਈਬਲ ਵਿਚ ਲਿਖਿਆ ਹੈ ਕਿ ਸਾਨੂੰ ਆਪਣੀ ਮਿਹਨਤ ਦੇ ਫਲਾਂ ਨਾਲ ਮੌਜ ਕਰਨੀ ਚਾਹੀਦੀ ਹੈ ਅਤੇ ਸਾਨੂੰ ‘ਆਪਣਾ ਭਾਗ ਭੋਗਣਾ’ ਚਾਹੀਦਾ ਹੈ। (ਉਪਦੇਸ਼ਕ ਦੀ ਪੋਥੀ 5:18-20) ਦਰਅਸਲ, ਬਾਈਬਲ ਵਿਚ ਕਈ ਲੋਕਾਂ ਬਾਰੇ ਦੱਸਿਆ ਗਿਆ ਹੈ ਜੋ ਧਨੀ ਹੋਣ ਦੇ ਨਾਲ-ਨਾਲ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਹਮੇਸ਼ਾ ਪਹਿਲੀ ਥਾਂ ਤੇ ਰੱਖਦੇ ਸਨ।
ਪਰਮੇਸ਼ੁਰ ਦੇ ਭਗਤ ਜੋ ਅਮੀਰ ਸਨ
ਅਬਰਾਹਾਮ ਪਰਮੇਸ਼ੁਰ ਦਾ ਇਕ ਵਫ਼ਾਦਾਰ ਭਗਤ ਸੀ ਅਤੇ ਉਹ ਕਾਫ਼ੀ ਅਮੀਰ ਵੀ ਸੀ। ਉਸ ਕੋਲ ਜਾਨਵਰਾਂ ਦੇ ਵੱਡੇ-ਵੱਡੇ ਇੱਜੜ ਅਤੇ ਬਹੁਤ ਸਾਰਾ ਸੋਨਾ-ਚਾਂਦੀ ਸੀ। ਉਸ ਕੋਲ ਸੈਂਕੜੇ ਨੌਕਰ-ਚਾਕਰ ਵੀ ਸਨ। (ਉਤਪਤ 12:5; 13:2, 6, 7) ਪਰਮੇਸ਼ੁਰ ਦਾ ਭਗਤ ਅੱਯੂਬ ਵੀ ਅਬਰਾਹਾਮ ਵਾਂਗ ਕਾਫ਼ੀ ਅਮੀਰ ਸੀ। ਉਸ ਕੋਲ ਵੀ ਕਈ ਜਾਨਵਰਾਂ ਦੇ ਇੱਜੜ, ਨੌਕਰ-ਚਾਕਰ ਅਤੇ ਸੋਨਾ-ਚਾਂਦੀ ਸੀ। (ਅੱਯੂਬ 1:3; 42:11, 12) ਇਹ ਆਦਮੀ ਅੱਜ ਦੇ ਸਟੈਂਡਡ ਮੁਤਾਬਕ ਵੀ ਕਾਫ਼ੀ ਅਮੀਰ ਸਨ, ਪਰ ਸਭ ਤੋਂ ਵੱਧ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਰੂਹਾਨੀ ਤੌਰ ਤੇ ਅਮੀਰ ਸਨ।
ਪੌਲੁਸ ਰਸੂਲ ਨੇ ਅਬਰਾਹਾਮ ਨੂੰ “ਉਨ੍ਹਾਂ ਸਭਨਾਂ ਦਾ ਪਿਤਾ” ਕਿਹਾ “ਜਿਹੜੇ ਨਿਹਚਾ ਕਰਦੇ ਹਨ।” ਅਬਰਾਹਾਮ ਨਾ ਹੀ ਕੰਜੂਸ ਸੀ ਅਤੇ ਨਾ ਹੀ ਉਸ ਨੂੰ ਪੈਸਿਆਂ ਨਾਲ ਪ੍ਰੇਮ ਸੀ। (ਰੋਮੀਆਂ 4:11; ਉਤਪਤ 13:9; 18:1-8) ਅੱਯੂਬ ਵੀ ਇਸੇ ਤਰ੍ਹਾਂ ਦਾ ਆਦਮੀ ਸੀ ਅਤੇ ਪਰਮੇਸ਼ੁਰ ਨੇ ਉਸ ਨੂੰ “ਖਰਾ ਤੇ ਨੇਕ” ਮਨੁੱਖ ਕਿਹਾ ਸੀ। (ਅੱਯੂਬ 1:8) ਅੱਯੂਬ ਕੰਗਾਲਾਂ ਅਤੇ ਦੁਖੀਆਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਸੀ। (ਅੱਯੂਬ 29:12-16) ਲੇਕਿਨ ਅਬਰਾਹਾਮ ਅਤੇ ਅੱਯੂਬ ਨੇ ਕਦੀ ਆਪਣੀ ਧਨ-ਦੌਲਤ ਉੱਤੇ ਭਰੋਸਾ ਨਹੀਂ ਰੱਖਿਆ। ਇਸ ਦੀ ਬਜਾਇ, ਉਨ੍ਹਾਂ ਨੇ ਹਮੇਸ਼ਾ ਪਰਮੇਸ਼ੁਰ ਤੇ ਆਪਣਾ ਪੂਰਾ ਭਰੋਸਾ ਰੱਖਿਆ।—ਉਤਪਤ 14:22-24; ਅੱਯੂਬ 1:21, 22; ਰੋਮੀਆਂ 4:9-12.
ਰਾਜਾ ਸੁਲੇਮਾਨ ਦੀ ਉਦਾਹਰਣ ਲੈ ਲਓ। ਉਹ ਯਰੂਸ਼ਲਮ ਵਿਚ ਪਰਮੇਸ਼ੁਰ ਦੀ ਰਾਜ-ਗੱਦੀ ਤੇ ਬੈਠਾ ਸੀ। ਪਰਮੇਸ਼ੁਰ ਨੇ ਸੁਲੇਮਾਨ ਨੂੰ ਬੁੱਧ ਦੇ ਨਾਲ-ਨਾਲ ਭਰਪੂਰ ਦੌਲਤ ਅਤੇ ਇੱਜ਼ਤ-ਮਾਣ ਵੀ ਦਿੱਤਾ। (1 ਰਾਜਿਆਂ 3:4-14) ਸੁਲੇਮਾਨ ਨੇ ਲਗਭਗ ਆਪਣੀ ਪੂਰੀ ਜ਼ਿੰਦਗੀ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕੀਤੀ। ਪਰ ਆਪਣੀ ਜ਼ਿੰਦਗੀ ਦੀ ਢਲ਼ਦੀ ਸ਼ਾਮ ਵੇਲੇ “ਉਹ ਦਾ ਮਨ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਸੰਪੂਰਨ ਨਾ ਰਿਹਾ।” (1 ਰਾਜਿਆਂ 11:1-8) ਦਰਅਸਲ, ਸੁਲੇਮਾਨ ਦੀ ਉਦਾਹਰਣ ਤੋਂ ਅਮੀਰ ਹੋਣ ਦੇ ਕੁਝ ਆਮ ਖ਼ਤਰਿਆਂ ਬਾਰੇ ਪਤਾ ਲੱਗਦਾ ਹੈ। ਆਓ ਆਪਾਂ ਇਨ੍ਹਾਂ ਕੁਝ ਖ਼ਤਰਿਆਂ ਉੱਪਰ ਗੌਰ ਕਰੀਏ।
ਅਮੀਰ ਹੋਣ ਦੇ ਖ਼ਤਰੇ
ਸਭ ਤੋਂ ਵੱਡਾ ਖ਼ਤਰਾ ਹੈ, ਪੈਸਿਆਂ ਨਾਲ ਅਤੇ ਉਸ ਨਾਲ ਖ਼ਰੀਦੀਆਂ ਜਾ ਸਕਣ ਵਾਲੀਆਂ ਚੀਜ਼ਾਂ ਨਾਲ ਪ੍ਰੇਮ। ਗੱਲ ਅਕਸਰ ਇਸ ਤਰ੍ਹਾਂ ਹੁੰਦੀ ਹੈ ਕਿ ਜਦੋਂ ਕਿਸੇ ਇਨਸਾਨ ਕੋਲ ਜ਼ਿਆਦਾ ਪੈਸੇ ਆ ਜਾਂਦੇ ਹਨ, ਤਾਂ ਉਹ ਇਸ ਨਾਲ ਰੱਜਦਾ ਨਹੀਂ, ਬਲਕਿ ਉਹ ਹੋਰ ਜ਼ਿਆਦਾ ਧਨ ਚਾਹੁੰਦਾ ਹੈ। ਜਦ ਸੁਲੇਮਾਨ ਨੇ ਅਜੇ ਰਾਜ ਕਰਨਾ ਸ਼ੁਰੂ ਹੀ ਕੀਤਾ ਸੀ, ਤਾਂ ਉਸ ਨੇ ਦੂਸਰਿਆਂ ਵੱਲ ਦੇਖ ਕੇ ਇਹ ਸਿੱਟਾ ਕੱਢਿਆ ਸੀ। ਉਸ ਨੇ ਲਿਖਿਆ: “ਉਹ ਜੋ ਚਾਂਦੀ ਨੂੰ ਲੋਚਦਾ ਹੈ ਸੋ ਚਾਂਦੀ ਨਾਲ ਨਾ ਰੱਜੇਗਾ, ਅਤੇ ਜਿਹੜਾ ਧਨ ਚਾਹੁੰਦਾ ਹੈ ਸੋ ਉਹ ਦੇ ਵਾਧੇ ਨਾਲ ਨਾ ਰੱਜੇਗਾ, ਇਹ ਵੀ ਵਿਅਰਥ ਹੈ।” (ਉਪਦੇਸ਼ਕ ਦੀ ਪੋਥੀ 5:10) ਯਿਸੂ ਅਤੇ ਪੌਲੁਸ ਰਸੂਲ ਦੋਨਾਂ ਨੇ ਪੈਸਿਆਂ ਨਾਲ ਪਿਆਰ ਦੇ ਖ਼ਤਰੇ ਬਾਰੇ ਚੇਤਾਵਨੀ ਦਿੱਤੀ ਸੀ।—ਮਰਕੁਸ 4:18, 19; 2 ਤਿਮੋਥਿਉਸ 3:2.
ਜਦ ਪੈਸਾ ਹੀ ਸਾਡਾ ਸਭ ਕੁਝ ਬਣ ਜਾਂਦਾ ਹੈ, ਤਾਂ ਅਸੀਂ ਪੈਸੇ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਸਕਦੇ ਹਾਂ। ਅਸੀਂ ਝੂਠ ਬੋਲਣ, ਚੋਰੀ ਕਰਨ ਅਤੇ ਆਪਣੇ ਸਾਕ-ਸੰਬੰਧੀਆਂ ਨੂੰ ਧੋਖਾ ਦੇਣ ਦੇ ਨਾਲ-ਨਾਲ ਹੋਰ ਗ਼ਲਤ ਕੰਮ ਕਰਨ ਲਈ ਵੀ ਤਿਆਰ ਹੋ ਜਾਂਦੇ ਹਾਂ। ਯਹੂਦਾਹ ਇਸਕਰਿਯੋਤੀ ਯਿਸੂ ਦਾ ਇਕ ਚੇਲਾ ਸੀ ਜਿਸ ਨੇ ਯਿਸੂ ਨੂੰ ਚਾਂਦੀ ਦੇ 30 ਸਿੱਕਿਆਂ ਦੇ ਬਦਲੇ ਫੜਵਾ ਕੇ ਉਸ ਨਾਲ ਦਗ਼ਾ ਕੀਤਾ ਸੀ। (ਮਰਕੁਸ 14:11; ਯੂਹੰਨਾ 12:6) ਕਈਆਂ ਨੇ ਤਾਂ ਪੈਸੇ ਨੂੰ ਹੀ ਆਪਣਾ ਪਰਮੇਸ਼ੁਰ ਮੰਨਿਆ ਹੋਇਆ ਹੈ ਅਤੇ ਉਸ ਦੀ ਹੀ ਪੂਜਾ ਕਰਦੇ ਹਨ। (1 ਤਿਮੋਥਿਉਸ 6:10) ਇਸ ਲਈ ਸਾਨੂੰ ਆਪਣੇ-ਆਪ ਤੋਂ ਹਮੇਸ਼ਾ ਇਹ ਪੁੱਛਦੇ ਰਹਿਣਾ ਚਾਹੀਦਾ ਹੈ ਕਿ ਅਸੀਂ ਵਾਧੂ ਪੈਸੇ ਕਿਉਂ ਕਮਾਉਣੇ ਚਾਹੁੰਦੇ ਹਾਂ?—ਇਬਰਾਨੀਆਂ 13:5.
ਪੈਸਿਆਂ ਪਿੱਛੇ ਭੱਜਣ ਦੇ ਹੋਰ ਵੀ ਕਈ ਗੁੱਝੇ ਖ਼ਤਰੇ ਹਨ। ਜੇ ਸਾਡੇ ਕੋਲ ਬਹੁਤ ਪੈਸੇ ਹੋਣ, ਤਾਂ ਅਸੀਂ ਮਹਿਸੂਸ ਕਰਨ ਲੱਗ ਸਕਦੇ ਹਾਂ ਕਿ ਪੈਸਿਆਂ ਨਾਲ ਸਭ ਕੁਝ ਕੀਤਾ ਜਾ ਸਕਦਾ ਹੈ। ਇਸ ਲਈ, ਸਾਨੂੰ ਪਰਮੇਸ਼ੁਰ ਬਾਰੇ ਸੋਚਣ ਦੀ ਕੋਈ ਲੋੜ ਨਹੀਂ ਹੈ। ਯਿਸੂ ਨੇ ‘ਧਨ ਦੇ ਧੋਖੇ’ ਦਾ ਜ਼ਿਕਰ ਕਰਦੇ ਹੋਏ ਇਸ ਗੱਲ ਵੱਲ ਧਿਆਨ ਖਿੱਚਿਆ ਸੀ। (ਮੱਤੀ 13:22) ਯਾਕੂਬ ਨੇ ਆਪਣੀ ਪੋਥੀ ਵਿਚ ਕਿਹਾ ਸੀ ਕਿ ਸਾਨੂੰ ਕਾਰੋਬਾਰ ਕਰਦਿਆਂ ਵੀ ਪਰਮੇਸ਼ੁਰ ਨੂੰ ਯਾਦ ਰੱਖਣਾ ਚਾਹੀਦਾ ਹੈ। (ਯਾਕੂਬ 4:13-16) ਇਸ ਲਈ ਜਿਨ੍ਹਾਂ ਕੋਲ ਪੈਸਾ ਹੈ, ਉਨ੍ਹਾਂ ਨੂੰ ਚੌਕਸ ਰਹਿਣ ਦੀ ਲੋੜ ਹੈ ਕਿ ਉਹ ਕਿਤੇ ਪਰਮੇਸ਼ੁਰ ਨੂੰ ਭੁੱਲ ਕੇ ਆਪਣੇ-ਆਪ ਤੇ ਹੀ ਇਤਬਾਰ ਨਾ ਕਰਨ ਲੱਗ ਜਾਣ।—ਕਹਾਉਤਾਂ 30:7-9; ਰਸੂਲਾਂ ਦੇ ਕਰਤੱਬ 8:18-24.
ਸ਼ੁਰੂ ਵਿਚ ਜ਼ਿਕਰ ਕੀਤੇ ਡੇਵਿਡ ਦੀ ਉਦਾਹਰਣ ਤੇ ਗੌਰ ਕਰਦੇ ਹੋਏ ਸਾਨੂੰ ਇਕ ਹੋਰ ਖ਼ਤਰੇ ਬਾਰੇ ਵੀ ਪਤਾ ਲੱਗਦਾ ਹੈ। ਉਸ ਨੂੰ ਅਹਿਸਾਸ ਹੋਇਆ ਕਿ ਪੈਸੇ ਕਮਾਉਣ ਵਿਚ ਲੱਗੇ ਰਹਿਣ ਨਾਲ ਇੰਨਾ ਵਕਤ ਅਤੇ ਤਾਕਤ ਖ਼ਰਚ ਹੁੰਦੀ ਹੈ ਕਿ ਪਰਮੇਸ਼ੁਰੀ ਕੰਮ ਕਰਨ ਲਈ ਸਮਾਂ ਹੀ ਨਹੀਂ ਬਚਦਾ। (ਲੂਕਾ 12:13-21) ਇਕ ਗੱਲ ਇਹ ਵੀ ਹੈ ਕਿ ਪੈਸਿਆਂ ਨਾਲ ਅਮੀਰ ਭੋਗ-ਵਿਲਾਸ ਦਾ ਜੀਵਨ ਗੁਜ਼ਾਰਨ ਜਾਂ ਆਪਣੀਆਂ ਸੁਆਰਥੀ ਇੱਛਾਵਾਂ ਪੂਰੀਆਂ ਕਰਨ ਦੇ ਲਾਲਚ ਵਿਚ ਆ ਸਕਦਾ ਹੈ।
ਕੀ ਇਹ ਗੱਲ ਕੁਝ ਹੱਦ ਤਕ ਸੱਚ ਹੋ ਸਕਦੀ ਹੈ ਕਿ ਸੁਲੇਮਾਨ ਆਪਣੇ ਐਸ਼ੋ-ਆਰਾਮ ਦੇ ਜੀਵਨ ਕਰਕੇ ਆਪਣੀ ਬੁੱਧ-ਸੁੱਧ ਭੁਲਾ ਬੈਠਾ ਸੀ ਜਿਸ ਕਰਕੇ ਉਹ ਪਰਮੇਸ਼ੁਰ ਤੋਂ ਦੂਰ ਹੋ ਗਿਆ ਸੀ? (ਲੂਕਾ 21:34) ਭਾਵੇਂ ਸੁਲੇਮਾਨ ਨੂੰ ਪਰਮੇਸ਼ੁਰ ਦਾ ਹੁਕਮ ਪਤਾ ਸੀ ਕਿ ਉਸ ਨੂੰ ਕਿਸੇ ਵਿਦੇਸ਼ੀ ਔਰਤ ਨਾਲ ਵਿਆਹ ਨਹੀਂ ਕਰਾਉਣਾ ਚਾਹੀਦਾ ਸੀ, ਪਰ ਫਿਰ ਵੀ ਉਸ ਨੇ ਤਕਰੀਬਨ 1000 ਤੀਵੀਆਂ ਰੱਖੀਆਂ ਹੋਈਆਂ ਸਨ ਜਿਨ੍ਹਾਂ ਵਿੱਚੋਂ ਕਈ ਬਾਹਰਲੇ ਦੇਸ਼ਾਂ ਦੀਆਂ ਸਨ। (ਬਿਵਸਥਾ ਸਾਰ 7:3) ਫਿਰ ਉਨ੍ਹਾਂ ਨੂੰ ਖ਼ੁਸ਼ ਰੱਖਣ ਲਈ ਉਸ ਨੇ ਉਨ੍ਹਾਂ ਦੇ ਦੇਵੀ-ਦੇਵਤਿਆਂ ਦੀ ਪੂਜਾ ਵੀ ਕਰਨੀ ਸ਼ੁਰੂ ਕਰ ਦਿੱਤੀ ਸੀ। ਜੀ ਹਾਂ, ਸੁਲੇਮਾਨ ਦਾ ਮਨ ਹੌਲੀ-ਹੌਲੀ ਯਹੋਵਾਹ ਤੋਂ ਦੂਰ ਹੁੰਦਾ ਚਲਿਆ ਗਿਆ।
ਇਨ੍ਹਾਂ ਉਦਾਹਰਣਾਂ ਤੋਂ ਯਿਸੂ ਦੇ ਇਹ ਸ਼ਬਦ ਸੱਚ ਸਾਬਤ ਹੁੰਦੇ ਹਨ: “ਤੁਸੀਂ ਪਰਮੇਸ਼ੁਰ ਅਤੇ ਮਾਯਾ ਦੋਹਾਂ ਦੀ ਸੇਵਾ ਨਹੀਂ ਕਰ ਸੱਕਦੇ ਹੋ।” (ਮੱਤੀ 6:24) ਤਾਂ ਫਿਰ, ਪਰਮੇਸ਼ੁਰ ਦੀ ਭਗਤੀ ਕਰਨ ਦੇ ਨਾਲ-ਨਾਲ ਅਸੀਂ ਪੈਸੇ-ਧੇਲੇ ਦੀ ਤੰਗੀ ਦਾ ਸਾਮ੍ਹਣਾ ਕਿਸ ਤਰ੍ਹਾਂ ਕਰ ਸਕਦੇ ਹਾਂ? ਇਸ ਤੋਂ ਵੀ ਜ਼ਰੂਰੀ ਗੱਲ ਇਹ ਹੈ ਕਿ ਕੀ ਅਸੀਂ ਭਵਿੱਖ ਵਿਚ ਵਧੀਆ ਜ਼ਿੰਦਗੀ ਦੀ ਉਮੀਦ ਰੱਖ ਸਕਦੇ ਹਾਂ?
ਅਸਲੀ ਖ਼ੁਸ਼ਹਾਲੀ ਨੇੜੇ ਹੈ
ਅੱਜ ਯਿਸੂ ਦੇ ਚੇਲਿਆਂ ਨੂੰ ਉਹ ਕੰਮ ਕਰਨ ਨੂੰ ਦਿੱਤਾ ਗਿਆ ਹੈ ਜੋ ਅਬਰਾਹਾਮ, ਅੱਯੂਬ ਅਤੇ ਇਸਰਾਏਲ ਕੌਮ ਨੂੰ ਨਹੀਂ ਦਿੱਤਾ ਗਿਆ ਸੀ। ਸਾਨੂੰ ‘ਸਾਰੀਆਂ ਕੌਮਾਂ ਨੂੰ ਚੇਲੇ ਬਣਾਉਣ’ ਦਾ ਹੁਕਮ ਦਿੱਤਾ ਗਿਆ ਹੈ। (ਮੱਤੀ 28:19, 20) ਇਹ ਕੰਮ ਪੂਰਾ ਕਰਨ ਲਈ ਸਾਨੂੰ ਆਪਣਾ ਸਮਾਂ ਅਤੇ ਮਿਹਨਤ ਦੁਨਿਆਵੀ ਕੰਮਾਂ-ਕਾਰਾਂ ਵਿਚ ਲਾਉਣ ਦੀ ਬਜਾਇ ਪਰਮੇਸ਼ੁਰ ਦੀ ਸੇਵਾ ਵਿਚ ਲਾਉਣ ਦੀ ਲੋੜ ਹੈ। ਜੇ ਅਸੀਂ ਇਹ ਕੰਮ ਕਰਨ ਵਿਚ ਕਾਮਯਾਬ ਹੋਣਾ ਹੈ, ਤਾਂ ਸਾਡੇ ਲਈ ਯਿਸੂ ਦੀ ਇਸ ਗੱਲ ਦੀ ਪਾਲਣਾ ਕਰਨੀ ਜ਼ਰੂਰੀ ਹੈ: “ਪਹਿਲਾਂ ਉਹ [ਪਰਮੇਸ਼ੁਰ] ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ।”—ਮੱਤੀ 6:33.
ਡੇਵਿਡ ਬਾਰੇ ਸੋਚੋ ਜਿਸ ਦਾ ਅਸੀਂ ਪਹਿਲਾਂ ਜ਼ਿਕਰ ਕੀਤਾ ਸੀ। ਉਸ ਨੇ ਤਾਂ ਤਕਰੀਬਨ ਆਪਣੇ ਪਰਿਵਾਰ ਨੂੰ ਅਤੇ ਪਰਮੇਸ਼ੁਰ ਨੂੰ ਛੱਡ ਹੀ ਦਿੱਤਾ ਸੀ। ਪਰ ਉਸ ਨੇ ਆਪਣੀਆਂ ਗ਼ਲਤੀਆਂ ਨੂੰ ਸੁਧਾਰਿਆ ਅਤੇ ਉਹ ਸਹੀ ਰਾਹ ਤੇ ਚੱਲਣ ਲੱਗ ਪਿਆ। ਉਸ ਵੇਲੇ ਤੋਂ ਉਸ ਨੇ ਯਿਸੂ ਦੀ ਸਲਾਹ ਅਨੁਸਾਰ ਆਪਣੀ ਜ਼ਿੰਦਗੀ ਵਿਚ ਜ਼ਰੂਰੀ ਗੱਲਾਂ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਜਦ ਡੇਵਿਡ ਨੇ ਦੁਬਾਰਾ
ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨੀ ਅਤੇ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ ਅਤੇ ਉਹ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣ ਲੱਗਾ, ਤਾਂ ਉਸ ਦੀ ਜ਼ਿੰਦਗੀ ਦੀਆਂ ਹੋਰਨਾਂ ਗੱਲਾਂ ਵਿਚ ਆਪਣੇ ਆਪ ਸੁਧਾਰ ਆਉਣ ਲੱਗ ਪਿਆ। ਹੌਲੀ-ਹੌਲੀ ਆਪਣੇ ਪਰਿਵਾਰ ਨਾਲ ਉਸ ਦਾ ਰਿਸ਼ਤਾ ਠੀਕ ਹੋ ਗਿਆ। ਉਹ ਹੁਣ ਖ਼ੁਸ਼ ਅਤੇ ਸੰਤੁਸ਼ਟ ਹੈ ਅਤੇ ਉਹ ਅਜੇ ਵੀ ਸਖ਼ਤ ਮਿਹਨਤ ਕਰਦਾ ਹੈ। ਇਹ ਵੀ ਸੱਚ ਹੈ ਕਿ ਭਾਵੇਂ ਡੇਵਿਡ ਅਮੀਰ ਨਹੀਂ ਬਣਿਆ, ਫਿਰ ਵੀ ਉਸ ਨੇ ਆਪਣੀ ਜ਼ਿੰਦਗੀ ਦੇ ਇਸ ਦੁਖਦਾਈ ਤਜਰਬੇ ਤੋਂ ਕਾਫ਼ੀ ਕੁਝ ਸਿੱਖਿਆ ਹੈ।ਡੇਵਿਡ ਨੇ ਸਿੱਟਾ ਕੱਢਿਆ ਕਿ ਉਸ ਲਈ ਅਮਰੀਕਾ ਜਾ ਕੇ ਪੈਸੇ ਬਣਾਉਣ ਦਾ ਫ਼ੈਸਲਾ ਮੂਰਖਤਾਈ ਸੀ। ਉਸ ਨੇ ਪੱਕਾ ਇਰਾਦਾ ਕੀਤਾ ਕਿ ਉਹ ਅੱਗੇ ਤੋਂ ਹਰ ਫ਼ੈਸਲਾ ਸੋਚ-ਸਮਝ ਕੇ ਕਰੇਗਾ। ਉਸ ਨੂੰ ਹੁਣ ਸਮਝ ਆ ਗਈ ਹੈ ਕਿ ਜ਼ਿੰਦਗੀ ਦੀਆਂ ਸਭ ਤੋਂ ਕੀਮਤੀ ਚੀਜ਼ਾਂ ਯਾਨੀ ਪਰਿਵਾਰ, ਯਾਰ-ਦੋਸਤ ਅਤੇ ਪਰਮੇਸ਼ੁਰ ਨਾਲ ਚੰਗਾ ਰਿਸ਼ਤਾ ਪੈਸਿਆਂ ਨਾਲ ਨਹੀਂ ਖ਼ਰੀਦਿਆ ਜਾ ਸਕਦਾ। (ਕਹਾਉਤਾਂ 17:17; 24:27; ਯਸਾਯਾਹ 55:1, 2) ਪਰਮੇਸ਼ੁਰ ਦੇ ਹੁਕਮਾਂ ਤੇ ਚੱਲਣਾ ਧਨ-ਦੌਲਤ ਇਕੱਠੀ ਕਰਨ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਣ ਹੈ। (ਕਹਾਉਤਾਂ 19:1; 22:1) ਹੁਣ ਡੇਵਿਡ ਆਪਣੇ ਪਰਿਵਾਰ ਨਾਲ ਸਭ ਤੋਂ ਜ਼ਰੂਰੀ ਚੀਜ਼ਾਂ ਨੂੰ ਪਹਿਲੇ ਦਰਜੇ ਤੇ ਰੱਖਣ ਦੀ ਹਮੇਸ਼ਾ ਕੋਸ਼ਿਸ਼ ਕਰਦਾ ਹੈ।—ਫ਼ਿਲਿੱਪੀਆਂ 1:10.
ਇਨਸਾਨ ਅਜਿਹਾ ਸਮਾਜ ਸਥਾਪਿਤ ਕਰਨ ਵਿਚ ਨਾਕਾਮ ਰਹੇ ਹਨ ਜੋ ਅਮੀਰ ਹੋਣ ਦੇ ਨਾਲ-ਨਾਲ ਨੈਤਿਕ ਮਿਆਰਾਂ ਤੇ ਵੀ ਚੱਲਦਾ ਹੋਵੇ। ਲੇਕਿਨ ਪਰਮੇਸ਼ੁਰ ਵਾਅਦਾ ਕਰਦਾ ਹੈ ਕਿ ਉਸ ਦੇ ਰਾਜ ਅਧੀਨ ਕਿਸੇ ਚੀਜ਼ ਦਾ ਘਾਟਾ ਨਹੀਂ ਹੋਵੇਗਾ। ਸਾਡੇ ਸਾਰਿਆਂ ਕੋਲ ਭਰਪੂਰ ਮਾਤਰਾ ਵਿਚ ਭੌਤਿਕ ਤੇ ਰੂਹਾਨੀ ਚੀਜ਼ਾਂ ਹੋਣਗੀਆਂ। (ਜ਼ਬੂਰਾਂ ਦੀ ਪੋਥੀ 72:16; ਯਸਾਯਾਹ 65:21-23) ਯਿਸੂ ਨੇ ਕਿਹਾ ਸੀ ਕਿ ਜੇ ਅਸੀਂ ਸੱਚ-ਮੁੱਚ ਖ਼ੁਸ਼ ਹੋਣਾ ਚਾਹੁੰਦੇ ਹਾਂ, ਤਾਂ ਸਭ ਤੋਂ ਜ਼ਰੂਰੀ ਗੱਲ ਹੈ ਕਿ ਅਸੀਂ ਆਪਣੀ ਅਧਿਆਤਮਿਕ ਲੋੜ ਨੂੰ ਜਾਣੀਏ। (ਮੱਤੀ 5:6) ਅਸੀਂ ਭਾਵੇਂ ਗ਼ਰੀਬ ਹੋਈਏ ਜਾਂ ਅਮੀਰ, ਜੇ ਅਸੀਂ ਪਰਮੇਸ਼ੁਰ ਦੀ ਆ ਰਹੀ ਨਵੀਂ ਦੁਨੀਆਂ ਲਈ ਤਿਆਰ ਹੋਣਾ ਚਾਹੁੰਦੇ ਹਾਂ, ਤਾਂ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰੀ ਕੰਮਾਂ ਨੂੰ ਆਪਣੀ ਜ਼ਿੰਦਗੀ ਵਿਚ ਪਹਿਲਾ ਦਰਜਾ ਦੇਈਏ। (1 ਤਿਮੋਥਿਉਸ 6:17-19) ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਅਜਿਹਾ ਸਮਾਜ ਹੋਵੇਗਾ ਜਿਸ ਵਿਚ ਲੋਕ ਅਮੀਰ ਹੋਣ ਦੇ ਨਾਲ-ਨਾਲ ਨੈਤਿਕ ਮਿਆਰਾਂ ਤੇ ਵੀ ਚੱਲਣਗੇ।
[ਫੁਟਨੋਟ]
^ ਪੈਰਾ 2 ਨਾਂ ਬਦਲਿਆ ਗਿਆ ਹੈ।
[ਸਫ਼ਾ 5 ਉੱਤੇ ਤਸਵੀਰ]
ਅੱਯੂਬ ਨੇ ਆਪਣੀ ਦੌਲਤ ਤੇ ਭਰੋਸਾ ਰੱਖਣ ਦੀ ਬਜਾਇ ਪਰਮੇਸ਼ੁਰ ਤੇ ਭਰੋਸਾ ਰੱਖਿਆ ਸੀ
[ਸਫ਼ਾ 7 ਉੱਤੇ ਤਸਵੀਰ]
ਜ਼ਿੰਦਗੀ ਦੀਆਂ ਸਭ ਤੋਂ ਕੀਮਤੀ ਚੀਜ਼ਾਂ ਪੈਸਿਆਂ ਨਾਲ ਨਹੀਂ ਖ਼ਰੀਦੀਆਂ ਜਾ ਸਕਦੀਆਂ