Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਕੀ ਯਹੋਵਾਹ ਦਾ ਵਫ਼ਾਦਾਰ ਭਗਤ ਯੂਸੁਫ਼ ਫਾਲ ਪਾਉਣ ਲਈ ਖ਼ਾਸ ਚਾਂਦੀ ਦਾ ਪਿਆਲਾ ਵਰਤਦਾ ਸੀ ਜਿਵੇਂ ਉਤਪਤ 44:5 ਤੋਂ ਜਾਪਦਾ ਹੈ?

ਇਹ ਵਿਸ਼ਵਾਸ ਕਰਨ ਦੀ ਕੋਈ ਵਜ੍ਹਾ ਨਹੀਂ ਹੈ ਕਿ ਯੂਸੁਫ਼ ਫਾਲ ਪਾਉਂਦਾ ਹੁੰਦਾ ਸੀ।

ਬਾਈਬਲ ਦੱਸਦੀ ਹੈ ਕਿ ਭਵਿੱਖ ਜਾਣਨ ਦੀ ਜਾਦੂਈ ਕਲਾ ਦੀ ਵਰਤੋਂ ਬਾਰੇ ਯੂਸੁਫ਼ ਦਾ ਕੀ ਨਜ਼ਰੀਆ ਸੀ। ਯੂਸੁਫ਼ ਨੂੰ ਜਦ ਫ਼ਿਰਊਨ ਦੇ ਸੁਪਨਿਆਂ ਦਾ ਅਰਥ ਦੱਸਣ ਲਈ ਕਿਹਾ ਗਿਆ, ਤਾਂ ਯੂਸੁਫ਼ ਨੇ ਵਾਰ-ਵਾਰ ਇਸ ਗੱਲ ਤੇ ਜ਼ੋਰ ਦਿੱਤਾ ਸੀ ਕਿ ਸਿਰਫ਼ ਸੱਚਾ ਪਰਮੇਸ਼ੁਰ ਹੀ ਹੋਣ ਵਾਲੀਆਂ ਗੱਲਾਂ ਦਾ ਅਰਥ ਦੱਸ ਸਕਦਾ ਸੀ। ਨਤੀਜੇ ਵਜੋਂ, ਫ਼ਿਰਊਨ ਨੂੰ ਵਿਸ਼ਵਾਸ ਹੋ ਗਿਆ ਕਿ ਯੂਸੁਫ਼ ਦੇ ਪਰਮੇਸ਼ੁਰ ਨੇ ਹੀ ਭਵਿੱਖ ਵਿਚ ਹੋਣ ਵਾਲੀਆਂ ਗੱਲਾਂ ਦੱਸਣ ਵਿਚ ਯੂਸੁਫ਼ ਦੀ ਮਦਦ ਕੀਤੀ ਸੀ, ਨਾ ਕਿ ਜਾਦੂਈ ਤਾਕਤਾਂ ਨੇ। (ਉਤਪਤ 41:16, 25, 28, 32, 39) ਬਾਅਦ ਵਿਚ ਮੂਸਾ ਦੀ ਬਿਵਸਥਾ ਵਿਚ ਯਹੋਵਾਹ ਨੇ ਜਾਦੂ-ਟੂਣਾ ਕਰਨ ਜਾਂ ਫਾਲ ਪਾਉਣ ਤੋਂ ਲੋਕਾਂ ਨੂੰ ਮਨ੍ਹਾ ਕੀਤਾ ਸੀ ਜੋ ਇਸ ਗੱਲ ਦਾ ਸਬੂਤ ਹੈ ਕਿ ਸਿਰਫ਼ ਯਹੋਵਾਹ ਹੀ ਭਵਿੱਖ ਦੱਸ ਸਕਦਾ ਹੈ।—ਬਿਵਸਥਾ ਸਾਰ 18:10-12.

ਤਾਂ ਫਿਰ ਯੂਸੁਫ਼ ਨੇ ਆਪਣੇ ਨੌਕਰ ਰਾਹੀਂ ਇਹ ਕਿਉਂ ਕਹਾਇਆ ਕਿ ਉਹ ਚਾਂਦੀ ਦੇ ਪਿਆਲੇ ਨਾਲ ‘ਫਾਲ ਪਾਉਂਦਾ’ ਸੀ? * (ਉਤਪਤ 44:5) ਯੂਸੁਫ਼ ਨੇ ਜਿਨ੍ਹਾਂ ਹਾਲਾਤਾਂ ਵਿਚ ਇਹ ਲਫ਼ਜ਼ ਕਹੇ ਸਨ, ਸਾਨੂੰ ਉਨ੍ਹਾਂ ਤੇ ਗੌਰ ਕਰਨ ਦੀ ਲੋੜ ਹੈ।

ਡਾਢਾ ਕਾਲ ਪੈਣ ਕਾਰਨ ਯੂਸੁਫ਼ ਦੇ ਭਰਾ ਅੰਨ ਲੈਣ ਵਾਸਤੇ ਮਿਸਰ ਆਏ। ਕਈ ਸਾਲ ਪਹਿਲਾਂ ਯੂਸੁਫ਼ ਦੇ ਇਨ੍ਹਾਂ ਹੀ ਭਰਾਵਾਂ ਨੇ ਯੂਸੁਫ਼ ਨੂੰ ਗ਼ੁਲਾਮੀ ਕਰਨ ਲਈ ਵੇਚ ਦਿੱਤਾ ਸੀ। ਹੁਣ ਮਿਸਰ ਆ ਕੇ ਉਹ ਆਪਣੇ ਹੀ ਭਰਾ ਤੋਂ ਮਦਦ ਮੰਗ ਰਹੇ ਸਨ ਜਿਸ ਨੂੰ ਉਨ੍ਹਾਂ ਨੇ ਪਛਾਣਿਆ ਨਹੀਂ ਕਿਉਂਕਿ ਇਸ ਵੇਲੇ ਯੂਸੁਫ਼ ਮਿਸਰ ਦਾ ਅਨਾਜ ਮੰਤਰੀ ਬਣ ਚੁੱਕਾ ਸੀ। ਯੂਸੁਫ਼ ਨੇ ਵੀ ਉਨ੍ਹਾਂ ਨੂੰ ਆਪਣੇ ਬਾਰੇ ਨਹੀਂ ਦੱਸਿਆ। ਉਹ ਉਨ੍ਹਾਂ ਨੂੰ ਪਰਖਣਾ ਚਾਹੁੰਦਾ ਸੀ। ਯੂਸੁਫ਼ ਦੇਖਣਾ ਚਾਹੁੰਦਾ ਸੀ ਕਿ ਉਸ ਦੇ ਭਰਾਵਾਂ ਨੂੰ ਆਪਣੀ ਕੀਤੀ ਤੇ ਪਛਤਾਵਾ ਸੀ ਜਾਂ ਨਹੀਂ। ਉਹ ਇਹ ਵੀ ਦੇਖਣਾ ਚਾਹੁੰਦਾ ਸੀ ਕਿ ਉਹ ਆਪਣੇ ਭਰਾ ਬਿਨਯਾਮੀਨ ਅਤੇ ਪਿਤਾ ਯਾਕੂਬ (ਜਿਸ ਨੂੰ ਬਿਨਯਾਮੀਨ ਬਹੁਤ ਲਾਡਲਾ ਸੀ) ਨੂੰ ਕਿੰਨਾ ਕੁ ਪਿਆਰ ਕਰਦੇ ਸਨ। ਇਸ ਲਈ ਯੂਸੁਫ਼ ਨੇ ਇਕ ਸਕੀਮ ਘੜੀ।—ਉਤਪਤ 41:55–44:3.

ਯੂਸੁਫ਼ ਨੇ ਆਪਣੇ ਇਕ ਨੌਕਰ ਨੂੰ ਹੁਕਮ ਦਿੱਤਾ ਕਿ ਉਹ ਯੂਸੁਫ਼ ਦੇ ਭਰਾਵਾਂ ਦੇ ਥੈਲੇ ਅੰਨ ਨਾਲ ਭਰ ਦੇਵੇ ਅਤੇ ਹਰ ਇਕ ਦੇ ਥੈਲੇ ਦੇ ਮੂੰਹ ਵਿਚ ਉਨ੍ਹਾਂ ਦਾ ਪੈਸਾ ਰੱਖ ਦੇਵੇ। ਉਸ ਨੇ ਬਿਨਯਾਮੀਨ ਦੇ ਥੈਲੇ ਵਿਚ ਆਪਣਾ ਚਾਂਦੀ ਦਾ ਪਿਆਲਾ ਰੱਖਣ ਲਈ ਕਿਹਾ। ਇਹ ਸਭ ਕੁਝ ਹੁੰਦਿਆਂ ਯੂਸੁਫ਼ ਉਨ੍ਹਾਂ ਨਾਲ ਓਪਰੇ ਦੇਸ਼ ਦੇ ਮੰਤਰੀ ਦੀ ਤਰ੍ਹਾਂ ਪੇਸ਼ ਆਇਆ। ਇਸ ਲਈ ਯੂਸੁਫ਼ ਨੇ ਆਪਣੇ ਆਪ ਨੂੰ, ਆਪਣੇ ਤੌਰ-ਤਰੀਕਿਆਂ ਅਤੇ ਭਾਸ਼ਾ ਨੂੰ ਇਕ ਮੰਤਰੀ ਦੀ ਸ਼ਖ਼ਸੀਅਤ ਅਨੁਸਾਰ ਢਾਲ਼ ਲਿਆ ਤਾਂਕਿ ਉਸ ਦੇ ਭਰਾ ਉਸ ਨੂੰ ਪਛਾਣ ਨਾ ਸਕਣ।

ਜਦ ਯੂਸੁਫ਼ ਦੁਬਾਰਾ ਆਪਣੇ ਭਰਾਵਾਂ ਨੂੰ ਮਿਲਿਆ, ਤਾਂ ਉਸ ਨੇ ਆਪਣੀ ਸਕੀਮ ਅਨੁਸਾਰ ਉਨ੍ਹਾਂ ਨੂੰ ਪੁੱਛਿਆ: “ਕੀ ਤੁਸੀਂ ਨਹੀਂ ਜਾਣਦੇ ਸਾਓ ਕਿ ਮੇਰੇ ਵਰਗਾ ਆਦਮੀ ਫਾਲ ਪਾ ਸੱਕਦਾ ਹੈ?” (ਉਤਪਤ 44:15) ਇਸ ਤਰ੍ਹਾਂ ਇਹ ਪਿਆਲਾ ਸਿਰਫ਼ ਸਕੀਮ ਦਾ ਇਕ ਹਿੱਸਾ ਸੀ। ਇਨ੍ਹਾਂ ਗੱਲਾਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਜਿਸ ਤਰ੍ਹਾਂ ਬਿਨਯਾਮੀਨ ਨੇ ਪਿਆਲਾ ਨਹੀਂ ਚੁਰਾਇਆ ਸੀ, ਉਸੇ ਤਰ੍ਹਾਂ ਯੂਸੁਫ਼ ਨੇ ਵੀ ਫਾਲ ਪਾਉਣ ਲਈ ਕੋਈ ਪਿਆਲਾ ਨਹੀਂ ਵਰਤਿਆ।

[ਫੁਟਨੋਟ]

^ ਪੈਰਾ 5 ਐੱਫ਼. ਸੀ. ਕੁੱਕ ਨੇ ਆਪਣੀ ਕਿਤਾਬ ਵਿਚ ਪੁਰਾਣੇ ਸਮਿਆਂ ਵਿਚ ਪਿਆਲੇ ਨਾਲ ਫਾਲ ਪਾਉਣ ਦੇ ਰਿਵਾਜ ਬਾਰੇ ਲਿਖਿਆ: “ਫਾਲ ਪਾਉਣ ਲਈ ਪਾਣੀ ਵਿਚ ਸੋਨਾ, ਚਾਂਦੀ ਜਾਂ ਕੀਮਤੀ ਹੀਰੇ ਸੁੱਟੇ ਜਾਂਦੇ ਸਨ ਅਤੇ ਫਿਰ ਉਨ੍ਹਾਂ ਦੀ ਸ਼ਕਲ ਨੂੰ ਪਰਖਿਆ ਜਾਂਦਾ ਸੀ; ਜਾਂ ਸ਼ੀਸ਼ੇ ਵਾਂਗ ਪਾਣੀ ਵਿਚ ਦੇਖ ਕੇ ਫਾਲ ਪਾਈ ਜਾਂਦੀ ਸੀ।” (ਦ ਹੋਲੀ ਬਾਈਬਲ, ਵਿੱਦ ਐਨ ਐਕਸਪਲਾਨੇਟਰੀ ਐਂਡ ਕ੍ਰਿਟੀਕਲ ਕਾਮੈਂਟਰੀ) ਬਾਈਬਲ ਟਿੱਪਣੀਕਾਰ ਕ੍ਰਿਸਟਿਫਰ ਵਰਡਜ਼ਵਰਥ ਕਹਿੰਦਾ ਹੈ: “ਕਈ ਵਾਰ ਪਿਆਲੇ ਵਿਚ ਪਾਣੀ ਭਰਿਆ ਜਾਂਦਾ ਸੀ ਅਤੇ ਸੂਰਜ ਦੀ ਰੌਸ਼ਨੀ ਵਿਚ ਪਿਆਲੇ ਦੇ ਪਾਣੀ ਉੱਤੇ ਜਿਸ ਤਰ੍ਹਾਂ ਦੀ ਤਸਵੀਰ ਬਣਦੀ ਸੀ, ਉਸ ਤੋਂ ਅਰਥ ਵਿਚਾਰਿਆ ਜਾਂਦਾ ਸੀ।”