Skip to content

Skip to table of contents

ਪੈਸਾ ਅਤੇ ਨੈਤਿਕ ਮਿਆਰ—ਸਾਨੂੰ ਇਤਿਹਾਸ ਤੋਂ ਕੀ ਪਤਾ ਲੱਗਦਾ ਹੈ?

ਪੈਸਾ ਅਤੇ ਨੈਤਿਕ ਮਿਆਰ—ਸਾਨੂੰ ਇਤਿਹਾਸ ਤੋਂ ਕੀ ਪਤਾ ਲੱਗਦਾ ਹੈ?

ਪੈਸਾ ਅਤੇ ਨੈਤਿਕ ਮਿਆਰ—ਸਾਨੂੰ ਇਤਿਹਾਸ ਤੋਂ ਕੀ ਪਤਾ ਲੱਗਦਾ ਹੈ?

ਚਾਰ ਸਮੁੰਦਰੀ ਜਹਾਜ਼ ਚਾਰ ਸੌ ਸਵਾਰੀਆਂ ਲੈ ਕੇ 7 ਅਪ੍ਰੈਲ 1630 ਨੂੰ ਇੰਗਲੈਂਡ ਤੋਂ ਅਮਰੀਕਾ ਲਈ ਰਵਾਨਾ ਹੋਏ। ਇਨ੍ਹਾਂ ਲੋਕਾਂ ਵਿੱਚੋਂ ਕਈ ਕਾਫ਼ੀ ਪੜ੍ਹੇ-ਲਿਖੇ ਸਨ ਅਤੇ ਕਈ ਕਾਮਯਾਬ ਕਾਰੋਬਾਰੀ ਬੰਦੇ ਸਨ। ਕਈ ਤਾਂ ਪਾਰਲੀਮੈਂਟ ਦੇ ਮੈਂਬਰ ਵੀ ਸਨ। ਇੰਗਲੈਂਡ ਦੀ ਆਰਥਿਕ ਸਥਿਤੀ ਵਿਗੜਦੀ ਜਾ ਰਹੀ ਸੀ, ਖ਼ਾਸ ਕਰਕੇ ਇਸ ਲਈ ਕਿਉਂਕਿ ਯੂਰਪ ਵਿਚ ਲੜਾਈ ਚੱਲ ਰਹੀ ਸੀ ਜੋ 30 ਸਾਲਾਂ (1618-48) ਤਕ ਚੱਲਦੀ ਰਹੀ। ਇਸ ਲਈ ਇਹ ਲੋਕ ਆਪਣੀਆਂ ਜ਼ਿੰਦਗੀਆਂ ਸੁਧਾਰਨ ਦੀ ਉਮੀਦ ਨਾਲ ਆਪਣਾ ਘਰ-ਬਾਰ, ਕਾਰੋਬਾਰ ਅਤੇ ਸਾਕ-ਸੰਬੰਧੀਆਂ ਨੂੰ ਛੱਡ ਕੇ ਵਿਦੇਸ਼ ਚਲੇ ਗਏ ਸਨ।

ਇਹ ਲੋਕ ਵਿਦੇਸ਼ ਸਿਰਫ਼ ਪੈਸੇ ਕਮਾਉਣ ਲਈ ਨਹੀਂ ਗਏ ਸਨ। ਇਹ ਸਭ ਪਿਉਰਿਟਨ ਪੰਥ ਦੇ ਜੋਸ਼ੀਲੇ ਮੈਂਬਰ ਸਨ ਜੋ ਉਨ੍ਹਾਂ ਦੇ ਧਰਮ ਦੀ ਖ਼ਾਤਰ ਉਨ੍ਹਾਂ ਉੱਤੇ ਹੁੰਦੇ ਜ਼ੁਲਮ ਤੋਂ ਛੁਟਕਾਰਾ ਪਾਉਣ ਲਈ ਅਮਰੀਕਾ ਗਏ ਸਨ। * ਇਹ ਲੋਕ ਇਕ ਅਜਿਹਾ ਸਮਾਜ ਸਥਾਪਿਤ ਕਰਨਾ ਚਾਹੁੰਦੇ ਸਨ ਜਿਸ ਵਿਚ ਉਹ ਅਤੇ ਉਨ੍ਹਾਂ ਦੀ ਔਲਾਦ ਧਨ-ਦੌਲਤ ਕਮਾਉਣ ਦੇ ਨਾਲ-ਨਾਲ ਬਾਈਬਲ ਦੇ ਮਿਆਰਾਂ ਉੱਤੇ ਵੀ ਚੱਲਦੇ। ਮੈਸੇਚਿਉਸੇਟਸ ਰਾਜ ਦੇ ਸੇਲਮ ਸ਼ਹਿਰ ਵਿਚ ਪਹੁੰਚ ਕੇ ਉਨ੍ਹਾਂ ਨੇ ਸਮੁੰਦਰ ਦੇ ਕਿਨਾਰੇ ਥੋੜ੍ਹੀ ਜਿਹੀ ਜ਼ਮੀਨ ਮੱਲ ਲਈ। ਆਪਣੇ ਇਸ ਨਵੇਂ ਟਿਕਾਣੇ ਨੂੰ ਉਨ੍ਹਾਂ ਨੇ ਬੋਸਟਨ ਨਾਂ ਦਿੱਤਾ।

ਪੈਸੇ ਕਮਾਉਣ ਦੇ ਨਾਲ-ਨਾਲ ਨੈਤਿਕ ਮਿਆਰਾਂ ਤੇ ਚੱਲਣਾ ਔਖਾ

ਇਨ੍ਹਾਂ ਲੋਕਾਂ ਦਾ ਆਗੂ ਅਤੇ ਗਵਰਨਰ ਜੌਨ ਵਿੰਥੌਰਪ ਸੀ ਅਤੇ ਉਸ ਦਾ ਇਹ ਸੁਪਨਾ ਸੀ ਕਿ ਲੋਕ ਧਨ-ਦੌਲਤ ਇਕੱਠੀ ਕਰਨ ਦੇ ਨਾਲ-ਨਾਲ ਇਕ-ਦੂਜੇ ਦੀ ਮਦਦ ਵੀ ਕਰਨ। ਉਹ ਚਾਹੁੰਦਾ ਸੀ ਕਿ ਲੋਕ ਪੈਸਾ ਜ਼ਰੂਰ ਕਮਾਉਣ, ਪਰ ਨੈਤਿਕ ਮਿਆਰਾਂ ਤੇ ਵੀ ਚੱਲਣ। ਇਸ ਤਰ੍ਹਾਂ ਕਰਨਾ ਉਨ੍ਹਾਂ ਲਈ ਬਹੁਤ ਔਖਾ ਸੀ। ਵਿੰਥੌਰਪ ਨੂੰ ਪਤਾ ਸੀ ਕਿ ਮੁਸ਼ਕਲਾਂ ਜ਼ਰੂਰ ਆਉਣਗੀਆਂ, ਇਸ ਲਈ ਉਸ ਨੇ ਆਪਣੇ ਸਾਥੀਆਂ ਨੂੰ ਪਰਮੇਸ਼ੁਰ ਦਾ ਭੈ ਰੱਖਣ ਵਾਲੇ ਸਮਾਜ ਵਿਚ ਧਨ-ਦੌਲਤ ਦੀ ਭੂਮਿਕਾ ਬਾਰੇ ਸਮਝਾਉਣ ਵਿਚ ਕਾਫ਼ੀ ਸਮਾਂ ਲਾਇਆ।

ਵਿੰਥੌਰਪ ਹੋਰਨਾਂ ਪਿਉਰਿਟਨ ਆਗੂਆਂ ਦੀ ਤਰ੍ਹਾਂ ਮੰਨਦਾ ਸੀ ਕਿ ਧਨ-ਦੌਲਤ ਇਕੱਠੀ ਕਰਨੀ ਗ਼ਲਤ ਨਹੀਂ ਸੀ। ਉਸ ਦਾ ਵਿਚਾਰ ਸੀ ਕਿ ਜੇ ਇਨਸਾਨ ਕੋਲ ਪੈਸੇ ਹੋਣ, ਤਾਂ ਉਹ ਹੋਰਾਂ ਦੀ ਮਦਦ ਕਰ ਸਕਦਾ ਸੀ। ਮਤਲਬ ਕਿ ਇਕ ਇਨਸਾਨ ਕੋਲ ਜਿੰਨੇ ਜ਼ਿਆਦਾ ਪੈਸੇ ਹੋਣ, ਉਹ ਉੱਨੀ ਹੀ ਜ਼ਿਆਦਾ ਦੂਸਰਿਆਂ ਦੀ ਮਦਦ ਕਰ ਸਕਦਾ ਸੀ। ਇਤਿਹਾਸਕਾਰ ਪੈਟਰੀਸ਼ੀਆ ਓਟੂਲ ਦਾ ਕਹਿਣਾ ਹੈ ਕਿ ‘ਜਦ ਵੀ ਪੈਸਿਆਂ ਦੇ ਵਿਸ਼ੇ ਉੱਤੇ ਗੱਲ ਕੀਤੀ ਜਾਂਦੀ ਸੀ, ਤਾਂ ਉਦੋਂ ਹੀ ਪਿਉਰਿਟਨਾਂ ਵਿਚ ਝਗੜਾ ਹੋ ਜਾਂਦਾ ਸੀ। ਇਕ ਪਾਸੇ ਲੱਗਦਾ ਸੀ ਕਿ ਪੈਸੇ ਪਰਮੇਸ਼ੁਰ ਦੀ ਬਰਕਤ ਦਾ ਸਬੂਤ ਸੀ ਅਤੇ ਦੂਸਰੇ ਪਾਸੇ ਪੈਸਿਆਂ ਕਰਕੇ ਲੋਕ ਪਾਪ ਵੱਲ ਖਿੱਚੇ ਜਾ ਸਕਦੇ ਸਨ। ਉਹ ਘਮੰਡੀ ਬਣ ਸਕਦੇ ਸਨ ਅਤੇ ਆਪਣੀਆਂ ਸਰੀਰਕ ਕਾਮਨਾਵਾਂ ਪੂਰੀਆਂ ਕਰਨ ਦੇ ਲਾਲਚ ਵਿਚ ਆ ਸਕਦੇ ਸਨ।’

ਅਮੀਰ ਹੋਣ ਅਤੇ ਸੁਖ-ਸਾਧਨਾਂ ਕਰਕੇ ਪਾਪ ਦੇ ਫੰਦਿਆਂ ਵਿਚ ਪੈਣ ਤੋਂ ਬਚਣ ਲਈ ਵਿੰਥੌਰਪ ਹਮੇਸ਼ਾ ਆਪਣੇ ਸਮਾਜ ਦੇ ਲੋਕਾਂ ਨੂੰ ਕਹਿੰਦਾ ਸੀ ਕਿ ਉਨ੍ਹਾਂ ਨੂੰ ਸੰਜਮ ਨਾਲ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਹੈ। ਉਸ ਦੀ ਸਲਾਹ ਸੁਣ ਕੇ ਲੋਕ ਗੁੱਸੇ ਹੋਏ ਕਿਉਂਕਿ ਉਹ ਤਾਂ ਸਿਰਫ਼ ਆਪਣਾ ਫ਼ਾਇਦਾ ਚਾਹੁੰਦੇ ਸਨ। ਉਨ੍ਹਾਂ ਨੇ ਸੋਚਿਆ ਕਿ ਵਿੰਥੌਰਪ ਜ਼ਬਰਦਸਤੀ ਉਨ੍ਹਾਂ ਤੇ ਇਹ ਅਸੂਲ ਥੋਪ ਰਿਹਾ ਸੀ ਕਿ ਉਨ੍ਹਾਂ ਨੂੰ ਪਰਮੇਸ਼ੁਰੀ ਨਿਯਮਾਂ ਤੇ ਚੱਲਣਾ ਅਤੇ ਇਕ-ਦੂਜੇ ਨੂੰ ਪਿਆਰ ਕਰਨਾ ਚਾਹੀਦਾ ਸੀ। ਲੋਕ ਨਹੀਂ ਚਾਹੁੰਦੇ ਸਨ ਕਿ ਵਿੰਥੌਰਪ ਉਨ੍ਹਾਂ ਦੇ ਨਿੱਜੀ ਮਾਮਲਿਆਂ ਵਿਚ ਦਖ਼ਲ ਦੇਵੇ। ਸਮਾਜ ਵਿਚ ਕੁਝ ਲੋਕ ਕਹਿਣ ਲੱਗੇ ਕਿ ਸਿਰਫ਼ ਇਕ ਮੁਖੀ ਨਹੀਂ ਹੋਣਾ ਚਾਹੀਦਾ, ਪਰ ਸਮਾਜਕ ਮਾਮਲਿਆਂ ਬਾਰੇ ਫ਼ੈਸਲੇ ਕਰਨ ਲਈ ਇਕ ਕਮੇਟੀ ਚੁਣੀ ਜਾਣੀ ਚਾਹੀਦੀ ਹੈ। ਕਈਆਂ ਨੇ ਪੈਸੇ ਕਮਾਉਣ ਦੀ ਧੁਨ ਵਿਚ ਸਮਾਜ ਨੂੰ ਛੱਡ ਦਿੱਤਾ ਅਤੇ ਲਾਗਲੇ ਕਨੈਟੀਕਟ ਸ਼ਹਿਰ ਨੂੰ ਚਲੇ ਗਏ।

ਇਤਿਹਾਸਕਾਰ ਓਟੂਲ ਅੱਗੇ ਕਹਿੰਦੀ ਹੈ: “ਮੈਸੇਚਿਉਸੇਟਸ ਦੇ ਪਿਉਰਿਟਨ ਦੀ ਜ਼ਿੰਦਗੀ ਵਿਚ ਸੁਨਹਿਰੀ ਅਵਸਰ, ਖ਼ੁਸ਼ਹਾਲੀ ਅਤੇ ਲੋਕਤੰਤਰ ਪ੍ਰਭਾਵਸ਼ਾਲੀ ਤਾਕਤਾਂ ਸਨ ਜੋ ਜੌਨ ਵਿੰਥੌਰਪ ਦੇ ਅਸੂਲਾਂ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਦੀਆਂ ਖ਼ਾਹਸ਼ਾਂ ਨੂੰ ਭੜਕਾਉਂਦੀਆਂ ਸਨ।” ਸੰਨ 1649 ਵਿਚ ਵਿੰਥੌਰਪ ਕੰਗਾਲੀ ਦੀ ਹਾਲਤ ਵਿਚ 61 ਸਾਲਾਂ ਦਾ ਹੋ ਕੇ ਮਰ ਗਿਆ। ਭਾਵੇਂ ਕਿ ਸਮਾਜ ਬਹੁਤ ਸਾਰੀਆਂ ਕਠਿਨਾਈਆਂ ਦੇ ਬਾਵਜੂਦ ਅੱਗੇ ਚੱਲਦਾ ਰਿਹਾ, ਪਰ ਵਿੰਥੌਰਪ ਆਪਣਾ ਸੁਪਨਾ ਪੂਰਾ ਹੁੰਦਾ ਨਹੀਂ ਦੇਖ ਸਕਿਆ।

ਅਜੇ ਵੀ ਵਧੀਆ ਭਵਿੱਖ ਦੀ ਤਲਾਸ਼ ਕੀਤੀ ਜਾ ਰਹੀ ਹੈ

ਜੌਨ ਵਿੰਥੌਰਪ ਦਾ ਸੁਪਨਾ ਉਸ ਦੇ ਨਾਲ ਹੀ ਖ਼ਤਮ ਨਹੀਂ ਹੋ ਗਿਆ। ਹਰੇਕ ਸਾਲ ਲੱਖਾਂ ਹੀ ਲੋਕ ਅਫ਼ਰੀਕਾ, ਦੱਖਣ-ਪੂਰਬੀ ਏਸ਼ੀਆ, ਪੂਰਬੀ ਯੂਰਪ ਅਤੇ ਲਾਤੀਨੀ ਅਮਰੀਕਾ ਵਰਗੇ ਦੇਸ਼ਾਂ ਤੋਂ ਅਮੀਰ ਦੇਸ਼ਾਂ ਨੂੰ ਜਾਂਦੇ ਹਨ ਤਾਂਕਿ ਉਹ ਆਪਣੀਆਂ ਜ਼ਿੰਦਗੀਆਂ ਸੁਧਾਰ ਸਕਣ। ਇਹ ਲੋਕ ਸੈਂਕੜੇ ਹੀ ਨਵੀਆਂ ਤੋਂ ਨਵੀਆਂ ਕਿਤਾਬਾਂ, ਸੈਮੀਨਾਰਾਂ ਅਤੇ ਵੈੱਬ-ਸਾਈਟਾਂ ਤੋਂ ਪ੍ਰਭਾਵਿਤ ਹੁੰਦੇ ਹਨ ਜੋ ਉਨ੍ਹਾਂ ਨੂੰ ਅਮੀਰ ਬਣਨ ਦੇ ਸੁਨਹਿਰੇ ਮੌਕੇ ਦੇਣ ਦਾ ਵਾਅਦਾ ਕਰਦੀਆਂ ਹਨ। ਅਜਿਹੇ ਬਹੁਤ ਸਾਰੇ ਲੋਕ ਪੈਸੇ ਕਮਾਉਣ ਲਈ ਆਪਣੀ ਪੂਰੀ ਵਾਹ ਲਾ ਰਹੇ ਹਨ ਤੇ ਸੋਚਦੇ ਹਨ ਕਿ ਉਹ ਨੈਤਿਕ ਮਿਆਰਾਂ ਨੂੰ ਨਹੀਂ ਛੱਡਣਗੇ।

ਲੇਕਿਨ ਅਫ਼ਸੋਸ ਦੀ ਗੱਲ ਹੈ ਕਿ ਬਹੁਤ ਸਾਰੇ ਲੋਕਾਂ ਨਾਲ ਉਲਟਾ ਹੀ ਹੋਇਆ ਹੈ। ਉਹ ਪੈਸਾ ਕਮਾਉਣ ਦੀ ਧੁਨ ਵਿਚ ਆਪਣੇ ਅਸੂਲਾਂ ਅਤੇ ਕਈ ਵਾਰੀ ਪਰਮੇਸ਼ੁਰ ਵਿਚ ਆਪਣੀ ਨਿਹਚਾ ਨੂੰ ਵੀ ਕੁਰਬਾਨ ਕਰ ਦਿੰਦੇ ਹਨ। ਤਾਂ ਫਿਰ ਸਾਡੇ ਮਨਾਂ ਵਿਚ ਸ਼ਾਇਦ ਇਹ ਸਵਾਲ ਖੜ੍ਹਾ ਹੋਵੇ: “ਕੀ ਇਕ ਬੰਦਾ ਨੈਤਿਕ ਮਿਆਰਾਂ ਨੂੰ ਤਿਆਗੇ ਬਿਨਾਂ ਅਮੀਰ ਬਣ ਸਕਦਾ ਹੈ? ਕੀ ਕਦੀ ਇਸ ਤਰ੍ਹਾਂ ਦਾ ਸਮਾਜ ਹੋਵੇਗਾ ਜੋ ਅਮੀਰ ਹੋਣ ਦੇ ਨਾਲ-ਨਾਲ ਪਰਮੇਸ਼ੁਰ ਦਾ ਭੈ ਵੀ ਰੱਖੇ?” ਅਸੀਂ ਅਗਲੇ ਲੇਖ ਵਿਚ ਦੇਖਾਂਗੇ ਕਿ ਬਾਈਬਲ ਇਨ੍ਹਾਂ ਸਵਾਲਾਂ ਦੇ ਕੀ ਜਵਾਬ ਦਿੰਦੀ ਹੈ।

[ਫੁਟਨੋਟ]

^ ਪੈਰਾ 3 ਸੋਲ੍ਹਵੀਂ ਸਦੀ ਵਿਚ ਚਰਚ ਆਫ਼ ਇੰਗਲੈਂਡ ਦੇ ਉਨ੍ਹਾਂ ਪ੍ਰੋਟੈਸਟੈਂਟ ਮੈਂਬਰਾਂ ਨੂੰ ਪਿਉਰਿਟਨ ਨਾਂ ਦਿੱਤਾ ਗਿਆ ਸੀ ਜੋ ਆਪਣੇ ਚਰਚ ਵਿੱਚੋਂ ਰੋਮਨ ਕੈਥੋਲਿਕ ਮਤ ਦੇ ਪ੍ਰਭਾਵ ਦਾ ਖੁਰਾ-ਖੋਜ ਮਿਟਾਉਣਾ ਚਾਹੁੰਦੇ ਸਨ।

[ਸਫ਼ਾ 3 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]

Boats: The Complete Encyclopedia of Illustration/J. G. Heck; Winthrop: Brown Brothers