Skip to content

Skip to table of contents

ਮੈਂ ਸੱਚੇ ਪਰਮਾਤਮਾ ਨੂੰ ਲੱਭ ਲਿਆ

ਮੈਂ ਸੱਚੇ ਪਰਮਾਤਮਾ ਨੂੰ ਲੱਭ ਲਿਆ

ਜੀਵਨੀ

ਮੈਂ ਸੱਚੇ ਪਰਮਾਤਮਾ ਨੂੰ ਲੱਭ ਲਿਆ

ਫਲੋਰੈਂਸ ਕਲਾਰਕ ਦੀ ਜ਼ਬਾਨੀ

ਮੈਂ ਆਪਣੇ ਪਤੀ ਦਾ ਹੱਥ ਫੜਿਆ ਹੋਇਆ ਸੀ ਜੋ ਜ਼ਿੰਦਗੀ ਤੇ ਮੌਤ ਨਾਲ ਲੜ ਰਹੇ ਸਨ। ਮੈਂ ਪਰਮਾਤਮਾ ਨੂੰ ਦੁਆ ਕੀਤੀ ਕਿ ਮੇਰੇ ਪਤੀ ਠੀਕ ਹੋ ਜਾਣ। ਮੈਂ ਵਾਅਦਾ ਕੀਤਾ ਕਿ ਜੇ ਉਹ ਬਚ ਗਏ, ਤਾਂ ਮੈਂ ਪਰਮਾਤਮਾ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕਰਾਂਗੀ ਅਤੇ ਜ਼ਿੰਦਗੀ ਭਰ ਉਸ ਦੀ ਸੇਵਾ ਕਰਾਂਗੀ। ਉਸ ਸਮੇਂ ਮੈਂ ਐਂਗਲੀਕੀ ਚਰਚ ਦੀ ਮੈਂਬਰ ਸੀ।

ਮੇਰਾ ਜਨਮ 18 ਸਤੰਬਰ 1937 ਨੂੰ ਪੱਛਮੀ ਆਸਟ੍ਰੇਲੀਆ ਵਿਚ ਹੋਇਆ ਤੇ ਮੇਰਾ ਨਾਂ ਫਲੌਰੰਸ ਚੂਲੰਗ ਰੱਖਿਆ ਗਿਆ। ਅਸੀਂ ਦੂਰ-ਦੁਰੇਡੇ ਕਿੰਬਰਲੀ ਪਲੈਟੋ ਇਲਾਕੇ ਵਿਚ ਆਸਟ੍ਰੇਲੀਆਈ ਆਦਿਵਾਸੀਆਂ ਦੇ ਊਮਬੁਲਗਰੀ ਕਬੀਲੇ ਨਾਲ ਸੰਬੰਧ ਰੱਖਦੇ ਸੀ।

ਮੇਰਾ ਬਚਪਨ ਹੱਸਦੇ-ਖੇਡਦੇ ਲੰਘ ਗਿਆ। ਚਰਚ ਵਿਚ ਮੈਂ ਪਰਮਾਤਮਾ ਤੇ ਬਾਈਬਲ ਬਾਰੇ ਕੁਝ ਗੱਲਾਂ ਸਿੱਖੀਆਂ, ਪਰ ਮਸੀਹੀ ਅਸੂਲ ਮੈਂ ਆਪਣੇ ਮਾਤਾ ਜੀ ਤੋਂ ਹੀ ਸਿੱਖੇ। ਉਹ ਬਾਕਾਇਦਾ ਮੈਨੂੰ ਬਾਈਬਲ ਪੜ੍ਹ ਕੇ ਸੁਣਾਉਂਦੇ ਸਨ ਜਿਸ ਕਰਕੇ ਮੇਰੇ ਦਿਲ ਵਿਚ ਪਰਮਾਤਮਾ ਬਾਰੇ ਹੋਰ ਸਿੱਖਣ ਦੀ ਖ਼ਾਹਸ਼ ਜਾਗੀ। ਮੈਂ ਆਪਣੀ ਇਕ ਮਾਸੀ ਜੀ ਦੀ ਵੀ ਬਹੁਤ ਕਦਰ ਕਰਦੀ ਸੀ ਜੋ ਆਪਣੇ ਚਰਚ ਲਈ ਮਿਸ਼ਨਰੀ ਸਨ। ਮੇਰੀ ਦਿਲੀ ਇੱਛਾ ਸੀ ਕਿ ਇਕ ਦਿਨ ਮੈਂ ਵੀ ਮਿਸ਼ਨਰੀ ਬਣਾਂ।

ਸਾਡਾ ਕਬੀਲਾ ਪਹਿਲਾਂ ਫਾਰੈਸਟ ਰਿਵਰ ਮਿਸ਼ਨ ਦੇ ਨਾਂ ਤੋਂ ਜਾਣਿਆ ਜਾਂਦਾ ਸੀ। ਸਾਡੇ ਇਲਾਕੇ ਵਿਚ ਬੱਚਿਆਂ ਨੂੰ ਸਿਰਫ਼ ਪਹਿਲੀ ਤੋਂ ਪੰਜਵੀਂ ਕਲਾਸ ਤਕ ਪੜ੍ਹਾਉਣ ਦੀ ਸਹੂਲਤ ਸੀ। ਮੈਂ ਰੋਜ਼ ਸਵੇਰੇ ਸਿਰਫ਼ ਦੋ ਘੰਟੇ ਸਕੂਲ ਜਾਂਦੀ ਸੀ ਜਿਸ ਕਰਕੇ ਮੈਂ ਬਹੁਤੀ ਪੜ੍ਹਾਈ ਨਾ ਕਰ ਸਕੀ। ਪਰ ਪਿਤਾ ਜੀ ਚਾਹੁੰਦੇ ਸਨ ਕਿ ਉਨ੍ਹਾਂ ਦੇ ਬੱਚੇ ਚੰਗੇ ਪੜ੍ਹ-ਲਿਖ ਜਾਣ। ਇਸ ਲਈ ਅਸੀਂ ਊਮਬੁਲਗਰੀ ਛੱਡ ਕੇ ਵਿਨਡਮ ਸ਼ਹਿਰ ਰਹਿਣ ਚਲੇ ਗਏ। ਆਪਣਾ ਜੱਦੀ ਪਿੰਡ ਛੱਡ ਕੇ ਮੈਂ ਬਹੁਤ ਉਦਾਸ ਹੋਈ, ਪਰ ਵਿਨਡਮ ਵਿਚ ਮੈਂ 1949 ਤੋਂ 1952 ਤਕ ਚੰਗੇ ਸਕੂਲ ਵਿਚ ਪੜ੍ਹੀ। ਮੈਂ ਪਿਤਾ ਜੀ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਮੈਨੂੰ ਵਧੀਆ ਸਕੂਲ ਵਿਚ ਪੜ੍ਹਾਇਆ-ਲਿਖਾਇਆ।

ਮਾਤਾ ਜੀ ਇਕ ਡਾਕਟਰ ਲਈ ਕੰਮ ਕਰਦੇ ਸਨ ਤੇ ਜਦ ਮੈਂ 15 ਸਾਲ ਦੀ ਉਮਰ ਤੇ ਸਕੂਲ ਦੀ ਪੜ੍ਹਾਈ ਖ਼ਤਮ ਕੀਤੀ, ਤਾਂ ਇਸ ਡਾਕਟਰ ਨੇ ਮੈਨੂੰ ਵਿਨਡਮ ਹਸਪਤਾਲ ਵਿਚ ਨਰਸ ਦੀ ਨੌਕਰੀ ਦਿਲਾਉਣ ਬਾਰੇ ਗੱਲ ਕੀਤੀ। ਮੈਂ ਖ਼ੁਸ਼ੀ-ਖ਼ੁਸ਼ੀ ਹਾਂ ਕਰ ਦਿੱਤੀ ਕਿਉਂਕਿ ਉਸ ਸਮੇਂ ਨੌਕਰੀ ਲੱਭਣੀ ਮੁਸ਼ਕਲ ਸੀ।

ਕੁਝ ਸਾਲਾਂ ਬਾਅਦ ਮੇਰੀ ਮੁਲਾਕਾਤ ਐਲਕ ਨਾਲ ਹੋਈ ਜੋ ਗੋਰੀ ਨਸਲ ਦਾ ਸੀ। ਐਲਕ ਪੇਸ਼ੇ ਤੋਂ ਪਸ਼ੂ ਪਾਲਕ ਸੀ। ਸਾਡਾ ਵਿਆਹ 1964 ਵਿਚ ਡਰਬੀ ਸ਼ਹਿਰ ਵਿਚ ਹੋਇਆ ਜਿੱਥੇ ਮੈਂ ਬਾਕਾਇਦਾ ਐਂਗਲੀਕੀ ਚਰਚ ਜਾਂਦੀ ਸੀ। ਇਕ ਦਿਨ ਯਹੋਵਾਹ ਦੇ ਗਵਾਹ ਸਾਡੇ ਘਰ ਆਏ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਨੂੰ ਉਨ੍ਹਾਂ ਦੀਆਂ ਗੱਲਾਂ ਵਿਚ ਕੋਈ ਦਿਲਚਸਪੀ ਨਹੀਂ ਸੀ ਤੇ ਉਹ ਮੇਰੇ ਘਰ ਦੁਬਾਰਾ ਨਾ ਆਉਣ। ਫਿਰ ਵੀ, ਉਨ੍ਹਾਂ ਦੀ ਇਕ ਗੱਲ ਮੇਰੇ ਮਨ ਵਿਚ ਬੈਠ ਗਈ ਕਿ ਪਰਮਾਤਮਾ ਦਾ ਨਾਂ ਯਹੋਵਾਹ ਹੈ।

“ਕੀ ਤੂੰ ਆਪ ਪ੍ਰਾਰਥਨਾ ਨਹੀਂ ਕਰ ਸਕਦੀ?”

ਸਾਲ 1965 ਤੋਂ ਸਾਡੀ ਜ਼ਿੰਦਗੀ ਵਿਚ ਕਈ ਮੁਸ਼ਕਲਾਂ ਆਈਆਂ। ਮੇਰੇ ਪਤੀ ਤਿੰਨ ਵਾਰ ਗੰਭੀਰ ਹਾਦਸਿਆਂ ਵਿਚ ਬੁਰੀ ਤਰ੍ਹਾਂ ਜ਼ਖ਼ਮੀ ਹੋਏ। ਦੋ ਵਾਰੀ ਉਹ ਘੋੜੇ ਤੋਂ ਡਿਗੇ ਤੇ ਇਕ ਵਾਰ ਉਨ੍ਹਾਂ ਦੀ ਕਾਰ ਨਾਲ ਹਾਦਸਾ ਹੋ ਗਿਆ। ਪਰ ਸ਼ੁਕਰ ਹੈ ਕਿ ਉਹ ਤਿੰਨੇ ਵਾਰੀ ਠੀਕ ਹੋ ਗਏ ਤੇ ਆਮ ਵਾਂਗ ਆਪਣੇ ਕੰਮ ਕਰਨ ਲੱਗ ਪਏ। ਪਰ ਇਸ ਤੋਂ ਥੋੜ੍ਹੀ ਦੇਰ ਬਾਅਦ ਉਹ ਦੁਬਾਰਾ ਆਪਣੇ ਘੋੜੇ ਤੋਂ ਡਿੱਗ ਪਏ। ਇਸ ਵਾਰ ਸਿਰ ਤੇ ਜ਼ਿਆਦਾ ਸੱਟਾਂ ਲੱਗੀਆਂ। ਜਦ ਮੈਂ ਹਸਪਤਾਲ ਪਹੁੰਚੀ, ਤਾਂ ਡਾਕਟਰ ਨੇ ਮੈਨੂੰ ਦੱਸਿਆ ਕਿ ਮੇਰੇ ਪਤੀ ਮਰਨ ਕਿਨਾਰੇ ਸਨ। ਇਹ ਸੁਣ ਕੇ ਮੈਂ ਸੁੰਨ ਹੋ ਗਈ। ਇਕ ਨਰਸ ਦੇ ਕਹਿਣ ਤੇ ਮੈਂ ਪਾਦਰੀ ਨੂੰ ਹਸਪਤਾਲ ਆਉਣ ਲਈ ਕਿਹਾ, ਪਰ ਉਸ ਨੇ ਜਵਾਬ ਦਿੱਤਾ: “ਹੁਣ ਨਹੀਂ। ਮੈਂ ਕੱਲ੍ਹ ਨੂੰ ਆਵਾਂਗਾ!”

ਮੈਂ ਚਾਹੁੰਦੀ ਸੀ ਕਿ ਪਾਦਰੀ ਬੈਠ ਕੇ ਮੇਰੇ ਨਾਲ ਪ੍ਰਾਰਥਨਾ ਕਰੇ ਤੇ ਮੈਂ ਚਰਚ ਵਿਚ ਜਾ ਕੇ ਨਨ ਨੂੰ ਇਹ ਗੱਲ ਦੱਸੀ। ਪਰ ਉਸ ਨੇ ਕਿਹਾ: “ਤੈਨੂੰ ਕੀ ਗੱਲ ਹੈ? ਕੀ ਤੂੰ ਆਪ ਪ੍ਰਾਰਥਨਾ ਨਹੀਂ ਕਰ ਸਕਦੀ?” ਸੋ ਮੈਂ ਚਰਚ ਵਿਚ ਮੂਰਤੀਆਂ ਅੱਗੇ ਮਿੰਨਤਾਂ ਕੀਤੀਆਂ, ਪਰ ਕੋਈ ਫ਼ਰਕ ਨਹੀਂ ਪਿਆ। ਮੇਰੇ ਪਤੀ ਦੀ ਹਾਲਤ ਵਿਗੜਦੀ ਜਾ ਰਹੀ ਸੀ। ਮੈਂ ਮਨ ਹੀ ਮਨ ਵਿਚ ਇਹ ਸੋਚਦੀ ਰਹੀ, ‘ਜੇ ਇਨ੍ਹਾਂ ਨੂੰ ਕੁਝ ਹੋ ਗਿਆ, ਤਾਂ ਮੈਂ ਕੀ ਕਰਾਂਗੀ?’ ਮੈਨੂੰ ਆਪਣੇ ਤਿੰਨ ਬੱਚਿਆਂ ਕ੍ਰਿਸਟੀਨ, ਨਨੈਟ ਤੇ ਜੈਫਰੀ ਦੀ ਵੀ ਚਿੰਤਾ ਸੀ। ਆਪਣੇ ਪਿਤਾ ਦੀ ਛਤਰ-ਛਾਇਆ ਬਗੈਰ ਉਨ੍ਹਾਂ ਦਾ ਕੀ ਬਣੇਗਾ? ਪਰ ਖ਼ੁਸ਼ੀ ਦੀ ਗੱਲ ਹੈ ਕਿ ਤਿੰਨ ਦਿਨ ਬਾਅਦ ਮੇਰੇ ਪਤੀ ਹੋਸ਼ ਵਿਚ ਆ ਗਏ ਤੇ 6 ਦਸੰਬਰ 1966 ਨੂੰ ਉਨ੍ਹਾਂ ਨੂੰ ਹਸਪਤਾਲੋਂ ਛੁੱਟੀ ਮਿਲ ਗਈ।

ਮੇਰੇ ਪਤੀ ਵੈਸੇ ਤਾਂ ਤੰਦਰੁਸਤ ਹੋ ਗਏ, ਪਰ ਉਨ੍ਹਾਂ ਦੇ ਸਿਰ ਤੇ ਲੱਗੀ ਸੱਟ ਦਾ ਦਿਮਾਗ਼ ਤੇ ਅਸਰ ਪਿਆ। ਨਤੀਜੇ ਵਜੋਂ ਉਹ ਕਈ ਗੱਲਾਂ ਭੁੱਲ ਗਏ। ਉਨ੍ਹਾਂ ਦਾ ਮੂਡ ਮੌਸਮ ਵਾਂਗ ਬਦਲ ਜਾਂਦਾ ਸੀ ਤੇ ਉਹ ਬੱਚਿਆਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਤੇ ਭੜਕ ਉੱਠਦੇ ਸਨ। ਉਨ੍ਹਾਂ ਦੀ ਦੇਖ-ਭਾਲ ਕਰਨੀ ਬਹੁਤ ਔਖੀ ਸੀ। ਮੈਨੂੰ ਉਨ੍ਹਾਂ ਲਈ ਸਭ ਕੁਝ ਕਰਨਾ ਪਿਆ। ਮੈਂ ਉਨ੍ਹਾਂ ਨੂੰ ਦੁਬਾਰਾ ਪੜ੍ਹਨਾ-ਲਿਖਣਾ ਵੀ ਸਿਖਾਇਆ। ਘਰ ਦਾ ਕੰਮ-ਕਾਰ ਕਰਨ ਦੇ ਨਾਲ-ਨਾਲ ਪਤੀ ਦੀ ਵੀ ਦੇਖ-ਭਾਲ ਕਰਨ ਦਾ ਤਣਾਅ ਮੈਂ ਸਹਾਰ ਨਾ ਸਕੀ ਅਤੇ ਮੈਂ ਬਹੁਤ ਬੀਮਾਰ ਹੋ ਗਈ। ਮੇਰੇ ਪਤੀ ਦੇ ਹਾਦਸੇ ਤੋਂ ਸੱਤ ਸਾਲ ਬਾਅਦ ਅਸੀਂ ਫ਼ੈਸਲਾ ਕੀਤਾ ਕਿ ਮੇਰੀ ਸਿਹਤ ਦੀ ਖ਼ਾਤਰ ਅਸੀਂ ਥੋੜ੍ਹੀ ਦੇਰ ਜੁਦਾ ਹੋ ਜਾਈਏ।

ਮੈਂ ਬੱਚਿਆਂ ਨਾਲ ਦੱਖਣੀ ਆਸਟ੍ਰੇਲੀਆ ਵਿਚ ਪਰਥ ਸ਼ਹਿਰ ਰਹਿਣ ਚਲੀ ਗਈ। ਇਸ ਤੋਂ ਕੁਝ ਸਮਾਂ ਪਹਿਲਾਂ ਪੱਛਮੀ ਆਸਟ੍ਰੇਲੀਆ ਦੇ ਕੁਨੁਨੁਰਾ ਸ਼ਹਿਰ ਵਿਚ ਮੇਰੀ ਭੈਣ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ ਸੀ। ਉਸ ਨੇ ਸੱਚ ਜਿਹੜਾ ਅਨੰਤ ਜ਼ਿੰਦਗੀ ਵਲ ਲੈ ਜਾਂਦਾ ਹੈ * ਕਿਤਾਬ ਵਿੱਚੋਂ ਮੈਨੂੰ ਬਾਗ਼ ਵਰਗੀ ਸੋਹਣੀ ਧਰਤੀ ਦੀ ਇਕ ਤਸਵੀਰ ਦਿਖਾਈ ਜਿਸ ਵਿਚ ਲੋਕ ਸੁਖ-ਸ਼ਾਂਤੀ ਵਿਚ ਜੀ ਰਹੇ ਸਨ। ਇਸ ਕਿਤਾਬ ਵਿੱਚੋਂ ਉਸ ਨੇ ਮੈਨੂੰ ਦਿਖਾਇਆ ਕਿ ਪਰਮਾਤਮਾ ਦਾ ਨਾਂ ਯਹੋਵਾਹ ਹੈ। ਇਹ ਗੱਲ ਮੈਨੂੰ ਬਹੁਤ ਚੰਗੀ ਲੱਗੀ। ਚਰਚ ਵਿਚ ਮੈਂ ਅਜਿਹੀਆਂ ਗੱਲਾਂ ਕਦੀ ਨਹੀਂ ਸੁਣੀਆਂ ਸਨ, ਇਸ ਲਈ ਮੈਂ ਫ਼ੈਸਲਾ ਕੀਤਾ ਕਿ ਪਰਥ ਵਿਚ ਟਿਕਣ ਤੋਂ ਬਾਅਦ ਮੈਂ ਯਹੋਵਾਹ ਦੇ ਗਵਾਹਾਂ ਨੂੰ ਟੈਲੀਫ਼ੋਨ ਕਰਾਂਗੀ।

ਪਰ ਮੈਂ ਉਨ੍ਹਾਂ ਨਾਲ ਸੰਪਰਕ ਕਰਨ ਤੋਂ ਥੋੜ੍ਹਾ ਹਿਚਕਿਚਾਉਂਦੀ ਸੀ। ਫਿਰ ਇਕ ਸ਼ਾਮ ਦਰਵਾਜ਼ੇ ਦੀ ਘੰਟੀ ਵੱਜੀ। ਮੇਰੇ ਮੁੰਡੇ ਨੇ ਦਰਵਾਜ਼ਾ ਖੋਲ੍ਹਿਆ ਤੇ ਆ ਕੇ ਮੈਨੂੰ ਕਿਹਾ: “ਮੰਮੀ ਜੀ ਉਹ ਲੋਕ ਆਏ ਹਨ ਜਿਨ੍ਹਾਂ ਨੂੰ ਤੁਸੀਂ ਟੈਲੀਫ਼ੋਨ ਕਰਨਾ ਸੀ।” ਮੈਂ ਹੈਰਾਨ ਹੋਈ ਤੇ ਕਿਹਾ: “ਉਨ੍ਹਾਂ ਨੂੰ ਕਹਿ ਦੇ ਕਿ ਮੈਂ ਘਰ ਨਹੀਂ!” ਪਰ ਉਸ ਨੇ ਜਵਾਬ ਦਿੱਤਾ, “ਮੰਮੀ ਜੀ ਤੁਸੀਂ ਜਾਣਦੇ ਹੋ ਕਿ ਸਾਨੂੰ ਝੂਠ ਨਹੀਂ ਬੋਲਣਾ ਚਾਹੀਦਾ।” ਆਪਣੇ ਮੁੰਡੇ ਦੀ ਗੱਲ ਸੁਣ ਕੇ ਮੈਨੂੰ ਆਪਣੇ ਤੇ ਸ਼ਰਮ ਆਈ ਤੇ ਮੈਂ ਘਰ ਆਏ ਮਹਿਮਾਨਾਂ ਨੂੰ ਮਿਲਣ ਲਈ ਦਰਵਾਜ਼ੇ ਤੇ ਗਈ। ਮੈਨੂੰ ਦੇਖ ਕੇ ਉਹ ਥੋੜ੍ਹੇ ਹੈਰਾਨ ਹੋਏ। ਅਸਲ ਵਿਚ ਉਹ ਇਸ ਘਰ ਵਿਚ ਰਹਿੰਦੇ ਪਹਿਲੇ ਕਿਰਾਏਦਾਰਾਂ ਨੂੰ ਮਿਲਣ ਆਏ ਸਨ। ਮੈਂ ਉਨ੍ਹਾਂ ਨੂੰ ਅੰਦਰ ਬੁਲਾਇਆ ਅਤੇ ਸਵਾਲਾਂ ਦੀ ਬੁਛਾੜ ਕਰ ਦਿੱਤੀ। ਉਨ੍ਹਾਂ ਨੇ ਮੇਰੇ ਹਰ ਸਵਾਲ ਦਾ ਜਵਾਬ ਬਾਈਬਲ ਵਿੱਚੋਂ ਦਿੱਤਾ।

ਅਗਲੇ ਹਫ਼ਤੇ ਮੈਂ ਸੱਚ ਜਿਹੜਾ ਅਨੰਤ ਜ਼ਿੰਦਗੀ ਵਲ ਲੈ ਜਾਂਦਾ ਹੈ ਕਿਤਾਬ ਵਿੱਚੋਂ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਸਟੱਡੀ ਕਰਨ ਨਾਲ ਮੇਰੇ ਅੰਦਰ ਪਰਮੇਸ਼ੁਰ ਬਾਰੇ ਸਿੱਖਣ ਦੀ ਖ਼ਾਹਸ਼ ਦੁਬਾਰਾ ਜਾਗ ਪਈ। ਦੋ ਹਫ਼ਤੇ ਬਾਅਦ ਮੈਂ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਗਵਾਹਾਂ ਦੀ ਸਭਾ ਵਿਚ ਗਈ। ਉਸ ਤੋਂ ਬਾਅਦ ਮੈਂ ਹਰ ਐਤਵਾਰ ਸਭਾਵਾਂ ਵਿਚ ਜਾਣ ਲੱਗ ਪਈ ਤੇ ਫਿਰ ਬਾਕੀ ਸਾਰੀਆਂ ਸਭਾਵਾਂ ਵਿਚ ਵੀ। ਮੈਂ ਜੋ ਕੁਝ ਸਿੱਖ ਰਹੀ ਸੀ, ਦੂਸਰਿਆਂ ਨੂੰ ਦੱਸਣ ਲੱਗ ਪਈ। ਬਾਈਬਲ ਦੀਆਂ ਗੱਲਾਂ ਦੂਸਰਿਆਂ ਨੂੰ ਸਿਖਾਉਣ ਕਰਕੇ ਮੇਰੀ ਸਿਹਤ ਉੱਤੇ ਵੀ ਚੰਗਾ ਅਸਰ ਪਿਆ। ਛੇ ਮਹੀਨੇ ਬਾਅਦ ਮੈਂ ਪਰਥ ਦੇ ਇਕ ਵੱਡੇ ਸੰਮੇਲਨ ਵਿਚ ਬਪਤਿਸਮਾ ਲੈ ਲਿਆ।

ਬਾਈਬਲ ਤੋਂ ਮੈਂ ਇਹ ਵੀ ਸਿੱਖਿਆ ਕਿ ਯਹੋਵਾਹ ਦੀਆਂ ਨਜ਼ਰਾਂ ਵਿਚ ਵਿਆਹ ਦਾ ਬੰਧਨ ਪਵਿੱਤਰ ਹੈ। ਮਿਸਾਲ ਲਈ, ਮੈਂ ਬਾਈਬਲ ਵਿਚ 1 ਕੁਰਿੰਥੀਆਂ 7:13 ਪੜ੍ਹਿਆ ਜਿੱਥੇ ਲਿਖਿਆ ਹੈ: “ਜਿਹੜੀ ਪਤਨੀ ਦਾ ਬੇਪਰਤੀਤ ਪਤੀ ਹੋਵੇ ਅਤੇ ਇਹ ਉਸ ਦੇ ਨਾਲ ਰਹਿਣ ਨੂੰ ਪਰਸੰਨ ਹੋਵੇ ਤਾਂ ਉਹ ਆਪਣੇ ਪਤੀ ਨੂੰ ਨਾ ਤਿਆਗੇ।” ਇਸ ਕਰਕੇ ਮੈਂ ਆਪਣੇ ਪਤੀ ਐਲਕ ਕੋਲ ਵਾਪਸ ਜਾਣ ਦਾ ਫ਼ੈਸਲਾ ਕੀਤਾ।

ਮੈਂ ਡਰਬੀ ਵਾਪਸ ਆਈ

ਆਪਣੇ ਪਤੀ ਤੋਂ ਪੰਜ ਸਾਲ ਅਲੱਗ ਰਹਿਣ ਤੋਂ ਬਾਅਦ ਮੈਂ 21 ਜੂਨ 1979 ਨੂੰ ਡਰਬੀ ਵਾਪਸ ਆਈ। ਮੈਂ ਡਰ ਰਹੀ ਸੀ ਕਿ ਪਤਾ ਨਹੀਂ ਐਲਕ ਮੇਰੇ ਵਾਪਸ ਆਉਣ ਬਾਰੇ ਕੀ ਸੋਚਣਗੇ। ਪਰ ਉਹ ਮੈਨੂੰ ਦੇਖ ਕੇ ਬਹੁਤ ਖ਼ੁਸ਼ ਹੋਏ। ਪਰ ਉਹ ਇਹ ਸੁਣ ਕੇ ਨਿਰਾਸ਼ ਜ਼ਰੂਰ ਹੋਏ ਕਿ ਮੈਂ ਯਹੋਵਾਹ ਦੀ ਗਵਾਹ ਬਣ ਗਈ ਸੀ। ਉਨ੍ਹਾਂ ਨੇ ਮੈਨੂੰ ਉਸੇ ਚਰਚ ਜਾਣ ਦੀ ਸਲਾਹ ਦਿੱਤੀ ਜਿੱਥੇ ਮੈਂ ਪਰਥ ਜਾਣ ਤੋਂ ਪਹਿਲਾਂ ਜਾਂਦੀ ਹੁੰਦੀ ਸੀ। ਪਰ ਮੈਂ ਸਮਝਾਇਆ ਕਿ ਮੈਂ ਚਰਚ ਨਹੀਂ ਜਾ ਸਕਦੀ। ਮੈਂ ਇਕ ਚੰਗੀ ਪਤਨੀ ਬਣ ਕੇ ਆਪਣੇ ਪਤੀ ਦਾ ਆਦਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਮੈਂ ਉਨ੍ਹਾਂ ਨਾਲ ਯਹੋਵਾਹ ਬਾਰੇ ਤੇ ਭਵਿੱਖ ਲਈ ਉਸ ਦੇ ਵਾਅਦਿਆਂ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਮੇਰੀ ਸੁਣਨ ਲਈ ਤਿਆਰ ਨਹੀਂ ਸਨ।

ਸਮੇਂ ਦੇ ਬੀਤਣ ਨਾਲ ਐਲਕ ਨੇ ਮੇਰੇ ਨਵੇਂ ਧਾਰਮਿਕ ਵਿਸ਼ਵਾਸਾਂ ਨਾਲ ਸਮਝੌਤਾ ਕਰ ਲਿਆ। ਉਨ੍ਹਾਂ ਨੇ ਸਭਾਵਾਂ ਤੇ ਵੱਡੇ-ਛੋਟੇ ਸੰਮੇਲਨਾਂ ਵਿਚ ਜਾਣ ਲਈ ਮੈਨੂੰ ਪੈਸੇ ਵੀ ਦਿੱਤੇ। ਉਸ ਨੇ ਮੈਨੂੰ ਕਾਰ ਲੈ ਕੇ ਦਿੱਤੀ ਤਾਂਕਿ ਮੈਂ ਪ੍ਰਚਾਰ ਕਰਨ ਜਾ ਸਕਾਂ। ਸਾਡੇ ਦੂਰ-ਦੁਰਾਡੇ ਇਲਾਕੇ ਵਿਚ ਇਹ ਮੇਰੇ ਲਈ ਇਕ ਵਰਦਾਨ ਸਾਬਤ ਹੋਈ। ਯਹੋਵਾਹ ਦੇ ਕਈ ਗਵਾਹ ਤੇ ਸਰਕਟ ਨਿਗਾਹਬਾਨ ਵੀ ਸਾਡੇ ਘਰ ਕਈ ਦਿਨ ਰਹਿਣ ਆਉਂਦੇ ਸਨ। ਇਸ ਤਰ੍ਹਾਂ ਐਲਕ ਕਾਫ਼ੀ ਗਵਾਹਾਂ ਨੂੰ ਜਾਣ ਗਿਆ ਤੇ ਉਨ੍ਹਾਂ ਦੀ ਸੰਗਤ ਵਿਚ ਉਹ ਖ਼ੁਸ਼ ਹੁੰਦਾ ਸੀ।

ਮੈਂ ਹਿਜ਼ਕੀਏਲ ਵਾਂਗ ਮਹਿਸੂਸ ਕੀਤਾ

ਮੈਨੂੰ ਬਹੁਤ ਚੰਗਾ ਲੱਗਦਾ ਸੀ ਜਦ ਭੈਣ-ਭਰਾ ਸਾਨੂੰ ਮਿਲਣ ਆਉਂਦੇ ਸਨ, ਪਰ ਮੇਰੀ ਇਕ ਮੁਸ਼ਕਲ ਸੀ। ਮੈਂ ਡਰਬੀ ਸ਼ਹਿਰ ਵਿਚ ਇਕੱਲੀ ਯਹੋਵਾਹ ਦੀ ਗਵਾਹ ਸੀ। ਸਭ ਤੋਂ ਨੇੜਲੀ ਕਲੀਸਿਯਾ 220 ਕਿਲੋਮੀਟਰ ਦੂਰ ਬਰੂਮ ਸ਼ਹਿਰ ਵਿਚ ਸੀ। ਸੋ ਮੈਂ ਫ਼ੈਸਲਾ ਕੀਤਾ ਕਿ ਜਿਸ ਹੱਦ ਤਕ ਹੋ ਸਕੇ ਮੈਂ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਾਂਗੀ। ਯਹੋਵਾਹ ਦੀ ਮਦਦ ਨਾਲ ਮੈਂ ਚੰਗੀ ਤਰ੍ਹਾਂ ਤਿਆਰੀ ਕੀਤੀ ਤੇ ਘਰ-ਘਰ ਜਾ ਕੇ ਪ੍ਰਚਾਰ ਕਰਨ ਲੱਗ ਪਈ। ਮੇਰੇ ਲਈ ਇਹ ਬਹੁਤ ਔਖਾ ਸੀ, ਪਰ ਮੈਂ ਪੌਲੁਸ ਦੇ ਸ਼ਬਦ ਯਾਦ ਰੱਖੇ: “ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸੱਕਦਾ ਹਾਂ।”—ਫ਼ਿਲਿੱਪੀਆਂ 4:13.

ਪਾਦਰੀ ਮੈਨੂੰ ਪ੍ਰਚਾਰ ਕਰਦੇ ਦੇਖ ਕੇ ਖ਼ੁਸ਼ ਨਹੀਂ ਸਨ, ਖ਼ਾਸ ਕਰਕੇ ਕਿਉਂਕਿ ਮੈਂ ਆਦਿਵਾਸੀਆਂ ਨੂੰ ਪ੍ਰਚਾਰ ਕਰ ਰਹੀ ਸੀ। ਉਨ੍ਹਾਂ ਨੇ ਮੈਨੂੰ ਡਰਾ-ਧਮਕਾ ਕੇ ਪ੍ਰਚਾਰ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਉਨ੍ਹਾਂ ਦੇ ਵਿਰੋਧ ਨੇ ਮੇਰੇ ਇਰਾਦੇ ਨੂੰ ਹੋਰ ਪੱਕਾ ਕਰ ਦਿੱਤਾ। ਮੈਂ ਯਹੋਵਾਹ ਦੀ ਮਦਦ ਲਈ ਪ੍ਰਾਰਥਨਾ ਕਰਦੀ ਰਹੀ। ਮੈਂ ਉਹ ਗੱਲ ਯਾਦ ਰੱਖੀ ਜੋ ਯਹੋਵਾਹ ਨੇ ਹਿਜ਼ਕੀਏਲ ਨੂੰ ਕਹੀ ਸੀ: “ਵੇਖ, ਮੈਂ ਉਨ੍ਹਾਂ ਦੇ ਚਿਹਰਿਆਂ ਦੇ ਵਿਰੁੱਧ ਤੇਰਾ ਚਿਹਰਾ ਕਠੋਰ ਅਤੇ ਤੇਰਾ ਮੱਥਾ ਉਨ੍ਹਾਂ ਦੇ ਮੱਥਿਆਂ ਦੇ ਵਿਰੁੱਧ ਕਠੋਰ ਕਰ ਦਿੱਤਾ ਹੈ। ਮੈਂ ਤੇਰੇ ਮੱਥੇ ਨੂੰ ਹੀਰੇ ਵਾਂਗਰ ਚਕਮਕ ਤੋਂ ਵੀ ਵਧੀਕ ਕਰੜਾ ਕਰ ਦਿੱਤਾ ਹੈ। ਉਨ੍ਹਾਂ ਤੋਂ ਨਾ ਡਰ ਅਤੇ ਉਨ੍ਹਾਂ ਦਿਆਂ ਚਿਹਰਿਆਂ ਤੋਂ ਭੈ ਭੀਤ ਨਾ ਹੋ।”—ਹਿਜ਼ਕੀਏਲ 3:8, 9.

ਕਈ ਵਾਰ ਚਰਚ ਦੇ ਦੋ ਆਦਮੀ ਬਾਜ਼ਾਰ ਵਿਚ ਮੇਰੇ ਕੋਲ ਆ ਕੇ ਉੱਚੀ ਆਵਾਜ਼ ਵਿਚ ਮੇਰਾ ਮਖੌਲ ਉਡਾਉਂਦੇ ਹੁੰਦੇ ਸਨ ਤਾਂਕਿ ਦੂਸਰੇ ਲੋਕ ਵੀ ਮੇਰੇ ਵੱਲ ਦੇਖਣ। ਪਰ ਮੈਂ ਉਨ੍ਹਾਂ ਵੱਲ ਧਿਆਨ ਨਹੀਂ ਦਿੰਦੀ ਸੀ। ਇਕ ਵਾਰ ਜਦ ਮੈਂ ਇਕ ਘਰ ਵਿਚ ਤੀਵੀਂ ਨਾਲ ਪਰਮੇਸ਼ੁਰ ਬਾਰੇ ਗੱਲ ਕਰ ਰਹੀ ਸੀ, ਤਾਂ ਇਕ ਪਾਦਰੀ ਆ ਕੇ ਕਹਿਣ ਲੱਗਾ ਕਿ ਮੈਂ ਯਿਸੂ ਉੱਤੇ ਨਿਹਚਾ ਨਹੀਂ ਕਰਦੀ। ਉਸ ਨੇ ਮੇਰੇ ਹੱਥੋਂ ਬਾਈਬਲ ਖੋਹ ਕੇ ਧਮਕੀ ਦਿੱਤੀ ਤੇ ਫਿਰ ਬਾਈਬਲ ਮੇਰੇ ਹੱਥ ਵਿਚ ਧੱਕ ਦਿੱਤੀ। ਮੈਂ ਹੌਸਲੇ ਨਾਲ ਉਸ ਵੱਲ ਦੇਖਿਆ ਅਤੇ ਨਰਮਾਈ ਨਾਲ ਯੂਹੰਨਾ 3:16 ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੈਂ ਯਿਸੂ ਉੱਤੇ ਨਿਹਚਾ ਜ਼ਰੂਰ ਕਰਦੀ ਹਾਂ। ਮੇਰਾ ਜਵਾਬ ਸੁਣ ਕੇ ਉਹ ਦੰਗ ਰਹਿ ਗਿਆ ਤੇ ਬਿਨਾਂ ਕੁਝ ਕਹੇ ਉੱਥੋਂ ਚਲੇ ਗਿਆ।

ਡਰਬੀ ਵਿਚ ਆਦਿਵਾਸੀਆਂ ਨੂੰ ਪ੍ਰਚਾਰ ਕਰ ਕੇ ਮੈਨੂੰ ਬਹੁਤ ਚੰਗਾ ਲੱਗਾ। ਇਕ ਪਾਦਰੀ ਨੇ ਮੈਨੂੰ ਇਕ ਕਬੀਲੇ ਦੇ ਲੋਕਾਂ ਨੂੰ ਮਿਲਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਬਦਲੀ ਹੋ ਗਈ। ਇਸ ਲਈ ਮੈਂ ਉਨ੍ਹਾਂ ਨਾਲ ਬਾਈਬਲ ਦੀਆਂ ਗੱਲਾਂ ਕਰ ਸਕੀ। ਮੈਂ ਹਮੇਸ਼ਾ ਆਪਣੀ ਮਾਸੀ ਜੀ ਦੀ ਤਰ੍ਹਾਂ ਮਿਸ਼ਨਰੀ ਬਣਨਾ ਚਾਹੁੰਦੀ ਸੀ ਤੇ ਹੁਣ ਮੈਂ ਵੀ ਹੋਰਨਾਂ ਨੂੰ ਬਾਈਬਲ ਦੀ ਸਿੱਖਿਆ ਦੇ ਕੇ ਮਿਸ਼ਨਰੀ ਦਾ ਕੰਮ ਕਰ ਰਹੀ ਸੀ। ਕਈ ਆਦਿਵਾਸੀਆਂ ਨੇ ਦਿਲਚਸਪੀ ਲਈ ਤੇ ਮੈਂ ਕਈ ਬਾਈਬਲ ਸਟੱਡੀਆਂ ਸ਼ੁਰੂ ਕੀਤੀਆਂ।

ਮੈਂ ਯਹੋਵਾਹ ਦੇ ਨਜ਼ਦੀਕ ਰਹਿਣ ਦਾ ਪੂਰਾ ਜਤਨ ਕੀਤਾ

ਪੰਜ ਸਾਲ ਤਕ ਮੇਰੇ ਤੋਂ ਇਲਾਵਾ ਡਰਬੀ ਵਿਚ ਹੋਰ ਕੋਈ ਯਹੋਵਾਹ ਦਾ ਗਵਾਹ ਨਹੀਂ ਸੀ। ਭੈਣਾਂ-ਭਰਾਵਾਂ ਤੋਂ ਦੂਰ ਹੋਣ ਕਰਕੇ ਤੇ ਬਾਕਾਇਦਾ ਸਭਾਵਾਂ ਵਿਚ ਨਾ ਜਾ ਸਕਣ ਕਰਕੇ ਮੇਰੇ ਲਈ ਆਪਣੀ ਨਿਹਚਾ ਪੱਕੀ ਰੱਖਣੀ ਮੁਸ਼ਕਲ ਸੀ। ਇਕ ਵਾਰ ਮੈਂ ਬਹੁਤ ਨਿਰਾਸ਼ ਸੀ ਤੇ ਆਪਣੀ ਉਦਾਸੀ ਦੂਰ ਕਰਨ ਲਈ ਕਾਰ ਲੈ ਕੇ ਘੁੰਮਣ ਚਲੀ ਗਈ। ਜਦ ਮੈਂ ਘਰ ਮੁੜੀ, ਤਾਂ ਇਕ ਭੈਣ ਬੈਟੀ ਬਤਰਫੀਲਡ ਆਪਣੇ ਸੱਤ ਬੱਚਿਆਂ ਨਾਲ ਮੈਨੂੰ ਮਿਲਣ ਆਈ ਹੋਈ ਸੀ। ਉਨ੍ਹਾਂ ਨੇ ਬਰੂਮ ਦੀ ਕਲੀਸਿਯਾ ਤੋਂ ਮੇਰੇ ਲਈ ਪ੍ਰਕਾਸ਼ਨ ਲਿਆਂਦੇ ਸਨ। ਉਸ ਸਮੇਂ ਤੋਂ ਇਹ ਭੈਣ ਹਰ ਮਹੀਨੇ ਮੇਰੇ ਨਾਲ ਦੋ ਦਿਨ ਰਹਿਣ ਆਉਂਦੀ ਰਹੀ। ਅਸੀਂ ਇਕੱਠੀਆਂ ਪ੍ਰਚਾਰ ਕਰਨ ਜਾਂਦੀਆਂ ਤੇ ਫਿਰ ਘਰ ਆ ਕੇ ਪਹਿਰਾਬੁਰਜ ਦਾ ਅਧਿਐਨ ਕਰਦੀਆਂ ਸੀ। ਫਿਰ ਮੈਂ ਵੀ ਹਰ ਮਹੀਨੇ ਇਕ ਵਾਰ ਬਰੂਮ ਜਾਣਾ ਸ਼ੁਰੂ ਕਰ ਦਿੱਤਾ।

ਬਰੂਮ ਦੇ ਭੈਣਾਂ-ਭਰਾਵਾਂ ਨੇ ਮੇਰੀ ਬਹੁਤ ਮਦਦ ਕੀਤੀ ਅਤੇ ਕਈ ਵਾਰ ਉਹ ਡਰਬੀ ਆ ਕੇ ਮੇਰੇ ਨਾਲ ਪ੍ਰਚਾਰ ਕਰਦੇ ਸਨ। ਹੋਰ ਥਾਵਾਂ ਤੋਂ ਜਦ ਵੀ ਕੋਈ ਭੈਣ-ਭਰਾ ਡਰਬੀ ਰਾਹੀਂ ਲੰਘਦੇ ਸਨ, ਤਾਂ ਬਰੂਮ ਦੇ ਭਰਾਵਾਂ ਨੇ ਉਨ੍ਹਾਂ ਨੂੰ ਮੈਨੂੰ ਮਿਲਣ ਤੇ ਮੇਰੇ ਨਾਲ ਪ੍ਰਚਾਰ ਕਰਨ ਦੀ ਪ੍ਰੇਰਣਾ ਦਿੱਤੀ। ਇਹ ਭੈਣ-ਭਰਾ ਮੇਰੇ ਲਈ ਪਬਲਿਕ ਭਾਸ਼ਣ ਦੀਆਂ ਟੇਪਾਂ ਵੀ ਲਿਆਉਂਦੇ ਸਨ। ਕਈ ਮੇਰੇ ਨਾਲ ਪਹਿਰਾਬੁਰਜ ਦਾ ਅਧਿਐਨ ਕਰਦੇ ਸਨ। ਇਨ੍ਹਾਂ ਮੁਲਾਕਾਤਾਂ ਤੋਂ ਮੈਨੂੰ ਬਹੁਤ ਹੌਸਲਾ ਮਿਲਿਆ।

ਮੈਨੂੰ ਹੋਰ ਮਦਦ ਮਿਲੀ

ਕਈ ਸਾਲ ਇਕ ਬਿਰਧ ਪਤੀ-ਪਤਨੀ ਆਰਥਰ ਤੇ ਮੈਰੀ ਵਿਲਿਸ ਹਰ ਸਾਲ ਤਿੰਨ ਮਹੀਨਿਆਂ ਲਈ ਡਰਬੀ ਆ ਕੇ ਮੇਰੀ ਮਦਦ ਕਰਦੇ ਰਹੇ। ਉਹ ਪੱਛਮੀ ਆਸਟ੍ਰੇਲੀਆ ਦੇ ਦੱਖਣੀ ਇਲਾਕੇ ਤੋਂ ਸਨ ਤੇ ਉਦੋਂ ਆਉਂਦੇ ਸਨ ਜਦ ਮੌਸਮ ਕੁਝ ਠੰਢਾ ਹੁੰਦਾ ਸੀ। ਭਰਾ ਵਿਲਿਸ ਸਭਾਵਾਂ ਚਲਾਉਂਦਾ ਸੀ ਤੇ ਪ੍ਰਚਾਰ ਦੇ ਕੰਮ ਵਿਚ ਅਗਵਾਈ ਕਰਦਾ ਸੀ। ਅਸੀਂ ਇਕੱਠੇ ਕਿੰਬਰਲੀ ਪਲੈਟੋ ਦੇ ਇਲਾਕੇ ਵਿਚ ਦੂਰ-ਦੁਰੇਡੇ ਫਾਰਮਾਂ ਨੂੰ ਜਾਂਦੇ ਸੀ। ਜਦ ਆਰਥਰ ਤੇ ਮੈਰੀ ਆਪਣੇ ਘਰ ਵਾਪਸ ਚਲੇ ਜਾਂਦੇ ਸਨ, ਤਾਂ ਮੈਨੂੰ ਉਨ੍ਹਾਂ ਦੀ ਬਹੁਤ ਯਾਦ ਆਉਂਦੀ ਸੀ।

ਫਿਰ 1983 ਦੇ ਅਖ਼ੀਰ ਵਿਚ ਮੈਨੂੰ ਇਹ ਖ਼ੁਸ਼ ਖ਼ਬਰੀ ਮਿਲੀ ਕਿ ਡੈਨੀ ਤੇ ਡਨੀਜ਼ ਸਟਰਜਨ ਆਪਣੇ ਚਾਰ ਮੁੰਡਿਆਂ ਨਾਲ ਡਰਬੀ ਰਹਿਣ ਆ ਰਹੇ ਸਨ। ਉਨ੍ਹਾਂ ਦੇ ਆਉਣ ਤੋਂ ਬਾਅਦ ਅਸੀਂ ਸਾਰੀਆਂ ਸਭਾਵਾਂ ਬਾਕਾਇਦਾ ਕਰ ਸਕੇ ਤੇ ਇਕੱਠੇ ਪ੍ਰਚਾਰ ਕਰਨ ਜਾ ਸਕੇ। ਸਾਲ 2001 ਵਿਚ ਇੱਥੇ ਇਕ ਕਲੀਸਿਯਾ ਬਣ ਗਈ। ਅੱਜ ਡਰਬੀ ਕਲੀਸਿਯਾ ਵਿਚ 24 ਭੈਣ-ਭਰਾ ਹਨ। ਦੋ ਬਜ਼ੁਰਗ ਤੇ ਇਕ ਸਹਾਇਕ ਸੇਵਕ ਸਾਡੀ ਚੰਗੀ ਤਰ੍ਹਾਂ ਦੇਖ-ਭਾਲ ਕਰ ਰਹੇ ਹਨ। ਕਦੀ-ਕਦੀ ਸਭਾਵਾਂ ਵਿਚ 30 ਜਣੇ ਹੁੰਦੇ ਹਨ।

ਜਦ ਮੈਂ ਬੀਤੇ ਸਾਲਾਂ ਨੂੰ ਯਾਦ ਕਰਦੀ ਹਾਂ, ਤਾਂ ਮੈਂ ਦੇਖ ਸਕਦੀ ਹਾਂ ਕਿ ਯਹੋਵਾਹ ਨੇ ਉਸ ਦੀ ਸੇਵਾ ਕਰਨ ਵਿਚ ਹਮੇਸ਼ਾ ਮੇਰੀ ਮਦਦ ਕੀਤੀ ਹੈ। ਭਾਵੇਂ ਮੇਰੇ ਪਤੀ ਅਜੇ ਯਹੋਵਾਹ ਦੀ ਸੇਵਾ ਨਹੀਂ ਕਰਦੇ, ਪਰ ਉਹ ਕਈ ਤਰੀਕਿਆਂ ਨਾਲ ਮੈਨੂੰ ਸਹਿਯੋਗ ਦਿੰਦੇ ਹਨ। ਮੇਰੀਆਂ ਦੋ ਕੁੜੀਆਂ, ਦੋ ਦੋਹਤੀਆਂ ਤੇ ਇਕ ਭਾਣਜੀ ਯਹੋਵਾਹ ਦੀਆਂ ਗਵਾਹਾਂ ਹਨ। ਇਸ ਤੋਂ ਇਲਾਵਾ ਮੇਰੇ ਹੋਰ ਰਿਸ਼ਤੇਦਾਰ ਵੀ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰ ਰਹੇ ਹਨ।

ਮੈਂ ਇਸ ਗੱਲ ਲਈ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਕਿ ਮੈਂ ਯਹੋਵਾਹ ਨੂੰ ਲੱਭ ਪਾਈ। ਮੈਂ ਹਮੇਸ਼ਾ ਲਈ ਉਸ ਦੀ ਸੇਵਾ ਕਰਨੀ ਚਾਹੁੰਦੀ ਹਾਂ।—ਜ਼ਬੂਰਾਂ ਦੀ ਪੋਥੀ 65:2.

[ਫੁਟਨੋਟ]

^ ਪੈਰਾ 14 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਸੀ, ਪਰ ਹੁਣ ਛਾਪੀ ਨਹੀਂ ਜਾਂਦੀ।

[ਸਫ਼ਾ 15 ਉੱਤੇ ਨਕਸ਼ਾ/ਤਸਵੀਰਾਂ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਆਸਟ੍ਰੇਲੀਆ

ਵਿਨਡਮ

ਕਿੰਬਰਲੀ ਪਲੈਟੋ

ਡਰਬੀ

ਬਰੂਮ

ਪਰਥ

[ਕ੍ਰੈਡਿਟ ਲਾਈਨਾਂ]

Kangaroo and lyrebird: Lydekker; koala: Meyers

[ਸਫ਼ਾ 14 ਉੱਤੇ ਤਸਵੀਰ]

ਵਿਨਡਮ ਹਸਪਤਾਲ ਵਿਚ ਨਰਸ ਵਜੋਂ ਕੰਮ ਕਰਦੇ ਵੇਲੇ, 1953

[ਸਫ਼ਾ 15 ਉੱਤੇ ਤਸਵੀਰ]

ਡਰਬੀ ਕਲੀਸਿਯਾ, 2005