Skip to content

Skip to table of contents

‘ਅਸਾਂ ਮਸੀਹ ਨੂੰ ਲੱਭ ਲਿਆ ਹੈ!’

‘ਅਸਾਂ ਮਸੀਹ ਨੂੰ ਲੱਭ ਲਿਆ ਹੈ!’

‘ਅਸਾਂ ਮਸੀਹ ਨੂੰ ਲੱਭ ਲਿਆ ਹੈ!’

ਅੰਦ੍ਰਿਯਾਸ ਅਤੇ ਫ਼ਿਲਿੱਪੁਸ ਨਾਮਕ ਪਹਿਲੀ ਸਦੀ ਦੇ ਦੋ ਯਹੂਦੀਆਂ ਨੇ ਐਲਾਨ ਕੀਤਾ: “ਜਿਹ ਦੇ ਵਿਖੇ ਮੂਸਾ ਨੇ ਤੁਰੇਤ ਵਿੱਚ ਅਤੇ ਨਬੀਆਂ ਨੇ ਲਿਖਿਆ ਸੋ ਅਸਾਂ ਉਸ ਨੂੰ ਲੱਭ” ਲਿਆ ਹੈ। ਉਨ੍ਹਾਂ ਨੂੰ ਪੱਕਾ ਵਿਸ਼ਵਾਸ ਸੀ ਕਿ ਉਨ੍ਹਾਂ ਦਾ ਉਹ ਮਸੀਹਾ ਆ ਗਿਆ ਸੀ ਜਿਸ ਦੇ ਆਉਣ ਦੀ ਉਹ ਉਡੀਕ ਕਰ ਰਹੇ ਸਨ।—ਯੂਹੰਨਾ 1:35-45.

ਉਨ੍ਹਾਂ ਦਿਨਾਂ ਵਿਚ ਬਹੁਤ ਸਾਰੇ ਲੋਕ ਮਸੀਹਾ ਦੀ ਉਡੀਕ ਵਿਚ ਸਨ। ਉਹ ਉਮੀਦ ਰੱਖਦੇ ਸਨ ਕਿ ਮੁਕਤੀਦਾਤਾ ਆ ਕੇ ਉਨ੍ਹਾਂ ਨੂੰ ਰੋਮੀ ਸ਼ਾਸਕਾਂ ਦੀ ਦਮਨਕਾਰੀ ਹਕੂਮਤ ਤੋਂ ਛੁਟਕਾਰਾ ਦਿਲਾਵੇਗਾ। ਉਸ ਵੇਲੇ ਧੂਮ-ਧਮਾਕੇ ਨਾਲ ਆਏ ਕਈ ਲੋਕ ਮਸੀਹਾ ਹੋਣ ਦਾ ਦਾਅਵਾ ਕਰ ਰਹੇ ਸਨ। ਉਨ੍ਹਾਂ ਨੇ ਲੋਕਾਂ ਦੇ ਦਿਲ ਜਿੱਤਣ ਲਈ ਵੱਡੇ-ਵੱਡੇ ਵਾਅਦੇ ਵੀ ਕੀਤੇ ਸਨ, ਪਰ ਜਦ ਉਹ ਢੌਂਗੀ ਸਾਬਤ ਹੋਏ, ਤਾਂ ਲੋਕਾਂ ਦੀਆਂ ਉਮੀਦਾਂ ਉੱਤੇ ਪਾਣੀ ਫਿਰ ਗਿਆ।—ਰਸੂਲਾਂ ਦੇ ਕਰਤੱਬ 5:34-37.

ਪਰ ਅੰਦ੍ਰਿਯਾਸ ਤੇ ਫ਼ਿਲਿੱਪੁਸ ਨੂੰ ਪੂਰਾ ਵਿਸ਼ਵਾਸ ਸੀ ਕਿ ਉਨ੍ਹਾਂ ਨੂੰ ਸੱਚਾ ਮਸੀਹਾ ਮਿਲ ਗਿਆ ਸੀ। ਅਗਲੇ ਸਾਲਾਂ ਵਿਚ ਉਨ੍ਹਾਂ ਦਾ ਇਹ ਵਿਸ਼ਵਾਸ ਹੋਰ ਵੀ ਪੱਕਾ ਹੋਇਆ ਜਦ ਉਨ੍ਹਾਂ ਨੇ ਅੱਖੀਂ ਉਸ ਦੁਆਰਾ ਕੀਤੇ ਗਏ ਉਹ ਚਮਤਕਾਰ ਦੇਖੇ ਜਿਨ੍ਹਾਂ ਬਾਰੇ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਮਸੀਹਾ ਕਰੇਗਾ।

ਇਨ੍ਹਾਂ ਦੋਹਾਂ ਦਾ ਅਤੇ ਹੋਰਨਾਂ ਲੋਕਾਂ ਦਾ ਇਸ ਮਸੀਹਾ ਵਿਚ ਵਿਸ਼ਵਾਸ ਇੰਨਾ ਪੱਕਾ ਕਿਉਂ ਸੀ? ਇਹ ਵਿਅਕਤੀ ਜਿਸ ਨੂੰ ਉਹ ਆਪਣਾ ਮੁਕਤੀਦਾਤਾ ਸਮਝ ਰਹੇ ਸਨ, ਉਨ੍ਹਾਂ ਦੂਸਰਿਆਂ ਵਿਅਕਤੀਆਂ ਵਰਗਾ ਕਿਉਂ ਨਹੀਂ ਸੀ ਜਿਨ੍ਹਾਂ ਨੇ ਮਸੀਹਾ ਹੋਣ ਦਾ ਦਾਅਵਾ ਕੀਤਾ ਸੀ? ਲੋਕ ਸੱਚੇ ਮਸੀਹਾ ਦੀ ਪਛਾਣ ਕਿੱਦਾਂ ਕਰ ਸਕਦੇ ਸਨ?

ਬਾਈਬਲ ਸਾਨੂੰ ਦੱਸਦੀ ਹੈ ਕਿ ਅੰਦ੍ਰਿਯਾਸ ਤੇ ਫ਼ਿਲਿੱਪੁਸ ਤਰਖਾਣ ਦੇ ਪੁੱਤਰ ਯਿਸੂ ਨਾਸਰੀ ਦੀ ਗੱਲ ਕਰ ਰਹੇ ਸਨ। ਉਨ੍ਹਾਂ ਨੂੰ ਯਕੀਨ ਸੀ ਕਿ ਯਿਸੂ ਹੀ ਵਾਅਦਾ ਕੀਤਾ ਗਿਆ ਮਸੀਹਾ ਸੀ ਜਿਸ ਦੀ ਉਹ ਸਭ ਉਡੀਕ ਕਰ ਰਹੇ ਸਨ। (ਯੂਹੰਨਾ 1:45) ਬਾਈਬਲ ਦੇ ਲਿਖਾਰੀ ਅਤੇ ਇਤਿਹਾਸਕਾਰ ਲੂਕਾ ਨੇ ਦੱਸਿਆ ਕਿ ਮਸੀਹਾ “ਤਿਬਿਰਿਯੁਸ ਕੈਸਰ ਦੇ ਰਾਜ ਦੇ ਪੰਦਰਵੇਂ ਵਰਹੇ” ਆਇਆ ਸੀ। (ਲੂਕਾ 3:1-3) ਤਿਬਿਰਿਯੁਸ ਕੈਸਰ ਦੇ ਰਾਜ ਦਾ ਪੰਦਰਵਾਂ ਸਾਲ, ਸਤੰਬਰ 28 ਈ. ਤੋਂ ਸ਼ੁਰੂ ਹੋ ਕੇ ਸਤੰਬਰ 29 ਈ. ਵਿਚ ਪੂਰਾ ਹੋਇਆ ਸੀ। ਲੂਕਾ ਇਹ ਵੀ ਦੱਸਦਾ ਹੈ ਕਿ ਇਸੇ ਸਮੇਂ ਦੌਰਾਨ ਯਹੂਦੀ ਲੋਕ ਮਸੀਹਾ ਨੂੰ ‘ਉਡੀਕ’ ਰਹੇ ਸਨ। (ਲੂਕਾ 3:15) ਆਓ ਆਪਾਂ ਦੇਖੀਏ ਕਿ ਲੋਕ ਖ਼ਾਸ ਕਰਕੇ ਇਸੇ ਸਮੇਂ ਤੇ ਹੀ ਮਸੀਹਾ ਨੂੰ ਕਿਉਂ ਉਡੀਕ ਰਹੇ ਸਨ।

ਮਸੀਹਾ ਹੋਣ ਦਾ ਸਬੂਤ

ਮਸੀਹਾ ਨੇ ਪਰਮੇਸ਼ੁਰ ਦਾ ਮਕਸਦ ਪੂਰਾ ਕਰਨ ਵਿਚ ਖ਼ਾਸ ਰੋਲ ਅਦਾ ਕਰਨਾ ਸੀ। ਇਸ ਲਈ ਪਰਮੇਸ਼ੁਰ ਨੇ ਆਪਣੇ ਬਚਨ ਵਿਚ ਮਸੀਹਾ ਬਾਰੇ ਬਹੁਤ ਸਾਰੀਆਂ ਗੱਲਾਂ ਦਰਜ ਕਰਵਾਈਆਂ ਸਨ ਤਾਂਕਿ ਮਸੀਹਾ ਦੀ ਉਡੀਕ ਕਰ ਰਹੇ ਉਸ ਦੇ ਵਫ਼ਾਦਾਰ ਸੇਵਕ ਉਸ ਦੀ ਪਛਾਣ ਕਰ ਸਕਣ। ਪਰਮੇਸ਼ੁਰ ਇਹ ਨਹੀਂ ਸੀ ਚਾਹੁੰਦਾ ਕਿ ਉਸ ਦੇ ਸੇਵਕ ਦੂਸਰਿਆਂ ਲੋਕਾਂ ਵਾਂਗ ਢੌਂਗੀਆਂ ਦੇ ਚੱਕਰ ਵਿਚ ਆ ਕੇ ਧੋਖਾ ਖਾ ਜਾਣ।

ਜਦ ਕੋਈ ਸਰਕਾਰ ਆਪਣੇ ਕਿਸੇ ਰਾਜਦੂਤ ਨੂੰ ਕਿਸੇ ਦੂਸਰੀ ਸਰਕਾਰ ਕੋਲ ਭੇਜਦੀ ਹੈ, ਤਾਂ ਰਾਜਦੂਤ ਆਪਣੀ ਪਛਾਣ ਕਰਾਉਣ ਵਾਸਤੇ ਜ਼ਰੂਰੀ ਕਾਗਜ਼ਾਤ ਆਪਣੇ ਨਾਲ ਲੈ ਕੇ ਜਾਂਦਾ ਹੈ। ਇਸੇ ਤਰ੍ਹਾਂ ਯਹੋਵਾਹ ਪਰਮੇਸ਼ੁਰ ਨੇ ਵੀ ਬਹੁਤ ਚਿਰ ਪਹਿਲਾਂ ਆਪਣੇ ਬਚਨ ਵਿਚ ਮਸੀਹਾ ਬਾਰੇ ਅਨੇਕ ਗੱਲਾਂ ਲਿਖਵਾਈਆਂ ਸਨ ਜਿਨ੍ਹਾਂ ਨੂੰ ਮਸੀਹਾ ਨੇ ਪੂਰਾ ਕਰਨਾ ਸੀ। ਇਸ ਲਈ ਜਦੋਂ ਮਸੀਹਾ ਜਾਂ “ਮੁਕਤੀਦਾਤਾ” ਪ੍ਰਗਟ ਹੋਇਆ, ਤਾਂ ਮਾਨੋ ਉਹ ਲਿਖਤੀ ਦਸਤਾਵੇਜ਼ ਲੈ ਕੇ ਆਇਆ ਸੀ ਜਿਸ ਤੋਂ ਉਸ ਦੀ ਪਛਾਣ ਹੋਣੀ ਸੀ।—ਰਸੂਲਾਂ ਦੇ ਕਰਤੱਬ 5:31.

ਪਰਮੇਸ਼ੁਰ ਨੇ ਮਸੀਹਾ ਬਾਰੇ ਭਵਿੱਖਬਾਣੀਆਂ ਬਾਈਬਲ ਵਿਚ ਬਹੁਤ ਸਦੀਆਂ ਪਹਿਲਾਂ ਲਿਖਵਾਈਆਂ ਸਨ। ਇਨ੍ਹਾਂ ਭਵਿੱਖਬਾਣੀਆਂ ਵਿਚ ਖੋਲ੍ਹ ਕੇ ਦੱਸਿਆ ਗਿਆ ਸੀ ਕਿ ਮਸੀਹਾ ਨੇ ਕਿਸ ਤਰ੍ਹਾਂ ਆਉਣਾ ਸੀ, ਉਸ ਨੇ ਕਾਹਦੇ ਬਾਰੇ ਪ੍ਰਚਾਰ ਕਰਨਾ ਸੀ, ਉਸ ਉੱਤੇ ਦੂਸਰਿਆਂ ਨੇ ਕਿਹੋ ਜਿਹੇ ਜ਼ੁਲਮ ਢਾਉਣੇ ਸਨ ਅਤੇ ਉਸ ਦੀ ਮੌਤ ਕਿਸ ਤਰ੍ਹਾਂ ਹੋਣੀ ਸੀ। ਇਨ੍ਹਾਂ ਭਵਿੱਖਬਾਣੀਆਂ ਵਿਚ ਇਹ ਵੀ ਦੱਸਿਆ ਗਿਆ ਸੀ ਕਿ ਮੌਤ ਤੋਂ ਬਾਅਦ ਉਸ ਨੂੰ ਦੁਬਾਰਾ ਜ਼ਿੰਦਾ ਕੀਤਾ ਜਾਵੇਗਾ, ਉਹ ਸਵਰਗ ਨੂੰ ਵਾਪਸ ਜਾ ਕੇ ਪਰਮੇਸ਼ੁਰ ਦੇ ਸੱਜੇ ਹੱਥ ਬੈਠੇਗਾ ਅਤੇ ਭਵਿੱਖ ਵਿਚ ਉਹ ਆਪਣੇ ਰਾਜ ਰਾਹੀਂ ਦੁਨੀਆਂ ਉੱਤੇ ਬਰਕਤਾਂ ਵਰ੍ਹਾਵੇਗਾ। ਜੀ ਹਾਂ, ਇਹ ਭਵਿੱਖਬਾਣੀਆਂ ਉੱਨੀਆਂ ਹੀ ਭਰੋਸੇਯੋਗ ਹਨ ਜਿੰਨੇ ਇਕ ਇਨਸਾਨ ਦੀ ਪਛਾਣ ਕਰਨ ਲਈ ਉਸ ਦੀਆਂ ਉਂਗਲਾਂ ਦੇ ਨਿਸ਼ਾਨ ਹਨ।

ਇਹ ਸੱਚ ਹੈ ਕਿ ਜਦ ਯਿਸੂ 29 ਈ. ਨੂੰ ਮਸੀਹਾ ਵਜੋਂ ਪ੍ਰਗਟ ਹੋਇਆ, ਤਾਂ ਮਸੀਹਾ ਬਾਰੇ ਸਾਰੀਆਂ ਭਵਿੱਖਬਾਣੀਆਂ ਉਸੇ ਵੇਲੇ ਪੂਰੀਆਂ ਨਹੀਂ ਹੋਈਆਂ ਸਨ। ਮਿਸਾਲ ਲਈ, ਉਸ ਵੇਲੇ ਉਸ ਨੂੰ ਮਾਰਿਆ ਅਤੇ ਜੀ ਉਠਾਇਆ ਨਹੀਂ ਗਿਆ ਸੀ। ਲੇਕਿਨ ਉਸ ਦੀਆਂ ਸਿੱਖਿਆਵਾਂ ਅਤੇ ਕੰਮਾਂ ਤੋਂ ਅੰਦ੍ਰਿਯਾਸ, ਫ਼ਿਲਿੱਪੁਸ ਅਤੇ ਹੋਰ ਬਹੁਤ ਸਾਰੇ ਲੋਕਾਂ ਨੂੰ ਪੱਕਾ ਵਿਸ਼ਵਾਸ ਹੋ ਗਿਆ ਸੀ ਕਿ ਯਿਸੂ ਹੀ ਮਸੀਹਾ ਸੀ। ਉਨ੍ਹਾਂ ਦੇ ਸਾਮ੍ਹਣੇ ਇੰਨਾ ਵੱਡਾ ਸਬੂਤ ਹੋਣ ਕਰਕੇ ਉਹ ਸ਼ੱਕ ਕਰ ਹੀ ਨਹੀਂ ਸਕਦੇ ਸਨ। ਜੇ ਤੁਸੀਂ ਵੀ ਉਸ ਸਮੇਂ ਜੀਉਂਦੇ ਹੁੰਦੇ ਅਤੇ ਆਪਣੀ ਅੱਖੀਂ ਇਹ ਸਬੂਤ ਦੇਖਦੇ, ਤਾਂ ਤੁਹਾਨੂੰ ਵੀ ਸ਼ਾਇਦ ਯਕੀਨ ਹੁੰਦਾ ਕਿ ਯਿਸੂ ਸੱਚ-ਮੁੱਚ ਮਸੀਹਾ ਸੀ।

ਵੱਖ-ਵੱਖ ਗੱਲਾਂ ਨੂੰ ਮਿਲਾ ਕੇ ਬਣਿਆ ਸਬੂਤ

ਤੁਹਾਨੂੰ ਇਸ ਸਿੱਟੇ ਤੇ ਪਹੁੰਚਣ ਵਿਚ ਕਿਹੜੀ ਗੱਲ ਮਦਦ ਕਰਦੀ? ਇਸ ਵਿਚ ਕੋਈ ਸ਼ੱਕ ਨਹੀਂ ਕਿ ਸਦੀਆਂ ਦੌਰਾਨ ਬਾਈਬਲ ਵਿਚ ਨਬੀਆਂ ਨੇ ਠੀਕ ਉਹੀ ਗੱਲਾਂ ਦੱਸ ਕੇ ਪੱਕਾ ਸਬੂਤ ਪੇਸ਼ ਕੀਤਾ ਹੈ ਜਿਸ ਤੋਂ ਮਸੀਹਾ ਦੀ ਪਛਾਣ ਕੀਤੀ ਜਾ ਸਕਦੀ ਹੈ। ਸਦੀਆਂ ਦੌਰਾਨ ਜਿਉਂ-ਜਿਉਂ ਨਬੀ ਮਸੀਹਾ ਬਾਰੇ ਵੱਖ-ਵੱਖ ਗੱਲਾਂ ਦੱਸਦੇ ਗਏ, ਤਿਉਂ-ਤਿਉਂ ਮਸੀਹਾ ਦੀ ਮਾਨੋ ਤਸਵੀਰ ਬਣ ਕੇ ਸਾਮ੍ਹਣੇ ਆਉਂਦੀ ਗਈ। ਇਤਿਹਾਸਕਾਰ ਹੈਨਰੀ ਐੱਚ. ਹੈਲੀ ਇਸ ਗੱਲ ਨੂੰ ਇਸ ਤਰ੍ਹਾਂ ਸਮਝਾਉਂਦਾ ਹੈ: “ਮੰਨ ਲਓ ਕਿ ਵੱਖੋ-ਵੱਖਰੇ ਦੇਸ਼ਾਂ ਦੇ ਆਦਮੀ ਇਕ ਕਮਰੇ ਵਿਚ ਇਕੱਠੇ ਹੁੰਦੇ ਹਨ ਜਿਨ੍ਹਾਂ ਨੇ ਪਹਿਲਾਂ ਕਦੇ ਇਕ-ਦੂਜੇ ਨੂੰ ਨਾ ਦੇਖਿਆ ਅਤੇ ਨਾ ਹੀ ਉਨ੍ਹਾਂ ਨੇ ਕਦੇ ਇਕ-ਦੂਜੇ ਨਾਲ ਗੱਲ ਕੀਤੀ। ਹਰ ਆਦਮੀ ਕਿਸੇ ਬੁੱਤ ਦਾ ਵੱਖੋ-ਵੱਖਰਾ ਟੁਕੜਾ ਜਾਂ ਅੰਗ ਪੇਸ਼ ਕਰਦਾ ਹੈ। ਇਕ ਦੇ ਕੋਲ ਬਾਂਹ, ਦੂਜੇ ਕੋਲ ਲੱਤ, ਤੀਜੇ ਕੋਲ ਸਿਰ, ਵਗੈਰਾ-ਵਗੈਰਾ। ਜਦੋਂ ਇਨ੍ਹਾਂ ਸਾਰਿਆਂ ਅੰਗਾਂ ਨੂੰ ਜੋੜਿਆ ਜਾਂਦਾ ਹੈ, ਤਾਂ ਇਕ ਪੂਰਾ ਬੁੱਤ ਬਣ ਜਾਂਦਾ ਹੈ। ਕੀ ਇਸ ਨੂੰ ਇਤਫ਼ਾਕ ਮੰਨਿਆ ਜਾ ਸਕਦਾ ਹੈ? ਨਹੀਂ, ਪੂਰਾ ਬੁੱਤ ਬਣਾਉਣਾ ਤਾਂ ਹੀ ਮੁਮਕਿਨ ਹੋ ਸਕਦਾ ਹੈ ਜੇ ਕਿਸੇ ਇਕ ਬੰਦੇ ਨੇ ਇਸ ਦਾ ਰੇਖਾ-ਚਿੱਤਰ ਬਣਾ ਕੇ ਹਰ ਇਕ ਆਦਮੀ ਨੂੰ ਭੇਜਿਆ ਹੋਵੇ ਅਤੇ ਉਨ੍ਹਾਂ ਨੂੰ ਆਪੋ-ਆਪਣਾ ਹਿੱਸਾ ਬਣਾ ਕੇ ਲਿਆਉਣ ਲਈ ਕਿਹਾ ਹੋਵੇ।” ਹੈਲੀ ਅੱਗੇ ਪੁੱਛਦਾ ਹੈ: “ਤਾਂ ਫਿਰ ਯਿਸੂ ਦੇ ਆਉਣ ਤੋਂ ਸਦੀਆਂ ਪਹਿਲਾਂ ਉਸ ਦੀ ਜ਼ਿੰਦਗੀ ਅਤੇ ਉਸ ਦੇ ਕੰਮਾਂ ਬਾਰੇ ਵੱਖ-ਵੱਖ ਸਦੀਆਂ ਦੇ ਵੱਖ-ਵੱਖ ਲਿਖਾਰੀ ਸਹੀ-ਸਹੀ ਵੇਰਵੇ ਕਿੱਦਾਂ ਪੇਸ਼ ਕਰ ਸਕਦੇ ਸਨ? ਇਹ ਸਿਰਫ਼ ਤਾਂ ਹੀ ਮੁਮਕਿਨ ਹੋ ਸਕਦਾ ਸੀ ਜੇ ਇਨ੍ਹਾਂ ਲਿਖਤਾਂ ਨੂੰ ਇਕ ਮਹਾਨ ਹਸਤੀ ਨੇ ਲਿਖਾਇਆ ਹੁੰਦਾ।” ਅਖ਼ੀਰ ਵਿਚ ਹੈਲੀ ਨੇ ਇਸ ਨੂੰ “ਯੁੱਗਾਂ ਦਾ ਚਮਤਕਾਰ” ਕਿਹਾ।

ਪਰਮੇਸ਼ੁਰ ਨੇ ਬਾਈਬਲ ਦੀ ਪਹਿਲੀ ਕਿਤਾਬ ਵਿਚ ਹੀ ਇਸ “ਚਮਤਕਾਰ” ਜਾਂ ਮਸੀਹਾ ਬਾਰੇ ਗੱਲਾਂ ਦੱਸਣੀਆਂ ਸ਼ੁਰੂ ਕਰ ਦਿੱਤੀਆਂ ਸਨ। ਪਹਿਲੀ ਭਵਿੱਖਬਾਣੀ ਵਿਚ ਦੱਸਿਆ ਗਿਆ ਸੀ ਕਿ ਮਸੀਹਾ ਨੇ ਪਰਮੇਸ਼ੁਰ ਦਾ ਮਕਸਦ ਪੂਰਾ ਕਰਨ ਵਿਚ ਕੀ ਭੂਮਿਕਾ ਅਦਾ ਕਰਨੀ ਸੀ। ਫਿਰ ਅੱਗੇ ਦੱਸਿਆ ਗਿਆ ਸੀ ਕਿ ਉਹ ਅਬਰਾਹਾਮ ਦੀ ਵੰਸ਼ ਵਿੱਚੋਂ ਪੈਦਾ ਹੋਵੇਗਾ। (ਉਤਪਤ 3:15; 22:15-18) ਅਤੇ ਇਕ ਹੋਰ ਸੰਕੇਤ ਸੀ ਕਿ ਉਹ ਯਹੂਦਾਹ ਦੇ ਖ਼ਾਨਦਾਨ ਵਿੱਚੋਂ ਆਵੇਗਾ। (ਉਤਪਤ 49:10) ਪਰਮੇਸ਼ੁਰ ਨੇ ਮੂਸਾ ਦੁਆਰਾ ਇਸਰਾਏਲੀਆਂ ਨੂੰ ਦੱਸਿਆ ਸੀ ਕਿ ਮਸੀਹਾ ਮੂਸਾ ਨਾਲੋਂ ਵੀ ਮਹਾਨ ਨਬੀ ਅਤੇ ਮੁਕਤੀਦਾਤਾ ਸਾਬਤ ਹੋਵੇਗਾ।—ਬਿਵਸਥਾ ਸਾਰ 18:18.

ਫਿਰ ਪਰਮੇਸ਼ੁਰ ਨੇ ਰਾਜਾ ਦਾਊਦ ਨਾਲ ਵਾਅਦਾ ਕੀਤਾ ਸੀ ਕਿ ਮਸੀਹਾ ਦਾਊਦ ਦੇ ਸ਼ਾਹੀ ਘਰਾਣੇ ਵਿੱਚੋਂ ਆਵੇਗਾ ਅਤੇ ਪਰਮੇਸ਼ੁਰ ਉਸ ਨੂੰ ਰਾਜਾ ਬਣਾਵੇਗਾ ਅਤੇ ਉਸ ਦੀ ਰਾਜ ਗੱਦੀ “ਸਦਾ ਅਟੱਲ ਰਹੇਗੀ।” (2 ਸਮੂਏਲ 7:13-16) ਮੀਕਾਹ ਨਬੀ ਦੁਆਰਾ ਦੱਸਿਆ ਗਿਆ ਸੀ ਕਿ ਮਸੀਹਾ ਦਾਊਦ ਦੇ ਨਗਰ, ਬੈਤਲਹਮ ਵਿਚ ਪੈਦਾ ਹੋਵੇਗਾ। (ਮੀਕਾਹ 5:2) ਯਸਾਯਾਹ ਨਬੀ ਨੇ ਲਿਖਿਆ ਕਿ ਉਹ ਇਕ ਕੁਆਰੀ ਦੀ ਕੁੱਖੋਂ ਜਨਮ ਲਵੇਗਾ। (ਯਸਾਯਾਹ 7:14) ਮਲਾਕੀ ਨਬੀ ਨੇ ਭਵਿੱਖਬਾਣੀ ਕੀਤੀ ਕਿ ਮਸੀਹਾ ਦੇ ਆਉਣ ਦਾ ਐਲਾਨ ਏਲੀਯਾਹ ਵਰਗਾ ਇਕ ਜੋਸ਼ੀਲਾ ਨਬੀ ਕਰੇਗਾ।—ਮਲਾਕੀ 4:5, 6.

ਫਿਰ ਦਾਨੀਏਲ ਦੀ ਪੁਸਤਕ ਵਿਚ ਇਹ ਵੀ ਦੱਸਿਆ ਗਿਆ ਸੀ ਕਿ ਮਸੀਹਾ ਨੇ ਕਿਹੜੇ ਸਾਲ ਵਿਚ ਆਉਣਾ ਸੀ। ਭਵਿੱਖਬਾਣੀ ਦੱਸਦੀ ਹੈ: ‘ਤੂੰ ਜਾਣ ਅਤੇ ਸਮਝ ਲੈ ਕਿ ਜਿਸ ਵੇਲੇ ਤੋਂ ਯਰੂਸ਼ਲਮ ਦੇ ਦੂਜੀ ਵਾਰ ਉਸਾਰਨ ਦੀ ਆਗਿਆ ਨਿੱਕਲੇਗੀ ਮਸੀਹ ਰਾਜ ਪੁੱਤ੍ਰ ਤੀਕਰ ਸੱਤ ਸਾਤੇ ਹੋਣਗੇ ਅਤੇ ਬਾਹਠ ਸਾਤੇ ਉਹ ਬਜ਼ਾਰ ਧੂੜਕੋਟ ਸਣੇ ਬਣਾਇਆ ਜਾਵੇਗਾ ਪਰ ਔਖਿਆਈ ਦੇ ਦਿਨਾਂ ਵਿੱਚ।’—ਦਾਨੀਏਲ 9:25.

ਯਰੂਸ਼ਲਮ ਨੂੰ ਦੁਬਾਰਾ ਉਸਾਰਨ ਦੀ “ਆਗਿਆ” ਫ਼ਾਰਸੀ ਰਾਜਾ ਅਰਤਹਸ਼ਸ਼ਤਾ ਨੇ ਆਪਣੇ ਰਾਜ ਦੇ ਵੀਹਵੇਂ ਵਰ੍ਹੇ ਵਿਚ ਦਿੱਤੀ ਸੀ ਅਤੇ ਉਸ ਨੇ 475 ਈ. ਪੂ. ਵਿਚ ਰਾਜ ਕਰਨਾ ਸ਼ੁਰੂ ਕੀਤਾ ਸੀ। ਇਸ ਦਾ ਮਤਲਬ ਹੈ ਕਿ ਉਸ ਦੇ ਰਾਜ ਦਾ ਵੀਹਵਾਂ ਵਰ੍ਹਾ 455 ਈ. ਪੂ. ਸੀ। (ਨਹਮਯਾਹ 2:1-8) ਦਾਨੀਏਲ ਦੀ ਭਵਿੱਖਬਾਣੀ ਮੁਤਾਬਕ 455 ਈ. ਪੂ. ਤੋਂ ਲੈ ਕੇ ਮਸੀਹਾ ਦੇ ਆਉਣ ਤਕ 69 (7+62) ਸਾਤੇ ਯਾਨੀ ਹਫ਼ਤੇ ਲੰਘਣੇ ਸਨ। ਪਰ ਇਹ ਹਫ਼ਤੇ ਸੱਤ ਦਿਨਾਂ ਦੇ ਹਫ਼ਤੇ ਨਹੀਂ ਸਨ ਕਿਉਂਕਿ ਸੱਤ ਦਿਨਾਂ ਦੇ ਹਫ਼ਤੇ ਸਿਰਫ਼ 483 ਦਿਨ ਬਣਦੇ ਹਨ ਜੋ ਦੋ ਸਾਲਾਂ ਤੋਂ ਵੀ ਘੱਟ ਸਮਾਂ ਹੈ। ਇਹ ਸੱਤ-ਸੱਤ ਸਾਲ ਦੇ ਹਫ਼ਤੇ ਹਨ। ਇਸ ਦਾ ਮਤਲਬ ਹੈ ਕਿ ਇਨ੍ਹਾਂ ਦਿਨਾਂ ਦੀ ਸਹੀ ਲੰਬਾਈ ਪਤਾ ਕਰਨ ਲਈ ਸਾਨੂੰ ਇਹ ਅਸੂਲ ਲਾਗੂ ਕਰਨ ਦੀ ਲੋੜ ਹੈ: ‘ਇੱਕ ਦਿਨ ਬਦਲੇ ਇੱਕ ਵਰ੍ਹਾ ਹੁੰਦਾ ਹੈ।’ ਤਾਂ ਫਿਰ, 483 ਦਿਨ ਅਸਲ ਵਿਚ 483 ਸਾਲ ਬਣਦੇ ਹਨ ਅਤੇ 455 ਈ. ਪੂ. ਤੋਂ ਲੈ ਕੇ ਇੰਨੇ ਸਾਲ 29 ਈ. ਨੂੰ ਪੂਰੇ ਹੁੰਦੇ ਹਨ ਜਿਸ ਸਾਲ ਮਸੀਹਾ ਨੇ ਆਉਣਾ ਸੀ।—ਹਿਜ਼ਕੀਏਲ 4:6. *

ਭਾਵੇਂ ਕਿ ਹੋਰਨਾਂ ਸਮਿਆਂ ਤੇ ਕਈ ਵਿਅਕਤੀ ਮਸੀਹਾ ਹੋਣ ਦਾ ਦਾਅਵਾ ਕਰ ਚੁੱਕੇ ਸਨ, ਪਰ 29 ਈ. ਨੂੰ ਯਿਸੂ ਨਾਸਰੀ ਆਇਆ ਸੀ। (ਲੂਕਾ 3:1, 2) ਸਾਲ 29 ਈ. ਵਿਚ ਯਿਸੂ ਯੂਹੰਨਾ ਕੋਲ ਬਪਤਿਸਮਾ ਲੈਣ ਆਇਆ ਸੀ। ਉਸ ਸਮੇਂ ਯਹੋਵਾਹ ਨੇ ਯਿਸੂ ਉੱਤੇ ਆਪਣੀ ਪਵਿੱਤਰ ਆਤਮਾ ਪਾਈ ਅਤੇ ਯਿਸੂ ਮਸੀਹਾ ਬਣ ਗਿਆ। ਬਾਅਦ ਵਿਚ ਏਲੀਯਾਹ ਵਰਗੇ ਜੋਸ਼ ਨਾਲ ਯੂਹੰਨਾ ਨੇ ਅੰਦ੍ਰਿਯਾਸ ਅਤੇ ਇਕ ਹੋਰ ਚੇਲੇ ਨਾਲ ਯਿਸੂ ਦੀ ਜਾਣ-ਪਛਾਣ ਇਹ ਕਹਿ ਕੇ ਕਰਾਈ: “ਵੇਖੋ ਪਰਮੇਸ਼ੁਰ ਦਾ ਲੇਲਾ ਜਿਹੜਾ ਜਗਤ ਦਾ ਪਾਪ ਚੁੱਕ ਲੈ ਜਾਂਦਾ ਹੈ!”—ਯੂਹੰਨਾ 1:29; ਲੂਕਾ 1:13-17; 3:21-23.

ਵੰਸ਼ਾਵਲੀ ਅਤੇ ਮਸੀਹਾ ਦੀ ਪਛਾਣ

ਬਾਈਬਲ ਦੀਆਂ ਭਵਿੱਖਬਾਣੀਆਂ ਵਿਚ ਸਾਫ਼-ਸਾਫ਼ ਦੱਸਿਆ ਗਿਆ ਸੀ ਕਿ ਮਸੀਹਾ ਨੇ ਕਿਨ੍ਹਾਂ ਯਹੂਦੀ ਪਰਿਵਾਰਾਂ ਦੀ ਵੰਸ਼ਾਵਲੀ ਵਿੱਚੋਂ ਆਉਣਾ ਸੀ। ਇਸ ਲਈ ਇਹ ਮੰਨਣਾ ਸਹੀ ਹੈ ਕਿ ਸਰਬ-ਗਿਆਤਾ ਪਰਮੇਸ਼ੁਰ ਨੇ ਮਸੀਹਾ ਦੇ ਆਉਣ ਦਾ ਪ੍ਰਬੰਧ ਉਸ ਸਮੇਂ ਕੀਤਾ ਸੀ ਜਦ ਵੰਸ਼ਾਵਲੀ ਦੇ ਰਿਕਾਰਡ ਉਪਲਬਧ ਸਨ ਜਿਨ੍ਹਾਂ ਨੂੰ ਦੇਖ ਕੇ ਕੋਈ ਵੀ ਮਸੀਹਾ ਦੀ ਪਛਾਣ ਕਰ ਸਕਦਾ ਸੀ।

ਮੈਕਲਿਨਟੌਕ ਅਤੇ ਸਟਰੌਂਗ ਦਾ ਸਾਈਕਲੋਪੀਡੀਆ ਕਹਿੰਦਾ ਹੈ: “ਇਸ ਵਿਚ ਕੋਈ ਸ਼ੱਕ ਨਹੀਂ ਕਿ ਯਹੂਦੀ ਪਰਿਵਾਰਾਂ ਦੀਆਂ ਵੰਸ਼ਾਵਲੀਆਂ ਦੇ ਰਿਕਾਰਡ [70 ਈ. ਵਿਚ] ਯਰੂਸ਼ਲਮ ਦੀ ਤਬਾਹੀ ਵੇਲੇ ਤਬਾਹ ਹੋ ਗਏ ਸਨ, ਇਸ ਤੋਂ ਪਹਿਲਾਂ ਨਹੀਂ।” ਇਹ ਗੱਲ ਸਪੱਸ਼ਟ ਹੈ ਕਿ ਮੱਤੀ ਅਤੇ ਲੂਕਾ ਨੇ ਆਪਣੀਆਂ ਇੰਜੀਲਾਂ 70 ਈ. ਤੋਂ ਪਹਿਲਾਂ ਲਿਖੀਆਂ ਸਨ। ਇਸ ਲਈ ਉਹ ਵੰਸ਼ਾਵਲੀ ਦੇ ਇਨ੍ਹਾਂ ਰਿਕਾਰਡਾਂ ਨੂੰ ਦੇਖ ਕੇ ਯਿਸੂ ਦੀ ਵੰਸ਼ਾਵਲੀ ਆਪਣੀਆਂ ਇੰਜੀਲਾਂ ਵਿਚ ਦਰਜ ਕਰ ਸਕਦੇ ਸਨ। (ਮੱਤੀ 1:1-16; ਲੂਕਾ 3:23-38) ਜੇ ਸੋਚਿਆ ਜਾਵੇ, ਤਾਂ ਇਹ ਕੋਈ ਮਾਮੂਲੀ ਗੱਲ ਨਹੀਂ ਸੀ, ਇਸ ਲਈ ਮੱਤੀ ਅਤੇ ਲੂਕਾ ਦੇ ਜ਼ਮਾਨੇ ਦੇ ਹੋਰਨਾਂ ਲੋਕਾਂ ਨੇ ਵੀ ਜ਼ਰੂਰ ਇਨ੍ਹਾਂ ਰਿਕਾਰਡਾਂ ਦੀ ਜਾਂਚ ਕੀਤੀ ਹੋਣੀ ਕਿ ਯਿਸੂ ਸਹੀ ਵੰਸ਼ਾਵਲੀ ਵਿੱਚੋਂ ਆਇਆ ਸੀ ਕਿ ਨਹੀਂ।

ਯਿਸੂ ਦਾ ਮਸੀਹਾ ਹੋਣਾ ਕੋਈ ਇਤਫ਼ਾਕ ਨਹੀਂ!

ਕੀ ਯਿਸੂ ਦੁਆਰਾ ਮਸੀਹਾ ਸੰਬੰਧੀ ਭਵਿੱਖਬਾਣੀਆਂ ਨੂੰ ਪੂਰਾ ਕਰਨਾ ਇਤਫ਼ਾਕ ਸੀ? ਇਕ ਇੰਟਰਵਿਊ ਵਿਚ ਇਸ ਦਾ ਜਵਾਬ ਇਕ ਵਿਦਵਾਨ ਨੇ ਇਸ ਤਰ੍ਹਾਂ ਦਿੱਤਾ: “ਨਹੀਂ ਇਹ ਇਤਫ਼ਾਕ ਨਹੀਂ ਹੈ। ਇਹ ਸੰਭਾਵਨਾ ਇੰਨੀ ਜ਼ਿਆਦਾ ਹੈ ਕਿ ਇਸ ਨੂੰ ਇਤਫ਼ਾਕ ਕਿਹਾ ਹੀ ਨਹੀਂ ਜਾ ਸਕਦਾ। ਕਿਸੇ ਨੇ ਹਿਸਾਬ ਲਾਇਆ ਹੈ ਕਿ ਜਿਸ ਬੰਦੇ ਨੇ ਅੱਠ ਭਵਿੱਖਬਾਣੀਆਂ ਪੂਰੀਆਂ ਕੀਤੀਆਂ, ਉਹ ਦਸ ਕਰੋੜ ਅਰਬ ਵਿੱਚੋਂ ਸਿਰਫ਼ ਇਕ ਹੋਵੇਗਾ।” ਅੱਗੋਂ ਉਸ ਨੇ ਕਿਹਾ: ‘ਜੇ ਅਸੀਂ ਦਸ ਕਰੋੜ ਅਰਬ ਚਾਂਦੀ ਦੇ ਡਾਲਰਾਂ ਦੇ ਸਿੱਕਿਆਂ ਨੂੰ ਲਈਏ, ਤਾਂ ਇਹ ਪੂਰੇ ਟੈਕਸਸ ਰਾਜ ਦਾ 6,90,000 ਵਰਗ ਕਿਲੋਮੀਟਰ ਖੇਤਰ ਅਤੇ 2 ਫੁੱਟ ਤਕ ਡੂੰਘਾਈ ਨੂੰ ਘੇਰ ਲੈਣਗੇ। ਫਿਰ ਜੇ ਤੁਸੀਂ ਉਨ੍ਹਾਂ ਵਿੱਚੋਂ ਇਕ ਸਿੱਕੇ ਤੇ ਨਿਸ਼ਾਨ ਲਾਓ ਅਤੇ ਫਿਰ ਕਿਸੇ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਕੇ ਉਸ ਨੂੰ ਕਹੋ ਕਿ ਉਹ ਨਿਸ਼ਾਨ ਲਾਏ ਸਿੱਕੇ ਨੂੰ ਲੱਭੇ, ਤਾਂ ਇਹ ਉਸ ਲਈ ਨਾਮੁਮਕਿਨ ਹੋਵੇਗਾ। ਇੰਨਾ ਹੀ ਨਾਮੁਮਕਿਨ ਇਸ ਗੱਲ ਨੂੰ ਮੰਨਣਾ ਹੈ ਕਿ ਕਿਸੇ ਦਾ ਮਸੀਹਾ ਸੰਬੰਧੀ ਭਵਿੱਖਬਾਣੀਆਂ ਨੂੰ ਪੂਰਾ ਕਰਨਾ ਇਤਫ਼ਾਕ ਹੈ।’

ਪਰ ਯਿਸੂ ਨੇ ਤਾਂ ਆਪਣੇ ਸਾਢੇ ਤਿੰਨ ਸਾਲ ਦੀ ਸੇਵਕਾਈ ਦੌਰਾਨ ਅੱਠਾਂ ਨਾਲੋਂ ਜ਼ਿਆਦਾ ਭਵਿੱਖਬਾਣੀਆਂ ਪੂਰੀਆਂ ਕੀਤੀਆਂ ਸਨ। ਇਸ ਜ਼ੋਰਦਾਰ ਸਬੂਤ ਨੂੰ ਧਿਆਨ ਵਿਚ ਰੱਖਦੇ ਹੋਏ ਉਸ ਵਿਦਵਾਨ ਨੇ ਇਹ ਸਿੱਟਾ ਕੱਢਿਆ: “ਇਤਿਹਾਸ ਦੌਰਾਨ ਸਿਰਫ਼ ਯਿਸੂ ਹੀ ਇਨ੍ਹਾਂ ਭਵਿੱਖਬਾਣੀਆਂ ਨੂੰ ਪੂਰਾ ਕਰ ਸਕਿਆ, ਹੋਰ ਕੋਈ ਨਹੀਂ।”

ਮਸੀਹਾ ਦਾ “ਆਉਣਾ”

ਇਹ ਗੱਲ ਸਪੱਸ਼ਟ ਹੈ ਕਿ ਯਿਸੂ ਨਾਸਰੀ ਮਸੀਹਾ ਵਜੋਂ 29 ਈ. ਨੂੰ ਪ੍ਰਗਟ ਹੋਇਆ ਸੀ। ਉਹ ਉਸ ਸਮੇਂ ਇਕ ਨਿਮਰ ਮੁਕਤੀਦਾਤੇ ਵਜੋਂ ਆਇਆ ਸੀ ਜਿਸ ਨੂੰ ਬਹੁਤ ਦੁੱਖ ਝੱਲਣੇ ਪਏ ਸਨ। ਉਹ ਯਹੂਦੀ ਲੋਕਾਂ ਅਤੇ ਆਪਣੇ ਚੇਲਿਆਂ ਨੂੰ ਰੋਮ ਦੀ ਗ਼ੁਲਾਮੀ ਤੋਂ ਆਜ਼ਾਦ ਕਰਨ ਲਈ ਕਿਸੇ ਫ਼ੌਜੀ ਹੀਰੋ ਦੇ ਰੂਪ ਵਿਚ ਨਹੀਂ ਸੀ ਆਇਆ। (ਯਸਾਯਾਹ ਅਧਿਆਇ 53; ਜ਼ਕਰਯਾਹ 9:9; ਰਸੂਲਾਂ ਦੇ ਕਰਤੱਬ 1:6-8) ਲੇਕਿਨ ਭਵਿੱਖ ਵਿਚ ਉਸ ਨੇ ਵੱਡੇ ਅਧਿਕਾਰ ਨਾਲ ਸ਼ਕਤੀਸ਼ਾਲੀ ਰਾਜੇ ਵਜੋਂ ਆਉਣਾ ਸੀ।—ਦਾਨੀਏਲ 2:44; 7:13, 14.

ਬਾਈਬਲ ਦੀਆਂ ਭਵਿੱਖਬਾਣੀਆਂ ਦੀ ਧਿਆਨ ਨਾਲ ਜਾਂਚ ਕਰਨ ਨਾਲ ਦੁਨੀਆਂ ਭਰ ਵਿਚ ਕਈਆਂ ਨੂੰ ਯਕੀਨ ਹੋ ਗਿਆ ਹੈ ਕਿ ਮਸੀਹਾ ਪਹਿਲੀ ਸਦੀ ਵਿਚ ਆਇਆ ਸੀ ਅਤੇ ਉਸ ਨੇ ਵਾਪਸ ਵੀ ਆਉਣਾ ਹੈ। ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਉਹ 1914 ਵਿਚ ਵਾਪਸ ਆਇਆ ਸੀ, ਪਰ ਧਰਤੀ ਉੱਤੇ ਨਹੀਂ। * (ਮੱਤੀ 24:3-14) ਉਸ ਸਾਲ ਉਹ ਸਵਰਗ ਵਿਚ ਪਰਮੇਸ਼ੁਰ ਦੇ ਰਾਜ ਦਾ ਰਾਜਾ ਬਣਿਆ ਸੀ। ਬਹੁਤ ਜਲਦ ਉਹ ਧਰਤੀ ਉੱਤੋਂ ਉਨ੍ਹਾਂ ਬੁਰੇ ਅਸਰਾਂ ਨੂੰ ਮਿਟਾ ਦੇਵੇਗਾ ਜੋ ਆਦਮ ਅਤੇ ਹੱਵਾਹ ਦੀ ਗ਼ਲਤੀ ਦਾ ਨਤੀਜਾ ਹਨ। ਅਤੇ ਉਹ ਆਪਣੇ ਹਜ਼ਾਰ ਸਾਲ ਦੇ ਰਾਜ ਦੌਰਾਨ ਉਨ੍ਹਾਂ ਸਾਰਿਆਂ ਉੱਤੇ ਬਰਕਤਾਂ ਹੀ ਬਰਕਤਾਂ ਵਰਸਾਵੇਗਾ ਜੋ ਵਿਸ਼ਵਾਸ ਕਰਦੇ ਹਨ ਕਿ ਉਹੀ ਮਸੀਹਾ ਹੈ “ਜਿਹੜਾ ਜਗਤ ਦਾ ਪਾਪ ਚੁੱਕ ਲੈ ਜਾਂਦਾ ਹੈ!”—ਯੂਹੰਨਾ 1:29; ਪਰਕਾਸ਼ ਦੀ ਪੋਥੀ 21:3, 4.

ਇਸ ਗੱਲ ਦੇ ਸਬੂਤ ਬਾਰੇ ਕਿ ਮਸੀਹਾ ਆ ਚੁੱਕਾ ਹੈ, ਯਹੋਵਾਹ ਦੇ ਗਵਾਹ ਖ਼ੁਸ਼ੀ ਨਾਲ ਤੁਹਾਨੂੰ ਹੋਰ ਜਾਣਕਾਰੀ ਦੇਣਗੇ ਅਤੇ ਤੁਹਾਨੂੰ ਬਾਈਬਲ ਵਿੱਚੋਂ ਇਹ ਵੀ ਸਮਝਾਉਣਗੇ ਕਿ ਮਸੀਹਾ ਦਾ ਰਾਜ ਤੁਹਾਡੇ ਲਈ ਅਤੇ ਤੁਹਾਡੇ ਪਰਿਵਾਰ ਲਈ ਕੀ ਮਾਅਨੇ ਰੱਖਦਾ ਹੈ।

[ਫੁਟਨੋਟ]

^ ਪੈਰਾ 17 ਦਾਨੀਏਲ 9:25 ਬਾਰੇ ਹੋਰ ਜਾਣਕਾਰੀ ਲਈ, ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ! ਨਾਮਕ ਪੁਸਤਕ ਦਾ 11ਵਾਂ ਅਧਿਆਇ ਦੇਖੋ। ਇਹ ਪੁਸਤਕ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

[ਸਫ਼ੇ 6, 7 ਉੱਤੇ ਡਾਇਆਗ੍ਰਾਮ/ਤਸਵੀਰਾਂ]

455 ਈ. ਪੂ., 29 ਈ., 1914, ਮਸੀਹਾ ਬਹੁਤ ਜਲਦ

‘ਯਰੂਸ਼ਲਮ ਦੇ ਉਸਾਰਨ ਮਸੀਹਾ ਪ੍ਰਗਟ ਮਸੀਹਾ ਸਵਰਗ ਬੁਰਾਈ ਨੂੰ ਮਿਟਾ ਕੇ ਧਰਤੀ

ਦੀ ਆਗਿਆ ਨਿਕਲੀ’ ਹੋਇਆ ਵਿਚ ਰਾਜਾ ਬਣਿਆ ਨੂੰ ਫਿਰਦੌਸ ਵਰਗੀ ਬਣਾ ਦੇਵੇਗਾ

483 ਸਾਲ (69 ਸਾਤੇ)

ਦਾਨੀਏਲ 9:25