Skip to content

Skip to table of contents

ਕੀ ਸਾਨੂੰ ਮਸੀਹਾ ਦੀ ਲੋੜ ਹੈ?

ਕੀ ਸਾਨੂੰ ਮਸੀਹਾ ਦੀ ਲੋੜ ਹੈ?

ਕੀ ਸਾਨੂੰ ਮਸੀਹਾ ਦੀ ਲੋੜ ਹੈ?

ਤੁਸੀਂ ਵੀ ਸ਼ਾਇਦ ਇਹ ਸਵਾਲ ਪੁੱਛਿਆ ਹੋਵੇ। ਸ਼ਾਇਦ ਤੁਸੀਂ ਸੋਚੋ ਕਿ ਸਾਨੂੰ ਮੁਸ਼ਕਲਾਂ ਤੋਂ ਛੁਟਕਾਰਾ ਦਿਲਾਉਣ ਲਈ ਮਸੀਹਾ ਕੁਝ ਕਰੇਗਾ ਵੀ ਕਿ ਨਹੀਂ।

ਮਸੀਹਾ ਹੀ ਸਾਡੀਆਂ ਮੁਸ਼ਕਲਾਂ ਦੂਰ ਕਰ ਸਕਦਾ ਹੈ। ਸਾਨੂੰ ਮਸੀਹਾ ਦੀ ਸਖ਼ਤ ਜ਼ਰੂਰਤ ਹੈ। ਪਹਿਲੀ ਸਦੀ ਵਿਚ ਯਹੂਦੀ ਬਿਵਸਥਾ ਦੇ ਇਕ ਮਾਹਰ ਨੇ ਮਸੀਹਾ ਬਾਰੇ ਗੱਲ ਕਰਦੇ ਹੋਏ ਲਿਖਿਆ: “ਪਰਮੇਸ਼ੁਰ ਦੀਆਂ ਪਰਤੱਗਿਆਂ ਭਾਵੇਂ ਕਿੰਨੀਆਂ ਹੀ ਹੋਣ ਉਸ ਵਿੱਚ ਹਾਂ ਹੀ ਹਾਂ ਹੈ।” ਇਸ ਮਾਹਰ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਮਸੀਹਾ ਰਾਹੀਂ ਪਰਮੇਸ਼ੁਰ ਨੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਬਰਕਤ ਦੇਣ ਦੇ ਆਪਣੇ ਮਕਸਦ ਨੂੰ ਪੂਰਾ ਕਰਨਾ ਹੈ। (2 ਕੁਰਿੰਥੀਆਂ 1:20) ਦਰਅਸਲ, ਪਰਮੇਸ਼ੁਰ ਨੇ ਬਾਈਬਲ ਵਿਚ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਮਸੀਹਾ ਨੇ ਧਰਤੀ ਉੱਤੇ ਕਦੋਂ ਆਉਣਾ ਸੀ ਅਤੇ ਉਸ ਨੇ ਕੀ ਕਰਨਾ ਸੀ। ਬਾਈਬਲ ਦੇ ਇਤਿਹਾਸਕਾਰ ਹੈਨਰੀ ਐੱਚ. ਹੈਲੀ ਨੇ ਆਪਣੀ ਇਕ ਕਿਤਾਬ, ਜੋ ਪਿਛਲੇ 70 ਸਾਲਾਂ ਦੌਰਾਨ ਲੱਖਾਂ ਲੋਕ ਪੜ੍ਹਦੇ ਆਏ ਹਨ, ਵਿਚ ਲਿਖਿਆ: ‘ਪੁਰਾਣਾ ਨੇਮ ਲੋਕਾਂ ਨੂੰ ਮਸੀਹਾ ਦੀ ਉਡੀਕ ਲਈ ਤਿਆਰ ਕਰਨ ਵਾਸਤੇ ਲਿਖਿਆ ਗਿਆ ਸੀ।’ ਪਰ ਕੀ ਉਸ ਦਾ ਆਉਣਾ ਜ਼ਰੂਰੀ ਹੈ? ਤੁਹਾਨੂੰ ਇਸ ਬਾਰੇ ਸੋਚ-ਵਿਚਾਰ ਕਰਨ ਦੀ ਕਿਉਂ ਲੋੜ ਹੈ?

“ਮਸੀਹਾ” ਸ਼ਬਦ ਦਾ ਮਤਲਬ ਹੈ ਪਰਮੇਸ਼ੁਰ ਦਾ ਚੁਣਿਆ ਹੋਇਆ ਦਾਸ। ਆਮ ਤੌਰ ਤੇ ਮਸੀਹਾ ਨੂੰ ਮਸੀਹ ਕਿਹਾ ਜਾਂਦਾ ਹੈ। ਅਤੇ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਵਿਚ ਮਸੀਹਾ ਨੂੰ “ਮੁਕਤੀਦਾਤਾ” ਕਿਹਾ ਗਿਆ ਹੈ ਜਿਸ ਨੇ ਸਾਡੇ ਮੁਢਲੇ ਮਾਂ-ਬਾਪ, ਆਦਮ ਅਤੇ ਹੱਵਾਹ ਦੀ ਗ਼ਲਤੀ ਕਾਰਨ ਪੈਦਾ ਹੋਏ ਹਾਲਾਤਾਂ ਨੂੰ ਸੁਧਾਰਨ ਲਈ ਧਰਤੀ ਉੱਤੇ ਆਉਣਾ ਸੀ। ਪਰਮੇਸ਼ੁਰ ਨੇ ਆਦਮ ਅਤੇ ਹੱਵਾਹ ਨੂੰ ਬਣਾ ਕੇ ਇਕ ਸੁੰਦਰ ਬਾਗ਼ ਵਿਚ ਰੱਖਿਆ ਸੀ। ਉਹ ਸਰੀਰਕ ਤੌਰ ਤੇ ਮੁਕੰਮਲ ਸਨ ਅਤੇ ਪਰਮੇਸ਼ੁਰ ਚਾਹੁੰਦਾ ਸੀ ਕਿ ਉਹ ਹਮੇਸ਼ਾ ਲਈ ਜੀਉਂਦੇ ਰਹਿਣ। ਪਰ ਆਦਮ ਅਤੇ ਹੱਵਾਹ ਇਕ ਬਾਗ਼ੀ ਫ਼ਰਿਸ਼ਤੇ ਯਾਨੀ ਸ਼ਤਾਨ ਦੇ ਮਗਰ ਲੱਗ ਕੇ ਸਦਾ ਦੀ ਜ਼ਿੰਦਗੀ ਦੀ ਉਮੀਦ ਗੁਆ ਬੈਠੇ। ਅਸਲ ਵਿਚ ਸ਼ਤਾਨ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਪਰਮੇਸ਼ੁਰ ਉਨ੍ਹਾਂ ਤੇ ਕੁਝ ਜ਼ਿਆਦਾ ਹੀ ਬੰਦਸ਼ਾਂ ਲਾ ਰਿਹਾ ਸੀ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੀ ਕੋਈ ਲੋੜ ਨਹੀਂ ਸੀ। ਉਹ ਭਲੇ-ਬੁਰੇ ਬਾਰੇ ਆਪਣੇ ਫ਼ੈਸਲੇ ਆਪ ਕਰ ਸਕਦੇ ਸਨ।—ਉਤਪਤ 3:1-5.

ਹੱਵਾਹ ਸ਼ਤਾਨ ਦੀ ਝੂਠੀ ਗੱਲ ਦੇ ਧੋਖੇ ਵਿਚ ਆ ਗਈ। ਆਦਮ ਨੇ ਜਾਣ-ਬੁੱਝ ਕੇ ਹੱਵਾਹ ਦਾ ਸਾਥ ਦੇ ਕੇ ਪਰਮੇਸ਼ੁਰ ਦਾ ਹੁਕਮ ਤੋੜਿਆ ਸੀ ਕਿਉਂਕਿ ਉਹ ਪਰਮੇਸ਼ੁਰ ਨਾਲੋਂ ਵੱਧ ਹੱਵਾਹ ਨਾਲ ਪਿਆਰ ਕਰਦਾ ਸੀ। (ਉਤਪਤ 3:6; 1 ਤਿਮੋਥਿਉਸ 2:14) ਪਾਪ ਦੇ ਨਤੀਜੇ ਵਜੋਂ ਉਹ ਆਪ ਤਾਂ ਸਦਾ ਦੀ ਜ਼ਿੰਦਗੀ ਦੀ ਉਮੀਦ ਗੁਆ ਹੀ ਬੈਠੇ ਸਨ, ਪਰ ਇਸ ਦੇ ਨਾਲ-ਨਾਲ ਉਨ੍ਹਾਂ ਦੀ ਔਲਾਦ ਵਿਚ ਵੀ ਉਨ੍ਹਾਂ ਦਾ ਪਾਪ ਆ ਗਿਆ। ਉਨ੍ਹਾਂ ਦੇ ਬੱਚੇ ਵੀ ਪਰਮੇਸ਼ੁਰ ਦੇ ਮਿਆਰਾਂ ਤੇ ਪੂਰਾ ਨਹੀਂ ਉੱਤਰ ਸਕੇ ਤੇ ਉਹ ਵੀ ਬੁੱਢੇ ਹੋ ਕੇ ਮਰਨ ਲੱਗ ਪਏ।—ਰੋਮੀਆਂ 5:12.

ਕੀ ਇਸ ਦਾ ਇਹ ਮਤਲਬ ਹੈ ਕਿ ਅਸੀਂ ਆਦਮ ਅਤੇ ਹੱਵਾਹ ਦੀ ਗ਼ਲਤੀ ਦੇ ਬੁਰੇ ਨਤੀਜੇ ਭੁਗਤਦੇ ਰਹਾਂਗੇ? ਬਿਲਕੁਲ ਨਹੀਂ। ਸਾਡੇ ਸਿਰਜਣਹਾਰ ਯਹੋਵਾਹ ਪਰਮੇਸ਼ੁਰ ਨੇ ਉਸੇ ਵੇਲੇ ਸਾਡੇ ਨਾਲ ਸੁਲ੍ਹਾ ਕਰਨ ਦੀ ਬੁਨਿਆਦ ਧਰੀ। ਉਹ ਕਿਵੇਂ? ਉਸ ਨੇ ਜਾਨ ਦੇ ਵੱਟੇ ਜਾਨ ਦੇਣ ਦਾ ਸਿਧਾਂਤ ਅਪਣਾਇਆ ਜੋ ਸਿਧਾਂਤ ਇਸਰਾਏਲ ਕੌਮ ਨੂੰ ਦਿੱਤੀ ਗਈ ਬਿਵਸਥਾ ਵਿਚ ਪਾਇਆ ਜਾਂਦਾ ਸੀ। (ਬਿਵਸਥਾ ਸਾਰ 19:21; 1 ਯੂਹੰਨਾ 3:8) ਇਸ ਦਾ ਮਤਲਬ ਹੈ ਕਿ ਆਦਮ ਨੇ ਜੋ ਜੀਵਨ ਗੁਆਇਆ ਸੀ, ਉਸ ਨੂੰ ਹਾਸਲ ਕਰਨ ਲਈ ਕਿਸੇ ਹੋਰ ਦਾ ਜੀਵਨ ਕੁਰਬਾਨ ਕਰਨ ਦੀ ਲੋੜ ਸੀ। ਇਸ ਕੁਰਬਾਨੀ ਸਦਕਾ ਆਦਮ ਤੇ ਹੱਵਾਹ ਦੀ ਔਲਾਦ ਬਾਗ਼ ਵਰਗੀ ਸੁੰਦਰ ਧਰਤੀ ਉੱਤੇ ਸਦਾ ਦੀ ਜ਼ਿੰਦਗੀ ਪਾ ਸਕਦੀ ਸੀ ਜਿਸ ਤਰ੍ਹਾਂ ਸਿਰਜਣਹਾਰ ਨੇ ਚਾਹਿਆ ਸੀ। ਇਹ ਕੁਰਬਾਨੀ ਮਸੀਹਾ ਨੇ ਯਾਨੀ ਸਾਡੇ ਮੁਕਤੀਦਾਤੇ ਨੇ ਦੇਣੀ ਸੀ।

ਜਦ ਯਹੋਵਾਹ ਪਰਮੇਸ਼ੁਰ ਨੇ ਸ਼ਤਾਨ ਨੂੰ ਸਜ਼ਾ ਸੁਣਾਈ ਸੀ, ਤਾਂ ਉਸ ਨੇ ਬਾਈਬਲ ਵਿਚ ਦਰਜ ਪਹਿਲੀ ਭਵਿੱਖਬਾਣੀ ਵਿਚ ਕਿਹਾ: “ਤੇਰੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹ ਦੀ ਅੱਡੀ ਨੂੰ ਡੰਗ ਮਾਰੇਂਗਾ।” (ਉਤਪਤ 3:15) ਬਾਈਬਲ ਦੇ ਇਕ ਵਿਦਵਾਨ ਅਨੁਸਾਰ “ਮਸੀਹਾ ਬਾਰੇ ਜੋ ਵੀ ਬਾਈਬਲ ਵਿਚ ਭਵਿੱਖਬਾਣੀਆਂ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚੋਂ ਪਹਿਲੀ ਭਵਿੱਖਬਾਣੀ ਇਹ ਹੈ।” ਇਕ ਹੋਰ ਵਿਦਵਾਨ ਨੇ ਕਿਹਾ ਕਿ ਪਰਮੇਸ਼ੁਰ ਮਸੀਹਾ ਰਾਹੀਂ “ਆਦਮ ਅਤੇ ਹੱਵਾਹ ਦੀ ਗ਼ਲਤੀ ਦੇ ਬੁਰੇ ਨਤੀਜੇ ਮਿਟਾਵੇਗਾ” ਅਤੇ ਮਨੁੱਖਜਾਤੀ ਉੱਤੇ ਬਰਕਤਾਂ ਵਰਸਾਵੇਗਾ।—ਇਬਰਾਨੀਆਂ 2:14, 15.

ਪਰ ਤੁਸੀਂ ਸ਼ਾਇਦ ਸੋਚੋ ਕਿ ਦੁਨੀਆਂ ਤਾਂ ਹਾਲੇ ਵੀ ਦੁੱਖਾਂ ਨਾਲ ਭਰੀ ਪਈ ਹੈ। ਲੱਗਦਾ ਤਾਂ ਨਹੀਂ ਕਿ ਪਰਮੇਸ਼ੁਰ ਇਨਸਾਨਾਂ ਉੱਤੇ ਬਰਕਤਾਂ ਪਾ ਰਿਹਾ ਹੈ। ਇਸੇ ਲਈ ਕਈ ਲੋਕ ਮੰਨਦੇ ਹਨ ਕਿ ਮਸੀਹਾ ਨੇ ਹਾਲੇ ਆਉਣਾ ਹੈ। ਮਿਸਾਲ ਲਈ, ਦ ਵਰਲਡ ਬੁੱਕ ਐਨਸਾਈਕਲੋਪੀਡੀਆ ਕਹਿੰਦਾ ਹੈ ਕਿ “ਬਹੁਤ ਸਾਰੇ ਯਹੂਦੀ ਲੋਕ ਹਾਲੇ ਵੀ ਮਸੀਹਾ ਦੀ ਉਡੀਕ ਵਿਚ ਹਨ” ਅਤੇ ਉਹ ਮੰਨਦੇ ਹਨ ਕਿ “ਉਸ ਨੇ ਮੁਸ਼ਕਲਾਂ ਨੂੰ ਦੂਰ ਕਰ ਕੇ ਉਨ੍ਹਾਂ ਦੇ ਦੁਸ਼ਮਣਾਂ ਨੂੰ ਖ਼ਤਮ ਕਰਨਾ ਹੈ।” ਲੇਕਿਨ ਬਾਈਬਲ ਸਾਨੂੰ ਦੱਸਦੀ ਹੈ ਕਿ ਮਸੀਹਾ ਆ ਚੁੱਕਾ ਹੈ। ਪਰ ਕੀ ਅਸੀਂ ਬਾਈਬਲ ਤੇ ਵਿਸ਼ਵਾਸ ਕਰ ਸਕਦੇ ਹਾਂ? ਇਸ ਦਾ ਜਵਾਬ ਸਾਨੂੰ ਅਗਲੇ ਲੇਖ ਵਿਚ ਮਿਲੇਗਾ।