ਪਾਠਕਾਂ ਵੱਲੋਂ ਸਵਾਲ
ਪਾਠਕਾਂ ਵੱਲੋਂ ਸਵਾਲ
ਮੱਤੀ 5:22 ਵਿਚ ਯਿਸੂ ਕਿਨ੍ਹਾਂ ਤਿੰਨ ਪਾਪਾਂ ਖ਼ਿਲਾਫ਼ ਚੇਤਾਵਨੀ ਦੇ ਰਿਹਾ ਸੀ?
ਪਹਾੜੀ ਉਪਦੇਸ਼ ਵਿਚ ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਚੇਤਾਵਨੀ ਦਿੱਤੀ: “ਮੈਂ ਤੁਹਾਨੂੰ ਆਖਦਾ ਹਾਂ ਭਈ ਹਰੇਕ ਜੋ ਆਪਣੇ ਭਰਾ ਉੱਤੇ ਕ੍ਰੋਧ ਕਰੇ ਉਹ ਅਦਾਲਤ ਵਿੱਚ ਸਜ਼ਾ ਦੇ ਲਾਇਕ ਹੋਵੇਗਾ ਅਤੇ ਜਿਹੜਾ ਆਪਣੇ ਭਰਾ ਨੂੰ ਗਾਲ ਦੇਵੇ ਉਹ ਸਭਾ ਵਿੱਚ ਸਜ਼ਾ ਦੇ ਲਾਇਕ ਹੋਵੇਗਾ ਪਰ ਜਿਹੜਾ ਕਹੇ ‘ਮੂਰਖਾ’ ਉਹ ਅਗਨ ਦੇ ਨਰਕ [ਗ਼ਹੈਨਾ] ਦੀ ਸਜ਼ਾ ਦੇ ਲਾਇਕ ਹੋਵੇਗਾ।”—ਮੱਤੀ 5:22.
ਯਿਸੂ ਨੇ ਇਸ ਚੇਤਾਵਨੀ ਵਿਚ ਆਪਣੇ ਸੁਣਨ ਵਾਲਿਆਂ ਨੂੰ ਦੱਸਿਆ ਕਿ ਕੋਈ ਜਿੰਨਾ ਜ਼ਿਆਦਾ ਗੰਭੀਰ ਪਾਪ ਕਰੇਗਾ, ਉਸ ਨੂੰ ਉੱਨੀ ਹੀ ਸਖ਼ਤ ਸਜ਼ਾ ਮਿਲੇਗੀ। ਪਹਿਲੀ ਸਜ਼ਾ ਅਦਾਲਤ ਦੁਆਰਾ ਦਿੱਤੀ ਜਾਣੀ ਸੀ, ਦੂਜੀ ਸਜ਼ਾ ਮਹਾਸਭਾ ਦੁਆਰਾ ਅਤੇ ਤੀਜੀ ਜੋ ਕਿ ਸਭ ਤੋਂ ਸਖ਼ਤ ਸਜ਼ਾ ਸੀ, ਦੋਸ਼ੀ ਇਨਸਾਨ ਨੂੰ ਗ਼ਹੈਨਾ ਵਿਚ ਸੁੱਟ ਕੇ ਦਿੱਤੀ ਜਾਣੀ ਸੀ।
ਪਹਿਲਾਂ ਯਿਸੂ ਨੇ ਕਿਹਾ ਕਿ ਹਰ ਕੋਈ ਜੋ ਆਪਣੇ ਭਰਾ ਨਾਲ ਗੁੱਸੇ ਰਹਿੰਦਾ ਹੈ, ਉਹ “ਅਦਾਲਤ” ਵਿਚ ਸਜ਼ਾ ਦੇ ਲਾਇਕ ਹੋਵੇਗਾ। ਉਨ੍ਹੀਂ ਦਿਨੀਂ ਇਹ ਅਦਾਲਤਾਂ ਉਨ੍ਹਾਂ ਸ਼ਹਿਰਾਂ ਵਿਚ ਹੁੰਦੀਆਂ ਸਨ ਜਿਨ੍ਹਾਂ ਵਿਚ 120 ਤੋਂ ਜ਼ਿਆਦਾ ਆਦਮੀ ਰਹਿੰਦੇ ਸਨ। (ਮੱਤੀ 10:17; ਮਰਕੁਸ 13:9) ਅਜਿਹੀਆਂ ਅਦਾਲਤਾਂ ਵਿਚ ਸਿਰਫ਼ ਛੋਟੇ-ਮੋਟੇ ਮਾਮਲਿਆਂ ਦਾ ਫ਼ੈਸਲਾ ਹੀ ਨਹੀਂ, ਸਗੋਂ ਕਤਲ ਦੇ ਮਾਮਲਿਆਂ ਦਾ ਵੀ ਫ਼ੈਸਲਾ ਕੀਤਾ ਜਾਂਦਾ ਸੀ। (ਬਿਵਸਥਾ ਸਾਰ 16:18; 19:12; 21:1, 2) ਇੱਥੇ ਯਿਸੂ ਦੇ ਕਹਿਣ ਦਾ ਮਤਲਬ ਸੀ ਕਿ ਜੋ ਇਨਸਾਨ ਨਫ਼ਰਤ ਕਾਰਨ ਆਪਣੇ ਭਰਾ ਨਾਲ ਹਰ ਵੇਲੇ ਗੁੱਸੇ ਰਹਿੰਦਾ ਹੈ, ਉਹ ਗੰਭੀਰ ਪਾਪ ਕਰ ਰਿਹਾ ਹੁੰਦਾ ਹੈ।
ਫਿਰ ਯਿਸੂ ਨੇ ਕਿਹਾ ਕਿ “ਜਿਹੜਾ ਆਪਣੇ ਭਰਾ ਨੂੰ ਗਾਲ ਦੇਵੇ ਉਹ ਸਭਾ ਵਿੱਚ ਸਜ਼ਾ ਦੇ ਲਾਇਕ ਹੋਵੇਗਾ।” ਇਸ ਦਾ ਕੀ ਮਤਲਬ ਹੈ? ਯਿਸੂ ਇੱਥੇ ਕਹਿ ਰਿਹਾ ਸੀ ਕਿ ਜੋ ਇਨਸਾਨ ਦੂਸਰੇ ਇਨਸਾਨ ਨੂੰ ਗਾਲ ਕੱਢ ਕੇ ਉਸ ਲਈ ਘੋਰ ਨਫ਼ਰਤ ਜ਼ਾਹਰ ਕਰਦਾ ਤੇ ਉਸ ਦਾ ਅਪਮਾਨ ਕਰਦਾ ਹੈ, ਉਹ ਆਪਣੇ ਭਰਾ ਨਾਲ ਗੁੱਸੇ ਹੋਣ ਨਾਲੋਂ ਜ਼ਿਆਦਾ ਗੰਭੀਰ ਪਾਪ ਕਰ ਰਿਹਾ ਹੁੰਦਾ ਹੈ। ਅਜਿਹੇ ਇਨਸਾਨ ਨੂੰ ਅਦਾਲਤ ਵੱਲੋਂ ਨਹੀਂ ਬਲਕਿ ਮਹਾਸਭਾ ਯਾਨੀ ਸੁਪਰੀਮ ਕੋਰਟ ਵੱਲੋਂ ਸਜ਼ਾ ਮਿਲਣੀ ਸੀ। ਯਰੂਸ਼ਲਮ ਵਿਚ ਉਸ ਸਮੇਂ ਇਸ ਸਭਾ ਵਿਚ ਪ੍ਰਧਾਨ ਜਾਜਕ, 70 ਬਜ਼ੁਰਗ ਅਤੇ ਗ੍ਰੰਥੀ ਹੁੰਦੇ ਸਨ।—ਮਰਕੁਸ 15:1.
ਅਖ਼ੀਰ ਵਿਚ ਯਿਸੂ ਨੇ ਸਮਝਾਇਆ ਕਿ ਜੇ ਕੋਈ ਆਪਣੇ ਭਰਾ ਨੂੰ ‘ਮੂਰਖ’ ਕਹੇ, ਉਹ ਗ਼ਹੈਨਾ ਦੀ ਸਜ਼ਾ ਦੇ ਲਾਇਕ ਹੋਵੇਗਾ। ਪੰਜਾਬੀ ਬਾਈਬਲ ਵਿਚ ਲਿਖਿਆ ਹੈ ਕਿ ਉਹ “ਨਰਕ” ਦੀ ਸਜ਼ਾ ਦੇ ਲਾਇਕ ਹੋਵੇਗਾ ਜੋ ਕਿ ਸਹੀ ਨਹੀਂ ਹੈ। ਸਹੀ ਤਰਜਮਾ ਗ਼ਹੈਨਾ ਜਾਂ ਹਿੰਨੋਮ ਦੀ ਵਾਦੀ ਹੈ ਜੋ ਯਰੂਸ਼ਲਮ ਸ਼ਹਿਰ ਦੇ ਦੱਖਣ-ਪੱਛਮ ਵੱਲ ਹੁੰਦੀ ਸੀ। ਯਿਸੂ ਦੇ ਦਿਨਾਂ ਵਿਚ ਇਸ ਜਗ੍ਹਾ ਨੂੰ ਕੂੜਾ ਸੁੱਟਣ ਲਈ ਵਰਤਿਆ ਜਾਂਦਾ ਸੀ। ਉੱਥੇ ਹਮੇਸ਼ਾ ਅੱਗ ਬਲਦੀ ਰਹਿੰਦੀ ਸੀ ਜਿਸ ਵਿਚ ਕੂੜੇ ਦੇ ਨਾਲ-ਨਾਲ ਉਨ੍ਹਾਂ ਅਪਰਾਧੀਆਂ ਦੀਆਂ ਲਾਸ਼ਾਂ ਨੂੰ ਵੀ ਸੁੱਟਿਆ ਜਾਂਦਾ ਸੀ ਜਿਨ੍ਹਾਂ ਨੂੰ ਕਬਰ ਵਿਚ ਦਫ਼ਨਾਉਣ ਦੇ ਲਾਇਕ ਨਹੀਂ ਸਮਝਿਆ ਜਾਂਦਾ ਸੀ। ਗ਼ਹੈਨਾ ਵਿਚ ਸੁੱਟੀ ਗਈ ਕੋਈ ਵੀ ਚੀਜ਼ ਹਮੇਸ਼ਾ-ਹਮੇਸ਼ਾ ਲਈ ਨਾਸ਼ ਹੋ ਜਾਂਦੀ ਸੀ।
ਕਿਸੇ ਨੂੰ ‘ਮੂਰਖ’ ਕਹਿਣ ਦੀ ਇੰਨੀ ਸਖ਼ਤ ਸਜ਼ਾ? ਇਬਰਾਨੀ ਭਾਸ਼ਾ ਵਿਚ ‘ਮੂਰਖ’ ਸ਼ਬਦ ਦਾ ਮਤਲਬ ਹੈ “ਬਗਾਵਤੀ ਜਾਂ ਗੱਦਾਰ।” ਇਹ ਸ਼ਬਦ ਕਿਸੇ ਨੀਚ ਧਰਮ-ਤਿਆਗੀ ਲਈ ਵਰਤਿਆ ਜਾਂਦਾ ਸੀ ਜੋ ਪਰਮੇਸ਼ੁਰ ਦੇ ਖ਼ਿਲਾਫ਼ ਬਗਾਵਤ ਕਰਦਾ ਸੀ। ਸੋ ਆਪਣੇ ਭਰਾ ਨੂੰ ‘ਮੂਰਖ’ ਕਹਿਣ ਵਾਲੇ ਵਿਅਕਤੀ ਦੇ ਮਨ ਵਿਚ ਇਹ ਹੁੰਦਾ ਸੀ ਕਿ ਉਸ ਦੇ ਭਰਾ ਨੂੰ ਉਹ ਸਜ਼ਾ ਮਿਲਣੀ ਚਾਹੀਦੀ ਹੈ ਜੋ ਪਰਮੇਸ਼ੁਰ ਖ਼ਿਲਾਫ਼ ਬਗਾਵਤ ਕਰਨ ਵਾਲੇ ਨੂੰ ਮਿਲਦੀ ਸੀ ਯਾਨੀ ਹਮੇਸ਼ਾ ਲਈ ਨਾਸ਼। ਪਰ ਆਪਣੇ ਭਰਾ ਲਈ ਇਸ ਤਰ੍ਹਾਂ ਦੀ ਸਜ਼ਾ ਭਾਲਣ ਵਾਲੇ ਨੂੰ ਪਰਮੇਸ਼ੁਰ ਵੱਲੋਂ ਸਭ ਤੋਂ ਸਖ਼ਤ ਸਜ਼ਾ ਮਿਲ ਸਕਦੀ ਹੈ। ਜੀ ਹਾਂ, ਉਸ ਦਾ ਹਮੇਸ਼ਾ-ਹਮੇਸ਼ਾ ਲਈ ਨਾਸ਼ ਹੋ ਸਕਦਾ ਹੈ।—ਬਿਵਸਥਾ ਸਾਰ 19:17-19.
ਯਿਸੂ ਮੂਸਾ ਦੀ ਬਿਵਸਥਾ ਵਿਚ ਪਾਏ ਜਾਂਦੇ ਸਿਧਾਂਤਾਂ ਤੋਂ ਵੀ ਇਕ ਉੱਤਮ ਸਿਧਾਂਤ ਕਾਇਮ ਕਰ ਰਿਹਾ ਸੀ। ਮੂਸਾ ਦੀ ਬਿਵਸਥਾ ਅਨੁਸਾਰ ਲੋਕ ਜਾਣਦੇ ਸਨ ਕਿ ਇਕ ਕਾਤਲ ਨੂੰ “ਅਦਾਲਤ” ਵੱਲੋਂ ਸਜ਼ਾ ਜ਼ਰੂਰ ਮਿਲੇਗੀ, ਪਰ ਯਿਸੂ ਨੇ ਇਸ ਤੋਂ ਵੀ ਉੱਤਮ ਗੱਲ ਕਹੀ। ਉਸ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਉਨ੍ਹਾਂ ਨੂੰ ਆਪਣੇ ਦਿਲਾਂ ਵਿਚ ਆਪਣੇ ਭੈਣਾਂ-ਭਰਾਵਾਂ ਲਈ ਨਫ਼ਰਤ ਵੀ ਨਹੀਂ ਰੱਖਣੀ ਚਾਹੀਦੀ।—ਮੱਤੀ 5:21, 22.