ਬਾਈਬਲ ਦੀਆਂ ਪੋਥੀਆਂ ਦੀ ਪ੍ਰਮਾਣਿਕ ਸੂਚੀ
ਬਾਈਬਲ ਦੀਆਂ ਪੋਥੀਆਂ ਦੀ ਪ੍ਰਮਾਣਿਕ ਸੂਚੀ
“ਇਸ ਦਾ ਹਰ ਵਾਕ ਖ਼ਾਸ ਤੌਰ ਤੇ ਉਨ੍ਹਾਂ ਲੋਕਾਂ ਵਿਚ ਦਿਲਚਸਪੀ ਜਗਾਉਣ ਲਈ ਲਿਖਿਆ ਗਿਆ ਹੈ ਜੋ ਮੁਢਲੇ ਮਸੀਹੀ ਇਤਿਹਾਸ ਵਿਚ ਰੁਚੀ ਰੱਖਦੇ ਹਨ।” ਇਹ ਗੱਲ ਇਕ ਬਹੁਤ ਪੁਰਾਣੇ ਦਸਤਾਵੇਜ਼ ਬਾਰੇ ਕਹੀ ਗਈ ਹੈ। ਕੀ ਤੁਸੀਂ ਜਾਣਦੇ ਹੋ ਇਹ ਕਿਹੜਾ ਦਸਤਾਵੇਜ਼ ਹੈ?
ਇਸ ਬਾਰੇ ਤੁਸੀਂ ਸ਼ਾਇਦ ਸੁਣਿਆ ਹੋਵੇ ਜਾਂ ਨਾ। ਇਹ ਦਸਤਾਵੇਜ਼ ਹੈ ਮੂਰਾਟੋਰੀਅਨ ਫਰੈਗਮੈਂਟ। ਤੁਸੀਂ ਸ਼ਾਇਦ ਸੋਚੋ, ‘ਇਸ ਮੂਰਾਟੋਰੀਅਨ ਫਰੈਗਮੈਂਟ ਵਿਚ ਕੀ ਖ਼ਾਸ ਗੱਲ ਹੈ?’ ਇਹ ਬਾਈਬਲ ਦੀਆਂ ਯੂਨਾਨੀ ਪੋਥੀਆਂ ਦੀ ਉਪਲਬਧ ਸਭ ਤੋਂ ਪੁਰਾਣੀ ਪ੍ਰਮਾਣਿਕ ਸੂਚੀ ਹੈ।
ਤੁਸੀਂ ਸ਼ਾਇਦ ਇਸ ਗੱਲ ਤੇ ਕਦੇ ਸਵਾਲ ਖੜ੍ਹਾ ਨਾ ਕੀਤਾ ਹੋਵੇ ਕਿ ਕੋਈ ਪੋਥੀ ਬਾਈਬਲ ਦਾ ਹਿੱਸਾ ਹੋਣੀ ਚਾਹੀਦੀ ਹੈ ਜਾਂ ਨਹੀਂ। ਪਰ ਤੁਹਾਨੂੰ ਸ਼ਾਇਦ ਇਹ ਸੁਣ ਕੇ ਹੈਰਾਨੀ ਹੋਵੇ ਕਿ ਇਕ ਸਮੇਂ ਤੇ ਕੁਝ ਪੋਥੀਆਂ ਸੰਬੰਧੀ ਲੋਕਾਂ ਦੇ ਮਨਾਂ ਵਿਚ ਸ਼ੱਕ ਸੀ ਕਿ ਇਹ ਬਾਈਬਲ ਦਾ ਹਿੱਸਾ ਹੋਣੀਆਂ ਚਾਹੀਦੀਆਂ ਸਨ ਜਾਂ ਨਹੀਂ। ਮੂਰਾਟੋਰੀਅਨ ਫਰੈਗਮੈਂਟ ਵਿਚ ਉਨ੍ਹਾਂ ਪੋਥੀਆਂ ਦੀ ਸੂਚੀ ਦਿੱਤੀ ਗਈ ਹੈ ਜੋ ਪਵਿੱਤਰ ਆਤਮਾ ਦੁਆਰਾ ਪ੍ਰੇਰਿਤ ਮੰਨੀਆਂ ਜਾਂਦੀਆਂ ਹਨ। ਇਹ ਪਤਾ ਲਗਾਉਣਾ ਬਹੁਤ ਜ਼ਰੂਰੀ ਹੈ ਕਿ ਕਿਹੜੀਆਂ ਪੋਥੀਆਂ ਬਾਈਬਲ ਦਾ ਹਿੱਸਾ ਹਨ। ਤਾਂ ਫਿਰ, ਇਸ ਦਸਤਾਵੇਜ਼ ਵਿਚ ਬਾਈਬਲ ਦੀਆਂ ਯੂਨਾਨੀ ਪੋਥੀਆਂ ਬਾਰੇ ਕੀ ਕਿਹਾ ਗਿਆ ਹੈ? ਆਓ ਪਹਿਲਾਂ ਆਪਾਂ ਇਸ ਦਸਤਾਵੇਜ਼ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਲਈਏ।
ਇਹ ਦਸਤਾਵੇਜ਼ ਕਿੱਥੇ ਤੇ ਕਿਸ ਨੂੰ ਲੱਭਿਆ?
ਮੂਰਾਟੋਰੀਅਨ ਫਰੈਗਮੈਂਟ ਚੰਮ-ਪੱਤਰ ਦੀ ਬਣੀ ਇਕ ਹੱਥਲਿਖਤ ਕਿਤਾਬ ਦਾ ਹਿੱਸਾ ਹੈ। ਇਸ ਕਿਤਾਬ ਦੇ 76 ਪੰਨੇ ਹਨ ਤੇ ਹਰ ਪੰਨੇ ਦੀ ਲੰਬਾਈ 11 ਇੰਚ ਤੇ ਚੌੜਾਈ 7 ਇੰਚ ਹੈ। ਲੂਡੋਵਿਕੋ ਆਂਟੋਨਿਓ ਮੂਰਾਟੋਰੀ (1672-1750 ਈ.) ਨਾਂ ਦੇ ਮਸ਼ਹੂਰ ਇਤਾਲਵੀ ਇਤਿਹਾਸਕਾਰ ਨੂੰ ਇਹ ਫਰੈਗਮੈਂਟ ਇਟਲੀ ਦੇ ਮਿਲਾਨ ਸ਼ਹਿਰ ਦੀ ਐਮਬਰੋਸਿਅਨ ਲਾਇਬ੍ਰੇਰੀ ਵਿੱਚੋਂ ਮਿਲਿਆ ਸੀ। ਮੂਰਾਟੋਰੀ ਨੇ ਆਪਣੀ ਇਸ ਲੱਭਤ ਨੂੰ 1740 ਈਸਵੀ ਵਿਚ ਪ੍ਰਕਾਸ਼ਿਤ ਕੀਤਾ ਜਿਸ ਕਰਕੇ ਇਸ ਦਾ ਨਾਂ ਮੂਰਾਟੋਰੀਅਨ ਫਰੈਗਮੈਂਟ ਪੈ ਗਿਆ। ਇਸ ਤਰ੍ਹਾਂ ਲੱਗਦਾ ਹੈ ਕਿ ਇਹ ਦਸਤਾਵੇਜ਼ ਅੱਠਵੀਂ ਸਦੀ ਵਿਚ ਉੱਤਰੀ ਇਟਲੀ ਦੇ ਪਿਆਸੇਨਚਿਆ ਸੂਬੇ ਵਿਚ ਬੌਬੀਓ ਸ਼ਹਿਰ ਦੇ ਈਸਾਈ ਮੱਠ ਵਿਚ ਤਿਆਰ ਕੀਤਾ ਗਿਆ ਸੀ। ਇਸ ਨੂੰ 17ਵੀਂ ਸਦੀ ਦੇ ਸ਼ੁਰੂ ਵਿਚ ਐਮਬਰੋਸਿਅਨ ਲਾਇਬ੍ਰੇਰੀ ਵਿਚ ਲਿਆਂਦਾ ਗਿਆ।
ਇਸ ਕਿਤਾਬ ਦਾ 10ਵਾਂ ਤੇ 11ਵਾਂ ਪੰਨਾ ਮੂਰਾਟੋਰੀਅਨ ਫਰੈਗਮੈਂਟ ਹੈ। ਇਸ ਫਰੈਗਮੈਂਟ ਦੇ 85 ਵਾਕ ਹਨ ਤੇ ਇਹ ਲਾਤੀਨੀ ਭਾਸ਼ਾ ਵਿਚ ਹੈ। ਇਸ ਦੀ ਜਾਂਚ ਕਰਨ ਤੇ ਪਤਾ ਲੱਗਦਾ ਹੈ ਕਿ ਨਕਲਨਵੀਸ ਨੇ ਇਸ ਦੀ ਨਕਲ ਉਤਾਰਨ ਵੇਲੇ ਕਾਫ਼ੀ ਲਾਪਰਵਾਹੀ ਵਰਤੀ ਸੀ। ਪਰ ਇਸ ਦੀ ਤੁਲਨਾ 11ਵੀਂ ਤੇ 12ਵੀਂ
ਸਦੀ ਦੀਆਂ ਮਿਲਦੀਆਂ-ਜੁਲਦੀਆਂ ਹੱਥ-ਲਿਖਤਾਂ ਨਾਲ ਕਰ ਕੇ ਉਸ ਦੀਆਂ ਕੁਝ ਗ਼ਲਤੀਆਂ ਬਾਰੇ ਪਤਾ ਲਗਾ ਲਿਆ ਗਿਆ ਹੈ।ਮੂਰਾਟੋਰੀਅਨ ਫਰੈਗਮੈਂਟ ਕਦੋਂ ਲਿਖਿਆ ਗਿਆ ਸੀ?
ਤੁਸੀਂ ਸ਼ਾਇਦ ਸੋਚੋ ਕਿ ਮੂਰਾਟੋਰੀਅਨ ਫਰੈਗਮੈਂਟ ਕਦੋਂ ਤਿਆਰ ਕੀਤਾ ਗਿਆ ਸੀ? ਮੂਰਾਟੋਰੀਅਨ ਫਰੈਗਮੈਂਟ ਅਸਲ ਵਿਚ ਯੂਨਾਨੀ ਲਿਖਤ ਦਾ ਲਾਤੀਨੀ ਅਨੁਵਾਦ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਇਹ ਯੂਨਾਨੀ ਲਿਖਤ ਇਸ ਫਰੈਗਮੈਂਟ ਤੋਂ ਕਈ ਸਦੀਆਂ ਪਹਿਲਾਂ ਲਿਖੀ ਗਈ ਸੀ। ਇਸ ਦੇ ਤਿਆਰ ਕੀਤੇ ਜਾਣ ਦੇ ਸਮੇਂ ਬਾਰੇ ਇਕ ਸੰਕੇਤ ਮਿਲਿਆ ਹੈ। ਇਸ ਦਸਤਾਵੇਜ਼ ਵਿਚ ਇਕ ਗ਼ੈਰ-ਬਾਈਬਲੀ ਕਿਤਾਬ ਸ਼ੈਪਰਡ ਦਾ ਜ਼ਿਕਰ ਕੀਤਾ ਗਿਆ ਹੈ ਤੇ ਦੱਸਿਆ ਗਿਆ ਹੈ ਕਿ ਇਸ ਕਿਤਾਬ ਦੇ ਲੇਖਕ ਹਰਮਾਸ ਨੇ “ਹਾਲ ਹੀ ਵਿਚ, ਸਾਡੇ ਸਮੇਂ ਵਿਚ ਰੋਮ ਵਿਖੇ” ਇਹ ਕਿਤਾਬ ਲਿਖੀ ਸੀ। ਵਿਦਵਾਨ ਮੰਨਦੇ ਹਨ ਕਿ ਹਰਮਾਸ ਨੇ ਸ਼ੈਪਰਡ ਕਿਤਾਬ 140 ਤੇ 155 ਈ. ਦੌਰਾਨ ਲਿਖੀ ਸੀ। ਇਸ ਲਈ ਇਹ ਅੰਦਾਜ਼ਾ ਲਾਇਆ ਗਿਆ ਹੈ ਕਿ ਮੂਲ ਯੂਨਾਨੀ ਦਸਤਾਵੇਜ਼ 170 ਤੇ 200 ਈ. ਦੌਰਾਨ ਤਿਆਰ ਕੀਤਾ ਗਿਆ ਸੀ।
ਰੋਮ ਦਾ ਸਿੱਧਾ ਜਾਂ ਅਸਿੱਧਾ ਜ਼ਿਕਰ ਕਰਨ ਤੇ ਸੰਕੇਤ ਮਿਲਦਾ ਹੈ ਕਿ ਯੂਨਾਨੀ ਦਸਤਾਵੇਜ਼ ਰੋਮ ਵਿਚ ਤਿਆਰ ਕੀਤਾ ਗਿਆ ਸੀ। ਪਰ ਇਸ ਦੇ ਲੇਖਕ ਦੀ ਪਛਾਣ ਸੰਬੰਧੀ ਅਜੇ ਵੀ ਬਹਿਸ ਚੱਲ ਰਹੀ ਹੈ। ਸਿਕੰਦਰੀਆ ਸ਼ਹਿਰ ਦੇ ਕਲੈਮੰਟ, ਸਾਰਦੀਸ ਦੇ ਮਲੀਟੋ ਜਾਂ ਫਿਰ ਅਫ਼ਸੁਸ ਦੇ ਪੌਲਿਕ੍ਰਟੀਜ਼ ਨੂੰ ਇਸ ਦਾ ਲੇਖਕ ਮੰਨਿਆ ਜਾ ਰਿਹਾ ਹੈ। ਪਰ ਜ਼ਿਆਦਾਤਰ ਵਿਦਵਾਨ ਹਿਪੌਲੀਟਸ ਨੂੰ ਇਸ ਦਾ ਲੇਖਕ ਮੰਨਦੇ ਸਨ ਜਿਸ ਨੇ ਯੂਨਾਨੀ ਵਿਚ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਸਨ ਤੇ ਉਹ ਉਸ ਸਮੇਂ ਦੌਰਾਨ ਰੋਮ ਵਿਚ ਰਹਿੰਦਾ ਸੀ ਜਦ ਮੂਲ ਯੂਨਾਨੀ ਦਸਤਾਵੇਜ਼ ਸ਼ਾਇਦ ਤਿਆਰ ਕੀਤਾ ਗਿਆ ਸੀ। ਸ਼ਾਇਦ ਤੁਹਾਨੂੰ ਇਹ ਜਾਣਕਾਰੀ ਇੰਨੀ ਦਿਲਚਸਪ ਨਾ ਲੱਗੇ, ਪਰ ਤੁਸੀਂ ਇਸ ਵਿਚ ਲਿਖੀਆਂ ਗੱਲਾਂ ਜ਼ਰੂਰ ਦਿਲਚਸਪ ਪਾਓਗੇ ਜਿਨ੍ਹਾਂ ਕਰਕੇ ਮੂਰਾਟੋਰੀਅਨ ਫਰੈਗਮੈਂਟ ਇੰਨਾ ਕੀਮਤੀ ਹੈ।
ਇਸ ਵਿਚਲੀ ਜਾਣਕਾਰੀ
ਇਸ ਵਿਚ ਸਿਰਫ਼ ਬਾਈਬਲ ਦੀਆਂ ਯੂਨਾਨੀ ਪੋਥੀਆਂ ਦੀ ਸੂਚੀ ਹੀ ਨਹੀਂ ਦਿੱਤੀ ਗਈ ਹੈ। ਇਸ ਵਿਚ ਇਨ੍ਹਾਂ ਪੋਥੀਆਂ ਤੇ ਉਨ੍ਹਾਂ ਦੇ ਲੇਖਕਾਂ ਉੱਤੇ ਟਿੱਪਣੀਆਂ ਵੀ ਕੀਤੀਆਂ ਗਈਆਂ ਹਨ। ਜੇ ਤੁਸੀਂ ਇਸ ਦਸਤਾਵੇਜ਼ ਨੂੰ ਪੜ੍ਹੋ, ਤਾਂ ਤੁਸੀਂ ਦੇਖੋਗੇ ਕਿ ਇਸ ਵਿਚ ਪਹਿਲੇ ਤੇ ਅਖ਼ੀਰਲੇ ਕੁਝ ਵਾਕ ਨਹੀਂ ਹਨ। ਇਹ ਲੂਕਾ ਦੀ ਇੰਜੀਲ ਦੇ ਜ਼ਿਕਰ ਨਾਲ ਸ਼ੁਰੂ ਹੁੰਦਾ ਹੈ ਤੇ ਇਸ ਵਿਚ ਦੱਸਿਆ ਗਿਆ ਹੈ ਕਿ ਇਸ ਪੋਥੀ ਦਾ ਲੇਖਕ ਵੈਦ ਸੀ। (ਕੁਲੁੱਸੀਆਂ 4:14) ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਲੂਕਾ ਦੀ ਇੰਜੀਲ ਤੀਜੀ ਇੰਜੀਲ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਸ਼ੁਰੂ ਦੇ ਕੁਝ ਵਾਕਾਂ ਵਿਚ ਸ਼ਾਇਦ ਮੱਤੀ ਤੇ ਮਰਕੁਸ ਦੀਆਂ ਇੰਜੀਲਾਂ ਉੱਤੇ ਟਿੱਪਣੀਆਂ ਕੀਤੀਆਂ ਗਈਆਂ ਸਨ। ਮੂਰਾਟੋਰੀਅਨ ਫਰੈਗਮੈਂਟ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿਉਂਕਿ ਇਸ ਵਿਚ ਦੱਸਿਆ ਗਿਆ ਹੈ ਕਿ ਚੌਥੀ ਇੰਜੀਲ ਯੂਹੰਨਾ ਦੀ ਇੰਜੀਲ ਹੈ।
ਇਸ ਫਰੈਗਮੈਂਟ ਵਿਚ ਸਾਫ਼ ਦੱਸਿਆ ਹੈ ਕਿ ਰਸੂਲਾਂ ਦੇ ਕਰਤੱਬ ਨਾਂ ਦੀ ਪੋਥੀ ਲੂਕਾ ਨੇ “ਸਰਬ ਉਪਮਾ ਜੋਗ ਥਿਉਫ਼ਿਲੁਸ” ਲਈ ਲਿਖੀ ਸੀ। (ਲੂਕਾ 1:3; ਰਸੂਲਾਂ ਦੇ ਕਰਤੱਬ 1:1) ਫਿਰ ਇਸ ਵਿਚ ਪੌਲੁਸ ਦੀਆਂ ਚਿੱਠੀਆਂ ਦੀ ਸੂਚੀ ਦਿੱਤੀ ਗਈ ਹੈ ਜੋ ਉਸ ਨੇ ਕੁਰਿੰਥੀਆਂ ਨੂੰ (ਦੋ ਚਿੱਠੀਆਂ), ਅਫ਼ਸੀਆਂ ਨੂੰ, ਫ਼ਿਲਿੱਪੀਆਂ ਨੂੰ, ਕੁਲੁੱਸੀਆਂ ਨੂੰ, ਗਲਾਤੀਆਂ ਨੂੰ, ਥੱਸਲੁਨੀਕੀਆਂ ਨੂੰ (ਦੋ ਚਿੱਠੀਆਂ), ਰੋਮੀਆਂ ਨੂੰ, ਫਿਲੇਮੋਨ ਨੂੰ, ਤੀਤੁਸ ਨੂੰ ਤੇ ਤਿਮੋਥਿਉਸ ਨੂੰ (ਦੋ ਚਿੱਠੀਆਂ) ਲਿਖੀਆਂ ਸਨ। ਇਸ ਵਿਚ ਯਹੂਦਾਹ ਦੀ ਚਿੱਠੀ ਤੇ ਯੂਹੰਨਾ ਦੀਆਂ ਦੋ ਚਿੱਠੀਆਂ ਦਾ ਜ਼ਿਕਰ ਵੀ ਕੀਤਾ ਗਿਆ ਹੈ। ਯੂਹੰਨਾ ਰਸੂਲ ਦੀ ਪਹਿਲੀ ਚਿੱਠੀ ਦਾ ਜ਼ਿਕਰ ਉਸ ਦੀ ਇੰਜੀਲ ਨਾਲ ਹੀ ਕੀਤਾ ਗਿਆ ਹੈ। ਸੂਚੀ ਦੇ ਅਖ਼ੀਰ ਵਿਚ ਪਰਕਾਸ਼ ਦੀ ਪੋਥੀ ਦਾ ਜ਼ਿਕਰ ਕੀਤਾ ਗਿਆ ਹੈ।
ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਭਾਵੇਂ ਇਸ ਫਰੈਗਮੈਂਟ ਵਿਚ “ਪਤਰਸ ਦੇ ਇਲਹਾਮ” ਦੀ ਪੋਥੀ ਦਾ ਵੀ ਜ਼ਿਕਰ ਹੈ, ਪਰ ਇਸ ਵਿਚ ਇਹ ਵੀ ਲਿਖਿਆ ਹੈ ਕਿ ਕੁਝ ਲੋਕਾਂ ਮੁਤਾਬਕ ਮਸੀਹੀਆਂ ਨੂੰ ਇਹ ਪੋਥੀ ਨਹੀਂ ਪੜ੍ਹਨੀ ਚਾਹੀਦੀ। ਲੇਖਕ ਚੇਤਾਵਨੀ ਦਿੰਦਾ ਹੈ ਕਿ ਉਸ ਦੇ ਸਮੇਂ ਵਿਚ ਕਈ ਝੂਠੀਆਂ ਲਿਖਤਾਂ ਮੌਜੂਦ ਸਨ। ਮੂਰਾਟੋਰੀਅਨ ਫਰੈਗਮੈਂਟ ਸਮਝਾਉਂਦਾ ਹੈ ਕਿ ਇਨ੍ਹਾਂ ਨੂੰ ਪਵਿੱਤਰ ਲਿਖਤਾਂ ਦਾ ਹਿੱਸਾ ਸਵੀਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ “ਸ਼ਹਿਦ ਵਿਚ ਕੌੜੀ ਚੀਜ਼ ਨਹੀਂ ਮਿਲਾਈ ਜਾਣੀ ਚਾਹੀਦੀ।” ਇਸ ਦਸਤਾਵੇਜ਼ ਵਿਚ ਹੋਰ ਪੋਥੀਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਨੂੰ ਪਵਿੱਤਰ ਲਿਖਤਾਂ ਵਿਚ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਇਹ ਜਾਂ ਤਾਂ ਰਸੂਲਾਂ ਦੇ ਮਰਨ ਤੋਂ ਬਾਅਦ ਲਿਖੀਆਂ ਗਈਆਂ ਸਨ (ਜਿਵੇਂ ਕਿ ਹਰਮਾਸ ਦੀ ਕਿਤਾਬ ਸ਼ੈਪਰਡ) ਜਾਂ ਫਿਰ ਇਹ ਝੂਠੀਆਂ ਸਿੱਖਿਆਵਾਂ ਦੇ ਸਮਰਥਨ ਵਿਚ ਲਿਖੀਆਂ ਗਈਆਂ ਸਨ।
ਤੁਸੀਂ ਸ਼ਾਇਦ ਉੱਪਰ ਧਿਆਨ ਦਿੱਤਾ ਹੋਣਾ ਕਿ ਇਬਰਾਨੀਆਂ ਨੂੰ ਲਿਖੀ ਪੌਲੁਸ ਦੀ ਚਿੱਠੀ, ਪਤਰਸ ਦੀਆਂ ਦੋ ਚਿੱਠੀਆਂ ਤੇ ਯਾਕੂਬ ਦੀ ਪੋਥੀ ਦਾ ਪ੍ਰਮਾਣਿਕ ਸੂਚੀ ਵਿਚ ਜ਼ਿਕਰ ਨਹੀਂ ਕੀਤਾ ਗਿਆ। ਪਰ ਮੂਰਾਟੋਰੀਅਨ ਫਰੈਗਮੈਂਟ ਦੇ ਨਕਲਨਵੀਸ ਦੀ ਬੇਕਾਰ ਕਾਰੀਗਰੀ ਨੂੰ ਧਿਆਨ ਵਿਚ ਰੱਖਦਿਆਂ, ਡਾਕਟਰ ਜੈਫ਼ਰੀ ਮਾਰਕ ਹਾਨਿਮਾਨ ਨੇ ਕਿਹਾ ਕਿ ਇਹ “ਕਹਿਣਾ ਜਾਇਜ਼ ਹੈ ਕਿ ਫਰੈਗਮੈਂਟ ਵਿਚ ਹੋਰ ਕਿਤਾਬਾਂ ਦਾ ਵੀ ਜ਼ਿਕਰ ਕੀਤਾ ਗਿਆ ਹੋਣਾ, ਪਰ ਹੁਣ ਉਹ ਪੰਨੇ ਗੁੰਮ ਹੋ ਗਏ ਹਨ ਅਤੇ ਯਾਕੂਬ ਤੇ ਇਬਰਾਨੀਆਂ (ਅਤੇ ਪਹਿਲਾ ਪਤਰਸ) ਦੀਆਂ ਪੋਥੀਆਂ ਦਾ ਵੀ ਜ਼ਿਕਰ ਕੀਤਾ ਗਿਆ ਹੋਣਾ।”—ਦ ਮੂਰਾਟੋਰੀਅਨ ਫਰੈਗਮੈਂਟ ਐਂਡ ਡਿਵੈਲਪਮੈਂਟ ਆਫ਼ ਦ ਕੈਨਨ।
ਇਸ ਤਰ੍ਹਾਂ ਮੂਰਾਟੋਰੀਅਨ ਫਰੈਗਮੈਂਟ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਬਾਈਬਲ ਵਿਚ ਅੱਜ ਜਿਹੜੀਆਂ ਯੂਨਾਨੀ ਪੋਥੀਆਂ ਹਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ਪੋਥੀਆਂ ਨੂੰ ਦੂਸਰੀ ਸਦੀ ਈਸਵੀ ਵਿਚ ਪ੍ਰਮਾਣਿਕ ਸੂਚੀ ਵਿਚ ਸ਼ਾਮਲ ਕੀਤਾ ਜਾ ਚੁੱਕਾ ਸੀ। ਪਰ ਬਾਈਬਲ ਦੀਆਂ ਪੋਥੀਆਂ ਦੀ ਪ੍ਰਮਾਣਿਕਤਾ ਕਿ ਇਹ ਬਾਈਬਲ ਦਾ ਹਿੱਸਾ ਹਨ, ਇਸ ਗੱਲ ਤੇ ਨਿਰਭਰ ਨਹੀਂ ਕਰਦੀ ਕਿ ਇਨ੍ਹਾਂ ਦਾ ਕਿਸੇ ਪੁਰਾਣੀ ਸੂਚੀ ਵਿਚ ਜ਼ਿਕਰ ਕੀਤਾ ਗਿਆ ਹੈ। ਇਨ੍ਹਾਂ ਪੋਥੀਆਂ ਵਿਚ ਲਿਖੀਆਂ ਗੱਲਾਂ ਹੀ ਇਸ ਦਾ ਸਬੂਤ ਹਨ ਕਿ ਇਹ ਪੋਥੀਆਂ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਪ੍ਰੇਰਣਾ ਨਾਲ ਲਿਖੀਆਂ ਗਈਆਂ ਹਨ। ਇਹ ਸਾਰੀਆਂ ਪੋਥੀਆਂ ਦਿਖਾਉਂਦੀਆਂ ਹਨ ਕਿ ਬਾਈਬਲ ਦਾ ਲੇਖਕ ਯਹੋਵਾਹ ਪਰਮੇਸ਼ੁਰ ਹੈ ਅਤੇ ਹਰ ਪੋਥੀ ਵਿਚ ਲਿਖੀਆਂ ਗੱਲਾਂ ਦੂਸਰੀਆਂ ਪੋਥੀਆਂ ਨਾਲ ਮੇਲ ਖਾਂਦੀਆਂ ਹਨ। ਬਾਈਬਲ ਦੀਆਂ 66 ਕਿਤਾਬਾਂ ਦੀ ਇਹ ਖ਼ਾਸੀਅਤ ਇਨ੍ਹਾਂ ਦੀ ਇਕਸਾਰਤਾ ਤੇ ਪੂਰਣਤਾ ਦੀ ਪੁਸ਼ਟੀ ਕਰਦੀ ਹੈ। ਇਸ ਲਈ, ਇਹ ਸਵੀਕਾਰ ਕਰਨਾ ਚੰਗੀ ਗੱਲ ਹੋਵੇਗੀ ਕਿ ਇਹ ਪੋਥੀਆਂ ਯਹੋਵਾਹ ਦਾ ਸੱਚਾ ਬਚਨ ਹੈ ਜੋ ਅੱਜ ਤਕ ਸਾਡੇ ਲਈ ਸੰਭਾਲ ਕੇ ਰੱਖਿਆ ਗਿਆ ਹੈ।—1 ਥੱਸਲੁਨੀਕੀਆਂ 2:13; 2 ਤਿਮੋਥਿਉਸ 3:16, 17.
[ਸਫ਼ਾ 13 ਉੱਤੇ ਤਸਵੀਰ]
ਲੂਡੋਵਿਕੋ ਆਂਟੋਨਿਓ ਮੂਰਾਟੋਰੀ
[ਸਫ਼ਾ 14 ਉੱਤੇ ਤਸਵੀਰ]
ਐਮਬਰੋਸਿਅਨ ਲਾਇਬ੍ਰੇਰੀ
[ਸਫ਼ਾ 15 ਉੱਤੇ ਤਸਵੀਰ]
ਮੂਰਾਟੋਰੀਅਨ ਫਰੈਗਮੈਂਟ
[ਕ੍ਰੈਡਿਟ ਲਾਈਨ]
Diritti Biblioteca Ambrosiana. Vietata la riproduzione. Aut. No. F 157/05
[ਸਫ਼ਾ 13 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]
Fragments: Diritti Biblioteca Ambrosiana. Vietata la riproduzione. Aut. No. F 157/05; Muratori, based on line art: © 2005 Brown Brothers