Skip to content

Skip to table of contents

ਬੋਲੀਵੀਆ ਦੇ ਦੂਰ-ਦੁਰਾਡੇ ਕਸਬਿਆਂ ਦੇ ਲੋਕ ਖ਼ੁਸ਼ ਖ਼ਬਰੀ ਸੁਣ ਰਹੇ ਹਨ

ਬੋਲੀਵੀਆ ਦੇ ਦੂਰ-ਦੁਰਾਡੇ ਕਸਬਿਆਂ ਦੇ ਲੋਕ ਖ਼ੁਸ਼ ਖ਼ਬਰੀ ਸੁਣ ਰਹੇ ਹਨ

ਬੋਲੀਵੀਆ ਦੇ ਦੂਰ-ਦੁਰਾਡੇ ਕਸਬਿਆਂ ਦੇ ਲੋਕ ਖ਼ੁਸ਼ ਖ਼ਬਰੀ ਸੁਣ ਰਹੇ ਹਨ

ਇਕ ਦਿਨ ਅਸੀਂ ਨਦੀ ਕਿਨਾਰੇ ਤਕਰੀਬਨ 20 ਜਣੇ ਇਕ ਦਿਨ ਵਾਸਤੇ ਪਹਾੜੀ ਪਿੰਡਾਂ ਵਿਚ ਜਾਣ ਦੀ ਉਤਸੁਕਤਾ ਨਾਲ ਉਡੀਕ ਕਰ ਰਹੇ ਸੀ। ਅਸੀਂ ਐਂਡੀਜ਼ ਪਹਾੜ ਦੇ ਕੋਲ ਸੀ ਜਿੱਥੇ ਬੇਨੀ ਨਦੀ ਐਮੇਜ਼ਨ ਦੇ ਵਿਸ਼ਾਲ ਸਮਤਲ ਖੇਤਰ ਵਿਚ ਆ ਕੇ ਦੂਸਰੀਆਂ ਨਦੀਆਂ ਵਿਚ ਮਿਲ ਜਾਂਦੀ ਹੈ। ਉਸ ਇਲਾਕੇ ਦਾ ਨਜ਼ਾਰਾ ਦਿਲ ਨੂੰ ਮੋਹ ਲੈਂਦਾ ਹੈ।

ਪਰ ਅਸੀਂ ਇੱਥੇ ਦਾ ਨਜ਼ਾਰਾ ਦੇਖਣ ਨਹੀਂ ਆਏ ਸੀ। ਸਾਡੇ ਵਿੱਚੋਂ ਕੁਝ ਇੱਥੇ ਦੇ ਹੀ ਰਹਿਣ ਵਾਲੇ ਹਨ। ਕਈ ਦੂਰ-ਦੁਰਾਡੇ ਸ਼ਹਿਰਾਂ ਤੋਂ ਆ ਕੇ ਇੱਥੇ ਰੂਰਨਾਬਾਕੀ ਵਿਚ ਆ ਵੱਸੇ ਹਨ। ਇਸ ਛੋਟੇ ਜਿਹੇ ਸੁੰਦਰ ਕਸਬੇ ਵਿਚ ਫੁੱਲਾਂ ਨਾਲ ਲੱਦੇ ਬਿਰਛ ਤੇ ਘਾਹ-ਫੂਸ ਦੀਆਂ ਛੱਤਾਂ ਵਾਲੇ ਘਰ ਹਨ। ਕਦੇ-ਕਦਾਈਂ ਮੋਟਰ ਸਾਈਕਲ ਟੈਕਸੀ ਲੰਘਣ ਨਾਲ ਹੀ ਇੱਥੇ ਦੀ ਸ਼ਾਂਤੀ ਭੰਗ ਹੁੰਦੀ ਹੈ। ਅਸੀਂ ਪਹਾੜੀ ਪਿੰਡਾਂ ਵਿਚ ਕਿਉਂ ਜਾ ਰਹੇ ਸੀ?

ਅਸੀਂ ਇਹ ਸਫ਼ਰ ਉਹੀ ਕੰਮ ਕਰਨ ਲਈ ਕਰ ਰਹੇ ਸੀ ਜੋ ਬੋਲੀਵੀਆ ਦੇ ਹੋਰਨਾਂ ਕਈ ਹਿੱਸਿਆਂ ਵਿਚ ਹੋ ਰਿਹਾ ਹੈ। ਯਹੋਵਾਹ ਦੇ ਗਵਾਹ ਸ਼ਹਿਰਾਂ ਅਤੇ ਹੋਰਨਾਂ ਦੇਸ਼ਾਂ ਤੋਂ ਆ ਕੇ ਛੋਟੇ-ਛੋਟੇ ਕਸਬਿਆਂ ਵਿਚ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਂਦੇ ਹਨ।—ਮੱਤੀ 24:14.

ਬੋਲੀਵੀਆ ਦੱਖਣੀ ਅਮਰੀਕਾ ਦੇ ਵਿਚਕਾਰ ਸਥਿਤ ਹੈ। ਇਸ ਦਾ ਖੇਤਰਫਲ ਫਰਾਂਸ ਦੇ ਮੁਕਾਬਲੇ ਦੁਗੁਣਾ ਹੈ ਤੇ ਇਸ ਦੀ ਵਸੋਂ ਫਰਾਂਸ ਤੋਂ 10 ਪ੍ਰਤਿਸ਼ਤ ਜ਼ਿਆਦਾ ਹੈ। ਬੋਲੀਵੀਆ ਦੇ ਜ਼ਿਆਦਾਤਰ ਲੋਕ ਜਾਂ ਤਾਂ ਉੱਚੇ ਪਹਾੜਾਂ ਤੇ ਵਸੇ ਸ਼ਹਿਰਾਂ ਅਤੇ ਖਾਣਾਂ ਦੇ ਲਾਗਲੇ ਕਸਬਿਆਂ ਵਿਚ ਰਹਿੰਦੇ ਹਨ ਜਾਂ ਵਾਦੀਆਂ ਦੇ ਖੇਤੀਬਾੜੀ ਇਲਾਕਿਆਂ ਵਿਚ ਰਹਿੰਦੇ ਹਨ। ਪਰ ਨੀਵੇਂ ਗਰਮ ਇਲਾਕਿਆਂ ਵਿਚ ਦੂਰ-ਦੂਰ ਵਸੇ ਹੋਏ ਕਸਬਿਆਂ ਵਿਚਕਾਰ ਵੱਡੇ-ਵੱਡੇ ਜੰਗਲ ਹਨ।

ਕਈ ਕਸਬਿਆਂ ਵਿਚ 1950 ਅਤੇ 1960 ਦੇ ਦਹਾਕਿਆਂ ਵਿਚ ਬੈਟੀ ਜੈਕਸਨ, ਐਲਸੀ ਮਾਇਨਬਰਗ, ਪੈਮਲਾ ਮੋਜ਼ਲੀ, ਸ਼ਾਰਲਟ ਟੌਮਾਸ਼ਾਫਸਕੀ ਵਰਗੀਆਂ ਦਲੇਰ ਮਿਸ਼ਨਰੀਆਂ ਨੇ ਪ੍ਰਚਾਰ ਦਾ ਕੰਮ ਕੀਤਾ। ਉਨ੍ਹਾਂ ਨੇ ਨੇਕਦਿਲ ਲੋਕਾਂ ਨੂੰ ਬਾਈਬਲ ਵਿੱਚੋਂ ਸੱਚਾਈ ਸਿਖਾਈ ਅਤੇ ਛੋਟੀਆਂ-ਛੋਟੀਆਂ ਕਲੀਸਿਯਾਵਾਂ ਸਥਾਪਿਤ ਕਰਨ ਵਿਚ ਮਦਦ ਕੀਤੀ। ਸੰਨ 1980 ਅਤੇ 1990 ਦੇ ਦਹਾਕਿਆਂ ਦੌਰਾਨ ਖ਼ਾਸਕਰ ਸ਼ਹਿਰਾਂ ਵਿਚ ਯਹੋਵਾਹ ਦੇ ਗਵਾਹਾਂ ਦੀ ਗਿਣਤੀ ਛੇ ਗੁਣਾ ਵਧ ਗਈ। ਹੁਣ ਹਰ ਸ਼ਹਿਰ ਵਿਚ ਕਈ ਕਲੀਸਿਯਾਵਾਂ ਹਨ। ਇਹ ਕਲੀਸਿਯਾਵਾਂ ਤੁਹਾਨੂੰ ਖ਼ੁਸ਼ਹਾਲ ਇਲਾਕਿਆਂ ਵਿਚ ਮਿਲਣਗੀਆਂ ਜਿੱਥੇ ਲੋਕ ਆਸਮਾਨ ਨੂੰ ਛੋਹੰਦੀਆਂ ਇਮਾਰਤਾਂ ਵਿਚ ਕੰਮ ਕਰਦੇ ਹਨ, ਆਲੀਸ਼ਾਨ ਮਕਾਨਾਂ ਵਿਚ ਰਹਿੰਦੇ ਅਤੇ ਸੁਪਰ-ਬਾਜ਼ਾਰਾਂ ਵਿਚ ਖ਼ਰੀਦਾਰੀ ਕਰਦੇ ਹਨ। ਪਰ ਇਨ੍ਹਾਂ ਸ਼ਹਿਰਾਂ ਦੇ ਬਾਹਰੀ ਇਲਾਕਿਆਂ ਵਿਚ ਵੀ ਕਲੀਸਿਯਾਵਾਂ ਹਨ ਜਿੱਥੇ ਲੋਕ ਕੱਚੇ ਘਰਾਂ ਵਿਚ ਰਹਿੰਦੇ ਹਨ, ਖੁੱਲ੍ਹੀਆਂ ਥਾਵਾਂ ਤੇ ਲੱਗੇ ਬਾਜ਼ਾਰਾਂ ਵਿਚ ਖ਼ਰੀਦਾਰੀ ਕਰਦੇ ਹਨ ਅਤੇ ਰੰਗ-ਬਰੰਗੇ ਕਬਾਇਲੀ ਕੱਪੜੇ ਪਾਉਂਦੇ ਹਨ। ਪਰ ਯਹੋਵਾਹ ਦਾ ਗਿਆਨ ਲੈਣ ਵਿਚ ਦੂਰ-ਦੁਰੇਡੀਆਂ ਥਾਵਾਂ ਦੇ ਹੋਰ ਜ਼ਿਆਦਾ ਲੋਕਾਂ ਦੀ ਮਦਦ ਕਰਨ ਵਾਸਤੇ ਕੀ ਕੀਤਾ ਜਾ ਸਕਦਾ ਹੈ?

ਸ਼ਹਿਰੀ ਜ਼ਿੰਦਗੀ ਦੀਆਂ ਸੁਖ-ਸਹੂਲਤਾਂ ਦੀ ਕੁਰਬਾਨੀ

ਪਿਛਲੇ ਦੋ ਦਹਾਕਿਆਂ ਦੌਰਾਨ ਬੋਲੀਵੀਆ ਦੇ ਪਿੰਡਾਂ ਅਤੇ ਕਸਬਿਆਂ ਦੇ ਬਹੁਤ ਸਾਰੇ ਲੋਕ ਸ਼ਹਿਰਾਂ ਵਿਚ ਜਾ ਕੇ ਵੱਸ ਗਏ ਹਨ। ਇਸ ਲਈ ਅਜਬ ਗੱਲ ਇਹ ਹੈ ਕਿ ਕੁਝ ਲੋਕ ਸ਼ਹਿਰਾਂ ਤੋਂ ਪਿੰਡਾਂ ਵਿਚ ਆ ਰਹੇ ਹਨ। ਕਈ ਪਿੰਡਾਂ ਵਿਚ ਸਿਰਫ਼ ਇਕ ਟੈਲੀਫ਼ੋਨ ਹੈ ਤੇ ਦਿਨ ਵਿਚ ਕੁਝ ਕੁ ਘੰਟੇ ਹੀ ਬਿਜਲੀ ਰਹਿੰਦੀ ਹੈ। ਇਨ੍ਹਾਂ ਪਿੰਡਾਂ ਵਿਚ ਰਹਿੰਦੇ ਗਵਾਹ ਆਪਣੇ ਮਸੀਹੀ ਭੈਣਾਂ-ਭਰਾਵਾਂ ਨੂੰ ਸਿਰਫ਼ ਜ਼ਿਲ੍ਹਾ ਸੰਮੇਲਨਾਂ ਵਿਚ ਹੀ ਮਿਲ ਪਾਉਂਦੇ ਹਨ। ਇਨ੍ਹਾਂ ਸੰਮੇਲਨਾਂ ਵਿਚ ਜਾਣਾ ਸ਼ਾਇਦ ਮਹਿੰਗਾ ਤੇ ਖ਼ਤਰਨਾਕ ਵੀ ਹੈ ਤੇ ਸਫ਼ਰ ਕਰਦਿਆਂ ਬੰਦਾ ਥੱਕ ਜਾਂਦਾ ਹੈ। ਪਿੰਡਾਂ ਦੇ ਸਕੂਲਾਂ ਵਿਚ ਸਿਰਫ਼ ਬੁਨਿਆਦੀ ਸਿੱਖਿਆ ਦਿੱਤੀ ਜਾਂਦੀ ਹੈ। ਤਾਂ ਫਿਰ ਕਿਹੜੀ ਗੱਲ ਕਰਕੇ ਯਹੋਵਾਹ ਦੇ ਬਹੁਤ ਸਾਰੇ ਗਵਾਹ ਸ਼ਹਿਰ ਛੱਡ ਕੇ ਪਿੰਡਾਂ ਨੂੰ ਆ ਰਹੇ ਹਨ?

ਹਾਲ ਹੀ ਵਿਚ ਲੂਈਸ ਨੇ ਕਿਹਾ: “ਲਾ ਪਾਜ਼ ਸ਼ਹਿਰ ਵਿਚ ਮੈਂ ਕੋਈ ਵੀ ਕੰਮ ਕਰ ਸਕਦਾ ਸੀ। ਪਰ ਮੇਰੇ ਮਾਪਿਆਂ ਨੇ ਹਮੇਸ਼ਾ ਮੈਨੂੰ ਉਤਸ਼ਾਹ ਦਿੱਤਾ ਕਿ ਚੇਲੇ ਬਣਾਉਣ ਦਾ ਕੰਮ ਸਭ ਤੋਂ ਵਧੀਆ ਕਿੱਤਾ ਹੈ। ਇਸ ਲਈ ਮੈਂ ਉਸਾਰੀ ਕਰਨ ਦੇ ਤਰੀਕਿਆਂ ਸੰਬੰਧੀ ਥੋੜ੍ਹੇ ਚਿਰ ਦਾ ਕੋਰਸ ਕਰ ਲਿਆ। ਇਕ ਵਾਰ ਰੂਰਨਾਬਾਕੀ ਵਿਚ ਛੁੱਟੀਆਂ ਦੌਰਾਨ ਮੈਂ ਦੇਖਿਆ ਕਿ ਉੱਥੇ ਦੇ ਲੋਕ ਉਤਸੁਕਤਾ ਨਾਲ ਖ਼ੁਸ਼ ਖ਼ਬਰੀ ਸੁਣਦੇ ਸਨ। ਉੱਥੇ ਮੁੱਠੀ ਭਰ ਭਰਾਵਾਂ ਨੂੰ ਦੇਖ ਕੇ ਮੈਂ ਸੋਚਿਆ ਕਿ ਕਿਉਂ ਨਾ ਮੈਂ ਇੱਥੇ ਆ ਕੇ ਉਨ੍ਹਾਂ ਦੀ ਮਦਦ ਕਰਾਂ। ਹੁਣ ਮੈਂ 12 ਬਾਈਬਲ ਸਟੱਡੀਆਂ ਕਰਾ ਰਿਹਾ ਹਾਂ। ਮਿਸਾਲ ਲਈ, ਮੈਂ ਇਕ ਪਤੀ-ਪਤਨੀ ਨੂੰ ਸਟੱਡੀ ਕਰਾਉਂਦਾ ਹਾਂ ਜਿਨ੍ਹਾਂ ਦੇ ਚਾਰ ਬੱਚੇ ਹਨ। ਉਹ ਆਦਮੀ ਬਹੁਤ ਸ਼ਰਾਬ ਪੀਂਦਾ ਸੀ ਤੇ ਜੂਆ ਖੇਡਦਾ ਹੁੰਦਾ ਸੀ, ਪਰ ਹੁਣ ਉਸ ਨੇ ਇਹ ਸਭ ਛੱਡ ਦਿੱਤਾ ਹੈ ਤੇ ਉਹ ਯਹੋਵਾਹ ਬਾਰੇ ਆਪਣੇ ਦੋਸਤਾਂ ਨੂੰ ਦੱਸਦਾ ਹੈ। ਉਹ ਬਾਈਬਲ ਸਟੱਡੀ ਕਰਨ ਵਾਸਤੇ ਹਮੇਸ਼ਾ ਪਾਠ ਤਿਆਰ ਕਰ ਕੇ ਰੱਖਦਾ ਹੈ। ਜਦੋਂ ਉਸ ਨੂੰ ਤਿੰਨ-ਚਾਰ ਦਿਨਾਂ ਵਾਸਤੇ ਜੰਗਲ ਵਿਚ ਦਰਖ਼ਤ ਕੱਟਣ ਲਈ ਜਾਣਾ ਪੈਂਦਾ ਹੈ, ਤਾਂ ਉਸ ਨੂੰ ਚੰਗਾ ਨਹੀਂ ਲੱਗਦਾ ਕਿਉਂਕਿ ਉਹ ਕਲੀਸਿਯਾ ਦੀਆਂ ਸਭਾਵਾਂ ਤੇ ਹੋਰ ਮਸੀਹੀ ਕੰਮਾਂ ਨੂੰ ਖੁੰਝਾਉਣਾ ਨਹੀਂ ਚਾਹੁੰਦਾ। ਜਦੋਂ ਮੈਂ ਉਨ੍ਹਾਂ ਸਾਰਿਆਂ ਨੂੰ ਮੀਟਿੰਗਾਂ ਵਿਚ ਦੇਖਦਾ ਹਾਂ, ਤਾਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਇੱਥੇ ਆਉਣ ਲਈ ਕੀਤੀ ਕੁਰਬਾਨੀ ਜ਼ਾਇਆ ਨਹੀਂ ਗਈ।”

ਆਪਣੇ ਪੁੱਤਰ ਦੀ ਇਕੱਲਿਆਂ ਪਰਵਰਿਸ਼ ਕਰਨ ਵਾਲੀ ਮਾਂ ਹੁਆਨਾ ਨੇ ਕਿਹਾ: “ਮੈਂ ਲਾ ਪਾਜ਼ ਵਿਚ ਨੌਕਰਾਣੀ ਦਾ ਕੰਮ ਕਰਦੀ ਸੀ। ਮੇਰਾ ਪੁੱਤਰ ਅਜੇ ਛੋਟਾ ਸੀ ਜਦ ਮੈਂ ਸ਼ਹਿਰ ਵਿਚ ਪਾਇਨੀਅਰੀ ਕਰਨ ਲੱਗ ਪਈ। ਪਰ ਜਦ ਮੈਂ ਇਕ ਵਾਰ ਰੂਰਨਾਬਾਕੀ ਆਈ, ਤਾਂ ਮੈਂ ਸੋਚਿਆ ਕਿ ਇੱਥੇ ਆ ਕੇ ਮੈਂ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਹਿੱਸਾ ਲੈ ਸਕਦੀ ਹਾਂ। ਇਸ ਲਈ ਮੈਂ ਇੱਥੇ ਆ ਗਈ ਤੇ ਮੈਨੂੰ ਨੌਕਰਾਣੀ ਦਾ ਕੰਮ ਵੀ ਮਿਲ ਗਿਆ। ਪਹਿਲਾਂ-ਪਹਿਲ ਤਾਂ ਗਰਮੀ ਅਤੇ ਕੀੜੇ-ਮਕੌੜਿਆਂ ਵਿਚ ਰਹਿਣਾ ਮੁਸ਼ਕਲ ਲੱਗਦਾ ਸੀ। ਪਰ ਹੁਣ ਸਾਨੂੰ ਮਾਂ-ਪੁੱਤ ਨੂੰ ਇੱਥੇ ਆਇਆਂ ਸੱਤ ਸਾਲ ਹੋ ਗਏ ਹਨ। ਮੈਂ ਹਰ ਹਫ਼ਤੇ ਕਈ ਬਾਈਬਲ ਸਟੱਡੀਆਂ ਕਰਾਉਂਦੀ ਹਾਂ ਅਤੇ ਸਟੱਡੀ ਕਰਨ ਵਾਲੇ ਬਹੁਤ ਸਾਰੇ ਲੋਕ ਮੀਟਿੰਗਾਂ ਵਿਚ ਆ ਕੇ ਕਦਰਦਾਨੀ ਜ਼ਾਹਰ ਕਰਦੇ ਹਨ।” ਸਾਡੇ ਨਾਲ ਕਿਸ਼ਤੀ ਰਾਹੀਂ ਪਹਾੜੀ ਪਿੰਡਾਂ ਵਿਚ ਜਾਣ ਵਾਲਿਆਂ ਵਿਚ ਹੁਆਨਾ ਅਤੇ ਉਸ ਦਾ ਪੁੱਤਰ ਵੀ ਹਨ। ਆਓ ਮੈਂ ਤੁਹਾਨੂੰ ਆਪਣੇ ਇਸ ਸਫ਼ਰ ਦੀ ਜਾਣਕਾਰੀ ਦੇਵਾਂ।

ਕਿਸ਼ਤੀ ਰਾਹੀਂ ਸਫ਼ਰ

ਕਿਸ਼ਤੀ ਦੇ ਬਾਹਰ ਲੱਗਾ ਇੰਜਣ ਗੜ-ਗੜ ਦੀ ਆਵਾਜ਼ ਨਾਲ ਸ਼ੁਰੂ ਹੋਇਆ ਤੇ ਅਸੀਂ ਪਹਾੜਾਂ ਦੇ ਤੰਗ ਰਸਤਿਆਂ ਵਿੱਚੋਂ ਦੀ ਲੰਘਦੀ ਨਦੀ ਰਾਹੀਂ ਆਪਣਾ ਸਫ਼ਰ ਸ਼ੁਰੂ ਕੀਤਾ। ਤੋਤਿਆਂ ਦੇ ਝੁੰਡ ਨੇ ਸ਼ੋਰ ਮਚਾਇਆ ਜਿਵੇਂ ਉਹ ਸਾਡੇ ਆਉਣ ਦਾ ਵਿਰੋਧ ਕਰ ਰਹੇ ਹੋਣ। ਕਿਸ਼ਤੀ ਪਹਾੜਾਂ ਤੋਂ ਡਿੱਗਦੇ ਘਸਮੈਲੇ ਪਾਣੀ ਨੂੰ ਚੀਰਦੀ ਅੱਗੇ ਵਧਦੀ ਰਹੀ। ਦੁਪਹਿਰ ਹੋਣ ਤੋਂ ਪਹਿਲਾਂ-ਪਹਿਲਾਂ ਅਸੀਂ ਇਕ ਛੋਟੇ ਜਿਹੇ ਪਿੰਡ ਪਹੁੰਚ ਗਏ। ਉੱਥੇ ਸਾਨੂੰ ਰੂਰਨਾਬਾਕੀ ਕਲੀਸਿਯਾ ਦਾ ਇਕ ਬਜ਼ੁਰਗ ਮਿਲਿਆ ਜਿਸ ਨੇ ਸਾਨੂੰ ਦਿਖਾਇਆ ਕਿ ਅਸੀਂ ਕਿੱਥੇ ਪ੍ਰਚਾਰ ਕਰਨ ਜਾ ਸਕਦੇ ਸੀ।

ਪਿੰਡ ਵਾਲਿਆਂ ਨੇ ਸਾਡਾ ਨਿੱਘਾ ਸੁਆਗਤ ਕੀਤਾ। ਕਿਸੇ ਨੇ ਸਾਨੂੰ ਦਰਖ਼ਤ ਦੀ ਛਾਵੇਂ ਬਿਠਾਇਆ ਤੇ ਕਿਸੇ ਨੇ ਬਾਂਸ ਅਤੇ ਪਾਮ ਦੇ ਪੱਤਿਆਂ ਦੇ ਬਣੇ ਘਰ ਅੰਦਰ ਬਿਠਾਇਆ। ਥੋੜ੍ਹੀ ਦੇਰ ਬਾਅਦ ਸਾਨੂੰ ਇਕ ਨੌਜਵਾਨ ਜੋੜਾ ਮਿਲਿਆ ਜੋ ਲੱਕੜ ਦੇ ਵੇਲਣੇ ਨਾਲ ਗੰਨੇ ਪੀੜ ਰਿਹਾ ਸੀ। ਗੰਨੇ ਦਾ ਰਸ ਤਾਂਬੇ ਦੇ ਭਾਂਡੇ ਵਿਚ ਪੈ ਰਿਹਾ ਸੀ। ਉਨ੍ਹਾਂ ਨੇ ਬਾਅਦ ਵਿਚ ਇਸ ਰਸ ਨੂੰ ਉਬਾਲ ਕੇ ਗਾੜ੍ਹਾ ਸੀਰਾ ਬਣਾਉਣਾ ਸੀ ਤਾਂਕਿ ਇਸ ਨੂੰ ਸ਼ਹਿਰ ਵੇਚਿਆ ਸਕੇ। ਇਸ ਜੋੜੇ ਨੇ ਸਾਨੂੰ ਅੰਦਰ ਬੁਲਾਇਆ ਤੇ ਬਾਈਬਲ ਸੰਬੰਧੀ ਕਈ ਸਵਾਲ ਪੁੱਛੇ।

ਫਿਰ ਅਸੀਂ ਉੱਥੋਂ ਦੂਜੇ ਪਿੰਡ ਪ੍ਰਚਾਰ ਕਰਨ ਚਲੇ ਗਏ। ਬਹੁਤ ਸਾਰੇ ਲੋਕ ਬਾਈਬਲ ਵਿੱਚੋਂ ਇਹ ਜਾਣ ਕੇ ਬਹੁਤ ਖ਼ੁਸ਼ ਹੋਏ ਕਿ ਦੁੱਖਾਂ ਅਤੇ ਮੌਤ ਦਾ ਅੰਤ ਕੀਤਾ ਜਾਵੇਗਾ। (ਯਸਾਯਾਹ 25:8; 33:24) ਇੱਥੇ ਡਾਕਟਰੀ ਸਹੂਲਤਾਂ ਦੀ ਕਮੀ ਹੋਣ ਕਰਕੇ ਕਈ ਪਰਿਵਾਰਾਂ ਨੇ ਆਪਣੇ ਬੱਚਿਆਂ ਦੀ ਮੌਤ ਦਾ ਗਮ ਸਹਿਆ ਹੈ। ਗ਼ਰੀਬੀ ਵਿਚ ਮਰ-ਮਰ ਕੇ ਗੁਜ਼ਾਰਾ ਕਰਨ ਵਾਲੇ ਕਿਸਾਨਾਂ ਅਤੇ ਮਛਿਆਰਿਆਂ ਦੀ ਜ਼ਿੰਦਗੀ ਬਹੁਤ ਕਠਿਨ ਹੈ। ਇਸ ਲਈ ਕਈਆਂ ਨੂੰ 72ਵੇਂ ਜ਼ਬੂਰ ਵਿਚ ਜ਼ਿਕਰ ਕੀਤਾ ਪਰਮੇਸ਼ੁਰ ਦਾ ਵਾਅਦਾ ਬਹੁਤ ਭਾਇਆ ਕਿ ਉਸ ਦੀ ਸਰਕਾਰ ਗ਼ਰੀਬੀ ਨੂੰ ਮਿਟਾ ਦੇਵੇਗੀ। ਤੁਹਾਡੇ ਖ਼ਿਆਲ ਵਿਚ ਕੀ ਸੱਚਾਈ ਵਿਚ ਦਿਲਚਸਪੀ ਲੈਣ ਵਾਲੇ ਲੋਕ ਆਪਣੇ ਪਿੰਡਾਂ ਤੋਂ ਦੂਰ ਮੀਟਿੰਗਾਂ ਵਿਚ ਆਉਣ ਦਾ ਜਤਨ ਕਰਨਗੇ? ਇਹ ਸਵਾਲ ਸਾਂਟਾ ਰੋਸਾ ਵਿਚ ਪਾਇਨੀਅਰੀ ਕਰ ਰਹੇ ਜੋੜੇ ਐਰਿਕ ਅਤੇ ਵਿੱਕੀ ਲਈ ਅਹਿਮੀਅਤ ਰੱਖਦਾ ਹੈ। ਸਾਂਟਾ ਰੋਸਾ ਇਸ ਪਿੰਡ ਤੋਂ ਤਿੰਨ ਘੰਟੇ ਦਾ ਰਾਹ ਹੈ।

ਕੀ ਸੱਚਾਈ ਵਿਚ ਦਿਲਚਸਪੀ ਲੈਣ ਵਾਲੇ ਮੀਟਿੰਗਾਂ ਵਿਚ ਆਉਣਗੇ?

ਐਰਿਕ ਅਤੇ ਵਿੱਕੀ 12 ਸਾਲ ਪਹਿਲਾਂ ਅਮਰੀਕਾ ਦੇ ਕੈਲੇਫ਼ੋਰਨੀਆ ਰਾਜ ਤੋਂ ਬੋਲੀਵੀਆ ਆਏ ਸਨ। ਇਕ ਸਫ਼ਰੀ ਨਿਗਾਹਬਾਨ ਨੇ ਉਨ੍ਹਾਂ ਨੂੰ ਸਾਂਟਾ ਰੋਸਾ ਜਾਣ ਦੀ ਸਲਾਹ ਦਿੱਤੀ ਸੀ। ਵਿੱਕੀ ਨੇ ਕਿਹਾ: “ਸਾਂਟਾ ਰੋਸਾ ਵਿਚ ਸਿਰਫ਼ ਦੋ ਟੈਲੀਫ਼ੋਨ ਹਨ ਅਤੇ ਇੰਟਰਨੈੱਟ ਦੀ ਸਹੂਲਤ ਨਹੀਂ ਹੈ। ਪਰ ਇੱਥੇ ਬਹੁਤ ਸਾਰੇ ਜੰਗਲੀ ਜਾਨਵਰ ਹਨ। ਜਦੋਂ ਅਸੀਂ ਮੋਟਰ ਸਾਈਕਲਾਂ ਤੇ ਦੂਰ-ਦੁਰਾਡੇ ਖੇਤਰਾਂ ਵਿਚ ਜਾਂਦੇ ਹਾਂ, ਤਾਂ ਸਾਨੂੰ ਅਕਸਰ ਮਗਰਮੱਛ, ਸ਼ੁਤਰਮੁਰਗ ਅਤੇ ਵੱਡੇ-ਵੱਡੇ ਸੱਪ ਦੇਖਣ ਨੂੰ ਮਿਲਦੇ ਹਨ। ਪਰ ਜਾਨਵਰਾਂ ਤੋਂ ਵੀ ਜ਼ਿਆਦਾ ਦਿਲਚਸਪ ਹਨ ਇੱਥੇ ਦੇ ਲੋਕ। ਅਸੀਂ ਵਾਕਾ ਨਾਂ ਦੇ ਪਤੀ-ਪਤਨੀ ਨੂੰ ਸਟੱਡੀ ਕਰਾਉਂਦੇ ਹਾਂ ਜਿਨ੍ਹਾਂ ਦੇ ਚਾਰ ਛੋਟੇ-ਛੋਟੇ ਬੱਚੇ ਹਨ। ਉਹ ਕਸਬੇ ਤੋਂ 26 ਕਿਲੋਮੀਟਰ ਦੂਰ ਰਹਿੰਦੇ ਹਨ। ਉਹ ਆਦਮੀ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਹੁੰਦਾ ਸੀ, ਪਰ ਹੁਣ ਉਹ ਸੁਧਰ ਗਿਆ ਹੈ। ਉਹ ਹਰ ਹਫ਼ਤੇ ਆਪਣੇ ਪਰਿਵਾਰ ਅਤੇ ਛੋਟੀ ਭੈਣ ਨੂੰ ਕਿੰਗਡਮ ਹਾਲ ਲੈ ਕੇ ਆਉਂਦਾ ਹੈ। ਉਹ ਆਪਣੀ ਪਤਨੀ ਤੇ ਬੱਚੀ ਨੂੰ ਸਾਈਕਲ ਦੇ ਪਿੱਛੇ ਬਿਠਾ ਕੇ ਲਿਆਉਂਦਾ ਹੈ। ਉਸ ਦਾ ਨੌਂ ਸਾਲ ਦਾ ਮੁੰਡਾ ਆਪਣੀ ਛੋਟੀ ਭੈਣ ਨੂੰ ਸਾਈਕਲ ਤੇ ਲੈ ਆਉਂਦਾ ਹੈ ਅਤੇ ਅੱਠਾਂ ਸਾਲਾਂ ਦਾ ਮੁੰਡਾ ਖ਼ੁਦ ਸਾਈਕਲ ਚਲਾ ਕੇ ਆ ਜਾਂਦਾ ਹੈ। ਇਸ ਤਰ੍ਹਾਂ ਮੀਟਿੰਗ ਆਉਣ ਲਈ ਉਨ੍ਹਾਂ ਨੂੰ ਤਿੰਨ ਘੰਟੇ ਲੱਗ ਜਾਂਦੇ ਹਨ।” ਇਹ ਪਰਿਵਾਰ ਯਹੋਵਾਹ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਸਭਾਵਾਂ ਵਿਚ ਆਉਣ ਦਾ ਹਰ ਸੰਭਵ ਜਤਨ ਕਰਦਾ ਹੈ।

ਸਾਂਟਾ ਰੋਸਾ ਵਿਚ 18 ਮਹੀਨਿਆਂ ਦੇ ਅੰਦਰ-ਅੰਦਰ ਤਿੰਨ ਜਣਿਆਂ ਨੇ ਬਪਤਿਸਮਾ ਲਿਆ ਅਤੇ ਤਕਰੀਬਨ 25 ਜਣੇ ਨਵੇਂ ਬਣੇ ਕਿੰਗਡਮ ਹਾਲ ਵਿਚ ਆਉਂਦੇ ਹਨ। ਹਾਲਾਂਕਿ ਬਹੁਤ ਸਾਰੇ ਲੋਕ ਬਾਈਬਲ ਦੀ ਸਟੱਡੀ ਕਰਨੀ ਚਾਹੁੰਦੇ ਹਨ, ਪਰ ਯਹੋਵਾਹ ਦੀ ਸੇਵਾ ਕਰਨ ਲਈ ਉਨ੍ਹਾਂ ਨੂੰ ਕਈ ਔਕੜਾਂ ਵਿੱਚੋਂ ਲੰਘਣਾ ਪੈਂਦਾ ਹੈ।

ਵਿਆਹਾਂ ਨੂੰ ਕਾਨੂੰਨੀ ਤੌਰ ਤੇ ਰਜਿਸਟਰ ਕਰਾਉਣ ਵਿਚ ਔਕੜ

ਬ੍ਰਾਜ਼ੀਲ ਨਾਲ ਲੱਗਦੀ ਬੋਲੀਵੀਆ ਦੀ ਸਰਹੱਦ ਦੇ ਨੇੜੇ ਇਕ ਕਸਬੇ ਵਿਚ ਮਿਸ਼ਨਰੀਆਂ ਦੇ ਤੌਰ ਤੇ ਸੇਵਾ ਕਰ ਰਹੇ ਮਾਰੀਨਾ ਤੇ ਓਸਨੀ ਕਹਿੰਦੇ ਹਨ ਕਿ ਇੱਥੇ ਬਹੁਤ ਸਾਰੇ ਲੋਕ ਵਿਆਹ ਨੂੰ ਜ਼ਿੰਦਗੀ ਭਰ ਦਾ ਬੰਧਨ ਨਹੀਂ ਸਮਝਦੇ। ਉਹ ਅਕਸਰ ਆਪਣੇ ਸਾਥੀ ਬਦਲਦੇ ਰਹਿੰਦੇ ਹਨ। ਓਸਨੀ ਨੇ ਕਿਹਾ: “ਇਸ ਕਰਕੇ ਉਨ੍ਹਾਂ ਨੂੰ ਸੱਚਾਈ ਵਿਚ ਤਰੱਕੀ ਕਰਨ ਵਿਚ ਮੁਸ਼ਕਲ ਆਉਂਦੀ ਹੈ। ਜਦ ਲੋਕ ਸੱਚੇ ਮਸੀਹੀ ਬਣਨਾ ਚਾਹੁੰਦੇ ਹਨ, ਤਾਂ ਇਹ ਉਨ੍ਹਾਂ ਲਈ ਜਟਿਲ ਮਸਲਾ ਬਣ ਜਾਂਦਾ ਹੈ ਅਤੇ ਉਨ੍ਹਾਂ ਨੂੰ ਮਹਿੰਗਾ ਪੈਂਦਾ ਹੈ। ਕਈਆਂ ਨੂੰ ਕਾਨੂੰਨੀ ਤੌਰ ਤੇ ਵਿਆਹ ਕਰਾਉਣ ਤੋਂ ਪਹਿਲਾਂ ਆਪਣੇ ਪਿਛਲੇ ਸੰਬੰਧਾਂ ਨੂੰ ਤੋੜਨਾ ਪੈਂਦਾ ਹੈ। ਪਰ ਉਹ ਜਾਣਦੇ ਹਨ ਕਿ ਵਿਆਹ ਨੂੰ ਰਜਿਸਟਰ ਕਰਾਉਣਾ ਬਾਈਬਲ ਦੀ ਮੰਗ ਮੁਤਾਬਕ ਹੈ, ਇਸ ਲਈ ਉਹ ਸਖ਼ਤ ਮਿਹਨਤ ਕਰ ਕੇ ਪੈਸੇ ਕਮਾਉਂਦੇ ਹਨ ਤਾਂਕਿ ਰਜਿਸਟਰੇਸ਼ਨ ਫ਼ੀਸ ਭਰੀ ਜਾ ਸਕੇ।”—ਰੋਮੀਆਂ 13:1, 2; ਇਬਰਾਨੀਆਂ 13:4.

ਮਾਰੀਨਾ ਨੇ ਸਾਨੂੰ ਨੌਰਬਰਟੋ ਦਾ ਤਜਰਬਾ ਦੱਸਿਆ। “ਉਹ ਇਕ ਤੀਵੀਂ, ਜੋ ਪੇਸ਼ੇ ਤੋਂ ਬੇਕਰ ਸੀ, ਨਾਲ ਰਹਿਣ ਤੋਂ ਪਹਿਲਾਂ ਕਈ ਤੀਵੀਆਂ ਨਾਲ ਰਹਿ ਚੁੱਕਾ ਸੀ। ਇਹ ਤੀਵੀਂ ਉਸ ਤੋਂ 35 ਸਾਲ ਛੋਟੀ ਸੀ ਤੇ ਉਸ ਦਾ ਇਕ ਪੁੱਤਰ ਸੀ ਜਿਸ ਨੂੰ ਨੌਰਬਰਟੋ ਨੇ ਅਪਣਾ ਲਿਆ ਸੀ। ਜਿਉਂ-ਜਿਉਂ ਮੁੰਡਾ ਵੱਡਾ ਹੋ ਰਿਹਾ ਸੀ, ਨੌਰਬਰਟੋ ਉਸ ਲਈ ਇਕ ਚੰਗੀ ਮਿਸਾਲ ਬਣਨਾ ਚਾਹੁੰਦਾ ਸੀ। ਇਸ ਲਈ ਜਦੋਂ ਇਕ ਗਵਾਹ ਨੇ ਬੇਕਰੀ ਤੇ ਆ ਕੇ ਉਸ ਨੂੰ ਬਾਈਬਲ ਸਟੱਡੀ ਕਰਨ ਦੀ ਪੇਸ਼ਕਸ਼ ਕੀਤੀ, ਤਾਂ ਨੌਰਬਰਟੋ ਮੰਨ ਗਿਆ ਭਾਵੇਂ ਕਿ ਉਸ ਨੂੰ ਪੜ੍ਹਨਾ ਨਹੀਂ ਸੀ ਆਉਂਦਾ ਤੇ ਉਸ ਦੀ ਉਮਰ 70 ਸਾਲਾਂ ਤੋਂ ਉੱਪਰ ਹੋ ਚੁੱਕੀ ਸੀ। ਜਦੋਂ ਨੌਰਬਰਟੋ ਤੇ ਉਸ ਨਾਲ ਰਹਿੰਦੀ ਤੀਵੀਂ ਨੂੰ ਵਿਆਹ ਸੰਬੰਧੀ ਯਹੋਵਾਹ ਦੀ ਮੰਗ ਬਾਰੇ ਪਤਾ ਲੱਗਾ, ਤਾਂ ਉਨ੍ਹਾਂ ਨੇ ਕਾਨੂੰਨੀ ਤੌਰ ਤੇ ਵਿਆਹ ਕਰਾਇਆ ਅਤੇ ਬਪਤਿਸਮਾ ਲੈ ਲਿਆ। ਉਨ੍ਹਾਂ ਦਾ ਮੁੰਡਾ ਇਕ ਜ਼ਿੰਮੇਵਾਰ ਮਸੀਹੀ ਨੌਜਵਾਨ ਬਣ ਗਿਆ ਜਿਵੇਂ ਉਸ ਦੇ ਮਤਰੇਏ ਪਿਤਾ ਨੇ ਚਾਹਿਆ ਸੀ। ਨੌਰਬਰਟੋ ਨੇ ਪੜ੍ਹਨਾ ਸਿੱਖਿਆ ਅਤੇ ਮੀਟਿੰਗਾਂ ਵਿਚ ਭਾਸ਼ਣ ਵੀ ਦਿੱਤੇ ਹਨ। ਉਮਰ ਦੇ ਹਿਸਾਬ ਨਾਲ ਕਮਜ਼ੋਰ ਹੋਣ ਦੇ ਬਾਵਜੂਦ, ਉਹ ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦਾ ਹੈ।”

ਯਹੋਵਾਹ ਦੀ ਪਵਿੱਤਰ ਆਤਮਾ ਦੀ ਤਾਕਤ

ਯਿਸੂ ਨੇ ਆਪਣੇ ਪਹਿਲੀ ਸਦੀ ਦੇ ਚੇਲਿਆਂ ਨੂੰ ਕਿਹਾ: “ਜਾਂ ਪਵਿੱਤ੍ਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ . . . ਧਰਤੀ ਦੇ ਬੰਨੇ ਤੀਕੁਰ ਮੇਰੇ ਗਵਾਹ ਹੋਵੋਗੇ।” (ਰਸੂਲਾਂ ਦੇ ਕਰਤੱਬ 1:8) ਇਹ ਦੇਖ ਕੇ ਸਾਡਾ ਉਤਸ਼ਾਹ ਵਧਦਾ ਹੈ ਕਿ ਪਰਮੇਸ਼ੁਰ ਦੀ ਪਵਿੱਤਰ ਆਤਮਾ ਸਾਡੇ ਮਸੀਹੀ ਭੈਣ-ਭਰਾਵਾਂ ਨੂੰ ਦੂਰ-ਦੂਰ ਜਾ ਕੇ ਪ੍ਰਚਾਰ ਕਰਨ ਲਈ ਪ੍ਰੇਰਦੀ ਹੈ। ਮਿਸਾਲ ਲਈ, 2004 ਵਿਚ 30 ਜੋਸ਼ੀਲੇ ਮਸੀਹੀ ਭੈਣ-ਭਰਾ ਬੋਲੀਵੀਆ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਥੋੜ੍ਹੇ ਚਿਰ ਵਾਸਤੇ ਵਿਸ਼ੇਸ਼ ਪਾਇਨੀਅਰਾਂ ਵਜੋਂ ਸੇਵਾ ਕਰਨ ਲਈ ਗਏ। ਉਹ ਲਗਭਗ 180 ਵਿਦੇਸ਼ੀ ਭੈਣਾਂ-ਭਰਾਵਾਂ ਦੀ ਚੰਗੀ ਮਿਸਾਲ ਦੇਖ ਕੇ ਬਹੁਤ ਖ਼ੁਸ਼ ਹੁੰਦੇ ਹਨ ਜੋ ਪਾਇਨੀਅਰਾਂ, ਸਰਕਟ ਨਿਗਾਹਬਾਨਾਂ, ਬੈਥਲ ਵਲੰਟੀਅਰਾਂ ਜਾਂ ਮਿਸ਼ਨਰੀਆਂ ਵਜੋਂ ਸੇਵਾ ਕਰਨ ਲਈ ਬੋਲੀਵੀਆ ਆਏ ਹਨ। ਬੋਲੀਵੀਆ ਵਿਚ 17,000 ਭੈਣ-ਭਰਾ ਤਕਰੀਬਨ 22,000 ਬਾਈਬਲ ਸਟੱਡੀਆਂ ਕਰਾ ਰਹੇ ਹਨ।

ਇਨ੍ਹਾਂ ਸਾਰੇ ਭੈਣਾਂ-ਭਰਾਵਾਂ ਨੂੰ ਇਹ ਜਾਣ ਕੇ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਯਹੋਵਾਹ ਦੀ ਪਵਿੱਤਰ ਆਤਮਾ ਉਨ੍ਹਾਂ ਨੂੰ ਸੇਧ ਦੇ ਰਹੀ ਹੈ। ਮਿਸਾਲ ਲਈ, ਰਾਬਰਟ ਅਤੇ ਕੈਥੀ ਨੇ ਕਾਮੀਰੀ ਵਿਚ ਮਿਸ਼ਨਰੀ ਸੇਵਾ ਕਰਨ ਦਾ ਸੱਦਾ ਸਵੀਕਾਰ ਕਰ ਲਿਆ। ਨਦੀ ਦੇ ਲਾਗੇ ਉੱਚੀਆਂ-ਨੀਵੀਆਂ ਪਹਾੜੀਆਂ ਤੇ ਸਥਿਤ ਹੋਣ ਕਰਕੇ ਕਾਮੀਰੀ ਹਮੇਸ਼ਾ ਹੋਰਨਾਂ ਥਾਵਾਂ ਤੋਂ ਕੱਟਿਆ ਰਿਹਾ ਹੈ। ਰਾਬਰਟ ਨੇ ਕਿਹਾ: “ਲੱਗਦਾ ਕਿ ਅਸੀਂ ਸਹੀ ਵਕਤ ਤੇ ਇੱਥੇ ਆਏ ਹਾਂ। ਦੋ ਸਾਲਾਂ ਦੇ ਅੰਦਰ ਤਕਰੀਬਨ 40 ਲੋਕ ਖ਼ੁਸ਼ ਖ਼ਬਰੀ ਦੇ ਪ੍ਰਚਾਰਕ ਬਣ ਗਏ।”

ਸ਼ਰਾਬੀ ਜੂਏਬਾਜ਼ ਨੇ ਸੱਚਾਈ ਸਿੱਖੀ

ਜੋ ਲੋਕ ਬਾਈਬਲ ਦੀ ਸਟੱਡੀ ਕਰ ਕੇ ਆਪਣੇ ਵਿਚ ਤਬਦੀਲੀਆਂ ਕਰਦੇ ਹਨ, ਉਨ੍ਹਾਂ ਤੋਂ ਕਸਬੇ ਦੇ ਹੋਰ ਬਹੁਤ ਸਾਰੇ ਲੋਕ ਪ੍ਰਭਾਵਿਤ ਹੁੰਦੇ ਹਨ। ਮਿਸਾਲ ਲਈ, ਚਾਰ ਸਾਲ ਪਹਿਲਾਂ ਇਕ ਦਿਨ ਐਰੀਅਲ ਨਾਂ ਦਾ ਸ਼ਰਾਬੀ ਆਦਮੀ ਮਿਲਿਆ। ਰਾਤ ਨੂੰ ਜ਼ਿਆਦਾ ਪੀ ਲੈਣ ਕਰਕੇ ਉਹ ਅਜੇ ਵੀ ਬਿਸਤਰ ਤੇ ਲੰਮਾ ਪਿਆ ਸੀ। ਹਾਲਾਂਕਿ ਜੂਆ ਖੇਡਣ ਵਿਚ ਮਾਹਰ ਹੋਣ ਕਰਕੇ ਉਹ ਬਹੁਤ ਮਸ਼ਹੂਰ ਸੀ, ਪਰ ਵਧ ਰਹੇ ਕਰਜ਼ੇ, ਘਰੇਲੂ ਪਰੇਸ਼ਾਨੀਆਂ ਅਤੇ ਧੀਆਂ ਵੱਲ ਧਿਆਨ ਨਾ ਦੇਣ ਕਾਰਨ ਉਹ ਚਿੰਤਾ ਵਿਚ ਡੁੱਬਿਆ ਰਹਿੰਦਾ ਸੀ। ਉਸ ਦੇ ਵਿਚਾਰਾਂ ਦੀ ਲੜੀ ਟੁੱਟੀ ਜਦੋਂ ਇਕ ਯਹੋਵਾਹ ਦੇ ਗਵਾਹ ਨੇ ਉਸ ਦਾ ਦਰਵਾਜ਼ਾ ਖੜਕਾਇਆ। ਭਰਾ ਜਦੋਂ ਉਸ ਨੂੰ ਬਾਈਬਲ ਵਿੱਚੋਂ ਗੱਲਾਂ ਸਮਝਾ ਰਿਹਾ ਸੀ, ਤਾਂ ਉਸ ਨੇ ਬੜੇ ਧਿਆਨ ਨਾਲ ਗੱਲਾਂ ਸੁਣੀਆਂ। ਉਹ ਫਿਰ ਲੰਮਾ ਪੈ ਗਿਆ, ਪਰ ਇਸ ਵਾਰ ਸੌਣ ਲਈ ਨਹੀਂ, ਬਲਕਿ ਇਹ ਪੜ੍ਹਨ ਲਈ ਕਿ ਪਰਿਵਾਰ ਨੂੰ ਖ਼ੁਸ਼ ਕਿਵੇਂ ਰੱਖਿਆ ਜਾ ਸਕਦਾ ਹੈ, ਪਰਮੇਸ਼ੁਰ ਧਰਤੀ ਨੂੰ ਫਿਰਦੌਸ ਕਿਵੇਂ ਬਣਾਵੇਗਾ ਅਤੇ ਸਾਨੂੰ ਉਸ ਦੀ ਭਗਤੀ ਕਿਉਂ ਕਰਨੀ ਚਾਹੀਦੀ ਹੈ। ਬਾਅਦ ਵਿਚ ਉਹ ਬਾਈਬਲ ਦੀ ਸਟੱਡੀ ਕਰਨ ਲਈ ਮੰਨ ਗਿਆ।

ਕਾਮੀਰੀ ਵਿਚ ਮਿਸ਼ਨਰੀਆਂ ਦੇ ਪਹੁੰਚਣ ਤਕ ਐਰੀਅਲ ਦੀ ਪਤਨੀ ਆਰਮਿੰਡਾ ਵੀ ਸਟੱਡੀ ਕਰ ਰਹੀ ਸੀ, ਪਰ ਉਸ ਨੂੰ ਇੰਨੀ ਦਿਲਚਸਪੀ ਨਹੀਂ ਸੀ। ਉਸ ਨੇ ਕਿਹਾ: “ਮੈਂ ਆਪਣੇ ਪਤੀ ਦੀ ਸ਼ਰਾਬ ਛੁਡਾਉਣ ਲਈ ਕੁਝ ਵੀ ਕਰਾਂਗੀ। ਪਰ ਮੈਨੂੰ ਲੱਗਦਾ ਨਹੀਂ ਕਿ ਉਹ ਸ਼ਰਾਬ ਛੱਡੂਗਾ। ਮੈਨੂੰ ਕੋਈ ਉਮੀਦ ਨਜ਼ਰ ਨਹੀਂ ਆਉਂਦੀ।” ਪਰ ਬਾਈਬਲ ਦੀ ਸਟੱਡੀ ਉਸ ਨੂੰ ਇੰਨੀ ਰੋਚਕ ਲੱਗੀ ਕਿ ਸਾਲ ਦੇ ਅੰਦਰ-ਅੰਦਰ ਉਸ ਨੇ ਬਪਤਿਸਮਾ ਲੈ ਲਿਆ ਤੇ ਆਪਣੇ ਪਰਿਵਾਰ ਨੂੰ ਗਵਾਹੀ ਦੇਣ ਲੱਗ ਪਈ। ਕੁਝ ਚਿਰ ਬਾਅਦ ਉਸ ਦੇ ਕਈ ਸਾਕ-ਸੰਬੰਧੀ ਵੀ ਯਹੋਵਾਹ ਦੇ ਗਵਾਹ ਬਣ ਗਏ।

ਪਰ ਐਰੀਅਲ ਨੂੰ ਸ਼ਰਾਬ, ਸਿਗਰਟਾਂ ਅਤੇ ਜੂਆ ਛੱਡਣ ਵਾਸਤੇ ਕਾਫ਼ੀ ਜੱਦੋ-ਜਹਿਦ ਕਰਨੀ ਪਈ। ਉਸ ਦੀ ਜ਼ਿੰਦਗੀ ਵਿਚ ਨਵਾਂ ਮੋੜ ਉਦੋਂ ਆਇਆ ਜਦ ਉਸ ਨੇ ਆਪਣੇ ਸਾਰੇ ਦੋਸਤ-ਮਿੱਤਰਾਂ ਨੂੰ ਯਿਸੂ ਦੀ ਮੌਤ ਦੇ ਯਾਦਗਾਰੀ ਸਮਾਰੋਹ ਤੇ ਬੁਲਾਇਆ। ਉਸ ਨੇ ਫ਼ੈਸਲਾ ਕੀਤਾ: “ਜੋ ਨਹੀਂ ਆਉਣਗੇ, ਮੈਂ ਉਨ੍ਹਾਂ ਨਾਲੋਂ ਆਪਣਾ ਨਾਤਾ ਤੋੜ ਲਵਾਂਗਾ। ਜੋ ਆਉਣਗੇ, ਮੈਂ ਉਨ੍ਹਾਂ ਨੂੰ ਬਾਈਬਲ ਸਟੱਡੀ ਕਰਾਵਾਂਗਾ।” ਇਸ ਤਰ੍ਹਾਂ ਉਸ ਨੇ ਤਿੰਨ ਬਾਈਬਲ ਸਟੱਡੀਆਂ ਸ਼ੁਰੂ ਕੀਤੀਆਂ। ਐਰੀਅਲ ਦੇ ਕਲੀਸਿਯਾ ਦਾ ਮੈਂਬਰ ਬਣਨ ਤੋਂ ਪਹਿਲਾਂ ਹੀ ਉਸ ਨੇ ਆਪਣੇ ਇਕ ਰਿਸ਼ਤੇਦਾਰ ਨਾਲ ਬਾਈਬਲ ਦੀ ਸਟੱਡੀ ਸ਼ੁਰੂ ਕੀਤੀ ਜਿਸ ਨੇ ਸੱਚਾਈ ਵਿਚ ਤਰੱਕੀ ਕੀਤੀ ਅਤੇ ਐਰੀਅਲ ਦੇ ਨਾਲ ਹੀ ਬਪਤਿਸਮਾ ਲੈ ਲਿਆ। ਆਰਮਿੰਡਾ ਕਹਿੰਦੀ ਹੈ: “ਹੁਣ ਐਰੀਅਲ ਪਹਿਲਾਂ ਵਾਲਾ ਐਰੀਅਲ ਨਹੀਂ ਰਿਹਾ।”

ਰਾਬਰਟ ਕਹਿੰਦਾ ਹੈ: “ਆਖ਼ਰੀ ਵਾਰ ਜਦ ਗਿਣਤੀ ਕੀਤੀ ਗਈ ਸੀ, ਤਾਂ ਇਸ ਪਰਿਵਾਰ ਦੇ 24 ਮੈਂਬਰ ਬਾਕਾਇਦਾ ਮੀਟਿੰਗਾਂ ਵਿਚ ਆ ਰਹੇ ਸਨ। ਦਸ ਜਣਿਆਂ ਨੇ ਬਪਤਿਸਮਾ ਲਿਆ ਹੈ ਅਤੇ ਅੱਠ ਬਪਤਿਸਮਾ-ਰਹਿਤ ਪ੍ਰਕਾਸ਼ਕ ਹਨ। ਜਿਨ੍ਹਾਂ ਨੇ ਉਨ੍ਹਾਂ ਦੇ ਚਾਲ-ਚਲਣ ਵਿਚ ਆਈਆਂ ਤਬਦੀਲੀਆਂ ਨੂੰ ਦੇਖਿਆ ਹੈ, ਉਹ ਵੀ ਬਾਈਬਲ ਦੀ ਸਟੱਡੀ ਕਰਨ ਲੱਗ ਪਏ ਹਨ ਅਤੇ ਮੀਟਿੰਗਾਂ ਵਿਚ ਆਉਂਦੇ ਹਨ। ਮੀਟਿੰਗਾਂ ਵਿਚ ਹਾਜ਼ਰੀ 100 ਤੋਂ ਵਧ ਕੇ 190 ਹੋ ਗਈ ਹੈ। ਮੈਂ ਤੇ ਕੈਥੀ 30 ਬਾਈਬਲ ਸਟੱਡੀਆਂ ਕਰਾ ਰਹੇ ਹਾਂ ਤੇ ਇਹ ਸਾਰੇ ਲੋਕ ਮੀਟਿੰਗਾਂ ਵਿਚ ਆਉਂਦੇ ਹਨ। ਅਸੀਂ ਇੱਥੇ ਆ ਕੇ ਬਹੁਤ ਖ਼ੁਸ਼ ਹਾਂ।”

ਬੋਲੀਵੀਆ ਦੇ ਦੂਰ-ਦੁਰਾਡੇ ਕਸਬਿਆਂ ਵਿਚ ਜੋ ਕੁਝ ਹੋ ਰਿਹਾ ਹੈ, ਉਹ ਦੁਨੀਆਂ ਭਰ ਵਿਚ ਲੋਕਾਂ ਨੂੰ ਇਕੱਠਾ ਕਰਨ ਲਈ ਕੀਤੇ ਜਾ ਰਹੇ ਕੰਮ ਦਾ ਇਕ ਛੋਟਾ ਜਿਹਾ ਹਿੱਸਾ ਹੈ ਜਿਸ ਬਾਰੇ ਪਰਕਾਸ਼ ਦੀ ਪੋਥੀ ਦੇ 7ਵੇਂ ਅਧਿਆਇ ਵਿਚ ਦੱਸਿਆ ਗਿਆ ਹੈ। ਇਸ ਵਿਚ ਉਨ੍ਹਾਂ ਲੋਕਾਂ ਨੂੰ “ਪ੍ਰਭੁ ਦੇ ਦਿਨ” ਵਿਚ ਇਕੱਠੇ ਕਰਨ ਬਾਰੇ ਦੱਸਿਆ ਗਿਆ ਹੈ ਜੋ ਵੱਡੀ ਬਿਪਤਾ ਵਿੱਚੋਂ ਬਚ ਨਿਕਲਣਗੇ। (ਪਰਕਾਸ਼ ਦੀ ਪੋਥੀ 1:10; 7:9-14) ਮਨੁੱਖੀ ਇਤਿਹਾਸ ਵਿਚ ਪਹਿਲਾਂ ਕਦੇ ਵੀ ਸਾਰੀਆਂ ਕੌਮਾਂ ਦੇ ਲੱਖਾਂ ਲੋਕਾਂ ਨੇ ਇਕ ਹੋ ਕੇ ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਭਗਤੀ ਨਹੀਂ ਕੀਤੀ। ਇਹ ਇਸ ਗੱਲ ਦਾ ਕਿੰਨਾ ਵੱਡਾ ਸਬੂਤ ਹੈ ਕਿ ਪਰਮੇਸ਼ੁਰ ਦੇ ਵਾਅਦਿਆਂ ਦੀ ਪੂਰਤੀ ਨੇੜੇ ਹੈ!

[ਸਫ਼ਾ 9 ਉੱਤੇ ਤਸਵੀਰ]

ਬੈਟੀ ਜੈਕਸਨ

[ਸਫ਼ਾ 9 ਉੱਤੇ ਤਸਵੀਰ]

ਪੈਮਲਾ ਮੋਜ਼ਲੀ

[ਸਫ਼ਾ 9 ਉੱਤੇ ਤਸਵੀਰ]

ਐਲਸੀ ਮਾਇਨਬਰਗ

[ਸਫ਼ਾ 9 ਉੱਤੇ ਤਸਵੀਰ]

ਸ਼ਾਰਲਟ ਟੌਮਾਸ਼ਾਫਸਕੀ, ਇਕਦਮ ਸੱਜੇ ਪਾਸੇ

[ਸਫ਼ਾ 10 ਉੱਤੇ ਤਸਵੀਰ]

ਐਰਿਕ ਤੇ ਵਿੱਕੀ ਉਸ ਥਾਂ ਪ੍ਰਚਾਰ ਕਰਨ ਆਏ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ

[ਸਫ਼ਾ 10 ਉੱਤੇ ਤਸਵੀਰ]

ਸਾਈਕਲ ਤੇ ਕਿੰਗਡਮ ਹਾਲ ਜਾਣ ਲਈ ਵਾਕਾ ਪਰਿਵਾਰ ਨੂੰ ਹਰ ਹਫ਼ਤੇ ਤਿੰਨ ਘੰਟੇ ਲੱਗਦੇ ਹਨ

[ਸਫ਼ਾ 11 ਉੱਤੇ ਤਸਵੀਰ]

ਬੇਨੀ ਨਦੀ ਦੇ ਨੇੜੇ ਪਿੰਡਾਂ ਦੇ ਲੋਕ ਧਿਆਨ ਨਾਲ ਖ਼ੁਸ਼ ਖ਼ਬਰੀ ਸੁਣਦੇ ਹਨ

[ਸਫ਼ਾ 12 ਉੱਤੇ ਤਸਵੀਰ]

ਰਾਬਰਟ ਤੇ ਕੈਥੀ ਕਾਮੀਰੀ ਵਿਚ ਮਿਸ਼ਨਰੀਆਂ ਵਜੋਂ ਸੇਵਾ ਕਰਦੇ ਹਨ