Skip to content

Skip to table of contents

ਵਧਦੇ ਚਾਨਣ ਵਿਚ ਚੱਲਦੇ ਰਹੋ

ਵਧਦੇ ਚਾਨਣ ਵਿਚ ਚੱਲਦੇ ਰਹੋ

ਵਧਦੇ ਚਾਨਣ ਵਿਚ ਚੱਲਦੇ ਰਹੋ

“ਧਰਮੀਆਂ ਦਾ ਰਾਹ ਫ਼ਜਰ ਦੇ ਚਾਨਣ ਵਰਗਾ ਹੈ, ਜਿਹ ਦਾ ਚਾਨਣ ਪੂਰੇ ਦਿਨ ਤਾਈਂ ਵੱਧਦਾ ਜਾਂਦਾ ਹੈ।”—ਕਹਾਉਤਾਂ 4:18.

1, 2. ਯਹੋਵਾਹ ਵੱਲੋਂ ਆਪਣੇ ਲੋਕਾਂ ਉੱਤੇ ਚਾਨਣ ਚਮਕਾਉਣ ਦਾ ਕੀ ਨਤੀਜਾ ਨਿਕਲਿਆ ਹੈ?

ਯਹੋਵਾਹ ਪਰਮੇਸ਼ੁਰ ਚਾਨਣ ਦਾ ਸੋਮਾ ਹੈ। ਉਸ ਤੋਂ ਬਿਹਤਰ ਕੌਣ ਸਮਝਾ ਸਕਦਾ ਹੈ ਕਿ ਸੂਰਜ ਦੇ ਚੜ੍ਹਨ ਨਾਲ ਹਨੇਰੇ ਉੱਤੇ ਕੀ ਅਸਰ ਪੈਂਦਾ ਹੈ? (ਜ਼ਬੂਰਾਂ ਦੀ ਪੋਥੀ 36:9) ਪਰਮੇਸ਼ੁਰ ਕਹਿੰਦਾ ਹੈ: ‘ਜਦ ਸਵੇਰ ਦੀ ਰੌਸ਼ਨੀ ਧਰਤੀ ਨੂੰ ਫੜ ਲੈਂਦੀ ਹੈ, ਤਾਂ ਉਹ ਬਦਲ ਜਾਂਦੀ ਹੈ ਜਿਵੇਂ ਚੀਕਣੀ ਮਿੱਟੀ ਮੋਹਰ ਦੇ ਹੇਠੋਂ, ਤਾਂ ਵਸਤੂ ਖਲੋ ਜਾਂਦੇ ਹਨ ਜਿਵੇਂ ਬਸਤਰਾਂ ਵਿੱਚ।’ (ਅੱਯੂਬ 38:12-14) ਜਿੱਦਾਂ-ਜਿੱਦਾਂ ਦਿਨ ਚੜ੍ਹਨ ਨਾਲ ਹਨੇਰਾ ਦੂਰ ਹੁੰਦਾ ਜਾਂਦਾ ਹੈ ਉੱਦਾਂ-ਉੱਦਾਂ ਧਰਤੀ ਉੱਤੇ ਚੀਜ਼ਾਂ ਸਾਫ਼ ਨਜ਼ਰ ਆਉਣ ਲੱਗ ਪੈਂਦੀਆਂ ਹਨ, ਜਿਵੇਂ ਚੀਕਣੀ ਮਿੱਟੀ ਵਿਚ ਮੋਹਰ ਦੀ ਛਾਪ ਸਾਫ਼ ਨਜ਼ਰ ਆਉਂਦੀ ਹੈ।

2 ਯਹੋਵਾਹ ਰੂਹਾਨੀ ਚਾਨਣ ਦਾ ਵੀ ਸੋਮਾ ਹੈ। (ਜ਼ਬੂਰਾਂ ਦੀ ਪੋਥੀ 43:3) ਅੱਜ ਦੁਨੀਆਂ ਘੁੱਪ ਹਨੇਰੇ ਵਿਚ ਹੈ, ਪਰ ਸੱਚਾ ਪਰਮੇਸ਼ੁਰ ਆਪਣੇ ਲੋਕਾਂ ਉੱਤੇ ਚਾਨਣ ਚਮਕਾ ਰਿਹਾ ਹੈ। ਇਸ ਦਾ ਨਤੀਜਾ ਕੀ ਨਿਕਲਿਆ ਹੈ? ਬਾਈਬਲ ਜਵਾਬ ਦਿੰਦੀ ਹੈ: “ਧਰਮੀਆਂ ਦਾ ਰਾਹ ਫ਼ਜਰ ਦੇ ਚਾਨਣ ਵਰਗਾ ਹੈ, ਜਿਹ ਦਾ ਚਾਨਣ ਪੂਰੇ ਦਿਨ ਤਾਈਂ ਵੱਧਦਾ ਜਾਂਦਾ ਹੈ।” (ਕਹਾਉਤਾਂ 4:18) ਯਹੋਵਾਹ ਆਪਣੇ ਲੋਕਾਂ ਦੇ ਰਾਹ ਨੂੰ ਰੌਸ਼ਨ ਕਰ ਰਿਹਾ ਹੈ। ਉਹ ਆਪਣੇ ਸੰਗਠਨ ਨੂੰ ਅਤੇ ਆਪਣੇ ਲੋਕਾਂ ਦੇ ਚਾਲ-ਚਲਣ ਨੂੰ ਸੁਧਾਰ ਰਿਹਾ ਹੈ ਅਤੇ ਬਾਈਬਲ ਦੀਆਂ ਸਿੱਖਿਆਵਾਂ ਬਾਰੇ ਉਨ੍ਹਾਂ ਦੀ ਸਮਝ ਵਧਾ ਰਿਹਾ ਹੈ।

ਚਾਨਣ ਚਮਕਾਉਣ ਨਾਲ ਸੰਗਠਨ ਵਿਚ ਸੁਧਾਰ

3. ਯਸਾਯਾਹ 60:17 ਵਿਚ ਯਹੋਵਾਹ ਨੇ ਕੀ ਵਾਅਦਾ ਕੀਤਾ ਸੀ?

3 ਯਸਾਯਾਹ ਨਬੀ ਰਾਹੀਂ ਯਹੋਵਾਹ ਨੇ ਭਵਿੱਖਬਾਣੀ ਕੀਤੀ ਸੀ: “ਪਿੱਤਲ ਦੇ ਥਾਂ ਮੈਂ ਸੋਨਾ ਲਿਆਵਾਂਗਾ, ਲੋਹੇ ਦੇ ਥਾਂ ਮੈਂ ਚਾਂਦੀ ਲਿਆਵਾਂਗਾ, ਲੱਕੜੀ ਦੇ ਥਾਂ ਪਿੱਤਲ ਅਤੇ ਪੱਥਰਾਂ ਦੇ ਥਾਂ ਲੋਹਾ।” (ਯਸਾਯਾਹ 60:17) ਇੱਥੇ ਇਕ ਧਾਤ ਦੀ ਥਾਂ ਹੋਰ ਵਧੀਆ ਧਾਤ ਲਿਆਉਣ ਦਾ ਮਤਲਬ ਹੈ ਸੁਧਾਰ ਕਰਨਾ। ਇਨ੍ਹਾਂ “ਅੰਤ ਦਿਆਂ ਦਿਨਾਂ” ਯਾਨੀ ਇਸ “ਜੁਗ ਦੇ ਅੰਤ” ਦੇ ਸਮੇਂ ਵਿਚ ਯਹੋਵਾਹ ਦੇ ਗਵਾਹਾਂ ਨੇ ਸੰਗਠਨ ਦੇ ਕੰਮ ਕਰਨ ਦੇ ਤਰੀਕਿਆਂ ਵਿਚ ਲਗਾਤਾਰ ਸੁਧਾਰ ਹੁੰਦਾ ਦੇਖਿਆ ਹੈ।—ਮੱਤੀ 24:3; 2 ਤਿਮੋਥਿਉਸ 3:1.

4. ਸਾਲ 1919 ਵਿਚ ਕੀ ਹੋਇਆ ਸੀ ਅਤੇ ਇਸ ਦਾ ਕੀ ਲਾਭ ਹੋਇਆ?

4 ਅੰਤ ਦੇ ਦਿਨਾਂ ਦੀ ਸ਼ੁਰੂਆਤ ਵੇਲੇ ਯਹੋਵਾਹ ਦੇ ਗਵਾਹਾਂ ਨੂੰ ਬਾਈਬਲ ਸਟੂਡੈਂਟਸ ਕਿਹਾ ਜਾਂਦਾ ਸੀ। ਉਸ ਸਮੇਂ ਬਜ਼ੁਰਗ ਅਤੇ ਡੀਕਨ ਵੋਟਾਂ ਰਾਹੀਂ ਚੁਣੇ ਜਾਂਦੇ ਸਨ। ਪਰ ਕੁਝ ਬਜ਼ੁਰਗ ਪ੍ਰਚਾਰ ਕਰਨਾ ਪਸੰਦ ਨਹੀਂ ਕਰਦੇ ਸਨ। ਉਹ ਇਸ ਕੰਮ ਵਿਚ ਆਪ ਤਾਂ ਹਿੱਸਾ ਲੈਣਾ ਨਹੀਂ ਚਾਹੁੰਦੇ ਸਨ, ਪਰ ਉਨ੍ਹਾਂ ਨੇ ਦੂਸਰਿਆਂ ਨੂੰ ਵੀ ਪ੍ਰਚਾਰ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਸੋ 1919 ਵਿਚ ਇਕ ਨਵਾਂ ਪ੍ਰਬੰਧ ਸ਼ੁਰੂ ਹੋਇਆ ਜਿਸ ਅਨੁਸਾਰ ਹਰ ਕਲੀਸਿਯਾ ਵਿਚ ਇਕ ਸਰਵਿਸ ਡਾਇਰੈਕਟਰ ਨਿਯੁਕਤ ਕੀਤਾ ਜਾਣ ਲੱਗਾ। ਇਹ ਭਰਾ ਕਲੀਸਿਯਾ ਦੀਆਂ ਵੋਟਾਂ ਰਾਹੀਂ ਨਹੀਂ ਚੁਣਿਆ ਜਾਂਦਾ ਸੀ, ਸਗੋਂ ਬ੍ਰਾਂਚ ਆਫ਼ਿਸ ਰਾਹੀਂ ਉਸ ਨੂੰ ਇਹ ਜ਼ਿੰਮੇਵਾਰੀ ਸੌਂਪੀ ਜਾਂਦੀ ਸੀ। ਉਸ ਦੀਆਂ ਜ਼ਿੰਮੇਵਾਰੀਆਂ ਵਿਚ ਕੀ-ਕੀ ਸ਼ਾਮਲ ਸੀ? ਪ੍ਰਚਾਰ ਦੇ ਕੰਮ ਦਾ ਪ੍ਰਬੰਧ ਕਰਨਾ, ਭੈਣਾਂ-ਭਰਾਵਾਂ ਨੂੰ ਪ੍ਰਚਾਰ ਕਰਨ ਦੀ ਹੱਲਾਸ਼ੇਰੀ ਦੇਣੀ ਅਤੇ ਉਨ੍ਹਾਂ ਨੂੰ ਦੱਸਣਾ ਕਿ ਕਿੱਥੇ-ਕਿੱਥੇ ਪ੍ਰਚਾਰ ਕੀਤਾ ਜਾਵੇ। ਅਗਲੇ ਸਾਲਾਂ ਵਿਚ ਪ੍ਰਚਾਰ ਦੇ ਕੰਮ ਵਿਚ ਕਾਫ਼ੀ ਵਾਧਾ ਹੋਇਆ।

5. ਉੱਨੀ ਸੌ ਵੀਹ ਦੇ ਦਹਾਕੇ ਵਿਚ ਕਿਹੜਾ ਸੁਧਾਰ ਕੀਤਾ ਗਿਆ ਸੀ?

5 ਫਿਰ 1922 ਵਿਚ ਅਮਰੀਕਾ ਵਿਚ ਸੀਡਰ ਪਾਇੰਟ ਓਹੀਓ ਦੇ ਸੰਮੇਲਨ ਵਿਚ ਕਲੀਸਿਯਾ ਦੇ ਸਾਰੇ ਭੈਣਾਂ-ਭਰਾਵਾਂ ਵਿਚ ਪ੍ਰਚਾਰ ਕਰਨ ਲਈ ਨਵੇਂ ਸਿਰਿਓਂ ਜੋਸ਼ ਪੈਦਾ ਕੀਤਾ ਗਿਆ। ਉਨ੍ਹਾਂ ਨੂੰ ਤਾਕੀਦ ਕੀਤੀ ਗਈ ਸੀ ਕਿ “ਰਾਜੇ ਅਤੇ ਉਸ ਦੇ ਰਾਜ ਦੀ ਘੋਸ਼ਣਾ ਕਰੋ, ਘੋਸ਼ਣਾ ਕਰੋ, ਘੋਸ਼ਣਾ ਕਰੋ।” ਸਾਲ 1927 ਵਿਚ ਐਤਵਾਰ ਦਾ ਦਿਨ ਘਰ-ਘਰ ਜਾ ਕੇ ਪ੍ਰਚਾਰ ਕਰਨ ਲਈ ਠਹਿਰਾਇਆ ਗਿਆ। ਕਿਉਂ? ਕਿਉਂਕਿ ਉਸ ਦਿਨ ਲੋਕਾਂ ਨੂੰ ਛੁੱਟੀ ਹੋਣ ਕਰਕੇ ਉਹ ਘਰ ਹੁੰਦੇ ਸਨ। ਅੱਜ ਯਹੋਵਾਹ ਦੇ ਗਵਾਹ ਵੀ ਉਸ ਸਮੇਂ ਘਰ-ਘਰ ਪ੍ਰਚਾਰ ਕਰਨ ਜਾਂਦੇ ਹਨ ਜਦ ਲੋਕ ਆਮ ਤੌਰ ਤੇ ਘਰ ਹੁੰਦੇ ਹਨ ਜਿਵੇਂ ਕਿ ਸ਼ਨੀਵਾਰ, ਐਤਵਾਰ ਜਾਂ ਸ਼ਾਮਾਂ ਨੂੰ।

6. ਸਾਲ 1931 ਵਿਚ ਕਿਹੜਾ ਮਤਾ ਅਪਣਾਇਆ ਗਿਆ ਸੀ ਤੇ ਇਸ ਦਾ ਪ੍ਰਚਾਰ ਦੇ ਕੰਮ ਉੱਤੇ ਕੀ ਅਸਰ ਪਿਆ?

6 ਕੋਲੰਬਸ ਓਹੀਓ ਵਿਚ 26 ਜੁਲਾਈ 1931 ਨੂੰ ਹੋਏ ਸੰਮੇਲਨ ਵਿਚ ਪਰਮੇਸ਼ੁਰ ਦੇ ਲੋਕਾਂ ਨੂੰ ਜੋਸ਼ ਨਾਲ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਦੀ ਪ੍ਰੇਰਣਾ ਦਿੱਤੀ ਗਈ। ਉਸ ਸੰਮੇਲਨ ਵਿਚ ਇਕ ਮਤਾ ਪਾਸ ਕੀਤਾ ਗਿਆ ਜੋ ਬਾਅਦ ਵਿਚ ਦੁਨੀਆਂ ਭਰ ਵਿਚ ਹੋਰਨਾਂ ਸੰਮੇਲਨਾਂ ਵਿਚ ਵੀ ਪਾਸ ਕੀਤਾ ਗਿਆ ਸੀ। ਉਸ ਵਿਚ ਲਿਖਿਆ ਸੀ: “ਅਸੀਂ ਯਹੋਵਾਹ ਪਰਮੇਸ਼ੁਰ ਦੇ ਸੇਵਕ ਹਾਂ ਤੇ ਸਾਨੂੰ ਖ਼ਾਸ ਕੰਮ ਸੌਂਪਿਆ ਗਿਆ ਹੈ। ਜਿਸ ਤਰ੍ਹਾਂ ਯਿਸੂ ਨੇ ਯਹੋਵਾਹ ਦੇ ਨਾਂ ਦਾ ਪ੍ਰਚਾਰ ਕੀਤਾ ਸੀ, ਅਸੀਂ ਵੀ ਲੋਕਾਂ ਨੂੰ ਦੱਸਦੇ ਹਾਂ ਕਿ ਯਹੋਵਾਹ ਹੀ ਸੱਚਾ ਤੇ ਸਰਬਸ਼ਕਤੀਮਾਨ ਪਰਮੇਸ਼ੁਰ ਹੈ। ਇਸੇ ਲਈ ਅਸੀਂ ਖ਼ੁਸ਼ੀ-ਖ਼ੁਸ਼ੀ ਇਹ ਨਾਂ ਅਪਣਾਉਂਦੇ ਹਾਂ ਜੋ ਪਰਮੇਸ਼ੁਰ ਨੇ ਖ਼ੁਦ ਆਪਣੇ ਬਚਨ ਵਿੱਚ ਸਾਨੂੰ ਦਿੱਤਾ ਹੈ, ਯਹੋਵਾਹ ਦੇ ਗਵਾਹ।” (ਯਸਾਯਾਹ 43:10) ਇਸ ਨਵੇਂ ਨਾਂ ਨੇ ਕਿੰਨੇ ਵਧੀਆ ਤਰੀਕੇ ਨਾਲ ਸਾਡੇ ਮੁੱਖ ਕੰਮ ਨੂੰ ਜ਼ਾਹਰ ਕੀਤਾ! ਹਾਂ, ਯਹੋਵਾਹ ਇਹੀ ਚਾਹੁੰਦਾ ਸੀ ਕਿ ਉਸ ਦੇ ਸਾਰੇ ਸੇਵਕ ਉਸ ਦੇ ਨਾਂ ਦੀ ਗਵਾਹੀ ਦੇਣ। ਜ਼ਿਆਦਾਤਰ ਭੈਣਾਂ-ਭਰਾਵਾਂ ਨੇ ਚਾਈਂ-ਚਾਈਂ ਇਹ ਗੱਲ ਸਵੀਕਾਰ ਕੀਤੀ!

7. ਸਾਲ 1932 ਵਿਚ ਕਿਹੜੀ ਤਬਦੀਲੀ ਕੀਤੀ ਗਈ ਸੀ ਅਤੇ ਕਿਉਂ?

7 ਕਈ ਬਜ਼ੁਰਗ ਹਲੀਮੀ ਨਾਲ ਪ੍ਰਚਾਰ ਦੇ ਕੰਮ ਵਿਚ ਜੁੱਟ ਗਏ। ਪਰ ਕਈ ਕਲੀਸਿਯਾਵਾਂ ਦੇ ਬਜ਼ੁਰਗ ਇਸ ਗੱਲ ਦੇ ਖ਼ਿਲਾਫ਼ ਸਨ ਕਿ ਕਲੀਸਿਯਾ ਦੇ ਸਾਰੇ ਮੈਂਬਰਾਂ ਨੂੰ ਪ੍ਰਚਾਰ ਕਰਨਾ ਚਾਹੀਦਾ ਹੈ। ਪਰ ਜਲਦੀ ਹੀ ਹੋਰ ਤਬਦੀਲੀਆਂ ਹੋਣ ਵਾਲੀਆਂ ਸਨ। ਸਾਲ 1932 ਵਿਚ ਪਹਿਰਾਬੁਰਜ ਰਾਹੀਂ ਕਲੀਸਿਯਾਵਾਂ ਨੂੰ ਇਹ ਹਿਦਾਇਤ ਦਿੱਤੀ ਗਈ ਕਿ ਹੁਣ ਤੋਂ ਵੋਟਾਂ ਪਾ ਕੇ ਬਜ਼ੁਰਗਾਂ ਤੇ ਡੀਕਨ ਨਹੀਂ ਚੁਣੇ ਜਾਣਗੇ। ਇਸ ਦੀ ਬਜਾਇ ਇਕ ਸੇਵਾ ਕਮੇਟੀ ਚੁਣੀ ਜਾਣੀ ਸੀ ਜਿਸ ਵਿਚ ਉਹੀ ਬਜ਼ੁਰਗ ਸ਼ਾਮਲ ਹੋਣਗੇ ਜੋ ਪ੍ਰਚਾਰ ਦੇ ਕੰਮ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿੰਦੇ ਸਨ। ਉਨ੍ਹਾਂ ਦੀ ਚੰਗੀ ਮਿਸਾਲ ਦੇਖ ਕੇ ਦੂਸਰੇ ਭੈਣਾਂ-ਭਰਾਵਾਂ ਨੂੰ ਵੀ ਪ੍ਰਚਾਰ ਦੇ ਕੰਮ ਵਿਚ ਲੱਗੇ ਰਹਿਣ ਦੀ ਹੱਲਾਸ਼ੇਰੀ ਮਿਲੀ ਅਤੇ ਪ੍ਰਚਾਰ ਦਾ ਕੰਮ ਅੱਗੇ ਵਧਦਾ ਗਿਆ।

ਵਧਦੇ ਚਾਨਣ ਕਰਕੇ ਹੋਰ ਸੁਧਾਰ

8. ਸਾਲ 1938 ਵਿਚ ਕਿਹੜੀ ਤਬਦੀਲੀ ਹੋਈ?

8 ਚਾਨਣ “ਵੱਧਦਾ ਜਾਂਦਾ” ਰਿਹਾ। ਸਾਲ 1938 ਵਿਚ ਕਲੀਸਿਯਾ ਦੀ ਦੇਖ-ਭਾਲ ਕਰਨ ਲਈ ਭਰਾ ਵੋਟਾਂ ਰਾਹੀਂ ਚੁਣੇ ਜਾਣ ਦੀ ਬਜਾਇ “ਮਾਤਬਰ ਅਤੇ ਬੁੱਧਵਾਨ ਨੌਕਰ” ਦੀ ਨਿਗਰਾਨੀ ਹੇਠ ਨਿਯੁਕਤ ਕੀਤੇ ਜਾਣ ਲੱਗੇ। (ਮੱਤੀ 24:45-47) ਯਹੋਵਾਹ ਦੇ ਗਵਾਹਾਂ ਦੀਆਂ ਤਕਰੀਬਨ ਸਾਰੀਆਂ ਕਲੀਸਿਯਾਵਾਂ ਨੇ ਇਸ ਤਬਦੀਲੀ ਨੂੰ ਖੁੱਲ੍ਹੇ ਦਿਲ ਨਾਲ ਸਵੀਕਾਰ ਕੀਤਾ ਅਤੇ ਪ੍ਰਚਾਰ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਕੀਤਾ ਜਾਣ ਲੱਗਾ।

9. ਸਾਲ 1972 ਵਿਚ ਕਿਹੜਾ ਪ੍ਰਬੰਧ ਕੀਤਾ ਗਿਆ ਤੇ ਇਸ ਦਾ ਕੀ ਫ਼ਾਇਦਾ ਹੋਇਆ?

9 ਅਕਤੂਬਰ 1972 ਵਿਚ ਕਲੀਸਿਯਾ ਦੀ ਨਿਗਰਾਨੀ ਕਰਨ ਦੇ ਸੰਬੰਧ ਵਿਚ ਇਕ ਹੋਰ ਤਬਦੀਲੀ ਕੀਤੀ ਗਈ। ਪਹਿਲਾਂ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਦੀ ਨਿਗਰਾਨੀ ਇਕ ਬਜ਼ੁਰਗ ਦੁਆਰਾ ਕੀਤੀ ਜਾਂਦੀ ਸੀ, ਪਰ ਹੁਣ ਨਿਗਰਾਨੀ ਕਰਨ ਲਈ ਬਜ਼ੁਰਗਾਂ ਦੇ ਸਮੂਹ ਠਹਿਰਾਏ ਜਾਣ ਲੱਗੇ। ਇਸ ਨਵੇਂ ਇੰਤਜ਼ਾਮ ਨੇ ਹੋਰ ਜ਼ਿਆਦਾ ਭਰਾਵਾਂ ਨੂੰ ਕਲੀਸਿਯਾ ਵਿਚ ਜ਼ਿੰਮੇਵਾਰੀ ਉਠਾਉਣ ਦੇ ਕਾਬਲ ਬਣਨ ਦਾ ਉਤਸ਼ਾਹ ਦਿੱਤਾ। (1 ਤਿਮੋਥਿਉਸ 3:1-7) ਨਤੀਜੇ ਵਜੋਂ ਬਹੁਤ ਸਾਰੇ ਭਰਾਵਾਂ ਨੂੰ ਕਲੀਸਿਯਾ ਵਿਚ ਜ਼ਿੰਮੇਵਾਰੀਆਂ ਨਿਭਾਉਣ ਨਾਲ ਤਜਰਬਾ ਹੋਇਆ ਹੈ। ਇਸ ਤਜਰਬੇ ਸਦਕਾ ਇਹ ਬਜ਼ੁਰਗ ਉਨ੍ਹਾਂ ਭੈਣ-ਭਰਾਵਾਂ ਦੀ ਬਹੁਤ ਹੌਸਲਾ-ਅਫ਼ਜ਼ਾਈ ਕਰ ਪਾਏ ਹਨ ਜੋ ਹਾਲ ਹੀ ਦੇ ਸਾਲਾਂ ਵਿਚ ਕਲੀਸਿਯਾ ਦੇ ਮੈਂਬਰ ਬਣੇ ਹਨ!

10. ਸਾਲ 1976 ਵਿਚ ਕਿਹੜਾ ਨਵਾਂ ਪ੍ਰਬੰਧ ਕੀਤਾ ਗਿਆ?

10 ਪ੍ਰਬੰਧਕ ਸਭਾ ਦੇ ਮੈਂਬਰਾਂ ਨੂੰ ਛੇ ਕਮੇਟੀਆਂ ਵਿਚ ਵੰਡਿਆ ਗਿਆ। ਜਨਵਰੀ 1976 ਤੋਂ ਯਹੋਵਾਹ ਦੇ ਸੰਗਠਨ ਅਤੇ ਸਾਰੀਆਂ ਕਲੀਸਿਯਾਵਾਂ ਦੀ ਨਿਗਰਾਨੀ ਇਨ੍ਹਾਂ ਕਮੇਟੀਆਂ ਰਾਹੀਂ ਕੀਤੀ ਜਾਣ ਲੱਗੀ। ਇਸ ਤਰ੍ਹਾਂ ਇਨ੍ਹਾਂ ਬਹੁਤ ਸਾਰੇ ਸਲਾਹਕਾਰਾਂ ਦੇ ਨਿਰਦੇਸ਼ਨ ਹੇਠ ਪਰਮੇਸ਼ੁਰ ਦੇ ਰਾਜ ਦਾ ਸਾਰਾ ਕੰਮ ਕੀਤਾ ਜਾਣ ਲੱਗਾ। ਇਹ ਵਾਕਈ ਇਕ ਵੱਡੀ ਬਰਕਤ ਸਾਬਤ ਹੋਈ!—ਕਹਾਉਤਾਂ 15:22; 24:6.

11. ਸਾਲ 1992 ਵਿਚ ਹੋਰ ਕਿਹੜਾ ਸੁਧਾਰ ਹੋਇਆ ਅਤੇ ਕਿਉਂ?

11 ਸਾਲ 1992 ਵਿਚ ਇਕ ਹੋਰ ਸੁਧਾਰ ਹੋਇਆ। ਇਸ ਦੀ ਤੁਲਨਾ ਉਸ ਸਮੇਂ ਨਾਲ ਕੀਤੀ ਜਾ ਸਕਦੀ ਹੈ ਜਦ ਇਸਰਾਏਲੀ ਤੇ ਹੋਰ ਲੋਕ ਬਾਬੁਲ ਤੋਂ ਆਜ਼ਾਦ ਹੋਏ ਸਨ। ਉਸ ਸਮੇਂ ਹੈਕਲ ਵਿਚ ਸੇਵਾ ਕਰਨ ਲਈ ਲੇਵੀਆਂ ਦੀ ਘਾਟ ਸੀ। ਇਸ ਲਈ ਗ਼ੈਰ-ਯਹੂਦੀ ਨਥੀਨੀਮਾਂ ਨੂੰ ਲੇਵੀਆਂ ਦੀ ਮਦਦ ਕਰਨ ਲਈ ਚੁਣਿਆ ਗਿਆ ਸੀ। ਇਸੇ ਤਰ੍ਹਾਂ ਦੁਨੀਆਂ ਭਰ ਵਿਚ ਹੋ ਰਹੇ ਕੰਮ ਦੀ ਨਿਗਰਾਨੀ ਕਰਨ ਵਿਚ ਮਾਤਬਰ ਅਤੇ ਬੁੱਧਵਾਨ ਨੌਕਰ ਦੀ ਮਦਦ ਕਰਨ ਲਈ 1992 ਵਿਚ ‘ਹੋਰ ਭੇਡਾਂ’ ਵਿੱਚੋਂ ਕੁਝ ਭਰਾਵਾਂ ਨੂੰ ਹੋਰ ਜ਼ਿਆਦਾ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਸਨ। ਇਨ੍ਹਾਂ ਨੂੰ ਪ੍ਰਬੰਧਕ ਸਭਾ ਦੀਆਂ ਕਮੇਟੀਆਂ ਦੀ ਮਦਦ ਕਰਨ ਲਈ ਚੁਣਿਆ ਗਿਆ ਸੀ।—ਯੂਹੰਨਾ 10:16.

12. ਯਹੋਵਾਹ ਨੇ ਸ਼ਾਂਤੀ ਨਾਲ ਰਾਜ ਕਰਨ ਦੀ ਪ੍ਰੇਰਣਾ ਕਿਵੇਂ ਦਿੱਤੀ ਹੈ?

12 ਇਸ ਸਭ ਦਾ ਕੀ ਨਤੀਜਾ ਨਿਕਲਿਆ ਹੈ? ਯਹੋਵਾਹ ਨੇ ਕਿਹਾ: ‘ਮੈਂ ਤੇਰੇ ਸ਼ਾਸਕਾਂ ਨੂੰ ਨਿਆਂ ਅਤੇ ਸ਼ਾਂਤੀ ਨਾਲ ਰਾਜ ਕਰਨ ਦੀ ਪਰੇਰਨਾ ਦੇਵਾਂਗਾ।’ (ਯਸਾਯਾਹ 60:17, ਪਵਿੱਤਰ ਬਾਈਬਲ ਨਵਾਂ ਅਨੁਵਾਦ) ਅੱਜ ਯਹੋਵਾਹ ਦੇ ਸੇਵਕਾਂ ਵਿਚਕਾਰ “ਸ਼ਾਂਤੀ” ਹੈ ਅਤੇ ਉਹ “ਨਿਆਂ” ਯਾਨੀ ਯਹੋਵਾਹ ਦੇ ਧਰਮੀ ਮਿਆਰਾਂ ਮੁਤਾਬਕ ਪਰਮੇਸ਼ੁਰ ਦੀ ਸੇਵਾ ਕਰਦੇ ਹਨ। ਇਸ ਲਈ ਉਹ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦਾ ਕੰਮ ਵਧੀਆ ਢੰਗ ਨਾਲ ਕਰ ਰਹੇ ਹਨ।—ਮੱਤੀ 24:14; 28:19, 20.

ਯਹੋਵਾਹ ਸਿੱਖਿਆਵਾਂ ਦੀ ਹੋਰ ਸਮਝ ਦੇ ਰਿਹਾ ਹੈ

13. ਯਹੋਵਾਹ ਨੇ 1920 ਦੇ ਦਹਾਕੇ ਵਿਚ ਆਪਣੇ ਲੋਕਾਂ ਨੂੰ ਬਾਈਬਲ ਦੀਆਂ ਸਿੱਖਿਆਵਾਂ ਬਾਰੇ ਹੋਰ ਜ਼ਿਆਦਾ ਸਮਝ ਕਿਵੇਂ ਦਿੱਤੀ?

13 ਯਹੋਵਾਹ ਹੌਲੀ-ਹੌਲੀ ਬਾਈਬਲ ਦੀਆਂ ਸਿੱਖਿਆਵਾਂ ਸੰਬੰਧੀ ਆਪਣੇ ਲੋਕਾਂ ਦੀ ਸਮਝ ਵਧਾ ਰਿਹਾ ਹੈ। ਮਿਸਾਲ ਲਈ, ਪਰਕਾਸ਼ ਦੀ ਪੋਥੀ 12:1-9 ਵੱਲ ਧਿਆਨ ਦਿਓ। ਇਨ੍ਹਾਂ ਆਇਤਾਂ ਵਿਚ ਤਿੰਨ ਜਣਿਆਂ ਦੀ ਗੱਲ ਕੀਤੀ ਗਈ ਹੈ: ਇਕ ਗਰਭਵਤੀ “ਇਸਤ੍ਰੀ” ਜੋ ਜਨਮ ਦਿੰਦੀ ਹੈ, ਇਕ “ਅਜਗਰ” ਅਤੇ “ਇੱਕ ਨਰ ਬਾਲ।” ਕੀ ਤੁਹਾਨੂੰ ਪਤਾ ਹੈ ਕਿ ਇਹ ਕਿਨ੍ਹਾਂ ਨੂੰ ਦਰਸਾਉਂਦੇ ਹਨ? ਇਨ੍ਹਾਂ ਬਾਰੇ 1 ਮਾਰਚ 1925 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਇਕ ਲੇਖ ਵਿਚ ਸਮਝਾਇਆ ਗਿਆ ਸੀ ਜਿਸ ਦਾ ਵਿਸ਼ਾ ਸੀ “ਕੌਮ ਦਾ ਜਨਮ।” ਇਸ ਲੇਖ ਰਾਹੀਂ ਪਰਮੇਸ਼ੁਰ ਦੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੇ ਜਨਮ ਨਾਲ ਜੁੜੀਆਂ ਭਵਿੱਖਬਾਣੀਆਂ ਦੀ ਬਿਹਤਰ ਸਮਝ ਦਿੱਤੀ ਗਈ ਅਤੇ ਸਾਫ਼-ਸਾਫ਼ ਸਮਝਾਇਆ ਗਿਆ ਕਿ ਇਸ ਵੇਲੇ ਦੋ ਵਿਰੋਧੀ ਸੰਗਠਨ ਮੌਜੂਦ ਹਨ—ਇਕ ਯਹੋਵਾਹ ਦਾ ਤੇ ਦੂਜਾ ਸ਼ਤਾਨ ਦਾ। ਫਿਰ 1927/28 ਵਿਚ ਪਰਮੇਸ਼ੁਰ ਦੇ ਲੋਕਾਂ ਨੇ ਕ੍ਰਿਸਮਸ ਅਤੇ ਜਨਮ-ਦਿਨ ਮਨਾਉਣੇ ਬੰਦ ਕਰ ਦਿੱਤੇ ਕਿਉਂਕਿ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਨ੍ਹਾਂ ਦਾ ਬਾਈਬਲ ਵਿਚ ਕੋਈ ਆਧਾਰ ਨਹੀਂ ਸੀ।

14. ਯਹੋਵਾਹ ਨੇ 1930 ਦੇ ਦਹਾਕੇ ਵਿਚ ਹੋਰ ਕਿਹੜੀਆਂ ਸਿੱਖਿਆਵਾਂ ਉੱਤੇ ਚਾਨਣ ਪਾਇਆ?

14 ਫਿਰ 1930 ਦੇ ਦਹਾਕੇ ਵਿਚ ਯਹੋਵਾਹ ਨੇ ਤਿੰਨ ਹੋਰ ਸਿੱਖਿਆਵਾਂ ਉੱਤੇ ਚਾਨਣ ਪਾਇਆ। ਕਈ ਸਾਲਾਂ ਤੋਂ ਬਾਈਬਲ ਸਟੂਡੈਂਟਸ ਜਾਣਦੇ ਸਨ ਕਿ ਪਰਕਾਸ਼ ਦੀ ਪੋਥੀ 7:9-17 ਵਿਚ ਜ਼ਿਕਰ ਕੀਤੀ “ਵੱਡੀ ਭੀੜ” ਉਨ੍ਹਾਂ 1,44,000 ਤੋਂ ਵੱਖ ਸੀ ਜੋ ਮਸੀਹ ਨਾਲ ਰਾਜਿਆਂ ਤੇ ਜਾਜਕਾਂ ਵਜੋਂ ਰਾਜ ਕਰਨਗੇ। (ਪਰਕਾਸ਼ ਦੀ ਪੋਥੀ 5:9, 10; 14:1-5) ਪਰ ਇਹ ਸਾਫ਼ ਨਹੀਂ ਪਤਾ ਸੀ ਕਿ ਇਹ ਵੱਡੀ ਭੀੜ ਕੌਣ ਹੈ। ਜਿਸ ਤਰ੍ਹਾਂ ਦਿਨ ਚੜ੍ਹਨ ਨਾਲ ਚੀਜ਼ਾਂ ਦਾ ਆਕਾਰ ਅਤੇ ਰੰਗ ਸਾਫ਼ ਨਜ਼ਰ ਆਉਂਦਾ ਹੈ, ਉਸੇ ਤਰ੍ਹਾਂ 1935 ਵਿਚ ਵੱਡੀ ਭੀੜ ਦੀ ਪਛਾਣ ਸਪੱਸ਼ਟ ਹੋ ਗਈ। ਇਹ ਉਹ ਲੋਕ ਹਨ ਜੋ “ਵੱਡੀ ਬਿਪਤਾ” ਵਿੱਚੋਂ ਬਚਣ ਅਤੇ ਹਮੇਸ਼ਾ ਲਈ ਧਰਤੀ ਉੱਤੇ ਜੀਣ ਦੀ ਆਸ ਰੱਖਦੇ ਹਨ। ਉਸੇ ਸਾਲ ਇਕ ਹੋਰ ਗੱਲ ਵੀ ਸਾਫ਼ ਸਮਝਾਈ ਗਈ ਸੀ ਜਿਸ ਦਾ ਅਸਰ ਕਈ ਦੇਸ਼ਾਂ ਵਿਚ ਯਹੋਵਾਹ ਦੇ ਗਵਾਹਾਂ ਦੇ ਸਕੂਲ ਜਾਣ ਵਾਲੇ ਬੱਚਿਆਂ ਉੱਤੇ ਪਿਆ। ਜਦ ਦੁਨੀਆਂ ਭਰ ਵਿਚ ਲੋਕਾਂ ਦੇ ਸੀਨੇ ਵਿਚ ਦੇਸ਼-ਭਗਤੀ ਦਾ ਜਜ਼ਬਾ ਅੱਗ ਵਾਂਗ ਬਲ ਰਿਹਾ ਸੀ, ਯਹੋਵਾਹ ਦੇ ਗਵਾਹਾਂ ਨੂੰ ਪਤਾ ਲੱਗਾ ਕਿ ਝੰਡੇ ਨੂੰ ਸਲਾਮੀ ਦੇਣੀ ਗ਼ਲਤ ਸੀ ਕਿਉਂਕਿ ਇਹ ਦੇਸ਼ ਦੀ ਪੂਜਾ ਕਰਨ ਦੇ ਬਰਾਬਰ ਸੀ। ਅਗਲੇ ਸਾਲ ਇਹ ਸਮਝਾਇਆ ਗਿਆ ਕਿ ਯਿਸੂ ਨੂੰ ਕ੍ਰਾਸ ਉੱਤੇ ਨਹੀਂ, ਸਗੋਂ ਲੱਕੜ ਦੇ ਸਿੱਧੇ ਖੰਭੇ ਉੱਤੇ ਟੰਗ ਕੇ ਮਾਰਿਆ ਗਿਆ ਸੀ।—ਰਸੂਲਾਂ ਦੇ ਕਰਤੱਬ 10:39.

15. ਪਰਮੇਸ਼ੁਰ ਦੇ ਲੋਕਾਂ ਨੂੰ ਲਹੂ ਦੀ ਪਵਿੱਤਰਤਾ ਬਾਰੇ ਬਿਹਤਰ ਸਮਝ ਕਦੋਂ ਅਤੇ ਕਿਵੇਂ ਦਿੱਤੀ ਗਈ ਸੀ?

15 ਦੂਜੇ ਵਿਸ਼ਵ ਯੁੱਧ ਦੌਰਾਨ ਫੱਟੜ ਫ਼ੌਜੀਆਂ ਨੂੰ ਖ਼ੂਨ ਚੜ੍ਹਾਉਣਾ ਆਮ ਗੱਲ ਸੀ। ਉਸ ਸਮੇਂ ਪਰਮੇਸ਼ੁਰ ਦੇ ਲੋਕਾਂ ਨੂੰ ਲਹੂ ਦੀ ਪਵਿੱਤਰਤਾ ਬਾਰੇ ਬਿਹਤਰ ਸਮਝ ਹਾਸਲ ਹੋਈ। ਇਕ ਜੁਲਾਈ 1945 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਨੇ ਯਹੋਵਾਹ ਦੇ ਸਾਰੇ ਸੇਵਕਾਂ ਨੂੰ ਇਹ ਸਲਾਹ ਦਿੱਤੀ ਕਿ ‘ਜੋ ਵੀ ਯਹੋਵਾਹ ਦੇ ਨਵੇਂ ਧਰਮੀ ਸੰਸਾਰ ਵਿਚ ਜੀਉਣਾ ਚਾਹੁੰਦਾ ਹੈ, ਉਸ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਕਿ ਯਹੋਵਾਹ ਦੀਆਂ ਨਜ਼ਰਾਂ ਵਿਚ ਖ਼ੂਨ ਪਵਿੱਤਰ ਹੈ ਅਤੇ ਖ਼ੂਨ ਨਾ ਲੈਣ ਦਾ ਹੁਕਮ ਮੰਨਣਾ ਲਾਜ਼ਮੀ ਹੈ।’

16. ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਕਦੋਂ ਰਿਲੀਸ ਕੀਤੀ ਗਈ ਸੀ ਅਤੇ ਇਸ ਦੀਆਂ ਦੋ ਖੂਬੀਆਂ ਕੀ ਹਨ?

16 ਸਾਲ 1946 ਵਿਚ ਬਾਈਬਲ ਦਾ ਇਕ ਨਵਾਂ ਤਰਜਮਾ ਤਿਆਰ ਕਰਨ ਦੀ ਜ਼ਰੂਰਤ ਮਹਿਸੂਸ ਹੋਈ ਜਿਸ ਵਿਚ ਈਸਾਈ-ਜਗਤ ਦੀਆਂ ਝੂਠੀਆਂ ਸਿੱਖਿਆਵਾਂ ਨਾ ਹੋਣ। ਦਸੰਬਰ 1947 ਵਿਚ ਅਜਿਹੇ ਇਕ ਨਵੇਂ ਤਰਜਮੇ ਉੱਤੇ ਕੰਮ ਸ਼ੁਰੂ ਹੋ ਗਿਆ। ਸਾਲ 1950 ਵਿਚ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਕ੍ਰਿਸਚੀਅਨ ਗ੍ਰੀਕ ਸਕ੍ਰਿਪਚਰਸ ਅੰਗ੍ਰੇਜ਼ੀ ਵਿਚ ਰਿਲੀਸ ਕੀਤੀ ਗਈ। ਅੰਗ੍ਰੇਜ਼ੀ ਵਿਚ ਬਾਈਬਲ ਦੇ ਇਬਰਾਨੀ ਸ਼ਾਸਤਰ ਦਾ ਤਰਜਮਾ ਇਕ-ਇਕ ਕਰ ਕੇ ਪੰਜ ਕਿਤਾਬਾਂ ਵਿਚ ਛਾਪਿਆ ਗਿਆ। ਇਨ੍ਹਾਂ ਕਿਤਾਬਾਂ ਨੂੰ ਹੌਲੀ-ਹੌਲੀ 1953 ਤੋਂ ਰਿਲੀਸ ਕਰਨਾ ਸ਼ੁਰੂ ਕੀਤਾ ਗਿਆ ਅਤੇ ਪੰਜਵੀਂ ਕਿਤਾਬ 1960 ਵਿਚ ਰਿਲੀਸ ਕੀਤੀ ਗਈ ਸੀ। ਫਿਰ ਪੂਰੀ ਬਾਈਬਲ ਦਾ ਤਰਜਮਾ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ 1961 ਵਿਚ ਰਿਲੀਸ ਕੀਤਾ ਗਿਆ। ਇਹ ਤਰਜਮਾ ਹੁਣ ਕਈ ਭਾਸ਼ਾਵਾਂ ਵਿਚ ਮਿਲ ਸਕਦਾ ਹੈ। ਇਸ ਦੀਆਂ ਕਈ ਖੂਬੀਆਂ ਹਨ। ਇਕ ਹੈ ਕਿ ਇਸ ਵਿਚ ਪਰਮੇਸ਼ੁਰ ਦਾ ਨਾਂ ਯਹੋਵਾਹ ਪਾਇਆ ਜਾਂਦਾ ਹੈ। ਦੂਜਾ, ਮੁਢਲੀਆਂ ਲਿਖਤਾਂ ਤੋਂ ਇਸ ਦਾ ਹੂ-ਬਹੁ ਤਰਜਮਾ ਹੋਣ ਕਰਕੇ ਇਹ ਬਾਈਬਲ ਦੀਆਂ ਗੱਲਾਂ ਨੂੰ ਬਿਹਤਰ ਤਰੀਕੇ ਨਾਲ ਸਮਝਣ ਵਿਚ ਬਹੁਤ ਮਦਦਗਾਰ ਸਾਬਤ ਹੋਇਆ ਹੈ।

17. ਸਾਲ 1962 ਵਿਚ ਪਰਮੇਸ਼ੁਰ ਦੇ ਲੋਕਾਂ ਨੂੰ ਕਿਹੜੀ ਸਮਝ ਹਾਸਲ ਹੋਈ?

17 ਫਿਰ 1962 ਵਿਚ ਇਸ ਬਾਰੇ ਸਾਫ਼ ਜਾਣਕਾਰੀ ਦਿੱਤੀ ਗਈ ਕਿ ਰੋਮੀਆਂ 13:1 ਵਿਚ ਦੱਸੀਆਂ “ਹਕੂਮਤਾਂ” ਕੌਣ ਹਨ ਅਤੇ ਮਸੀਹੀਆਂ ਨੂੰ ਕਿਸ ਹੱਦ ਤਕ ਇਨ੍ਹਾਂ ਦੇ ਅਧੀਨ ਰਹਿਣਾ ਚਾਹੀਦਾ ਹੈ। ਰੋਮੀਆਂ ਦੇ 13ਵੇਂ ਅਧਿਆਇ ਤੋਂ ਇਲਾਵਾ ਤੀਤੁਸ 3:1, 2 ਤੇ 1 ਪਤਰਸ 2:13, 17 ਵਰਗੇ ਹਵਾਲਿਆਂ ਦਾ ਡੂੰਘਾ ਅਧਿਐਨ ਕਰਨ ਤੋਂ ਪਤਾ ਲੱਗਾ ਕਿ “ਹਕੂਮਤਾਂ” ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਨਹੀਂ, ਸਗੋਂ ਇਨਸਾਨਾਂ ਦੀਆਂ ਹਕੂਮਤਾਂ ਹਨ।

18. ਉੱਨੀ ਸੌ ਅੱਸੀ ਦੇ ਦਹਾਕੇ ਵਿਚ ਕਿਹੜੀਆਂ ਗੱਲਾਂ ਉੱਤੇ ਚਾਨਣ ਪਾਇਆ ਗਿਆ ਸੀ?

18 ਅਗਲੇ ਕੁਝ ਸਾਲਾਂ ਦੌਰਾਨ ਯਹੋਵਾਹ ਦੇ ਧਰਮੀ ਲੋਕਾਂ ਦੇ ਰਾਹ ਨੂੰ ਹੋਰ ਵੀ ਰੌਸ਼ਨ ਕੀਤਾ ਗਿਆ। ਸਾਲ 1985 ਵਿਚ ਇਸ ਗੱਲ ਉੱਤੇ ਚਾਨਣ ਪਾਇਆ ਗਿਆ ਕਿ “ਜੀਵਨ” ਲਈ ਧਰਮੀ ਠਹਿਰਾਏ ਜਾਣ ਅਤੇ ਪਰਮੇਸ਼ੁਰ ਦੇ ਮਿੱਤਰ ਵਜੋਂ ਧਰਮੀ ਠਹਿਰਾਏ ਜਾਣ ਦਾ ਕੀ ਮਤਲਬ ਹੈ। (ਰੋਮੀਆਂ 5:18; ਯਾਕੂਬ 2:23) ਸਾਲ 1987 ਵਿਚ ਮਸੀਹੀ ਜੁਬਲੀ ਦਾ ਮਤਲਬ ਪੂਰੀ ਤਰ੍ਹਾਂ ਸਮਝਾਇਆ ਗਿਆ।

19. ਹਾਲ ਹੀ ਦੇ ਸਾਲਾਂ ਵਿਚ ਯਹੋਵਾਹ ਨੇ ਆਪਣੇ ਲੋਕਾਂ ਦੇ ਰਾਹ ਨੂੰ ਕਿਵੇਂ ਰੌਸ਼ਨ ਕੀਤਾ ਹੈ?

19 ਸਾਲ 1995 ਵਿਚ ਭੇਡਾਂ ਅਤੇ ਬੱਕਰੀਆਂ ਨੂੰ ਵੱਖਰਾ ਕਰਨ ਬਾਰੇ ਹੋਰ ਜਾਣਕਾਰੀ ਮਿਲੀ। ਹੈਕਲ ਬਾਰੇ ਹਿਜ਼ਕੀਏਲ ਦਾ ਦਰਸ਼ਣ ਸਾਲ 1998 ਵਿਚ ਸਮਝਾਇਆ ਗਿਆ ਜਿਸ ਦੀ ਪੂਰਤੀ ਹੁਣ ਹੋ ਰਹੀ ਹੈ। ਸਾਲ 1999 ਵਿਚ ਦੱਸਿਆ ਗਿਆ ਸੀ ਕਿ ‘ਪਵਿੱਤਰ ਥਾਂ ਵਿਚ ਘਿਣਾਉਣੀ ਚੀਜ਼’ ਕਦੋਂ ਅਤੇ ਕਿਵੇਂ ਖੜ੍ਹੀ ਹੋਵੇਗੀ। (ਮੱਤੀ 24:15, 16; 25:32) ਇਸੇ ਤਰ੍ਹਾਂ ਸਾਲ 2002 ਵਿਚ “ਆਤਮਾ ਅਤੇ ਸਚਿਆਈ ਨਾਲ” ਪਰਮੇਸ਼ੁਰ ਦੀ ਭਗਤੀ ਕਰਨ ਦੇ ਮਤਲਬ ਬਾਰੇ ਹੋਰ ਸਹੀ ਸਮਝ ਦਿੱਤੀ ਗਈ।—ਯੂਹੰਨਾ 4:24.

20. ਪਰਮੇਸ਼ੁਰ ਦੇ ਲੋਕਾਂ ਵਿਚ ਕਿਹੜੇ ਸੁਧਾਰ ਆਏ ਹਨ?

20 ਯਹੋਵਾਹ ਦੇ ਸੰਗਠਨ ਅਤੇ ਬਾਈਬਲ ਦੀਆਂ ਸਿੱਖਿਆਵਾਂ ਦੀ ਸਮਝ ਵਿਚ ਸੁਧਾਰ ਆਉਣ ਤੋਂ ਇਲਾਵਾ ਮਸੀਹੀਆਂ ਦੇ ਚਾਲ-ਚਲਣ ਵਿਚ ਵੀ ਸੁਧਾਰ ਆਇਆ। ਮਿਸਾਲ ਲਈ, 1973 ਵਿਚ ਤਮਾਖੂ ਦੀ ਵਰਤੋਂ ਨੂੰ ‘ਸਰੀਰ ਦੀ ਮਲੀਨਤਾਈ’ ਅਤੇ ਗੰਭੀਰ ਪਾਪ ਦੱਸਿਆ ਗਿਆ। (2 ਕੁਰਿੰਥੀਆਂ 7:1) ਫਿਰ 10 ਸਾਲ ਬਾਅਦ 15 ਜੁਲਾਈ 1983 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਵਿਚ ਸਮਝਾਇਆ ਗਿਆ ਕਿ ਮਸੀਹੀਆਂ ਨੂੰ ਕਿਸੇ ਖ਼ਿਲਾਫ਼ ਹਥਿਆਰ ਨਹੀਂ ਚੁੱਕਣੇ ਚਾਹੀਦੇ। ਸਾਡੇ ਜ਼ਮਾਨੇ ਵਿਚ ਵਧਦੇ ਚਾਨਣ ਦੀਆਂ ਇਹ ਸਿਰਫ਼ ਕੁਝ ਮਿਸਾਲਾਂ ਹਨ।

ਸੱਚਾਈ ਦੇ ਰੌਸ਼ਨ ਰਾਹ ਉੱਤੇ ਚੱਲਦੇ ਰਹੋ

21. ਸੱਚਾਈ ਦੇ ਰੌਸ਼ਨ ਰਾਹ ਉੱਤੇ ਚੱਲਦੇ ਰਹਿਣ ਲਈ ਸਾਨੂੰ ਕਿਸ ਤਰ੍ਹਾਂ ਦੇ ਰਵੱਈਏ ਦੀ ਲੋੜ ਹੈ?

21 ਲੰਬੇ ਸਮੇਂ ਤੋਂ ਬਜ਼ੁਰਗ ਵਜੋਂ ਸੇਵਾ ਕਰ ਰਿਹਾ ਇਕ ਭਰਾ ਕਹਿੰਦਾ ਹੈ: “ਤਬਦੀਲੀਆਂ ਨੂੰ ਸਵੀਕਾਰ ਕਰਨਾ ਹਮੇਸ਼ਾ ਸੌਖਾ ਨਹੀਂ ਹੁੰਦਾ।” ਇਸ ਭਰਾ ਨੇ ਪਿਛਲੇ 48 ਸਾਲਾਂ ਤੋਂ ਜੋ ਤਬਦੀਲੀਆਂ ਦੇਖੀਆਂ ਹਨ, ਉਨ੍ਹਾਂ ਨੂੰ ਕਬੂਲ ਕਰਨ ਵਿਚ ਕਿਹੜੀ ਗੱਲ ਨੇ ਉਸ ਦੀ ਮਦਦ ਕੀਤੀ ਹੈ? ਉਹ ਜਵਾਬ ਦਿੰਦਾ ਹੈ: “ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਸਾਡਾ ਰਵੱਈਆ ਸਹੀ ਹੋਣਾ ਚਾਹੀਦਾ ਹੈ। ਜੇ ਅਸੀਂ ਤਬਦੀਲੀਆਂ ਨੂੰ ਕਬੂਲ ਨਹੀਂ ਕਰਦੇ, ਤਾਂ ਸੰਗਠਨ ਅੱਗੇ ਚਲਿਆ ਜਾਵੇਗਾ ਤੇ ਅਸੀਂ ਪਿੱਛੇ ਰਹਿ ਜਾਵਾਂਗੇ। ਜਦ ਕਦੇ ਮੇਰੇ ਲਈ ਕਿਸੇ ਤਬਦੀਲੀ ਨੂੰ ਕਬੂਲ ਕਰਨਾ ਮੁਸ਼ਕਲ ਹੁੰਦਾ ਹੈ, ਉਦੋਂ ਮੈਂ ਯਿਸੂ ਨੂੰ ਕਹੇ ਪਤਰਸ ਦੇ ਸ਼ਬਦ ਯਾਦ ਕਰਦਾ ਹਾਂ: ‘ਪ੍ਰਭੁ ਜੀ ਅਸੀਂ ਕਿਹ ਦੇ ਕੋਲ ਜਾਈਏ? ਸਦੀਪਕ ਜੀਉਣ ਦੀਆਂ ਗੱਲਾਂ ਤਾਂ ਤੇਰੇ ਕੋਲ ਹਨ।’ ਫਿਰ ਮੈਂ ਆਪਣੇ ਆਪ ਨੂੰ ਪੁੱਛਦਾ ਹੈ ਕਿ ‘ਮੈਂ ਕਿੱਥੇ ਜਾਵਾਂ? ਇਸ ਦੁਨੀਆਂ ਦੇ ਘੋਰ ਹਨੇਰੇ ਵਿਚ?’ ਇਹ ਗੱਲ ਯਾਦ ਰੱਖਣ ਨਾਲ ਮੈਨੂੰ ਯਹੋਵਾਹ ਦੇ ਸੰਗਠਨ ਦੇ ਨਾਲ-ਨਾਲ ਚੱਲਣ ਵਿਚ ਮਦਦ ਮਿਲੀ ਹੈ।”—ਯੂਹੰਨਾ 6:68.

22. ਯਹੋਵਾਹ ਦੇ ਰੌਸ਼ਨ ਰਾਹ ਉੱਤੇ ਚੱਲਣ ਦੇ ਕੀ ਫ਼ਾਇਦੇ ਹਨ?

22 ਜਦ ਕਿ ਦੁਨੀਆਂ ਘੁੱਪ ਹਨੇਰੇ ਵਿਚ ਠੋਕਰਾਂ ਖਾ ਰਹੀ ਹੈ, ਯਹੋਵਾਹ ਆਪਣੇ ਲੋਕਾਂ ਦੇ ਰਾਹ ਨੂੰ ਚਾਨਣ ਨਾਲ ਰੌਸ਼ਨ ਕਰਦਾ ਜਾ ਰਿਹਾ ਹੈ। ਇਹ ਚਾਨਣ ਸਾਡੀ ਕਿਵੇਂ ਮਦਦ ਕਰਦਾ ਹੈ? ਠੀਕ ਜਿਵੇਂ ਕਿਸੇ ਸੜਕ ਤੇ ਪਏ ਟੋਏ ਉੱਤੇ ਰੌਸ਼ਨੀ ਪੈਣ ਨਾਲ ਟੋਆ ਪਰੇ ਨਹੀਂ ਹਟ ਜਾਂਦਾ, ਉਸੇ ਤਰ੍ਹਾਂ ਪਰਮੇਸ਼ੁਰ ਦੇ ਬਚਨ ਦੇ ਚਾਨਣ ਨਾਲ ਸਾਡੇ ਰਾਹ ਵਿਚ ਆਉਂਦੇ ਖ਼ਤਰੇ ਦੂਰ ਨਹੀਂ ਹੋ ਜਾਂਦੇ। ਪਰ ਚਾਨਣ ਨਾਲ ਅਸੀਂ ਰਾਹ ਵਿਚ ਆਉਣ ਵਾਲੇ ਖ਼ਤਰਿਆਂ ਨੂੰ ਦੇਖ ਕੇ ਉਨ੍ਹਾਂ ਤੋਂ ਬਚ ਸਕਦੇ ਹਾਂ ਅਤੇ ਸੱਚਾਈ ਦੇ ਰਾਹ ਉੱਤੇ ਚੱਲਦੇ ਰਹਿ ਸਕਦੇ ਹਾਂ। ਤਾਂ ਫਿਰ ਆਓ ਆਪਾਂ ਪਰਮੇਸ਼ੁਰ ਦੇ ਬਚਨ ਉੱਤੇ ਧਿਆਨ ਲਗਾਈ ਰੱਖੀਏ “ਜਿਵੇਂ ਇੱਕ ਦੀਵੇ ਵੱਲ ਜੋ ਅਨ੍ਹੇਰੇ ਥਾਂ ਵਿਚ ਚਮਕਦਾ ਹੈ।”—2 ਪਤਰਸ 1:19.

ਕੀ ਤੁਹਾਨੂੰ ਯਾਦ ਹੈ?

• ਯਹੋਵਾਹ ਨੇ ਆਪਣੇ ਸੰਗਠਨ ਵਿਚ ਕਿਹੜੇ ਸੁਧਾਰ ਕੀਤੇ ਹਨ?

• ਚਾਨਣ ਦੇ ਵਧਣ ਨਾਲ ਕਿਹੜੀਆਂ ਸਿੱਖਿਆਵਾਂ ਦੀ ਸਹੀ ਸਮਝ ਮਿਲੀ ਹੈ?

• ਤੁਸੀਂ ਕਿਹੜੀਆਂ ਤਬਦੀਲੀਆਂ ਹੁੰਦੀਆਂ ਦੇਖੀਆਂ ਹਨ ਤੇ ਇਨ੍ਹਾਂ ਨੂੰ ਸਵੀਕਾਰ ਕਰਨ ਵਿਚ ਕਿਸ ਚੀਜ਼ ਨੇ ਤੁਹਾਡੀ ਮਦਦ ਕੀਤੀ ਹੈ?

• ਤੁਸੀਂ ਸੱਚਾਈ ਦੇ ਰੌਸ਼ਨ ਰਾਹ ਉੱਤੇ ਕਿਉਂ ਚੱਲਦੇ ਰਹਿਣਾ ਚਾਹੁੰਦੇ ਹੋ?

[ਸਵਾਲ]

[ਸਫ਼ਾ 27 ਉੱਤੇ ਤਸਵੀਰਾਂ]

1922 ਵਿਚ ਸੀਡਰ ਪਾਇੰਟ ਓਹੀਓ ਵਿਚ ਹੋਏ ਸੰਮੇਲਨ ਨੇ ਪਰਮੇਸ਼ੁਰ ਦੇ ਲੋਕਾਂ ਵਿਚ ਪ੍ਰਚਾਰ ਕਰਨ ਲਈ ਨਵੇਂ ਸਿਰਿਓਂ ਜੋਸ਼ ਪੈਦਾ ਕੀਤਾ

[ਸਫ਼ਾ 29 ਉੱਤੇ ਤਸਵੀਰ]

ਭਰਾ ਨੌਰ ਨੇ 1950 ਵਿਚ “ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਕ੍ਰਿਸਚੀਅਨ ਗ੍ਰੀਕ ਸਕ੍ਰਿਪਚਰਸ” ਰਿਲੀਸ ਕੀਤੀ

[ਸਫ਼ਾ 26 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

© 2003 BiblePlaces.com