Skip to content

Skip to table of contents

ਸਵਰਗ ਵਿਚ ਤੇ ਧਰਤੀ ਉੱਤੇ ਸਭਨਾਂ ਨੂੰ ਇਕੱਠਾ ਕਰਨਾ

ਸਵਰਗ ਵਿਚ ਤੇ ਧਰਤੀ ਉੱਤੇ ਸਭਨਾਂ ਨੂੰ ਇਕੱਠਾ ਕਰਨਾ

ਸਵਰਗ ਵਿਚ ਤੇ ਧਰਤੀ ਉੱਤੇ ਸਭਨਾਂ ਨੂੰ ਇਕੱਠਾ ਕਰਨਾ

‘ਆਪਣੇ ਨੇਕ ਇਰਾਦੇ ਦੇ ਅਨੁਸਾਰ ਉਹ ਸਭਨਾਂ ਨੂੰ ਜੋ ਸੁਰਗ ਵਿੱਚ ਅਤੇ ਜੋ ਧਰਤੀ ਉੱਤੇ ਹਨ ਮਸੀਹ ਵਿੱਚ ਇਕੱਠਾ ਕਰੇਗਾ।’—ਅਫ਼ਸੀਆਂ 1:9, 10.

1. ਸਵਰਗ ਅਤੇ ਧਰਤੀ ਲਈ ਪਰਮੇਸ਼ੁਰ ਦਾ ‘ਨੇਕ ਇਰਾਦਾ’ ਕੀ ਹੈ?

ਸਾਡੇ “ਸ਼ਾਂਤੀ ਦਾਤਾ ਪਰਮੇਸ਼ੁਰ” ਯਹੋਵਾਹ ਦਾ ਸ਼ਾਨਦਾਰ ਮਕਸਦ ਹੈ ਕਿ ਪੂਰੇ ਵਿਸ਼ਵ ਵਿਚ ਸ਼ਾਂਤੀ ਹੋਵੇ। (ਇਬਰਾਨੀਆਂ 13:20) ਉਸ ਨੇ ਪੌਲੁਸ ਰਸੂਲ ਨੂੰ ਇਹ ਲਿਖਣ ਲਈ ਪ੍ਰੇਰਿਤ ਕੀਤਾ ਕਿ ਉਹ ਆਪਣੇ “ਨੇਕ ਇਰਾਦੇ ਦੇ ਅਨੁਸਾਰ . . . ਸਭਨਾਂ ਨੂੰ ਜੋ ਸੁਰਗ ਵਿੱਚ ਅਤੇ ਜੋ ਧਰਤੀ ਉੱਤੇ ਹਨ ਮਸੀਹ ਵਿੱਚ ਇਕੱਠਾ” ਕਰੇਗਾ। (ਅਫ਼ਸੀਆਂ 1:9, 10) ਇਸ ਆਇਤ ਵਿਚ ਦੱਸੇ ਲਫ਼ਜ਼ ‘ਇਕੱਠਾ ਕਰਨ’ ਦਾ ਕੀ ਮਤਲਬ ਹੈ? ਬਾਈਬਲ ਦਾ ਇਕ ਵਿਦਵਾਨ ਲਿਖਦਾ ਹੈ: “ਇਸ ਦਾ ਮਤਲਬ ਹੈ ਪੂਰੇ ਵਿਸ਼ਵ ਵਿਚ ਸ਼ਾਂਤੀ ਹੋਣੀ। ਕੋਈ ਵੀ ਪਰਮੇਸ਼ੁਰ ਦੇ ਖ਼ਿਲਾਫ਼ ਨਹੀਂ ਹੋਵੇਗਾ ਤੇ ਸਾਰੀ ਸ੍ਰਿਸ਼ਟੀ ਵਿਚ ਕੋਈ ਫੁੱਟ ਨਹੀਂ ਹੋਵੇਗੀ, ਸਗੋਂ ਸਾਰੇ ਮਸੀਹ ਦੀ ਅਗਵਾਈ ਹੇਠ ਏਕਤਾ ਨਾਲ ਰਹਿਣਗੇ। ਪਾਪ, ਮੌਤ, ਦੁੱਖ-ਦਰਦ ਤੇ ਕਮੀਆਂ-ਕਮਜ਼ੋਰੀਆਂ ਨਹੀਂ ਰਹਿਣਗੀਆਂ।”

‘ਸਭ ਜੋ ਸੁਰਗ ਵਿੱਚ ਹਨ’

2. ਉਹ ਕੌਣ ਹਨ ਜਿਨ੍ਹਾਂ ਨੂੰ “ਸੁਰਗ ਵਿੱਚ” ਇਕੱਠਾ ਕੀਤਾ ਜਾਣਾ ਹੈ?

2 ਪਤਰਸ ਰਸੂਲ ਨੇ ਮਸੀਹੀਆਂ ਦੀ ਸ਼ਾਨਦਾਰ ਉਮੀਦ ਬਾਰੇ ਗੱਲ ਕਰਦਿਆਂ ਲਿਖਿਆ: “ਉਹ ਦੇ ਬਚਨ ਦੇ ਅਨੁਸਾਰ ਅਸੀਂ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ ਜਿਨ੍ਹਾਂ ਵਿੱਚ ਧਰਮ ਵੱਸਦਾ ਹੈ।” (2 ਪਤਰਸ 3:13) “ਨਵੇਂ ਅਕਾਸ਼” ਦਾ ਅਰਥ ਹੈ ਪਰਮੇਸ਼ੁਰ ਦਾ ਸਵਰਗੀ ਰਾਜ ਜਾਂ ਨਵੀਂ ਸਰਕਾਰ ਜੋ ਧਰਤੀ ਉੱਤੇ ਹਕੂਮਤ ਕਰੇਗੀ। ਅਫ਼ਸੀਆਂ ਨੂੰ ਆਪਣੀ ਪੱਤਰੀ ਵਿਚ ਪੌਲੁਸ ਨੇ ਉਨ੍ਹਾਂ ਸਭਨਾਂ ਬਾਰੇ ਗੱਲ ਕੀਤੀ ਸੀ ਜੋ ‘ਸੁਰਗ ਵਿੱਚ ਮਸੀਹ ਵਿੱਚ ਇਕੱਠੇ’ ਕੀਤੇ ਜਾਣਗੇ। ਇਹ ਉਹ 1,44,000 ਇਨਸਾਨ ਹਨ ਜੋ ਮਸੀਹ ਨਾਲ ਸਵਰਗ ਵਿਚ ਰਾਜ ਕਰਨਗੇ। (1 ਪਤਰਸ 1:3, 4) ਉਹ “ਧਰਤੀਓਂ” ਤੇ “ਮਨੁੱਖਾਂ ਵਿੱਚੋਂ ਮੁੱਲ ਲਏ ਗਏ” ਹਨ।—ਪਰਕਾਸ਼ ਦੀ ਪੋਥੀ 5:9, 10; 14:3, 4; 2 ਕੁਰਿੰਥੀਆਂ 1:21; ਅਫ਼ਸੀਆਂ 1:11; 3:6.

3. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਧਰਤੀ ਉੱਤੇ ਹੁੰਦੇ ਹੋਏ ਵੀ ਮਸਹ ਕੀਤੇ ਹੋਏ ਮਸੀਹੀਆਂ ਨੂੰ ‘ਸੁਰਗੀ ਥਾਵਾਂ ਉੱਤੇ ਬਹਾਲਿਆ’ ਗਿਆ ਹੈ?

3 ਮਸਹ ਕੀਤੇ ਹੋਏ ਮਸੀਹੀ ਪਵਿੱਤਰ ਆਤਮਾ ਰਾਹੀਂ ਨਵੇਂ ਸਿਰਿਓਂ ਜਨਮ ਲੈਂਦੇ ਹਨ ਤੇ ਯਹੋਵਾਹ ਦੇ ਅਧਿਆਤਮਿਕ ਪੁੱਤਰ ਬਣਦੇ ਹਨ। (ਯੂਹੰਨਾ 1:12, 13; 3:5-7) ਯਹੋਵਾਹ ਦੇ “ਪੁੱਤ੍ਰ” ਹੋਣ ਕਰਕੇ ਉਹ ਯਿਸੂ ਦੇ ਭਰਾ ਵੀ ਹਨ। (ਰੋਮੀਆਂ 8:15; ਅਫ਼ਸੀਆਂ 1:5) ਧਰਤੀ ਉੱਤੇ ਹੁੰਦੇ ਹੋਏ ਵੀ ਉਨ੍ਹਾਂ ਬਾਰੇ ਕਿਹਾ ਗਿਆ ਹੈ ਕਿ ਪਰਮੇਸ਼ੁਰ ਨੇ ‘ਉਨ੍ਹਾਂ ਨੂੰ ਮਸੀਹ ਯਿਸੂ ਦੇ ਨਾਲ ਉਠਾਇਆ ਅਰ ਸੁਰਗੀ ਥਾਵਾਂ ਉੱਤੇ ਉਸ ਦੇ ਨਾਲ ਬਹਾਲਿਆ।’ (ਅਫ਼ਸੀਆਂ 1:3; 2:6) ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਇਹ ਉੱਚੀ ਪਦਵੀ ਮਿਲ ਚੁੱਕੀ ਹੈ ਕਿਉਂਕਿ ‘ਪਵਿੱਤਰ ਆਤਮਾ ਨਾਲ ਉਨ੍ਹਾਂ ਉੱਤੇ ਮੋਹਰ ਲੱਗੀ ਹੈ। ਇਹ ਉਨ੍ਹਾਂ ਦੇ ਅਧਕਾਰ ਦੀ ਸਾਈ’ ਜਾਂ ਪੇਸ਼ਗੀ ਹੈ। (ਅਫ਼ਸੀਆਂ 1:13, 14; ਕੁਲੁੱਸੀਆਂ 1:5) ਤਾਂ ਫਿਰ ਇਹੀ ਉਹ ਲੋਕ ਹਨ ‘ਜੋ ਸੁਰਗ ਵਿੱਚ ਹਨ’ ਅਤੇ ਜਿਨ੍ਹਾਂ ਦੀ ਪੂਰੀ ਗਿਣਤੀ ਨੂੰ ਯਹੋਵਾਹ ਨੇ ਇਕੱਠਾ ਕਰਨਾ ਸੀ।

ਇਕੱਠਾ ਕਰਨ ਦਾ ਕੰਮ ਸ਼ੁਰੂ ਹੁੰਦਾ ਹੈ

4. ‘ਸੁਰਗ ਵਿੱਚ ਸਭਨਾਂ ਨੂੰ’ ਇਕੱਠਾ ਕਰਨ ਦਾ ਕੰਮ ਕਦੋਂ ਅਤੇ ਕਿਵੇਂ ਸ਼ੁਰੂ ਹੋਇਆ ਸੀ?

4 ਯਹੋਵਾਹ ਦੇ ਪ੍ਰਬੰਧ ਮੁਤਾਬਕ ‘ਸੁਰਗ ਵਿੱਚ ਸਭਨਾਂ ਨੂੰ’ ਇਕੱਠਾ ਕਰਨ ਦਾ ਕੰਮ ਠਹਿਰਾਏ ਗਏ “ਸਮਿਆਂ ਦੀ ਪੂਰਨਤਾਈ” ਤੇ ਸ਼ੁਰੂ ਹੋਣਾ ਸੀ। (ਅਫ਼ਸੀਆਂ 1:10) ਇਹ ਸਮਾਂ 33 ਈਸਵੀ ਵਿਚ ਪੰਤੇਕੁਸਤ ਦੇ ਦਿਨ ਸ਼ੁਰੂ ਹੋਇਆ ਸੀ। ਉਸ ਦਿਨ ਰਸੂਲਾਂ ਅਤੇ ਚੇਲਿਆਂ ਉੱਤੇ ਪਵਿੱਤਰ ਆਤਮਾ ਵਹਾਈ ਗਈ ਸੀ। (ਰਸੂਲਾਂ ਦੇ ਕਰਤੱਬ 1:13-15; 2:1-4) ਇਹ ਨਵੇਂ ਨੇਮ ਨੂੰ ਅਮਲ ਵਿਚ ਲਿਆਉਣ ਦਾ ਸਬੂਤ ਸੀ। ਇਸ ਤਰ੍ਹਾਂ ਮਸੀਹੀ ਕਲੀਸਿਯਾ ਦੀ ਨੀਂਹ ਧਰੀ ਗਈ ਤੇ “ਪਰਮੇਸ਼ੁਰ ਦੇ ਇਸਰਾਏਲ” ਦੀ ਨਵੀਂ ਕੌਮ ਬਣੀ।—ਗਲਾਤੀਆਂ 6:16; ਇਬਰਾਨੀਆਂ 9:15; 12:23, 24.

5. ਯਹੋਵਾਹ ਨੇ ਪੈਦਾਇਸ਼ੀ ਇਸਰਾਏਲ ਦੀ ਥਾਂ ਇਕ ਨਵੀਂ “ਕੌਮ” ਕਿਉਂ ਬਣਾਈ ਸੀ?

5 ਪੈਦਾਇਸ਼ੀ ਇਸਰਾਏਲੀਆਂ ਨਾਲ ਬਿਵਸਥਾ ਨੇਮ ਬੰਨ੍ਹੇ ਜਾਣ ਦੇ ਬਾਵਜੂਦ ਉਨ੍ਹਾਂ ਵਿੱਚੋਂ “ਜਾਜਕਾਂ ਦੀ ਬਾਦਸ਼ਾਹੀ ਅਤੇ ਪਵਿੱਤ੍ਰ ਕੌਮ” ਨਾ ਆ ਸਕੀ ਜਿਸ ਨੇ ਸਵਰਗ ਵਿਚ ਹਮੇਸ਼ਾ ਲਈ ਸੇਵਾ ਕਰਨੀ ਸੀ। (ਕੂਚ 19:5, 6) ਯਿਸੂ ਨੇ ਯਹੂਦੀ ਆਗੂਆਂ ਨੂੰ ਕਿਹਾ: “ਪਰਮੇਸ਼ੁਰ ਦਾ ਰਾਜ ਤੁਹਾਥੋਂ ਖੋਹਿਆ ਅਤੇ ਪਰਾਈ ਕੌਮ ਨੂੰ ਜਿਹੜੀ ਉਹ ਦੇ ਫਲ ਦੇਵੇ ਦਿੱਤਾ ਜਾਵੇਗਾ।” (ਮੱਤੀ 21:43) ਇਹ ਪਰਾਈ ਕੌਮ ਮਸਹ ਕੀਤੇ ਹੋਏ ਮਸੀਹੀ ਹਨ ਜਿਨ੍ਹਾਂ ਨਾਲ ਨਵਾਂ ਨੇਮ ਬੰਨ੍ਹਿਆ ਗਿਆ ਹੈ। ਪਤਰਸ ਰਸੂਲ ਨੇ ਇਨ੍ਹਾਂ ਨੂੰ ਲਿਖਿਆ: “ਤੁਸੀਂ ਚੁਣਿਆ ਹੋਇਆ ਵੰਸ, ਜਾਜਕਾਂ ਦੀ ਸ਼ਾਹੀ ਮੰਡਲੀ, ਪਵਿੱਤਰ ਕੌਮ, ਪਰਮੇਸ਼ੁਰ ਦੀ ਖਾਸ ਪਰਜਾ ਹੋ ਭਈ ਤੁਸੀਂ ਉਹ ਦਿਆਂ ਗੁਣਾਂ ਦਾ ਪਰਚਾਰ ਕਰੋ ਜਿਹ ਨੇ ਤੁਹਾਨੂੰ ਅਨ੍ਹੇਰੇ ਤੋਂ ਆਪਣੇ ਅਚਰਜ ਚਾਨਣ ਵਿੱਚ ਸੱਦ ਲਿਆ। ਤੁਸੀਂ ਤਾਂ ਅੱਗੇ ਪਰਜਾ ਹੀ ਨਾ ਸਾਓ ਪਰ ਹੁਣ ਪਰਮੇਸ਼ੁਰ ਦੀ ਪਰਜਾ ਹੋ ਗਏ ਹੋ।” (1 ਪਤਰਸ 2:9, 10) ਪੈਦਾਇਸ਼ੀ ਇਸਰਾਏਲੀ ਯਹੋਵਾਹ ਦੇ ਨੇਮਬੱਧ ਲੋਕ ਨਹੀਂ ਰਹੇ। (ਇਬਰਾਨੀਆਂ 8:7-13) ਜਿਸ ਤਰ੍ਹਾਂ ਯਿਸੂ ਨੇ ਪਹਿਲਾਂ ਹੀ ਦੱਸਿਆ ਸੀ, ਪਰਮੇਸ਼ੁਰ ਦੇ ਰਾਜ ਵਿਚ ਰਾਜੇ ਬਣਨ ਦਾ ਸਨਮਾਨ ਉਨ੍ਹਾਂ ਤੋਂ ਖੋਹ ਲਿਆ ਗਿਆ ਤੇ ਅਧਿਆਤਮਿਕ ਇਸਰਾਏਲ ਦੇ 1,44,000 ਮੈਂਬਰਾਂ ਨੂੰ ਦੇ ਦਿੱਤਾ ਗਿਆ।—ਪਰਕਾਸ਼ ਦੀ ਪੋਥੀ 7:4-8.

ਰਾਜ ਦਾ ਨੇਮ ਬੰਨ੍ਹਿਆ ਗਿਆ

6, 7. ਯਿਸੂ ਨੇ ਆਪਣੇ ਮਸਹ ਕੀਤੇ ਹੋਏ ਭਰਾਵਾਂ ਨਾਲ ਕਿਹੜਾ ਖ਼ਾਸ ਨੇਮ ਬੰਨ੍ਹਿਆ ਸੀ ਤੇ ਉਨ੍ਹਾਂ ਲਈ ਇਹ ਕੀ ਮਾਅਨੇ ਰੱਖਦਾ ਹੈ?

6 ਜਿਸ ਸ਼ਾਮ ਯਿਸੂ ਨੇ ਆਪਣੇ ਵਫ਼ਾਦਾਰ ਰਸੂਲਾਂ ਨੂੰ ਉਸ ਦੀ ਮੌਤ ਦੀ ਯਾਦਗਾਰ ਮਨਾਉਣ ਦਾ ਹੁਕਮ ਦਿੱਤਾ ਸੀ, ਉਦੋਂ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਉਹੋ ਹੀ ਹੋ ਜੋ ਮੇਰੇ ਪਰਤਾਵਿਆਂ ਵਿੱਚ ਸਦਾ ਮੇਰੇ ਨਾਲ ਰਹੇ। ਜਿਵੇਂ ਮੇਰੇ ਪਿਤਾ ਨੇ ਮੇਰੇ ਲਈ ਇੱਕ ਰਾਜ ਠਹਿਰਾਇਆ ਹੈ ਤਿਵੇਂ ਮੈਂ ਤੁਹਾਡੇ ਲਈ ਠਹਿਰਾਉਂਦਾ ਹਾਂ। ਤਾਂ ਜੋ ਤੁਸੀਂ ਮੇਰੇ ਰਾਜ ਵਿੱਚ ਮੇਰੀ ਮੇਜ਼ ਉੱਤੇ ਖਾਓ ਪੀਓ ਅਤੇ ਤੁਸੀਂ ਸਿੰਘਾਸਣਾਂ ਤੇ ਬੈਠ ਕੇ ਇਸਰਾਏਲ ਦੀਆਂ ਬਾਰਾਂ ਗੋਤਾਂ ਦਾ ਨਿਆਉਂ ਕਰੋਗੇ।” (ਲੂਕਾ 22:28-30) ਇੱਥੇ ਯਿਸੂ ਇਕ ਖ਼ਾਸ ਨੇਮ ਬਾਰੇ ਗੱਲ ਕਰ ਰਿਹਾ ਸੀ ਜੋ ਉਸ ਨੇ ਆਪਣੇ 1,44,000 ਭਰਾਵਾਂ ਨਾਲ ਬੰਨ੍ਹਿਆ ਜੋ “ਮਰਨ ਤੋੜੀ ਵਫ਼ਾਦਾਰ” ਰਹਿਣਗੇ ਤੇ ‘ਜਿੱਤਣ ਵਾਲੇ’ ਸਾਬਤ ਹੋਣਗੇ।—ਪਰਕਾਸ਼ ਦੀ ਪੋਥੀ 2:10; 3:21.

7 ਇਹ ਮਸੀਹੀ ਧਰਤੀ ਉੱਤੇ ਹਮੇਸ਼ਾ ਲਈ ਜੀਉਣ ਦੀ ਇੱਛਾ ਛੱਡ ਦਿੰਦੇ ਹਨ। ਉਹ ਸਵਰਗ ਵਿਚ ਮਸੀਹ ਨਾਲ ਰਾਜ ਕਰਨਗੇ ਤੇ ਮਨੁੱਖਜਾਤੀ ਦਾ ਨਿਆਂ ਕਰਨਗੇ। (ਪਰਕਾਸ਼ ਦੀ ਪੋਥੀ 20:4, 6) ਆਓ ਆਪਾਂ ਹੁਣ ਬਾਈਬਲ ਦੇ ਹੋਰ ਹਵਾਲੇ ਦੇਖੀਏ ਜੋ ਸਿਰਫ਼ ਮਸਹ ਕੀਤੇ ਹੋਏ ਮਸੀਹੀਆਂ ਉੱਤੇ ਲਾਗੂ ਹੁੰਦੇ ਹਨ ਅਤੇ ਦਿਖਾਉਂਦੇ ਹਨ ਕਿ ‘ਹੋਰ ਭੇਡਾਂ’ ਯਿਸੂ ਦੀ ਮੌਤ ਦੇ ਯਾਦਗਾਰੀ ਸਮਾਰੋਹ ਵਿਚ ਮੈ ਕਿਉਂ ਨਹੀਂ ਪੀਂਦੀਆਂ ਤੇ ਅਖ਼ਮੀਰੀ ਰੋਟੀ ਕਿਉਂ ਨਹੀਂ ਖਾਂਦੀਆਂ।—ਯੂਹੰਨਾ 10:16.

8. ਅਖ਼ਮੀਰੀ ਰੋਟੀ ਖਾਣ ਨਾਲ ਮਸਹ ਕੀਤੇ ਹੋਏ ਮਸੀਹੀ ਕੀ ਦਿਖਾਉਂਦੇ ਹਨ? (ਸਫ਼ਾ 23 ਉੱਤੇ ਡੱਬੀ ਦੇਖੋ)

8 ਮਸਹ ਕੀਤੇ ਹੋਏ ਮਸੀਹੀ ਯਿਸੂ ਵਾਂਗ ਦੁੱਖ ਝੱਲਦੇ ਹਨ ਅਤੇ ਉਸ ਵਾਂਗ ਮਰਨ ਲਈ ਤਿਆਰ ਹਨ। ਪੌਲੁਸ ਉਨ੍ਹਾਂ ਵਿੱਚੋਂ ਇਕ ਸੀ ਜਿਸ ਨੇ ਕਿਹਾ ਕਿ ਉਹ ਹਰ ਕੁਰਬਾਨੀ ਦੇਣ ਲਈ ਤਿਆਰ ਸੀ। ਕਿਉਂ? ਉਸ ਨੇ ਜਵਾਬ ਦਿੱਤਾ: “ਭਈ ਮੈਂ ਮਸੀਹ ਨੂੰ ਖੱਟ ਲਵਾਂ। ਤਾਂ ਜੋ ਮੈਂ ਉਹ ਨੂੰ ਅਤੇ ਉਹ ਦੇ ਜੀ ਉੱਠਣ ਦੀ ਸ਼ਕਤੀ ਨੂੰ ਅਤੇ ਉਹ ਦਿਆਂ ਦੁਖਾਂ ਦੀ ਸਾਂਝ ਨੂੰ ਜਾਣ ਲਵਾਂ ਅਤੇ ਉਹ ਦੀ ਮੌਤ ਦੇ ਸਰੂਪ ਨਾਲ ਮਿਲ ਜਾਵਾਂ।” (ਫ਼ਿਲਿੱਪੀਆਂ 3:8, 10) ਕਈ ਮਸਹ ਕੀਤੇ ਹੋਏ ਮਸੀਹੀਆਂ ਨੇ ਆਪਣੀ ਦੇਹ ਵਿਚ ਯਿਸੂ ਵਾਂਗ ਜਾਨਲੇਵਾ ਦੁੱਖ ਸਹੇ ਹਨ।—2 ਕੁਰਿੰਥੀਆਂ 4:10.

9. ਅਖ਼ਮੀਰੀ ਰੋਟੀ ਕਿਸ ਤਰ੍ਹਾਂ ਦੇ ਸਰੀਰ ਨੂੰ ਦਰਸਾਉਂਦੀ ਹੈ?

9 ਧਰਤੀ ਉੱਤੇ ਆਪਣੀ ਆਖ਼ਰੀ ਸ਼ਾਮ ਨੂੰ ਯਿਸੂ ਨੇ ਆਪਣੇ ਰਸੂਲਾਂ ਨੂੰ ਅਖ਼ਮੀਰੀ ਰੋਟੀ ਵਰਤਾਉਂਦੇ ਹੋਏ ਕਿਹਾ: “ਇਹ ਮੇਰਾ ਸਰੀਰ ਹੈ।” (ਮਰਕੁਸ 14:22) ਕੁਝ ਹੀ ਸਮੇਂ ਬਾਅਦ ਯਿਸੂ ਨੂੰ ਮਾਰਿਆ-ਕੁੱਟਿਆ ਜਾਣਾ ਸੀ ਤੇ ਉਸ ਦਾ ਸਰੀਰ ਲਹੂ-ਲੁਹਾਨ ਹੋ ਜਾਣਾ ਸੀ। ਅਖ਼ਮੀਰੀ ਰੋਟੀ ਉਸ ਦੇ ਸਰੀਰ ਨੂੰ ਦਰਸਾਉਂਦੀ ਸੀ। ਕਿਉਂ? ਕਿਉਂਕਿ ਬਾਈਬਲ ਵਿਚ ਖ਼ਮੀਰ ਪਾਪ ਜਾਂ ਬੁਰਿਆਈ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। (ਮੱਤੀ 16:4, 11, 12; 1 ਕੁਰਿੰਥੀਆਂ 5:6-8) ਯਿਸੂ ਦਾ ਸਰੀਰ ਮੁਕੰਮਲ ਸੀ ਅਤੇ ਉਸ ਵਿਚ ਕੋਈ ਪਾਪ ਨਹੀਂ ਸੀ। ਉਸ ਨੇ ਆਪਣਾ ਮੁਕੰਮਲ ਸਰੀਰ ਮਨੁੱਖਜਾਤੀ ਦੇ ਪਾਪਾਂ ਦੇ ਪ੍ਰਾਸਚਿਤ ਲਈ ਕੁਰਬਾਨ ਕਰ ਦਿੱਤਾ। (ਇਬਰਾਨੀਆਂ 7:26; 1 ਯੂਹੰਨਾ 2:2) ਇਸ ਕੁਰਬਾਨੀ ਤੋਂ ਸਾਰੇ ਵਫ਼ਾਦਾਰ ਮਸੀਹੀ ਲਾਭ ਹਾਸਲ ਕਰਨਗੇ, ਚਾਹੇ ਉਨ੍ਹਾਂ ਦੀ ਉਮੀਦ ਸਵਰਗ ਜਾਣ ਦੀ ਹੈ ਜਾਂ ਹਮੇਸ਼ਾ ਲਈ ਧਰਤੀ ਉੱਤੇ ਜ਼ਿੰਦਾ ਰਹਿਣ ਦੀ।—ਯੂਹੰਨਾ 6:51.

10. ਯਿਸੂ ਦੀ ਮੌਤ ਦੇ ਯਾਦਗਾਰੀ ਸਮਾਰੋਹ ਵਿਚ ਮੈ ਪੀਣ ਵਾਲੇ ਮਸੀਹੀ ‘ਮਸੀਹ ਦੇ ਲਹੂ ਦੇ ਸਾਂਝੀ’ ਕਿਵੇਂ ਬਣਦੇ ਹਨ?

10 ਯਿਸੂ ਦੀ ਮੌਤ ਦੇ ਯਾਦਗਾਰੀ ਸਮਾਰੋਹ ਵਿਚ ਮਸਹ ਕੀਤੇ ਹੋਏ ਮਸੀਹੀ ਜੋ ਮੈ ਪੀਂਦੇ ਹਨ, ਉਸ ਬਾਰੇ ਪੌਲੁਸ ਨੇ ਲਿਖਿਆ: “ਉਹ ਬਰਕਤ ਦਾ ਪਿਆਲਾ ਜਿਹ ਦੇ ਉੱਤੇ ਅਸੀਂ ਬਰਕਤ ਮੰਗਦੇ ਹਾਂ ਕੀ ਉਹ ਮਸੀਹ ਦੇ ਲਹੂ ਦੀ ਸਾਂਝ ਨਹੀਂ?” (1 ਕੁਰਿੰਥੀਆਂ 10:16) ਮੈ ਪੀ ਕੇ ਉਹ ‘ਮਸੀਹ ਦੇ ਲਹੂ ਦੇ ਸਾਂਝੀ’ ਕਿਵੇਂ ਬਣਦੇ ਹਨ? ਉਹ ਮਨੁੱਖਜਾਤੀ ਦੇ ਪਾਪਾਂ ਦੇ ਪ੍ਰਾਸਚਿਤ ਲਈ ਆਪਣਾ ਬਲੀਦਾਨ ਨਹੀਂ ਦਿੰਦੇ ਕਿਉਂਕਿ ਉਨ੍ਹਾਂ ਨੂੰ ਖ਼ੁਦ ਮਾਫ਼ੀ ਦੀ ਜ਼ਰੂਰਤ ਹੈ। ਇਸ ਦੀ ਬਜਾਇ, ਉਹ ਯਿਸੂ ਦੇ ਲਹੂ ਉੱਤੇ ਨਿਹਚਾ ਕਰਦੇ ਹਨ ਜਿਸ ਕਰਕੇ ਉਨ੍ਹਾਂ ਦੇ ਪਾਪ ਮਾਫ਼ ਕੀਤੇ ਜਾਂਦੇ ਹਨ ਤੇ ਸਵਰਗ ਵਿਚ ਜੀਵਨ ਹਾਸਲ ਕਰਨ ਲਈ ਉਹ ਧਰਮੀ ਠਹਿਰਾਏ ਜਾਂਦੇ ਹਨ। (ਰੋਮੀਆਂ 5:8, 9; ਤੀਤੁਸ 3:4-7) ਇਸ ਤਰ੍ਹਾਂ ਯਿਸੂ ਦੇ ਵਹਾਏ ਗਏ ਲਹੂ ਨਾਲ 1,44,000 ਮਸਹ ਕੀਤੇ ਹੋਏ ਮਸੀਹੀਆਂ ਨੂੰ ‘ਸੰਤਾਂ’ ਵਜੋਂ “ਪਵਿੱਤਰ ਕੀਤਾ” ਜਾਂਦਾ ਹੈ। (ਇਬਰਾਨੀਆਂ 10:29; ਦਾਨੀਏਲ 7:18, 27; ਅਫ਼ਸੀਆਂ 2:19) ਜੀ ਹਾਂ, ਯਿਸੂ ਨੇ ਆਪਣੇ ਵਹਾਏ ਗਏ ਲਹੂ ਨਾਲ “ਹਰੇਕ ਗੋਤ, ਭਾਖਿਆ, ਉੱਮਤ ਅਤੇ ਕੌਮ ਵਿੱਚੋਂ ਪਰਮੇਸ਼ੁਰ ਦੇ ਲਈ ਲੋਕਾਂ ਨੂੰ ਮੁੱਲ ਲਿਆ, ਅਤੇ ਓਹਨਾਂ ਨੂੰ ਸਾਡੇ ਪਰਮੇਸ਼ੁਰ ਲਈ, ਇੱਕ ਪਾਤਸ਼ਾਹੀ ਅਤੇ ਜਾਜਕ ਬਣਾਇਆ, ਅਤੇ ਓਹ ਧਰਤੀ ਉੱਤੇ ਰਾਜ ਕਰਨਗੇ।”—ਪਰਕਾਸ਼ ਦੀ ਪੋਥੀ 5:9, 10.

11. ਯਿਸੂ ਦੀ ਮੌਤ ਦੀ ਯਾਦ ਵਿਚ ਮੈ ਪੀਣ ਨਾਲ ਮਸਹ ਕੀਤੇ ਹੋਏ ਮਸੀਹੀ ਕੀ ਦਿਖਾਉਂਦੇ ਹਨ?

11 ਜਦ ਯਿਸੂ ਨੇ ਆਪਣੀ ਮੌਤ ਦੀ ਯਾਦਗਾਰ ਮਨਾਉਣ ਦੀ ਰੀਤ ਸ਼ੁਰੂ ਕੀਤੀ ਸੀ, ਤਾਂ ਉਸ ਨੇ ਆਪਣੇ ਵਫ਼ਾਦਾਰ ਰਸੂਲਾਂ ਨੂੰ ਮੈ ਦਾ ਪਿਆਲਾ ਫੜਾਉਂਦੇ ਹੋਏ ਕਿਹਾ: “ਤੁਸੀਂ ਸਾਰੇ ਇਸ ਵਿੱਚੋਂ ਪੀਓ ਕਿਉਂ ਜੋ ਨੇਮ ਦਾ ਇਹ ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੀ ਖ਼ਾਤਰ ਪਾਪਾਂ ਦੀ ਮਾਫ਼ੀ ਲਈ ਵਹਾਇਆ ਜਾਂਦਾ ਹੈ।” (ਮੱਤੀ 26:27, 28) ਜਿਸ ਤਰ੍ਹਾਂ ਪਰਮੇਸ਼ੁਰ ਤੇ ਇਸਰਾਏਲ ਕੌਮ ਵਿਚਕਾਰ ਨੇਮ ਬੰਨ੍ਹਣ ਲਈ ਬੱਕਰਿਆਂ ਅਤੇ ਬਲਦਾਂ ਦੇ ਲਹੂ ਦੀ ਲੋੜ ਸੀ, ਉਸੇ ਤਰ੍ਹਾਂ ਯਿਸੂ ਦੇ ਵਹਾਏ ਲਹੂ ਨੇ ਨਵੇਂ ਨੇਮ ਨੂੰ ਜਾਇਜ਼ ਠਹਿਰਾਇਆ ਜੋ ਯਹੋਵਾਹ ਨੇ ਅਧਿਆਤਮਿਕ ਇਸਰਾਏਲ ਨਾਲ 33 ਈਸਵੀ ਵਿਚ ਪੰਤੇਕੁਸਤ ਦੇ ਦਿਨ ਬੰਨ੍ਹਿਆ ਸੀ। (ਕੂਚ 24:5-8; ਲੂਕਾ 22:20; ਇਬਰਾਨੀਆਂ 9:14, 15) ‘ਨੇਮ ਦੇ ਲਹੂ’ ਨੂੰ ਦਰਸਾਉਣ ਵਾਲੀ ਮੈ ਨੂੰ ਪੀ ਕੇ ਮਸਹ ਕੀਤੇ ਹੋਏ ਮਸੀਹੀ ਦਿਖਾਉਂਦੇ ਹਨ ਕਿ ਉਹ ਨਵੇਂ ਨੇਮ ਵਿਚ ਹਨ ਅਤੇ ਉਸ ਦੇ ਲਾਭ ਉਨ੍ਹਾਂ ਨੂੰ ਹੋ ਰਹੇ ਹਨ।

12. ਮਸਹ ਕੀਤੇ ਹੋਏ ਮਸੀਹੀ ਯਿਸੂ ਦੀ ਮੌਤ ਦਾ ਬਪਤਿਸਮਾ ਕਿਵੇਂ ਲੈਂਦੇ ਹਨ?

12 ਉਸ ਸਮੇਂ ਮਸਹ ਕੀਤੇ ਹੋਏ ਮਸੀਹੀਆਂ ਨੂੰ ਇਕ ਹੋਰ ਗੱਲ ਦੀ ਵੀ ਯਾਦ ਦਿਲਾਈ ਜਾਂਦੀ ਹੈ। ਯਿਸੂ ਨੇ ਆਪਣੇ ਵਫ਼ਾਦਾਰ ਰਸੂਲਾਂ ਨੂੰ ਕਿਹਾ: “ਉਹ ਪਿਆਲਾ ਜਿਹੜਾ ਮੈਂ ਪੀਣਾ ਹੈ ਤੁਸੀਂ ਤਾਂ ਪੀਓਗੇ ਅਤੇ ਉਹ ਬਪਤਿਸਮਾ ਜਿਹੜਾ ਮੈਂ ਲੈਣਾ ਹੈ ਤੁਸੀਂ ਲਵੋਗੇ।” (ਮਰਕੁਸ 10:38, 39) ਬਾਅਦ ਵਿਚ ਪੌਲੁਸ ਨੇ ਕਿਹਾ ਕਿ ਮਸੀਹੀਆਂ ਨੇ ਮਸੀਹ ਦੀ “ਮੌਤ ਦਾ ਬਪਤਿਸਮਾ” ਲਿਆ ਹੈ। (ਰੋਮੀਆਂ 6:3) ਇਸ ਦਾ ਕੀ ਮਤਲਬ ਹੈ? ਮਸਹ ਕੀਤੇ ਹੋਏ ਮਸੀਹੀ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਹਨ। ਉਨ੍ਹਾਂ ਦੀ ਮੌਤ ਨੂੰ ਇਸ ਅਰਥ ਵਿਚ ਕੁਰਬਾਨੀ ਕਿਹਾ ਜਾ ਸਕਦਾ ਹੈ ਕਿ ਉਹ ਧਰਤੀ ਉੱਤੇ ਹਮੇਸ਼ਾ ਲਈ ਜੀਉਣ ਦੀ ਇੱਛਾ ਨੂੰ ਤਿਆਗ ਦਿੰਦੇ ਹਨ। ਇਨ੍ਹਾਂ ਮਸੀਹੀਆਂ ਦਾ ਮੌਤ ਦਾ ਬਪਤਿਸਮਾ ਉਦੋਂ ਪੂਰਾ ਹੁੰਦਾ ਹੈ ਜਦੋਂ ਮੌਤ ਤਕ ਵਫ਼ਾਦਾਰ ਰਹਿਣ ਤੋਂ ਬਾਅਦ ਉਨ੍ਹਾਂ ਨੂੰ ਸਵਰਗ ਵਿਚ ਮਸੀਹ ਨਾਲ “ਰਾਜ” ਕਰਨ ਲਈ ਆਤਮਿਕ ਸਰੀਰ ਵਿਚ ਜੀ ਉਠਾਇਆ ਜਾਂਦਾ ਹੈ।—2 ਤਿਮੋਥਿਉਸ 2:10-12; ਰੋਮੀਆਂ 6:5; 1 ਕੁਰਿੰਥੀਆਂ 15:42-44, 50.

ਮੈ ਪੀਣੀ ਤੇ ਅਖ਼ਮੀਰੀ ਰੋਟੀ ਖਾਣੀ

13. ਧਰਤੀ ਉੱਤੇ ਸਦਾ ਜੀਉਂਦੇ ਰਹਿਣ ਦੀ ਉਮੀਦ ਰੱਖਣ ਵਾਲੇ ਮਸੀਹੀ ਯਾਦਗਾਰੀ ਸਮਾਰੋਹ ਵਿਚ ਰੋਟੀ ਕਿਉਂ ਨਹੀਂ ਖਾਂਦੇ ਤੇ ਮੈ ਕਿਉਂ ਨਹੀਂ ਪੀਂਦੇ, ਪਰ ਉਹ ਇਸ ਸਮਾਰੋਹ ਵਿਚ ਹਾਜ਼ਰ ਕਿਉਂ ਹੁੰਦੇ ਹਨ?

13 ਅਸੀਂ ਦੇਖਿਆ ਹੈ ਕਿ ਮੈ ਪੀਣ ਤੇ ਰੋਟੀ ਖਾਣ ਦਾ ਕੀ ਅਰਥ ਹੈ। ਇਸ ਲਈ ਧਰਤੀ ਉੱਤੇ ਰਹਿਣ ਦੀ ਉਮੀਦ ਰੱਖਣ ਵਾਲੇ ਮਸੀਹੀਆਂ ਲਈ ਇਸ ਨੂੰ ਖਾਣਾ ਤੇ ਪੀਣਾ ਗ਼ਲਤ ਹੋਵੇਗਾ। ਧਰਤੀ ਉੱਤੇ ਸਦਾ ਲਈ ਜੀਉਂਦੇ ਰਹਿਣ ਦੀ ਉਮੀਦ ਰੱਖਣ ਵਾਲੇ ਮਸੀਹੀ ਖ਼ੁਦ ਜਾਣਦੇ ਹਨ ਕਿ ਉਹ ਮਸਹ ਕੀਤੇ ਹੋਏ ਨਹੀਂ ਹਨ ਤੇ ਨਾ ਹੀ ਯਹੋਵਾਹ ਨੇ ਉਨ੍ਹਾਂ ਨਾਲ ਨਵਾਂ ਨੇਮ ਬੰਨ੍ਹਿਆ ਹੈ। “ਪਿਆਲਾ” ਨਵੇਂ ਨੇਮ ਨੂੰ ਦਰਸਾਉਂਦਾ ਹੈ, ਇਸ ਲਈ ਇਸ ਵਿੱਚੋਂ ਸਿਰਫ਼ ਉਹੀ ਪੀਂਦੇ ਹਨ ਜਿਨ੍ਹਾਂ ਨਾਲ ਇਹ ਨੇਮ ਬੰਨ੍ਹਿਆ ਗਿਆ ਹੈ। ਜਿਹੜੇ ਪਰਮੇਸ਼ੁਰ ਦੇ ਰਾਜ ਅਧੀਨ ਧਰਤੀ ਉੱਤੇ ਹਮੇਸ਼ਾ ਲਈ ਜੀਣ ਦੀ ਉਮੀਦ ਰੱਖਦੇ ਹਨ, ਉਹ ਨਾ ਤਾਂ ਯਿਸੂ ਦੀ ਮੌਤ ਦਾ ਬਪਤਿਸਮਾ ਲੈਂਦੇ ਹਨ ਤੇ ਨਾ ਹੀ ਉਨ੍ਹਾਂ ਨੂੰ ਉਸ ਨਾਲ ਸਵਰਗ ਵਿਚ ਰਾਜ ਕਰਨ ਲਈ ਚੁਣਿਆ ਗਿਆ ਹੈ। ਇਸ ਲਈ ਉਨ੍ਹਾਂ ਨੂੰ ਅਖ਼ਮੀਰੀ ਰੋਟੀ ਖਾਣ ਜਾਂ ਮੈ ਪੀਣ ਦਾ ਹੱਕ ਨਹੀਂ ਹੈ। ਪਰ ਫਿਰ ਵੀ ਉਹ ਯਿਸੂ ਦੀ ਮੌਤ ਦਾ ਯਾਦਗਾਰੀ ਸਮਾਰੋਹ ਮਨਾਉਣ ਲਈ ਹਾਜ਼ਰ ਹੁੰਦੇ ਹਨ। ਕਿਉਂ? ਕਿਉਂਕਿ ਉਹ ਯਹੋਵਾਹ ਦੇ ਧੰਨਵਾਦੀ ਹਨ ਕਿ ਉਸ ਨੇ ਆਪਣੇ ਪੁੱਤਰ ਰਾਹੀਂ ਉਨ੍ਹਾਂ ਲਈ ਬਹੁਤ ਕੁਝ ਕੀਤਾ ਹੈ। ਮਿਸਾਲ ਲਈ, ਯਿਸੂ ਦੇ ਵਹਾਏ ਗਏ ਲਹੂ ਕਰਕੇ ਉਨ੍ਹਾਂ ਨੂੰ ਆਪਣੇ ਪਾਪਾਂ ਦੀ ਮਾਫ਼ੀ ਮਿਲ ਸਕਦੀ ਹੈ।

14. ਰੋਟੀ ਖਾਣ ਤੇ ਮੈ ਪੀਣ ਨਾਲ ਮਸਹ ਕੀਤੇ ਹੋਏ ਮਸੀਹੀਆਂ ਨੂੰ ਕੀ ਲਾਭ ਹੁੰਦਾ ਹੈ?

14 ਸਵਰਗ ਵਿਚ ਯਿਸੂ ਨਾਲ ਰਾਜ ਕਰਨ ਵਾਲੇ ਮਸੀਹੀਆਂ ਦੀ ਗਿਣਤੀ ਉੱਤੇ ਆਖ਼ਰੀ ਮੋਹਰ ਲਗਾਉਣ ਦਾ ਕੰਮ ਛੇਤੀ ਹੀ ਪੂਰਾ ਹੋ ਜਾਵੇਗਾ। ਜਿੰਨਾ ਚਿਰ ਮਸਹ ਕੀਤੇ ਹੋਏ ਮਸੀਹੀ ਧਰਤੀ ਉੱਤੇ ਹਨ, ਉੱਨਾ ਚਿਰ ਉਹ ਯਿਸੂ ਦੀ ਮੌਤ ਦੀ ਯਾਦ ਵਿਚ ਰੋਟੀ ਖਾਂਦੇ ਤੇ ਮੈ ਪੀਂਦੇ ਰਹਿਣਗੇ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦੀ ਨਿਹਚਾ ਤੇ ਉਮੀਦ ਪੱਕੀ ਹੁੰਦੀ ਹੈ। ਯਿਸੂ ਦੇ ਹੋਰ ਭਰਾਵਾਂ ਨਾਲ ਉਨ੍ਹਾਂ ਦੀ ਏਕਤਾ ਦਾ ਬੰਧਨ ਮਜ਼ਬੂਤ ਹੁੰਦਾ ਹੈ। ਇਹ ਰੋਟੀ ਤੇ ਮੈ ਉਨ੍ਹਾਂ ਨੂੰ ਮੌਤ ਤਕ ਵਫ਼ਾਦਾਰ ਰਹਿਣ ਦੀ ਮਹੱਤਤਾ ਯਾਦ ਦਿਲਾਉਂਦੀ ਹੈ।—2 ਪਤਰਸ 1:10, 11.

‘ਸਭਨਾਂ ਨੂੰ ਜੋ ਧਰਤੀ ਉੱਤੇ ਹਨ, ਇਕੱਠਾ ਕਰਨਾ’

15. ਮਸਹ ਕੀਤੇ ਹੋਏ ਮਸੀਹੀਆਂ ਦਾ ਸਾਥ ਕੌਣ ਦੇ ਰਹੇ ਹਨ?

15 ਲਗਭਗ 1935 ਤੋਂ ਧਰਤੀ ਉੱਤੇ ਸਦਾ ਲਈ ਜੀਉਂਦੇ ਰਹਿਣ ਦੀ ਉਮੀਦ ਰੱਖਣ ਵਾਲੀਆਂ ‘ਹੋਰ ਭੇਡਾਂ’ ਦੀ ਵਧਦੀ ਜਾ ਰਹੀ ਗਿਣਤੀ ਮਸਹ ਕੀਤੇ ਹੋਏ ਮਸੀਹੀਆਂ ਦੇ “ਛੋਟੇ ਝੁੰਡ” ਦਾ ਸਾਥ ਦਿੰਦੀ ਆਈ ਹੈ। (ਯੂਹੰਨਾ 10:16; ਲੂਕਾ 12:32; ਜ਼ਕਰਯਾਹ 8:23) ਇਹ ਮਸੀਹੀ ਯਿਸੂ ਦੇ ਭਰਾਵਾਂ ਨਾਲ ਰਲ ਕੇ ‘ਰਾਜ ਦੀ ਖ਼ੁਸ਼ ਖ਼ਬਰੀ’ ਦਾ ਪ੍ਰਚਾਰ ਸਾਰੀ ਦੁਨੀਆਂ ਵਿਚ ਕਰ ਰਹੇ ਹਨ। (ਮੱਤੀ 24:14; 25:40) ਭਵਿੱਖ ਵਿਚ ਜਦੋਂ ਮਸੀਹ ਸਾਰੀਆਂ ਕੌਮਾਂ ਦਾ ਨਿਆਂ ਕਰਨ ਆਵੇਗਾ, ਉਸ ਵੇਲੇ ਉਹ ਆਪਣੀਆਂ ਇਨ੍ਹਾਂ “ਭੇਡਾਂ” ਨੂੰ ਆਪਣੇ “ਸੱਜੇ ਪਾਸੇ” ਰੱਖੇਗਾ। (ਮੱਤੀ 25:33-36, 46) ਇਹ ਭੇਡਾਂ ਮਸੀਹ ਦੇ ਲਹੂ ਵਿਚ ਨਿਹਚਾ ਕਰ ਕੇ ਉਸ “ਵੱਡੀ ਭੀੜ” ਵਿਚ ਸ਼ਾਮਲ ਹੁੰਦੀਆਂ ਹਨ ਜੋ “ਵੱਡੀ ਬਿਪਤਾ” ਵਿੱਚੋਂ ਬਚ ਨਿਕਲੇਗੀ।—ਪਰਕਾਸ਼ ਦੀ ਪੋਥੀ 7:9-14.

16. ਉਹ ‘ਸਭ ਜੋ ਧਰਤੀ ਉੱਤੇ ਹਨ’ ਉਨ੍ਹਾਂ ਵਿਚ ਕੌਣ-ਕੌਣ ਸ਼ਾਮਲ ਹੋਣਗੇ ਤੇ ਉਨ੍ਹਾਂ ਨੂੰ ‘ਪਰਮੇਸ਼ੁਰ ਦੇ ਬਾਲਕ’ ਕਹਿਲਾਉਣ ਦਾ ਮੌਕਾ ਕਿਵੇਂ ਦਿੱਤਾ ਜਾਵੇਗਾ?

16 ਜਦ 1,44,000 ਮੈਂਬਰਾਂ ਉੱਤੇ ਆਖ਼ਰੀ ਮੋਹਰ ਲੱਗ ਜਾਵੇਗੀ, ਤਾਂ ਸ਼ਤਾਨ ਦੀ ਦੁਸ਼ਟ ਦੁਨੀਆਂ ਉੱਤੇ ਯਹੋਵਾਹ ਦਾ ਕਹਿਰ ਭੜਕ ਉੱਠੇਗਾ। (ਪਰਕਾਸ਼ ਦੀ ਪੋਥੀ 7:1-4) ਯਿਸੂ ਅਤੇ ਉਸ ਦੇ ਭਰਾਵਾਂ ਦੇ ਹਜ਼ਾਰ ਵਰ੍ਹਿਆਂ ਦੇ ਰਾਜ ਦੌਰਾਨ ਧਰਤੀ ਉੱਤੇ ਅਣਗਿਣਤ ਲੋਕਾਂ ਨੂੰ ਮਰੇ ਹੋਇਆਂ ਵਿੱਚੋਂ ਦੁਬਾਰਾ ਜ਼ਿੰਦਾ ਕੀਤਾ ਜਾਵੇਗਾ। (ਪਰਕਾਸ਼ ਦੀ ਪੋਥੀ 20:12, 13) ਵੱਡੀ ਭੀੜ ਦੇ ਨਾਲ-ਨਾਲ ਇਨ੍ਹਾਂ ਸਾਰਿਆਂ ਨੂੰ ਵੀ ਯਿਸੂ ਮਸੀਹ ਦੇ ਰਾਜ ਅਧੀਨ ਹਮੇਸ਼ਾ ਲਈ ਜੀਉਂਦੇ ਰਹਿਣ ਦਾ ਮੌਕਾ ਦਿੱਤਾ ਜਾਵੇਗਾ। ਹਜ਼ਾਰ ਵਰ੍ਹਿਆਂ ਤੋਂ ਬਾਅਦ ‘ਸਭਨਾਂ ਨੂੰ ਜੋ ਧਰਤੀ ਉੱਤੇ ਹਨ,’ ਆਖ਼ਰੀ ਵਾਰ ਪਰਖਿਆ ਜਾਵੇਗਾ। ਜੋ ਵਫ਼ਾਦਾਰ ਰਹਿਣਗੇ, ਸਿਰਫ਼ ਉਹੀ ਧਰਤੀ ਉੱਤੇ ‘ਪਰਮੇਸ਼ੁਰ ਦੇ ਬਾਲਕ’ ਕਹਿਲਾਉਣਗੇ।—ਅਫ਼ਸੀਆਂ 1:10; ਰੋਮੀਆਂ 8:21; ਪਰਕਾਸ਼ ਦੀ ਪੋਥੀ 20:7, 8.

17. ਯਹੋਵਾਹ ਦਾ ਮਕਸਦ ਕਿਵੇਂ ਪੂਰਾ ਹੋਵੇਗਾ?

17 ਇਸ ਤਰ੍ਹਾਂ ਪਰਮੇਸ਼ੁਰ ਆਪਣੇ ਸ਼ਾਨਦਾਰ ਪ੍ਰਬੰਧ ਰਾਹੀਂ ‘ਉਨ੍ਹਾਂ ਸਭਨਾਂ ਨੂੰ ਜੋ ਸੁਰਗ ਵਿੱਚ ਅਤੇ ਜੋ ਧਰਤੀ ਉੱਤੇ ਹਨ ਮਸੀਹ ਵਿੱਚ ਇਕੱਠਾ ਕਰ ਕੇ’ ਆਪਣਾ ਮਕਸਦ ਪੂਰਾ ਕਰੇਗਾ। ਸਵਰਗ ਅਤੇ ਧਰਤੀ ਉੱਤੇ ਸਭਨਾਂ ਵਿਚ ਏਕਤਾ ਤੇ ਸ਼ਾਂਤੀ ਹੋਵੇਗੀ ਅਤੇ ਸਭ ਆਪਣੇ ਪਰਮੇਸ਼ੁਰ ਯਹੋਵਾਹ ਦੇ ਰਾਜ ਵਿਚ ਖ਼ੁਸ਼ੀ-ਖ਼ੁਸ਼ੀ ਰਹਿਣਗੇ।

18. ਯਿਸੂ ਦੀ ਮੌਤ ਦਾ ਯਾਦਗਾਰੀ ਸਮਾਰੋਹ ਮਨਾਉਣ ਦਾ ਸਾਰਿਆਂ ਨੂੰ ਕੀ ਫ਼ਾਇਦਾ ਹੋਵੇਗਾ?

18 ਤਾਂ ਫਿਰ, 12 ਅਪ੍ਰੈਲ 2006 ਦੀ ਸ਼ਾਮ ਨੂੰ ਮਸਹ ਕੀਤੇ ਹੋਏ ਮਸੀਹੀਆਂ ਦੇ ਨਾਲ-ਨਾਲ ਲੱਖਾਂ ਹੀ ਹੋਰਨਾਂ ਮਸੀਹੀਆਂ ਦੀ ਨਿਹਚਾ ਕਿੰਨੀ ਮਜ਼ਬੂਤ ਹੋਵੇਗੀ! ਉਹ ਯਿਸੂ ਦੇ ਹੁਕਮ ਅਨੁਸਾਰ ਉਸ ਦੀ ਮੌਤ ਦਾ ਯਾਦਗਾਰੀ ਸਮਾਰੋਹ ਮਨਾਉਣਗੇ। ਯਿਸੂ ਨੇ ਹੁਕਮ ਦਿੱਤਾ ਸੀ: “ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।” (ਲੂਕਾ 22:19) ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਨੇ ਆਪਣੇ ਪਿਆਰੇ ਪੁੱਤਰ ਯਿਸੂ ਮਸੀਹ ਰਾਹੀਂ ਉਨ੍ਹਾਂ ਲਈ ਕੀ ਕੁਝ ਕੀਤਾ ਹੈ।

ਇਨ੍ਹਾਂ ਸਵਾਲਾਂ ਉੱਤੇ ਗੌਰ ਕਰੋ

• ‘ਸਭ ਜੋ ਸਵਰਗ ਵਿਚ ਤੇ ਧਰਤੀ ਉੱਤੇ ਹਨ,’ ਉਨ੍ਹਾਂ ਲਈ ਯਹੋਵਾਹ ਦਾ ਮਕਸਦ ਕੀ ਹੈ?

• ‘ਸਭ ਜੋ ਸੁਰਗ ਵਿੱਚ ਹਨ’ ਉਹ ਕੌਣ ਹਨ ਅਤੇ ਉਨ੍ਹਾਂ ਨੂੰ ਕਿਵੇਂ ਇਕੱਠਾ ਕੀਤਾ ਗਿਆ ਹੈ?

• ‘ਸਭ ਜੋ ਧਰਤੀ ਉੱਤੇ ਹਨ’ ਉਹ ਕੌਣ ਹਨ ਅਤੇ ਉਨ੍ਹਾਂ ਨੂੰ ਕਿਹੜੀ ਉਮੀਦ ਦਿੱਤੀ ਗਈ ਹੈ?

[ਸਵਾਲ]

[ਸਫ਼ਾ 23 ਉੱਤੇ ਡੱਬੀ]

‘ਮਸੀਹ ਦਾ ਸਰੀਰ’

ਪਹਿਲਾ ਕੁਰਿੰਥੀਆਂ 10:16, 17 ਵਿਚ ਪੌਲੁਸ ਨੇ ਰੋਟੀ ਦਾ ਜ਼ਿਕਰ ਕਰਦੇ ਹੋਏ ਮਸੀਹ ਦੇ ਭਰਾਵਾਂ ਲਈ ਉਸ ਦੇ “ਸਰੀਰ” ਦੇ ਖ਼ਾਸ ਮਤਲਬ ਬਾਰੇ ਗੱਲ ਕੀਤੀ ਸੀ। ਉਸ ਨੇ ਕਿਹਾ: “ਉਹ ਰੋਟੀ ਜਿਹ ਨੂੰ ਅਸੀਂ ਤੋੜਦੇ ਹਾਂ ਕੀ ਉਹ ਮਸੀਹ ਦੇ ਸਰੀਰ ਦੀ ਸਾਂਝ ਨਹੀਂ? ਰੋਟੀ ਇੱਕੋ ਹੈ ਇਸ ਲਈ ਅਸੀਂ ਜੋ ਬਾਹਲੇ ਹਾਂ ਸੋ ਰਲ ਕੇ ਇੱਕ ਸਰੀਰ ਹਾਂ ਕਿਉਂ ਜੋ ਅਸੀਂ ਸੱਭੇ ਇੱਕ ਰੋਟੀ ਵਿੱਚ ਸਾਂਝੀ ਹਾਂ।” ਮਸਹ ਕੀਤੇ ਹੋਏ ਮਸੀਹੀਆਂ ਦੀ ਕਲੀਸਿਯਾ ਇਕ ਸਰੀਰ ਵਾਂਗ ਹੈ ਅਤੇ ਯਿਸੂ ਮਸੀਹ ਉਸ ਦਾ ਸਿਰ ਹੈ। ਇਸ ਲਈ ਜਦ ਉਹ ਅਖ਼ਮੀਰੀ ਰੋਟੀ ਖਾਂਦੇ ਹਨ, ਤਾਂ ਉਹ ਆਪਣੀ ਏਕਤਾ ਦਾ ਸਬੂਤ ਦਿੰਦੇ ਹਨ।—ਮੱਤੀ 23:10; 1 ਕੁਰਿੰਥੀਆਂ 12:12, 13, 18.

[ਸਫ਼ਾ 23 ਉੱਤੇ ਤਸਵੀਰਾਂ]

ਸਿਰਫ਼ ਮਸਹ ਕੀਤੇ ਹੋਏ ਮਸੀਹੀ ਹੀ ਕਿਉਂ ਅਖ਼ਮੀਰੀ ਰੋਟੀ ਖਾਂਦੇ ਤੇ ਮੈ ਪੀਂਦੇ ਹਨ?

[ਸਫ਼ਾ 25 ਉੱਤੇ ਤਸਵੀਰ]

ਯਹੋਵਾਹ ਦੇ ਪ੍ਰਬੰਧ ਰਾਹੀਂ ਸਵਰਗ ਵਿਚ ਅਤੇ ਧਰਤੀ ਉੱਤੇ ਸਭਨਾਂ ਵਿਚ ਏਕਤਾ ਹੋਵੇਗੀ