Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪੌਲੁਸ ਰਸੂਲ ਨੇ ਕਿਉਂ ਕਿਹਾ ਸੀ ਕਿ “ਮੰਡਲੀਆਂ ਵਿੱਚ ਤੀਵੀਆਂ ਚੁੱਪ ਹੋ ਰਹਿਣ”?

ਪੌਲੁਸ ਨੇ ਕੁਰਿੰਥੁਸ ਦੀ ਕਲੀਸਿਯਾ ਨੂੰ ਲਿਖਿਆ ਸੀ: “ਜਿਵੇਂ ਸੰਤਾਂ ਦੀਆਂ ਸਾਰੀਆਂ ਕਲੀਸਿਯਾਂ ਵਿੱਚ ਹੈ, ਮੰਡਲੀਆਂ ਵਿੱਚ ਤੀਵੀਆਂ ਚੁੱਪ ਹੋ ਰਹਿਣ ਕਿਉਂ ਜੋ ਉਨ੍ਹਾਂ ਨੂੰ ਬੋਲਣ ਦੀ ਆਗਿਆ ਨਹੀਂ ਹੈ।” (1 ਕੁਰਿੰਥੀਆਂ 14:33, 34) ਪੌਲੁਸ ਦੀ ਇਸ ਸਲਾਹ ਨੂੰ ਸਹੀ ਤਰੀਕੇ ਨਾਲ ਸਮਝਣ ਲਈ ਸਾਨੂੰ ਚੌਦਵੇਂ ਅਧਿਆਇ ਦੀਆਂ ਹੋਰ ਆਇਤਾਂ ਉੱਤੇ ਵੀ ਗੌਰ ਕਰਨਾ ਪਵੇਗਾ।

ਕੁਰਿੰਥੀਆਂ ਨੂੰ ਲਿਖੀ ਪਹਿਲੀ ਚਿੱਠੀ ਦੇ 14ਵੇਂ ਅਧਿਆਇ ਵਿਚ ਪੌਲੁਸ ਨੇ ਮਸੀਹੀ ਕਲੀਸਿਯਾ ਦੀਆਂ ਸਭਾਵਾਂ ਨਾਲ ਸੰਬੰਧਿਤ ਕੁਝ ਗੱਲਾਂ ਦੀ ਚਰਚਾ ਕੀਤੀ। ਉਸ ਨੇ ਕੁਝ ਸੁਝਾਅ ਦਿੱਤੇ ਕਿ ਸਭਾਵਾਂ ਵਿਚ ਕਿਹੜੀਆਂ ਗੱਲਾਂ ਤੇ ਚਰਚਾ ਕੀਤੀ ਜਾਣੀ ਚਾਹੀਦੀ ਹੈ ਤੇ ਸਭਾਵਾਂ ਕਿਵੇਂ ਚਲਾਈਆਂ ਜਾਣੀਆਂ ਚਾਹੀਦੀਆਂ ਹਨ। (1 ਕੁਰਿੰਥੀਆਂ 14:1-6, 26-34) ਇਸ ਤੋਂ ਇਲਾਵਾ ਉਸ ਨੇ ਸਭਾਵਾਂ ਦਾ ਉਦੇਸ਼ ਦੱਸਿਆ ਕਿ ਸਭਾਵਾਂ ਤੋਂ “ਕਲੀਸਿਯਾ ਲਾਭ ਉਠਾਵੇ” ਯਾਨੀ ਸਾਰਿਆਂ ਨੂੰ ਹੌਸਲਾ-ਅਫ਼ਜ਼ਾਈ ਮਿਲੇ।—1 ਕੁਰਿੰਥੀਆਂ 14:4, 5, 12, 26.

ਪਹਿਲਾ ਕੁਰਿੰਥੀਆਂ ਦੇ 14ਵੇਂ ਅਧਿਆਇ ਵਿਚ ਪੌਲੁਸ ਨੇ ‘ਚੁੱਪ ਰਹਿਣ’ ਬਾਰੇ ਤਿੰਨ ਵਾਰ ਸਲਾਹ ਦਿੱਤੀ ਹੈ। ਭਾਵੇਂ ਇਹ ਸਲਾਹ ਕਲੀਸਿਯਾ ਦੇ ਵੱਖੋ-ਵੱਖਰੇ ਲੋਕਾਂ ਨੂੰ ਦਿੱਤੀ ਗਈ ਸੀ, ਪਰ ਇਹ ਸਲਾਹ ਦੇਣ ਦਾ ਕਾਰਨ ਇੱਕੋ ਸੀ ਕਿ “ਸਾਰੀਆਂ ਗੱਲਾਂ ਢਬ ਸਿਰ ਅਤੇ ਜੁਗਤੀ ਨਾਲ ਹੋਣ।”—1 ਕੁਰਿੰਥੀਆਂ 14:40.

ਪਹਿਲੀ ਵਾਰ ਪੌਲੁਸ ਨੇ ਕਿਹਾ: ‘ਜੇ ਕੋਈ ਪਰਾਈ ਭਾਖਿਆ ਬੋਲੇ ਤਾਂ ਦੋ ਦੋ ਅਥਵਾ ਵੱਧ ਤੋਂ ਵੱਧ ਤਿੰਨ ਤਿੰਨ ਕਰਕੇ ਬੋਲਣ ਸੋ ਭੀ ਵਾਰੋ ਵਾਰੀ ਅਤੇ ਇੱਕ ਜਣਾ ਅਰਥ ਕਰੇ। ਪਰ ਜੇ ਕੋਈ ਅਰਥ ਕਰਨ ਵਾਲਾ ਨਾ ਹੋਵੇ ਤਾਂ ਉਹ ਕਲੀਸਿਯਾ ਵਿੱਚ ਚੁੱਪ ਕਰ ਰਹੇ ਅਤੇ ਆਪਣੇ ਨਾਲ ਅਤੇ ਪਰਮੇਸ਼ੁਰ ਨਾਲ ਬੋਲੇ।’ (1 ਕੁਰਿੰਥੀਆਂ 14:27, 28) ਇਸ ਦਾ ਮਤਲਬ ਇਹ ਨਹੀਂ ਸੀ ਕਿ ਹੋਰ ਬੋਲੀਆਂ ਬੋਲਣ ਵਾਲਾ ਭੈਣ-ਭਾਈ ਕਦੀ ਸਭਾਵਾਂ ਵਿਚ ਬੋਲੇ ਹੀ ਨਾ, ਸਗੋਂ ਕੁਝ ਅਜਿਹੇ ਸਮੇਂ ਵੀ ਸਨ ਜਦ ਉਸ ਨੂੰ ਚੁੱਪ ਰਹਿਣ ਦੀ ਲੋੜ ਸੀ। ਯਾਦ ਰੱਖੋ ਕਿ ਸਭਾਵਾਂ ਦਾ ਉਦੇਸ਼ ਸਾਰਿਆਂ ਦੀ ਹੌਸਲਾ-ਅਫ਼ਜ਼ਾਈ ਕਰਨੀ ਸੀ। ਜੇ ਉਹ ਹੋਰ ਭਾਸ਼ਾ ਵਿਚ ਬੋਲਦਾ ਸੀ ਜੋ ਕਿਸੇ ਨੂੰ ਵੀ ਸਮਝ ਨਹੀਂ ਆਉਂਦੀ ਸੀ, ਤਾਂ ਸਭਾ ਦਾ ਉਦੇਸ਼ ਪੂਰਾ ਨਹੀਂ ਹੋਣਾ ਸੀ।

ਦੂਸਰੀ ਵਾਰ, ਪੌਲੁਸ ਨੇ ਕਿਹਾ: ‘ਨਬੀਆਂ ਵਿੱਚੋਂ ਦੋ ਅਥਵਾ ਤਿੰਨ ਬੋਲਣ ਅਤੇ ਬਾਕੀ ਦੇ ਪਰਖਣ। ਪਰ ਜੇ ਦੂਏ ਉੱਤੇ ਜੋ ਕੋਲ ਬੈਠਾ ਹੋਇਆ ਹੈ ਕਿਸੇ ਗੱਲ ਦਾ ਪਰਕਾਸ਼ ਹੋਇਆ ਹੋਵੇ ਤਾਂ ਪਹਿਲਾ ਚੁੱਪ ਹੋ ਰਹੇ।’ ਇਸ ਦਾ ਮਤਲਬ ਇਹ ਨਹੀਂ ਸੀ ਕਿ ਪਹਿਲਾ ਨਬੀ ਸਭਾਵਾਂ ਵਿਚ ਕਦੇ ਨਾ ਬੋਲੇ, ਸਗੋਂ ਕਈ ਵਾਰ ਉਸ ਨੂੰ ਚੁੱਪ ਰਹਿਣਾ ਪੈਂਦਾ ਸੀ। ਫਿਰ ਜਿਸ ਨੂੰ ਪਰਮੇਸ਼ੁਰ ਵੱਲੋਂ ਕੋਈ ਪ੍ਰਕਾਸ਼ ਹੋਇਆ ਸੀ, ਉਹ ਸਭਾ ਵਿਚ ਬੋਲਦਾ ਸੀ। ਇਸ ਨਾਲ ਸਭਾਵਾਂ ਦਾ ਉਦੇਸ਼ ਪੂਰਾ ਹੁੰਦਾ ਸੀ ਕਿ “ਸਾਰੇ ਦਿਲਾਸਾ. . . ਪਾਉਣ।”—1 ਕੁਰਿੰਥੀਆਂ 14:26, 29-31.

ਤੀਸਰੀ ਵਾਰ, ਪੌਲੁਸ ਨੇ ਸਿਰਫ਼ ਮਸੀਹੀ ਭੈਣਾਂ ਨੂੰ ਸਲਾਹ ਦਿੱਤੀ ਸੀ: ‘ਮੰਡਲੀਆਂ ਵਿੱਚ ਤੀਵੀਆਂ ਚੁੱਪ ਹੋ ਰਹਿਣ ਕਿਉਂ ਜੋ ਉਨ੍ਹਾਂ ਨੂੰ ਬੋਲਣ ਦੀ ਆਗਿਆ ਨਹੀਂ ਹੈ ਸਗੋਂ ਓਹ ਅਧੀਨ ਹੋ ਰਹਿਣ।’ (1 ਕੁਰਿੰਥੀਆਂ 14:34) ਪੌਲੁਸ ਨੇ ਭੈਣਾਂ ਨੂੰ ਇਹ ਸਲਾਹ ਕਿਉਂ ਦਿੱਤੀ ਸੀ? ਕਲੀਸਿਯਾ ਦੀ ਸ਼ਾਂਤੀ ਬਣਾਈ ਰੱਖਣ ਲਈ। ਉਸ ਨੇ ਕਿਹਾ: “ਜੇ [ਤੀਵੀਆਂ] ਕੁਝ ਸਿੱਖਣਾ ਚਾਹੁੰਦੀਆਂ ਹਨ ਤਾਂ ਘਰ ਵਿੱਚ ਆਪੋ ਆਪਣੇ ਪਤੀਆਂ ਕੋਲੋਂ ਪੁੱਛਣ ਕਿਉਂ ਜੋ ਤੀਵੀਂ ਦੇ ਲਈ ਮੰਡਲੀ ਵਿੱਚ ਬੋਲਣਾ ਲਾਜ [“ਸ਼ਰਮ,” ਪਵਿੱਤਰ ਬਾਈਬਲ ਨਵਾਂ ਅਨੁਵਾਦ] ਦੀ ਗੱਲ ਹੈ।”—1 ਕੁਰਿੰਥੀਆਂ 14:35.

ਸ਼ਾਇਦ ਕੁਝ ਭੈਣਾਂ ਸਭਾਵਾਂ ਵਿਚ ਸਿਖਾਈਆਂ ਜਾਂਦੀਆਂ ਗੱਲਾਂ ਤੇ ਸਵਾਲ ਖੜ੍ਹੇ ਕਰ ਰਹੀਆਂ ਸਨ। ਪੌਲੁਸ ਨੇ ਭੈਣਾਂ ਨੂੰ ਤਾਕੀਦ ਕੀਤੀ ਕਿ ਉਹ ਇਹ ਗ਼ਲਤ ਰਵੱਈਆ ਛੱਡ ਦੇਣ ਅਤੇ ਖ਼ਾਸਕਰ ਆਪਣੇ ਪਤੀ ਦੇ ਸੰਬੰਧ ਵਿਚ ਯਹੋਵਾਹ ਦੁਆਰਾ ਕੀਤੇ ਸਰਦਾਰੀ ਦੇ ਪ੍ਰਬੰਧ ਵਿਚ ਆਪਣੀ ਥਾਂ ਨੂੰ ਨਿਮਰਤਾ ਨਾਲ ਸਵੀਕਾਰ ਕਰਨ। (1 ਕੁਰਿੰਥੀਆਂ 11:3) ਇਸ ਤੋਂ ਇਲਾਵਾ, ਚੁੱਪ ਰਹਿ ਕੇ ਭੈਣਾਂ ਇਹ ਦਿਖਾਉਂਦੀਆਂ ਕਿ ਉਨ੍ਹਾਂ ਵਿਚ ਕਲੀਸਿਯਾ ਵਿਚ ਸਿੱਖਿਆ ਦੇਣ ਦੇ ਮਾਮਲੇ ਵਿਚ ਭਰਾਵਾਂ ਦੀ ਥਾਂ ਲੈਣ ਦੀ ਕੋਈ ਇੱਛਾ ਨਹੀਂ ਸੀ। ਤਿਮੋਥਿਉਸ ਨੂੰ ਲਿਖੀ ਚਿੱਠੀ ਵਿਚ ਪੌਲੁਸ ਨੇ ਦੱਸਿਆ ਕਿ ਮਸੀਹੀ ਭੈਣ ਦਾ ਕਲੀਸਿਯਾ ਵਿਚ ਸਿੱਖਿਅਕ ਬਣਨਾ ਗ਼ਲਤ ਸੀ। ਪੌਲੁਸ ਨੇ ਲਿਖਿਆ: “ਮੈਂ ਇਸਤ੍ਰੀ ਨੂੰ ਸਿੱਖਿਆ ਦੇਣ ਅਥਵਾ ਪੁਰਖ ਉੱਤੇ ਹੁਕਮ ਚਲਾਉਣ ਦੀ ਪਰਵਾਨਗੀ ਨਹੀਂ ਦਿੰਦਾ ਸਗੋਂ ਉਹ ਚੁੱਪ ਚਾਪ ਰਹੇ।”—1 ਤਿਮੋਥਿਉਸ 2:12.

ਕੀ ਇਸ ਦਾ ਇਹ ਮਤਲਬ ਹੈ ਕਿ ਮਸੀਹੀ ਭੈਣਾਂ ਕਲੀਸਿਯਾ ਵਿਚ ਕਦੇ ਬੋਲ ਹੀ ਨਹੀਂ ਸਕਦੀਆਂ? ਗੱਲ ਇਸ ਤਰ੍ਹਾਂ ਨਹੀਂ ਹੈ। ਪੌਲੁਸ ਦੇ ਦਿਨਾਂ ਵਿਚ ਕਈ ਵਾਰ ਮਸੀਹੀ ਭੈਣਾਂ ਸ਼ਾਇਦ ਪਵਿੱਤਰ ਆਤਮਾ ਦੇ ਪ੍ਰੇਰੇ ਜਾਣ ਤੇ ਕਲੀਸਿਯਾ ਵਿਚ ਪ੍ਰਾਰਥਨਾਵਾਂ ਜਾਂ ਭਵਿੱਖਬਾਣੀਆਂ ਕਰਦੀਆਂ ਸਨ। ਅਜਿਹੇ ਮੌਕਿਆਂ ਤੇ ਉਹ ਆਪਣੇ ਸਿਰ ਢੱਕ ਕੇ ਆਪਣੀ ਅਧੀਨਗੀ ਦਾ ਸਬੂਤ ਦਿੰਦੀਆਂ ਸਨ। * (1 ਕੁਰਿੰਥੀਆਂ 11:5) ਇਸ ਤੋਂ ਇਲਾਵਾ, ਪੌਲੁਸ ਦੇ ਦਿਨਾਂ ਵਿਚ ਤੇ ਅੱਜ ਵੀ ਭੈਣਾਂ-ਭਰਾਵਾਂ ਦੋਹਾਂ ਨੂੰ ਆਪਣੀ ਆਸ ਬਾਰੇ ਦੂਸਰਿਆਂ ਨੂੰ ਦੱਸਣ ਲਈ ਕਿਹਾ ਗਿਆ ਹੈ। (ਇਬਰਾਨੀਆਂ 10:23-25) ਪ੍ਰਚਾਰ ਵਿਚ ਇਸ ਤਰ੍ਹਾਂ ਕਰਨ ਤੋਂ ਇਲਾਵਾ ਭੈਣਾਂ ਕਲੀਸਿਯਾ ਸਭਾਵਾਂ ਵਿਚ ਸੋਚ-ਸਮਝ ਕੇ ਟਿੱਪਣੀਆਂ ਕਰਦੀਆਂ ਅਤੇ ਪ੍ਰਦਰਸ਼ਨ ਵੀ ਪੇਸ਼ ਕਰਦੀਆਂ ਹਨ। ਉਹ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਭਾਗ ਪੇਸ਼ ਕਰ ਕੇ ਆਪਣੀ ਆਸ ਦਾ ਐਲਾਨ ਕਰਦੀਆਂ ਹਨ ਤੇ ਦੂਸਰਿਆਂ ਨੂੰ ਹੌਸਲਾ ਦਿੰਦੀਆਂ ਹਨ।

ਇਸ ਤਰ੍ਹਾਂ ਭੈਣਾਂ ਕਲੀਸਿਯਾ ਵਿਚ ਭਰਾਵਾਂ ਦੀ ਥਾਂ ਨਾ ਲੈ ਕੇ ‘ਚੁੱਪ ਰਹਿੰਦੀਆਂ’ ਹਨ। ਉਹ ਬਹਿਸ ਕਰ ਕੇ ਭਰਾਵਾਂ ਦੇ ਅਧਿਕਾਰ ਨੂੰ ਨਹੀਂ ਲਲਕਾਰਦੀਆਂ। ਕਲੀਸਿਯਾ ਵਿਚ ਆਪਣੀ ਭੂਮਿਕਾ ਨਿਭਾ ਕੇ ਮਸੀਹੀ ਭੈਣਾਂ ਕਲੀਸਿਯਾ ਦੀ ਸ਼ਾਂਤੀ ਨੂੰ ਕਾਇਮ ਰੱਖਣ ਵਿਚ ਯੋਗਦਾਨ ਪਾਉਂਦੀਆਂ ਹਨ ਜਿਸ ਕਰਕੇ ਸਭਾਵਾਂ ਵਿਚ ‘ਸੱਭੋ ਕੁਝ ਲਾਭ ਦੇ ਲਈ ਹੁੰਦਾ ਹੈ।’—1 ਕੁਰਿੰਥੀਆਂ 14:26, 33.

[ਫੁਟਨੋਟ]

^ ਪੈਰਾ 10 ਅੱਜ ਵੀ ਕਲੀਸਿਯਾ ਵਿਚ ਬਪਤਿਸਮਾ-ਪ੍ਰਾਪਤ ਭਰਾ ਦੀ ਗ਼ੈਰ-ਹਾਜ਼ਰੀ ਵਿਚ ਸਿਖਾਉਂਦੇ ਵੇਲੇ ਭੈਣਾਂ ਆਪਣਾ ਸਿਰ ਢੱਕਦੀਆਂ ਹਨ।—ਪਹਿਰਾਬੁਰਜ, 15 ਜੁਲਾਈ 2002, ਸਫ਼ਾ 26 ਦੇਖੋ।