Skip to content

Skip to table of contents

ਯਿਸੂ ਦੀਆਂ ਸਿੱਖਿਆਵਾਂ ਦਾ ਕਿਨ੍ਹਾਂ ਤੇ ਅਸਰ ਪੈ ਰਿਹਾ ਹੈ?

ਯਿਸੂ ਦੀਆਂ ਸਿੱਖਿਆਵਾਂ ਦਾ ਕਿਨ੍ਹਾਂ ਤੇ ਅਸਰ ਪੈ ਰਿਹਾ ਹੈ?

ਯਿਸੂ ਦੀਆਂ ਸਿੱਖਿਆਵਾਂ ਦਾ ਕਿਨ੍ਹਾਂ ਤੇ ਅਸਰ ਪੈ ਰਿਹਾ ਹੈ?

ਦੁਨੀਆਂ ਭਰ ਵਿਚ ਅਨੇਕ ਲੋਕ ਮੰਨਦੇ ਹਨ ਕਿ ਜਿੰਨਾ ਯਿਸੂ ਮਸੀਹ ਨੇ ਮਨੁੱਖਜਾਤੀ ਲਈ ਕੀਤਾ, ਉੱਨਾ ਹੋਰ ਕਿਸੇ ਇਨਸਾਨ ਨੇ ਨਹੀਂ ਕੀਤਾ। ਕਈਆਂ ਦਾ ਵਿਚਾਰ ਹੈ ਕਿ ਪੂਰੇ ਇਤਿਹਾਸ ਦੌਰਾਨ ਯਿਸੂ ਵਰਗੀ ਮਹਾਨ ਹਸਤੀ ਹੋਰ ਕੋਈ ਨਹੀਂ ਹੋਈ। ਯਿਸੂ ਦੀਆਂ ਸਿੱਖਿਆਵਾਂ ਦਾ ਪਿਛਲੇ ਕੁਝ 2,000 ਸਾਲਾਂ ਤੋਂ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਉੱਤੇ ਡੂੰਘਾ ਅਸਰ ਪੈ ਰਿਹਾ ਹੈ। ਇਕ ਅੰਗ੍ਰੇਜ਼ ਲੇਖਕ ਮੈਲਵਿਨ ਬ੍ਰੈਗ ਨੇ ਲਿਖਿਆ ਕਿ ਯਿਸੂ ਦੀਆਂ ਸਿੱਖਿਆਵਾਂ ਨੇ “ਆਮ ਲੋਕਾਂ ਦੇ ਨਾਲ-ਨਾਲ ਅਮੀਰ ਲੋਕਾਂ ਨੂੰ ਵੀ ਦਇਆਵਾਨ ਬਣਨ ਲਈ ਪ੍ਰੇਰਿਆ ਹੈ।”

ਈਸਾਈ ਧਰਮ ਬਾਰੇ ਲੋਕਾਂ ਦਾ ਕੀ ਵਿਚਾਰ ਹੈ?

ਕਈਆਂ ਦਾ ਵਿਚਾਰ ਹੈ ਕਿ ਈਸਾਈ ਧਰਮ ਦਾ ਜਨਮ ਮਨੁੱਖੀ ਇਤਿਹਾਸ ਵਿਚ “ਇਕ ਬਹੁਤ ਵੱਡੀ ਤਰੱਕੀ” ਸੀ। ਇਕ ਲੇਖਕ ਅਨੁਸਾਰ “ਈਸਾਈ ਧਰਮ ਕੁਝ ਦੋ ਹਜ਼ਾਰ ਸਾਲ ਪੁਰਾਣਾ ਹੈ ਅਤੇ ਇਨ੍ਹਾਂ ਸਾਲਾਂ ਦੌਰਾਨ ਇਸ ਦਾ ਦੁਨੀਆਂ ਉੱਤੇ ਵੱਡਾ ਪ੍ਰਭਾਵ ਪਿਆ ਹੈ ਤੇ ਦੁਨੀਆਂ ਨੇ ਕਲਾ, ਇਮਾਰਤਸਾਜ਼ੀ, ਫ਼ਲਸਫ਼ੇ, ਸੰਗੀਤ ਅਤੇ ਸਮਾਜ-ਸੇਵਾ ਦੇ ਖੇਤਰਾਂ ਵਿਚ ਬਹੁਤ ਤਰੱਕੀ ਕੀਤੀ ਹੈ।”

ਪਰ ਹੋਰਨਾਂ ਲੋਕਾਂ ਦੇ ਵਿਚਾਰ ਇਸ ਤੋਂ ਬਹੁਤ ਵੱਖਰੇ ਹਨ। ਉਨ੍ਹਾਂ ਨੂੰ ਈਸਾਈ ਧਰਮ ਤੇ ਕੋਈ ਇਤਰਾਜ਼ ਨਹੀਂ ਹੈ ਕਿਉਂਕਿ ਇਹ ਯਿਸੂ ਮਸੀਹੀ ਦੀਆਂ ਸਿੱਖਿਆਵਾਂ ਅਤੇ ਇਸ ਸੱਚਾਈ ਉੱਤੇ ਆਧਾਰਿਤ ਹੈ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ। ਪਰ ਉਨ੍ਹਾਂ ਨੂੰ ਇਹ ਗੱਲ ਬੁਰੀ ਲੱਗਦੀ ਹੈ ਕਿ ਜੋ ਲੋਕ ਅਤੇ ਸੰਸਥਾਵਾਂ ਮਸੀਹੀ ਹੋਣ ਦਾ ਦਾਅਵਾ ਕਰਦੀਆਂ ਹਨ, ਉਨ੍ਹਾਂ ਦਾ ਚਾਲ-ਚਲਣ ਬਹੁਤ ਹੀ ਘਟੀਆ ਹੈ।

ਮਿਸਾਲ ਲਈ, ਉੱਨੀਵੀਂ ਸਦੀ ਦੇ ਨੀਚੀ ਨਾਮਕ ਜਰਮਨ ਫ਼ਿਲਾਸਫ਼ਰ ਨੇ ਕਿਹਾ ਕਿ ਈਸਾਈ ਧਰਮ ਨੇ “ਇਨਸਾਨਾਂ ਦੇ ਇਤਿਹਾਸ ਤੇ ਇਕ ਅਜਿਹਾ ਦਾਗ਼ ਲਾਇਆ ਹੈ ਜਿਸ ਨੂੰ ਮਿਟਾਇਆ ਨਹੀਂ ਜਾ ਸਕਦਾ।” ਉਸ ਨੇ ਅੱਗੇ ਕਿਹਾ: ‘ਇਹ ਧਰਮ ਨੁਕਸਾਨਦੇਹ ਹੈ ਜੋ ਆਪਣਾ ਮਕਸਦ ਪੂਰਾ ਕਰਨ ਲਈ ਕੋਈ ਵੀ ਘਟੀਆ, ਦੁਸ਼ਟ ਜਾਂ ਗੁਪਤ ਕੰਮ ਕਰਨ ਲਈ ਤਿਆਰ ਹੈ।’ ਹੋ ਸਕਦਾ ਤੁਹਾਨੂੰ ਈਸਾਈਆਂ ਬਾਰੇ ਨੀਚੀ ਦੇ ਵਿਚਾਰ ਸ਼ਾਇਦ ਜ਼ਿਆਦਾ ਸਖ਼ਤ ਲੱਗਣ, ਪਰ ਹੋਰ ਵੀ ਕਈ ਵਿਅਕਤੀ ਹਨ ਜੋ ਉਸ ਦੇ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਹਨ। ਕਿਉਂ? ਕਿਉਂਕਿ ਸਦੀਆਂ ਦੌਰਾਨ ਈਸਾਈ ਧਰਮ ਦੇ ਲੋਕ ਯਿਸੂ ਦੀਆਂ ਸਿੱਖਿਆਵਾਂ ਦੀ ਉਲੰਘਣਾ ਕਰਦੇ ਆਏ ਹਨ। ਇਤਿਹਾਸ ਦੇ ਪੰਨੇ ਉਨ੍ਹਾਂ ਦੇ “ਘਿਣਾਉਣੇ ਕੰਮਾਂ, ਜ਼ੁਲਮਾਂ ਅਤੇ ਪਰਮੇਸ਼ੁਰ ਦਾ ਅਪਮਾਨ ਕਰਨ ਵਾਲੀਆਂ ਗੱਲਾਂ ਨਾਲ ਭਰੇ ਹੋਏ ਹਨ।”

ਕੀ ਯਿਸੂ ਈਸਾਈ ਧਰਮ ਤੋਂ ਖ਼ੁਸ਼ ਹੈ?

ਤਾਂ ਫਿਰ ਇਹ ਸਵਾਲ ਪੁੱਛਣਾ ਢੁਕਵਾਂ ਹੈ: “ਕੀ ਯਿਸੂ ਮਸੀਹ ਅੱਜ ਦੇ ਈਸਾਈਆਂ ਤੋਂ ਖ਼ੁਸ਼ ਹੈ? ਕੀ ਉਹ ਉਨ੍ਹਾਂ ਦਾ ਸਾਥ ਦੇ ਰਿਹਾ ਹੈ?” ਕਈ ਤਾਂ ਝੱਟ ਜਵਾਬ ਦੇ ਕੇ ਕਹਿਣਗੇ, “ਹਾਂ ਜ਼ਰੂਰ! ਕੀ ਉਸ ਨੇ ਵਾਅਦਾ ਨਹੀਂ ਕੀਤਾ ਸੀ ਕਿ ਉਹ ‘ਦੁਨੀਆਂ ਦੇ ਅੰਤ ਤੀਕਰ’ ਆਪਣੇ ਚੇਲਿਆਂ ਦਾ ਸਾਥ ਦੇਵੇਗਾ?” (ਮੱਤੀ 28:20, ਈਜ਼ੀ ਟੂ ਰੀਡ ਵਰਯਨ) ਹਾਂ, ਉਸ ਨੇ ਇਹ ਵਾਅਦਾ ਜ਼ਰੂਰ ਕੀਤਾ ਸੀ। ਪਰ ਕੀ ਇਸ ਦਾ ਇਹ ਮਤਲਬ ਸੀ ਕਿ ਉਹ ਹਰ ਵਿਅਕਤੀ ਦਾ ਸਾਥ ਦੇਵੇਗਾ ਜੋ ਈਸਾਈ ਹੋਣ ਦਾ ਦਾਅਵਾ ਕਰਦਾ ਹੈ ਭਾਵੇਂ ਉਹ ਜੋ ਮਰਜ਼ੀ ਕਰੇ?

ਯਾਦ ਕਰੋ ਕਿ ਯਿਸੂ ਦੇ ਜ਼ਮਾਨੇ ਦੇ ਕੁਝ ਧਾਰਮਿਕ ਆਗੂ ਸੋਚਦੇ ਸਨ ਕਿ ਪਰਮੇਸ਼ੁਰ ਬਿਨਾਂ ਕਿਸੇ ਸ਼ਰਤ ਦੇ ਹਮੇਸ਼ਾ ਉਨ੍ਹਾਂ ਨਾਲ ਰਹੇਗਾ। ਪਰਮੇਸ਼ੁਰ ਨੇ ਇਸਰਾਏਲ ਕੌਮ ਨੂੰ ਖ਼ਾਸ ਮਕਸਦ ਲਈ ਚੁਣਿਆ ਸੀ, ਇਸ ਲਈ ਕੁਝ ਆਗੂ ਸਮਝਦੇ ਸਨ ਕਿ ਪਰਮੇਸ਼ੁਰ ਉਨ੍ਹਾਂ ਨੂੰ ਕਦੇ ਨਹੀਂ ਤਿਆਗੇਗਾ ਭਾਵੇਂ ਉਹ ਜੋ ਮਰਜ਼ੀ ਕਰਨ। (ਮੀਕਾਹ 3:11) ਇਸ ਤਰ੍ਹਾਂ ਉਹ ਪਰਮੇਸ਼ੁਰ ਦੇ ਹੁਕਮ ਭੁੱਲ ਕੇ ਉਸ ਤੋਂ ਬਿਲਕੁਲ ਦੂਰ ਹੋ ਗਏ। ਨਤੀਜੇ ਵਜੋਂ, ਯਿਸੂ ਮਸੀਹੀ ਨੇ ਉਨ੍ਹਾਂ ਨੂੰ ਸਾਫ਼-ਸਾਫ਼ ਦੱਸਿਆ: “ਵੇਖੋ ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਜਾਂਦਾ ਹੈ।” (ਮੱਤੀ 23:38) ਹਾਂ, ਪਰਮੇਸ਼ੁਰ ਨੇ ਉਨ੍ਹਾਂ ਨੂੰ ਠੁਕਰਾ ਦਿੱਤਾ ਸੀ ਅਤੇ 70 ਈ. ਨੂੰ ਰੋਮੀ ਸੈਨਾ ਨੇ ਆ ਕੇ ਉਨ੍ਹਾਂ ਦੇ ਸ਼ਹਿਰ ਯਰੂਸ਼ਲਮ ਅਤੇ ਹੈਕਲ ਨੂੰ ਨਾਸ਼ ਕਰ ਦਿੱਤਾ।

ਕੀ ਈਸਾਈ ਧਰਮ ਦਾ ਵੀ ਇਹੋ ਹਸ਼ਰ ਹੋ ਸਕਦਾ ਹੈ? ਆਓ ਆਪਾਂ ਦੇਖੀਏ ਕਿ ਯਿਸੂ ਕਿਨ੍ਹਾਂ ਸ਼ਰਤਾਂ ਤੇ “ਦੁਨੀਆਂ ਦੇ ਅੰਤ” ਤਕ ਆਪਣੇ ਚੇਲਿਆਂ ਦਾ ਸਾਥ ਨਿਭਾਏਗਾ।

[ਸਫ਼ੇ 2, 3 ਉੱਤੇ ਤਸਵੀਰਾਂ]

ਦੁਨੀਆਂ ਭਰ ਵਿਚ ਯਿਸੂ ਦੀਆਂ ਸਿੱਖਿਆਵਾਂ ਦਾ ਲੱਖਾਂ ਲੋਕਾਂ ਉੱਤੇ ਡੂੰਘਾ ਅਸਰ ਪੈ ਰਿਹਾ ਹੈ