ਸਹੀ ਕੰਮ ਕਰਨ ਦਾ ਹੌਸਲਾ ਰੱਖਣਾ
ਜੀਵਨੀ
ਸਹੀ ਕੰਮ ਕਰਨ ਦਾ ਹੌਸਲਾ ਰੱਖਣਾ
ਹੇਡਨ ਸੈਂਡਰਸਨ ਦੀ ਜ਼ਬਾਨੀ
ਯਿਸੂ ਨੇ ਇਕ ਵਾਰ ਆਪਣੇ ਚੇਲਿਆਂ ਨੂੰ ਕਿਹਾ ਸੀ: “ਜੇ ਤੁਸੀਂ ਏਹ ਗੱਲਾਂ ਜਾਣਦੇ ਹੋ ਤਾਂ ਧੰਨ ਹੋ ਜੇ ਇਨ੍ਹਾਂ ਨੂੰ ਕਰੋ ਭੀ।” (ਯੂਹੰਨਾ 13:17) ਹਾਂ, ਅਸੀਂ ਭਾਵੇਂ ਜਾਣਦੇ ਹੋਈਏ ਕਿ ਕੀ ਸਹੀ ਹੈ, ਪਰ ਸਹੀ ਕੰਮ ਕਰਨਾ ਹਮੇਸ਼ਾ ਸੌਖਾ ਨਹੀਂ ਹੁੰਦਾ! ਫਿਰ ਵੀ ਮੈਂ ਆਪਣੀ ਜ਼ਿੰਦਗੀ ਦੇ ਤਜਰਬਿਆਂ ਤੋਂ ਸਿੱਖਿਆ ਹੈ ਕਿ ਯਿਸੂ ਦੀ ਕਹੀ ਗੱਲ ਸੋਲਾਂ ਆਨੇ ਸੱਚ ਹੈ। ਮੇਰੀ ਉਮਰ ਹੁਣ ਅੱਸੀਆਂ ਤੋਂ ਉੱਪਰ ਹੋ ਗਈ ਹੈ ਅਤੇ ਆਪਣੀ ਜ਼ਿੰਦਗੀ ਦੇ 40 ਕੁ ਸਾਲ ਮੈਂ ਮਿਸ਼ਨਰੀ ਸੇਵਾ ਵਿਚ ਬਿਤਾਏ ਹਨ। ਪਰਮੇਸ਼ੁਰ ਦੇ ਦੱਸੇ ਰਾਹ ਉੱਤੇ ਚੱਲ ਕੇ ਮੈਨੂੰ ਬੇਹੱਦ ਖ਼ੁਸ਼ੀ ਮਿਲੀ ਹੈ। ਮੇਰੀ ਕਹਾਣੀ ਸੁਣ ਕੇ ਤੁਸੀਂ ਵੀ ਜ਼ਰੂਰ ਮੇਰੇ ਨਾਲ ਸਹਿਮਤ ਹੋਵੋਗੇ।
ਸਾਡਾ ਪਰਿਵਾਰ ਆਸਟ੍ਰੇਲੀਆ ਦੇ ਨਿਊਕਾਸਲ ਕਸਬੇ ਵਿਚ ਰਹਿੰਦਾ ਸੀ। ਸੰਨ 1925 ਵਿਚ ਜਦੋਂ ਮੈਂ ਤਿੰਨ ਸਾਲ ਦਾ ਸੀ, ਉਦੋਂ ਮੇਰੇ ਮਾਪਿਆਂ ਨੇ ਬਾਈਬਲ ਉੱਤੇ ਆਧਾਰਿਤ ਇਕ ਭਾਸ਼ਣ ਸੁਣਿਆ ਜਿਸ ਦਾ ਵਿਸ਼ਾ ਸੀ: “ਲੱਖਾਂ ਹੀ ਲੋਕ ਜਿਹੜੇ ਹੁਣ ਜੀਉਂਦੇ ਹਨ ਕਦੀ ਨਹੀਂ ਮਰਨਗੇ।” ਇਹ ਭਾਸ਼ਣ ਸੁਣ ਕੇ ਮੇਰੇ ਮਾਤਾ ਜੀ ਨੂੰ ਯਕੀਨ ਹੋ ਗਿਆ ਕਿ ਬਾਈਬਲ ਸਟੂਡੈਂਟਸ (ਹੁਣ ਯਹੋਵਾਹ ਦੇ ਗਵਾਹ) ਸੱਚੀਆਂ ਗੱਲਾਂ ਸਿਖਾ ਰਹੇ ਸਨ ਜਿਸ ਕਰਕੇ ਉਹ ਬਾਕਾਇਦਾ ਉਨ੍ਹਾਂ ਦੀਆਂ ਸਭਾਵਾਂ ਵਿਚ ਜਾਣ ਲੱਗ ਪਏ। ਪਰ ਪਿਤਾ ਜੀ ਦੀ ਇਨ੍ਹਾਂ ਗੱਲਾਂ ਵਿਚ ਜ਼ਿਆਦਾ ਰੁਚੀ ਨਹੀਂ ਸੀ। ਉਨ੍ਹਾਂ ਨੂੰ ਇਹ ਗੱਲ ਚੰਗੀ ਨਾ ਲੱਗੀ ਕਿ ਮਾਤਾ ਜੀ ਇਸ ਨਵੇਂ ਧਰਮ ਵਿਚ ਪੈ ਗਏ ਸਨ। ਉਨ੍ਹਾਂ ਨੇ ਮਾਤਾ ਜੀ ਨੂੰ ਧਮਕਾਉਂਦੇ ਹੋਏ ਕਿਹਾ ਕਿ ਜੇ ਉਨ੍ਹਾਂ ਨੇ ਸਭਾਵਾਂ ਵਿਚ ਜਾਣਾ ਨਾ ਛੱਡਿਆ, ਤਾਂ ਉਹ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੇ ਜਾਣਗੇ। ਮਾਤਾ ਜੀ ਪਿਤਾ ਜੀ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਨਹੀਂ ਸਨ ਚਾਹੁੰਦੇ ਕਿ ਸਾਡਾ ਪਰਿਵਾਰ ਬਿਖਰ ਜਾਵੇ। ਪਰ ਉਹ ਇਹ ਵੀ ਜਾਣਦੇ ਸਨ ਕਿ ਪਰਮੇਸ਼ੁਰ ਦੀ ਆਗਿਆ ਮੰਨਣੀ ਜ਼ਿਆਦਾ ਜ਼ਰੂਰੀ ਸੀ। ਇਸ ਲਈ ਉਨ੍ਹਾਂ ਨੇ ਉਹੋ ਕੀਤਾ ਜੋ ਪਰਮੇਸ਼ੁਰ ਦੀ ਨਜ਼ਰ ਵਿਚ ਸਹੀ ਸੀ। (ਮੱਤੀ 10:34-39) ਫਲਸਰੂਪ, ਪਿਤਾ ਜੀ ਘਰ ਛੱਡ ਕੇ ਚਲੇ ਗਏ ਤੇ ਉਸ ਤੋਂ ਬਾਅਦ ਮੈਂ ਉਨ੍ਹਾਂ ਨੂੰ ਬਹੁਤ ਘੱਟ ਦੇਖਿਆ।
ਮਾਤਾ ਜੀ ਦੀ ਪਰਮੇਸ਼ੁਰ ਪ੍ਰਤੀ ਵਫ਼ਾਦਾਰੀ ਵਾਕਈ ਕਾਬਲੇ-ਤਾਰੀਫ਼ ਸੀ। ਸਹੀ ਕੰਮ ਕਰਨ ਦੇ ਉਨ੍ਹਾਂ ਦੇ ਫ਼ੈਸਲੇ ਸਦਕਾ ਮੈਨੂੰ ਤੇ ਮੇਰੀ ਵੱਡੀ ਭੈਣ ਬਿਉਲਾ ਨੂੰ ਜ਼ਿੰਦਗੀ ਵਿਚ ਕਈ ਅਸੀਸਾਂ
ਮਿਲੀਆਂ। ਅਸੀਂ ਇਕ ਜ਼ਰੂਰੀ ਗੱਲ ਵੀ ਸਿੱਖੀ ਕਿ ਜਦੋਂ ਅਸੀਂ ਜਾਣਦੇ ਹਾਂ ਕਿ ਕੀ ਸਹੀ ਹੈ, ਤਾਂ ਸਾਨੂੰ ਉਹ ਕਰਨ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ।ਮੇਰੀ ਨਿਹਚਾ ਦੀ ਪਰਖ
ਭਾਵੇਂ ਸਾਡੇ ਸਿਰਾਂ ਤੇ ਪਿਤਾ ਜੀ ਦੀ ਛਤਰ-ਛਾਇਆ ਨਹੀਂ ਰਹੀ ਸੀ, ਪਰ ਬਾਈਬਲ ਸਟੂਡੈਂਟਸ ਦੇ ਪਿਆਰ ਤੇ ਸਹਾਰੇ ਨੇ ਸਾਨੂੰ ਕਾਫ਼ੀ ਹੌਸਲਾ ਦਿੱਤਾ। ਨਾਨੀ ਜੀ ਸਾਡੇ ਨਾਲ ਰਹਿਣ ਲਈ ਆਏ ਅਤੇ ਉਹ ਵੀ ਯਹੋਵਾਹ ਦੇ ਸੇਵਕ ਬਣ ਗਏ। ਉਹ ਤੇ ਮਾਤਾ ਜੀ ਇਕੱਠੀਆਂ ਹੀ ਪ੍ਰਚਾਰ ਕਰਨ ਜਾਂਦੀਆਂ ਸਨ। ਉਹ ਲੋਕਾਂ ਨਾਲ ਬੜੇ ਪਿਆਰ ਨਾਲ ਮਿਲਦੀਆਂ ਸਨ ਜਿਸ ਕਰਕੇ ਲੋਕ ਉਨ੍ਹਾਂ ਦੀ ਗੱਲ ਬੜੇ ਆਦਰ ਨਾਲ ਸੁਣਦੇ ਸਨ।
ਕਲੀਸਿਯਾ ਵਿਚ ਮਸੀਹੀ ਭਰਾਵਾਂ ਤੋਂ ਮੈਨੂੰ ਪਿਤਾ ਦਾ ਪਿਆਰ ਮਿਲਿਆ ਅਤੇ ਉਨ੍ਹਾਂ ਨੇ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਮੇਰੀ ਬਹੁਤ ਮਦਦ ਕੀਤੀ। ਉਨ੍ਹਾਂ ਨੇ ਮੈਨੂੰ ਟੈਸਟੀਮਨੀ ਕਾਰਡ ਦੀ ਮਦਦ ਨਾਲ ਪ੍ਰਚਾਰ ਕਰਨਾ ਸਿਖਾਇਆ। ਇਸ ਕਾਰਡ ਉੱਤੇ ਇਕ ਛੋਟਾ ਜਿਹਾ ਸੰਦੇਸ਼ ਲਿਖਿਆ ਹੁੰਦਾ ਸੀ ਜੋ ਅਸੀਂ ਘਰ-ਘਰ ਜਾ ਕੇ ਲੋਕਾਂ ਨੂੰ ਪੜ੍ਹਨ ਲਈ ਦਿੰਦੇ ਸਾਂ। ਇਸ ਤੋਂ ਇਲਾਵਾ, ਮੈਂ ਲੋਕਾਂ ਨੂੰ ਗ੍ਰਾਮੋਫੋਨ ਉੱਤੇ ਰਿਕਾਰਡ ਕੀਤੇ ਬਾਈਬਲ ਦੇ ਭਾਸ਼ਣ ਸੁਣਾਉਂਦਾ ਸੀ ਅਤੇ ਗਲੇ ਵਿਚ ਫੱਟਾ ਲਟਕਾ ਕੇ ਖ਼ਾਸ ਭਾਸ਼ਣਾਂ ਦੀ ਮਸ਼ਹੂਰੀ ਕਰਨ ਵਿਚ ਵੀ ਹਿੱਸਾ ਲੈਂਦਾ ਸੀ। ਮੇਰੇ ਲਈ ਇਹ ਕੰਮ ਕਰਨਾ ਬਹੁਤ ਔਖਾ ਸੀ ਕਿਉਂਕਿ ਮੈਨੂੰ ਲੋਕਾਂ ਤੋਂ ਬਹੁਤ ਡਰ ਲੱਗਦਾ ਸੀ। ਪਰ ਮੈਂ ਜਾਣਦਾ ਸੀ ਕਿ ਇਹ ਸਹੀ ਕੰਮ ਸੀ, ਇਸ ਲਈ ਮੈਂ ਇਸ ਨੂੰ ਕਰਨ ਦਾ ਮਨ ਬਣਾਇਆ।
ਸਕੂਲ ਦੀ ਪੜ੍ਹਾਈ ਖ਼ਤਮ ਕਰਨ ਮਗਰੋਂ ਮੈਂ ਇਕ ਬੈਂਕ ਵਿਚ ਲੱਗ ਗਿਆ। ਕੰਮ ਦੇ ਸਿਲਸਿਲੇ ਵਿਚ ਮੈਨੂੰ ਪੂਰੇ ਨਿਊ ਸਾਊਥ ਵੇਲਜ਼ ਵਿਚ ਇਸ ਬੈਂਕ ਦੀਆਂ ਵੱਖ-ਵੱਖ ਸ਼ਾਖ਼ਾਵਾਂ ਦਾ ਦੌਰਾ ਕਰਨਾ ਪੈਂਦਾ ਸੀ। ਉਦੋਂ ਉਸ ਸੂਬੇ ਵਿਚ ਬਹੁਤ ਘੱਟ ਗਵਾਹ ਰਹਿੰਦੇ ਸਨ, ਪਰ ਬਚਪਨ ਤੋਂ ਮਿਲੀ ਸਿਖਲਾਈ ਨੇ ਮੇਰੀ ਨਿਹਚਾ ਨੂੰ ਮਜ਼ਬੂਤ ਰੱਖਿਆ। ਨਾਲੇ ਜਦੋਂ ਵੀ ਮੈਂ ਘਰੋਂ ਦੂਰ ਹੁੰਦਾ ਸੀ, ਤਾਂ ਮਾਤਾ ਜੀ ਮੈਨੂੰ ਚਿੱਠੀਆਂ ਲਿਖ ਕੇ ਪਰਮੇਸ਼ੁਰ ਨਾਲ ਰਿਸ਼ਤਾ ਮਜ਼ਬੂਤ ਰੱਖਣ ਦਾ ਹੌਸਲਾ ਦਿੰਦੇ ਸਨ।
ਉਨ੍ਹਾਂ ਚਿੱਠੀਆਂ ਤੋਂ ਮੈਨੂੰ ਸਹੀ ਸਮੇਂ ਤੇ ਹੌਸਲਾ-ਅਫ਼ਜ਼ਾਈ ਮਿਲੀ। ਉਦੋਂ ਦੂਜਾ ਵਿਸ਼ਵ ਯੁੱਧ ਸ਼ੁਰੂ ਹੋ ਚੁੱਕਾ ਸੀ ਤੇ ਮੈਨੂੰ ਫ਼ੌਜ ਵਿਚ ਭਰਤੀ ਹੋਣ ਦਾ ਹੁਕਮ ਦਿੱਤਾ ਗਿਆ। ਜਿਸ ਬੈਂਕ ਵਿਚ ਮੈਂ ਕੰਮ ਕਰਦਾ ਸੀ, ਉੱਥੇ ਦਾ ਮੈਨੇਜਰ ਬੜਾ ਕੱਟੜ ਈਸਾਈ ਸੀ ਤੇ ਸਥਾਨਕ ਫ਼ੌਜ ਦਾ ਕਮਾਂਡਰ ਵੀ। ਜਦੋਂ ਮੈਂ ਉਸ ਨੂੰ ਸਮਝਾਇਆ ਕਿ ਮਸੀਹੀ ਹੋਣ ਕਰਕੇ ਫ਼ੌਜ ਵਿਚ ਭਰਤੀ ਹੋਣਾ ਮੇਰੀ ਜ਼ਮੀਰ ਦੇ ਖ਼ਿਲਾਫ਼ ਸੀ, ਤਾਂ ਉਸ ਨੇ ਮੈਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਜਾਂ ਤਾਂ ਮੈਂ ਆਪਣੇ ਧਰਮ ਨੂੰ ਛੱਡ ਦਿਆਂ ਜਾਂ ਬੈਂਕ ਦੀ ਨੌਕਰੀ! ਜਦੋਂ ਮੈਂ ਨਵੇਂ ਰੰਗਰੂਟਾਂ ਨੂੰ ਭਰਤੀ ਕਰਨ ਵਾਲੇ ਸਥਾਨਕ ਦਫ਼ਤਰ ਗਿਆ, ਤਾਂ ਮਾਮਲਾ ਹੋਰ ਵਿਗੜ ਗਿਆ। ਬੈਂਕ ਦਾ ਮੈਨੇਜਰ ਵੀ ਉੱਥੇ ਹੀ ਸੀ। ਉਹ ਬਹੁਤ ਧਿਆਨ ਨਾਲ ਦੇਖ ਰਿਹਾ ਸੀ ਕਿ ਮੈਂ ਕੀ ਕਰਾਂਗਾ। ਜਦੋਂ ਮੈਂ ਕਾਗਜ਼ਾਤ ਤੇ ਦਸਤਖਤ ਕਰਨ ਤੋਂ ਨਾਂਹ ਕਰ ਦਿੱਤੀ, ਤਾਂ ਫ਼ੌਜੀ ਅਫ਼ਸਰ ਭੜਕ ਉੱਠੇ। ਮੈਂ ਉਦੋਂ ਬਹੁਤ ਡਰਿਆ ਹੋਇਆ ਸੀ, ਪਰ ਫਿਰ ਵੀ ਮੈਂ ਸਹੀ ਕੰਮ ਕਰਨ ਤੋਂ ਪਿੱਛੇ ਨਾ ਹਟਿਆ। ਯਹੋਵਾਹ ਦੀ ਮਦਦ ਨਾਲ ਮੈਂ ਸ਼ਾਂਤ ਰਹਿ ਕੇ ਗੱਲ ਕਰ ਸਕਿਆ ਅਤੇ ਆਪਣੇ ਫ਼ੈਸਲੇ ਤੇ ਪੱਕਾ ਰਿਹਾ। ਇਸ ਘਟਨਾ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਕੁਝ ਗੁੰਡੇ ਮੈਨੂੰ ਕੁੱਟਣ ਲਈ ਮੇਰੀ ਭਾਲ ਕਰ ਰਹੇ ਸਨ। ਇਸ ਲਈ ਮੈਂ ਆਪਣਾ ਬੋਰੀ-ਬਿਸਤਰਾ ਬੰਨ੍ਹ ਕੇ ਅਗਲੀ ਗੱਡੀ ਫੜ ਘਰ ਵਾਪਸ ਚਲਿਆ ਆਇਆ!
ਨਿਊਕਾਸਲ ਵਾਪਸ ਆ ਕੇ ਮੈਨੂੰ ਫ਼ੌਜੀ ਸੇਵਾ ਇਨਕਾਰ ਕਰਨ ਕਰਕੇ ਅਦਾਲਤ ਵਿਚ ਪੇਸ਼ ਹੋਣਾ ਪਿਆ। ਮੇਰੇ ਨਾਲ ਸੱਤ ਹੋਰ ਭਰਾ ਵੀ ਸਨ। ਜੱਜ ਨੇ ਸਾਨੂੰ ਸਾਰਿਆਂ ਨੂੰ ਬਾਮੁਸ਼ੱਕਤ ਤਿੰਨ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ। ਜੇਲ੍ਹ ਵਿਚ ਬਿਤਾਏ ਉਹ ਦਿਨ ਬਹੁਤ ਹੀ ਔਖੇ ਸਨ, ਪਰ ਸਹੀ ਕੰਮ ਕਰਨ ਕਰਕੇ ਮੈਨੂੰ ਕਈ ਫ਼ਾਇਦੇ ਹੋਏ। ਮੇਰੇ ਨਾਲ ਸਜ਼ਾ ਕੱਟ ਰਹੇ ਇਕ ਭਰਾ ਦਾ ਨਾਂ ਹਿਲਟਨ ਵਿਲਕਿਨਸਨ ਸੀ। ਜੇਲ੍ਹ ਤੋਂ ਛੁੱਟਣ ਤੋਂ ਬਾਅਦ ਉਸ ਨੇ ਮੈਨੂੰ ਆਪਣੇ ਫੋਟੋ ਸਟੂਡੀਓ ਵਿਚ ਕੰਮ ਕਰਨ ਲਈ ਕਿਹਾ। ਉੱਥੇ ਮੇਰੀ ਮੁਲਾਕਾਤ ਮੈਲੋਡੀ ਨਾਲ ਹੋਈ ਜੋ ਬਾਅਦ ਵਿਚ ਮੇਰੀ ਜੀਵਨ-ਸਾਥਣ ਬਣੀ। ਮੈਲੋਡੀ ਉਸ ਸਟੂਡੀਓ ਵਿਚ ਰਿਸੈਪਸ਼ਨਿਸਟ ਦਾ ਕੰਮ ਕਰਦੀ ਸੀ। ਰਿਹਾ ਹੋਣ ਤੋਂ ਕੁਝ ਸਮੇਂ ਬਾਅਦ ਮੈਂ ਬਪਤਿਸਮਾ ਲੈ ਲਿਆ।
ਅਸੀਂ ਯਹੋਵਾਹ ਦੀ ਸੇਵਾ ਵਿਚ ਰੁੱਝ ਗਏ
ਵਿਆਹ ਤੋਂ ਬਾਅਦ ਮੈਂ ਤੇ ਮੈਲੋਡੀ ਨੇ ਨਿਊਕਾਸਲ ਵਿਚ ਆਪਣਾ ਫੋਟੋ ਸਟੂਡੀਓ ਖੋਲ੍ਹ ਲਿਆ। ਕੰਮ ਇੰਨਾ ਵਧੀਆ ਚੱਲ ਪਿਆ ਕਿ ਸਾਡੇ ਕੋਲ ਨਾ ਤਾਂ ਆਰਾਮ ਕਰਨ ਤੇ ਨਾ ਹੀ ਪਰਮੇਸ਼ੁਰ ਦੀ ਸੇਵਾ ਕਰਨ ਦਾ ਸਮਾਂ ਬਚਦਾ ਸੀ। ਉਨ੍ਹੀਂ ਦਿਨੀਂ ਆਸਟ੍ਰੇਲੀਆ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਵਿਚ ਸੇਵਾ ਕਰ ਰਹੇ ਟੈੱਡ ਜੈਰਸ (ਜੋ ਹੁਣ ਪ੍ਰਬੰਧਕ ਸਭਾ ਦੇ ਮੈਂਬਰ ਹਨ) ਨੇ ਸਾਡੇ ਨਾਲ
ਯਹੋਵਾਹ ਦੀ ਸੇਵਾ ਵਿਚ ਹੋਰ ਕਰਨ ਬਾਰੇ ਗੱਲ ਕੀਤੀ। ਉਸ ਨਾਲ ਗੱਲ ਕਰਨ ਮਗਰੋਂ ਅਸੀਂ ਆਪਣਾ ਕਾਰੋਬਾਰ ਵੇਚਣ ਅਤੇ ਸਾਦੀ ਜ਼ਿੰਦਗੀ ਜੀਣ ਦਾ ਫ਼ੈਸਲਾ ਕੀਤਾ। ਸੰਨ 1954 ਵਿਚ ਅਸੀਂ ਇਕ ਛੋਟਾ ਜਿਹਾ ਟ੍ਰੇਲਰ (ਘਰਨੁਮਾ ਗੱਡੀ) ਖ਼ਰੀਦਿਆ ਅਤੇ ਵਿਕਟੋਰੀਆ ਰਾਜ ਦੇ ਬੈਲਾਰੈਟ ਸ਼ਹਿਰ ਜਾ ਕੇ ਪਾਇਨੀਅਰੀ ਕਰਨ ਲੱਗ ਪਏ। ਇਸ ਤਰ੍ਹਾਂ ਅਸੀਂ ਪੂਰਾ ਸਮਾਂ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ।ਬੈਲਾਰੈਟ ਵਿਚ ਯਹੋਵਾਹ ਦੇ ਗਵਾਹਾਂ ਦੀ ਇਕ ਛੋਟੀ ਜਿਹੀ ਕਲੀਸਿਯਾ ਸੀ। ਇਸ ਕਲੀਸਿਯਾ ਨਾਲ ਕੰਮ ਕਰ ਕੇ ਸਾਨੂੰ ਕਈ ਅਸੀਸਾਂ ਮਿਲੀਆਂ। ਅਠਾਰਾਂ ਮਹੀਨਿਆਂ ਵਿਚ ਸਭਾਵਾਂ ਵਿਚ ਹਾਜ਼ਰੀ 17 ਤੋਂ ਵਧ ਕੇ 70 ਹੋ ਗਈ। ਫਿਰ ਮੈਨੂੰ ਦੱਖਣੀ ਆਸਟ੍ਰੇਲੀਆ ਵਿਚ ਸਫ਼ਰੀ ਨਿਗਾਹਬਾਨ ਵਜੋਂ ਸੇਵਾ ਕਰਨ ਦਾ ਸੱਦਾ ਮਿਲਿਆ। ਅਗਲੇ ਤਿੰਨ ਸਾਲਾਂ ਦੌਰਾਨ ਅਸੀਂ ਐਡੀਲੇਡ ਸ਼ਹਿਰ ਅਤੇ ਮੱਰੇ ਦਰਿਆ ਦੇ ਲਾਗੇ-ਛਾਗੇ ਦੀਆਂ ਕਲੀਸਿਯਾਵਾਂ ਦਾ ਦੌਰਾ ਕੀਤਾ। ਇਹ ਇਲਾਕਾ ਅੰਗੂਰਾਂ ਤੇ ਸੰਤਰਿਆਂ ਲਈ ਮਸ਼ਹੂਰ ਹੈ। ਸਾਡੀ ਜ਼ਿੰਦਗੀ ਕਿੰਨੀ ਬਦਲ ਗਈ ਸੀ! ਅਸੀਂ ਆਪਣੇ ਪਿਆਰੇ ਭੈਣਾਂ-ਭਰਾਵਾਂ ਨਾਲ ਸੇਵਾ ਕਰ ਕੇ ਬਹੁਤ ਖ਼ੁਸ਼ ਸਾਂ। ਸਹੀ ਕੰਮ ਕਰਨ ਦਾ ਕਿੰਨਾ ਵਧੀਆ ਇਨਾਮ!
ਅਸੀਂ ਮਿਸ਼ਨਰੀ ਬਣੇ
ਸੰਨ 1958 ਵਿਚ ਅਸੀਂ ਆਸਟ੍ਰੇਲੀਆ ਦੇ ਬ੍ਰਾਂਚ ਆਫ਼ਿਸ ਨੂੰ ਲਿਖਿਆ ਕਿ ਅਸੀਂ ਉਸ ਸਾਲ ਦੇ ਅਖ਼ੀਰ ਵਿਚ “ਪਰਮੇਸ਼ੁਰੀ ਇੱਛਾ” ਨਾਮਕ ਅੰਤਰਰਾਸ਼ਟਰੀ ਸੰਮੇਲਨ ਲਈ ਅਮਰੀਕਾ ਦੇ ਨਿਊਯਾਰਕ ਸ਼ਹਿਰ ਜਾਣਾ ਚਾਹੁੰਦੇ ਸਾਂ। ਜਵਾਬ ਵਿਚ ਉਨ੍ਹਾਂ ਨੇ ਸਾਨੂੰ ਉੱਥੇ ਗਿਲਿਅਡ ਸਕੂਲ ਵਿਚ ਮਿਸ਼ਨਰੀ ਕੋਰਸ ਕਰਨ ਲਈ ਅਰਜ਼ੀ-ਪੱਤਰ ਭੇਜ ਦਿੱਤੇ। ਉਦੋਂ ਸਾਡੀ ਉਮਰ 35 ਕੁ ਸਾਲ ਹੋ ਚੁੱਕੀ ਸੀ, ਇਸ ਲਈ ਅਸੀਂ ਸੋਚਿਆ ਕਿ ਸਾਡੀ ਗਿਲਿਅਡ ਜਾਣ ਦੀ ਉਮਰ ਲੰਘ ਚੁੱਕੀ ਸੀ। ਫਿਰ ਵੀ ਅਸੀਂ ਅਰਜ਼ੀ-ਪੱਤਰ ਭਰ ਕੇ ਭੇਜ ਦਿੱਤੇ। ਫਲਸਰੂਪ ਸਾਨੂੰ ਗਿਲਿਅਡ ਸਕੂਲ ਦੀ 32ਵੀਂ ਕਲਾਸ ਲਈ ਬੁਲਾਇਆ ਗਿਆ। ਕੋਰਸ ਦੇ ਵਿਚ-ਵਿਚਾਲੇ ਹੀ ਸਾਨੂੰ ਦੱਸਿਆ ਗਿਆ ਕਿ ਅਸੀਂ ਮਿਸ਼ਨਰੀਆਂ ਦੇ ਤੌਰ ਤੇ ਕਿੱਥੇ ਸੇਵਾ ਕਰਨੀ ਸੀ। ਸਾਨੂੰ ਭਾਰਤ ਭੇਜਿਆ ਜਾਣਾ ਸੀ! ਇਹ ਖ਼ਬਰ ਸੁਣ ਕੇ ਅਸੀਂ ਪਹਿਲਾਂ-ਪਹਿਲ ਤਾਂ ਚਿੰਤਾ ਵਿਚ ਪੈ ਗਏ, ਪਰ ਫਿਰ ਅਸੀਂ ਖ਼ੁਸ਼ੀ-ਖ਼ੁਸ਼ੀ ਭਾਰਤ ਵਿਚ ਆਪਣੀ ਨਿਯੁਕਤੀ ਸਵੀਕਾਰ ਕਰ ਲਈ ਕਿਉਂਕਿ ਇਹੋ ਸਹੀ ਸੀ।
ਅਸੀਂ ਸਮੁੰਦਰੀ ਜਹਾਜ਼ ਵਿਚ ਸਵਾਰ ਹੋ ਕੇ ਸੰਨ 1959 ਵਿਚ ਤੜਕੇ ਬੰਬਈ (ਹੁਣ ਮੁੰਬਈ) ਪਹੁੰਚੇ। ਬੰਦਰਗਾਹ ਤੇ ਚਾਰੇ ਪਾਸੇ ਸੈਂਕੜੇ ਮਜ਼ਦੂਰ ਸੁੱਤੇ ਪਏ ਸਨ। ਹਵਾ ਵਿਚ ਕਈ ਪ੍ਰਕਾਰ ਦੀਆਂ ਚੀਜ਼ਾਂ ਦੀ ਅਜੀਬੋ-ਗ਼ਰੀਬ ਗੰਧ ਸੀ। ਦਿਨ ਚੜ੍ਹਨ ਤੇ ਸਾਨੂੰ ਪਹਿਲੀ ਵਾਰ ਭਾਰਤ ਦੀ ਗਰਮੀ ਦਾ ਅਹਿਸਾਸ ਹੋਇਆ। ਅਜਿਹੀ ਕਹਿਰਾਂ ਦੀ ਗਰਮੀ ਅਸੀਂ ਪਹਿਲਾਂ ਕਦੇ ਨਹੀਂ ਸਹਾਰੀ ਸੀ! ਲਿੰਟਨ ਤੇ ਜੈਨੀ ਡੋਵਰ ਸਾਨੂੰ ਲੈਣ ਆਏ ਹੋਏ ਸਨ। ਉਹ ਮਿਸ਼ਨਰੀਆਂ ਦੇ ਤੌਰ ਤੇ ਭਾਰਤ ਆਉਣ ਤੋਂ ਪਹਿਲਾਂ ਬੈਲਾਰੈਟ ਵਿਚ ਸਾਡੇ ਨਾਲ ਪਾਇਨੀਅਰੀ ਕਰ ਚੁੱਕੇ ਸਨ। ਉਹ ਸਾਨੂੰ ਭਾਰਤ ਦੇ ਬ੍ਰਾਂਚ ਆਫ਼ਿਸ ਲੈ ਗਏ ਜੋ ਕਿ ਬੈਥਲ ਹੋਮ ਵੀ ਸੀ। ਇਹ ਸ਼ਹਿਰ ਦੇ ਗੱਭੇ ਸਥਿਤ ਸੀ। ਬੈਥਲ ਵਿਚ ਛੇ ਭੈਣ-ਭਰਾ ਸਨ ਜੋ ਉਪਰਲੀ ਮੰਜ਼ਲ ਤੇ ਛੋਟੇ-ਛੋਟੇ ਕਮਰਿਆਂ ਵਿਚ ਰਹਿੰਦੇ ਸਨ। ਇਨ੍ਹਾਂ ਵਿੱਚੋਂ ਇਕ ਭਰਾ ਐਡਵਿਨ ਸਕਿਨਰ ਸਨ ਜੋ 1926 ਤੋਂ ਭਾਰਤ ਵਿਚ ਮਿਸ਼ਨਰੀ ਦੇ ਤੌਰ ਤੇ ਸੇਵਾ ਕਰ ਰਹੇ ਸਨ। ਉਨ੍ਹਾਂ ਨੇ ਸਾਨੂੰ ਮੋਟੇ ਕੱਪੜੇ (ਕੈਨਵਸ) ਦੇ ਬਣੇ ਦੋ ਬਿਸਤਰਬੰਦ ਖ਼ਰੀਦਣ ਦੀ ਸਲਾਹ ਦਿੱਤੀ ਜੋ ਭਾਰਤ ਵਿਚ ਲੋਕ ਆਮ ਤੌਰ ਤੇ ਸਫ਼ਰ ਕਰਨ ਵੇਲੇ ਵਰਤਦੇ ਸਨ। ਇਹ ਬਿਸਤਰਬੰਦ ਸਫ਼ਰ ਵਿਚ ਬਹੁਤ ਕੰਮ ਆਏ।
ਸਾਨੂੰ ਭਾਰਤ ਦੇ ਦੱਖਣੀ ਰਾਜ ਮਦਰਾਸ (ਹੁਣ ਤਾਮਿਲਨਾਡੂ) ਵਿਚ ਤ੍ਰਿਚੁਰਾਪਲੀ ਸ਼ਹਿਰ ਵਿਚ ਸੇਵਾ ਕਰਨ ਲਈ ਘੱਲਿਆ ਗਿਆ ਜਿਸ ਦੀ ਆਬਾਦੀ 2,50,000 ਸੀ। ਬੰਬਈ ਤੋਂ ਦੋ ਦਿਨਾਂ ਦੀ ਰੇਲ ਯਾਤਰਾ ਕਰ ਕੇ ਅਸੀਂ ਤ੍ਰਿਚੁਰਾਪਲੀ ਪਹੁੰਚੇ ਜਿੱਥੇ ਤਿੰਨ ਭਾਰਤੀ ਸਪੈਸ਼ਲ ਪਾਇਨੀਅਰ ਜੀ-ਜਾਨ ਨਾਲ ਪ੍ਰਚਾਰ ਕਰ ਰਹੇ ਸਨ। ਉੱਥੇ ਸੁਖ-ਸਹੂਲਤਾਂ ਨਾਂ ਮਾਤਰ ਸਨ। ਸਾਨੂੰ ਕਾਫ਼ੀ ਤੰਗੀ ਸਹਿਣੀ ਪਈ। ਇਕ ਵਾਰ ਤਾਂ ਸਾਨੂੰ ਚਾਰ ਅਮਰੀਕੀ ਡਾਲਰ ਤੋਂ ਵੀ ਘੱਟ ਪੈਸਿਆਂ ਨਾਲ ਮਹੀਨਾ ਕੱਟਣਾ ਪਿਆ। ਪਰ ਯਹੋਵਾਹ ਨੇ ਹਮੇਸ਼ਾ ਸਾਡੀ ਦੇਖ-ਭਾਲ ਕੀਤੀ। ਮਿਸਾਲ ਲਈ, ਬਾਈਬਲ ਸਟੱਡੀ ਕਰ ਰਹੇ ਇਕ ਆਦਮੀ ਨੇ ਸਾਨੂੰ ਸਭਾਵਾਂ ਚਲਾਉਣ ਲਈ ਕਿਰਾਏ ਤੇ ਕਮਰਾ ਲੈਣ ਲਈ ਪੈਸੇ ਉਧਾਰ ਦੇ ਦਿੱਤੇ। ਫਿਰ ਇਕ ਵਾਰ ਜਦੋਂ ਸਾਡੇ ਕੋਲ ਖਾਣ ਨੂੰ ਕੁਝ ਨਹੀਂ ਸੀ, ਉਦੋਂ ਸਾਡਾ ਇਕ ਗੁਆਂਢੀ ਸਾਨੂੰ ਸਬਜ਼ੀ ਦੇ ਗਿਆ। ਇਹ ਲਜ਼ੀਜ਼ ਸਬਜ਼ੀ ਖਾ ਕੇ ਮੈਨੂੰ ਮਜ਼ਾ ਤਾਂ ਬੜਾ ਆਇਆ, ਪਰ ਸਬਜ਼ੀ ਵਿਚ ਬਹੁਤ ਮਿਰਚਾਂ ਹੋਣ ਕਰਕੇ ਮੈਨੂੰ ਹਿਚਕੀ ਲੱਗ ਗਈ!
ਪ੍ਰਚਾਰ ਦਾ ਕੰਮ
ਤ੍ਰਿਚੁਰਾਪਲੀ ਵਿਚ ਜ਼ਿਆਦਾਤਰ ਲੋਕ ਤਾਮਿਲ ਭਾਸ਼ਾ ਬੋਲਦੇ ਸਨ ਅਤੇ ਇੱਕਾ-ਦੁੱਕਾ ਲੋਕ ਹੀ ਅੰਗ੍ਰੇਜ਼ੀ ਜਾਣਦੇ ਸਨ। ਸੋ ਅਸੀਂ ਤਾਮਿਲ ਵਿਚ ਲੋਕਾਂ ਨੂੰ ਛੋਟਾ ਜਿਹਾ ਸੰਦੇਸ਼ ਦੇਣ ਦੀ ਪੂਰੀ ਕੋਸ਼ਿਸ਼ ਕੀਤੀ। ਕਈ ਲੋਕ ਇਹ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਕਿ ਅਸੀਂ ਉਨ੍ਹਾਂ ਦੀ ਭਾਸ਼ਾ ਸਿੱਖਣ ਲਈ ਕਿੰਨੀ ਮਿਹਨਤ ਕਰ ਰਹੇ ਸਾਂ।
ਤ੍ਰਿਚੁਰਾਪਲੀ ਵਿਚ ਪ੍ਰਚਾਰ ਕਰ ਕੇ ਸਾਨੂੰ ਬਹੁਤ ਮਜ਼ਾ ਆਉਂਦਾ ਸੀ। ਭਾਰਤੀ ਲੋਕ ਬਹੁਤ ਹੀ ਪਰਾਹੁਣਾਚਾਰ ਹਨ ਅਤੇ ਅਕਸਰ ਲੋਕ ਸਾਨੂੰ ਚਾਹ-ਪਾਣੀ ਪੀਣ ਲਈ ਅੰਦਰ ਬੁਲਾਉਂਦੇ ਸਨ। ਅਸੀਂ ਇਸ ਲਈ ਬਹੁਤ ਸ਼ੁਕਰਗੁਜ਼ਾਰ ਹੁੰਦੇ ਸੀ ਕਿਉਂਕਿ ਬਾਹਰ ਤਾਪਮਾਨ 40 ਡਿਗਰੀ ਸੈਲਸੀਅਸ ਦੇ ਲਾਗੇ-ਛਾਗੇ ਹੁੰਦਾ ਸੀ। ਲੋਕ ਸਾਡਾ ਸੰਦੇਸ਼ ਸੁਣਨ ਤੋਂ ਪਹਿਲਾਂ ਆਮ ਤੌਰ ਤੇ ਸਾਡੇ ਬਾਰੇ ਜਾਣਨ ਵਿਚ ਰੁਚੀ ਲੈਂਦੇ ਹਨ। ਉਹ ਅਕਸਰ ਸਾਨੂੰ ਪੁੱਛਦੇ ਸਨ: “ਤੁਸੀਂ ਕਿੱਥੋਂ ਦੇ ਹੋ? ਤੁਹਾਡੇ ਕਿੰਨੇ ਬੱਚੇ ਹਨ? ਬੱਚੇ ਕਿਉਂ ਨਹੀਂ ਹਨ?” ਫਿਰ ਉਹ ਕਿਸੇ ਚੰਗੇ ਡਾਕਟਰ ਦਾ ਨਾਂ ਦੱਸਦੇ ਸਨ ਜੋ ਸਾਡੀ ਸਮੱਸਿਆ ਹੱਲ ਕਰ ਸਕਦਾ ਸੀ! ਇਸ ਤਰ੍ਹਾਂ ਅਸੀਂ ਲੋਕਾਂ ਨਾਲ ਆਪਣੀ ਜਾਣ-ਪਛਾਣ
ਕਰਾਉਣ ਤੋਂ ਬਾਅਦ ਉਨ੍ਹਾਂ ਨੂੰ ਬਾਈਬਲ ਦੀ ਖ਼ੁਸ਼ ਖ਼ਬਰੀ ਸੁਣਾਉਂਦੇ ਸੀ।ਤ੍ਰਿਚੁਰਾਪਲੀ ਵਿਚ ਜ਼ਿਆਦਾਤਰ ਲੋਕ ਹਿੰਦੂ ਧਰਮ ਨੂੰ ਮੰਨਦੇ ਸਨ। ਹਿੰਦੂ ਧਰਮ ਦੀਆਂ ਗੁੰਝਲਦਾਰ ਸਿੱਖਿਆਵਾਂ ਉੱਤੇ ਬਹਿਸਬਾਜ਼ੀ ਕਰਨ ਦੀ ਬਜਾਇ ਅਸੀਂ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਿੰਦੇ ਸਾਂ। ਇਸ ਦੇ ਚੰਗੇ ਨਤੀਜੇ ਨਿਕਲੇ ਕਿਉਂਕਿ ਛੇ ਕੁ ਮਹੀਨਿਆਂ ਦੇ ਅੰਦਰ-ਅੰਦਰ ਲਗਭਗ 20 ਜਣੇ ਮਿਸ਼ਨਰੀ ਘਰ ਵਿਚ ਹੁੰਦੀਆਂ ਸਭਾਵਾਂ ਵਿਚ ਆਉਣ ਲੱਗ ਪਏ। ਇਨ੍ਹਾਂ ਵਿੱਚੋਂ ਇਕ ਸ਼ਖ਼ਸ ਨਲਾਥੰਬੀ ਨਾਂ ਦਾ ਸਿਵਲ ਇੰਜੀਨੀਅਰ ਸੀ। ਬਾਅਦ ਵਿਚ ਉਸ ਨੇ ਅਤੇ ਉਸ ਦੇ ਪੁੱਤਰ ਵਿਜੇਯਾਲੇਯਨ ਨੇ 50 ਕੁ ਲੋਕਾਂ ਦੀ ਯਹੋਵਾਹ ਦੇ ਸੇਵਕ ਬਣਨ ਵਿਚ ਮਦਦ ਕੀਤੀ। ਵਿਜੇਯਾਲੇਯਨ ਨੇ ਕੁਝ ਸਮੇਂ ਲਈ ਭਾਰਤ ਦੇ ਬ੍ਰਾਂਚ ਆਫ਼ਿਸ ਵਿਚ ਵੀ ਸੇਵਾ ਕੀਤੀ।
ਕਲੀਸਿਯਾਵਾਂ ਦਾ ਦੌਰਾ
ਸਾਨੂੰ ਭਾਰਤ ਆਇਆਂ ਛੇ ਮਹੀਨੇ ਵੀ ਨਹੀਂ ਹੋਏ ਸਨ ਕਿ ਮੈਨੂੰ ਭਾਰਤ ਦੇ ਪਹਿਲੇ ਪੱਕੇ ਜ਼ਿਲ੍ਹਾ ਨਿਗਾਹਬਾਨ ਦੇ ਤੌਰ ਤੇ ਨਿਯੁਕਤ ਕਰ ਦਿੱਤਾ ਗਿਆ। ਇਸ ਕੰਮ ਵਿਚ ਭਾਰਤ ਦੇ ਇਕ ਸਿਰੇ ਤੋਂ ਦੂਸਰੇ ਸਿਰੇ ਤਕ ਸਫ਼ਰ ਕਰਨਾ, ਸੰਮੇਲਨਾਂ ਦਾ ਇੰਤਜ਼ਾਮ ਕਰਨਾ ਅਤੇ ਵੱਖੋ-ਵੱਖ ਇਲਾਕਿਆਂ ਵਿਚ ਨੌਂ ਭਾਸ਼ਾਵਾਂ ਬੋਲਣ ਵਾਲੇ ਭੈਣਾਂ-ਭਰਾਵਾਂ ਨਾਲ ਕੰਮ ਕਰਨਾ ਸ਼ਾਮਲ ਸੀ। ਇਹ ਬੜਾ ਹੀ ਮੁਸ਼ਕਲ ਕੰਮ ਸੀ। ਅਸੀਂ ਛੇ ਕੁ ਮਹੀਨਿਆਂ ਜੋਗੇ ਕੱਪੜਿਆਂ ਤੇ ਸਾਮਾਨ ਨੂੰ ਤਿੰਨ ਟਰੰਕਾਂ ਅਤੇ ਦੋ ਬਿਸਤਰਬੰਦ ਵਿਚ ਪਾਇਆ ਅਤੇ ਟ੍ਰੇਨ ਰਾਹੀਂ ਮਦਰਾਸ ਸ਼ਹਿਰ (ਹੁਣ ਚਿੰਨਈ) ਲਈ ਰਵਾਨਾ ਹੋ ਗਏ। ਮੈਨੂੰ ਦਿੱਤੇ ਗਏ ਜ਼ਿਲ੍ਹੇ ਦਾ ਘੇਰਾ ਲਗਭਗ 6,500 ਕਿਲੋਮੀਟਰ ਸੀ ਜਿਸ ਕਰਕੇ ਅਸੀਂ ਜ਼ਿਆਦਾ ਸਮਾਂ ਸਫ਼ਰ ਹੀ ਕਰਦੇ ਰਹਿੰਦੇ ਸੀ। ਇਕ ਵਾਰ ਅਸੀਂ ਦੱਖਣ ਵਿਚ ਬੰਗਲੌਰ ਸ਼ਹਿਰ ਵਿਚ ਐਤਵਾਰ ਨੂੰ ਹੋਏ ਸੰਮੇਲਨ ਤੋਂ ਬਾਅਦ ਉੱਤਰ ਵਿਚ ਹਿਮਾਲੀਆ ਦੀ ਗੋਦ ਵਿਚ ਵਸੇ ਦਾਰਜਲਿੰਗ ਸ਼ਹਿਰ ਨੂੰ ਗਏ ਜਿੱਥੇ ਅਗਲੇ ਐਤਵਾਰ ਨੂੰ ਸੰਮੇਲਨ ਸੀ। ਬੰਗਲੌਰ ਤੋਂ ਦਾਰਜਲਿੰਗ ਦਾ ਰਸਤਾ ਤਕਰੀਬਨ 2,700 ਕਿਲੋਮੀਟਰ ਹੈ ਅਤੇ ਸਾਨੂੰ ਰਾਹ ਵਿਚ ਪੰਜ ਵਾਰ ਟ੍ਰੇਨ ਬਦਲਣੀ ਪਈ।
ਉਨ੍ਹੀਂ ਦਿਨੀਂ ਅਸੀਂ ਲੋਕਾਂ ਨੂੰ ਦ ਨਿਊ ਵਰਲਡ ਸੋਸਾਇਟੀ ਇਨ ਐਕਸ਼ਨ ਨਾਂ ਦੀ ਫ਼ਿਲਮ ਦਿਖਾਉਂਦੇ ਹੁੰਦੇ ਸਾਂ। ਇਸ ਫ਼ਿਲਮ ਨੇ ਯਹੋਵਾਹ ਦੇ ਜ਼ਮੀਨੀ ਸੰਗਠਨ ਦੇ ਕੰਮਾਂ ਬਾਰੇ ਜਾਣਨ ਵਿਚ ਲੋਕਾਂ ਦੀ ਬਹੁਤ ਮਦਦ ਕੀਤੀ। ਇਹ ਫ਼ਿਲਮ ਦੇਖਣ ਲਈ ਅਕਸਰ ਸੈਂਕੜੇ ਲੋਕ ਇਕੱਠੇ ਹੋ ਜਾਂਦੇ ਸਨ। ਇਕ ਮੌਕੇ ਤੇ ਅਸੀਂ ਸੜਕ ਦੇ ਕਿਨਾਰੇ ਲੋਕਾਂ ਨੂੰ ਇਹ ਫ਼ਿਲਮ ਦਿਖਾ ਰਹੇ ਸੀ ਕਿ ਅਚਾਨਕ ਆਸਮਾਨ ਵਿਚ ਘਣੇ ਬੱਦਲ ਛਾ ਗਏ ਤੇ ਤੂਫ਼ਾਨੀ ਹਵਾਵਾਂ ਚੱਲ ਪਈਆਂ। ਅਸੀਂ ਫ਼ਿਲਮ ਨਹੀਂ ਰੋਕੀ ਕਿਉਂਕਿ ਪਹਿਲਾਂ ਇਕ ਵਾਰ ਜਦੋਂ ਅਸੀਂ ਫ਼ਿਲਮ ਨੂੰ ਵਿਚ-ਵਿਚਾਲੇ ਰੋਕ ਦਿੱਤਾ ਸੀ, ਤਾਂ ਸਾਰੇ ਲੋਕ ਭੜਕ ਉੱਠੇ ਸਨ। ਇਸ ਲਈ ਅਸੀਂ ਰੀਲ ਨੂੰ ਤੇਜ਼ ਕਰ ਕੇ ਜਲਦੀ ਨਾਲ ਫ਼ਿਲਮ ਖ਼ਤਮ ਕਰਨ ਦਾ ਜਤਨ ਕੀਤਾ। ਚੰਗਾ ਹੋਇਆ ਮੀਂਹ ਪੈਣ ਤੋਂ ਪਹਿਲਾਂ ਹੀ ਫ਼ਿਲਮ ਖ਼ਤਮ ਹੋ ਗਈ।
ਅਗਲੇ ਕੁਝ ਸਾਲਾਂ ਦੌਰਾਨ ਮੈਂ ਤੇ ਮੈਲੋਡੀ ਨੇ ਤਕਰੀਬਨ ਪੂਰੇ ਭਾਰਤ ਦਾ ਦੌਰਾ ਕੀਤਾ। ਹਰ ਰਾਜ ਆਪਣੇ ਆਪ ਵਿਚ ਇਕ ਵੱਖਰਾ ਦੇਸ਼ ਜਿਹਾ ਸੀ ਕਿਉਂਕਿ ਉਸ ਦਾ ਆਪਣਾ ਵੱਖਰਾ ਖਾਣਾ-ਪੀਣਾ, ਪਹਿਰਾਵਾ, ਨਜ਼ਾਰਾ ਅਤੇ ਭਾਸ਼ਾ ਸੀ। ਯਹੋਵਾਹ ਦੀ ਸ੍ਰਿਸ਼ਟੀ ਵਾਕਈ ਕਿੰਨੀ ਵੰਨ-ਸੁਵੰਨੀ ਹੈ! ਇਹੋ ਵੰਨ-ਸੁਵੰਨਤਾ ਭਾਰਤ ਦੇ ਜੰਗਲੀ ਜੀਵਾਂ ਵਿਚ ਵੀ ਦੇਖੀ ਜਾ ਸਕਦੀ ਹੈ। ਇਕ ਵਾਰ ਨੇਪਾਲ ਦੇ ਜੰਗਲਾਂ ਵਿਚ ਰਾਤ ਬਿਤਾਉਂਦਿਆਂ ਸਾਨੂੰ ਇਕ ਚੰਗੇ ਤਕੜੇ ਬਾਘ ਦੇ ਦਰਸ਼ਣ ਹੋਏ। ਉਹ ਵਾਕਈ ਕਮਾਲ ਦਾ ਜਾਨਵਰ ਸੀ। ਇਸ ਸ਼ਾਨਦਾਰ ਜਨੌਰ ਨੂੰ ਦੇਖ ਕੇ ਪਰਮੇਸ਼ੁਰ ਦੇ ਰਾਜ ਵਿਚ ਰਹਿਣ ਦੀ ਸਾਡੀ ਇੱਛਾ ਹੋਰ ਵਧ ਗਈ ਜਦੋਂ ਮਨੁੱਖ ਤੇ ਪਸ਼ੂ ਇਕੱਠੇ ਸ਼ਾਂਤੀ ਨਾਲ ਵੱਸਣਗੇ।
ਪਰਮੇਸ਼ੁਰ ਦੇ ਸੰਗਠਨ ਦੇ ਨਾਲ-ਨਾਲ ਚੱਲਣਾ
ਉਸ ਸਮੇਂ ਭਾਰਤ ਵਿਚ ਭੈਣ-ਭਰਾ ਯਹੋਵਾਹ ਦੇ ਸੰਗਠਨ ਦੁਆਰਾ ਕੀਤੇ ਪ੍ਰਬੰਧਾਂ ਮੁਤਾਬਕ ਨਹੀਂ ਚੱਲ ਰਹੇ ਸਨ। ਕੁਝ ਕਲੀਸਿਯਾਵਾਂ ਵਿਚ ਆਦਮੀ ਇਕ ਪਾਸੇ ਤੇ ਸਾਰੀਆਂ ਤੀਵੀਆਂ ਦੂਸਰੇ
ਪਾਸੇ ਬੈਠਦੀਆਂ ਸਨ। ਸਭਾਵਾਂ ਸਮੇਂ ਸਿਰ ਸ਼ੁਰੂ ਨਹੀਂ ਹੁੰਦੀਆਂ ਸਨ। ਇਕ ਕਲੀਸਿਯਾ ਵਿਚ ਤਾਂ ਭਰਾਵਾਂ ਨੂੰ ਸਭਾਵਾਂ ਵਿਚ ਸੱਦਣ ਲਈ ਘੰਟੀ ਵਜਾਈ ਜਾਂਦੀ ਸੀ। ਹੋਰ ਕਲੀਸਿਯਾਵਾਂ ਵਿਚ ਭੈਣ-ਭਰਾ ਸਮੇਂ ਦਾ ਅੰਦਾਜ਼ਾ ਲਾਉਣ ਲਈ ਸੂਰਜ ਨੂੰ ਦੇਖ ਕੇ ਸਭਾਵਾਂ ਵਿਚ ਆਉਂਦੇ ਸਨ। ਸੰਮੇਲਨਾਂ ਅਤੇ ਸਫ਼ਰੀ ਨਿਗਾਹਬਾਨਾਂ ਦੇ ਦੌਰਿਆਂ ਦਾ ਕੋਈ ਪੱਕਾ ਇੰਤਜ਼ਾਮ ਨਹੀਂ ਸੀ। ਭੈਣ-ਭਰਾ ਉਹ ਸਭ ਕੁਝ ਕਰਨ ਲਈ ਤਿਆਰ ਸਨ ਜੋ ਸਹੀ ਸੀ, ਪਰ ਉਨ੍ਹਾਂ ਨੂੰ ਇਸ ਤਰ੍ਹਾਂ ਕਰਨ ਵਿਚ ਸਿਖਲਾਈ ਦੀ ਲੋੜ ਸੀ।ਸੰਨ 1959 ਵਿਚ ਯਹੋਵਾਹ ਦੇ ਸੰਗਠਨ ਨੇ ਕਿੰਗਡਮ ਮਿਨਿਸਟ੍ਰੀ ਸਕੂਲ ਸ਼ੁਰੂ ਕੀਤਾ। ਪੂਰੇ ਸੰਸਾਰ ਵਿਚ ਚਲਾਏ ਗਏ ਇਸ ਸਿੱਖਿਆ ਪ੍ਰੋਗ੍ਰਾਮ ਦੁਆਰਾ ਸਰਕਟ ਨਿਗਾਹਬਾਨਾਂ, ਸਪੈਸ਼ਲ ਪਾਇਨੀਅਰਾਂ, ਮਿਸ਼ਨਰੀਆਂ ਤੇ ਕਲੀਸਿਯਾ ਦੇ ਬਜ਼ੁਰਗਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾਉਣ ਦੀ ਟ੍ਰੇਨਿੰਗ ਦਿੱਤੀ ਗਈ। ਭਾਰਤ ਵਿਚ ਇਹ ਸਕੂਲ ਦਸੰਬਰ 1961 ਵਿਚ ਚਲਾਇਆ ਗਿਆ ਜਿਸ ਵਿਚ ਮੈਂ ਇੰਸਟ੍ਰਕਟਰ ਸੀ। ਇਸ ਵਧੀਆ ਸਿਖਲਾਈ ਸਦਕਾ ਦੇਸ਼ ਭਰ ਦੀਆਂ ਕਲੀਸਿਯਾਵਾਂ ਨੂੰ ਫ਼ਾਇਦਾ ਹੋਇਆ ਅਤੇ ਉਨ੍ਹਾਂ ਵਿਚ ਤੇਜ਼ੀ ਨਾਲ ਤਰੱਕੀ ਹੋਈ। ਜਦੋਂ ਭਰਾ ਜਾਣ ਗਏ ਕਿ ਕੀ ਸਹੀ ਸੀ, ਤਾਂ ਪਰਮੇਸ਼ੁਰ ਦੀ ਪਵਿੱਤਰ ਆਤਮਾ ਨੇ ਉਨ੍ਹਾਂ ਨੂੰ ਸਹੀ ਕੰਮ ਕਰਨ ਲਈ ਪ੍ਰੇਰਿਆ।
ਭੈਣਾਂ-ਭਰਾਵਾਂ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਵਿਚ ਏਕਾ ਲਿਆਉਣ ਲਈ ਵੱਡੇ ਸੰਮੇਲਨ ਬਹੁਤ ਸਹਾਈ ਸਾਬਤ ਹੋਏ। ਇਹੋ ਜਿਹਾ ਇਕ ਸੰਮੇਲਨ “ਸਦੀਪਕ ਖ਼ੁਸ਼ ਖ਼ਬਰੀ” ਨਾਮਕ ਕੌਮਾਂਤਰੀ ਸੰਮੇਲਨ ਸੀ ਜੋ 1963 ਵਿਚ ਨਵੀਂ ਦਿੱਲੀ ਵੀ ਹੋਇਆ ਸੀ। ਪੂਰੇ ਭਾਰਤ ਤੋਂ ਭੈਣ-ਭਰਾ ਹਜ਼ਾਰਾਂ ਕਿਲੋਮੀਟਰਾਂ ਦਾ ਸਫ਼ਰ ਕਰ ਕੇ ਇਸ ਸੰਮੇਲਨ ਵਿਚ ਆਏ ਭਾਵੇਂ ਉਨ੍ਹਾਂ ਵਿੱਚੋਂ ਕਈਆਂ ਨੂੰ ਆਪਣੀ ਇਕੱਠੀ ਕੀਤੀ ਸਾਰੀ ਪੂੰਜੀ ਖ਼ਰਚਣੀ ਪਈ। ਹੋਰ 27 ਦੇਸ਼ਾਂ ਤੋਂ ਵੀ 583 ਭੈਣ-ਭਰਾ ਆਏ ਹੋਏ ਸਨ ਜਿਸ ਕਰਕੇ ਭਾਰਤ ਦੇ ਭੈਣ-ਭਰਾਵਾਂ ਨੂੰ ਪਹਿਲੀ ਵਾਰ ਇੰਨੇ ਸਾਰੇ ਵਿਦੇਸ਼ੀ ਭੈਣਾਂ-ਭਰਾਵਾਂ ਨੂੰ ਮਿਲਣ ਦਾ ਸੁਨਹਿਰਾ ਮੌਕਾ ਮਿਲਿਆ।
ਸੰਨ 1961 ਵਿਚ ਮੈਨੂੰ ਤੇ ਮੈਲੋਡੀ ਨੂੰ ਬੰਬਈ ਵਿਚ ਸਥਿਤ ਬੈਥਲ ਪਰਿਵਾਰ ਦੇ ਮੈਂਬਰ ਬਣਨ ਦਾ ਸੱਦਾ ਦਿੱਤਾ ਗਿਆ। ਅਸੀਂ ਇਹ ਸੱਦਾ ਕਬੂਲ ਕਰ ਲਿਆ ਤੇ ਬਾਅਦ ਵਿਚ ਮੈਂ ਬ੍ਰਾਂਚ ਕਮੇਟੀ ਦੇ ਮੈਂਬਰ ਵਜੋਂ ਵੀ ਸੇਵਾ ਕੀਤੀ। ਇਸ ਤੋਂ ਇਲਾਵਾ ਮੈਨੂੰ ਸੇਵਾ ਕਰਨ ਦੇ ਹੋਰ ਵੀ ਕਈ ਮੌਕੇ ਮਿਲੇ। ਮੈਂ ਕਈ ਸਾਲਾਂ ਤਕ ਜ਼ੋਨ ਨਿਗਾਹਬਾਨ ਦੇ ਤੌਰ ਤੇ ਸੇਵਾ ਕੀਤੀ ਅਤੇ ਏਸ਼ੀਆਈ ਤੇ ਮੱਧ-ਪੂਰਬੀ ਦੇਸ਼ਾਂ ਦਾ ਦੌਰਾ ਕੀਤਾ। ਇਨ੍ਹਾਂ ਵਿੱਚੋਂ ਕਈ ਦੇਸ਼ਾਂ ਵਿਚ ਯਹੋਵਾਹ ਦੇ ਗਵਾਹਾਂ ਦੇ ਪ੍ਰਚਾਰ ਕੰਮ ਉੱਤੇ ਪਾਬੰਦੀ ਲੱਗੀ ਹੋਈ ਸੀ ਅਤੇ ਭਰਾਵਾਂ ਨੂੰ ਪ੍ਰਚਾਰ ਕਰਨ ਵੇਲੇ “ਸੱਪਾਂ ਵਰਗੇ ਹੁਸ਼ਿਆਰ ਅਤੇ ਕਬੂਤਰਾਂ ਵਰਗੇ ਭੋਲੇ” ਬਣਨਾ ਪੈਂਦਾ ਸੀ।—ਮੱਤੀ 10:16.
ਤਰੱਕੀ ਅਤੇ ਤਬਦੀਲੀਆਂ
ਸੰਨ 1959 ਵਿਚ ਜਦੋਂ ਅਸੀਂ ਭਾਰਤ ਆਏ ਸੀ, ਤਾਂ ਉਦੋਂ ਇੱਥੇ ਸਿਰਫ਼ 1,514 ਭੈਣ-ਭਰਾ ਪ੍ਰਚਾਰ ਕਰ ਰਹੇ ਸਨ। ਪਰ ਅੱਜ ਇਹ ਗਿਣਤੀ ਵਧ ਕੇ 24,000 ਤੋਂ ਜ਼ਿਆਦਾ ਹੋ ਗਈ ਹੈ। ਇਸ ਵਾਧੇ ਕਰਕੇ ਸਾਨੂੰ ਬੰਬਈ ਵਿਚ ਜਾਂ ਉਸ ਦੇ ਨੇੜੇ ਦੋ ਵਾਰੀ ਨਵਾਂ ਬੈਥਲ ਘਰ ਬਣਾਉਣਾ ਪਿਆ। ਫਿਰ ਮਾਰਚ 2002 ਵਿਚ ਬੈਥਲ ਨੂੰ ਦੱਖਣੀ ਭਾਰਤ ਵਿਚ ਬੰਗਲੌਰ ਨੇੜੇ ਤਬਦੀਲ ਕੀਤਾ ਗਿਆ। ਇਸ ਨਵੇਂ ਕੰਪਲੈਕਸ ਵਿਚ ਇਸ ਸਮੇਂ 240 ਬੈਥਲ ਮੈਂਬਰ ਕੰਮ ਕਰਦੇ ਹਨ ਅਤੇ 20 ਕੁ ਭਾਸ਼ਾਵਾਂ ਵਿਚ ਬਾਈਬਲ-ਆਧਾਰਿਤ ਸਾਹਿੱਤ ਛਾਪਿਆ ਜਾਂਦਾ ਹੈ।
ਮੈਲੋਡੀ ਤੇ ਮੈਨੂੰ ਬੰਗਲੌਰ ਵਿਚ ਬਣੇ ਨਵੇਂ ਬੈਥਲ ਵਿਚ ਜਾਣ ਦਾ ਬੜਾ ਚਾਅ ਸੀ, ਪਰ ਅਫ਼ਸੋਸ, ਤਬੀਅਤ ਖ਼ਰਾਬ ਹੋਣ ਕਰਕੇ ਸਾਨੂੰ 1999 ਵਿਚ ਆਸਟ੍ਰੇਲੀਆ ਵਾਪਸ ਆਉਣਾ ਪਿਆ। ਇਸ ਵੇਲੇ ਅਸੀਂ ਸਿਡਨੀ ਵਿਚ ਬੈਥਲ ਪਰਿਵਾਰ ਦੇ ਮੈਂਬਰ ਹਾਂ। ਭਾਵੇਂ ਸਾਨੂੰ ਭਾਰਤ ਛੱਡਣਾ ਪਿਆ, ਪਰ ਅਸੀਂ ਅਜੇ ਵੀ ਆਪਣੇ ਪਿਆਰੇ ਦੋਸਤਾਂ-ਮਿੱਤਰਾਂ ਅਤੇ ਉਨ੍ਹਾਂ ਭੈਣਾਂ-ਭਰਾਵਾਂ ਨੂੰ ਬਹੁਤ ਯਾਦ ਕਰਦੇ ਹਾਂ ਜਿਨ੍ਹਾਂ ਦੀ ਅਸੀਂ ਸੱਚਾਈ ਸਿੱਖਣ ਵਿਚ ਮਦਦ ਕੀਤੀ। ਉਹ ਅਜੇ ਵੀ ਸਾਨੂੰ ਚਿੱਠੀਆਂ ਲਿਖਦੇ ਹਨ ਜਿਨ੍ਹਾਂ ਨੂੰ ਪੜ੍ਹ ਕੇ ਸਾਡੇ ਦਿਲਾਂ ਨੂੰ ਬਹੁਤ ਸਕੂਨ ਮਿਲਦਾ ਹੈ!
ਪਰਮੇਸ਼ੁਰ ਦੀ ਸੇਵਾ ਵਿਚ ਬਿਤਾਏ ਪਿਛਲੇ 50 ਕੁ ਸਾਲਾਂ ਬਾਰੇ ਸੋਚ ਕੇ ਮੈਂ ਤੇ ਮੈਲੋਡੀ ਕਹਿ ਸਕਦੇ ਹਾਂ ਕਿ ਯਹੋਵਾਹ ਨੇ ਅਸੀਸਾਂ ਨਾਲ ਸਾਡੀ ਝੋਲੀ ਭਰੀ ਹੈ। ਇਕ ਸਮਾਂ ਸੀ ਜਦੋਂ ਅਸੀਂ ਲੋਕਾਂ ਦੀਆਂ ਯਾਦਾਂ ਨੂੰ ਬਰਕਰਾਰ ਰੱਖਣ ਲਈ ਫੋਟੋਆਂ ਖਿੱਚਦੇ ਸੀ। ਪਰ ਪਰਮੇਸ਼ੁਰ ਦੀ ਯਾਦ ਵਿਚ ਲੋਕਾਂ ਨੂੰ ਜੀਉਂਦੇ ਰੱਖਣਾ ਇਸ ਨਾਲੋਂ ਕਿਤੇ ਵਧੀਆ ਕੰਮ ਹੈ! ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਦਾ ਫ਼ੈਸਲਾ ਕਰਨ ਉੱਤੇ ਸਾਨੂੰ ਕੋਈ ਪਛਤਾਵਾ ਨਹੀਂ ਕਿਉਂਕਿ ਇਸ ਨਾਲ ਸਾਨੂੰ ਬੇਮਿਸਾਲ ਤਜਰਬੇ ਹੋਏ ਹਨ। ਜੀ ਹਾਂ, ਸਹੀ ਕੰਮ ਕਰਨ ਤੇ ਹੀ ਸੱਚੀ ਖ਼ੁਸ਼ੀ ਮਿਲਦੀ ਹੈ!
[ਸਫ਼ਾ 15 ਉੱਤੇ ਨਕਸ਼ੇ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਨਵੀਂ ਦਿੱਲੀ
ਦਾਰਜਲਿੰਗ
ਭਾਰਤ
ਬੰਬਈ (ਮੁੰਬਈ)
ਬੰਗਲੌਰ
ਮਦਰਾਸ (ਚਿੰਨਈ)
ਤ੍ਰਿਚੁਰਾਪਲੀ
[ਸਫ਼ਾ 13 ਉੱਤੇ ਤਸਵੀਰਾਂ]
ਸੰਨ 1942 ਵਿਚ ਹੇਡਨ ਤੇ ਮੈਲੋਡੀ
[ਸਫ਼ਾ 16 ਉੱਤੇ ਤਸਵੀਰ]
ਭਾਰਤ ਵਿਚ ਬੈਥਲ ਪਰਿਵਾਰ, 1975