Skip to content

Skip to table of contents

“ਸਾਨੂੰ ਹੋਰ ਦੱਸ!”

“ਸਾਨੂੰ ਹੋਰ ਦੱਸ!”

“ਸਾਨੂੰ ਹੋਰ ਦੱਸ!”

ਰੂਸ ਦੇ ਨਿਜ਼ਲੋਬਨਾਯਾ ਸ਼ਹਿਰ ਵਿਚ ਇਕ ਹਾਈ ਸਕੂਲ ਦੀ ਲਿਟਰੇਚਰ ਕਲਾਸ ਵਿਚ ਰੂਸ ਦੇ ਲੇਖਕ ਮਿਖ਼ਾਈਲ ਬੁਲਗਾਕਫ਼ ਦੀਆਂ ਕਿਤਾਬਾਂ ਦਾ ਅਧਿਐਨ ਕੀਤਾ ਜਾ ਰਿਹਾ ਸੀ। ਉਸ ਦੇ ਇਕ ਨਾਵਲ ਵਿਚ ਯਿਸੂ ਮਸੀਹ ਦੀ ਬਦਖ਼ੋਈ ਕੀਤੀ ਗਈ ਹੈ ਤੇ ਸ਼ਤਾਨ ਨੂੰ ਹੀਰੋ ਦੇ ਤੌਰ ਤੇ ਦਿਖਾਇਆ ਗਿਆ ਹੈ। ਇਸ ਨਾਵਲ ਤੇ ਚਰਚਾ ਕਰਨ ਤੋਂ ਬਾਅਦ ਲਿਟਰੇਚਰ ਦੀ ਅਧਿਆਪਕਾ ਨੇ ਵਿਦਿਆਰਥੀਆਂ ਨੂੰ ਇਸ ਨਾਵਲ ਤੇ ਟੈੱਸਟ ਪੇਪਰ ਦਿੱਤਾ। ਪਰ ਆਂਡ੍ਰੇ ਨਾਂ ਦੇ 16 ਸਾਲਾਂ ਦੇ ਗਵਾਹ ਨੇ ਬੜੀ ਹਲੀਮੀ ਨਾਲ ਅਧਿਆਪਕਾ ਨੂੰ ਕਿਹਾ ਕਿ ਉਹ ਇਹ ਟੈੱਸਟ ਨਹੀਂ ਦੇ ਸਕਦਾ ਕਿਉਂਕਿ ਉਸ ਦੀ ਜ਼ਮੀਰ ਉਸ ਨੂੰ ਇਸ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਨ ਦੀ ਇਜਾਜ਼ਤ ਨਹੀਂ ਦਿੰਦੀ। ਇਸ ਦੀ ਬਜਾਇ ਉਸ ਨੇ ਯਿਸੂ ਮਸੀਹ ਸੰਬੰਧੀ ਆਪਣੇ ਵਿਚਾਰਾਂ ਉੱਤੇ ਲੇਖ ਲਿਖਣ ਦੀ ਇਜਾਜ਼ਤ ਮੰਗੀ। ਅਧਿਆਪਕਾ ਨੇ ਉਸ ਨੂੰ ਆਗਿਆ ਦੇ ਦਿੱਤੀ।

ਲੇਖ ਵਿਚ ਆਂਡ੍ਰੇ ਨੇ ਕਿਹਾ ਕਿ ਉਹ ਦੂਸਰਿਆਂ ਦੇ ਵਿਚਾਰਾਂ ਦੀ ਕਦਰ ਕਰਦਾ ਹੈ, ਪਰ ਉਸ ਨੇ ਪਾਇਆ ਹੈ ਕਿ ਯਿਸੂ ਬਾਰੇ ਜਾਣਨ ਦਾ ਸਭ ਤੋਂ ਵਧੀਆ ਤਰੀਕਾ ਹੈ ਬਾਈਬਲ ਦੀਆਂ ਚਾਰ ਇੰਜੀਲਾਂ ਵਿੱਚੋਂ ਕਿਸੇ ਇਕ ਨੂੰ ਪੜ੍ਹਨਾ। ਇਹ ਇੰਜੀਲਾਂ ਪੜ੍ਹ ਕੇ “ਤੁਸੀਂ ਚਸ਼ਮਦੀਦ ਗਵਾਹਾਂ ਦੀ ਜ਼ਬਾਨੀ ਯਿਸੂ ਦੀ ਜ਼ਿੰਦਗੀ ਅਤੇ ਸਿੱਖਿਆਵਾਂ ਬਾਰੇ ਜਾਣ ਸਕੋਗੇ।” ਫਿਰ ਆਂਡ੍ਰੇ ਨੇ ਲਿਖਿਆ: “ਇਸ ਨਾਵਲ ਵਿਚ ਸ਼ਤਾਨ ਨੂੰ ਹੀਰੋ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਲੋਕਾਂ ਨੂੰ ਸ਼ਾਇਦ ਇਹ ਨਾਵਲ ਪੜ੍ਹ ਕੇ ਬਹੁਤ ਮਜ਼ਾ ਆਵੇ, ਪਰ ਮੈਨੂੰ ਇਹ ਪੜ੍ਹਨ ਦਾ ਕੋਈ ਸ਼ੌਕ ਨਹੀਂ।” ਉਸ ਨੇ ਸਮਝਾਇਆ ਕਿ ਸ਼ਤਾਨ ਇਕ ਦੁਸ਼ਟ ਆਤਮਿਕ ਪ੍ਰਾਣੀ ਹੈ ਜਿਸ ਨੇ ਪਰਮੇਸ਼ੁਰ ਦੇ ਖ਼ਿਲਾਫ਼ ਬਗਾਵਤ ਕੀਤੀ ਤੇ ਦੁਨੀਆਂ ਵਿਚ ਬੁਰਾਈ ਤੇ ਦੁੱਖ-ਦਰਦ ਲਿਆਂਦਾ। ਆਂਡ੍ਰੇ ਨੇ ਆਪਣਾ ਲੇਖ ਇਨ੍ਹਾਂ ਸ਼ਬਦਾਂ ਨਾਲ ਖ਼ਤਮ ਕੀਤਾ: “ਮੈਂ ਜਾਣਦਾ ਹਾਂ ਕਿ ਇਹ ਨਾਵਲ ਪੜ੍ਹ ਕੇ ਮੈਨੂੰ ਕੋਈ ਫ਼ਾਇਦਾ ਨਹੀਂ ਹੋਵੇਗਾ। ਮੇਰੀ ਬੁਲਗਾਕਫ਼ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਹੈ, ਪਰ ਯਿਸੂ ਮਸੀਹ ਬਾਰੇ ਸੱਚਾਈ ਜਾਣਨ ਲਈ ਮੈਂ ਬੁਲਗਾਕਫ਼ ਦਾ ਨਾਵਲ ਪੜ੍ਹਨ ਦੀ ਬਜਾਇ ਬਾਈਬਲ ਪੜ੍ਹਨਾ ਜ਼ਿਆਦਾ ਪਸੰਦ ਕਰਾਂਗਾ।”

ਆਂਡ੍ਰੇ ਦੀ ਅਧਿਆਪਕਾ ਇਹ ਲੇਖ ਪੜ੍ਹ ਕੇ ਇੰਨੀ ਖ਼ੁਸ਼ ਹੋਈ ਕਿ ਉਸ ਨੇ ਆਂਡ੍ਰੇ ਨੂੰ ਯਿਸੂ ਮਸੀਹ ਉੱਤੇ ਭਾਸ਼ਣ ਦੇਣ ਲਈ ਕਿਹਾ। ਆਂਡ੍ਰੇ ਇਸ ਗੱਲ ਲਈ ਮੰਨ ਗਿਆ। ਅਗਲੀ ਲਿਟਰੇਚਰ ਕਲਾਸ ਵਿਚ ਆਂਡ੍ਰੇ ਨੇ ਪੂਰੀ ਕਲਾਸ ਨੂੰ ਯਿਸੂ ਮਸੀਹ ਬਾਰੇ ਭਾਸ਼ਣ ਦਿੱਤਾ। ਉਸ ਨੇ ਸਮਝਾਇਆ ਕਿ ਉਹ ਯਿਸੂ ਨੂੰ ਕਿਉਂ ਦੁਨੀਆਂ ਦਾ ਸਭ ਤੋਂ ਮਹਾਨ ਵਿਅਕਤੀ ਸਮਝਦਾ ਹੈ। ਫਿਰ ਉਸ ਨੇ ਬਾਈਬਲ ਵਿਚ ਮੱਤੀ ਦੀ ਕਿਤਾਬ ਵਿੱਚੋਂ ਯਿਸੂ ਦੀ ਮੌਤ ਬਾਰੇ ਇਕ ਅਧਿਆਇ ਪੜ੍ਹਿਆ। ਉਸ ਨੂੰ ਭਾਸ਼ਣ ਲਈ ਦਿੱਤਾ ਸਮਾਂ ਖ਼ਤਮ ਹੋ ਰਿਹਾ ਸੀ, ਇਸ ਲਈ ਆਂਡ੍ਰੇ ਨੇ ਆਪਣੇ ਭਾਸ਼ਣ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ। ਪਰ ਕਲਾਸ ਨੇ ਉਸ ਨੂੰ ਕਿਹਾ: “ਸਾਨੂੰ ਹੋਰ ਦੱਸ! ਅੱਗੇ ਕੀ ਹੋਇਆ?” ਇਸ ਲਈ ਉਸ ਨੇ ਮੱਤੀ ਦੀ ਕਿਤਾਬ ਵਿੱਚੋਂ ਯਿਸੂ ਦੇ ਦੁਬਾਰਾ ਜੀ ਉੱਠਣ ਦਾ ਬਿਰਤਾਂਤ ਵੀ ਪੜ੍ਹਿਆ।

ਭਾਸ਼ਣ ਖ਼ਤਮ ਹੋਣ ਤੇ ਕਲਾਸ ਨੇ ਉਸ ਤੋਂ ਯਿਸੂ ਅਤੇ ਯਹੋਵਾਹ ਬਾਰੇ ਕਈ ਸਵਾਲ ਪੁੱਛੇ। ਆਂਡ੍ਰੇ ਦੱਸਦਾ ਹੈ: “ਮੈਂ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਸੀ ਕਿ ਉਹ ਮੈਨੂੰ ਇਸ ਕੰਮ ਲਈ ਬੁੱਧੀ ਦੇਵੇ ਤੇ ਉਸ ਨੇ ਮੇਰੀ ਪ੍ਰਾਰਥਨਾ ਸੁਣੀ। ਇਸ ਕਰਕੇ ਮੈਂ ਉਨ੍ਹਾਂ ਦੇ ਸਾਰੇ ਸਵਾਲਾਂ ਦੇ ਜਵਾਬ ਦੇ ਪਾਇਆ!” ਕਲਾਸ ਖ਼ਤਮ ਹੋਣ ਤੇ ਆਂਡ੍ਰੇ ਨੇ ਆਪਣੀ ਅਧਿਆਪਕਾ ਨੂੰ ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ * ਕਿਤਾਬ ਦਿੱਤੀ ਜੋ ਉਸ ਨੇ ਖ਼ੁਸ਼ੀ-ਖ਼ੁਸ਼ੀ ਲੈ ਲਈ। ਆਂਡ੍ਰੇ ਨੇ ਕਿਹਾ: “ਮੇਰੀ ਅਧਿਆਪਕਾ ਨੇ ਮੇਰੇ ਭਾਸ਼ਣ ਲਈ ਮੈਨੂੰ ਬਹੁਤ ਚੰਗੇ ਨੰਬਰ ਦਿੱਤੇ ਤੇ ਮੇਰੀ ਤਾਰੀਫ਼ ਕੀਤੀ ਕਿ ਮੈਂ ਆਪਣੇ ਧਾਰਮਿਕ ਵਿਸ਼ਵਾਸਾਂ ਦਾ ਪੱਕਾ ਹਾਂ ਤੇ ਮੈਨੂੰ ਇਨ੍ਹਾਂ ਕਰਕੇ ਕੋਈ ਸ਼ਰਮਿੰਦਗੀ ਮਹਿਸੂਸ ਨਹੀਂ ਹੁੰਦੀ। ਉਸ ਨੇ ਇਹ ਵੀ ਕਿਹਾ ਕਿ ਉਹ ਮੇਰੇ ਕੁਝ ਵਿਸ਼ਵਾਸਾਂ ਨਾਲ ਸਹਿਮਤ ਹੈ।”

ਆਂਡ੍ਰੇ ਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਉਸ ਨੇ ਯਹੋਵਾਹ ਤੇ ਯਿਸੂ ਮਸੀਹ ਨੂੰ ਬਦਨਾਮ ਕਰਨ ਵਾਲੀ ਕਿਤਾਬ ਨਾ ਪੜ੍ਹ ਕੇ ਆਪਣੀ ਜ਼ਮੀਰ ਦੀ ਆਵਾਜ਼ ਸੁਣੀ। ਉਸ ਦੇ ਇਸ ਦ੍ਰਿੜ੍ਹ ਇਰਾਦੇ ਕਰਕੇ ਉਹ ਬਾਈਬਲ ਵਿਰੋਧੀ ਵਿਚਾਰਾਂ ਦੇ ਪ੍ਰਭਾਵ ਤੋਂ ਬਚਿਆ ਰਿਹਾ ਅਤੇ ਨਾਲ ਹੀ ਉਸ ਨੂੰ ਦੂਸਰਿਆਂ ਨਾਲ ਬਾਈਬਲ ਵਿੱਚੋਂ ਅਨਮੋਲ ਗੱਲਾਂ ਸਾਂਝੀਆਂ ਕਰਨ ਦਾ ਮੌਕਾ ਮਿਲਿਆ।

[ਫੁਟਨੋਟ]

^ ਪੈਰਾ 5 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਨੇ ਛਾਪੀ ਹੈ।